Skip to content

Skip to table of contents

ਚਾਨਣ ਮੁਨਾਰਾ ਨਾਂ ਦੀ ਕਿਸ਼ਤੀ ਰਾਹੀਂ ਸੱਚਾਈ ਦੱਖਣੀ-ਪੂਰਬੀ ਏਸ਼ੀਆ ਵਿਚ ਪਹੁੰਚੀ

ਚਾਨਣ ਮੁਨਾਰਾ ਨਾਂ ਦੀ ਕਿਸ਼ਤੀ ਰਾਹੀਂ ਸੱਚਾਈ ਦੱਖਣੀ-ਪੂਰਬੀ ਏਸ਼ੀਆ ਵਿਚ ਪਹੁੰਚੀ

ਯਹੋਵਾਹ ਦੇ ਗਵਾਹਾਂ ਨੇ 1930 ਦੇ ਸ਼ੁਰੂ ਵਿਚ ਇੰਡੋਨੇਸ਼ੀਆ, ਮਲੇਸ਼ੀਆ ਅਤੇ ਪਾਪੂਆ ਨਿਊ ਗਿਨੀ ਵਿਚ ਬਿਲਕੁਲ ਵੀ ਪ੍ਰਚਾਰ ਨਹੀਂ ਕੀਤਾ ਸੀ। ਇਨ੍ਹਾਂ ਦੇਸ਼ਾਂ ਵਿਚ ਖ਼ੁਸ਼ ਖ਼ਬਰੀ ਕਿਵੇਂ ਸੁਣਾਈ ਗਈ? ਪ੍ਰਚਾਰ ਕਰਨ ਦੀ ਲੋੜ ਨੂੰ ਪਛਾਣਦੇ ਹੋਏ ਆਸਟ੍ਰੇਲੀਆ ਬ੍ਰਾਂਚ (ਹੁਣ ਆਸਟ੍ਰਾਲੇਸ਼ੀਆ ਬ੍ਰਾਂਚ) ਨੇ 52 ਫੁੱਟ (16 ਮੀਟਰ) ਲੰਬੀ ਇਕ ਕਿਸ਼ਤੀ ਖ਼ਰੀਦੀ। ਇਸ ਕਿਸ਼ਤੀ ਨੂੰ ਚਾਨਣ ਮੁਨਾਰਾ ਨਾਂ ਦਿੱਤਾ ਗਿਆ ਕਿਉਂਕਿ ਪਾਇਨੀਅਰਾਂ * ਨੇ ਇਸ ਰਾਹੀਂ ਦੂਰ-ਦੁਰਾਡੇ ਦੇਸ਼ਾਂ ਵਿਚ ਸੱਚਾਈ ਦਾ ਚਾਨਣ ਫੈਲਾਉਣਾ ਸੀ।—ਮੱਤੀ 5:14-16.

ਨਿਊ ਗਿਨੀ ਵਿਚ ਪ੍ਰਚਾਰ

ਫਰਵਰੀ 1935 ਵਿਚ ਸੱਤ ਜਣੇ ਸਿਡਨੀ ਤੋਂ ਨਿਊ ਗਿਨੀ ਦੀ ਪੋਰਟ ਮੌਰਸਬੀ ਬੰਦਰਗਾਹ ਵੱਲ ਰਵਾਨਾ ਹੋਏ। ਉਨ੍ਹਾਂ ਨੇ ਰਾਹ ਵਿਚ ਮੱਛੀਆਂ ਫੜੀਆਂ ਅਤੇ ਕਈ ਥਾਵਾਂ ’ਤੇ ਰੁਕ ਕੇ ਤੇਲ ਭਰਾਇਆ, ਹੋਰ ਖਾਣਾ ਖ਼ਰੀਦਿਆ ਅਤੇ ਕਿਸ਼ਤੀ ਦੀ ਮੁਰੰਮਤ ਕਰਾਈ। ਉਹ 10 ਅਪ੍ਰੈਲ 1935 ਨੂੰ ਕੁਈਨਜ਼ਲੈਂਡ ਦੇ ਕੁੱਕਟਾਊਨ ਤੋਂ ਰਵਾਨਾ ਹੋਏ। ਉਹ ਕਿਸ਼ਤੀ ਚਲਾਉਣ ਲਈ ਬਾਦਬਾਨ ਵਰਤਦੇ ਸਨ। ਪਰ ਖ਼ਤਰਨਾਕ ਗ੍ਰੇਟ ਬੈਰੀਅਰ ਰੀਫ਼ ਵੱਲ ਵਧਦਿਆਂ ਉਨ੍ਹਾਂ ਨੇ ਕਿਸ਼ਤੀ ਚਲਾਉਣ ਲਈ ਇੰਜਣ ਵਰਤਿਆ। ਪਰ ਇੰਜਣ ਵਿੱਚੋਂ ਅਜੀਬ ਜਿਹੀ ਆਵਾਜ਼ ਆਉਣ ਲੱਗ ਪਈ ਜਿਸ ਕਰਕੇ ਇੰਜਣ ਬੰਦ ਕਰਨਾ ਪਿਆ। ਕੀ ਉਨ੍ਹਾਂ ਨੂੰ ਵਾਪਸ ਮੁੜ ਜਾਣਾ ਚਾਹੀਦਾ ਸੀ ਜਾਂ ਬਾਦਬਾਨਾਂ ਦੇ ਸਹਾਰੇ ਨਿਊ ਗਿਨੀ ਜਾਣਾ ਚਾਹੀਦਾ ਸੀ? ਕਪਤਾਨ ਐਰਿਕ ਯੁਇਨਜ਼ ਨੇ ਕਿਹਾ: “ਅਸੀਂ ਵਾਪਸ ਨਹੀਂ ਜਾਣਾ ਚਾਹੁੰਦੇ ਸੀ।” ਇਸ ਲਈ ਚਾਨਣ ਮੁਨਾਰਾ ਚੱਲਦੀ ਰਹੀ ਅਤੇ 28 ਅਪ੍ਰੈਲ 1935 ਵਿਚ ਸੁਰੱਖਿਅਤ ਪੋਰਟ ਮੌਰਸਬੀ ਪਹੁੰਚ ਗਈ।

ਚਾਨਣ ਮੁਨਾਰਾ ਵਿਚ ਸਫ਼ਰ ਕਰਨ ਵਾਲੇ, ਖੱਬੇ ਤੋਂ: ਵਿਲੀਅਮ ਹੰਟਰ, ਚਾਰਲਸ ਹੈਰਿਸ, ਐਲਨ ਬਕਨੈਲ (ਥੱਲੇ ਬੈਠਾ), ਐਲਫ੍ਰੈਡ ਰੌ, ਫਰੈਂਕ ਡੀਉਰ, ਐਰਿਕ ਯੁਇਨਜ਼, ਰਿਚਰਡ ਨਟਲੀ

ਜਦੋਂ ਮਕੈਨਿਕ ਇੰਜਣ ਦੀ ਮੁਰੰਮਤ ਕਰ ਰਿਹਾ ਸੀ, ਤਾਂ ਸਾਰਿਆਂ ਨੇ ਪੋਰਟ ਮੌਰਸਬੀ ਵਿਚ ਖ਼ੁਸ਼ ਖ਼ਬਰੀ ਸੁਣਾਈ। ਪਰ ਫਰੈਂਕ ਡੀਉਰ, ਜਿਸ ਨੂੰ “ਇਕ ਨਿਡਰ ਪਾਇਨੀਅਰ” ਮੰਨਿਆ ਜਾਂਦਾ ਸੀ, ਨੇ ਕਿਹਾ: ‘ਮੈਂ ਕਿਤਾਬਾਂ ਦਾ ਬੰਡਲ ਚੁੱਕਿਆ ਤੇ 32 ਕਿਲੋਮੀਟਰ (20 ਮੀਲ) ਜਾਂ ਜ਼ਿਆਦਾ ਚੱਲ ਕੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਈ।’ ਵਾਪਸ ਆਉਂਦੇ ਵੇਲੇ ਉਹ ਵੱਖਰੇ ਰਸਤੇ ਰਾਹੀਂ ਆਇਆ ਅਤੇ ਉਸ ਨੂੰ ਇਕ ਛੋਟੀ ਨਦੀ ਪਾਰ ਕਰਨੀ ਪਈ ਜਿਸ ਵਿਚ ਮਗਰਮੱਛ ਰਹਿੰਦੇ ਸਨ। ਪਰ ਉਹ ਸਹੀ-ਸਲਾਮਤ ਵਾਪਸ ਪਹੁੰਚ ਗਿਆ। ਉਨ੍ਹਾਂ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ। ਜਿਨ੍ਹਾਂ ਲੋਕਾਂ ਨੇ ਉਸ ਵੇਲੇ ਬਾਈਬਲ-ਆਧਾਰਿਤ ਪ੍ਰਕਾਸ਼ਨ ਲਏ ਸਨ, ਉਨ੍ਹਾਂ ਵਿੱਚੋਂ ਕੁਝ ਯਹੋਵਾਹ ਦੇ ਗਵਾਹ ਬਣ ਗਏ।

ਜਾਵਾ ਵਿਚ ਪ੍ਰਚਾਰ

ਇੰਜਣ ਠੀਕ ਕਰਾਉਣ ਤੋਂ ਬਾਅਦ ਚਾਨਣ ਮੁਨਾਰਾ ਪੋਰਟ ਮੌਰਸਬੀ ਤੋਂ ਤੁਰ ਪਈ ਅਤੇ ਡੱਚ ਈਸਟ ਇੰਡੀਜ਼ (ਹੁਣ ਇੰਡੋਨੇਸ਼ੀਆ) ਦੇ ਜਾਵਾ ਟਾਪੂ ਵੱਲ ਵਧਣ ਲੱਗੀ। ਕਿਸ਼ਤੀ ਕਈ ਵਾਰ ਸਮਾਨ ਲੈਣ ਲਈ ਰੋਕੀ ਗਈ। ਉਹ ਸਾਰੇ ਜਣੇ 15 ਜੁਲਾਈ 1935 ਨੂੰ ਬਾਤਾਵੀਆ (ਹੁਣ ਜਕਾਰਤਾ) ਪਹੁੰਚੇ।

ਉਸ ਸਮੇਂ ਚਾਰਲਸ ਹੈਰਿਸ ਨੇ ਚਾਨਣ ਮੁਨਾਰਾ ਕਿਸ਼ਤੀ ਨੂੰ ਛੱਡ ਕੇ ਜਾਵਾ ਵਿਚ ਪ੍ਰਚਾਰ ਕਰਨ ਲਈ ਰੁਕ ਗਿਆ। * ਉੱਥੇ ਉਹ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਰਿਹਾ। ਉਸ ਨੇ ਕਿਹਾ: “ਉਨ੍ਹਾਂ ਦਿਨਾਂ ਵਿਚ ਸਾਡਾ ਕੰਮ ਜ਼ਿਆਦਾਤਰ ਇਕ ਸ਼ਹਿਰ ਵਿਚ ਪ੍ਰਕਾਸ਼ਨ ਵੰਡ ਕੇ ਅਗਲੇ ਸ਼ਹਿਰ ਜਾਣਾ ਹੁੰਦਾ ਸੀ। ਮੈਂ ਅਰਬੀ, ਚੀਨੀ, ਡੱਚ, ਅੰਗ੍ਰੇਜ਼ੀ ਅਤੇ ਇੰਡੋਨੇਸ਼ੀਅਨ ਭਾਸ਼ਾਵਾਂ ਵਿਚ ਪ੍ਰਕਾਸ਼ਨ ਲੈ ਕੇ ਜਾਂਦਾ ਸੀ। ਲੋਕ ਸਾਡੇ ਪ੍ਰਕਾਸ਼ਨ ਲੈਣ ਲਈ ਤਿਆਰ ਸਨ, ਇਸ ਕਰਕੇ ਮੈਂ ਇਕ ਸਾਲ ਵਿਚ 17,000 ਪ੍ਰਕਾਸ਼ਨ ਵੰਡੇ।”

ਚਾਨਣ ਮੁਨਾਰਾ ਦੇ ਸਾਰੇ ਬਾਦਬਾਨ ਖੁੱਲ੍ਹੇ ਹੋਏ

ਚਾਰਲਸ ਦੇ ਜੋਸ਼ ਕਰਕੇ ਡੱਚ ਅਧਿਕਾਰੀਆਂ ਦਾ ਧਿਆਨ ਸਾਡੇ ਕੰਮ ਵੱਲ ਖਿੱਚਿਆ ਗਿਆ। ਇਕ ਵਾਰ ਇਕ ਅਧਿਕਾਰੀ ਨੇ ਜਾਵਾ ਵਿਚ ਪ੍ਰਚਾਰ ਕਰ ਰਹੇ ਇਕ ਗਵਾਹ ਨੂੰ ਪੁੱਛਿਆ ਕਿ ਪੂਰਬੀ ਜਾਵਾ ਵਿਚ ਕਿੰਨੇ ਜਣੇ ਪ੍ਰਚਾਰ ਕਰ ਰਹੇ ਹਨ। ਉਸ ਗਵਾਹ ਨੇ ਜਵਾਬ ਦਿੱਤਾ: “ਸਿਰਫ਼ ਇਕ।” ਅਫ਼ਸਰ ਨੇ ਚੀਕ ਕੇ ਕਿਹਾ: “ਤੈਨੂੰ ਕੀ ਲੱਗਦਾ ਕਿ ਮੈਂ ਤੇਰੀ ਗੱਲ ’ਤੇ ਯਕੀਨ ਕਰ ਲਊਂਗਾ? ਤੁਹਾਡੇ ਜਿੰਨੇ ਪ੍ਰਕਾਸ਼ਨ ਉੱਥੇ ਵੰਡੇ ਜਾ ਰਹੇ ਹਨ, ਉਸ ਤੋਂ ਤਾਂ ਲੱਗਦਾ ਕਿ ਉੱਥੇ ਤੁਹਾਡੀ ਪੂਰੀ ਫ਼ੌਜ ਹੋਣੀ।”

ਸਿੰਗਾਪੁਰ ਅਤੇ ਮਲੇਸ਼ੀਆ ਵਿਚ ਪ੍ਰਚਾਰ

ਸੱਤ ਅਗਸਤ ਨੂੰ ਚਾਨਣ ਮੁਨਾਰਾ ਇੰਡੋਨੇਸ਼ੀਆ ਤੋਂ ਸਿੰਗਾਪੁਰ ਪਹੁੰਚੀ। ਭਰਾਵਾਂ ਨੇ ਤਾਂ ਹਰ ਬੰਦਰਗਾਹ ’ਤੇ ਕਿਸ਼ਤੀ ਦੇ ਵੱਡੇ ਸਪੀਕਰਾਂ ਰਾਹੀਂ ਰਿਕਾਰਡ ਕੀਤੇ ਭਾਸ਼ਣ ਚਲਾਏ। ਇਸ ਢੰਗ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਕਰਕੇ ਅਕਸਰ ਬਹੁਤਿਆਂ ਦਾ ਧਿਆਨ ਖਿੱਚਿਆ ਗਿਆ। ਨਾਲੇ ਸਿੰਗਾਪੁਰ ਫ੍ਰੀ ਪ੍ਰੈਸ ਨੇ ਰਿਪੋਰਟ ਦਿੱਤੀ ਕਿ “ਬੁੱਧਵਾਰ ਰਾਤ . . . ਲੋਕਾਂ ਨੂੰ ਸਮੁੰਦਰ ਤੋਂ ਇਕ ਉੱਚੀ ਆਵਾਜ਼ ਸੁਣਾਈ ਦੇ ਰਹੀ ਸੀ। ਇਹ ਇਕ ਅਨੋਖਾ ਭਾਸ਼ਣ ਸੀ . . . ਜੋ ‘ਚਾਨਣ ਮੁਨਾਰਾ’ ਕਿਸ਼ਤੀ ਤੋਂ . . . ਚਲਾਇਆ ਗਿਆ ਸੀ। ਇਸ ਕਿਸ਼ਤੀ ਦੇ ਆਸਟ੍ਰੇਲੀਆ ਤੋਂ ਸਿੰਗਾਪੁਰ ਆਉਣ ਤੋਂ ਬਾਅਦ ਇਸ ’ਤੇ ਵਾਚਟਾਵਰ ਦੇ ਰਿਕਾਰਡ ਕੀਤੇ ਭਾਸ਼ਣ ਚਲਾਏ ਜਾ ਰਹੇ ਸਨ।” ਰਿਪੋਰਟ ਵਿਚ ਇਹ ਵੀ ਕਿਹਾ ਗਿਆ ਕਿ “ਸਾਫ਼ ਮੌਸਮ ਦੌਰਾਨ ਇਹ ਭਾਸ਼ਣ ਆਸਾਨੀ ਨਾਲ ਤਿੰਨ ਤੋਂ ਚਾਰ ਕਿਲੋਮੀਟਰ (ਦੋ ਤੋਂ ਤਿੰਨ ਮੀਲ) ਤੋਂ ਵੀ ਸੁਣੇ ਜਾ ਸਕਦੇ ਸਨ।”

ਜਦੋਂ ਚਾਨਣ ਮੁਨਾਰਾ ਅਜੇ ਸਿੰਗਾਪੁਰ ਵਿਚ ਹੀ ਸੀ, ਤਾਂ ਫਰੈਂਕ ਡੀਉਰ ਇਕ ਨਵੀਂ ਜ਼ਿੰਮੇਵਾਰੀ ਲਈ ਚਲਾ ਗਿਆ। ਇਸ ਬਾਰੇ ਯਾਦ ਕਰਦਿਆਂ ਫਰੈਂਕ ਕਹਿੰਦਾ ਹੈ: “ਅਸੀਂ ਸਿੰਗਾਪੁਰ ਵਿਚ ਪਾਇਨੀਅਰਿੰਗ ਕਰਦੇ ਸਮੇਂ ਕਿਸ਼ਤੀ ਵਿਚ ਰਹਿੰਦੇ ਸੀ। ਜਦੋਂ ਅਸੀਂ ਚਾਨਣ ਮੁਨਾਰਾ ਕਿਸ਼ਤੀ ਵੇਚਣ ਵਾਲੇ ਸੀ, ਤਾਂ ਐਰਿਕ ਯੁਇਨਜ਼ ਦੀ ਗੱਲ ਸੁਣ ਕੇ ਮੈਨੂੰ ਝਟਕਾ ਲੱਗਾ। ਉਸ ਨੇ ਕਿਹਾ: ‘ਅੱਛਾ ਫਰੈਂਕ, ਤੂੰ ਕਿਹਾ ਸੀ ਕਿ ਤੂੰ ਸਾਐਮ (ਹੁਣ ਥਾਈਲੈਂਡ) ਵਿਚ ਸੇਵਾ ਕਰਨੀ ਚਾਹੁੰਦਾ। ਅਸੀਂ ਤੈਨੂੰ ਹੋਰ ਅੱਗੇ ਨਹੀਂ ਲਿਜਾ ਸਕਦੇ। ਹੁਣ ਤੂੰ ਜਾ ਸਕਦਾ!’ ਮੈਂ ਹੈਰਾਨੀ ਨਾਲ ਕਿਹਾ: “ਪਰ, ਮੈਨੂੰ ਨਹੀਂ ਪਤਾ ਕਿ ਸਾਐਮ ਇੱਥੋਂ ਕਿੰਨੀ ਕੁ ਦੂਰ ਹੈ!” ਐਰਿਕ ਨੇ ਫਰੈਂਕ ਨੂੰ ਦੱਸਿਆ ਕਿ ਉਹ ਕੁਆਲਾ ਲੁੰਪੁਰ ਤੋਂ ਰੇਲ ਗੱਡੀ ਲੈ ਕੇ ਉੱਥੇ ਪਹੁੰਚ ਸਕਦਾ ਹੈ, ਜਿਸ ਨੂੰ ਹੁਣ ਮਲੇਸ਼ੀਆ ਕਿਹਾ ਜਾਂਦਾ ਹੈ। ਫਰੈਂਕ ਕੁਆਲਾ ਲੁੰਪੁਰ ਲਈ ਚੱਲ ਪਿਆ ਅਤੇ ਕੁਝ ਮਹੀਨਿਆਂ ਬਾਅਦ ਥਾਈਲੈਂਡ ਪਹੁੰਚ ਗਿਆ। *

ਜਿੱਦਾਂ-ਜਿੱਦਾਂ ਚਾਨਣ ਮੁਨਾਰਾ ਕਿਸ਼ਤੀ ਮਲੇਸ਼ੀਆ ਦੇ ਪੱਛਮੀ ਕੰਢੇ ਵੱਲ ਵਧਦੀ ਗਈ, ਇਹ ਜਹੋਰ ਬਾਰੂ, ਮਵਾਰ, ਮਾਲਾਕਾ, ਕਲਾਨ, ਪੋਰਟ ਸਵੈਤਨਮ (ਹੁਣ ਪੋਰਟ ਕਲਾਨ) ਅਤੇ ਪਨਾਨ ਬੰਦਰਗਾਹ ’ਤੇ ਰੁਕੀ। ਹਰ ਬੰਦਰਗਾਹ ’ਤੇ ਉਨ੍ਹਾਂ ਨੇ ਲਾਊਡਸਪੀਕਰ ਰਾਹੀਂ ਰਿਕਾਰਡ ਕੀਤੇ ਬਾਈਬਲ-ਆਧਾਰਿਤ ਭਾਸ਼ਣ ਚਲਾਏ। ਇੰਡੋਨੇਸ਼ੀਆ ਵਿਚ ਸੇਵਾ ਕਰਨ ਵਾਲੀ ਭੈਣ ਜੀਨ ਡੈਸਚੈਂਪ ਨੇ ਕਿਹਾ: ‘ਇਸ ਕਿਸ਼ਤੀ ਨੇ ਕਾਫ਼ੀ ਲੋਕਾਂ ਦਾ ਧਿਆਨ ਖਿੱਚਿਆ।’ ਰਿਕਾਰਡ ਕੀਤੇ ਭਾਸ਼ਣ ਚਲਾਉਣ ਤੋਂ ਬਾਅਦ ਗਵਾਹ ਕਿਨਾਰੇ ’ਤੇ ਗਏ ਅਤੇ ਉਨ੍ਹਾਂ ਨੇ ਦਿਲਚਸਪੀ ਰੱਖਣ ਵਾਲਿਆਂ ਨੂੰ ਪ੍ਰਕਾਸ਼ਨ ਵੰਡੇ।

ਸੁਮਾਟਰਾ ਵਿਚ ਪ੍ਰਚਾਰ

ਗਵਾਹ ਪਨਾਨ ਤੋਂ ਸਟਰੇਟ ਮਾਲਾਕਾ ਪਾਰ ਕਰ ਕੇ ਸੁਮਾਟਰਾ (ਹੁਣ ਇੰਡੋਨੇਸ਼ੀਆ ਦਾ ਹਿੱਸਾ) ਨਾਂ ਦੇ ਟਾਪੂ ਪਹੁੰਚੇ। ਐਰਿਕ ਯੁਇਨਜ਼ ਯਾਦ ਕਰਦਾ ਹੈ: “ਅਸੀਂ ਸੁਮਾਟਰਾ ਦੇ ਮੇਦਾਨ ਜ਼ਿਲ੍ਹੇ ਵਿਚ ਕਾਫ਼ੀ ਦੇਰ ਰਹੇ ਅਤੇ ਕਈ ਲੋਕਾਂ ਨੇ ਖ਼ੁਸ਼ ਖ਼ਬਰੀ ਸੁਣੀ।” ਭਰਾਵਾਂ ਨੇ ਉਸ ਇਲਾਕੇ ਵਿਚ ਲਗਭਗ 3,000 ਪ੍ਰਕਾਸ਼ਨ ਵੰਡੇ।

ਚਾਨਣ ਮੁਨਾਰਾ ਦੱਖਣ ਵੱਲ ਵਧਦੀ ਗਈ ਅਤੇ ਗਵਾਹਾਂ ਨੇ ਸੁਮਾਟਰਾ ਦੇ ਪੂਰਬੀ ਹਿੱਸੇ ਦੀਆਂ ਮੁੱਖ ਬੰਦਰਗਾਹਾਂ ’ਤੇ ਪ੍ਰਚਾਰ ਕੀਤਾ। ਨਵੰਬਰ 1936 ਵਿਚ ਕਿਸ਼ਤੀ ਵਾਪਸ ਸਿੰਗਾਪੁਰ ਆ ਗਈ ਅਤੇ ਐਰਿਕ ਯੁਇਨਜ਼ ਇੱਥੇ ਉਤਰ ਗਿਆ। ਕੁਝ ਹਫ਼ਤਿਆਂ ਬਾਅਦ ਉਸ ਨੇ ਆਈਰੀਨ ਸਟਰੌਸ ਨਾਂ ਦੀ ਗਵਾਹ ਨਾਲ ਵਿਆਹ ਕਰਵਾ ਲਿਆ ਜੋ ਸਿੰਗਾਪੁਰ ਵਿਚ ਰਹਿੰਦੀ ਸੀ। ਉਨ੍ਹਾਂ ਦੋਵਾਂ ਨੇ ਸੁਮਾਟਰਾ ਵਿਚ ਪਾਇਨੀਅਰਿੰਗ ਕਰਨੀ ਜਾਰੀ ਰੱਖੀ। ਹੁਣ ਚਾਨਣ ਮੁਨਾਰਾ ਕਿਸ਼ਤੀ ਨੂੰ ਨਵੇਂ ਕਪਤਾਨ ਦੀ ਲੋੜ ਸੀ।

ਬੋਰਨੀਓ ਵਿਚ ਪ੍ਰਚਾਰ

ਨਵਾਂ ਕਪਤਾਨ ਨੌਰਮਨ ਸੀਨੀਅਰ ਸੀ ਜਿਸ ਨੂੰ ਕਿਸ਼ਤੀ ਚਲਾਉਣੀ ਆਉਂਦੀ ਸੀ। ਉਹ ਜਨਵਰੀ 1937 ਵਿਚ ਸਿਡਨੀ ਤੋਂ ਆਇਆ ਸੀ। ਫਿਰ ਗਵਾਹ ਸਿੰਗਾਪੁਰ ਤੋਂ ਬੋਰਨੀਓ ਅਤੇ ਸੀਲੇਬਸ (ਹੁਣ ਸੂਲਾਵੇਸੀ) ਗਏ ਜਿੱਥੇ ਉਨ੍ਹਾਂ ਨੇ 480 ਕਿਲੋਮੀਟਰ (300 ਮੀਲ) ਦਾ ਸਫ਼ਰ ਤੈਅ ਕਰਦਿਆਂ ਬਹੁਤ ਸਾਰੀਆਂ ਥਾਵਾਂ ’ਤੇ ਪ੍ਰਚਾਰ ਕੀਤਾ।

ਜਦੋਂ ਚਾਨਣ ਮੁਨਾਰਾ ਬੋਰਨੀਓ ਦੇ ਸਮਰਿੰਦਾ ਦੀ ਬੰਦਰਗਾਹ ਪਹੁੰਚੀ, ਤਾਂ ਬੰਦਰਗਾਹ ਦੇ ਅਧਿਕਾਰੀ ਨੇ ਉਨ੍ਹਾਂ ਨੂੰ ਪ੍ਰਚਾਰ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ। ਪਰ ਜਦੋਂ ਨੌਰਮਨ ਨੇ ਪ੍ਰਚਾਰ ਕੰਮ ਬਾਰੇ ਸਮਝਾਇਆ, ਤਾਂ ਉਹ ਮੰਨ ਗਿਆ ਤੇ ਉਸ ਨੇ ਕੁਝ ਪ੍ਰਕਾਸ਼ਨ ਵੀ ਲਏ।

ਇਕ ਹੋਰ ਮੌਕੇ ’ਤੇ, ਇਕ ਪਾਦਰੀ ਨੇ ਨੌਰਮਨ ਨੂੰ ਆਪਣੇ ਚਰਚ ਵਿਚ ਭਾਸ਼ਣ ਦੇਣ ਦਾ ਸੱਦਾ ਵੀ ਦਿੱਤਾ। ਪਰ ਨੌਰਮਨ ਨੇ ਖ਼ੁਦ ਭਾਸ਼ਣ ਦੇਣ ਦੀ ਬਜਾਇ ਫੋਨੋਗ੍ਰਾਫ ’ਤੇ ਰਿਕਾਰਡ ਕੀਤੇ ਹੋਏ ਪੰਜ ਬਾਈਬਲ-ਆਧਾਰਿਤ ਭਾਸ਼ਣ ਚਲਾਏ ਅਤੇ ਪਾਦਰੀ ਨੂੰ ਇਹ ਪਸੰਦ ਆਏ। ਉਸ ਨੇ ਆਪਣੇ ਨਾਲ ਦੇ ਪਾਦਰੀਆਂ ਲਈ ਕੁਝ ਪ੍ਰਕਾਸ਼ਨ ਵੀ ਲਏ। ਪਰ ਉਨ੍ਹਾਂ ਵਿੱਚੋਂ ਕਿਸੇ ਨੇ ਹੁੰਗਾਰਾ ਨਹੀਂ ਭਰਿਆ ਅਤੇ ਉਹ ਯਹੋਵਾਹ ਦੇ ਗਵਾਹਾਂ ਦੇ ਕੰਮ ਤੋਂ ਖ਼ੁਸ਼ ਨਹੀਂ ਸਨ। ਦਰਅਸਲ, ਉਹ ਇਨ੍ਹਾਂ ਦਲੇਰ ਗਵਾਹਾਂ ਨਾਲ ਗੁੱਸੇ ਸਨ ਅਤੇ ਉਨ੍ਹਾਂ ਨੇ ਅਧਿਕਾਰੀਆਂ ’ਤੇ ਦਬਾਅ ਵੀ ਪਾਇਆ ਕਿ ਉਹ ਚਾਨਣ ਮੁਨਾਰਾ ਕਿਸ਼ਤੀ ਨੂੰ ਬਾਕੀ ਬੰਦਰਗਾਹਾਂ ਵਿਚ ਵੜਨ ਤੋਂ ਰੋਕਣ।

ਚਾਨਣ ਮੁਨਾਰਾ ਦਾ ਸਫ਼ਰ, ਨਕਸ਼ੇ ਵਿਚ ਪੁਰਾਣੇ ਨਾਂ ਦਿੱਤੇ ਗਏ ਹਨ

ਆਸਟ੍ਰੇਲੀਆ ਵਾਪਸ ਆਉਣਾ

ਦਸੰਬਰ 1937 ਵਿਚ ਪਾਦਰੀਆਂ ਦੇ ਦਬਾਅ ਹੇਠ ਆ ਕੇ ਅਧਿਕਾਰੀਆਂ ਨੇ ਚਾਨਣ ਮੁਨਾਰਾ ਨੂੰ ਵਾਪਸ ਆਸਟ੍ਰੇਲੀਆ ਭੇਜ ਦਿੱਤਾ। ਗਵਾਹ ਅਪ੍ਰੈਲ 1938 ਵਿਚ ਸਿਡਨੀ ਦੀ ਬੰਦਰਗਾਹ ’ਤੇ ਯਹੋਵਾਹ ਦੇ ਗਵਾਹਾਂ ਦੇ ਇਕ ਸੰਮੇਲਨ ਵਿਚ ਹਾਜ਼ਰ ਹੋਣ ਲਈ ਰੁਕੇ। ਚਾਨਣ ਮੁਨਾਰਾ ਨੇ ਤਿੰਨ ਤੋਂ ਜ਼ਿਆਦਾ ਸਾਲ ਪਹਿਲਾਂ ਸਿਡਨੀ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਆਸਟ੍ਰੇਲੀਆ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ’ਤੇ ਪਾਬੰਦੀ ਲੱਗਣ ਤੋਂ ਜਲਦੀ ਬਾਅਦ ਇਹ ਕਿਸ਼ਤੀ 1940 ਦੇ ਸ਼ੁਰੂ ਵਿਚ ਵੇਚ ਦਿੱਤੀ ਗਈ। ਭਰਾ ਯੁਇਨਜ਼ ਨੇ ਕਿਹਾ ਕਿ ਉਸ ਨੇ ਜਿੰਨੇ ਸਾਲ ਚਾਨਣ ਮੁਨਾਰਾ ਰਾਹੀਂ ਦੂਰ-ਦੁਰਾਡੇ ਇਲਾਕਿਆਂ ਵਿਚ ਸੇਵਾ ਕੀਤੀ “ਉਹ ਮੇਰੀ ਜ਼ਿੰਦਗੀ ਦੇ ਸਭ ਤੋਂ ਖ਼ੁਸ਼ੀਆਂ ਭਰੇ ਸਾਲ” ਸਨ। ਉਸ ਨੇ ਇਹ ਵੀ ਕਿਹਾ: “ਬਿਨਾਂ ਸ਼ੱਕ, ਇਸ ਕਿਸ਼ਤੀ ਨੇ ਆਪਣਾ ਮਕਸਦ ਪੂਰਾ ਕੀਤਾ।”

ਚਾਨਣ ਮੁਨਾਰਾ ਰਾਹੀਂ ਸ਼ਾਨਦਾਰ ਕੰਮ

ਚਾਨਣ ਮੁਨਾਰਾ ਵਿਚ ਸਫ਼ਰ ਕਰਨ ਵਾਲੇ ਭਰਾਵਾਂ ਨੇ ਬਹੁਤ ਵੱਡੇ ਇਲਾਕੇ ਵਿਚ ਰਾਜ ਦੇ ਬੀ ਬੀਜੇ। ਭਾਵੇਂ ਉਨ੍ਹਾਂ ਦਾ ਵਿਰੋਧ ਹੋਇਆ ਸੀ, ਪਰ ਸਮੇਂ ਦੇ ਬੀਤਣ ਨਾਲ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ। (ਲੂਕਾ 8:11, 15) ਵਾਕਈ, ਇਨ੍ਹਾਂ ਪਾਇਨੀਅਰਾਂ ਨੇ ਜਿਨ੍ਹਾਂ ਦੇਸ਼ਾਂ ਵਿਚ ਪ੍ਰਚਾਰ ਕੀਤਾ, ਉੱਥੇ ਹੁਣ 40,000 ਤੋਂ ਵੀ ਜ਼ਿਆਦਾ ਪ੍ਰਚਾਰਕ ਹਨ। ਇਨ੍ਹਾਂ ਥੋੜ੍ਹੇ ਭਰਾਵਾਂ ਨੇ ਚਾਨਣ ਮੁਨਾਰਾ ਕਿਸ਼ਤੀ ਰਾਹੀਂ ਦਲੇਰੀ ਨਾਲ ਬਾਈਬਲ ਦੀ ਸੱਚਾਈ ਦਾ ਚਾਨਣ ਫੈਲਾ ਕੇ ਇਕ ਸ਼ਾਨਦਾਰ ਮਿਸਾਲ ਕਾਇਮ ਕੀਤੀ!

^ ਪੈਰਾ 1 ਪੂਰੇ ਸਮੇਂ ਦੇ ਸੇਵਕਾਂ ਨੂੰ ਪਾਇਨੀਅਰ ਕਿਹਾ ਜਾਂਦਾ ਹੈ।

^ ਪੈਰਾ 5 ਚਾਰਲਸ ਹੈਰਿਸ ਦੀ ਜੀਵਨੀ 1 ਜੂਨ 1994 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ ਛਪੀ ਸੀ।