ਆਪਣੇ ਬੱਚਿਆਂ ਨੂੰ ਸਿਖਾਓ
ਪਤਰਸ ਤੇ ਹਨਾਨਿਆ ਨੇ ਝੂਠ ਬੋਲਿਆ—ਅਸੀਂ ਇਸ ਤੋਂ ਕੀ ਸਬਕ ਸਿੱਖਦੇ ਹਾਂ?
ਕੀ ਤੈਨੂੰ ਪਤਾ ਹੈ ਕਿ ਝੂਠ ਬੋਲਣਾ ਕੀ ਹੁੰਦਾ ਹੈ? ਝੂਠ ਉਸ ਨੂੰ ਕਹਿੰਦੇ ਹਨ ਜਦੋਂ ਕੋਈ ਸੱਚ ਨਹੀਂ ਬੋਲਦਾ। ਕੀ ਤੂੰ ਕਦੇ ਝੂਠ ਬੋਲਿਆ ਹੈ?— * ਕੁਝ ਵੱਡਿਆਂ ਨੇ ਵੀ ਝੂਠ ਬੋਲਿਆ ਸੀ ਜਿਹੜੇ ਪਰਮੇਸ਼ੁਰ ਨਾਲ ਪਿਆਰ ਕਰਦੇ ਸਨ। ਬਾਈਬਲ ਵਿੱਚੋਂ ਤੂੰ ਸ਼ਾਇਦ ਪਤਰਸ ਨਾਂ ਦੇ ਆਦਮੀ ਬਾਰੇ ਸੁਣਿਆ ਹੋਵੇ ਜੋ ਯਿਸੂ ਦੇ 12 ਰਸੂਲਾਂ ਵਿੱਚੋਂ ਇਕ ਸੀ। ਆਓ ਅਸੀਂ ਉਸ ਦੀ ਕਹਾਣੀ ਸੁਣੀਏ ਤੇ ਦੇਖੀਏ ਕਿ ਉਸ ਨੇ ਝੂਠ ਕਿਉਂ ਬੋਲਿਆ ਸੀ।
ਯਿਸੂ ਨੂੰ ਅੱਧੀ ਰਾਤ ਗਿਰਫ਼ਤਾਰ ਕਰ ਕੇ ਮਹਾਂ ਪੁਜਾਰੀ ਦੇ ਘਰ ਲਿਜਾਇਆ ਜਾਂਦਾ ਹੈ। ਪਤਰਸ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਜਾਂਦਾ ਹੈ। ਜਦ ਉਹ ਪੁਜਾਰੀ ਦੇ ਘਰ ਦੇ ਵਿਹੜੇ ਵਿਚ ਜਾਂਦਾ ਹੈ, ਤਾਂ ਕੋਈ ਵੀ ਉਸ ਨੂੰ ਨਹੀਂ ਪਛਾਣਦਾ। ਪਰ ਅੱਗ ਦੀ ਰੋਸ਼ਨੀ ਵਿਚ ਮਹਾਂ ਪੁਜਾਰੀ ਦੀ ਨੌਕਰਾਣੀ ਉਸ ਨੂੰ ਪਛਾਣ ਲੈਂਦੀ ਹੈ। ਉਹ ਕਹਿੰਦੀ ਹੈ: “ਤੂੰ ਵੀ ਉਸ ਯਿਸੂ ਗਲੀਲੀ ਦੇ ਨਾਲ ਸੀ!” ਡਰਦਾ ਮਾਰਾ ਪਤਰਸ ਕਹਿੰਦਾ ਹੈ ਕਿ ਉਹ ਉਸ ਦੇ ਨਾਲ ਨਹੀਂ ਸੀ।
ਬਾਈਬਲ ਕਹਿੰਦੀ ਹੈ ਕਿ ਬਾਅਦ ਵਿਚ ‘ਇਕ ਹੋਰ ਕੁੜੀ ਨੇ ਉਸ ਨੂੰ ਦੇਖਿਆ।’ ਉਸ ਨੇ ਕਿਹਾ: “ਇਹ ਵੀ ਉਸ ਯਿਸੂ ਨਾਸਰੀ ਨਾਲ ਸੀ।” ਪਤਰਸ ਫਿਰ ਇਨਕਾਰ ਕਰ ਦਿੰਦਾ ਹੈ। ਥੋੜ੍ਹੀ ਦੇਰ ਬਾਅਦ ਕੁਝ ਹੋਰ ਲੋਕ ਵੀ ਕਹਿਣ ਲੱਗੇ: “ਤੂੰ ਪੱਕਾ ਉਨ੍ਹਾਂ ਵਿੱਚੋਂ ਹੈਂ ਕਿਉਂਕਿ ਤੇਰੀ ਬੋਲੀ ਤੋਂ ਪਤਾ ਲੱਗਦਾ ਹੈ।”
ਪਤਰਸ ਇੰਨਾ ਡਰ ਜਾਂਦਾ ਹੈ ਕਿ ਤੀਸਰੀ ਵਾਰ ਉਹ ਝੂਠ ਬੋਲਦਾ ਹੈ: “ਮੈਂ ਨਹੀਂ ਜਾਣਦਾ ਉਸ ਬੰਦੇ ਨੂੰ!” ਫਿਰ ਕੁੱਕੜ ਬਾਂਗ ਦਿੰਦਾ ਹੈ। ਯਿਸੂ ਪਤਰਸ ਵੱਲ ਦੇਖਦਾ ਹੈ ਤੇ ਕੁਝ ਘੰਟੇ ਪਹਿਲਾਂ ਪਤਰਸ ਨੂੰ ਯਿਸੂ ਦੀ ਕਹੀ ਗੱਲ ਯਾਦ ਆਉਂਦੀ ਹੈ। ਯਿਸੂ ਨੇ ਉਸ ਨੂੰ ਕਿਹਾ ਸੀ: “ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਇਸ ਗੱਲ ਤੋਂ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਜਾਣਦਾ ਹੈਂ।” ਪਤਰਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ ਤੇ ਉਹ ਭੁੱਬਾਂ ਮਾਰ-ਮਾਰ ਕੇ ਰੋਂਦਾ ਹੈ।
ਕੀ ਤੇਰੇ ਨਾਲ ਕਦੇ ਇਸ ਤਰ੍ਹਾਂ ਹੋ ਸਕਦਾ ਹੈ?— ਤੂੰ ਸ਼ਾਇਦ ਸਕੂਲ ਵਿਚ ਨਿਆਣਿਆਂ ਨੂੰ ਯਹੋਵਾਹ ਦੇ ਗਵਾਹਾਂ ਬਾਰੇ ਗੱਲ ਕਰਦਿਆਂ ਸੁਣੇਂ। ਇਕ ਕਹਿੰਦਾ ਹੈ: “ਉਹ ਝੰਡੇ ਨੂੰ ਸਲਾਮੀ ਨਹੀਂ ਦਿੰਦੇ,” ਹੋਰ ਕੋਈ ਕਹਿੰਦਾ ਹੈ: “ਉਹ ਆਪਣੇ ਦੇਸ਼ ਲਈ ਲੜਦੇ ਨਹੀਂ।” ਕੋਈ ਹੋਰ ਕਹਿੰਦਾ ਹੈ: “ਉਹ ਮਸੀਹੀ ਨਹੀਂ ਹਨ ਕਿਉਂਕਿ ਉਹ ਕ੍ਰਿਸਮਸ ਨਹੀਂ ਮਨਾਉਂਦੇ।”
ਫਿਰ ਕੋਈ ਜਣਾ ਤੁਹਾਨੂੰ ਕਹਿੰਦਾ ਹੈ: “ਤੂੰ ਵੀ ਤਾਂ ਯਹੋਵਾਹ ਦਾ ਗਵਾਹ ਹੈਂ?” ਤੂੰ ਕੀ ਕਹੇਂਗਾ?—ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣ ਤੋਂ ਪਹਿਲਾਂ ਤੈਨੂੰ ਤਿਆਰੀ ਕਰਨ ਦੀ ਲੋੜ ਹੈ। ਪਤਰਸ ਜਵਾਬ ਦੇਣ ਲਈ ਤਿਆਰ ਨਹੀਂ ਸੀ। ਜਦੋਂ ਉਸ ’ਤੇ ਦਬਾਅ ਪਾਇਆ ਗਿਆ, ਤਾਂ ਉਸ ਨੇ ਝੂਠ ਬੋਲਿਆ! ਪਰ ਉਸ ਨੇ ਆਪਣੀ ਗ਼ਲਤੀ ਲਈ ਮਾਫ਼ੀ ਮੰਗੀ ਤੇ ਪਰਮੇਸ਼ੁਰ ਨੇ ਉਸ ਨੂੰ ਮਾਫ਼ ਕਰ ਦਿੱਤਾ।
ਯਿਸੂ ਦੇ ਇਕ ਹੋਰ ਚੇਲੇ ਨੇ ਵੀ ਝੂਠ ਬੋਲਿਆ ਸੀ। ਉਸ ਦਾ ਨਾਂ ਹਨਾਨਿਆ ਸੀ। ਪਰ ਪਰਮੇਸ਼ੁਰ ਨੇ ਨਾ ਤਾਂ ਉਸ ਨੂੰ ਤੇ ਨਾ ਹੀ ਉਸ ਦੀ ਪਤਨੀ ਸਫ਼ੀਰਾ ਨੂੰ ਮਾਫ਼ ਕੀਤਾ। ਉਨ੍ਹਾਂ ਦੋਵਾਂ ਨੇ ਜਾਣ-ਬੁੱਝ ਕੇ ਝੂਠ ਬੋਲਿਆ ਸੀ। ਆਓ ਆਪਾਂ ਦੇਖੀਏ ਕਿ ਪਰਮੇਸ਼ੁਰ ਨੇ ਹਨਾਨਿਆ ਤੇ ਸਫ਼ੀਰਾ ਨੂੰ ਮਾਫ਼ ਕਿਉਂ ਨਹੀਂ ਕੀਤਾ।
ਯਿਸੂ ਆਪਣੇ ਰਸੂਲਾਂ ਨੂੰ ਛੱਡ ਕੇ ਸਵਰਗ ਚਲਾ ਗਿਆ। ਉਸ ਦੇ ਜਾਣ ਤੋਂ 10 ਦਿਨਾਂ ਬਾਅਦ ਯਰੂਸ਼ਲਮ ਵਿਚ ਕੁਝ 3,000 ਲੋਕਾਂ ਨੇ ਬਪਤਿਸਮਾ ਲਿਆ। ਕੁਝ ਲੋਕ ਦੂਰੋਂ-ਦੂਰੋਂ ਪੰਤੇਕੁਸਤ ਦਾ ਤਿਉਹਾਰ ਮਨਾਉਣ ਲਈ ਆਏ ਸਨ। ਯਿਸੂ ਦੇ ਚੇਲੇ ਬਣਨ ਤੋਂ ਬਾਅਦ ਉਹ ਨਵੀਆਂ ਸਿੱਖੀਆਂ ਗੱਲਾਂ ਬਾਰੇ ਹੋਰ ਜਾਣਨ ਲਈ ਯਰੂਸ਼ਲਮ ਵਿਚ ਰਹੇ। ਇਸ ਲਈ ਯਿਸੂ ਦੇ ਕੁਝ ਚੇਲਿਆਂ ਨੇ ਆਪਣੇ ਪੈਸਿਆਂ ਨਾਲ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ।
ਹਨਾਨਿਆ ਤੇ ਸਫ਼ੀਰਾ ਨੇ ਆਪਣੀ ਕੁਝ ਜਾਇਦਾਦ ਵੇਚ ਕੇ ਯਿਸੂ ਦੇ ਨਵੇਂ ਚੇਲਿਆਂ ਦੀ ਮਦਦ ਕਰਨ ਲਈ ਪੈਸੇ ਦਿੱਤੇ। ਜਦੋਂ ਹਨਾਨਿਆ ਰਸੂਲਾਂ ਕੋਲ ਪੈਸੇ ਲਿਆਇਆ, ਤਾਂ ਉਸ ਨੇ ਕਿਹਾ ਕਿ ਇਹ ਸਾਰੇ ਪੈਸੇ ਹਨ। ਪਰ ਇਹ ਝੂਠ ਸੀ! ਉਸ ਨੇ ਕੁਝ ਪੈਸੇ ਆਪਣੇ ਕੋਲ ਰੱਖੇ ਸਨ! ਪਰਮੇਸ਼ੁਰ ਨੇ ਪਤਰਸ ਨੂੰ ਇਸ ਬਾਰੇ ਦੱਸਿਆ ਤੇ ਪਤਰਸ ਨੇ ਹਨਾਨਿਆ ਨੂੰ ਕਿਹਾ: “ਤੂੰ ਇਨਸਾਨਾਂ ਨਾਲ ਨਹੀਂ, ਪਰਮੇਸ਼ੁਰ ਨਾਲ ਝੂਠ ਬੋਲਿਆ ਹੈ।” ਉਸੇ ਵਕਤ ਹਨਾਨਿਆ ਡਿਗ ਕੇ ਮਰ ਗਿਆ! ਤਿੰਨ ਕੁ ਘੰਟੇ ਬਾਅਦ ਉਸ ਦੀ ਪਤਨੀ ਆਈ। ਉਸ ਨੂੰ ਪਤਾ ਨਹੀਂ ਸੀ ਕਿ ਉਸ ਦੇ ਪਤੀ ਨਾਲ ਕੀ ਹੋਇਆ। ਉਸ ਨੇ ਵੀ ਝੂਠ ਬੋਲਿਆ ਤੇ ਉਹ ਵੀ ਡਿਗ ਕੇ ਮਰ ਗਈ।
ਅਸੀਂ ਇਸ ਤੋਂ ਕੀ ਸਬਕ ਸਿੱਖਦੇ ਹਾਂ? ਸਾਡੇ ਸਾਰਿਆਂ ਲਈ ਸੱਚ ਬੋਲਣਾ ਬਹੁਤ ਜ਼ਰੂਰੀ ਹੈ! ਪਰ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ, ਖ਼ਾਸ ਕਰਕੇ ਜਦੋਂ ਅਸੀਂ ਨਿਆਣੇ ਹੁੰਦੇ ਹਾਂ। ਕੀ ਤੂੰ ਖ਼ੁਸ਼ ਨਹੀਂ ਕਿ ਯਹੋਵਾਹ ਤੈਨੂੰ ਪਿਆਰ ਕਰਦਾ ਹੈ ਤੇ ਉਹ ਤੈਨੂੰ ਵੀ ਮਾਫ਼ ਕਰੇਗਾ ਜਿਵੇਂ ਉਸ ਨੇ ਪਤਰਸ ਨੂੰ ਮਾਫ਼ ਕੀਤਾ ਸੀ?— ਪਰ ਇਹ ਗੱਲ ਯਾਦ ਰੱਖ ਕਿ ਸਾਨੂੰ ਸੱਚ ਬੋਲਣ ਦੀ ਲੋੜ ਹੈ। ਜੇ ਸਾਡੇ ਕੋਲੋਂ ਝੂਠ ਬੋਲਣ ਦੀ ਗ਼ਲਤੀ ਹੋ ਜਾਵੇ, ਤਾਂ ਸਾਨੂੰ ਪਰਮੇਸ਼ੁਰ ਤੋਂ ਮਾਫ਼ੀ ਮੰਗਣ ਦੀ ਲੋੜ ਹੈ। ਪਤਰਸ ਨੇ ਵੀ ਇਸੇ ਤਰ੍ਹਾਂ ਕੀਤਾ ਜਿਸ ਕਰਕੇ ਉਸ ਨੂੰ ਮਾਫ਼ੀ ਮਿਲੀ। ਜੇ ਅਸੀਂ ਦੁਬਾਰਾ ਝੂਠ ਨਾ ਬੋਲਣ ਦੀ ਪੂਰੀ ਕੋਸ਼ਿਸ਼ ਕਰੀਏ, ਤਾਂ ਪਰਮੇਸ਼ੁਰ ਸਾਨੂੰ ਵੀ ਮਾਫ਼ ਕਰੇਗਾ! (w13-E 03/01)
ਬਾਈਬਲ ਵਿੱਚੋਂ ਪੜ੍ਹੋ
^ ਪੇਰਗ੍ਰੈਫ 3 ਜੇ ਤੁਸੀਂ ਕਿਸੇ ਨਿਆਣੇ ਨਾਲ ਇਹ ਲੇਖ ਪੜ੍ਹ ਰਹੇ ਹੋ, ਤਾਂ ਜਿਸ ਸਵਾਲ ਦੇ ਪਿੱਛੇ ਡੈਸ਼ (—) ਆਉਂਦਾ ਹੈ ਉੱਥੇ ਰੁਕ ਕੇ ਬੱਚੇ ਨੂੰ ਜਵਾਬ ਦੇਣ ਦਾ ਮੌਕਾ ਦਿਓ।