Skip to content

Skip to table of contents

ਤੁਸੀਂ ਗ਼ਲਤ ਕੰਮ ਕਰਨ ਤੋਂ ਪਿੱਛੇ ਹਟ ਸਕਦੇ ਹੋ!

ਤੁਸੀਂ ਗ਼ਲਤ ਕੰਮ ਕਰਨ ਤੋਂ ਪਿੱਛੇ ਹਟ ਸਕਦੇ ਹੋ!

“ਮੇਰਾ ਗੰਦੀਆਂ ਤਸਵੀਰਾਂ ਦੇਖਣ ਦਾ ਬਿਲਕੁਲ ਇਰਾਦਾ ਨਹੀਂ ਸੀ। ਪਰ ਇੰਟਰਨੈੱਟ ਦੇਖਦੇ ਸਮੇਂ ਅਚਾਨਕ ਇਕ ਇਸ਼ਤਿਹਾਰ ਸਕ੍ਰੀਨ ’ਤੇ ਆ ਗਿਆ। ਪਤਾ ਨਹੀਂ ਕਿਉਂ ਮੇਰੇ ਅੰਦਰ ਉਸ ਨੂੰ ਖੋਲ੍ਹਣ ਦੀ ਇੱਛਾ ਜਾਗ ਉੱਠੀ।”​—ਕੋਡੀ। *

“ਕੰਮ ’ਤੇ ਇਕ ਖੂਬਸੂਰਤ ਲੜਕੀ ਮੇਰੇ ਨਾਲ ਫਲਰਟ ਕਰਨ ਲੱਗੀ। ਇਕ ਦਿਨ ਉਸ ਨੇ ਕਿਹਾ ‘ਕਿਉਂ ਨਾ ਆਪਾਂ ਹੋਟਲ ’ਚ ਜਾ ਕੇ ਰੰਗਰਲੀਆਂ ਮਨਾਈਏ।’ ਮੈਨੂੰ ਝੱਟ ਹੀ ਉਸ ਦੇ ਗੰਦੇ ਇਰਾਦੇ ਦਾ ਪਤਾ ਲੱਗ ਗਿਆ।”​—ਡਿਲਨ।

“ਮੈਂ ਹਰ ਚੀਜ਼ ਨੂੰ ਨਾਂਹ ਕਹਿ ਸਕਦਾ ਹਾਂ, ਪਰ ਜੋ ਮੇਰਾ ਦਿਲ ਚਾਹੁੰਦਾ ਹੈ ਉਸ ਨੂੰ ਮਨ੍ਹਾ ਨਹੀਂ ਕਰ ਸਕਦਾ।” ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਕਈ ਲੋਕਾਂ ਨੂੰ ਆਪਣੇ ਸਰੀਰ ਦੀਆਂ ਇੱਛਾਵਾਂ ਦਾ ਸੁਆਦ ਲੈਣਾ ਚੰਗਾ ਲੱਗਦਾ ਹੈ। ਪਰ ਦੂਜੇ ਲੋਕ ਆਪਣੀਆਂ ਸਰੀਰਕ ਇੱਛਾਵਾਂ ’ਤੇ ਕਾਬੂ ਪਾਉਣ ਦੀ ਬੜੀ ਜੱਦੋ-ਜਹਿਦ ਕਰਦੇ ਹਨ। ਤੁਸੀਂ ਕੀ ਸੋਚਦੇ ਹੋ? ਕੀ ਤੁਹਾਨੂੰ ਕਿਸੇ ਪਰੀਖਿਆ ਅੱਗੇ ਆਪਣਾ ਸਿਰ ਝੁਕਾਉਣਾ ਚਾਹੀਦਾ ਹੈ ਜਾਂ ਉਸ ਦਾ ਡਟ ਕੇ ਸਾਮ੍ਹਣਾ ਕਰਨਾ ਚਾਹੀਦਾ ਹੈ?

ਮਿਸਾਲ ਲਈ, ਜਿੱਦਾਂ ਚਾਹ ਨਾਲ ਇਕ ਹੋਰ ਬਿਸਕੁਟ ਖਾਣ ’ਤੇ ਸਾਡਾ ਕੁਝ ਵਿਗੜਦਾ ਨਹੀਂ ਉੱਦਾਂ ਹੀ ਹਰ ਲਾਲਸਾ ਪੂਰੀ ਕਰਨ ਨਾਲ ਸਾਡਾ ਨੁਕਸਾਨ ਨਹੀਂ ਹੁੰਦਾ। ਪਰ ਕਈ ਤਰ੍ਹਾਂ ਦੀਆਂ ਗ਼ਲਤ ਲਾਲਸਾਵਾਂ ਹਨ ਜੋ ਸਾਨੂੰ ਹਰਾਮਕਾਰੀ ਵੱਲ ਲੈ ਜਾ ਸਕਦੀਆਂ ਹਨ। ਉਨ੍ਹਾਂ ਲਾਲਸਾਵਾਂ ਦੇ ਬਹਿਕਾਵੇ ਵਿਚ ਆਉਣ ਨਾਲ ਸਾਡੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ। ਬਾਈਬਲ ਚੇਤਾਵਨੀ ਦਿੰਦੀ ਹੈ: “ਜਿਹੜਾ ਬੰਦਾ ਕਿਸੇ ਹੋਰ ਦੀ ਪਤਨੀ ਨਾਲ ਵਿਭਚਾਰ ਕਰਦਾ ਹੈ ਮੂਰਖ ਹੈ ਅਤੇ ਆਪਣੇ-ਆਪ ਨੂੰ ਤਬਾਹ ਕਰ ਲੈਂਦਾ ਹੈ।”​—ਕਹਾਉਤਾਂ 6:32, 33, ERV.

ਜੇ ਤੁਹਾਨੂੰ ਅਚਾਨਕ ਕਿਸੇ ਬਹਿਕਾਵੇ ਜਾਂ ਪਰੀਖਿਆ ਦਾ ਸਾਮ੍ਹਣਾ ਕਰਨਾ ਪਵੇ, ਤਾਂ ਤੁਸੀਂ ਕੀ ਕਰੋਗੇ? ਬਾਈਬਲ ਜਵਾਬ ਦਿੰਦੀ ਹੈ: “ਪਰਮੇਸ਼ੁਰ ਦੀ ਇਹੀ ਇੱਛਾ ਹੈ ਕਿ ਤੁਸੀਂ ਪਵਿੱਤਰ ਬਣੋ ਅਤੇ ਹਰਾਮਕਾਰੀ ਤੋਂ ਦੂਰ ਰਹੋ। ਤੁਹਾਡੇ ਵਿੱਚੋਂ ਹਰੇਕ ਜਣੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਵਿੱਤਰਤਾ ਅਤੇ ਆਦਰਯੋਗ ਤਰੀਕੇ ਨਾਲ ਆਪਣੇ ਸਰੀਰ ਨੂੰ ਕਿਵੇਂ ਕਾਬੂ ਵਿਚ ਰੱਖਣਾ ਹੈ।” (1 ਥੱਸਲੁਨੀਕੀਆਂ 4:3, 4) ਤੁਸੀਂ ਆਪਣੇ ਸਰੀਰ ’ਤੇ ਕਿਵੇਂ ਕਾਬੂ ਰੱਖ ਸਕਦੇ ਹੋ? ਗੌਰ ਕਰੋ ਕਿ ਤੁਸੀਂ ਤਿੰਨ ਕਦਮ ਚੁੱਕ ਸਕਦੇ ਹੋ।

ਪਹਿਲਾ ਕਦਮ: ਨਜ਼ਰਾਂ ’ਤੇ ਕਾਬੂ ਰੱਖੋ

ਗੰਦੀਆਂ ਤਸਵੀਰਾਂ ਸਾਡੇ ਦਿਲ ਵਿਚ ਗ਼ਲਤ ਇੱਛਾਵਾਂ ਜਗਾਉਂਦੀਆਂ ਹਨ। ਯਿਸੂ ਨੇ ਇਸ ਬਾਰੇ ਗੱਲ ਕਰਦਿਆਂ ਚੇਤਾਵਨੀ ਦਿੱਤੀ ਸੀ: “ਜੇ ਕੋਈ ਕਿਸੇ ਔਰਤ ਵੱਲ ਗੰਦੀ ਨਜ਼ਰ ਨਾਲ ਦੇਖਦਾ ਰਹਿੰਦਾ ਹੈ, ਤਾਂ ਉਹ ਉਸ ਨਾਲ ਆਪਣੇ ਦਿਲ ਵਿਚ ਹਰਾਮਕਾਰੀ ਕਰ ਚੁੱਕਾ ਹੈ।” ਇਸ ਦੇ ਨਾਲ-ਨਾਲ ਯਿਸੂ ਨੇ ਜ਼ੋਰ ਦਿੱਤਾ ਕਿ ਆਪਣੀਆਂ ਨਜ਼ਰਾਂ ’ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ। ਉਸ ਨੇ ਕਿਹਾ: “ਜੇ ਤੇਰੀ ਸੱਜੀ ਅੱਖ ਤੇਰੇ ਤੋਂ ਪਾਪ ਕਰਵਾ ਰਹੀ ਹੈ, ਤਾਂ ਉਸ ਨੂੰ ਕੱਢ ਕੇ ਆਪਣੇ ਤੋਂ ਦੂਰ ਸੁੱਟ ਦੇ।” (ਮੱਤੀ 5:28, 29) ਉਸ ਦੇ ਕਹਿਣ ਦਾ ਕੀ ਮਤਲਬ ਸੀ? ਜੇ ਤੁਸੀਂ ਇਸ ਬਹਿਕਾਵੇ ਵਿਚ ਨਹੀਂ ਆਉਣਾ ਚਾਹੁੰਦੇ, ਤਾਂ ਫਟਾਫਟ ਆਪਣੀਆਂ ਅੱਖਾਂ ਗੰਦੀਆਂ ਤਸਵੀਰਾਂ ਤੋਂ ਹਟਾ ਲਓ।

ਆਪਣੀਆਂ ਨਜ਼ਰਾਂ ਗੰਦੀਆਂ ਤਸਵੀਰਾਂ ਤੋਂ ਹਟਾ ਲਓ

ਮੰਨ ਲਓ ਕਿ ਜੇ ਤੁਸੀਂ ਕਿਸੇ ਵੈੱਲਡਰ ਦੀ ਟਾਰਚ ਦੀ ਤੇਜ਼ ਰੌਸ਼ਨੀ ਵੱਲ ਥੋੜ੍ਹਾ ਜਿਹਾ ਵੀ ਦੇਖ ਲੈਂਦੇ ਹੋ, ਤਾਂ ਕੀ ਤੁਸੀਂ ਦੇਖਦੇ ਹੀ ਰਹਿੰਦੇ ਹੋ? ਬਿਲਕੁਲ ਨਹੀਂ! ਤੁਸੀਂ ਆਪਣੀ ਅੱਖਾਂ ਬਚਾਉਣ ਲਈ ਉਸ ਤੋਂ ਨਜ਼ਰ ਹਟਾ ਲਓਗੇ ਜਾਂ ਆਪਣੀਆਂ ਅੱਖਾਂ ਬੰਦ ਕਰ ਲਓਗੇ। ਇਸੇ ਤਰ੍ਹਾਂ ਜੇ ਤੁਹਾਡੀ ਨਜ਼ਰ ਕਿਸੇ ਮੈਗਜ਼ੀਨ-ਕਿਤਾਬ, ਸਕ੍ਰੀਨ ’ਤੇ ਜਾਂ ਤੁਹਾਡੇ ਆਲੇ-ਦੁਆਲੇ ਕੋਈ ਅਸ਼ਲੀਲ ਚੀਜ਼ ’ਤੇ ਪੈ ਜਾਵੇ, ਤਾਂ ਝੱਟ ਆਪਣੀ ਨਜ਼ਰ ਫੇਰ ਲਓ। ਇਸ ਗੰਦੀ ਬੀਮਾਰੀ ਤੋਂ ਖ਼ੁਦ ਨੂੰ ਬਚਾ ਕੇ ਰੱਖੋ। ਹੁਆਨ, ਜਿਸ ਨੂੰ ਪਹਿਲਾਂ ਪੋਰਨੋਗ੍ਰਾਫੀ ਦੇਖਣ ਦੀ ਆਦਤ ਸੀ, ਕਹਿੰਦਾ ਹੈ: “ਜਦ ਮੈਂ ਕਿਸੇ ਸੋਹਣੀ ਕੁੜੀ ਨੂੰ ਦੇਖਦਾ ਹਾਂ, ਤਾਂ ਮੇਰਾ ਜੀਅ ਕਰਦਾ ਹੈ ਕਿ ਮੈਂ ਉਸ ਨੂੰ ਦੇਖੀ ਜਾਵਾਂ। ਇਸ ਕਰਕੇ ਮੈਂ ਆਪਣੀਆਂ ਨਜ਼ਰਾਂ ਕਾਬੂ ਕਰ ਕੇ ਖ਼ੁਦ ਨੂੰ ਕਹਿੰਦਾ ਹਾਂ: ‘ਤੂੰ ਹੁਣੇ ਯਹੋਵਾਹ ਨੂੰ ਪ੍ਰਾਰਥਨਾ ਕਰ!’ ਪ੍ਰਾਰਥਨਾ ਕਰਨ ਤੋਂ ਬਾਅਦ ਗ਼ਲਤ ਇੱਛਾ ਮੇਰੇ ’ਤੇ ਹਾਵੀ ਨਹੀਂ ਹੁੰਦੀ।”​—ਮੱਤੀ 6:9, 13; 1 ਕੁਰਿੰਥੀਆਂ 10:13.

ਜ਼ਰਾ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਅੱਯੂਬ ਬਾਰੇ ਵੀ ਸੋਚੋ, ਜਿਸ ਨੇ ਕਿਹਾ: “ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਹੈ, ਤਾਂ ਮੈਂ ਕੁਆਰੀ ਉੱਤੇ ਕਿਸ ਤਰਾਂ ਅੱਖ ਮਟਕਾਵਾਂ?” (ਅੱਯੂਬ 31:1) ਕਿਉਂ ਨਾ ਤੁਸੀਂ ਵੀ ਅੱਯੂਬ ਵਰਗਾ ਪੱਕਾ ਇਰਾਦਾ ਕਰੋ!

ਸੁਝਾਅ: ਜੇ ਤੁਸੀਂ ਕੋਈ ਗੰਦੀ ਤਸਵੀਰ ਦੇਖਦੇ ਹੋ, ਤਾਂ ਇਕਦਮ ਆਪਣੀਆਂ ਨਜ਼ਰਾਂ ਉਸ ਤੋਂ ਫੇਰ ਲਓ। ਬਾਈਬਲ ਦੇ ਉਸ ਲੇਖਕ ਦੀ ਰੀਸ ਕਰੋ ਜਿਸ ਨੇ ਪ੍ਰਾਰਥਨਾ ਕੀਤੀ: “ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇਹ।”​—ਜ਼ਬੂਰਾਂ ਦੀ ਪੋਥੀ 119:37.

ਦੂਜਾ ਕਦਮ: ਆਪਣੀ ਗ਼ਲਤ ਸੋਚ ’ਤੇ ਕਾਬੂ ਪਾਓ

ਅਸੀਂ ਸਾਰੇ ਗ਼ਲਤੀਆਂ ਦੇ ਪੁਤਲੇ ਹਾਂ। ਇਸ ਕਰਕੇ ਸਾਨੂੰ ਸਾਰਿਆਂ ਨੂੰ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜਨ ਦੀ ਕੋਸ਼ਿਸ਼ ਕਰਨੀ ਪੈਂਦੀ ਹੈ। ਬਾਈਬਲ ਕਹਿੰਦੀ ਹੈ: “ਹਰ ਕੋਈ ਆਪਣੀ ਇੱਛਾ ਦੇ ਬਹਿਕਾਵੇ ਵਿਚ ਆ ਕੇ ਪਰੀਖਿਆਵਾਂ ਵਿਚ ਪੈਂਦਾ ਹੈ। ਫਿਰ ਇਹ ਇੱਛਾ ਅੰਦਰ ਹੀ ਅੰਦਰ ਪਲ਼ਦੀ ਰਹਿੰਦੀ ਹੈ ਅਤੇ ਇਹ ਪਾਪ ਨੂੰ ਜਨਮ ਦਿੰਦੀ ਹੈ।” (ਯਾਕੂਬ 1:14, 15) ਤੁਸੀਂ ਇਨ੍ਹਾਂ ਚੱਕਰਾਂ ਵਿਚ ਪੈਣ ਤੋਂ ਆਪਣੇ ਆਪ ਨੂੰ ਕਿਵੇਂ ਰੋਕ ਸਕਦੇ ਹੋ?

ਮਨ ਵਿਚ ਗ਼ਲਤ ਖ਼ਿਆਲ ਆਉਣ ’ਤੇ ਤੁਰੰਤ ਪ੍ਰਾਰਥਨਾ ਕਰੋ

ਜਦ ਤੁਹਾਡੇ ਮਨ ਵਿਚ ਗ਼ਲਤ ਇੱਛਾਵਾਂ ਆਉਂਦੀਆਂ ਹਨ, ਤਾਂ ਤੁਸੀਂ ਕੀ ਕਰੋਗੇ? ਉਨ੍ਹਾਂ ਗ਼ਲਤ ਇੱਛਾਵਾਂ ਨਾਲ ਲੜੋ ਅਤੇ ਉਨ੍ਹਾਂ ਨੂੰ ਆਪਣੇ ਮਨ ਵਿੱਚੋਂ ਕੱਢੋ। ਗੰਦੀਆਂ ਗੱਲਾਂ ਬਾਰੇ ਨਾ ਸੋਚੋ। ਟਰੌਏ ਨੂੰ ਇੰਟਰਨੈੱਟ ’ਤੇ ਪੋਰਨੋਗ੍ਰਾਫੀ ਦੇਖਣ ਦੀ ਲੱਤ ਲੱਗੀ ਹੋਈ ਸੀ, ਉਹ ਕਹਿੰਦਾ ਹੈ: “ਆਪਣੇ ਦਿਲ-ਦਿਮਾਗ਼ ਵਿੱਚੋਂ ਗ਼ਲਤ ਸੋਚਾਂ ਕੱਢਣ ਲਈ ਮੈਂ ਆਪਣਾ ਧਿਆਨ ਸਹੀ ਵਿਚਾਰਾਂ ’ਤੇ ਟਿਕਾਇਆ। ਇੱਦਾਂ ਕਰਨਾ ਮੇਰੇ ਲਈ ਸੌਖਾ ਨਹੀਂ ਸੀ ਕਿਉਂਕਿ ਮੈਂ ਵਾਰ-ਵਾਰ ਗ਼ਲਤ ਪਾਸੇ ਚਲਾ ਜਾਂਦਾ ਸੀ। ਪਰ ਆਖ਼ਰ ਵਿਚ ਮੈਂ ਆਪਣੀ ਸੋਚ ’ਤੇ ਕਾਬੂ ਪਾਉਣਾ ਸਿੱਖ ਲਿਆ।” ਐਲਸਾ ਲਈ ਆਪਣੀ ਜਵਾਨੀ ਵਿਚ ਚੰਗਾ ਚਾਲ-ਚੱਲਣ ਬਣਾਈ ਰੱਖਣਾ ਬਹੁਤ ਮੁਸ਼ਕਲ ਸੀ, ਉਹ ਯਾਦ ਕਰਦੀ ਹੈ: “ਮੈਂ ਗ਼ਲਤ ਸੋਚਾਂ ਨੂੰ ਕੰਟ੍ਰੋਲ ਕਰਨ ਲਈ ਵਾਰ-ਵਾਰ ਯਹੋਵਾਹ ਨੂੰ ਤਰਲੇ ਕੀਤੇ ਅਤੇ ਚੰਗੇ ਕੰਮਾਂ ਵਿਚ ਬਿਜ਼ੀ ਰਹੀ।”

ਸੁਝਾਅ: ਜਦ ਤੁਹਾਡੇ ਮਨ ਵਿਚ ਗੰਦੇ ਖ਼ਿਆਲ ਆਉਂਦੇ ਹਨ, ਤਾਂ ਤੁਰੰਤ ਪ੍ਰਾਰਥਨਾ ਕਰੋ। ਇਨ੍ਹਾਂ ਗ਼ਲਤ ਖ਼ਿਆਲਾਂ ਨੂੰ ਦੂਰ ਕਰਨ ਲਈ “ਉਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਦੇ ਰਹੋ ਜਿਹੜੀਆਂ ਸੱਚੀਆਂ, ਗੰਭੀਰ, ਸਹੀ, ਸਾਫ਼-ਸੁਥਰੀਆਂ, ਪਿਆਰ ਪੈਦਾ ਕਰਨ ਵਾਲੀਆਂ, ਚੰਗੀਆਂ, ਸ਼ੁੱਧ ਅਤੇ ਸ਼ੋਭਾ ਦੇ ਲਾਇਕ ਹਨ।”​—ਫ਼ਿਲਿੱਪੀਆਂ 4:8.

ਤੀਜਾ ਕਦਮ: ਸੰਭਲ ਕੇ ਕਦਮ ਰੱਖੋ

ਫ਼ਰਜ਼ ਕਰੋ ਕਿ ਜੇ ਕਿਸੇ ਗ਼ਲਤ ਇੱਛਾ ਨੂੰ ਪੂਰਾ ਕਰਨ ਦਾ ਮੌਕਾ ਸਾਡੇ ਹੱਥ ਲੱਗਦਾ ਹੈ, ਤਾਂ ਅਸੀਂ ਮੁਸ਼ਕਲ ਵਿਚ ਫਸ ਸਕਦੇ ਹਾਂ। (ਕਹਾਉਤਾਂ 7:6-23) ਅਸੀਂ ਅਜਿਹੇ ਹਾਲਾਤਾਂ ਦੇ ਸ਼ਿਕਾਰ ਬਣਨ ਤੋਂ ਕਿਵੇਂ ਬਚ ਸਕਦੇ ਹਾਂ?

“ਮੈਂ ਕੰਪਿਊਟਰ ਸਿਰਫ਼ ਉਦੋਂ ਚਲਾਉਂਦਾ ਹਾਂ ਜਦ ਘਰ ਵਿਚ ਕੋਈ ਹੁੰਦਾ ਹੈ”

ਬਾਈਬਲ ਵਧੀਆ ਸਲਾਹ ਦਿੰਦੀ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।” (ਕਹਾਉਤਾਂ 22:3) ਸੋ ਸੰਭਲ ਕੇ ਕਦਮ ਰੱਖੋ। ਉਨ੍ਹਾਂ ਹਾਲਾਤਾਂ ਬਾਰੇ ਪਹਿਲਾਂ ਹੀ ਸੋਚੋ ਜਿਨ੍ਹਾਂ ਕਰਕੇ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ ਤਾਂਕਿ ਤੁਸੀਂ ਉਨ੍ਹਾਂ ਤੋਂ ਬਚ ਸਕੋ। (ਕਹਾਉਤਾਂ 7:25) ਫਿਲੀਪ ਨੇ ਅਸ਼ਲੀਲ ਤਸਵੀਰਾਂ ਦੇਖਣ ਦੀ ਆਦਤ ਤੋਂ ਛੁਟਕਾਰਾ ਪਾਇਆ, ਉਹ ਦੱਸਦਾ ਹੈ: “ਮੈਂ ਘਰ ਵਿਚ ਕੰਪਿਊਟਰ ਉੱਥੇ ਰੱਖਿਆ ਜਿੱਥੇ ਸਾਰੇ ਆਉਂਦੇ-ਜਾਂਦੇ ਸਨ ਅਤੇ ਮੈਂ ਇਸ ਵਿਚ ਅਜਿਹਾ ਸਾਫਟਵੇਅਰ ਲਾਇਆ ਜੋ ਕਿਸੇ ਗੰਦੀ ਵੈੱਬਸਾਈਟ ਨੂੰ ਖੋਲ੍ਹਣ ਤੋਂ ਰੋਕਦਾ ਹੈ। ਨਾਲੇ ਮੈਂ ਕੰਪਿਊਟਰ ਸਿਰਫ਼ ਉਦੋਂ ਚਲਾਉਂਦਾ ਹਾਂ ਜਦ ਘਰ ਵਿਚ ਕੋਈ ਹੁੰਦਾ ਹੈ।” ਟਰੌਏ ਜਿਸ ਦਾ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਸੀ, ਕਹਿੰਦਾ ਹੈ: “ਮੈਂ ਗੰਦੀਆਂ ਫ਼ਿਲਮਾਂ ਨਹੀਂ ਦੇਖਦਾ ਤੇ ਉਨ੍ਹਾਂ ਲੋਕਾਂ ਤੋਂ ਦੂਰ ਰਹਿੰਦਾ ਹਾਂ ਜੋ ਸੈਕਸ ਬਾਰੇ ਗੰਦੀਆਂ ਗੱਲਾਂ ਕਰਦੇ ਹਨ। ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣੇ ਹੀ ਪੈਰਾਂ ’ਤੇ ਕੁਹਾੜੀ ਮਾਰਾਂ।”

ਸੁਝਾਅ: ਆਪਣੀਆਂ ਕਮੀਆਂ-ਕਮਜ਼ੋਰੀਆਂ ਦੀ ਜਾਂਚ ਕਰੋ ਅਤੇ ਪਹਿਲਾਂ ਤੋਂ ਹੀ ਸੋਚੋ ਕਿ ਤੁਸੀਂ ਮੁਸ਼ਕਲਾਂ ਵਿਚ ਪੈਣ ਤੋਂ ਕਿਵੇਂ ਬਚ ਸਕਦੇ ਹੋ।​—ਮੱਤੀ 6:13.

ਹਿੰਮਤ ਨਾ ਹਾਰੋ!

ਉਦੋਂ ਕੀ ਜਦੋਂ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਤੁਸੀਂ ਗ਼ਲਤ ਕੰਮ ਕਰ ਬੈਠੋ? ਫਿਰ ਵੀ ਹਿੰਮਤ ਨਾ ਹਾਰੋ, ਲਗਾਤਾਰ ਕੋਸ਼ਿਸ਼ ਕਰਦੇ ਰਹੋ। ਬਾਈਬਲ ਕਹਿੰਦੀ ਹੈ: “ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ।” (ਕਹਾਉਤਾਂ 24:16) ਜੀ ਹਾਂ, ਸਾਡਾ ਸਵਰਗੀ ਪਿਤਾ ਯਹੋਵਾਹ ਸਾਨੂੰ ‘ਉੱਠਣ’ ਦੀ ਹੱਲਾਸ਼ੇਰੀ ਦਿੰਦਾ ਹੈ। ਕੀ ਤੁਸੀਂ ਉਸ ਦੀ ਮਦਦ ਲਵੋਗੇ? ਤਾਂ ਫਿਰ ਪ੍ਰਾਰਥਨਾ ਕਰਦੇ ਰਹੋ। ਨਾਲੇ ਬਾਈਬਲ ਦੀ ਸਟੱਡੀ ਕਰ ਕੇ ਆਪਣੀ ਨਿਹਚਾ ਮਜ਼ਬੂਤ ਕਰੋ ਅਤੇ ਮੀਟਿੰਗਾਂ ਵਿਚ ਜਾ ਕੇ ਉਸ ਦੇ ਵਫ਼ਾਦਾਰ ਰਹਿਣ ਦਾ ਆਪਣਾ ਇਰਾਦਾ ਪੱਕਾ ਕਰੋ। ਪਰਮੇਸ਼ੁਰ ਦੇ ਇਸ ਵਾਅਦੇ ਤੋਂ ਹੌਸਲਾ ਪਾਓ: “ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ।”​—ਯਸਾਯਾਹ 41:10.

ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਕੋਡੀ ਕਹਿੰਦਾ ਹੈ: “ਪੋਰਨੋਗ੍ਰਾਫੀ ਦੇਖਣ ਦੀ ਆਦਤ ਤੋਂ ਪੱਲਾ ਛੁਡਾਉਣਾ ਬਹੁਤ ਔਖਾ ਸੀ। ਪਰਮੇਸ਼ੁਰ ਦੀ ਮਦਦ ਨਾਲ ਮੈਂ ਵਾਰ-ਵਾਰ ਕੋਸ਼ਿਸ਼ ਕੀਤੀ ਤੇ ਅਖ਼ੀਰ ਵਿਚ ਮੈਂ ਇਸ ਆਦਤ ਨੂੰ ਛੱਡ ਸਕਿਆ।” ਡਿਲਨ ਦਾ ਵੀ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਉਹ ਕਹਿੰਦਾ ਹੈ: “ਜੇ ਮੈਂ ਚਾਹੁੰਦਾ, ਤਾਂ ਉਸ ਕੁੜੀ ਨਾਲ ਸੈਕਸ ਕਰ ਸਕਦਾ ਸੀ, ਪਰ ਮੈਂ ਉਸ ਨੂੰ ਸਾਫ਼-ਸਾਫ਼ ‘ਨਾਂਹ’ ਕਹਿ ਦਿੱਤੀ! ਮੈਂ ਆਪਣੀ ਸਾਫ਼ ਜ਼ਮੀਰ ਕਾਰਨ ਬਹੁਤ ਖ਼ੁਸ਼ ਹਾਂ। ਸਭ ਤੋਂ ਵੱਧ ਮੈਂ ਜਾਣਦਾ ਹਾਂ ਕਿ ਯਹੋਵਾਹ ਨੂੰ ਮੇਰੇ ’ਤੇ ਨਾਜ਼ ਹੈ।”

ਜਦ ਤੁਸੀਂ ਕੋਈ ਗ਼ਲਤ ਕੰਮ ਕਰਨ ਤੋਂ ਡਟ ਕੇ ਇਨਕਾਰ ਕਰਦੇ ਹੋ, ਤਾਂ ਯਕੀਨ ਰੱਖੋ ਕਿ ਪਰਮੇਸ਼ੁਰ ਨੂੰ ਤੁਹਾਡੇ ’ਤੇ ਮਾਣ ਹੁੰਦਾ ਹੈ!​—ਕਹਾਉਤਾਂ 27:11. ▪ (w14-E 04/01)

^ ਪੈਰਾ 2 ਇਸ ਲੇਖ ਵਿਚ ਨਾਂ ਬਦਲੇ ਗਏ ਹਨ।