ਖ਼ਬਰਦਾਰ ਰਹੋ!
ਰਾਜਨੀਤੀ ਦੇ ਨਾਂ ʼਤੇ ਹਿੰਸਾ—ਬਾਈਬਲ ਕੀ ਕਹਿੰਦੀ ਹੈ?
ਦਿਨ-ਬਦਿਨ ਰਾਜਨੀਤੀ ਦੇ ਨਾਂ ʼਤੇ ਹਿੰਸਾ ਵਧਣ ਕਰਕੇ ਦੁਨੀਆਂ ਦੇ ਲੋਕ ਚਿੰਤਾ ਵਿਚ ਹਨ।
ਮੈਕਸੀਕੋ ਵਿਚ ਸਾਲ 2023-2024 ਦੌਰਾਨ ਚੋਣਾਂ ਵਿਚ ਖੜ੍ਹੇ 39 ਉਮੀਦਵਾਰਾਂ ਦਾ ਕਤਲ ਕਰ ਦਿੱਤਾ ਗਿਆ। ਇਸ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦੀ ਰਾਜਨੀਤਿਕ ਹਿੰਸਾ ਨੇ ਲੋਕਾਂ ਦਾ ਧਿਆਨ ਚੋਣਾਂ ਤੋਂ ਭਟਕਾ ਦਿੱਤਾ ਹੈ।
ਹਾਲ ਹੀ ਵਿਚ ਯੂਰਪ ਵਿਚ ਵੀ ਬਹੁਤ ਵਾਰ ਰਾਜਨੀਤੀ ਦੇ ਨਾਂ ʼਤੇ ਹਿੰਸਾ ਦੇਖਣ ਨੂੰ ਮਿਲੀ। ਇਸ ਵਿਚ 15 ਮਈ 2024 ਨੂੰ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਦੇ ਕਤਲ ਦੀ ਕੋਸ਼ਿਸ਼ ਵੀ ਸ਼ਾਮਲ ਹੈ।
15 ਸਤੰਬਰ 2024 ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਦੂਜੀ ਵਾਰ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਕਰਕੇ ਅਮਰੀਕਾ ਦੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ।
ਅੱਜ ਇੰਨੀ ਰਾਜਨੀਤਿਕ ਹਿੰਸਾ ਕਿਉਂ ਹੈ? ਕੀ ਇਹ ਕਦੇ ਖ਼ਤਮ ਹੋਵੇਗੀ? ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?
ਰਾਜਨੀਤਿਕ ਫੁੱਟ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ
ਬਾਈਬਲ ਵਿਚ ਸਾਡੇ ਸਮੇਂ ਨੂੰ “ਆਖ਼ਰੀ ਦਿਨ” ਕਿਹਾ ਗਿਆ ਹੈ। ਇਸ ਸਮੇਂ ਵਿਚ ਜ਼ਿਆਦਾਤਰ ਲੋਕ ਹਿੰਸਕ ਹੋਣਗੇ ਅਤੇ ਕਿਸੇ ਵੀ ਗੱਲ ʼਤੇ ਰਾਜ਼ੀ ਨਾ ਹੋਣ ਵਾਲੇ ਹੋਣਗੇ।
‘ਆਖ਼ਰੀ ਦਿਨ ਮੁਸੀਬਤਾਂ ਨਾਲ ਭਰੇ ਹੋਣਗੇ ਜਿਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ। ਕਿਉਂਕਿ ਲੋਕ ਨਾਸ਼ੁਕਰੇ, ਵਿਸ਼ਵਾਸਘਾਤੀ, ਕਿਸੇ ਵੀ ਗੱਲ ʼਤੇ ਰਾਜ਼ੀ ਨਾ ਹੋਣ ਵਾਲੇ, ਵਹਿਸ਼ੀ, ਧੋਖੇਬਾਜ਼, ਜ਼ਿੱਦੀ ਅਤੇ ਘਮੰਡ ਨਾਲ ਫੁੱਲੇ ਹੋਏ ਹੋਣਗੇ।’—2 ਤਿਮੋਥਿਉਸ 3:1-4.
ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਕਈ ਤਰ੍ਹਾਂ ਦੇ ਦੰਗੇ-ਫ਼ਸਾਦ ਹੋਣਗੇ ਜਿਵੇਂ ਲੋਕ ਸਰਕਾਰਾਂ ਖ਼ਿਲਾਫ਼ ਬਗਾਵਤ ਕਰਨਗੇ ਅਤੇ ਰਾਜਨੀਤਿਕ ਉਥਲ-ਪੁਥਲ ਹੋਵੇਗੀ। (ਲੂਕਾ 21:9, ਫੁਟਨੋਟ) ਪਰ ਰਾਜਨੀਤਿਕ ਹਿੰਸਾ ਅਤੇ ਫੁੱਟ ਹਮੇਸ਼ਾ ਨਹੀਂ ਰਹੇਗੀ।
ਹਿੰਸਾ ਦਾ ਖ਼ਾਤਮਾ
ਬਾਈਬਲ ਦੱਸਦੀ ਹੈ ਕਿ ਰੱਬ ਸਾਰੀਆਂ ਇਨਸਾਨੀ ਸਰਕਾਰਾਂ ਦੀ ਜਗ੍ਹਾ ਇਕ ਸਵਰਗੀ ਸਰਕਾਰ ਲਿਆਵੇਗਾ।
‘ਸਵਰਗ ਦਾ ਪਰਮੇਸ਼ੁਰ ਇਕ ਰਾਜ ਖੜ੍ਹਾ ਕਰੇਗਾ ਜੋ ਸਾਰੀਆਂ ਹਕੂਮਤਾਂ ਨੂੰ ਚੂਰ-ਚੂਰ ਕਰ ਕੇ ਇਨ੍ਹਾਂ ਦਾ ਅੰਤ ਕਰ ਦੇਵੇਗਾ, ਪਰ ਆਪ ਹਮੇਸ਼ਾ ਲਈ ਕਾਇਮ ਰਹੇਗਾ।’—ਦਾਨੀਏਲ 2:44.
ਪਰਮੇਸ਼ੁਰ ਦੇ ਰਾਜ ਵਿਚ ਪੂਰੀ ਦੁਨੀਆਂ ਦੇ ਲੋਕਾਂ ਵਿਚ ਏਕਤਾ ਅਤੇ ਸੱਚੀ ਸ਼ਾਂਤੀ ਹੋਵੇਗੀ।
ਇਸ ਸਰਕਾਰ ਦਾ ਰਾਜਾ ਯਿਸੂ ਮਸੀਹ ਹੈ ਜਿਸ ਨੂੰ “ਸ਼ਾਂਤੀ ਦਾ ਰਾਜਕੁਮਾਰ” ਕਿਹਾ ਗਿਆ ਹੈ ਅਤੇ ਉਹ ਇਹ ਪੱਕਾ ਕਰੇਗਾ ਕਿ ‘ਸ਼ਾਂਤੀ ਦੀ ਕੋਈ ਹੱਦ ਨਾ ਹੋਵੇ।’—ਯਸਾਯਾਹ 9:6, 7.
ਪਰਮੇਸ਼ੁਰ ਦੇ ਲੋਕ ਸਿੱਖ ਰਹੇ ਹਨ ਕਿ ਉਹ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਕਿੱਦਾਂ ਜੀ ਸਕਦੇ ਹਨ। ਇਸ ਦਾ ਨਤੀਜਾ ਕੀ ਨਿਕਲੇਗਾ? ਬਾਈਬਲ ਕਹਿੰਦੀ ਹੈ: “ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹਲ਼ ਦੇ ਫਾਲੇ ਬਣਾਉਣਗੇ ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਦੇ ਖ਼ਿਲਾਫ਼ ਤਲਵਾਰ ਨਹੀਂ ਚੁੱਕੇਗੀ ਅਤੇ ਉਹ ਫਿਰ ਕਦੀ ਵੀ ਲੜਾਈ ਕਰਨੀ ਨਹੀਂ ਸਿੱਖਣਗੇ।”—ਯਸਾਯਾਹ 2:3, 4.
ਇਸ ਬਾਰੇ ਹੋਰ ਜਾਣਨ ਲਈ “ਪਰਮੇਸ਼ੁਰ ਦਾ ਰਾਜ ਕੀ ਕਰੇਗਾ?” ਨਾਂ ਦੇ ਲੇਖ ਪੜ੍ਹੋ ਅਤੇ ਪਰਮੇਸ਼ੁਰ ਦਾ ਰਾਜ ਕੀ ਹੈ? ਨਾਂ ਦੀ ਵੀਡੀਓ ਦੇਖੋ।