ਇਤਿਹਾਸ ਦੇ ਪੰਨਿਆਂ ਤੋਂ
ਉਨ੍ਹਾਂ ਨੇ ਆਪਣੀਆਂ ਸਭ ਤੋਂ ਵਧੀਆ ਚੀਜ਼ਾਂ ਦਾਨ ਕੀਤੀਆਂ
1945 ਵਿਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਸ਼ਹਿਰ ਢਹਿ-ਢੇਰੀ ਹੋਏ ਪਏ ਸਨ, ਸਕੂਲ ਖਾਲੀ ਤੇ ਵਿਰਾਨ ਸਨ, ਹਸਪਤਾਲਾਂ ਦੀ ਹਾਲਤ ਵੀ ਇੰਨੀ ਖ਼ਸਤਾ ਸੀ ਕਿ ਉਨ੍ਹਾਂ ਵਿਚ ਕਿਸੇ ਦਾ ਇਲਾਜ ਨਹੀਂ ਕੀਤਾ ਜਾ ਸਕਦਾ ਸੀ ਅਤੇ ਚਾਰੇ ਪਾਸੇ ਬੰਬ ਹੀ ਬੰਬ ਪਏ ਹੋਏ ਸਨ। ਇਸ ਦੇ ਨਾਲ-ਨਾਲ ਖਾਣੇ ਦੀ ਇੰਨੀ ਕਮੀ ਸੀ ਕਿ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਸਨ। ਉਦਾਹਰਣ ਲਈ, ਕਾਲਾ ਬਾਜ਼ਾਰੀ ਇੰਨੀ ਜ਼ਿਆਦਾ ਸੀ ਕਿ 500 ਗ੍ਰਾਮ ਮੱਖਣ ਦੀ ਕੀਮਤ ਛੇ ਹਫ਼ਤਿਆਂ ਦੀ ਕਮਾਈ ਜਿੰਨੀ ਸੀ।
ਹਜ਼ਾਰਾਂ ਹੀ ਯਹੋਵਾਹ ਦੇ ਗਵਾਹਾਂ ਨੂੰ ਵੀ ਇਹ ਮਾਰ ਝੱਲਣੀ ਪਈ ਜੋ ਆਪਣੀ ਨਿਹਚਾ ਕਰਕੇ ਕਈ ਸਾਲਾਂ ਤੋਂ ਜੇਲਾਂ ਅਤੇ ਤਸ਼ੱਦਦ ਕੈਂਪਾਂ ਵਿਚ ਕੈਦ ਸਨ। 1945 ਵਿਚ ਜਦੋਂ ਉਨ੍ਹਾਂ ਨੂੰ ਰਿਹਾ ਕੀਤਾ ਗਿਆ, ਤਾਂ ਉਨ੍ਹਾਂ ਨੇ ਕੈਦੀਆਂ ਦੀ ਜੋ ਵਰਦੀ ਪਾਈ ਹੋਈ ਸੀ, ਉਸ ਤੋਂ ਸਿਵਾਇ ਉਨ੍ਹਾਂ ਕੋਲ ਕੁਝ ਨਹੀਂ ਸੀ। ਹੋਰ ਭੈਣਾਂ-ਭਰਾਵਾਂ ਦੀ ਜ਼ਮੀਨ-ਜਾਇਦਾਦ ਅਤੇ ਚੀਜ਼ਾਂ ਵੀ ਚਲੀਆਂ ਗਈਆਂ। ਭੁੱਖਮਰੀ ਕਰ ਕੇ ਕਈ ਭੈਣ-ਭਰਾ ਮੀਟਿੰਗਾਂ ਦੌਰਾਨ ਹੀ ਬੇਹੋਸ਼ ਹੋ ਕੇ ਡਿਗ ਜਾਂਦੇ ਸਨ।
ਦੂਜੇ ਦੇਸ਼ਾਂ ਦੇ ਭੈਣਾਂ-ਭਰਾਵਾਂ ਨੇ ਫ਼ੌਰਨ ਕਦਮ ਚੁੱਕਿਆ
ਜਦੋਂ ਦੂਜੇ ਦੇਸ਼ਾਂ ਦੇ ਭੈਣਾਂ-ਭਰਾਵਾਂ ਨੂੰ ਪਤਾ ਲੱਗਾ ਕਿ ਜਰਮਨੀ ਦੇ ਭੈਣਾਂ-ਭਰਾਵਾਂ ਨੂੰ ਖਾਣੇ ਤੇ ਕੱਪੜੇ ਦੀ ਕਿੰਨੀ ਜ਼ਿਆਦਾ ਲੋੜ ਹੈ, ਤਾਂ ਉਨ੍ਹਾਂ ਨੇ ਇਕਦਮ ਮਦਦ ਲਈ ਕਦਮ ਚੁੱਕਿਆ। ਅਮਰੀਕਾ ਦੇ ਹੈੱਡ-ਕੁਆਰਟਰ ਦੇ ਭਰਾਵਾਂ ਨੇ ਸਵਿਟਜ਼ਰਲੈਂਡ ਦੇ ਬ੍ਰਾਂਚ ਆਫ਼ਿਸ ਨੂੰ ਜਰਮਨੀ ਦੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਪੁੱਛਿਆ। ਉਸ ਸਮੇਂ ਨੇਥਨ ਐੱਚ. ਨੌਰ ਸੰਗਠਨ ਦੀ ਅਗਵਾਈ ਕਰਦਾ ਸੀ। ਇਹ ਭਰਾ ਯੂਰਪ ਗਿਆ ਤਾਂਕਿ ਰਾਹਤ ਦਾ ਕੰਮ ਜਲਦੀ ਤੋਂ ਜਲਦੀ ਕੀਤਾ ਜਾ ਸਕੇ।
ਸਵਿਟਜ਼ਰਲੈਂਡ ਦੇ ਯਹੋਵਾਹ ਦੇ ਗਵਾਹਾਂ ਨੇ ਦਿਲ ਖੋਲ੍ਹ ਕੇ ਖਾਣਾ, ਕੱਪੜੇ ਅਤੇ ਪੈਸੇ ਦਾਨ ਦਿੱਤੇ। ਦਾਨ ਕੀਤੀਆਂ ਚੀਜ਼ਾਂ ਪਹਿਲਾਂ ਸਵਿਟਜ਼ਰਲੈਂਡ ਦੇ ਬਰਨ ਸ਼ਹਿਰ ਵਿਚ ਭੇਜੀਆਂ ਗਈਆਂ। ਇੱਥੋਂ ਇਹ ਚੀਜ਼ਾਂ ਛਾਂਟ ਕੇ ਅਤੇ ਪੈਕ ਕਰ ਕੇ ਜਰਮਨੀ ਭੇਜੀਆਂ ਗਈਆਂ। ਹੋਰ ਦੇਸ਼ਾਂ ਦੇ ਭੈਣਾਂ-ਭਰਾਵਾਂ ਨੇ ਵੀ ਇਸ ਰਾਹਤ ਦੇ ਕੰਮ ਵਿਚ ਮਦਦ ਕੀਤੀ, ਜਿਵੇਂ ਕਿ ਸਵੀਡਨ, ਕੈਨੇਡਾ ਅਤੇ ਅਮਰੀਕਾ ਦੇ ਭੈਣਾਂ-ਭਰਾਵਾਂ ਨੇ। ਇਸ ਰਾਹਤ ਦੇ ਕੰਮ ਤੋਂ ਨਾ ਸਿਰਫ਼ ਜਰਮਨੀ ਵਿਚ ਹੀ ਯਹੋਵਾਹ ਦੇ ਲੋਕਾਂ ਨੂੰ ਫ਼ਾਇਦਾ ਹੋਇਆਂ, ਸਗੋਂ ਯੂਰਪ ਅਤੇ ਏਸ਼ੀਆ ਦੇ ਉਨ੍ਹਾਂ ਕਈ ਦੇਸ਼ਾਂ ਦੇ ਭੈਣਾਂ-ਭਰਾਵਾਂ ਨੂੰ ਵੀ ਫ਼ਾਇਦਾ ਹੋਇਆ, ਜਿਨ੍ਹਾਂ ਨੇ ਇਸ ਯੁੱਧ ਦੀ ਮਾਰ ਝੱਲੀ ਸੀ।
ਸੋਚ ਤੋਂ ਵੱਧ ਕੇ ਭੈਣਾਂ-ਭਰਾਵਾਂ ਨੇ ਦਾਨ ਦਿੱਤਾ
ਕੁਝ ਹੀ ਮਹੀਨਿਆਂ ਵਿਚ ਸਵਿਟਜ਼ਰਲੈਂਡ ਦੀ ਬ੍ਰਾਂਚ ਤੋਂ ਇਹ ਚੀਜ਼ਾਂ ਭੇਜੀਆਂ ਗਈਆਂ, ਜਿਵੇਂ ਕਿ ਕਾਫ਼ੀ, ਦੁੱਧ, ਖੰਡ, ਅਨਾਜ, ਸੁੱਕੇ ਮੇਵੇ, ਸਬਜ਼ੀਆਂ ਅਤੇ ਡੱਬਾ ਬੰਦ ਮੀਟ ਤੇ ਮੱਛੀ। ਨਾਲੇ ਪੈਸੇ ਵੀ ਦਾਨ ਵਜੋਂ ਭੇਜੇ ਗਏ।
ਇਸ ਦੇ ਨਾਲ-ਨਾਲ ਸਵਿਟਜ਼ਰਲੈਂਡ ਦੇ ਭੈਣਾਂ-ਭਰਾਵਾਂ ਨੇ ਪੰਜ ਟਨ ਕੱਪੜੇ ਭੇਜੇ। ਇਨ੍ਹਾਂ ਵਿਚ ਕੋਟ ਅਤੇ ਆਦਮੀਆਂ ਤੇ ਔਰਤਾਂ ਦੇ ਕੱਪੜੇ ਸਨ। 15 ਜਨਵਰੀ 1946 ਦੇ ਪਹਿਰਾਬੁਰਜ ਦੇ ਅੰਕ ਵਿਚ ਕਿਹਾ ਗਿਆ: “ਭੈਣਾਂ-ਭਰਾਵਾਂ ਨੇ ਮਾੜੀਆਂ ਚੀਜ਼ਾਂ ਨਹੀਂ, ਸਗੋਂ ਆਪਣੀਆਂ ਸਭ ਤੋਂ ਵਧੀਆ ਚੀਜ਼ਾਂ ਦਾਨ ਕੀਤੀਆਂ। ਉਨ੍ਹਾਂ ਨੇ ਜਰਮਨੀ ਦੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਕਿੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ।”
ਸਵਿਟਜ਼ਰਲੈਂਡ ਦੇ ਭੈਣਾਂ-ਭਰਾਵਾਂ ਨੇ ਲਗਭਗ 1,000 ਬੂਟਾਂ ਤੇ ਜੁੱਤੀਆਂ ਦੇ ਜੋੜੇ ਦਾਨ ਦਿੱਤੇ। ਉਨ੍ਹਾਂ ਨੇ ਸਮਾਨ ਭੇਜਣ ਤੋਂ ਪਹਿਲਾਂ ਧਿਆਨ ਨਾਲ ਜਾਂਚਿਆ ਕਿ ਇਹ ਠੀਕ ਹਾਲਾਤ ਵਿਚ ਹਨ ਜਾਂ ਨਹੀਂ। ਵੀਸਬਾਡਨ, ਜਰਮਨੀ ਦੇ ਭੈਣਾਂ-ਭਰਾਵਾਂ ਨੇ ਜਦੋਂ ਡੱਬੇ ਖੋਲ੍ਹੇ, ਤਾਂ ਉਹ ਦੇਖ ਕੇ ਹੈਰਾਨ ਰਹਿ ਗਏ ਕਿ ਸਮਾਨ ਕਿੰਨੇ ਤਰ੍ਹਾਂ ਦਾ ਅਤੇ ਕਿੰਨਾ ਵਧੀਆ ਸੀ। ਇਕ ਭਰਾ ਨੇ ਕਿਹਾ: “ਮੈਨੂੰ ਨਹੀਂ ਲੱਗਦਾ ਕਿ ਜਰਮਨੀ ਦੀ ਕਿਸੇ ਵੀ ਦੁਕਾਨ ਵਿਚ ਇੰਨੇ ਵਧੀਆ ਕੱਪੜੇ ਤੇ ਜੁੱਤੀਆਂ ਹੋਣਗੇ।”
ਅਗਸਤ 1948 ਤਕ ਰਾਹਤ ਦਾ ਸਮਾਨ ਭੇਜਿਆ ਜਾਂਦਾ ਰਿਹਾ। ਸਵਿਟਜ਼ਰਲੈਂਡ ਦੇ ਭੈਣਾਂ-ਭਰਾਵਾਂ ਨੇ ਆਪਣੇ ਜਰਮਨੀ ਦੇ ਭੈਣਾਂ-ਭਰਾਵਾਂ ਲਈ ਕੁੱਲ 444 ਡੱਬੇ ਰਾਹਤ ਸਮਾਨ ਦੇ ਭੇਜੇ ਅਤੇ ਸਾਰੇ ਸਮਾਨ ਦਾ ਭਾਰ 25 ਟਨ ਸੀ। ਜਿਵੇਂ ਪਹਿਲਾਂ ਦੱਸਿਆ ਗਿਆ ਸੀ ਕਿ ਸਵਿਟਜ਼ਰਲੈਂਡ ਦੇ ਭੈਣਾਂ-ਭਰਾਵਾਂ ਤੋਂ ਇਲਾਵਾ ਵੀ ਕਈ ਹੋਰ ਦੇਸ਼ਾਂ ਦੇ ਭੈਣਾਂ-ਭਰਾਵਾਂ ਨੇ ਸਮਾਨ ਭੇਜਿਆ। ਉਸ ਸਮੇਂ ਭੈਣਾਂ-ਭਰਾਵਾਂ ਦੀ ਗਿਣਤੀ ਬਹੁਤ ਹੀ ਘੱਟ ਸੀ ਅਤੇ ਸਵਿਟਜ਼ਰਲੈਂਡ ਵਿਚ ਸਿਰਫ਼ 1,600 ਗਵਾਹ ਸਨ।
‘ਤੁਸੀਂ ਆਪਸ ਵਿਚ ਪਿਆਰ ਕਰੋ’
ਯਿਸੂ ਨੇ ਕਿਹਾ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:34, 35) ਪਿਆਰ ਹੋਣ ਕਰਕੇ ਯਹੋਵਾਹ ਦੇ ਗਵਾਹਾਂ ਨੇ ਆਪਣੀਆਂ ਸਭ ਤੋਂ ਵਧੀਆ ਚੀਜ਼ਾਂ ਦਾਨ ਵਿਚ ਦਿੱਤੀਆਂ, ਨਾ ਕਿ ਉਹ ਚੀਜ਼ਾਂ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਨਹੀਂ ਸੀ। (2 ਕੁਰਿੰਥੀਆਂ 8:1-4) ਜਿਊਰਿਕ ਸ਼ਹਿਰ ਦੇ ਭੈਣਾਂ-ਭਰਾਵਾਂ ਨੇ ਇਕ ਚਿੱਠੀ ਵਿਚ ਦੱਸਿਆ: “ਕੁਝ ਭੈਣਾਂ-ਭਰਾਵਾਂ ਕੋਲ ਆਪਣੇ ਲਈ ਕੁਝ ਨਹੀਂ ਸੀ, ਫਿਰ ਵੀ ਉਹ ਭੈਣਾਂ-ਭਰਾਵਾਂ ਦੀ ਮਦਦ ਕਰਨੀ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਖਾਣਾ ਖ਼ਰੀਦਣ ਲਈ [ਆਪਣਾ] ਰਾਸ਼ਨ ਕਾਰਡ ਅਤੇ ਪੈਸੇ ਭੈਣਾਂ-ਭਰਾਵਾਂ ਨੂੰ ਦੇ ਦਿੱਤੇ।”
ਜਰਮਨੀ ਵਿਚ ਯਹੋਵਾਹ ਦੇ ਗਵਾਹ ਅਤਿਆਚਾਰ ਤੇ ਯੁੱਧ ਦੀ ਮਾਰ ਤੋਂ ਛੇਤੀ ਹੀ ਉੱਭਰ ਸਕੇ। ਇਸ ਦਾ ਇਕ ਕਾਰਨ ਸੀ, ਨਿਰਸੁਆਰਥ ਪਿਆਰ। ਇਸ ਲਈ ਭਰਾਵਾਂ ਨੇ ਰਾਹਤ ਪਹੁੰਚਾਉਣ ਦੇ ਸਾਰੇ ਪ੍ਰਬੰਧ ਬਹੁਤ ਵਧੀਆ ਢੰਗ ਨਾਲ ਕੀਤੇ ਅਤੇ ਜਰਮਨੀ ਦੇ ਆਪਣੇ ਭੈਣਾਂ-ਭਰਾਵਾਂ ਲਈ ਖੁੱਲ੍ਹ-ਦਿਲੀ ਦਿਖਾਈ।
ਬਰਨ, ਸਵਿਟਜ਼ਰਲੈਂਡ ਦੇ ਬ੍ਰਾਂਚ ਆਫ਼ਿਸ ਵਿਚ ਭੈਣ-ਭਰਾ ਦਾਨ ਕੀਤੇ ਕੱਪੜਿਆਂ ਨੂੰ ਛਾਂਟਦੇ ਹੋਏ
ਬਰਨ ਦੇ ਬ੍ਰਾਂਚ ਆਫ਼ਿਸ ਤੋਂ ਭਰਾ ਟਰੱਕ ’ਤੇ ਦਾਨ ਕੀਤੇ ਸਾਮਾਨ ਦੇ ਡੱਬੇ ਲੱਦਦੇ ਹੋਏ
ਇਕ ਟਰੱਕ ਦੇ ਪਿੱਛੇ ਲਿਖਿਆ ਹੈ “ਯਹੋਵਾਹ ਦੇ ਗਵਾਹਾਂ ਵੱਲੋਂ ਰਾਹਤ ਦਾ ਪ੍ਰਬੰਧ”
ਭਰਾ ਦਾਨ ਕੀਤੇ ਸਮਾਨ ਦੇ ਡੱਬਿਆਂ ਨੂੰ ਜਰਮਨੀ ਭੇਜਣ ਲਈ ਰੇਲ ਗੱਡੀ ’ਤੇ ਲੱਦਦੇ ਹੋਏ