Skip to content

Skip to table of contents

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ | ਹਾਬਲ

‘ਭਾਵੇਂ ਉਹ ਮਰ ਚੁੱਕਾ ਹੈ, ਫਿਰ ਵੀ ਉਹ ਸਾਨੂੰ ਸਿਖਾ ਰਿਹਾ ਹੈ’

‘ਭਾਵੇਂ ਉਹ ਮਰ ਚੁੱਕਾ ਹੈ, ਫਿਰ ਵੀ ਉਹ ਸਾਨੂੰ ਸਿਖਾ ਰਿਹਾ ਹੈ’

ਹਾਬਲ ਨੇ ਪਹਾੜੀ ’ਤੇ ਆਪਣੀਆਂ ਭੇਡਾਂ ਨੂੰ ਚੁੱਪ-ਚਾਪ ਘਾਹ ਚਰਦੀਆਂ ਦੇਖਿਆ। ਫਿਰ ਸ਼ਾਇਦ ਉਸ ਨੇ ਭੇਡਾਂ ਤੋਂ ਕਾਫ਼ੀ ਦੂਰ ਇਕ ਥਾਂ ਦੇਖੀ ਜਿੱਥੇ ਉਸ ਨੂੰ ਇਕ ਹਲਕੀ ਜਿਹੀ ਚਮਕ ਨਜ਼ਰ ਆਉਂਦੀ ਸੀ। ਉਹ ਜਾਣਦਾ ਸੀ ਕਿ ਉੱਥੇ ਇਕ ਬਲ਼ਦੀ ਤੇ ਚਮਕਦੀ ਤਲਵਾਰ ਘੁੰਮ ਰਹੀ ਸੀ ਅਤੇ ਹਮੇਸ਼ਾ ਘੁੰਮਦੀ ਰਹਿੰਦੀ ਸੀ ਤੇ ਅਦਨ ਦੇ ਬਾਗ਼ ਨੂੰ ਜਾਂਦਾ ਰਾਹ ਬੰਦ ਰੱਖਦੀ ਸੀ। ਇਕ ਸਮੇਂ ਤੇ ਉੱਥੇ ਉਸ ਦੇ ਮਾਤਾ-ਪਿਤਾ ਰਹਿੰਦੇ ਹੁੰਦੇ ਸਨ। ਪਰ ਹੁਣ ਨਾ ਤਾਂ ਉਹ ਤੇ ਨਾ ਹੀ ਉਨ੍ਹਾਂ ਦੇ ਬੱਚੇ ਬਾਗ਼ ਵਿਚ ਵੜ ਸਕਦੇ ਸਨ। ਹੁਣ ਜ਼ਰਾ ਕਲਪਨਾ ਕਰੋ ਕਿ ਸ਼ਾਮ ਦਾ ਵੇਲਾ ਹੈ ਤੇ ਹਲਕੀ-ਹਲਕੀ ਹਵਾ ਵਿਚ ਹਾਬਲ ਦੇ ਵਾਲ਼ ਉੱਡ ਰਹੇ ਹਨ ਜਿਉਂ ਹੀ ਉਸ ਨੇ ਨਜ਼ਰਾਂ ਚੁੱਕ ਕੇ ਉੱਪਰ ਦੇਖਿਆ ਤੇ ਆਪਣੇ ਸਿਰਜਣਹਾਰ ਬਾਰੇ ਸੋਚਿਆ। ਕੀ ਇਨਸਾਨ ਤੇ ਪਰਮੇਸ਼ੁਰ ਵਿਚਕਾਰ ਪਿਆ ਪਾੜ ਕਦੇ ਭਰੇਗਾ? ਹਾਬਲ ਬਸ ਇਹੀ ਚਾਹੁੰਦਾ ਸੀ।

ਹਾਬਲ ਅੱਜ ਤੁਹਾਨੂੰ ਸਿਖਾਉਂਦਾ ਹੈ। ਕੀ ਤੁਸੀਂ ਉਸ ਤੋਂ ਸਿੱਖਣ ਲਈ ਤਿਆਰ ਹੋ? ਤੁਸੀਂ ਸ਼ਾਇਦ ਕਹੋ ਕਿ ਇਸ ਤਰ੍ਹਾਂ ਕਦੇ ਹੋ ਹੀ ਨਹੀਂ ਸਕਦਾ ਕਿਉਂਕਿ ਆਦਮ ਦੇ ਇਸ ਦੂਜੇ ਪੁੱਤਰ ਨੂੰ ਮਰਿਆਂ ਤਾਂ ਸਦੀਆਂ ਬੀਤ ਚੁੱਕੀਆਂ ਹਨ। ਉਸ ਦੀਆਂ ਅਸਥੀਆਂ ਦਾ ਕੋਈ ਥਹੁ-ਪਤਾ ਨਹੀਂ ਜੋ ਤਕਰੀਬਨ 60 ਸਦੀਆਂ ਪਹਿਲਾਂ ਮਿੱਟੀ ਵਿਚ ਮਿਲ ਚੁੱਕੀਆਂ ਹਨ। ਮਰੇ ਹੋਏ ਲੋਕਾਂ ਬਾਰੇ ਬਾਈਬਲ ਸਿਖਾਉਂਦੀ ਹੈ: “ਮੋਏ ਕੁਝ ਵੀ ਨਹੀਂ ਜਾਣਦੇ।” (ਉਪਦੇਸ਼ਕ ਦੀ ਪੋਥੀ 9:5, 10) ਇਸ ਤੋਂ ਇਲਾਵਾ, ਹਾਬਲ ਨੇ ਕਦੇ ਵੀ ਅਜਿਹਾ ਲਫ਼ਜ਼ ਨਹੀਂ ਕਿਹਾ ਜੋ ਬਾਈਬਲ ਵਿਚ ਦਰਜ ਕੀਤਾ ਗਿਆ ਹੋਵੇ। ਤਾਂ ਫਿਰ ਉਹ ਸਾਨੂੰ ਕਿਵੇਂ ਸਿਖਾਉਂਦਾ ਹੈ?

ਪੌਲੁਸ ਰਸੂਲ ਨੇ ਹਾਬਲ ਬਾਰੇ ਕਿਹਾ: “ਭਾਵੇਂ ਉਹ ਮਰ ਚੁੱਕਾ ਹੈ, ਫਿਰ ਵੀ ਉਹ ਆਪਣੀ ਨਿਹਚਾ ਦੇ ਰਾਹੀਂ ਸਾਨੂੰ ਸਿਖਾ ਰਿਹਾ ਹੈ।” (ਇਬਰਾਨੀਆਂ 11:4) ਹਾਬਲ ਸਾਨੂੰ ਕਿਵੇਂ ਸਿਖਾਉਂਦਾ ਹੈ? ਉਹ ਆਪਣੀ ਨਿਹਚਾ ਰਾਹੀਂ ਸਾਨੂੰ ਸਿਖਾਉਂਦਾ ਹੈ। ਹਾਬਲ ਉਹ ਪਹਿਲਾ ਇਨਸਾਨ ਸੀ ਜਿਸ ਨੇ ਨਿਹਚਾ ਦਾ ਗੁਣ ਪੈਦਾ ਕੀਤਾ। ਉਸ ਨੇ ਇੰਨੇ ਵਧੀਆ ਤਰੀਕੇ ਨਾਲ ਆਪਣੀ ਨਿਹਚਾ ਦਾ ਸਬੂਤ ਦਿੱਤਾ ਕਿ ਉਹ ਅੱਜ ਸਾਡੇ ਲਈ ਵੀ ਇਕ ਵਧੀਆ ਮਿਸਾਲ ਹੈ। ਜੇ ਅਸੀਂ ਉਸ ਦੀ ਨਿਹਚਾ ਤੋਂ ਸਿੱਖੀਏ ਅਤੇ ਉਸ ਦੀ ਨਕਲ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਅਸੀਂ ਦਿਖਾਵਾਂਗੇ ਕਿ ਹਾਬਲ ਦੀ ਮਿਸਾਲ ਸਾਡੇ ਉੱਤੇ ਅਸਰ ਕਰ ਰਹੀ ਹੈ।

ਅਸੀਂ ਹਾਬਲ ਅਤੇ ਉਸ ਦੀ ਨਿਹਚਾ ਤੋਂ ਕੀ ਸਿੱਖ ਸਕਦੇ ਹਾਂ ਜਦੋਂ ਕਿ ਉਸ ਬਾਰੇ ਬਾਈਬਲ ਵਿਚ ਇੰਨਾ ਕੁਝ ਨਹੀਂ ਦੱਸਿਆ ਗਿਆ? ਆਓ ਦੇਖੀਏ।

ਮੁੱਠੀ ਭਰ ਲੋਕਾਂ ਦੀ ਦੁਨੀਆਂ ਵਿਚ ਵੱਡੇ ਹੋਣਾ

ਹਾਬਲ ਪਹਿਲੇ ਇਨਸਾਨ ਰਚੇ ਜਾਣ ਤੋਂ ਥੋੜ੍ਹੀ ਦੇਰ ਬਾਅਦ ਪੈਦਾ ਹੋਇਆ ਸੀ। ਯਿਸੂ ਨੇ ਕਿਹਾ ਕਿ ਹਾਬਲ “ਦੁਨੀਆਂ ਦੀ ਨੀਂਹ” ਰੱਖੇ ਜਾਣ ਸਮੇਂ ਰਹਿੰਦਾ ਸੀ। (ਲੂਕਾ 11:50, 51) ਯਿਸੂ ਦੁਨੀਆਂ ਦੇ ਉਨ੍ਹਾਂ ਲੋਕਾਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਕੋਲ ਪਾਪ ਤੋਂ ਛੁੱਟਣ ਦੀ ਉਮੀਦ ਹੈ। ਭਾਵੇਂ ਹਾਬਲ ਧਰਤੀ ਉੱਤੇ ਚੌਥਾ ਇਨਸਾਨ ਸੀ, ਪਰ ਲੱਗਦਾ ਹੈ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਹ ਪਹਿਲਾ ਇਨਸਾਨ ਸੀ ਜੋ ਪਾਪ ਤੋਂ ਛੁੱਟਣ ਦੇ ਲਾਇਕ ਸਾਬਤ ਹੋਇਆ। * ਇਸ ਤੋਂ ਸਪੱਸ਼ਟ ਹੈ ਕਿ ਹਾਬਲ ਦੇ ਆਲੇ-ਦੁਆਲੇ ਦਾ ਮਾਹੌਲ ਚੰਗਾ ਨਹੀਂ ਸੀ।

ਭਾਵੇਂ ਕਿ ਮੁੱਠੀ ਭਰ ਲੋਕਾਂ ਦੀ ਦੁਨੀਆਂ ਸੀ, ਫਿਰ ਵੀ ਇਨਸਾਨੀ ਪਰਿਵਾਰ ਨੂੰ ਬਹੁਤ ਦੁੱਖ ਝੱਲਣੇ ਪੈ ਰਹੇ ਸਨ। ਹਾਬਲ ਦੇ ਮਾਤਾ-ਪਿਤਾ ਆਦਮ ਅਤੇ ਹੱਵਾਹ ਬਹੁਤ ਖੂਬਸੂਰਤ ਸਨ ਤੇ ਉਨ੍ਹਾਂ ਵਿਚ ਕਾਫ਼ੀ ਜਾਨ ਸੀ। ਪਰ ਉਨ੍ਹਾਂ ਨੇ ਜ਼ਿੰਦਗੀ ਵਿਚ ਬਹੁਤ ਵੱਡੀ ਗ਼ਲਤੀ ਕੀਤੀ ਜਿਸ ਦਾ ਉਨ੍ਹਾਂ ਨੂੰ ਅਹਿਸਾਸ ਸੀ। ਉਹ ਇਕ ਸਮੇਂ ਤੇ ਮੁਕੰਮਲ ਹੁੰਦੇ ਸਨ ਤੇ ਉਨ੍ਹਾਂ ਅੱਗੇ ਹਮੇਸ਼ਾ ਲਈ ਜੀਉਣ ਦਾ ਮੌਕਾ ਸੀ। ਫਿਰ ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਘਰੋਂ ਯਾਨੀ ਅਦਨ ਦੇ ਬਾਗ਼ ਵਿੱਚੋਂ ਕੱਢ ਦਿੱਤਾ ਗਿਆ। ਉਨ੍ਹਾਂ ਨੇ ਹੋਰ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ, ਇੱਥੋਂ ਤਕ ਕਿ ਆਪਣੀ ਔਲਾਦ ਦੀਆਂ ਲੋੜਾਂ ਨਾਲੋਂ ਵੀ ਜ਼ਿਆਦਾ ਆਪਣੀਆਂ ਖ਼ਾਹਸ਼ਾਂ ਪੂਰੀਆਂ ਕਰਨ ਵੱਲ ਧਿਆਨ ਦਿੱਤਾ ਜਿਸ ਕਰਕੇ ਉਹ ਮੁਕੰਮਲਤਾ ਅਤੇ ਹਮੇਸ਼ਾ ਦੀ ਜ਼ਿੰਦਗੀ ਗੁਆ ਬੈਠੇ।—ਉਤਪਤ 2:15–3:24.

ਬਾਗ਼ ਤੋਂ ਬਾਹਰ ਆਦਮ ਅਤੇ ਹੱਵਾਹ ਲਈ ਜੀਉਣਾ ਔਖਾ ਸੀ। ਪਰ ਜਦੋਂ ਉਨ੍ਹਾਂ ਦੇ ਪਹਿਲੇ ਬੱਚੇ ਦਾ ਜਨਮ ਹੋਇਆ, ਉਨ੍ਹਾਂ ਨੇ ਉਸ ਦਾ ਨਾਂ ਕਾਇਨ ਰੱਖਿਆ ਜਿਸ ਦਾ ਮਤਲਬ ਹੈ “ਕੁਝ ਪੈਦਾ ਹੋਇਆ” ਅਤੇ ਹੱਵਾਹ ਨੇ ਕਿਹਾ: “ਯਹੋਵਾਹ ਦੀ ਸਹਾਇਤਾ ਨਾਲ, ਮੈਂ ਇੱਕ ਆਦਮੀ ਨੂੰ ਪ੍ਰਾਪਤ ਕੀਤਾ ਹੈ।” (ਉਤਪਤ 4:1, ERV) ਉਸ ਦੇ ਸ਼ਬਦਾਂ ਤੋਂ ਲੱਗਦਾ ਹੈ ਕਿ ਸ਼ਾਇਦ ਉਸ ਦੇ ਮਨ ਵਿਚ ਅਦਨ ਦੇ ਬਾਗ਼ ਵਿਚ ਕੀਤਾ ਯਹੋਵਾਹ ਦਾ ਉਹ ਵਾਅਦਾ ਸੀ ਕਿ ਕੋਈ ਤੀਵੀਂ ਇਕ “ਸੰਤਾਨ” ਪੈਦਾ ਕਰੇਗੀ ਜੋ ਇਕ ਦਿਨ ਉਸ ਦੁਸ਼ਟ ਦਾ ਨਾਸ਼ ਕਰੇਗੀ ਜਿਸ ਨੇ ਆਦਮ ਅਤੇ ਹੱਵਾਹ ਨੂੰ ਯਹੋਵਾਹ ਤੋਂ ਦੂਰ ਕਰ ਦਿੱਤਾ ਸੀ। (ਉਤਪਤ 3:15) ਕੀ ਹੱਵਾਹ ਨੇ ਇਹ ਸੋਚਿਆ ਸੀ ਕਿ ਉਹ ਭਵਿੱਖਬਾਣੀ ਵਿਚਲੀ ਤੀਵੀਂ ਸੀ ਅਤੇ ਕਾਇਨ ਵਾਅਦਾ ਕੀਤੀ ਹੋਈ “ਸੰਤਾਨ” ਸੀ?

ਜੇ ਹਾਂ, ਤਾਂ ਉਹ ਗ਼ਲਤ ਸੋਚ ਰਹੀ ਸੀ। ਹੋਰ ਤਾਂ ਹੋਰ ਜੇ ਉਸ ਨੇ ਤੇ ਆਦਮ ਨੇ ਇਹੋ ਜਿਹੀਆਂ ਗੱਲਾਂ ਕਾਇਨ ਦੇ ਮਨ ਵਿਚ ਭਰੀਆਂ ਸਨ, ਤਾਂ ਉਨ੍ਹਾਂ ਨੇ ਉਸ ਨੂੰ ਹੋਰ ਘਮੰਡੀ ਬਣਾ ਕੇ ਚੰਗਾ ਨਹੀਂ ਕੀਤਾ। ਕੁਝ ਸਮੇਂ ਬਾਅਦ ਹੱਵਾਹ ਨੇ ਦੂਜਾ ਪੁੱਤਰ ਪੈਦਾ ਕੀਤਾ, ਪਰ ਉਸ ਬਾਰੇ ਸਾਨੂੰ ਉੱਚੀਆਂ-ਉੱਚੀਆਂ ਗੱਲਾਂ ਪੜ੍ਹਨ ਨੂੰ ਨਹੀਂ ਮਿਲਦੀਆਂ। ਉਨ੍ਹਾਂ ਨੇ ਉਸ ਦਾ ਨਾਂ ਹਾਬਲ ਰੱਖਿਆ ਜਿਸ ਦਾ ਮਤਲਬ ਹੋ ਸਕਦਾ ਹੈ “ਸਾਹ” ਜਾਂ “ਵਿਅਰਥ।” (ਉਤਪਤ 4:2) ਕੀ ਇਹ ਨਾਂ ਰੱਖਣ ਤੋਂ ਇਹ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਹਾਬਲ ਤੋਂ ਕਾਇਨ ਨਾਲੋਂ ਘੱਟ ਉਮੀਦਾਂ ਲਾਈਆਂ? ਅਸੀਂ ਪੱਕਾ ਨਹੀਂ ਕਹਿ ਸਕਦੇ।

ਜੋ ਵੀ ਸੀ, ਅੱਜ ਮਾਪੇ ਉਨ੍ਹਾਂ ਪਹਿਲੇ ਮਾਪਿਆਂ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਨ। ਕੀ ਤੁਸੀਂ ਆਪਣੀ ਕਹਿਣੀ ਤੇ ਕਰਨੀ ਦੁਆਰਾ ਆਪਣੇ ਬੱਚਿਆਂ ਨੂੰ ਘਮੰਡੀ, ਖ਼ੁਦਗਰਜ਼ ਅਤੇ ਸੁਆਰਥੀ ਬਣਾਓਗੇ? ਜਾਂ ਕੀ ਤੁਸੀਂ ਉਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨਾਲ ਪਿਆਰ ਅਤੇ ਉਸ ਨਾਲ ਦੋਸਤੀ ਕਰਨੀ ਸਿਖਾਓਗੇ? ਅਫ਼ਸੋਸ ਦੀ ਗੱਲ ਹੈ ਕਿ ਪਹਿਲੇ ਮਾਪਿਆਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਨਹੀਂ। ਪਰ ਉਨ੍ਹਾਂ ਦੀ ਔਲਾਦ ਲਈ ਉਮੀਦ ਦੀ ਇਕ ਕਿਰਨ ਸੀ।

ਹਾਬਲ ਨੇ ਨਿਹਚਾ ਪੈਦਾ ਕੀਤੀ—ਕਿਵੇਂ?

ਜਿਉਂ-ਜਿਉਂ ਇਹ ਮੁੰਡੇ ਵੱਡੇ ਹੁੰਦੇ ਗਏ, ਆਦਮ ਨੇ ਪਰਿਵਾਰ ਦੇ ਗੁਜ਼ਾਰੇ ਲਈ ਉਨ੍ਹਾਂ ਨੂੰ ਕੰਮ ਕਰਨਾ ਸਿਖਾਇਆ ਹੋਵੇਗਾ। ਕਾਇਨ ਖੇਤੀਬਾੜੀ ਕਰਨ ਲੱਗ ਪਿਆ ਅਤੇ ਹਾਬਲ ਚਰਵਾਹੇ ਦਾ ਕੰਮ ਕਰਨ ਲੱਗ ਪਿਆ।

ਪਰ ਹਾਬਲ ਨੇ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਕੁਝ ਕੀਤਾ। ਕਈ ਸਾਲਾਂ ਤੋਂ ਉਸ ਨੇ ਆਪਣੇ ਅੰਦਰ ਨਿਹਚਾ ਦਾ ਵਧੀਆ ਗੁਣ ਪੈਦਾ ਕੀਤਾ ਜਿਸ ਬਾਰੇ ਬਾਅਦ ਵਿਚ ਪੌਲੁਸ ਨੇ ਲਿਖਿਆ ਸੀ। ਜ਼ਰਾ ਸੋਚੋ, ਹਾਬਲ ਵਾਸਤੇ ਇਸ ਤਰ੍ਹਾਂ ਦੇ ਇਨਸਾਨ ਦੀ ਕੋਈ ਮਿਸਾਲ ਨਹੀਂ ਸੀ ਜਿਸ ’ਤੇ ਉਹ ਚੱਲ ਸਕਦਾ। ਤਾਂ ਫਿਰ ਉਸ ਨੇ ਯਹੋਵਾਹ ਪਰਮੇਸ਼ੁਰ ਉੱਤੇ ਨਿਹਚਾ ਕਿਵੇਂ ਪੈਦਾ ਕੀਤੀ? ਆਓ ਅਸੀਂ ਤਿੰਨ ਗੱਲਾਂ ਉੱਤੇ ਧਿਆਨ ਦੇਈਏ ਜਿਨ੍ਹਾਂ ਦੇ ਆਧਾਰ ’ਤੇ ਉਸ ਨੇ ਪੱਕੀ ਨਿਹਚਾ ਪੈਦਾ ਕੀਤੀ।

ਯਹੋਵਾਹ ਦੀ ਸ੍ਰਿਸ਼ਟੀ।

ਇਹ ਸੱਚ ਹੈ ਕਿ ਯਹੋਵਾਹ ਨੇ ਜ਼ਮੀਨ ਨੂੰ ਸਰਾਪ ਦਿੱਤਾ ਸੀ ਕਿ ਇਹ ਕੰਡੇ ਤੇ ਝਾੜੀਆਂ ਉਗਾਵੇਗੀ ਜਿਨ੍ਹਾਂ ਕਾਰਨ ਖੇਤੀਬਾੜੀ ਕਰਨ ਵਿਚ ਰੁਕਾਵਟ ਪਵੇਗੀ। ਫਿਰ ਵੀ ਧਰਤੀ ’ਤੇ ਕਾਫ਼ੀ ਖਾਣਾ ਉੱਗਦਾ ਸੀ ਜਿਸ ਨਾਲ ਹਾਬਲ ਦਾ ਪਰਿਵਾਰ ਜੀਉਂਦਾ ਰਿਹਾ। ਪਰ ਜਾਨਵਰਾਂ, ਪੰਛੀਆਂ, ਮੱਛੀਆਂ, ਪਹਾੜਾਂ, ਝੀਲਾਂ, ਨਦੀਆਂ, ਸਮੁੰਦਰਾਂ, ਆਕਾਸ਼ਾਂ, ਬੱਦਲਾਂ, ਸੂਰਜ, ਚੰਦ ਅਤੇ ਤਾਰਿਆਂ ਨੂੰ ਕੋਈ ਸਰਾਪ ਨਹੀਂ ਸੀ ਦਿੱਤਾ ਗਿਆ। ਹਾਬਲ ਜਿੱਧਰ ਵੀ ਦੇਖਦਾ ਸੀ, ਉਸ ਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਰਚਣ ਵਾਲੇ ਯਹੋਵਾਹ ਪਰਮੇਸ਼ੁਰ ਦਾ ਗਹਿਰਾ ਪਿਆਰ, ਬੁੱਧ ਅਤੇ ਭਲਾਈ ਦਾ ਸਬੂਤ ਨਜ਼ਰ ਆਇਆ। (ਰੋਮੀਆਂ 1:20) ਇਨ੍ਹਾਂ ਚੀਜ਼ਾਂ ਉੱਤੇ ਸੋਚ-ਵਿਚਾਰ ਕਰਨ ਨਾਲ ਉਸ ਦੀ ਨਿਹਚਾ ਪੱਕੀ ਹੋਈ।

ਹਾਬਲ ਨੇ ਯਹੋਵਾਹ ਪਰਮੇਸ਼ੁਰ ਬਾਰੇ ਸੋਚ-ਵਿਚਾਰ ਕਰਨ ਲਈ ਜ਼ਰੂਰ ਸਮਾਂ ਕੱਢਿਆ ਹੋਣਾ। ਜ਼ਰਾ ਆਪਣੇ ਮਨ ਦੀਆਂ ਅੱਖਾਂ ਨਾਲ ਉਸ ਨੂੰ ਆਪਣੀਆਂ ਭੇਡਾਂ ਚਾਰਦੇ ਦੇਖੋ। ਚਰਵਾਹੇ ਨੂੰ ਬਹੁਤ ਤੁਰਨਾ ਪੈਂਦਾ ਸੀ। ਉਹ ਆਪਣੀਆਂ ਨਾਜ਼ੁਕ ਭੇਡਾਂ ਨੂੰ ਪਹਾੜੀਆਂ ਉੱਤੇ, ਵਾਦੀਆਂ ਵਿੱਚੋਂ ਦੀ ਅਤੇ ਨਦੀਆਂ ਤੋਂ ਪਾਰ ਲੈ ਕੇ ਜਾਂਦਾ ਸੀ ਤਾਂਕਿ ਉਨ੍ਹਾਂ ਨੂੰ ਹਰਾ-ਹਰਾ ਘਾਹ ਮਿਲੇ, ਚੰਗੇ ਪਾਣੀ ਦੇ ਟੋਏ ਅਤੇ ਛਾਂ ਮਿਲੇ ਜਿੱਥੇ ਉਹ ਆਰਾਮ ਕਰ ਸਕਦੀਆਂ ਸਨ। ਲੱਗਦਾ ਹੈ ਕਿ ਪਰਮੇਸ਼ੁਰ ਦੇ ਬਣਾਏ ਸਾਰੇ ਜਾਨਵਰਾਂ ਵਿੱਚੋਂ ਭੇਡ ਸਭ ਤੋਂ ਜ਼ਿਆਦਾ ਲਾਚਾਰ ਹੈ ਜਿਸ ਨੂੰ ਮਾਨੋ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਉਸ ਨੂੰ ਅਗਵਾਈ ਅਤੇ ਰਾਖੀ ਲਈ ਆਦਮੀ ਦੀ ਲੋੜ ਹੈ। ਕੀ ਹਾਬਲ ਨੂੰ ਵੀ ਲੱਗਾ ਸੀ ਕਿ ਉਸ ਨੂੰ ਕਿਸੇ ਅਜਿਹੇ ਸ਼ਖ਼ਸ ਦੀ ਅਗਵਾਈ, ਰਾਖੀ ਅਤੇ ਦੇਖ-ਭਾਲ ਦੀ ਲੋੜ ਹੈ ਜੋ ਇਨਸਾਨ ਨਾਲੋਂ ਜ਼ਿਆਦਾ ਬੁੱਧੀਮਾਨ ਤੇ ਸ਼ਕਤੀਸ਼ਾਲੀ ਹੈ? ਬਿਨਾਂ ਸ਼ੱਕ ਉਸ ਨੇ ਇਹ ਗੱਲਾਂ ਪ੍ਰਾਰਥਨਾਵਾਂ ਵਿਚ ਕਹੀਆਂ ਹੋਣਗੀਆਂ ਜਿਸ ਦੇ ਨਤੀਜੇ ਵਜੋਂ ਉਸ ਦੀ ਨਿਹਚਾ ਵਧਦੀ ਗਈ।

ਸ੍ਰਿਸ਼ਟੀ ਦੇਖ ਕੇ ਹਾਬਲ ਨੇ ਆਪਣੇ ਸਿਰਜਣਹਾਰ ’ਤੇ ਨਿਹਚਾ ਕੀਤੀ

ਯਹੋਵਾਹ ਦੇ ਵਾਅਦੇ।

ਆਦਮ ਤੇ ਹੱਵਾਹ ਨੇ ਆਪਣੇ ਪੁੱਤਰਾਂ ਨੂੰ ਅਦਨ ਦੇ ਬਾਗ਼ ਵਿਚ ਹੋਈਆਂ ਘਟਨਾਵਾਂ ਬਾਰੇ ਦੱਸਿਆ ਹੋਵੇਗਾ ਜਿਨ੍ਹਾਂ ਕਾਰਨ ਉਨ੍ਹਾਂ ਨੂੰ ਕੱਢ ਦਿੱਤਾ ਗਿਆ ਸੀ। ਇਸ ਤਰ੍ਹਾਂ ਹਾਬਲ ਕਈ ਗੱਲਾਂ ’ਤੇ ਸੋਚ-ਵਿਚਾਰ ਕਰ ਸਕਦਾ ਸੀ।

ਯਹੋਵਾਹ ਨੇ ਕਿਹਾ ਸੀ ਕਿ ਜ਼ਮੀਨ ਸਰਾਪੀ ਜਾਵੇਗੀ। ਹਾਬਲ ਕੰਡੇ ਅਤੇ ਝਾੜੀਆਂ ਸਾਫ਼ ਦੇਖ ਸਕਦਾ ਸੀ ਜੋ ਇਨ੍ਹਾਂ ਸ਼ਬਦਾਂ ਦੀ ਪੂਰਤੀ ਸੀ। ਯਹੋਵਾਹ ਨੇ ਇਹ ਵੀ ਪਹਿਲਾਂ ਦੱਸ ਦਿੱਤਾ ਸੀ ਕਿ ਹੱਵਾਹ ਗਰਭ-ਅਵਸਥਾ ਅਤੇ ਜਨਮ ਦਿੰਦੇ ਸਮੇਂ ਪੀੜ ਸਹੇਗੀ। ਜਿਉਂ-ਜਿਉਂ ਹਾਬਲ ਦੇ ਭੈਣ-ਭਰਾ ਪੈਦਾ ਹੋਏ, ਬਿਨਾਂ ਸ਼ੱਕ ਉਸ ਨੇ ਇਹ ਸ਼ਬਦ ਵੀ ਪੂਰੇ ਹੁੰਦੇ ਦੇਖੇ। ਯਹੋਵਾਹ ਨੂੰ ਪਹਿਲਾਂ ਤੋਂ ਪਤਾ ਸੀ ਕਿ ਹੱਵਾਹ ਆਪਣੇ ਪਤੀ ਤੋਂ ਹੱਦੋਂ ਵੱਧ ਪਿਆਰ ਅਤੇ ਧਿਆਨ ਚਾਹੇਗੀ ਅਤੇ ਆਦਮ ਉਸ ਉੱਤੇ ਹੁਕਮ ਚਲਾਵੇਗਾ। ਹਾਬਲ ਨੇ ਆਪਣੀ ਅੱਖੀਂ ਆਪਣੇ ਮਾਤਾ-ਪਿਤਾ ਵਿਚਕਾਰ ਇਸ ਤਰ੍ਹਾਂ ਹੁੰਦਾ ਦੇਖਿਆ। ਹਰ ਮਾਮਲੇ ਵਿਚ ਹਾਬਲ ਨੇ ਦੇਖਿਆ ਕਿ ਯਹੋਵਾਹ ਦਾ ਇਕ-ਇਕ ਸ਼ਬਦ ਪੂਰੇ ਭਰੋਸੇ ਦੇ ਲਾਇਕ ਸੀ। ਇਸ ਤਰ੍ਹਾਂ, ਹਾਬਲ ਕੋਲ ਪਰਮੇਸ਼ੁਰ ਦੇ ਵਾਅਦੇ ’ਤੇ ਨਿਹਚਾ ਕਰਨ ਲਈ ਪੱਕਾ ਸਬੂਤ ਸੀ ਕਿ “ਸੰਤਾਨ” ਇਕ ਦਿਨ ਉਸ ਸਭ ਕਾਸੇ ਨੂੰ ਠੀਕ ਕਰ ਦੇਵੇਗੀ ਜੋ ਕੁਝ ਅਦਨ ਵਿਚ ਹੋਇਆ ਸੀ।—ਉਤਪਤ 3:15-19.

ਯਹੋਵਾਹ ਦੇ ਸੇਵਕ।

ਮਨੁੱਖੀ ਪਰਿਵਾਰ ਵਿਚ ਹਾਬਲ ਨੂੰ ਕੋਈ ਚੰਗੀ ਮਿਸਾਲ ਨਹੀਂ ਮਿਲੀ ਜਿਸ ਉੱਤੇ ਉਹ ਚੱਲ ਸਕਦਾ ਸੀ। ਪਰ ਉਸ ਵੇਲੇ ਧਰਤੀ ਉੱਤੇ ਬੁੱਧੀਮਾਨ ਸਿਰਫ਼ ਇਨਸਾਨ ਹੀ ਨਹੀਂ ਸਨ। ਜਦੋਂ ਆਦਮ ਤੇ ਹੱਵਾਹ ਬਾਗ਼ ਵਿੱਚੋਂ ਕੱਢੇ ਗਏ ਸਨ, ਤਾਂ ਯਹੋਵਾਹ ਨੇ ਪੱਕਾ ਕੀਤਾ ਕਿ ਨਾ ਤਾਂ ਉਹ ਤੇ ਨਾ ਹੀ ਉਨ੍ਹਾਂ ਦੀ ਔਲਾਦ ਬਾਗ਼ ਵਿਚ ਵੜ ਸਕਦੀ ਸੀ। ਅੰਦਰ ਜਾਣ ਦੇ ਰਾਹ ਦੀ ਰਾਖੀ ਲਈ ਯਹੋਵਾਹ ਨੇ ਬਹੁਤ ਉੱਚੇ ਦਰਜੇ ਦੇ ਦੂਤ ਯਾਨੀ ਕਰੂਬੀਆਂ ਤੇ ਲਿਸ਼ਕਦੀ ਤਲਵਾਰ ਨੂੰ ਠਹਿਰਾ ਦਿੱਤਾ ਜੋ ਹਮੇਸ਼ਾ ਘੁੰਮਦੀ ਰਹਿੰਦੀ ਸੀ।—ਉਤਪਤ 3:24.

ਜ਼ਰਾ ਸੋਚੋ ਕਿ ਛੋਟੇ ਹੁੰਦਿਆਂ ਹਾਬਲ ਉਨ੍ਹਾਂ ਕਰੂਬੀਆਂ ਨੂੰ ਦੇਖਦਾ ਹੁੰਦਾ ਸੀ। ਇਨਸਾਨਾਂ ਦੇ ਰੂਪ ਵਿਚ ਉਨ੍ਹਾਂ ਦੇ ਕੱਦ-ਕਾਠ ਤੋਂ ਸਾਫ਼ ਨਜ਼ਰ ਆਉਂਦਾ ਸੀ ਕਿ ਉਨ੍ਹਾਂ ਵਿਚ ਕਿੰਨੀ ਤਾਕਤ ਸੀ। ਅਤੇ ਉਹ ਲਿਸ਼ਕਦੀ ਤਲਵਾਰ ਜੋ ਹਮੇਸ਼ਾ ਘੁੰਮਦੀ ਸੀ, ਦੇਖ ਕੇ ਦਿਲ ਵਿਚ ਖ਼ੌਫ਼ ਪੈਦਾ ਹੋ ਜਾਂਦਾ ਹੋਣਾ। ਜਿਉਂ-ਜਿਉਂ ਹਾਬਲ ਵੱਡਾ ਹੁੰਦਾ ਗਿਆ, ਕੀ ਉਸ ਨੇ ਕਰੂਬੀਆਂ ਨੂੰ ਕਦੇ ਬੋਰ ਹੁੰਦਿਆਂ ਤੇ ਆਪਣੀ ਜਗ੍ਹਾ ਛੱਡਦਿਆਂ ਦੇਖਿਆ ਸੀ? ਨਹੀਂ। ਦਿਨ-ਰਾਤ, ਸਾਲ ਤੇ ਦਹਾਕੇ ਲੰਘਦੇ ਗਏ ਅਤੇ ਉਹ ਬੁੱਧੀਮਾਨ ਤੇ ਸ਼ਕਤੀਸ਼ਾਲੀ ਦੂਤ ਉਸੇ ਜਗ੍ਹਾ ਖੜ੍ਹੇ ਰਹੇ। ਇਸ ਤੋਂ ਹਾਬਲ ਨੇ ਸਿੱਖਿਆ ਕਿ ਉਸ ਵੇਲੇ ਯਹੋਵਾਹ ਪਰਮੇਸ਼ੁਰ ਦੇ ਧਰਮੀ ਅਤੇ ਵਫ਼ਾਦਾਰ ਸੇਵਕ ਸਨ। ਹਾਬਲ ਨੇ ਯਹੋਵਾਹ ਪ੍ਰਤੀ ਉਨ੍ਹਾਂ ਕਰੂਬੀਆਂ ਦੀ ਜੋ ਵਫ਼ਾਦਾਰੀ ਅਤੇ ਆਗਿਆਕਾਰੀ ਦੇਖੀ, ਉਹ ਉਸ ਨੇ ਆਪਣੇ ਪਰਿਵਾਰ ਵਿਚ ਨਹੀਂ ਦੇਖੀ। ਜ਼ਾਹਰ ਹੈ ਕਿ ਉਨ੍ਹਾਂ ਦੂਤਾਂ ਦੀ ਮਿਸਾਲ ਨੇ ਉਸ ਦੀ ਨਿਹਚਾ ਪੱਕੀ ਕੀਤੀ।

ਹਾਬਲ ਨੇ ਆਪਣੀ ਸਾਰੀ ਜ਼ਿੰਦਗੀ ਦੌਰਾਨ ਦੇਖਿਆ ਕਿ ਕਰੂਬੀ ਯਹੋਵਾਹ ਦੇ ਵਫ਼ਾਦਾਰ ਅਤੇ ਆਗਿਆਕਾਰ ਸੇਵਕ ਸਨ

ਯਹੋਵਾਹ ਨੇ ਆਪਣੀ ਸ੍ਰਿਸ਼ਟੀ, ਆਪਣੇ ਵਾਅਦਿਆਂ ਅਤੇ ਆਪਣੇ ਸੇਵਕਾਂ ਦੀਆਂ ਮਿਸਾਲਾਂ ਦੇ ਜ਼ਰੀਏ ਆਪਣੇ ਬਾਰੇ ਜੋ ਕੁਝ ਜ਼ਾਹਰ ਕੀਤਾ, ਉਸ ਉੱਤੇ ਸੋਚ-ਵਿਚਾਰ ਕਰ ਕੇ ਹਾਬਲ ਆਪਣੀ ਨਿਹਚਾ ਪੱਕੀ ਕਰਦਾ ਰਿਹਾ। ਅਸੀਂ ਉਸ ਦੀ ਮਿਸਾਲ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਾਂ, ਹੈ ਨਾ? ਖ਼ਾਸਕਰ ਨੌਜਵਾਨਾਂ ਨੂੰ ਇਹ ਜਾਣ ਕੇ ਹੌਸਲਾ ਮਿਲ ਸਕਦਾ ਹੈ ਕਿ ਉਹ ਯਹੋਵਾਹ ਪਰਮੇਸ਼ੁਰ ’ਤੇ ਪੱਕੀ ਨਿਹਚਾ ਪੈਦਾ ਕਰ ਸਕਦੇ ਹਨ, ਭਾਵੇਂ ਪਰਿਵਾਰ ਦੇ ਮੈਂਬਰ ਜੋ ਮਰਜ਼ੀ ਕਰਨ। ਆਪਣੇ ਆਲੇ-ਦੁਆਲੇ ਸ੍ਰਿਸ਼ਟੀ ਦੇ ਅਜੂਬੇ ਦੇਖ ਕੇ, ਪੂਰੀ ਬਾਈਬਲ ਅਤੇ ਨਿਹਚਾ ਦੀਆਂ ਕਈ ਮਿਸਾਲਾਂ ਹੋਣ ਕਰਕੇ ਅੱਜ ਅਸੀਂ ਆਪਣੀ ਨਿਹਚਾ ਤਕੜੀ ਕਰ ਸਕਦੇ ਹਾਂ।

ਹਾਬਲ ਦੀ ਬਲ਼ੀ ਉੱਤਮ ਕਿਉਂ ਸੀ?

ਜਿਉਂ-ਜਿਉਂ ਯਹੋਵਾਹ ’ਤੇ ਹਾਬਲ ਦੀ ਨਿਹਚਾ ਵਧਦੀ ਗਈ, ਉਸ ਕਾਰਨ ਉਹ ਕੁਝ ਕਰ ਕੇ ਆਪਣੀ ਨਿਹਚਾ ਦਾ ਇਜ਼ਹਾਰ ਕਰਨਾ ਚਾਹੁੰਦਾ ਸੀ। ਭਲਾ ਇਕ ਮਾਮੂਲੀ ਆਦਮੀ ਬ੍ਰਹਿਮੰਡ ਦੇ ਬਣਾਉਣ ਵਾਲੇ ਨੂੰ ਕੀ ਦੇ ਸਕਦਾ ਸੀ? ਪਰਮੇਸ਼ੁਰ ਨੂੰ ਇਨਸਾਨਾਂ ਤੋਂ ਕਿਸੇ ਤੋਹਫ਼ੇ ਜਾਂ ਮਦਦ ਦੀ ਲੋੜ ਨਹੀਂ ਹੈ। ਸਮੇਂ ਦੇ ਬੀਤਣ ਨਾਲ ਹਾਬਲ ਨੂੰ ਇਹ ਡੂੰਘੀ ਸੱਚਾਈ ਸਮਝ ਆ ਗਈ: ਜੇ ਉਹ ਸਹੀ ਇਰਾਦੇ ਨਾਲ ਯਹੋਵਾਹ ਅੱਗੇ ਆਪਣੀ ਸਭ ਤੋਂ ਵਧੀਆ ਚੀਜ਼ ਚੜ੍ਹਾਵੇ, ਤਾਂ ਉਸ ਦਾ ਸਵਰਗੀ ਪਿਤਾ ਖ਼ੁਸ਼ ਹੋਵੇਗਾ।

ਸੋ ਹਾਬਲ ਨੇ ਆਪਣੇ ਇੱਜੜ ਵਿੱਚੋਂ ਕੁਝ ਭੇਡਾਂ ਦੀ ਬਲ਼ੀ ਚੜ੍ਹਾਉਣ ਲਈ ਤਿਆਰੀ ਕੀਤੀ। ਉਸ ਨੇ ਸਭ ਤੋਂ ਵਧੀਆ ਜੇਠੀਆਂ ਭੇਡਾਂ ਨੂੰ ਚੁਣਿਆ ਅਤੇ ਉਸ ਦੇ ਭਾਣੇ ਜਿਹੜੇ ਉਨ੍ਹਾਂ ਦੇ ਵਧੀਆ-ਵਧੀਆ ਹਿੱਸੇ ਸਨ, ਉਨ੍ਹਾਂ ਦੀ ਬਲ਼ੀ ਚੜ੍ਹਾਈ। ਇਸੇ ਸਮੇਂ ਦੌਰਾਨ, ਕਾਇਨ ਨੇ ਵੀ ਪਰਮੇਸ਼ੁਰ ਦੀ ਬਰਕਤ ਅਤੇ ਮਿਹਰ ਪਾਉਣ ਲਈ ਆਪਣੀਆਂ ਫ਼ਸਲਾਂ ਵਿੱਚੋਂ ਬਲ਼ੀ ਤਿਆਰ ਕੀਤੀ। ਪਰ ਉਸ ਦੇ ਇਰਾਦੇ ਆਪਣੇ ਭਰਾ ਹਾਬਲ ਵਾਂਗ ਨੇਕ ਨਹੀਂ ਸਨ। ਇਹ ਫ਼ਰਕ ਉਦੋਂ ਸਾਫ਼ ਹੋ ਗਿਆ ਜਦੋਂ ਦੋਵਾਂ ਭਰਾਵਾਂ ਨੇ ਆਪਣੀਆਂ-ਆਪਣੀਆਂ ਬਲ਼ੀਆਂ ਚੜ੍ਹਾਈਆਂ।

ਹਾਬਲ ਨੇ ਨਿਹਚਾ ਨਾਲ ਬਲ਼ੀ ਚੜ੍ਹਾਈ ਪਰ ਕਾਇਨ ਨੇ ਨਹੀਂ

ਆਦਮ ਦੇ ਦੋਵਾਂ ਪੁੱਤਰਾਂ ਨੇ ਬਲ਼ੀਆਂ ਚੜ੍ਹਾਉਣ ਲਈ ਸ਼ਾਇਦ ਕਰੂਬੀਆਂ, ਜੋ ਉਸ ਵੇਲੇ ਧਰਤੀ ਉੱਤੇ ਯਹੋਵਾਹ ਵੱਲੋਂ ਭੇਜੇ ਹੋਏ ਜੀਉਂਦੇ-ਜਾਗਦੇ ਸ਼ਖ਼ਸ ਸਨ, ਦੀਆਂ ਨਜ਼ਰਾਂ ਦੇ ਸਾਮ੍ਹਣੇ ਵੇਦੀ ਅਤੇ ਅੱਗ ਵਰਤੀ ਹੋਵੇਗੀ। ਯਹੋਵਾਹ ਨੇ ਹੁੰਗਾਰਾ ਭਰਿਆ! ਅਸੀਂ ਪੜ੍ਹਦੇ ਹਾਂ: “ਯਹੋਵਾਹ ਨੇ ਹਾਬਲ ਨੂੰ ਅਰ ਉਹ ਦੀ ਭੇਟ ਨੂੰ ਪਸੰਦ ਕੀਤਾ।” (ਉਤਪਤ 4:4) ਬਿਰਤਾਂਤ ਵਿਚ ਇਹ ਨਹੀਂ ਦੱਸਿਆ ਗਿਆ ਕਿ ਪਰਮੇਸ਼ੁਰ ਨੇ ਕਿਸ ਤਰ੍ਹਾਂ ਦਿਖਾਇਆ ਕਿ ਉਸ ਨੂੰ ਹਾਬਲ ਦੀ ਭੇਟ ਮਨਜ਼ੂਰ ਸੀ। ਪਰ ਉਹ ਹਾਬਲ ਤੋਂ ਕਿਉਂ ਖ਼ੁਸ਼ ਸੀ?

ਕੀ ਹਾਬਲ ਦੇ ਚੜ੍ਹਾਵੇ ਕਰਕੇ? ਉਸ ਨੇ ਜੀਉਂਦੇ-ਜਾਗਦੇ ਜਾਨਵਰ ਦਾ ਕੀਮਤੀ ਲਹੂ ਵਹਾ ਕੇ ਬਲ਼ੀ ਚੜ੍ਹਾਈ ਸੀ। ਕੀ ਉਸ ਨੂੰ ਪਤਾ ਸੀ ਕਿ ਇਹ ਬਲ਼ੀ ਕਿੰਨੀ ਅਨਮੋਲ ਸੀ? ਹਾਬਲ ਦੇ ਜ਼ਮਾਨੇ ਤੋਂ ਕਈ ਸਦੀਆਂ ਬਾਅਦ, ਪਰਮੇਸ਼ੁਰ ਨੇ ਨਿਰਦੋਸ਼ ਲੇਲੇ ਦੀ ਬਲ਼ੀ ਵਰਤ ਕੇ ਆਪਣੇ ਮੁਕੰਮਲ ਪੁੱਤਰ ਯਾਨੀ ‘ਪਰਮੇਸ਼ੁਰ ਦੇ ਲੇਲੇ’ ਦੀ ਬਲ਼ੀ ਨੂੰ ਦਰਸਾਇਆ ਜਿਸ ਦਾ ਅਨਮੋਲ ਲਹੂ ਵਹਾਇਆ ਜਾਣਾ ਸੀ। (ਯੂਹੰਨਾ 1:29; ਕੂਚ 12:5-7) ਪਰ ਇਹ ਗੱਲਾਂ ਹਾਬਲ ਦੀ ਸਮਝ ਤੋਂ ਬਾਹਰ ਸਨ।

ਪਰ ਅਸੀਂ ਇਹ ਗੱਲ ਜ਼ਰੂਰ ਜਾਣਦੇ ਹਾਂ: ਹਾਬਲ ਨੇ ਆਪਣੀ ਸਭ ਤੋਂ ਵਧੀਆ ਚੀਜ਼ ਦੀ ਬਲ਼ੀ ਚੜ੍ਹਾਈ ਸੀ। ਯਹੋਵਾਹ ਨਾ ਸਿਰਫ਼ ਬਲ਼ੀ ਤੋਂ ਖ਼ੁਸ਼ ਸੀ, ਸਗੋਂ ਬਲ਼ੀ ਚੜ੍ਹਾਉਣ ਵਾਲੇ ਤੋਂ ਵੀ ਖ਼ੁਸ਼ ਸੀ। ਹਾਬਲ ਨੇ ਯਹੋਵਾਹ ਨਾਲ ਪਿਆਰ ਅਤੇ ਉਸ ’ਤੇ ਸੱਚੀ ਨਿਹਚਾ ਕਾਰਨ ਬਲ਼ੀ ਚੜ੍ਹਾਈ ਸੀ।

ਪਰ ਕਾਇਨ ਦੀ ਗੱਲ ਅਲੱਗ ਸੀ। ਯਹੋਵਾਹ ਨੇ “ਕਇਨ ਅਰ ਉਹ ਦੀ ਭੇਟ ਨੂੰ ਪਸੰਦ ਨਾ ਕੀਤਾ।” (ਉਤਪਤ 4:5) ਕਾਇਨ ਦੀ ਭੇਟ ਵਿਚ ਕੋਈ ਖ਼ਰਾਬੀ ਨਹੀਂ ਸੀ ਕਿਉਂਕਿ ਬਾਅਦ ਵਿਚ ਪਰਮੇਸ਼ੁਰ ਦੇ ਕਾਨੂੰਨ ਵਿਚ ਫ਼ਸਲਾਂ ਦੀ ਭੇਟ ਚੜ੍ਹਾਉਣ ਦੀ ਇਜਾਜ਼ਤ ਦਿੱਤੀ ਗਈ ਸੀ। (ਲੇਵੀਆਂ 6:14, 15) ਪਰ ਕਾਇਨ ਬਾਰੇ ਬਾਈਬਲ ਕਹਿੰਦੀ ਹੈ ਕਿ “ਉਸ ਦੇ ਆਪਣੇ ਕੰਮ ਬੁਰੇ ਸਨ।” (1 ਯੂਹੰਨਾ 3:12) ਅੱਜ ਦੇ ਕਈ ਲੋਕਾਂ ਵਾਂਗ, ਕਾਇਨ ਨੇ ਸੋਚਿਆ ਕਿ ਦਿਖਾਵੇ ਲਈ ਪਰਮੇਸ਼ੁਰ ਦੀ ਭਗਤੀ ਕਰਨੀ ਕਾਫ਼ੀ ਸੀ। ਉਸ ਦੀ ਨਿਹਚਾ ਅਤੇ ਪਿਆਰ ਦੀ ਘਾਟ ਉਸ ਦੇ ਕੰਮਾਂ ਤੋਂ ਜਲਦੀ ਜ਼ਾਹਰ ਹੋ ਗਈ।

ਜਦੋਂ ਕਾਇਨ ਨੇ ਦੇਖਿਆ ਕਿ ਯਹੋਵਾਹ ਨੇ ਉਸ ਉੱਤੇ ਮਿਹਰ ਨਹੀਂ ਕੀਤੀ, ਤਾਂ ਕੀ ਉਸ ਨੇ ਹਾਬਲ ਦੀ ਮਿਸਾਲ ਤੋਂ ਸਿੱਖਣ ਦੀ ਕੋਸ਼ਿਸ਼ ਕੀਤੀ? ਨਹੀਂ। ਉਹ ਆਪਣੇ ਭਰਾ ਲਈ ਨਫ਼ਰਤ ਦੀ ਅੱਗ ਵਿਚ ਸੜ-ਬਲ਼ ਗਿਆ। ਯਹੋਵਾਹ ਜਾਣਦਾ ਸੀ ਕਿ ਕਾਇਨ ਦੇ ਦਿਲ ਵਿਚ ਕੀ ਚੱਲ ਰਿਹਾ ਸੀ ਅਤੇ ਉਸ ਨੇ ਧੀਰਜ ਨਾਲ ਉਸ ਨਾਲ ਗੱਲ ਕੀਤੀ। ਯਹੋਵਾਹ ਨੇ ਕਾਇਨ ਨੂੰ ਚੇਤਾਵਨੀ ਦਿੱਤੀ ਕਿ ਉਹ ਜਿਸ ਰਾਹ ’ਤੇ ਚੱਲ ਰਿਹਾ ਸੀ, ਉਹ ਉਸ ਨੂੰ ਗੰਭੀਰ ਪਾਪ ਕਰਨ ਵੱਲ ਲੈ ਜਾ ਸਕਦਾ ਸੀ। ਉਸ ਨੇ ਕਾਇਨ ਨੂੰ ਉਮੀਦ ਦਿੱਤੀ ਕਿ ਜੇ ਉਹ ਆਪਣੇ ਤੌਰ-ਤਰੀਕਿਆਂ ਨੂੰ ਬਦਲੇ, ਤਾਂ ਉਸ ਨੂੰ “ਉਤਾਹਾਂ” ਯਾਨੀ ਉੱਚਾ ਕੀਤਾ ਜਾਵੇਗਾ।—ਉਤਪਤ 4:6, 7.

ਕਾਇਨ ਨੇ ਪਰਮੇਸ਼ੁਰ ਦੀ ਚੇਤਾਵਨੀ ਮੰਨੀ ਨਹੀਂ। ਇਸ ਦੀ ਬਜਾਇ, ਉਹ ਆਪਣੇ ਛੋਟੇ ਭਰਾ ਨੂੰ ਖੇਤ ਵਿਚ ਲੈ ਗਿਆ ਜਿਸ ਨੇ ਉਸ ਉੱਤੇ ਭਰੋਸਾ ਕੀਤਾ। ਉੱਥੇ ਕਾਇਨ ਨੇ ਹਾਬਲ ’ਤੇ ਜ਼ੋਰ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। (ਉਤਪਤ 4:8) ਇਸ ਤਰ੍ਹਾਂ ਇਕ ਅਰਥ ਵਿਚ ਹਾਬਲ ਧਾਰਮਿਕ ਅਤਿਆਚਾਰ ਦਾ ਪਹਿਲਾ ਸ਼ਿਕਾਰ ਯਾਨੀ ਪਹਿਲਾ ਸ਼ਹੀਦ ਬਣਿਆ। ਭਾਵੇਂ ਉਹ ਮਰ ਗਿਆ, ਪਰ ਉਸ ਦੀ ਕਹਾਣੀ ਅਜੇ ਖ਼ਤਮ ਨਹੀਂ ਹੋਈ।

ਇਕ ਅਰਥ ਵਿਚ ਅਸੀਂ ਕਹਿ ਸਕਦੇ ਹਾਂ ਕਿ ਹਾਬਲ ਦਾ ਲਹੂ ਯਹੋਵਾਹ ਪਰਮੇਸ਼ੁਰ ਅੱਗੇ ਬਦਲੇ ਜਾਂ ਇਨਸਾਫ਼ ਲਈ ਪੁਕਾਰ ਰਿਹਾ ਸੀ। ਅਤੇ ਪਰਮੇਸ਼ੁਰ ਨੇ ਦੁਸ਼ਟ ਕਾਇਨ ਨੂੰ ਉਸ ਦੇ ਅਪਰਾਧ ਦੀ ਸਜ਼ਾ ਦੇ ਕੇ ਇਨਸਾਫ਼ ਕੀਤਾ। (ਉਤਪਤ 4:9-12) ਇਸ ਤੋਂ ਵੀ ਜ਼ਰੂਰੀ ਗੱਲ ਇਹ ਹੈ ਕਿ ਹਾਬਲ ਦੀ ਨਿਹਚਾ ਦਾ ਰਿਕਾਰਡ ਅੱਜ ਵੀ ਸਾਨੂੰ ਸਿਖਾਉਂਦਾ ਹੈ। ਉਹ ਸ਼ਾਇਦ ਤਕਰੀਬਨ 100 ਸਾਲ ਜੀਉਂਦਾ ਰਿਹਾ ਜੋ ਕਿ ਉਸ ਜ਼ਮਾਨੇ ਦੇ ਲੋਕਾਂ ਲਈ ਬਹੁਤ ਘੱਟ ਉਮਰ ਸੀ। ਪਰ ਹਾਬਲ ਨੇ ਆਪਣੀ ਜ਼ਿੰਦਗੀ ਦੇ ਸਾਲਾਂ ਦਾ ਵਧੀਆ ਇਸਤੇਮਾਲ ਕਰ ਕੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ। ਮਰਦੇ ਵੇਲੇ ਉਹ ਜਾਣਦਾ ਸੀ ਕਿ ਉਸ ਦਾ ਸਵਰਗੀ ਪਿਤਾ ਯਹੋਵਾਹ ਉਸ ਨਾਲ ਪਿਆਰ ਕਰਦਾ ਸੀ ਅਤੇ ਉਸ ਤੋਂ ਖ਼ੁਸ਼ ਸੀ। (ਇਬਰਾਨੀਆਂ 11:4) ਸਾਨੂੰ ਪੱਕਾ ਯਕੀਨ ਹੈ ਕਿ ਉਹ ਯਹੋਵਾਹ ਦੀ ਅਸੀਮ ਯਾਦਾਸ਼ਤ ਵਿਚ ਮਹਿਫੂਜ਼ ਹੈ ਅਤੇ ਉਹ ਨਵੀਂ ਦੁਨੀਆਂ ਵਿਚ ਦੁਬਾਰਾ ਜੀ ਉੱਠਣ ਦੀ ਉਡੀਕ ਕਰ ਰਿਹਾ ਹੈ। (ਯੂਹੰਨਾ 5:28, 29) ਕੀ ਤੁਸੀਂ ਉਸ ਨੂੰ ਉੱਥੇ ਮਿਲੋਗੇ? ਤੁਸੀਂ ਮਿਲ ਸਕਦੇ ਹੋ ਜੇ ਤੁਸੀਂ ਹਾਬਲ ਤੋਂ ਸਿੱਖਣ ਦੀ ਠਾਣ ਲਓ ਅਤੇ ਉਸ ਦੀ ਪੱਕੀ ਨਿਹਚਾ ਦੀ ਰੀਸ ਕਰੋ। (w13-E 01/01)

^ ਪੇਰਗ੍ਰੈਫ 8 “ਦੁਨੀਆਂ ਦੀ ਨੀਂਹ” ਸ਼ਬਦਾਂ ਦਾ ਇਹ ਵੀ ਮਤਲਬ ਹੋ ਸਕਦਾ ਹੈ ਬੀ ਖਿਲਾਰਨਾ ਜਿਸ ਤੋਂ ਜਣਨ ਦਾ ਭਾਵ ਨਿਕਲਦਾ ਹੈ। ਤਾਂ ਫਿਰ ਇਨ੍ਹਾਂ ਸ਼ਬਦਾਂ ਦਾ ਸੰਬੰਧ ਸਭ ਤੋਂ ਪਹਿਲੀ ਇਨਸਾਨੀ ਔਲਾਦ ਨਾਲ ਹੈ। ਪਰ ਯਿਸੂ ਨੇ “ਦੁਨੀਆਂ ਦੀ ਨੀਂਹ” ਨਾਲ ਹਾਬਲ ਦਾ ਸੰਬੰਧ ਕਿਉਂ ਜੋੜਿਆ, ਕਾਇਨ ਨਾਲ ਕਿਉਂ ਨਹੀਂ ਜੋ ਸਭ ਤੋਂ ਪਹਿਲਾਂ ਪੈਦਾ ਹੋਇਆ ਸੀ? ਕਾਇਨ ਦੇ ਫ਼ੈਸਲਿਆਂ ਤੇ ਕੰਮਾਂ ਤੋਂ ਜ਼ਾਹਰ ਸੀ ਕਿ ਉਸ ਨੇ ਜਾਣ-ਬੁੱਝ ਕੇ ਯਹੋਵਾਹ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕੀਤੀ ਸੀ। ਇਸ ਲਈ ਕਹਿਣਾ ਸਹੀ ਲੱਗਦਾ ਹੈ ਕਿ ਉਸ ਦੇ ਮਾਪਿਆਂ ਵਾਂਗ ਕਾਇਨ ਨੂੰ ਨਾ ਤਾਂ ਦੁਬਾਰਾ ਜ਼ਿੰਦਗੀ ਮਿਲੇਗੀ ਤੇ ਨਾ ਹੀ ਪਾਪ ਦੀ ਗ਼ੁਲਾਮੀ ਤੋਂ ਛੁਟਕਾਰਾ।