ਮੁੱਖ ਪੰਨੇ ਤੋਂ | ਸਿਗਰਟਨੋਸ਼ੀ—ਰੱਬ ਦਾ ਨਜ਼ਰੀਆ
ਸਿਗਰਟਨੋਸ਼ੀ ਬਾਰੇ ਰੱਬ ਦਾ ਕੀ ਨਜ਼ਰੀਆ?
ਪਿਛਲੇ ਲੇਖ ਵਿਚ ਜ਼ਿਕਰ ਕੀਤੀ ਗਈ ਨਾਯੋਕੋ ਸਿਗਰਟ ਪੀਣ ਦੀ ਆਪਣੀ ਆਦਤ ਛੱਡਣ ਬਾਰੇ ਕਹਿੰਦੀ ਹੈ: “ਮੈਂ ਸਿਰਫ਼ ਰੱਬ ਦੇ ਗੁਣਾਂ ਅਤੇ ਮਕਸਦਾਂ ਬਾਰੇ ਸੱਚਾਈ ਸਿੱਖ ਕੇ ਹੀ ਆਪਣੀ ਜ਼ਿੰਦਗੀ ਬਦਲ ਸਕੀ।” ਉਸ ਨੇ ਇਹ ਗੱਲਾਂ ਬਾਈਬਲ ਤੋਂ ਸਿੱਖੀਆਂ। ਭਾਵੇਂ ਬਾਈਬਲ ਤਮਾਖੂ ਦਾ ਜ਼ਿਕਰ ਕਦੇ ਨਹੀਂ ਕਰਦੀ, ਪਰ ਇਹ ਸਾਡੀ ਸਮਝਣ ਵਿਚ ਮਦਦ ਕਰਦੀ ਹੈ ਕਿ ਸਿਗਰਟਨੋਸ਼ੀ ਬਾਰੇ ਰੱਬ ਦਾ ਕੀ ਨਜ਼ਰੀਆ ਹੈ। * ਇਸ ਗਿਆਨ ਸਦਕਾ ਬਹੁਤ ਸਾਰੇ ਲੋਕਾਂ ਨੂੰ ਇਹ ਆਦਤ ਛੱਡਣ ਜਾਂ ਇਸ ਤੋਂ ਪਰੇ ਰਹਿਣ ਦੀ ਪ੍ਰੇਰਣਾ ਮਿਲੀ ਹੈ। (2 ਤਿਮੋਥਿਉਸ 3:16, 17) ਆਓ ਆਪਾਂ ਸਿਗਰਟਨੋਸ਼ੀ ਦੇ ਤਿੰਨ ਨੁਕਸਾਨਦੇਹ ਅਸਰਾਂ ’ਤੇ ਗੌਰ ਕਰੀਏ ਜਿਨ੍ਹਾਂ ਬਾਰੇ ਹਰ ਕੋਈ ਜਾਣਦਾ ਹੈ ਅਤੇ ਦੇਖੀਏ ਕਿ ਬਾਈਬਲ ਇਨ੍ਹਾਂ ਬਾਰੇ ਕੀ ਕਹਿੰਦੀ ਹੈ।
ਸਿਗਰਟਨੋਸ਼ੀ ਦੀ ਲੱਤ
ਤਮਾਖੂ ਵਿਚ ਨਿਕੋਟੀਨ ਨਾਂ ਦੀ ਸਭ ਤੋਂ ਨਸ਼ੀਲੀ ਚੀਜ਼ ਪਾਈ ਜਾਂਦੀ ਹੈ। ਇਸ ਦਾ ਅਸਰ ਸਰੀਰ ’ਤੇ ਦੋ ਤਰੀਕਿਆਂ ਨਾਲ ਪੈਂਦਾ ਹੈ। ਇਸ ਨਸ਼ੇ ਨਾਲ ਜਾਂ ਤਾਂ ਇਨਸਾਨ ਦੇ ਅੰਦਰ ਚੁਸਤੀ-ਫੁਰਤੀ ਆ ਜਾਂਦੀ ਹੈ ਜਾਂ ਉਹ ਨਿਰਾਸ਼ਾ ਵਿਚ ਡੁੱਬ ਜਾਂਦਾ ਹੈ। ਸਿਗਰਟ ਪੀਣ ਨਾਲ ਨਿਕੋਟੀਨ ਦਿਮਾਗ਼ ਨੂੰ ਜਲਦੀ ਅਤੇ ਲਗਾਤਾਰ ਪਹੁੰਚਦੀ ਹੈ। ਜਦੋਂ ਅਸੀਂ ਸਿਗਰਟ ਦਾ ਇਕ ਸੂਟਾ ਲਾਉਂਦੇ ਹਾਂ, ਤਾਂ ਸਾਡੇ ਅੰਦਰ ਨਿਕੋਟੀਨ ਜਾਂਦੀ ਹੈ। ਇਕ ਦਿਨ ਵਿਚ ਸਾਰਾ ਪੈਕਟ ਪੀਣ ਨਾਲ ਸਾਡੇ ਅੰਦਰ 200 ਵਾਰ ਨਿਕੋਟੀਨ ਚਲੀ ਜਾਂਦੀ ਹੈ। ਇੰਨਾ ਜ਼ਿਆਦਾ ਨਸ਼ਾ ਕਿਸੇ ਹੋਰ ਚੀਜ਼ ਵਿਚ ਨਹੀਂ ਪਾਇਆ ਜਾਂਦਾ, ਇਸ ਲਈ ਕਿਸੇ ਨੂੰ ਵੀ ਇਸ ਦੀ ਲੱਤ ਬਹੁਤ ਜਲਦ ਪੈ ਜਾਂਦੀ ਹੈ। ਜਦੋਂ ਵਿਅਕਤੀ ਦੀ ਨਿਕੋਟੀਨ ਦੀ ਲੱਤ ਪੂਰੀ ਨਹੀਂ ਹੁੰਦੀ, ਤਾਂ ਉਹ ਚਿੜਚਿੜਾ ਹੋ ਜਾਂਦਾ ਹੈ।
“ਜਿਹੜਾ ਇਨਸਾਨ ਕਿਸੇ ਦਾ ਹੁਕਮ ਮੰਨਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ, ਉਹ ਉਸ ਦਾ ਗ਼ੁਲਾਮ ਹੁੰਦਾ ਹੈ।”—ਰੋਮੀਆਂ 6:16
ਜੇ ਤੁਸੀਂ ਤਮਾਖੂ ਦੇ ਗ਼ੁਲਾਮ ਹੋ, ਤਾਂ ਕੀ ਤੁਸੀਂ ਵਾਕਈ ਪਰਮੇਸ਼ੁਰ ਦਾ ਕਹਿਣਾ ਮੰਨ ਸਕੋਗੇ?
ਇਸ ਮਾਮਲੇ ਬਾਰੇ ਬਾਈਬਲ ਸਾਨੂੰ ਸਹੀ ਨਜ਼ਰੀਆ ਅਪਣਾਉਣ ਵਿਚ ਮਦਦ ਕਰਦੀ ਹੈ। ਇਹ ਦੱਸਦੀ ਹੈ: “ਕੀ ਤੁਸੀਂ ਨਹੀਂ ਜਾਣਦੇ ਕਿ ਜਿਹੜਾ ਇਨਸਾਨ ਕਿਸੇ ਦਾ ਹੁਕਮ ਮੰਨਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ, ਉਹ ਉਸ ਦਾ ਗ਼ੁਲਾਮ ਹੁੰਦਾ ਹੈ ਕਿਉਂਕਿ ਉਹ ਉਸ ਦਾ ਹੁਕਮ ਮੰਨਦਾ ਹੈ?” (ਰੋਮੀਆਂ 6:16) ਜਦੋਂ ਵਿਅਕਤੀ ਦਿਨ-ਰਾਤ ਤਮਾਖੂ ਦੀ ਲੱਤ ਪੂਰੀ ਕਰਨ ਬਾਰੇ ਹੀ ਸੋਚਦਾ ਰਹਿੰਦਾ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਇਸ ਘਟੀਆ ਆਦਤ ਦਾ ਗ਼ੁਲਾਮ ਬਣ ਗਿਆ ਹੈ। ਪਰ ਪਰਮੇਸ਼ੁਰ ਜਿਸ ਦਾ ਨਾਂ ਯਹੋਵਾਹ ਹੈ, ਉਹ ਚਾਹੁੰਦਾ ਹੈ ਕਿ ਅਸੀਂ ਨਾ ਸਿਰਫ਼ ਉਨ੍ਹਾਂ ਗ਼ਲਤ ਕੰਮਾਂ ਜਾਂ ਬੁਰੀਆਂ ਆਦਤਾਂ ਤੋਂ ਆਜ਼ਾਦ ਹੋਈਏ ਜੋ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ, ਸਗੋਂ ਉਨ੍ਹਾਂ ਤੋਂ ਵੀ ਜੋ ਸਾਡੇ ਸੋਚਣ-ਸਮਝਣ ਦੀ ਕਾਬਲੀਅਤ ਨੂੰ ਖ਼ਰਾਬ ਕਰਦੀਆਂ ਹਨ। (ਜ਼ਬੂਰਾਂ ਦੀ ਪੋਥੀ 83:18; 2 ਕੁਰਿੰਥੀਆਂ 7:1) ਜਦੋਂ ਵਿਅਕਤੀ ਦੇ ਮਨ ਵਿਚ ਯਹੋਵਾਹ ਲਈ ਪਿਆਰ ਅਤੇ ਆਦਰ ਵਧਦਾ ਹੈ, ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਯਹੋਵਾਹ ਦੀ ਦਿਲੋਂ ਭਗਤੀ ਕਰਨੀ ਚਾਹੀਦੀ ਹੈ। ਪਰ ਜਦ ਤਕ ਉਹ ਇਸ ਗੰਦੀ ਲੱਤ ਦਾ ਗ਼ੁਲਾਮ ਹੈ ਤਦ ਤਕ ਉਹ ਪੂਰੇ ਮਨ ਨਾਲ ਰੱਬ ਦੀ ਸੇਵਾ ਨਹੀਂ ਕਰ ਸਕਦਾ। ਇਹ ਗੱਲ ਯਾਦ ਰੱਖ ਕੇ ਉਸ ਨੂੰ ਗ਼ਲਤ ਇੱਛਾਵਾਂ ’ਤੇ ਕਾਬੂ ਪਾਉਣ ਵਿਚ ਮਦਦ ਮਿਲੇਗੀ।
ਜਰਮਨੀ ਵਿਚ ਰਹਿਣ ਵਾਲੇ ਓਲਾਫ ਨੇ 12 ਸਾਲ ਦੀ ਉਮਰ ਵਿਚ ਸਿਗਰਟ ਪੀਣੀ ਸ਼ੁਰੂ ਕੀਤੀ, ਫਿਰ ਵੀ ਉਹ ਆਪਣੀ ਇਹ 16 ਸਾਲ ਪੁਰਾਣੀ ਆਦਤ ਛੱਡ ਸਕਿਆ। ਉਹ ਸੋਚਦਾ ਸੀ ਕਿ ਸਿਗਰਟ ਪੀਣ ਵਿਚ ਕੀ ਖ਼ਰਾਬੀ ਹੈ। ਪਰ ਆਉਣ ਵਾਲੇ ਸਾਲਾਂ ਦੌਰਾਨ ਇਸ ਆਦਤ ’ਤੇ ਕਾਬੂ ਪਾਉਣਾ ਉਸ ਲਈ ਬਹੁਤ ਮੁਸ਼ਕਲ ਹੋ ਗਿਆ। ਉਹ ਦੱਸਦਾ ਹੈ: “ਇਕ ਵਾਰ ਜਦ ਮੇਰੀਆਂ ਸਿਗਰਟਾਂ ਖ਼ਤਮ ਹੋ ਗਈਆਂ, ਤਾਂ ਮੈਂ ਇੰਨਾ ਖਿੱਝ ਗਿਆ ਕਿ ਮੈਂ ਐਸ਼ਟ੍ਰੈ ਵਿਚ ਪਈਆਂ ਸਾਰੀਆਂ ਸਿਗਰਟਾਂ ਦੇ ਟੁਕੜੇ ਇਕੱਠੇ ਕੀਤੇ ਅਤੇ ਉਨ੍ਹਾਂ ਵਿੱਚੋਂ ਬਚਿਆ-ਖੁਚਿਆ ਤਮਾਖੂ ਕੱਢਿਆ ਅਤੇ ਅਖ਼ਬਾਰ ਦੇ ਕਾਗਜ਼ ਨਾਲ ਇਕ ਸਿਗਰਟ ਬਣਾਈ। ਇਸ ਬਾਰੇ ਹੁਣ ਸੋਚ ਕੇ ਮੈਨੂੰ ਬਹੁਤ ਸ਼ਰਮ ਆਉਂਦੀ
ਹੈ।” ਉਹ ਇਸ ਗੰਦੀ ਲੱਤ ਤੋਂ ਕਿਵੇਂ ਖਹਿੜਾ ਛੁਡਾ ਸਕਿਆ? ਉਹ ਦੱਸਦਾ ਹੈ: “ਇਸ ਦਾ ਮੁੱਖ ਕਾਰਨ ਸੀ ਕਿ ਮੈਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। ਇਨਸਾਨਾਂ ਲਈ ਯਹੋਵਾਹ ਦਾ ਪਿਆਰ ਅਤੇ ਭਵਿੱਖ ਦੀ ਉਮੀਦ ਬਾਰੇ ਸੋਚ ਕੇ ਮੈਨੂੰ ਇਸ ਆਦਤ ਨੂੰ ਹਮੇਸ਼ਾ ਲਈ ਛੱਡਣ ਵਿਚ ਮਦਦ ਮਿਲੀ।”ਸਿਗਰਟਨੋਸ਼ੀ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ
ਟਬਾਕੋ ਐਟਲਸ ਨਾਂ ਦੀ ਕਿਤਾਬ ਦੱਸਦੀ ਹੈ: “ਸਾਇੰਸਦਾਨਾਂ ਨੂੰ ਖੋਜਾਂ ਤੋਂ ਪਤਾ ਲੱਗਾ ਹੈ ਕਿ ਸਿਗਰਟ ਪੀਣ ਨਾਲ ਸਰੀਰ ਦੇ ਤਕਰੀਬਨ ਹਰ ਅੰਗ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਇਸ ਨਾਲ ਬੀਮਾਰੀਆਂ ਤੇ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ।” ਇਹ ਗੱਲ ਸਾਰੇ ਜਾਣਦੇ ਹਨ ਕਿ ਸਿਗਰਟਨੋਸ਼ੀ ਨਾਲ ਕੈਂਸਰ, ਦਿਲ ਅਤੇ ਫੇਫੜਿਆਂ ਦੇ ਰੋਗ ਲੱਗਦੇ ਹਨ। ਪਰ ਵਿਸ਼ਵ ਸਿਹਤ ਸੰਗਠਨ ਮੁਤਾਬਕ ਸਿਗਰਟਨੋਸ਼ੀ ਟੀ.ਬੀ. ਵਰਗੀਆਂ ਛੂਤ ਦੀਆਂ ਬੀਮਾਰੀਆਂ ਦਾ ਵੀ ਕਾਰਨ ਹੈ ਜਿਸ ਨਾਲ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ।
“ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।”—ਮੱਤੀ 22:37
ਜੇ ਤੁਸੀਂ ਰੱਬ ਵੱਲੋਂ ਮਿਲੇ ਆਪਣੇ ਸਰੀਰ ਨੂੰ ਇਸ ਮਾੜੀ ਲੱਤ ਕਾਰਨ ਬਰਬਾਦ ਕਰ ਰਹੇ ਹੋ, ਤਾਂ ਕੀ ਤੁਸੀਂ ਰੱਬ ਲਈ ਪਿਆਰ ਤੇ ਆਦਰ ਦਿਖਾ ਰਹੇ ਹੋ?
ਆਪਣੇ ਬਚਨ ਬਾਈਬਲ ਰਾਹੀਂ ਯਹੋਵਾਹ ਪਰਮੇਸ਼ੁਰ ਸਾਨੂੰ ਆਪਣੀ ਜ਼ਿੰਦਗੀ, ਆਪਣੇ ਸਰੀਰ ਅਤੇ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਬਾਰੇ ਸਹੀ ਨਜ਼ਰੀਆ ਰੱਖਣਾ ਸਿਖਾਉਂਦਾ ਹੈ। ਉਸ ਦੇ ਬੇਟੇ ਯਿਸੂ ਨੇ ਇਸ ਬਾਰੇ ਕਿਹਾ: “ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।” (ਮੱਤੀ 22:37) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਤੇ ਸਰੀਰ ਦੀ ਕਦਰ ਕਰੀਏ। ਯਹੋਵਾਹ ਅਤੇ ਉਸ ਦੇ ਵਾਅਦਿਆਂ ਬਾਰੇ ਸਿੱਖ ਕੇ ਸਾਡੇ ਮਨ ਵਿਚ ਉਸ ਲਈ ਪਿਆਰ ਵਧਦਾ ਹੈ। ਨਾਲੇ ਉਸ ਨੇ ਜੋ ਕੁਝ ਸਾਡੇ ਲਈ ਕੀਤਾ ਹੈ, ਉਸ ਸਭ ਕਾਸੇ ਲਈ ਸਾਡੇ ਦਿਲ ਵਿਚ ਕਦਰ ਵਧਦੀ ਹੈ। ਇਸ ਲਈ ਸਾਨੂੰ ਉਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਮਿਲਦੀ ਹੈ ਜੋ ਸਾਡੇ ਸਰੀਰ ਨੂੰ ਭ੍ਰਿਸ਼ਟ ਕਰਦੀਆਂ ਹਨ।
ਭਾਰਤ ਵਿਚ ਜੈਯਾਵੰਤ ਨਾਂ ਦਾ ਡਾਕਟਰ 38 ਸਾਲਾਂ ਤੋਂ ਸਿਗਰਟਾਂ ਪੀਂਦਾ ਸੀ। ਉਹ ਦੱਸਦਾ ਹੈ: “ਮੈਂ ਮੈਡੀਕਲ ਰਸਾਲਿਆਂ ਤੋਂ ਸਿਗਰਟਨੋਸ਼ੀ ਦੇ ਖ਼ਤਰਿਆਂ ਬਾਰੇ ਪੜ੍ਹਿਆ। ਮੈਂ ਜਾਣਦਾ ਸੀ ਕਿ ਇਹ ਆਦਤ ਬੁਰੀ ਸੀ ਅਤੇ ਮੈਂ ਆਪਣੇ ਮਰੀਜ਼ਾਂ ਨੂੰ ਸਲਾਹ ਦਿੰਦਾ ਸੀ ਕਿ ਉਹ ਇਸ ਆਦਤ ਨੂੰ ਛੱਡ ਦੇਣ। ਪਰ ਮੈਂ ਖ਼ੁਦ ਇਸ ਆਦਤ ਨੂੰ ਛੱਡ ਨਾ ਸਕਿਆ ਭਾਵੇਂ ਕਿ ਮੈਂ ਇਸ ਨੂੰ ਛੱਡਣ ਦੀ 5-6 ਵਾਰੀ ਕੋਸ਼ਿਸ਼ ਕੀਤੀ।” ਆਖ਼ਰਕਾਰ ਕਿਸ ਗੱਲ ਕਾਰਨ ਜੈਯਾਵੰਤ ਇਹ ਆਦਤ ਛੱਡ ਸਕਿਆ? ਉਹ ਅੱਗੇ ਕਹਿੰਦਾ ਹੈ: “ਮੈਂ ਬਾਈਬਲ ਸਟੱਡੀ ਸ਼ੁਰੂ ਕਰਨ ਕਰਕੇ ਸਿਗਰਟ ਪੀਣੀ ਬੰਦ ਕੀਤੀ। ਮੈਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦਾ ਹਾਂ, ਤਾਂ ਹੀ ਮੈਂ ਇਸ ਆਦਤ ਤੋਂ ਤੁਰੰਤ ਛੁਟਕਾਰਾ ਪਾ ਸਕਿਆ।”
ਸਿਗਰਟਨੋਸ਼ੀ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ
ਸਿਗਰਟ ਦਾ ਧੁਖਦਾ ਧੂੰਆਂ ਅਤੇ ਸੂਟਾ ਲਾਉਣ ਤੋਂ ਬਾਹਰ ਛੱਡਿਆ ਗਿਆ ਧੂੰਆਂ ਜ਼ਹਿਰੀਲਾ ਹੁੰਦਾ ਹੈ। ਅਜਿਹਾ ਧੂੰਆਂ ਸਾਹ ਰਾਹੀਂ ਅੰਦਰ ਲੈਣ ਨਾਲ ਕੈਂਸਰ ਅਤੇ ਹੋਰ ਬੀਮਾਰੀਆਂ ਲੱਗ ਸਕਦੀਆਂ ਹਨ। ਹਰ ਸਾਲ ਸਿਗਰਟ ਨਾ ਪੀਣ ਵਾਲੇ 6 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਤੇ ਤੀਵੀਆਂ ਸ਼ਾਮਲ ਹਨ। ਵਿਸ਼ਵ ਸਿਹਤ ਸੰਗਠਨ ਦੀ
ਇਕ ਰਿਪੋਰਟ ਚੇਤਾਵਨੀ ਦਿੰਦੀ ਹੈ: “ਸਿਗਰਟ ਦਾ ਥੋੜ੍ਹਾ ਜਿਹਾ ਧੂੰਆਂ ਵੀ ਸਾਡੀ ਸਿਹਤ ਲਈ ਨੁਕਸਾਨਦੇਹ ਹੈ।”“ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।”—ਮੱਤੀ 22:39
ਜੇ ਤੁਸੀਂ ਸਿਗਰਟ ਦੇ ਧੂੰਏਂ ਨਾਲ ਆਪਣੇ ਗੁਆਂਢੀ ਅਤੇ ਆਪਣੇ ਪਰਿਵਾਰ ਦੀ ਜਾਨ ਖ਼ਤਰੇ ਵਿਚ ਪਾ ਰਹੇ ਹੋ, ਤਾਂ ਕੀ ਇਹ ਤੁਹਾਡੇ ਪਿਆਰ ਦਾ ਸਬੂਤ ਹੈ?
ਯਿਸੂ ਮੁਤਾਬਕ ਸਾਨੂੰ ਆਪਣੇ ਪਰਿਵਾਰ, ਦੋਸਤਾਂ ਅਤੇ ਦੂਜਿਆਂ ਨਾਲ ਪਿਆਰ ਕਰਨ ਤੋਂ ਪਹਿਲਾਂ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਹੈ। ਉਸ ਨੇ ਕਿਹਾ: “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” (ਮੱਤੀ 22:39) ਜੇ ਸਾਡੀ ਆਦਤ ਕਰਕੇ ਦੂਜਿਆਂ ਨੂੰ ਯਾਨੀ ਸਾਡੇ ਕਰੀਬੀ ਰਿਸ਼ਤੇਦਾਰਾਂ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਅਸੀਂ ਉਨ੍ਹਾਂ ਲਈ ਪਿਆਰ ਨਹੀਂ ਦਿਖਾ ਰਹੇ। ਸੱਚਾ ਪਿਆਰ ਹੋਣ ਕਰਕੇ ਅਸੀਂ ਬਾਈਬਲ ਦੀ ਇਸ ਸਲਾਹ ’ਤੇ ਚੱਲਾਂਗੇ: “ਹਰ ਕੋਈ ਆਪਣਾ ਹੀ ਫ਼ਾਇਦਾ ਨਾ ਸੋਚੇ, ਸਗੋਂ ਹਮੇਸ਼ਾ ਦੂਸਰਿਆਂ ਦੇ ਭਲੇ ਬਾਰੇ ਸੋਚੇ।”—1 ਕੁਰਿੰਥੀਆਂ 10:24.
ਆਰਮੀਨੀਆ ਵਿਚ ਰਹਿਣ ਵਾਲਾ ਔਰਮਨ ਯਾਦ ਕਰਦਾ ਹੈ: “ਮੇਰਾ ਪਰਿਵਾਰ ਮੇਰੀਆਂ ਮਿੰਨਤਾਂ ਕਰਦਾ ਸੀ ਕਿ ਮੈਂ ਸਿਗਰਟਾਂ ਨਾ ਪੀਵਾਂ ਕਿਉਂਕਿ ਇਸ ਦਾ ਉਨ੍ਹਾਂ ’ਤੇ ਬੁਰਾ ਅਸਰ ਪੈ ਰਿਹਾ ਸੀ। ਮੈਂ ਮੰਨਣਾ ਨਹੀਂ ਸੀ ਚਾਹੁੰਦਾ ਕਿ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਰਹੀ ਸੀ।” ਉਸ ਦਾ ਨਜ਼ਰੀਆ ਕਿਵੇਂ ਬਦਲਿਆ? ਉਹ ਦੱਸਦਾ ਹੈ: “ਬਾਈਬਲ ਦਾ ਗਿਆਨ ਲੈ ਕੇ ਅਤੇ ਯਹੋਵਾਹ ਲਈ ਪਿਆਰ ਕਰਕੇ ਮੈਂ ਸਿਗਰਟ ਪੀਣੀ ਬੰਦ ਕੀਤੀ। ਨਾਲੇ ਮੈਂ ਇਹ ਵੀ ਮੰਨਿਆ ਕਿ ਸਿਗਰਟ ਪੀਣ ਨਾਲ ਨਾ ਸਿਰਫ਼ ਮੈਨੂੰ ਨੁਕਸਾਨ ਪਹੁੰਚਦਾ ਸੀ, ਸਗੋਂ ਮੇਰੇ ਪਰਿਵਾਰ ਦੇ ਜੀਆਂ ’ਤੇ ਵੀ ਇਸ ਦਾ ਮਾੜਾ ਅਸਰ ਪੈ ਰਿਹਾ ਸੀ।”
ਸਿਗਰਟ ਦੀ ਅੱਗ ਹਮੇਸ਼ਾ ਲਈ ਬੁਝੇਗੀ!
ਬਾਈਬਲ ਬਾਰੇ ਸਿੱਖ ਕੇ ਓਲਾਫ, ਜੈਯਾਵੰਤ ਅਤੇ ਔਰਮਨ ਨੇ ਇਸ ਗੰਦੀ ਆਦਤ ਤੋਂ ਆਪਣਾ ਖਹਿੜਾ ਛੁਡਾਇਆ ਜਿਸ ਨਾਲ ਉਨ੍ਹਾਂ ਦੀ ਅਤੇ ਦੂਜਿਆਂ ਦੀ ਸਿਹਤ ਵਿਗੜ ਰਹੀ ਸੀ। ਉਨ੍ਹਾਂ ਨੇ ਸਿਰਫ਼ ਇਸ ਕਾਰਨ ਸਿਗਰਟਨੋਸ਼ੀ ਨਹੀਂ ਛੱਡੀ ਕਿ ਇਸ ਨੂੰ ਪੀਣ ਨਾਲ ਨੁਕਸਾਨ ਹੁੰਦਾ ਹੈ, ਸਗੋਂ ਇਸ ਕਾਰਨ ਕਿ ਉਹ ਯਹੋਵਾਹ ਨੂੰ ਪਿਆਰ ਕਰਨ ਲੱਗੇ ਅਤੇ ਹਰ ਹਾਲ ਵਿਚ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਸਨ। ਇਸ ਪਿਆਰ ਦੀ ਅਹਿਮੀਅਤ ਬਾਰੇ 1 ਯੂਹੰਨਾ 5:3 ਕਹਿੰਦਾ ਹੈ: “ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ ਅਤੇ ਉਸ ਦੇ ਹੁਕਮ ਸਾਡੇ ਲਈ ਬੋਝ ਨਹੀਂ ਹਨ।” ਇਹ ਸੱਚ ਹੈ ਕਿ ਬਾਈਬਲ ਦੇ ਅਸੂਲਾਂ ’ਤੇ ਚੱਲਣਾ ਸੌਖਾ ਨਹੀਂ, ਪਰ ਜਦ ਇਨਸਾਨ ਪਰਮੇਸ਼ੁਰ ਨਾਲ ਪਿਆਰ ਕਰਦਾ ਹੈ, ਤਾਂ ਉਸ ਦਾ ਕਹਿਣਾ ਮੰਨਣਾ ਉਸ ਲਈ ਬੋਝ ਨਹੀਂ ਹੁੰਦਾ।
ਪੂਰੀ ਦੁਨੀਆਂ ਵਿਚ ਯਹੋਵਾਹ ਪਰਮੇਸ਼ੁਰ ਲੱਖਾਂ ਹੀ ਲੋਕਾਂ ਨੂੰ ਸਿਖਾ ਰਿਹਾ ਹੈ ਕਿ ਉਹ ਤਮਾਖੂ ਦੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਜਾਂ ਇਸ ਤੋਂ ਬਿਲਕੁਲ ਹੀ ਦੂਰ ਰਹਿਣ। (1 ਤਿਮੋਥਿਉਸ 2:3, 4) ਯਿਸੂ ਮਸੀਹ ਪਰਮੇਸ਼ੁਰ ਦੇ ਰਾਜ ਦਾ ਰਾਜਾ ਹੈ। ਬਹੁਤ ਜਲਦੀ ਆਪਣੇ ਇਸ ਰਾਜ ਦੇ ਜ਼ਰੀਏ ਯਹੋਵਾਹ ਪਰਮੇਸ਼ੁਰ ਇਸ ਲਾਲਚੀ ਵਪਾਰੀ ਦੁਨੀਆਂ ਦਾ ਸਫ਼ਾਇਆ ਕਰੇਗਾ ਜਿਸ ਨੇ ਲੱਖਾਂ ਹੀ ਲੋਕਾਂ ਨੂੰ ਤਮਾਖੂ ਦਾ ਗ਼ੁਲਾਮ ਬਣਾਇਆ ਹੈ। ਯਹੋਵਾਹ ਸਿਗਰਟਨੋਸ਼ੀ ਦੀ ਧੁਖਦੀ ਅੱਗ ਨੂੰ ਹਮੇਸ਼ਾ ਲਈ ਬੁਝਾ ਦੇਵੇਗਾ ਅਤੇ ਆਗਿਆਕਾਰ ਇਨਸਾਨਾਂ ਦੇ ਸਰੀਰਾਂ ਅਤੇ ਮਨਾਂ ਨੂੰ ਮੁਕੰਮਲ ਬਣਾ ਦੇਵੇਗਾ।—ਯਸਾਯਾਹ 33:24; ਪ੍ਰਕਾਸ਼ ਦੀ ਕਿਤਾਬ 19:11, 15.
ਜੇ ਤੁਸੀਂ ਸਿਗਰਟ ਪੀਣ ਦੀ ਆਦਤ ਛੱਡਣ ਵਿਚ ਜੱਦੋ-ਜਹਿਦ ਕਰ ਰਹੇ ਹੋ, ਤਾਂ ਹਾਰ ਨਾ ਮੰਨੋ। ਯਹੋਵਾਹ ਨੂੰ ਪਿਆਰ ਕਰਨਾ ਸਿੱਖੋ ਅਤੇ ਸਿਗਰਟਨੋਸ਼ੀ ਬਾਰੇ ਉਸ ਦੇ ਨਜ਼ਰੀਏ ਦੀ ਕਦਰ ਕਰੋ। ਇਹ ਗੱਲਾਂ ਤੁਹਾਨੂੰ ਕਾਮਯਾਬੀ ਪਾਉਣ ਵਿਚ ਮਦਦ ਕਰਨਗੀਆਂ। ਯਹੋਵਾਹ ਦੇ ਗਵਾਹਾਂ ਨੂੰ ਤੁਹਾਡੀ ਮਦਦ ਕਰ ਕੇ ਅਤੇ ਤੁਹਾਨੂੰ ਬਾਈਬਲ ਦੇ ਅਸੂਲ ਸਿਖਾ ਕੇ ਖ਼ੁਸ਼ੀ ਹੋਵੇਗੀ। ਜੇ ਤੁਸੀਂ ਸਿਗਰਟਨੋਸ਼ੀ ਤੋਂ ਆਜ਼ਾਦ ਹੋਣ ਵਿਚ ਯਹੋਵਾਹ ਦੀ ਮਦਦ ਚਾਹੁੰਦੇ ਹੋ, ਤਾਂ ਯਕੀਨ ਰੱਖੋ ਕਿ ਉਹ ਤੁਹਾਨੂੰ ਜ਼ਰੂਰ ਤਾਕਤ ਬਖ਼ਸ਼ੇਗਾ।—ਫ਼ਿਲਿੱਪੀਆਂ 4:13. ▪ (w14-E 06/01)
^ ਪੈਰਾ 3 ਇਸ ਲੇਖ ਵਿਚ ਸਿਗਰਟਨੋਸ਼ੀ ਦਾ ਮਤਲਬ ਹੈ ਸਿਗਰਟ, ਬੀੜੀ, ਸਿਗਾਰ, ਚਿਲਮ ਜਾਂ ਹੁੱਕੇ ਰਾਹੀਂ ਤਮਾਖੂ ਦੇ ਸੂਟੇ ਲਾਉਣੇ। ਪਰ ਇਸ ਵਿਚ ਦੱਸੀਆਂ ਗੱਲਾਂ ਤਮਾਖੂ ਚੱਬਣ, ਨਸਵਾਰ ਸੁੰਘਣ, ਨਿਕੋਟੀਨ ਵਾਲੀਆਂ ਇਲੈਕਟ੍ਰਾਨਿਕ ਸਿਗਰਟਾਂ ਅਤੇ ਹੋਰ ਚੀਜ਼ਾਂ ’ਤੇ ਵੀ ਲਾਗੂ ਹੁੰਦੀਆਂ ਹਨ।