ਧਰਮ ਅਤੇ ਯੁੱਧ
ਐਲਬਰਤੋ ਨੇ ਲਗਭਗ 10 ਸਾਲ ਫ਼ੌਜ ਵਿਚ ਸੇਵਾ ਕੀਤੀ। ਉਹ ਯਾਦ ਕਰਦਾ ਹੈ: “ਪਾਦਰੀ ਸਾਨੂੰ ਅਸੀਸ ਦੇ ਕੇ ਕਹਿੰਦਾ ਸੀ, ‘ਰੱਬ ਤੁਹਾਡੇ ਨਾਲ ਹੈ।’ ਪਰ ਮੈਂ ਹੈਰਾਨ ਹੋ ਕੇ ਸੋਚਿਆ: ‘ਮੈਂ ਲੜਾਈ ਤੇ ਜਾ ਰਿਹਾ ਹਾਂ, ਜਦਕਿ ਬਾਈਬਲ ਕਹਿੰਦੀ ਹੈ: “ਤੁਹਾਨੂੰ ਕਿਸੇ ਦਾ ਖ਼ੂਨ ਨਹੀਂ ਕਰਨਾ ਚਾਹੀਦਾ।”’”
ਰੇਅ ਦੂਸਰੇ ਵਿਸ਼ਵ ਯੁੱਧ ਵਿਚ ਸਮੁੰਦਰੀ ਫ਼ੌਜ ਵਿਚ ਕੰਮ ਕਰਦਾ ਸੀ। ਇਕ ਵਾਰ ਉਸ ਨੇ ਪਾਦਰੀ ਨੂੰ ਪੁੱਛਿਆ: “ਤੁਸੀਂ ਸਮੁੰਦਰੀ ਜਹਾਜ਼ ਵਿਚ ਆ ਕੇ ਫ਼ੌਜ ਦੀ ਜਿੱਤ ਲਈ ਪ੍ਰਾਰਥਨਾ ਕਰਦੇ ਹੋ। ਕੀ ਸਾਡੇ ਦੁਸ਼ਮਣ ਵੀ ਇਸ ਤਰ੍ਹਾਂ ਨਹੀਂ ਕਰਦੇ ਹੋਣਗੇ?” ਪਾਦਰੀ ਨੇ ਜਵਾਬ ਦਿੱਤਾ ਕਿ ਰੱਬ ਦੇ ਕੰਮਾਂ ਨੂੰ ਕੋਈ ਨਹੀਂ ਸਮਝ ਸਕਦਾ।
ਜੇ ਤੁਸੀਂ ਇਸ ਜਵਾਬ ਨਾਲ ਖ਼ੁਸ਼ ਨਹੀਂ ਹੋ, ਤਾਂ ਤੁਸੀਂ ਇਕੱਲੇ ਨਹੀਂ ਹੋ।
ਬਾਈਬਲ ਕੀ ਸਿਖਾਉਂਦੀ ਹੈ?
ਯਿਸੂ ਨੇ ਦੱਸਿਆ ਕਿ ਪਰਮੇਸ਼ੁਰ ਦੇ ਸਭ ਤੋਂ ਵੱਡੇ ਹੁਕਮਾਂ ਵਿੱਚੋਂ ਇਕ ਹੈ: “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” (ਮਰਕੁਸ 12:31) ਕੀ ਯਿਸੂ ਇੱਥੇ ਕਹਿ ਰਿਹਾ ਸੀ ਕਿ ਗੁਆਂਢੀ ਸਿਰਫ਼ ਉਹ ਲੋਕ ਹਨ ਜੋ ਸਾਡੇ ਗੁਆਂਢ ਵਿਚ ਰਹਿੰਦੇ ਹਨ ਜਾਂ ਉਹ ਸਾਡੀ ਕੌਮ ਦੇ ਹਨ? ਨਹੀਂ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:34, 35) ਉਨ੍ਹਾਂ ਦਾ ਪਿਆਰ ਇਕਦਮ ਵੱਖਰਾ ਹੋਣਾ ਸੀ ਜਿਸ ਤੋਂ ਉਨ੍ਹਾਂ ਨੇ ਪਛਾਣੇ ਜਾਣਾ ਸੀ। ਯਿਸੂ ਦੇ ਚੇਲੇ ਕਿਸੇ ਦੀ ਜਾਨ ਨਹੀਂ ਲੈਂਦੇ, ਸਗੋਂ ਇਕ-ਦੂਜੇ ਲਈ ਜਾਨ ਦੇਣ ਲਈ ਤਿਆਰ ਰਹਿੰਦੇ ਹਨ।
ਪੁਰਾਣੇ ਜ਼ਮਾਨੇ ਦੇ ਮਸੀਹੀ ਯਿਸੂ ਦੇ ਇਨ੍ਹਾਂ ਸ਼ਬਦਾਂ ਦੇ ਅਨੁਸਾਰ ਚੱਲਦੇ ਸਨ। ਦ ਐਨਸਾਈਕਲੋਪੀਡੀਆ ਆਫ਼ ਰਿਲੀਜਨ ਉਨ੍ਹਾਂ ਬਾਰੇ ਕਹਿੰਦਾ ਹੈ: “ਉਨ੍ਹਾਂ ਨੂੰ ਕਿਸੇ ਦੀ ਵੀ ਜਾਨ ਲੈਣ ਤੋਂ ਮਨ੍ਹਾ ਕੀਤਾ ਗਿਆ ਸੀ ਅਤੇ ਇਸੇ ਅਸੂਲ ਨੇ ਉਨ੍ਹਾਂ ਨੂੰ ਰੋਮੀ ਫ਼ੌਜ ਵਿਚ ਭਰਤੀ ਹੋਣ ਤੋਂ ਰੋਕਿਆ।”
ਯਹੋਵਾਹ ਦੇ ਗਵਾਹਾਂ ਬਾਰੇ ਕੀ?
ਯਹੋਵਾਹ ਦੇ ਗਵਾਹ ਤਕਰੀਬਨ ਹਰ ਦੇਸ਼ ਵਿਚ ਰਹਿੰਦੇ ਹਨ। ਕਈ ਦੇਸ਼ਾਂ ਵਿਚ ਆਪਸੀ ਦੁਸ਼ਮਣੀ ਹੁੰਦੀ ਹੈ, ਪਰ ਇਸ ਦੇ ਬਾਵਜੂਦ ਵੀ ਯਹੋਵਾਹ ਦੇ ਗਵਾਹ ਇਕ-ਦੂਜੇ ਨੂੰ ਪਿਆਰ ਕਰਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਯਿਸੂ ਦੇ ਚੇਲੇ ਹਨ।
ਕੀ ਧਾਰਮਿਕ ਆਗੂ ਲੋਕਾਂ ਨੂੰ ਪਿਆਰ ਕਰਨਾ ਸਿਖਾਉਂਦੇ ਹਨ ਜਿੱਦਾਂ ਰੱਬ ਦੇ ਬਚਨ ਵਿਚ ਹੁਕਮ ਦਿੱਤਾ ਗਿਆ ਹੈ?
ਮਿਸਾਲ ਲਈ, 1994 ਵਿਚ ਰਵਾਂਡਾ ਵਿਚ ਹੁਟੂ ਅਤੇ ਟੂਟਸੀ ਲੋਕਾਂ ਵਿਚ ਨਸਲੀ ਯੁੱਧ ਚੱਲ ਰਿਹਾ ਸੀ। ਪਰ ਯਹੋਵਾਹ ਦੇ ਗਵਾਹਾਂ ਨੇ ਇਸ ਲੜਾਈ ਵਿਚ ਹਿੱਸਾ ਨਹੀਂ ਲਿਆ। ਯਹੋਵਾਹ ਦੇ ਗਵਾਹਾਂ ਨੇ ਇਕ-ਦੂਜੇ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਦਾਅ ’ਤੇ ਲਾਈਆਂ। ਦੋ ਹੁਟੂ ਗਵਾਹਾਂ ਨੇ ਆਪਣੇ ਟੂਟਸੀ ਭਰਾਵਾਂ ਨੂੰ ਲੁਕਾਇਆ ਹੋਇਆ ਸੀ, ਪਰ ਇਹ ਗੱਲ ਹੁਟੂ ਫ਼ੌਜੀਆਂ ਨੂੰ ਪਤਾ ਲੱਗ ਗਈ। ਉਨ੍ਹਾਂ ਨੇ ਕਿਹਾ, “ਤੁਸੀਂ ਟੂਟਸੀ ਲੋਕਾਂ ਦੀ ਮਦਦ ਕੀਤੀ, ਇਸ ਕਰਕੇ ਹੁਣ ਅਸੀਂ ਤੁਹਾਨੂੰ ਨਹੀਂ ਛੱਡਣਾ।” ਅਫ਼ਸੋਸ ਦੀ ਗੱਲ ਹੈ ਕਿ ਇਨ੍ਹਾਂ ਫ਼ੌਜੀਆਂ ਨੇ ਦੋਨੋਂ ਹੁਟੂ ਭਰਾਵਾਂ ਨੂੰ ਮਾਰ ਦਿੱਤਾ।—ਯੂਹੰਨਾ 15:13.
ਤੁਸੀਂ ਕੀ ਸੋਚਦੇ ਹੋ: ਕੀ ਯਹੋਵਾਹ ਦੇ ਗਵਾਹ ਯਿਸੂ ਦੇ ਸ਼ਬਦਾਂ ਅਨੁਸਾਰ ਆਪਣੇ ਭੈਣਾਂ-ਭਰਾਵਾਂ ਲਈ ਜਾਨ ਦੇਣ ਲਈ ਤਿਆਰ ਰਹਿੰਦੇ ਹਨ ਜਾਂ ਨਹੀਂ? (w13-E 07/01)