ਪਾਠਕਾਂ ਦੇ ਸਵਾਲ . . .
ਰੱਬ ਨੂੰ ਕਿਸ ਨੇ ਬਣਾਇਆ?
ਜ਼ਰਾ ਇਕ ਸੱਤ ਸਾਲ ਦੇ ਬੱਚੇ ਅਤੇ ਉਸ ਦੇ ਪਿਤਾ ਦੀ ਗੱਲਬਾਤ ’ਤੇ ਗੌਰ ਕਰੋ। ਪਿਤਾ ਕਹਿੰਦਾ ਹੈ: “ਬਹੁਤ ਸਮਾਂ ਪਹਿਲਾਂ ਰੱਬ ਨੇ ਧਰਤੀ ਅਤੇ ਉਸ ’ਤੇ ਸਾਰੀਆਂ ਚੀਜ਼ਾਂ ਬਣਾਈਆਂ। ਨਾਲੇ ਉਸ ਨੇ ਸੂਰਜ, ਚੰਦ ਤੇ ਤਾਰੇ ਵੀ ਬਣਾਏ।” ਮੁੰਡਾ ਕੁਝ ਪਲਾਂ ਲਈ ਇਸ ਬਾਰੇ ਸੋਚ ਕੇ ਫਿਰ ਪੁੱਛਦਾ ਹੈ: “ਡੈਡੀ ਜੀ, ਤਾਂ ਫਿਰ ਰੱਬ ਨੂੰ ਕਿਸ ਨੇ ਬਣਾਇਆ?”
ਪਿਤਾ ਕਹਿੰਦਾ ਹੈ: “ਰੱਬ ਨੂੰ ਕਿਸੇ ਨੇ ਨਹੀਂ ਬਣਾਇਆ। ਉਹ ਤਾਂ ਹਮੇਸ਼ਾ ਤੋਂ ਹੀ ਹੈ।” ਇਹ ਜਵਾਬ ਸੁਣ ਕੇ ਫਿਲਹਾਲ ਬੱਚੇ ਨੂੰ ਤਸੱਲੀ ਹੋ ਜਾਂਦੀ ਹੈ। ਪਰ ਜਿੱਦਾਂ-ਜਿੱਦਾਂ ਉਹ ਵੱਡਾ ਹੁੰਦਾ ਜਾਂਦਾ ਹੈ, ਉੱਦਾਂ-ਉੱਦਾਂ ਉਹ ਇਸ ਸਵਾਲ ਬਾਰੇ ਸੋਚਦਾ ਰਹਿੰਦਾ ਹੈ। ਉਸ ਨੂੰ ਇਹ ਗੱਲ ਸਮਝਣੀ ਮੁਸ਼ਕਲ ਲੱਗਦੀ ਹੈ। ਕਿਉਂ? ਕਿਉਂਕਿ ਹਰ ਚੀਜ਼ ਦੀ ਸ਼ੁਰੂਆਤ ਹੋਈ ਹੈ, ਇੱਥੋਂ ਤਕ ਕਿ ਬ੍ਰਹਿਮੰਡ ਦੀ ਵੀ ਸ਼ੁਰੂਆਤ ਹੋਈ ਸੀ। ਤਾਂ ਫਿਰ ਉਹ ਸੋਚਦਾ ਹੈ: ‘ਰੱਬ ਕਿੱਥੋਂ ਆਇਆ?’
ਕੀ ਬਾਈਬਲ ਇਸ ਸਵਾਲ ਦਾ ਜਵਾਬ ਦਿੰਦੀ ਹੈ? ਜੀ ਹਾਂ, ਜਿੱਦਾਂ ਉਸ ਪਿਤਾ ਨੇ ਆਪਣੇ ਮੁੰਡੇ ਨੂੰ ਜਵਾਬ ਦਿੱਤਾ ਸੀ, ਉਸੇ ਤਰ੍ਹਾਂ ਬਾਈਬਲ ਵਿਚ ਮੂਸਾ ਨੇ ਲਿਖਿਆ: ‘ਹੇ ਯਹੋਵਾਹ, ਉਸ ਤੋਂ ਪਹਿਲਾਂ ਕਿ ਪਹਾੜ ਉਤਪਤ ਹੋਏ, ਅਤੇ ਧਰਤੀ ਅਰ ਜਗਤ ਨੂੰ ਤੈਂ ਰਚਿਆ, ਆਦ ਤੋਂ ਅੰਤ ਤੀਕ ਤੂੰ ਹੀ ਪਰਮੇਸ਼ੁਰ ਹੈਂ।’ (ਜ਼ਬੂਰਾਂ ਦੀ ਪੋਥੀ 90:1, 2) ਨਾਲੇ ਯਸਾਯਾਹ ਨਬੀ ਨੇ ਕਿਹਾ ਸੀ: ‘ਕੀ ਤੂੰ ਨਹੀਂ ਜਾਣਿਆ, ਕੀ ਤੂੰ ਨਹੀਂ ਸੁਣਿਆ, ਕਿ ਅਨਾਦੀ ਪਰਮੇਸ਼ੁਰ ਯਹੋਵਾਹ, ਧਰਤੀ ਦਿਆਂ ਬੰਨਿਆਂ ਦਾ ਕਰਤਾ ਹੈ?’ (ਯਸਾਯਾਹ 40:28) ਇਸੇ ਤਰ੍ਹਾਂ ਯਹੂਦਾਹ ਨੇ ਵੀ ਪਰਮੇਸ਼ੁਰ ਬਾਰੇ ਲਿਖਿਆ ਕਿ ਉਹ “ਬੀਤ ਚੁੱਕੇ ਸਮੇਂ” ਤੋਂ ਮੌਜੂਦ ਹੈ।—ਯਹੂਦਾਹ 25.
ਪੌਲੁਸ ਰਸੂਲ ਵੀ ਇਨ੍ਹਾਂ ਆਇਤਾਂ ਨਾਲ ਸਹਿਮਤ ਸੀ, ਤਾਂ ਹੀ ਉਸ ਨੇ ਰੱਬ ਨੂੰ “ਯੁਗਾਂ-ਯੁਗਾਂ ਦਾ ਰਾਜਾ” ਸੱਦਿਆ। (1 ਤਿਮੋਥਿਉਸ 1:17) ਇਸ ਦਾ ਮਤਲਬ ਇਹ ਹੈ ਕਿ ਭਾਵੇਂ ਅਸੀਂ ਜਿੰਨਾ ਮਰਜ਼ੀ ਪਿੱਛੇ ਚਲੇ ਜਾਈਏ ਰੱਬ ਹਮੇਸ਼ਾ ਤੋਂ ਮੌਜੂਦ ਹੈ। (ਪ੍ਰਕਾਸ਼ ਦੀ ਕਿਤਾਬ 1:8) ਸਰਬਸ਼ਕਤੀਮਾਨ ਦੀ ਇਹੀ ਖ਼ਾਸੀਅਤ ਹੈ ਕਿ ਉਸ ਦੀ ਨਾ ਕੋਈ ਸ਼ੁਰੂਆਤ ਹੈ ਅਤੇ ਨਾ ਹੀ ਉਸ ਦਾ ਕੋਈ ਅੰਤ।
ਪਰ ਕੀ ਇਹ ਗੱਲ ਸਮਝਣੀ ਸਾਡੇ ਲਈ ਔਖੀ ਹੈ? ਹਾਂ, ਕਿਉਂਕਿ ਸਮੇਂ ਬਾਰੇ ਸਾਡੀ ਸੋਚ ਤੇ ਰੱਬ ਦੀ ਸੋਚ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਯੁਗਾਂ-ਯੁਗਾਂ ਦੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਕ ਹਜ਼ਾਰ ਸਾਲ ਇਕ ਦਿਨ ਦੇ ਬਰਾਬਰ ਹੈ। (2 ਪਤਰਸ 3:8) ਮਿਸਾਲ ਲਈ, ਇਕ ਟਿੱਡੀ ਸਿਰਫ਼ 50 ਕੁ ਦਿਨ ਜੀਉਂਦੀ ਰਹਿੰਦੀ ਹੈ। ਕੀ ਉਸ ਨੂੰ ਸਾਡੀ 70-80 ਸਾਲਾਂ ਦੀ ਜ਼ਿੰਦਗੀ ਸਮਝ ਆਵੇਗੀ? ਬਿਲਕੁਲ ਨਹੀਂ! ਇਸੇ ਤਰ੍ਹਾਂ ਬਾਈਬਲ ਦੱਸਦੀ ਹੈ ਕਿ ਸਾਰੇ ਜਹਾਨ ਦੇ ਮਾਲਕ ਦੀਆਂ ਨਜ਼ਰਾਂ ਵਿਚ ਇਨਸਾਨ ਟਿੱਡੀਆਂ ਵਰਗੇ ਹਨ। ਇਸ ਤੋਂ ਇਲਾਵਾ, ਸਾਡੀ ਸੋਚਣ ਦੀ ਕਾਬਲੀਅਤ ਰੱਬ ਦੇ ਸਾਮ੍ਹਣੇ ਕੁਝ ਵੀ ਨਹੀਂ ਹੈ। (ਯਸਾਯਾਹ 40:22; 55:8, 9) ਸੋ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਯਹੋਵਾਹ ਬਾਰੇ ਕੁਝ ਗੱਲਾਂ ਦੀ ਸਾਨੂੰ ਪੂਰੀ ਸਮਝ ਨਹੀਂ ਹੈ।
ਭਾਵੇਂ ਸਾਨੂੰ ਇਹ ਗੱਲ ਸਮਝਣੀ ਮੁਸ਼ਕਲ ਲੱਗੇ ਕਿ ਰੱਬ ਦੀ ਕੋਈ ਸ਼ੁਰੂਆਤ ਨਹੀਂ, ਫਿਰ ਵੀ ਇਹ ਬੇਤੁਕੀ ਗੱਲ ਨਹੀਂ ਹੈ। ਜੇ ਕਿਸੇ ਨੇ ਰੱਬ ਨੂੰ ਬਣਾਇਆ ਹੁੰਦਾ, ਤਾਂ ਉਹ ਸ਼ਖ਼ਸ ਸ੍ਰਿਸ਼ਟੀਕਰਤਾ ਹੁੰਦਾ। ਪਰ ਬਾਈਬਲ ਦੱਸਦੀ ਹੈ ਕਿ ਯਹੋਵਾਹ ਨੇ ਹੀ “ਸਾਰੀਆਂ ਚੀਜ਼ਾਂ ਬਣਾਈਆਂ” ਹਨ। (ਪ੍ਰਕਾਸ਼ ਦੀ ਕਿਤਾਬ 4:11) ਅਸੀਂ ਇਹ ਵੀ ਜਾਣਦੇ ਹਾਂ ਕਿ ਇਕ ਅਜਿਹਾ ਸਮਾਂ ਵੀ ਸੀ ਜਦੋਂ ਨਾ ਤਾਂ ਦੁਨੀਆਂ ਸੀ ਤੇ ਨਾ ਹੀ ਬ੍ਰਹਿਮੰਡ। (ਉਤਪਤ 1:1, 2) ਫਿਰ ਬ੍ਰਹਿਮੰਡ ਕਿੱਥੋਂ ਆਇਆ? ਬੇਸ਼ੱਕ, ਬ੍ਰਹਿਮੰਡ ਦਾ ਬਣਾਉਣ ਵਾਲਾ ਪਹਿਲਾਂ ਤੋਂ ਹੀ ਮੌਜੂਦ ਸੀ। ਆਪਣੇ ਇਕਲੌਤੇ ਪੁੱਤਰ ਅਤੇ ਦੂਤਾਂ ਨੂੰ ਬਣਾਉਣ ਤੋਂ ਪਹਿਲਾਂ ਰੱਬ ਹੋਂਦ ਵਿਚ ਸੀ। (ਅੱਯੂਬ 38:4, 7; ਕੁਲੁੱਸੀਆਂ 1:15) ਇਹ ਗੱਲ ਸਾਫ਼ ਹੈ ਕਿ ਸ਼ੁਰੂ ਵਿਚ ਰੱਬ ਦੇ ਨਾਲ ਕੋਈ ਨਹੀਂ ਸੀ, ਉਹ ਇਕੱਲਾ ਸੀ। ਉਸ ਨੂੰ ਕੋਈ ਨਹੀਂ ਸੀ ਬਣਾ ਸਕਦਾ ਕਿਉਂਕਿ ਉਸ ਤੋਂ ਪਹਿਲਾਂ ਕੋਈ ਹੈ ਹੀ ਨਹੀਂ ਸੀ।
ਇਨਸਾਨਾਂ ਅਤੇ ਬ੍ਰਹਿਮੰਡ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਰੱਬ ਹਮੇਸ਼ਾ ਤੋਂ ਹੈ। ਬ੍ਰਹਿਮੰਡ ਅਤੇ ਇਸ ਦੇ ਕੁਦਰਤੀ ਨਿਯਮਾਂ ਦੇ ਬਣਾਉਣ ਵਾਲੇ ਨੂੰ ਕਿਸੇ ਨੇ ਨਹੀਂ ਬਣਾਇਆ। ਸਿਰਫ਼ ਪਰਮੇਸ਼ੁਰ ਹੀ ਧਰਤੀ ਦੀਆਂ ਸਾਰੀਆਂ ਚੀਜ਼ਾਂ ਵਿਚ ਜਾਨ ਪਾ ਸਕਦਾ ਸੀ।—ਅੱਯੂਬ 33:4. ▪ (w14-E 08/01)