ਕੀ ਕਦੇ ਦੁਨੀਆਂ ਵਿੱਚੋਂ ਅਮੀਰੀ-ਗ਼ਰੀਬੀ ਖ਼ਤਮ ਹੋਵੇਗੀ?
ਇਕ ਤੋਂ ਬਾਅਦ ਇਕ ਕਈ ਦੇਸ਼ਾਂ ਵਿਚ ਲੋਕ ਸੜਕਾਂ ʼਤੇ ਉੱਤਰ ਕੇ ਧਰਨੇ ਲਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਮੀਰਾਂ ਤੇ ਗ਼ਰੀਬਾਂ ਵਿਚ ਫ਼ਰਕ ਵਧਦਾ ਜਾ ਰਿਹਾ ਹੈ, ਗ਼ਰੀਬ ਦਿਨ-ਬਦਿਨ ਗ਼ਰੀਬ ਹੁੰਦੇ ਜਾ ਰਹੇ ਹਨ। ਪਰ ਕੋਵਿਡ-19 ਕਰਕੇ ਹਾਲਾਤ ਹੋਰ ਵੀ ਵਿਗੜ ਗਏ। ਕੋਵਿਡ ਦੌਰਾਨ ਲਾਕਡਾਊਨ, ਜ਼ਰੂਰੀ ਚੀਜ਼ਾਂ ਦੀ ਕਮੀ, ਇਲਾਜ ਦੀਆਂ ਘੱਟ ਸਹੂਲਤਾਂ ਹੋਣ ਕਰਕੇ ਅਮੀਰੀ-ਗ਼ਰੀਬੀ ਦਾ ਫ਼ਰਕ ਇਕ ਡੂੰਘੀ ਖਾਈ ਵਾਂਗ ਸਾਫ਼ ਨਜ਼ਰ ਆਇਆ ਜਿਸ ਕਰਕੇ ਲੋਕਾਂ ਦਾ ਗੁੱਸਾ ਭੜਕਿਆ।
ਕੀ ਦੁਨੀਆਂ ਵਿੱਚੋਂ ਕਦੇ ਆਰਥਿਕ ਸਮੱਸਿਆਵਾਂ ਖ਼ਤਮ ਹੋਣਗੀਆਂ? ਜੀ ਹਾਂ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਸਾਡੀਆਂ ਮੁਸ਼ਕਲਾਂ ਨੂੰ ਖ਼ਤਮ ਕਰਨ ਲਈ ਜ਼ਰੂਰ ਕਦਮ ਚੁੱਕੇਗਾ।
ਪਰਮੇਸ਼ੁਰ ਆਰਥਿਕ ਸਮੱਸਿਆਵਾਂ ਨੂੰ ਖ਼ਤਮ ਕਰੇਗਾ
ਸਮੱਸਿਆ: ਇਨਸਾਨ ਅਜਿਹਾ ਕੋਈ ਪ੍ਰਬੰਧ ਨਹੀਂ ਕਰ ਸਕਦਾ ਜਿਸ ਕਰਕੇ ਸਾਰੇ ਇਨਸਾਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ।
ਹੱਲ: ਪਰਮੇਸ਼ੁਰ ਸਾਰੀਆਂ ਇਨਸਾਨੀ ਸਰਕਾਰਾਂ ਦੀ ਜਗ੍ਹਾ ਆਪਣੀ ਸਰਕਾਰ ਲਿਆਵੇਗਾ ਜਿਸ ਨੂੰ ਪਰਮੇਸ਼ੁਰ ਦਾ ਰਾਜ ਕਿਹਾ ਗਿਆ ਹੈ। ਇਹ ਸਰਕਾਰ ਸਵਰਗ ਤੋਂ ਪੂਰੀ ਧਰਤੀ ਉੱਤੇ ਰਾਜ ਕਰੇਗੀ।—ਦਾਨੀਏਲ 2:44; ਮੱਤੀ 6:10.
ਨਤੀਜਾ: ਪੂਰੀ ਧਰਤੀ ਉੱਤੇ ਪਰਮੇਸ਼ੁਰ ਦਾ ਰਾਜ ਹੋਵੇਗਾ ਜਿਸ ਕਰਕੇ ਉਹ ਧਰਤੀ ਦੇ ਸਾਰੇ ਮਾਮਲਿਆਂ ਨੂੰ ਚੰਗੀ ਤਰ੍ਹਾਂ ਸੁਲਝਾਵੇਗਾ। ਫਿਰ ਕਦੇ ਵੀ ਇਨਸਾਨ ਗ਼ਰੀਬੀ ਦੀ ਮਾਰ ਨਹੀਂ ਝੱਲਣਗੇ ਜਾਂ ਉਨ੍ਹਾਂ ਨੂੰ ਇਸ ਗੱਲ ਦਾ ਫ਼ਿਕਰ ਨਹੀਂ ਹੋਵੇਗਾ ਕਿ ਉਹ ਆਪਣਾ ਗੁਜ਼ਾਰਾ ਕਿਵੇਂ ਕਰਨਗੇ। (ਜ਼ਬੂਰ 9:7-9, 18) ਇਸ ਦੀ ਬਜਾਇ, ਉਨ੍ਹਾਂ ਨੂੰ ਆਪਣੀ ਮਿਹਨਤ ਦਾ ਫਲ ਮਿਲੇਗਾ ਅਤੇ ਉਹ ਆਪਣੇ ਪਰਿਵਾਰਾਂ ਨਾਲ ਖ਼ੁਸ਼ਹਾਲ ਜ਼ਿੰਦਗੀ ਜੀਉਣਗੇ। ਬਾਈਬਲ ਵਾਅਦਾ ਕਰਦੀ ਹੈ: “ਉਹ ਘਰ ਬਣਾਉਣਗੇ ਅਤੇ ਉਨ੍ਹਾਂ ਵਿਚ ਵੱਸਣਗੇ, ਉਹ ਅੰਗੂਰੀ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਉਹ ਇਸ ਲਈ ਨਹੀਂ ਬਣਾਉਣਗੇ ਕਿ ਕੋਈ ਦੂਜਾ ਵੱਸੇ, ਨਾ ਇਸ ਲਈ ਲਾਉਣਗੇ ਕਿ ਕੋਈ ਦੂਜਾ ਖਾਵੇ।”—ਯਸਾਯਾਹ 65:21, 22.
ਸਮੱਸਿਆ: ਇਨਸਾਨ ਬੁਰੀਆਂ ਘਟਨਾਵਾਂ ਤੋਂ ਬਚ ਨਹੀਂ ਸਕਦੇ ਜਿਨ੍ਹਾਂ ਕਰਕੇ ਉਨ੍ਹਾਂ ʼਤੇ ਦੁੱਖ ਅਤੇ ਤੰਗੀ ਆਉਂਦੀ ਹੈ।
ਹੱਲ: ਪਰਮੇਸ਼ੁਰ ਆਪਣੇ ਰਾਜ ਦੇ ਜ਼ਰੀਏ ਹਰ ਸਮੱਸਿਆ ਨੂੰ ਖ਼ਤਮ ਕਰ ਦੇਵੇਗਾ ਜਿਸ ਕਰਕੇ ਸਾਨੂੰ ਡਰ ਲੱਗਦਾ ਅਤੇ ਫ਼ਿਕਰ ਹੁੰਦਾ ਹੈ।
ਨਤੀਜਾ: ਅੱਜ ਲੋਕ ਯੁੱਧਾਂ, ਭੋਜਨ ਦੀ ਕਮੀ, ਮਹਾਂਮਾਰੀਆਂ ਅਤੇ ਹੋਰ ਬੁਰੀਆਂ ਘਟਨਾਵਾਂ ਕਰਕੇ ਆਪਣਾ ਸਭ ਕੁਝ ਗੁਆ ਬੈਠਦੇ ਹਨ। ਪਰ ਜਦੋਂ ਪਰਮੇਸ਼ੁਰ ਸਾਡੀ ਦੇਖ-ਭਾਲ ਕਰੇਗਾ, ਤਾਂ ਇਹ ਸਾਰੀਆਂ ਘਟਨਾਵਾਂ ਬੀਤੇ ਸਮੇਂ ਦੀਆਂ ਗੱਲਾਂ ਹੋ ਜਾਣਗੀਆਂ। (ਜ਼ਬੂਰ 46:9; 72:16; ਯਸਾਯਾਹ 33:24) ਪਰਮੇਸ਼ੁਰ ਕਹਿੰਦਾ ਹੈ: “ਮੇਰੇ ਲੋਕ ਅਜਿਹੀ ਥਾਂ ਵੱਸਣਗੇ ਜਿੱਥੇ ਸ਼ਾਂਤੀ ਹੋਵੇਗੀ, ਉਹ ਸੁਰੱਖਿਅਤ ਬਸੇਰਿਆਂ ਵਿਚ ਅਤੇ ਸਕੂਨ ਦੇਣ ਵਾਲੀਆਂ ਥਾਵਾਂ ʼਤੇ ਵੱਸਣਗੇ।”—ਯਸਾਯਾਹ 32:18.
ਸਮੱਸਿਆ: ਸੁਆਰਥੀ ਤੇ ਲਾਲਚੀ ਇਨਸਾਨ ਅਕਸਰ ਦੂਜਿਆਂ ਦਾ ਫ਼ਾਇਦਾ ਉਠਾਉਂਦੇ ਹਨ।
ਹੱਲ: ਪਰਮੇਸ਼ੁਰ ਦੇ ਰਾਜ ਦੇ ਵਾਰਸਾਂ ਵਿਚ ਸੱਚਾ ਪਿਆਰ ਹੋਣ ਕਰਕੇ ਉਹ ਆਪਣੇ ਤੋਂ ਪਹਿਲਾਂ ਦੂਜਿਆਂ ਦੇ ਭਲੇ ਬਾਰੇ ਸੋਚਣਗੇ।—ਮੱਤੀ 22:37-39.
ਨਤੀਜਾ: ਪਰਮੇਸ਼ੁਰ ਦੇ ਰਾਜ ਅਧੀਨ ਸਾਰੇ ਲੋਕ ਪਰਮੇਸ਼ੁਰ ਵਾਂਗ ਇਕ-ਦੂਜੇ ਨੂੰ ਪਿਆਰ ਕਰਨਗੇ ਅਤੇ ਸਿਰਫ਼ ‘ਆਪਣੇ ਬਾਰੇ ਹੀ ਨਹੀਂ ਸੋਚਣਗੇ।’ (1 ਕੁਰਿੰਥੀਆਂ 13:4, 5) ਬਾਈਬਲ ਕਹਿੰਦੀ ਹੈ: “ਮੇਰੇ ਸਾਰੇ ਪਵਿੱਤਰ ਪਰਬਤ ʼਤੇ ਉਹ ਨਾ ਸੱਟ ਪਹੁੰਚਾਉਣਗੇ ਤੇ ਨਾ ਹੀ ਤਬਾਹੀ ਮਚਾਉਣਗੇ ਕਿਉਂਕਿ ਧਰਤੀ ਯਹੋਵਾਹ a ਦੇ ਗਿਆਨ ਨਾਲ ਭਰੀ ਹੋਈ ਹੋਵੇਗੀ ਜਿਵੇਂ ਸਮੁੰਦਰ ਪਾਣੀ ਨਾਲ ਢਕਿਆ ਹੋਇਆ ਹੈ।”—ਯਸਾਯਾਹ 11:9.
ਬਾਈਬਲ ਤੋਂ ਪਤਾ ਲੱਗਦਾ ਹੈ ਕਿ ਅਸੀਂ ਇਸ ਬੁਰੀ ਦੁਨੀਆਂ ਦੇ ਆਖ਼ਰੀ ਦਿਨਾਂ ਵਿਚ ਰਹਿ ਰਹੇ ਹਾਂ ਅਤੇ ਜਲਦੀ ਹੀ ਪਰਮੇਸ਼ੁਰ ਆਰਥਿਕ ਸਮੱਸਿਆਵਾਂ ਨੂੰ ਖ਼ਤਮ ਕਰਨ ਦਾ ਆਪਣਾ ਵਾਅਦਾ ਪੂਰਾ ਕਰੇਗਾ। b (ਜ਼ਬੂਰ 12:5) ਪਰ ਉਹ ਸਮਾਂ ਆਉਣ ਤੋਂ ਪਹਿਲਾਂ ਬਾਈਬਲ ਵਿਚ ਦਿੱਤੇ ਅਸੂਲਾਂ ਦੀ ਮਦਦ ਨਾਲ ਤੁਸੀਂ ਆਰਥਿਕ ਸਮੱਸਿਆਵਾਂ ਦਾ ਸਾਮ੍ਹਣਾ ਕਰ ਸਕਦੇ ਹੋ। ਉਦਾਹਰਣ ਲਈ, “ਘੱਟ ਪੈਸਿਆਂ ਵਿਚ ਗੁਜ਼ਾਰਾ ਕਿਵੇਂ ਤੋਰੀਏ?” ਅਤੇ “ਪੈਸੇ ਬਾਰੇ ਸਹੀ ਨਜ਼ਰੀਆ” ਨਾਂ ਦੇ ਲੇਖ ਦੇਖੋ।
a ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।—ਜ਼ਬੂਰ 83:18.
b ਤੁਸੀਂ ਬਾਈਬਲ ਉੱਤੇ ਕਿਉਂ ਭਰੋਸਾ ਕਰ ਸਕਦੇ ਹੋ, ਇਸ ਬਾਰੇ ਹੋਰ ਜਾਣਕਾਰੀ ਲੈਣ ਲਈ “ਬਾਈਬਲ—ਇਕ ਸੱਚੀ ਕਿਤਾਬ” ਨਾਂ ਦਾ ਲੇਖ ਦੇਖੋ।
c ਸਾਮਵਾਦ (ਕਮਿਊਨਿਜ਼ਮ) ਇਕ ਅਜਿਹਾ ਸਮਾਜਕ ਪ੍ਰਬੰਧ ਹੈ ਜਿਸ ਵਿਚ ਸਾਰੇ ਲੋਕ ਬਰਾਬਰ ਹੁੰਦੇ ਹਨ ਅਤੇ ਸਾਰੀਆਂ ਚੀਜ਼ਾਂ ਸਾਂਝੀਆਂ ਹੁੰਦੀਆਂ ਹਨ ਅਤੇ ਲੋੜ ਅਨੁਸਾਰ ਸਾਰਿਆਂ ਨੂੰ ਇਹ ਚੀਜ਼ਾਂ ਉਪਲਬਧ ਹੁੰਦੀਆਂ ਹਨ।