ਮਸੀਹੀ ਸਿੱਖਿਆਵਾਂ ਦਾ ਸਮਾਜ ਉੱਤੇ ਕੀ ਅਸਰ ਪੈਂਦਾ ਹੈ?
ਮਸੀਹੀ ਸਿੱਖਿਆਵਾਂ ਦਾ ਸਮਾਜ ਉੱਤੇ ਕੀ ਅਸਰ ਪੈਂਦਾ ਹੈ?
ਸੱਚੇ ਮਸੀਹੀ ਰਾਜਨੀਤੀ ਵਿਚ ਹਿੱਸਾ ਨਹੀਂ ਲੈਂਦੇ। ਤਾਂ ਫਿਰ ਮਸੀਹੀ ਕਿਵੇਂ ਦਿਖਾ ਸਕਦੇ ਹਨ ਕਿ ਉਹ ਸਮਾਜ ਨੂੰ ਸੁਧਾਰਨਾ ਚਾਹੁੰਦੇ ਹਨ? ਇਕ ਤਰੀਕਾ ਹੈ ਯਿਸੂ ਦੇ ਇਸ ਹੁਕਮ ਨੂੰ ਮੰਨ ਕੇ: “ਇਸ ਲਈ, ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਦੇ ਨਾਂ ’ਤੇ, ਪੁੱਤਰ ਦੇ ਨਾਂ ’ਤੇ ਅਤੇ ਪਵਿੱਤਰ ਸ਼ਕਤੀ ਦੇ ਨਾਂ ’ਤੇ ਬਪਤਿਸਮਾ ਦਿਓ, ਅਤੇ ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਹਨ।”—ਮੱਤੀ 28:19, 20.
‘ਚੇਲੇ ਬਣਾਉਣ’ ਬਾਰੇ ਦਿੱਤੇ ਯਿਸੂ ਦੇ ਹੁਕਮ ਦਾ ਸੰਬੰਧ ਲੂਣ ਅਤੇ ਦੁਨੀਆਂ ਦੇ ਚਾਨਣ ਬਣਨ ਬਾਰੇ ਦਿੱਤੀ ਹਿਦਾਇਤ ਨਾਲ ਹੈ। (ਮੱਤੀ 5:13, 14) ਇਨ੍ਹਾਂ ਵਿਚ ਕਿਹੜਾ ਸੰਬੰਧ ਹੈ ਅਤੇ ਇਸ ਦਾ ਲੋਕਾਂ ਉੱਤੇ ਕੀ ਅਸਰ ਪੈ ਸਕਦਾ ਹੈ?
ਮਸੀਹ ਦਾ ਸੰਦੇਸ਼ ਬਚਾਉਂਦਾ ਅਤੇ ਚਾਨਣ ਕਰਦਾ
ਲੂਣ ਖਾਣੇ ਨੂੰ ਖ਼ਰਾਬ ਹੋਣ ਤੋਂ ਬਚਾਉਂਦਾ ਹੈ। ਇਸੇ ਤਰ੍ਹਾਂ ਜਿਹੜਾ ਸੰਦੇਸ਼ ਯਿਸੂ ਨੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਸੁਣਾਉਣ ਲਈ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ, ਉਹ ਲੋਕਾਂ ਨੂੰ ਬਚਾ ਸਕਦਾ ਹੈ। ਜਿਹੜੇ ਲੋਕ ਯਿਸੂ ਦੀਆਂ ਸਿੱਖਿਆਵਾਂ ਨੂੰ ਕਬੂਲ ਕਰ ਕੇ ਉਨ੍ਹਾਂ ’ਤੇ ਚੱਲਦੇ ਹਨ, ਉਨ੍ਹਾਂ ਦਾ ਚਾਲ-ਚਲਣ ਖ਼ਰਾਬ ਹੋਣ ਤੋਂ ਬਚ ਸਕਦਾ ਹੈ। ਉਹ ਕਿਵੇਂ? ਉਹ ਅਜਿਹੀਆਂ ਆਦਤਾਂ ਨੂੰ ਛੱਡਣਾ ਸਿੱਖਦੇ ਹਨ ਜੋ ਸਿਹਤ ਲਈ ਨੁਕਸਾਨਦੇਹ ਹਨ ਜਿਵੇਂ ਸਿਗਰਟ ਪੀਣੀ। ਨਾਲੇ ਉਹ ਅਜਿਹੇ ਗੁਣ ਪੈਦਾ ਕਰਦੇ ਹਨ ਜਿਵੇਂ ਪਿਆਰ, ਸ਼ਾਂਤੀ, ਸਹਿਣਸ਼ੀਲਤਾ, ਦਇਆ ਅਤੇ ਭਲਾਈ। (ਗਲਾਤੀਆਂ 5:22, 23) ਇਨ੍ਹਾਂ ਗੁਣਾਂ ਕਰਕੇ ਉਹ ਸਮਾਜ ਦੇ ਚੰਗੇ ਲੋਕ ਬਣਦੇ ਹਨ। ਜਿਹੜੇ ਮਸੀਹੀ ਬਚਾਅ ਕਰਨ ਵਾਲਾ ਸੰਦੇਸ਼ ਆਪਣੇ ਗੁਆਂਢੀਆਂ ਨੂੰ ਸੁਣਾਉਂਦੇ ਹਨ, ਉਹ ਸਮਾਜ ਨੂੰ ਸੁਧਾਰਨ ਵਿਚ ਵਧੀਆਂ ਯੋਗਦਾਨ ਪਾਉਂਦੇ ਹਨ।
ਚਾਨਣ ਦੀ ਮਿਸਾਲ ਬਾਰੇ ਕੀ? ਜਿਸ ਤਰ੍ਹਾਂ ਚੰਦ ਸੂਰਜ ਦੀ ਰੌਸ਼ਨੀ ਝਲਕਾਉਂਦਾ ਹੈ, ਉਸੇ ਤਰ੍ਹਾਂ ਮਸੀਹ ਦੇ ਚੇਲੇ ਯਹੋਵਾਹ ਪਰਮੇਸ਼ੁਰ ਦੇ “ਚਾਨਣ” ਨੂੰ ਝਲਕਾਉਂਦੇ ਹਨ। ਉਹ ਪ੍ਰਚਾਰ ਅਤੇ ਚੰਗੇ ਕੰਮ ਕਰ ਕੇ ਯਹੋਵਾਹ ਦਾ ਚਾਨਣ ਫੈਲਾਉਂਦੇ ਹਨ।—1 ਪਤਰਸ 2:12.
ਅੱਗੋਂ ਯਿਸੂ ਨੇ ਚਾਨਣ ਅਤੇ ਚੇਲੇ ਹੋਣ ਵਿਚ ਸੰਬੰਧ ਦੱਸਦੇ ਹੋਏ ਕਿਹਾ: “ਲੋਕ ਦੀਵਾ ਬਾਲ ਕੇ ਟੋਕਰੀ ਹੇਠਾਂ ਨਹੀਂ ਰੱਖਦੇ, ਪਰ ਉਸ ਨੂੰ ਉੱਚੀ ਜਗ੍ਹਾ ਰੱਖਦੇ ਹਨ ਅਤੇ ਉਹ ਘਰ ਵਿਚ ਸਾਰਿਆਂ ਨੂੰ ਚਾਨਣ ਦਿੰਦਾ ਹੈ। ਇਸੇ ਤਰ੍ਹਾਂ ਤੁਸੀਂ ਵੀ ਆਪਣਾ ਚਾਨਣ ਲੋਕਾਂ ਸਾਮ੍ਹਣੇ ਚਮਕਾਓ।” ਉੱਚੀ ਥਾਂ ਉੱਤੇ ਰੱਖਿਆ ਬਲ਼ਦਾ ਦੀਵਾ ਸਾਰਿਆਂ ਨੂੰ ਸਾਫ਼ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਸੱਚੇ ਮਸੀਹੀਆਂ ਦੁਆਰਾ ਕੀਤਾ ਜਾਂਦਾ ਪ੍ਰਚਾਰ ਅਤੇ ਚੰਗੇ ਕੰਮ ਸਾਰਿਆਂ ਨੂੰ ਸਾਫ਼ ਨਜ਼ਰ ਆਉਣੇ ਚਾਹੀਦੇ ਹਨ। ਕਿਉਂ? ਯਿਸੂ ਨੇ ਕਿਹਾ ਕਿ ਚੰਗੇ ਕੰਮਾਂ ਨੂੰ ਦੇਖ ਕੇ ਲੋਕ ਮਸੀਹੀਆਂ ਦੀ ਬਜਾਇ ਪਰਮੇਸ਼ੁਰ ਦੀ ਵਡਿਆਈ ਕਰਨਗੇ।—ਮੱਤੀ 5:14-16.
ਸਾਰਿਆਂ ਦੀ ਜ਼ਿੰਮੇਵਾਰੀ
ਜਦੋਂ ਯਿਸੂ ਨੇ ਕਿਹਾ ਕਿ “ਤੁਸੀਂ ਦੁਨੀਆਂ ਦਾ ਚਾਨਣ ਹੋ” ਅਤੇ ‘ਆਪਣਾ ਚਾਨਣ ਚਮਕਾਓ,’ ਤਾਂ ਉਹ ਇਹ ਸ਼ਬਦ ਆਪਣੇ ਸਾਰੇ ਚੇਲਿਆਂ ਨੂੰ ਕਹਿ ਰਿਹਾ ਸੀ। ਯਿਸੂ ਦਾ ਕੰਮ ਵੱਖੋ-ਵੱਖਰੇ ਧਰਮਾਂ ਵਿਚ ਖਿੰਡੇ ਹੋਏ ਥੋੜ੍ਹੇ ਜਿਹੇ ਲੋਕਾਂ ਦੁਆਰਾ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਦੀ ਬਜਾਇ, ਉਸ ਦੀਆਂ ਸਿੱਖਿਆਵਾਂ ’ਤੇ ਚੱਲਣ ਵਾਲੇ ਲੋਕ “ਚਾਨਣ” ਹਨ। 235 ਤੋਂ ਜ਼ਿਆਦਾ ਦੇਸ਼ਾਂ ਵਿਚ ਰਹਿੰਦੇ 70 ਲੱਖ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਇਹ ਉਨ੍ਹਾਂ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਕੋਲ ਜਾ ਕੇ ਉਹ ਸੰਦੇਸ਼ ਸੁਣਾਉਣ ਜੋ ਮਸੀਹ ਨੇ ਆਪਣੇ ਚੇਲਿਆਂ ਨੂੰ ਸੁਣਾਉਣ ਲਈ ਦਿੱਤਾ ਹੈ।
ਯਹੋਵਾਹ ਦੇ ਗਵਾਹਾਂ ਦੇ ਸੰਦੇਸ਼ ਦਾ ਵਿਸ਼ਾ ਕੀ ਹੈ? ਜਦੋਂ ਯਿਸੂ ਨੇ ਪ੍ਰਚਾਰ ਦਾ ਕੰਮ ਦਿੱਤਾ ਸੀ, ਤਾਂ ਉਸ ਵੇਲੇ ਉਸ ਨੇ ਆਪਣੇ ਚੇਲਿਆਂ ਨੂੰ ਇਹ ਨਹੀਂ ਕਿਹਾ ਸੀ ਕਿ ਉਹ ਸਮਾਜ ਜਾਂ ਰਾਜਨੀਤੀ ਵਿਚ, ਚਰਚਾਂ ਅਤੇ ਸਰਕਾਰ ਦੇ ਗੱਠਜੋੜ ਜਾਂ ਕਿਸੇ ਹੋਰ ਪਾਰਟੀ ਦੇ ਵਿਚਾਰਾਂ ਵਿਚ ਫੇਰ-ਬਦਲ ਕਰਨ। ਇਸ ਦੀ ਬਜਾਇ, ਉਸ ਨੇ ਕਿਹਾ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ।” (ਮੱਤੀ 24:14) ਇਸ ਲਈ ਯਿਸੂ ਦੀਆਂ ਹਿਦਾਇਤਾਂ ਮੰਨ ਕੇ ਸੱਚੇ ਮਸੀਹੀ ਅੱਜ ਪਰਮੇਸ਼ੁਰ ਦੇ ਰਾਜ ਬਾਰੇ ਆਪਣੇ ਗੁਆਂਢੀਆਂ ਨੂੰ ਦੱਸ ਰਹੇ ਹਨ। ਪਰਮੇਸ਼ੁਰ ਦਾ ਰਾਜ ਹੀ ਇੱਕੋ-ਇਕ ਸਰਕਾਰ ਹੈ ਜੋ ਸ਼ੈਤਾਨ ਦੀ ਬੁਰੀ ਦੁਨੀਆਂ ਦਾ ਨਾਸ਼ ਕਰ ਕੇ ਨਵੀਂ ਦੁਨੀਆਂ ਬਣਾ ਸਕਦੀ ਹੈ।
ਅਸਲ ਵਿਚ ਇੰਜੀਲ ਦੇ ਬਿਰਤਾਂਤਾਂ ਤੋਂ ਯਿਸੂ ਦੇ ਪ੍ਰਚਾਰ ਬਾਰੇ ਦੋ ਮੁੱਖ ਗੱਲਾਂ ਦਾ ਪਤਾ ਲੱਗਦਾ ਹੈ ਜਿਨ੍ਹਾਂ ਦਾ ਅੱਜ ਸੱਚੇ ਮਸੀਹੀਆਂ ਦੇ ਕੰਮਾਂ ਅਤੇ ਪ੍ਰਚਾਰ ਉੱਤੇ ਅਸਰ ਪੈਂਦਾ ਹੈ। ਅਗਲੇ ਲੇਖ ਵਿਚ ਇਨ੍ਹਾਂ ਦੋਹਾਂ ਗੱਲਾਂ ਉੱਤੇ ਚਰਚਾ ਕੀਤੀ ਗਈ ਹੈ। (w12-E 05/01)
[ਸਫ਼ਾ 16 ਉੱਤੇ ਸੁਰਖੀ]
ਮਸੀਹੀਆਂ ਦਾ ਸੰਦੇਸ਼ ਲੂਣ ਵਰਗਾ ਕਿਵੇਂ ਹੈ?
[ਸਫ਼ਾ 17 ਉੱਤੇ ਸੁਰਖੀ]
ਮਸੀਹ ਦਾ ਸੰਦੇਸ਼ ਹਨੇਰੀ ਥਾਂ ’ਤੇ ਦੀਵੇ ਵਰਗਾ ਕਿਵੇਂ ਹੈ?