Skip to content

Skip to table of contents

ਸੈਕਸ ਬਾਰੇ ਦਸ ਸਵਾਲਾਂ ਦੇ ਜਵਾਬ

ਸੈਕਸ ਬਾਰੇ ਦਸ ਸਵਾਲਾਂ ਦੇ ਜਵਾਬ

ਸੈਕਸ ਬਾਰੇ ਦਸ ਸਵਾਲਾਂ ਦੇ ਜਵਾਬ

1 ਕੀ ਅਦਨ ਦੇ ਬਾਗ਼ ਵਿਚ ਪਹਿਲਾ ਪਾਪ ਉਦੋਂ ਹੋਇਆ ਸੀ ਜਦੋਂ ਆਦਮ ਤੇ ਹੱਵਾਹ ਨੇ ਜਿਨਸੀ ਸੰਬੰਧ ਕਾਇਮ ਕੀਤੇ ਸਨ?

▪ ਜਵਾਬ: ਕਈ ਲੋਕਾਂ ਦਾ ਮੰਨਣਾ ਹੈ ਕਿ ਅਦਨ ਦੇ ਬਾਗ਼ ਵਿਚ ਮਨ੍ਹਾ ਕੀਤਾ ਹੋਇਆ ਫਲ ਜਿਨਸੀ ਸੰਬੰਧਾਂ ਨੂੰ ਦਰਸਾਉਂਦਾ ਸੀ। ਪਰ ਬਾਈਬਲ ਇਹ ਨਹੀਂ ਕਹਿੰਦੀ।

ਇਸ ਗੱਲ ’ਤੇ ਗੌਰ ਕਰੋ: ਹੱਵਾਹ ਨੂੰ ਸਿਰਜਣ ਤੋਂ ਪਹਿਲਾਂ ਪਰਮੇਸ਼ੁਰ ਨੇ ਆਦਮ ਨੂੰ “ਭਲੇ ਬੁਰੇ ਦੀ ਸਿਆਣ ਦੇ ਬਿਰਛ” ਤੋਂ ਫਲ ਨਾ ਖਾਣ ਦਾ ਹੁਕਮ ਦਿੱਤਾ ਸੀ। (ਉਤਪਤ 2:15-18) ਇਹ ਮਨਾਹੀ ਜਿਨਸੀ ਸੰਬੰਧਾਂ ਬਾਰੇ ਨਹੀਂ ਹੋ ਸਕਦੀ ਕਿਉਂਕਿ ਉਸ ਵੇਲੇ ਆਦਮ ਇਕੱਲਾ ਸੀ। ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਇਹ ਸਪੱਸ਼ਟ ਹੁਕਮ ਦਿੱਤਾ ਸੀ ਕਿ “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ।” (ਉਤਪਤ 1:28) ਕੀ ਇਕ ਪਿਆਰ ਕਰਨ ਵਾਲਾ ਪਰਮੇਸ਼ੁਰ ਇਸ ਪਹਿਲੇ ਜੋੜੇ ਨੂੰ ‘ਧਰਤੀ ਭਰਨ’ ਦਾ ਹੁਕਮ ਦਿੰਦਾ ਜੇ ਉਸ ਨੇ ਬਾਅਦ ਵਿਚ ਉਨ੍ਹਾਂ ਨੂੰ ਇਹ ਹੁਕਮ ਮੰਨਣ ਦੀ ਸਜ਼ਾ ਦੇਣੀ ਸੀ?—1 ਯੂਹੰਨਾ 4:8.

ਇਸ ਤੋਂ ਇਲਾਵਾ, ਹੱਵਾਹ ਦਾ ਪਤੀ ਉਸ ਵਕਤ ਉਸ ਦੇ ਨਾਲ ਨਹੀਂ ਸੀ ਜਦੋਂ ਹੱਵਾਹ ਨੇ ਮਨ੍ਹਾ ਕੀਤੇ ਹੋਏ “ਫਲ ਤੋਂ ਲਿਆ ਤੇ ਆਪ ਖਾਧਾ ਨਾਲੇ [“ਬਾਅਦ ਵਿਚ,” NW] ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸ ਨੇ ਖਾਧਾ।”—ਉਤਪਤ 3:6.

ਮੁਕਦੀ ਗੱਲ ਤਾਂ ਇਹ ਹੈ ਕਿ ਜਦੋਂ ਆਦਮ ਤੇ ਹੱਵਾਹ ਨੇ ਜਿਨਸੀ ਸੰਬੰਧ ਕਾਇਮ ਕੀਤੇ ਅਤੇ ਉਨ੍ਹਾਂ ਦੇ ਬੱਚੇ ਹੋਏ, ਤਾਂ ਪਰਮੇਸ਼ੁਰ ਨੇ ਉਨ੍ਹਾਂ ਦੀ ਨਿੰਦਿਆ ਕਰ ਕੇ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ। (ਉਤਪਤ 4:1, 2) ਇਸ ਤੋਂ ਸਪੱਸ਼ਟ ਹੈ ਕਿ ਆਦਮ ਤੇ ਹੱਵਾਹ ਦੁਆਰਾ ਖਾਧਾ ਗਿਆ ਫਲ ਉਨ੍ਹਾਂ ਦੇ ਜਿਨਸੀ ਸੰਬੰਧਾਂ ਨੂੰ ਨਹੀਂ ਸੀ ਦਰਸਾਉਂਦਾ, ਬਲਕਿ ਇਹ ਦਰਖ਼ਤ ਉੱਤੇ ਲੱਗਾ ਹੋਇਆ ਅਸਲੀ ਫਲ ਸੀ।

2 ਕੀ ਬਾਈਬਲ ਆਨੰਦ ਲੈਣ ਲਈ ਸੈਕਸ ਕਰਨ ਤੋਂ ਮਨ੍ਹਾ ਕਰਦੀ ਹੈ?

▪ ਜਵਾਬ: ਬਾਈਬਲ ਦੀ ਪਹਿਲੀ ਕਿਤਾਬ ਦੱਸਦੀ ਹੈ ਕਿ ਪਰਮੇਸ਼ੁਰ ਨੇ ਇਨਸਾਨਾਂ ਨੂੰ “ਨਰ ਨਾਰੀ” ਵਜੋਂ ਰਚਿਆ ਸੀ। ਪਰਮੇਸ਼ੁਰ ਨੇ ਜੋ ਕੁਝ ਵੀ ਰਚਿਆ ਸੀ, ਉਸ ਨੂੰ ਉਸ ਨੇ “ਬਹੁਤ ਹੀ ਚੰਗਾ” ਕਿਹਾ। (ਉਤਪਤ 1:27, 31) ਬਾਅਦ ਵਿਚ ਪਰਮੇਸ਼ੁਰ ਨੇ ਬਾਈਬਲ ਦੇ ਇਕ ਲਿਖਾਰੀ ਨੂੰ ਪ੍ਰੇਰਿਆ ਕਿ ਉਹ ਪਤੀਆਂ ਨੂੰ ਇਹ ਹਿਦਾਇਤਾਂ ਦੇਵੇ: “ਆਪਣੀ ਜੁਆਨੀ ਦੀ ਵਹੁਟੀ ਨਾਲ ਅਨੰਦ ਰਹੁ। . . . ਉਹ ਦੀਆਂ ਛਾਤੀਆਂ ਤੋਂ ਸਦਾ ਤੈਨੂੰ ਤ੍ਰਿਪਤ ਆਵੇ।” (ਕਹਾਉਤਾਂ 5:18, 19) ਕੀ ਇਨ੍ਹਾਂ ਗੱਲਾਂ ਤੋਂ ਇਹ ਲੱਗਦਾ ਹੈ ਕਿ ਬਾਈਬਲ ਆਨੰਦ ਲੈਣ ਲਈ ਸੈਕਸ ਕਰਨ ਤੋਂ ਮਨ੍ਹਾ ਕਰਦੀ ਹੈ?

ਹਕੀਕਤ ਤਾਂ ਇਹ ਹੈ ਕਿ ਪਰਮੇਸ਼ੁਰ ਨੇ ਗੁਪਤ ਅੰਗਾਂ ਨੂੰ ਜਿਸ ਤਰੀਕੇ ਨਾਲ ਬਣਾਇਆ ਹੈ, ਉਸ ਰਾਹੀਂ ਵਿਆਹੇ ਜੋੜੇ ਬੱਚੇ ਪੈਦਾ ਕਰਨ ਦੇ ਨਾਲ-ਨਾਲ ਇਕ-ਦੂਜੇ ਲਈ ਆਪਣਾ ਪਿਆਰ ਜ਼ਾਹਰ ਕਰ ਸਕਦੇ ਹਨ ਤੇ ਆਨੰਦ ਮਾਣ ਸਕਦੇ ਹਨ। ਜਿਨਸੀ ਸੰਬੰਧ ਇਕ-ਦੂਜੇ ਨਾਲ ਗੂੜ੍ਹਾ ਪਿਆਰ ਕਰਨ ਵਾਲੇ ਪਤੀ-ਪਤਨੀ ਦੀਆਂ ਸਰੀਰਕ ਤੇ ਭਾਵਾਤਮਕ ਲੋੜਾਂ ਪੂਰੀਆਂ ਕਰਦੇ ਹਨ।

3 ਕੀ ਬਾਈਬਲ ਉਸ ਤੀਵੀਂ-ਆਦਮੀ ਦੇ ਰਿਸ਼ਤੇ ਨੂੰ ਕਬੂਲ ਕਰਦੀ ਹੈ ਜੋ ਵਿਆਹ ਕਰਾਏ ਬਿਨਾਂ ਇਕੱਠੇ ਰਹਿੰਦੇ ਹਨ?

▪ ਜਵਾਬ: ਬਾਈਬਲ ਸਾਫ਼ ਕਹਿੰਦੀ ਹੈ ਕਿ ‘ਹਰਾਮਕਾਰਾਂ ਨੂੰ ਪਰਮੇਸ਼ੁਰ ਸਜ਼ਾ ਦੇਵੇਗਾ।’ (ਇਬਰਾਨੀਆਂ 13:4) ਹਰਾਮਕਾਰੀ ਲਈ ਵਰਤੇ ਗਏ ਯੂਨਾਨੀ ਸ਼ਬਦ ਪੋਰਨੀਆ ਦਾ ਮਤਲਬ ਹੈ ਅਜਿਹੇ ਤੀਵੀਂ-ਆਦਮੀ ਦੁਆਰਾ ਆਪਣੇ ਗੁਪਤ ਅੰਗਾਂ ਦਾ ਗ਼ਲਤ ਇਸਤੇਮਾਲ ਕਰਨਾ ਜੋ ਇਕ-ਦੂਜੇ ਨਾਲ ਵਿਆਹੇ ਹੋਏ ਨਹੀਂ ਹਨ। * ਇਸ ਲਈ ਵਿਆਹ ਕਰਾਏ ਬਿਨਾਂ ਤੀਵੀਂ-ਆਦਮੀ ਦਾ ਇਕੱਠੇ ਰਹਿਣਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹੈ ਭਾਵੇਂ ਕਿ ਉਨ੍ਹਾਂ ਦਾ ਭਵਿੱਖ ਵਿਚ ਵਿਆਹ ਕਰਾਉਣ ਦਾ ਇਰਾਦਾ ਹੈ।

ਭਾਵੇਂ ਮੁੰਡਾ-ਕੁੜੀ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ, ਫਿਰ ਵੀ ਪਰਮੇਸ਼ੁਰ ਚਾਹੁੰਦਾ ਹੈ ਕਿ ਉਹ ਜਿਨਸੀ ਸੰਬੰਧ ਕਾਇਮ ਕਰਨ ਤੋਂ ਪਹਿਲਾਂ ਵਿਆਹ ਕਰਨ। ਸਾਨੂੰ ਬਣਾਉਣ ਵਾਲਾ ਪਰਮੇਸ਼ੁਰ ਹੈ ਜਿਸ ਨੇ ਸਾਨੂੰ ਪਿਆਰ ਕਰਨ ਦੀ ਕਾਬਲੀਅਤ ਦਿੱਤੀ ਹੈ। ਉਸ ਦਾ ਮੁੱਖ ਗੁਣ ਵੀ ਪਿਆਰ ਹੈ। ਇਸ ਲਈ ਚੰਗੇ ਕਾਰਨ ਕਰਕੇ ਹੀ ਉਹ ਕਹਿੰਦਾ ਹੈ ਕਿ ਸਿਰਫ਼ ਵਿਆਹੇ ਲੋਕ ਜਿਨਸੀ ਸੰਬੰਧਾਂ ਦਾ ਆਨੰਦ ਲੈਣ।

4 ਕੀ ਇਕ ਤੋਂ ਜ਼ਿਆਦਾ ਵਿਆਹ ਕਰਾਉਣੇ ਠੀਕ ਹਨ?

▪ ਜਵਾਬ: ਕੁਝ ਸਮੇਂ ਲਈ ਪਰਮੇਸ਼ੁਰ ਨੇ ਆਦਮੀ ਨੂੰ ਇਕ ਤੋਂ ਜ਼ਿਆਦਾ ਤੀਵੀਆਂ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਦਿੱਤੀ ਸੀ। (ਉਤਪਤ 4:19; 16:1-4; 29:18–30:24) ਪਰ ਇਕ ਤੋਂ ਜ਼ਿਆਦਾ ਵਿਆਹ ਕਰਾਉਣ ਦੀ ਰੀਤ ਪਰਮੇਸ਼ੁਰ ਨੇ ਸ਼ੁਰੂ ਨਹੀਂ ਕੀਤੀ। ਉਸ ਨੇ ਆਦਮ ਨੂੰ ਸਿਰਫ਼ ਇਕ ਪਤਨੀ ਦਿੱਤੀ ਸੀ।

ਪਰਮੇਸ਼ੁਰ ਨੇ ਯਿਸੂ ਮਸੀਹ ਰਾਹੀਂ ਇੱਕੋ ਵਿਆਹ ਬਾਰੇ ਆਪਣਾ ਮੁਢਲਾ ਸਿਧਾਂਤ ਦੁਹਰਾਇਆ। (ਯੂਹੰਨਾ 8:28) ਜਦੋਂ ਯਿਸੂ ਨੂੰ ਵਿਆਹ ਬਾਰੇ ਪੁੱਛਿਆ ਗਿਆ, ਤਾਂ ਉਸ ਨੇ ਕਿਹਾ: ‘ਪਰਮੇਸ਼ੁਰ ਨੇ ਇਨਸਾਨਾਂ ਨੂੰ ਬਣਾਇਆ ਸੀ ਅਤੇ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਆਦਮੀ ਅਤੇ ਤੀਵੀਂ ਦੇ ਤੌਰ ਤੇ ਬਣਾਇਆ ਸੀ। ਇਸੇ ਕਰਕੇ ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਦੋਵੇਂ ਇਕ ਸਰੀਰ ਹੋਣਗੇ।’—ਮੱਤੀ 19:4, 5.

ਬਾਅਦ ਵਿਚ ਪਰਮੇਸ਼ੁਰ ਨੇ ਯਿਸੂ ਦੇ ਇਕ ਚੇਲੇ ਨੂੰ ਇਹ ਲਿਖਣ ਲਈ ਪ੍ਰੇਰਿਤ ਕੀਤਾ: “ਹਰ ਆਦਮੀ ਦੀ ਆਪਣੀ ਪਤਨੀ ਹੋਵੇ ਅਤੇ ਹਰ ਤੀਵੀਂ ਦਾ ਆਪਣਾ ਪਤੀ ਹੋਵੇ।” (1 ਕੁਰਿੰਥੀਆਂ 7:2) ਬਾਈਬਲ ਇਹ ਵੀ ਕਹਿੰਦੀ ਹੈ ਕਿ ਮਸੀਹੀ ਮੰਡਲੀ ਵਿਚ ਜਿਸ ਸ਼ਾਦੀ-ਸ਼ੁਦਾ ਆਦਮੀ ਨੂੰ ਖ਼ਾਸ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਉਹ “ਇੱਕੋ ਪਤਨੀ ਦਾ ਪਤੀ ਹੋਵੇ।”—1 ਤਿਮੋਥਿਉਸ 3:2, 12.

5 ਕੀ ਵਿਆਹੇ ਜੋੜਿਆਂ ਲਈ ਗਰਭ-ਨਿਰੋਧ ਵਰਤਣੇ ਗ਼ਲਤ ਹਨ?

▪ ਜਵਾਬ: ਯਿਸੂ ਨੇ ਆਪਣੇ ਚੇਲਿਆਂ ਨੂੰ ਬੱਚੇ ਪੈਦਾ ਕਰਨ ਦਾ ਹੁਕਮ ਨਹੀਂ ਦਿੱਤਾ ਸੀ। ਨਾ ਹੀ ਯਿਸੂ ਦੇ ਕਿਸੇ ਚੇਲੇ ਨੇ ਇਸ ਤਰ੍ਹਾਂ ਕਰਨ ਲਈ ਕਿਹਾ ਸੀ। ਬਾਈਬਲ ਵਿਚ ਕਿਤੇ ਵੀ ਸਾਫ਼ ਸ਼ਬਦਾਂ ਵਿਚ ਨਿਰੋਧ ਵਰਤਣ ਦੀ ਨਿੰਦਿਆ ਨਹੀਂ ਕੀਤੀ ਗਈ।

ਇਸ ਲਈ ਵਿਆਹੇ ਜੋੜਿਆਂ ਨੂੰ ਇਹ ਫ਼ੈਸਲਾ ਖ਼ੁਦ ਕਰਨ ਦੀ ਲੋੜ ਹੈ ਕਿ ਉਹ ਬੱਚੇ ਪੈਦਾ ਕਰਨਗੇ ਜਾਂ ਨਹੀਂ। ਉਹ ਇਹ ਵੀ ਫ਼ੈਸਲਾ ਕਰ ਸਕਦੇ ਹਨ ਕਿ ਉਹ ਕਦੋਂ ਅਤੇ ਕਿੰਨੇ ਬੱਚੇ ਪੈਦਾ ਕਰਨਗੇ। ਜੇ ਪਤੀ-ਪਤਨੀ ਅਜਿਹਾ ਗਰਭ-ਨਿਰੋਧ ਵਰਤਣ ਦੀ ਚੋਣ ਕਰਨ ਜਿਸ ਦੁਆਰਾ ਗਰਭਪਾਤ ਨਹੀਂ ਹੁੰਦਾ, ਤਾਂ ਇਹ ਉਨ੍ਹਾਂ ਦਾ ਆਪਣਾ ਫ਼ੈਸਲਾ ਤੇ ਜ਼ਿੰਮੇਵਾਰੀ ਹੈ। * ਕਿਸੇ ਨੂੰ ਵੀ ਉਨ੍ਹਾਂ ਦਾ ਨਿਆਂ ਨਹੀਂ ਕਰਨਾ ਚਾਹੀਦਾ ਕਿ ਉਹ ਗ਼ਲਤ ਕਰ ਰਹੇ ਹਨ।—ਰੋਮੀਆਂ 14:4, 10-13.

6 ਕੀ ਗਰਭਪਾਤ ਕਰਾਉਣਾ ਗ਼ਲਤ ਹੈ?

▪ ਜਵਾਬ: ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਜ਼ਿੰਦਗੀ ਪਵਿੱਤਰ ਹੈ। ਉਹ ਤਾਂ ਭਰੂਣ ਨੂੰ ਵੀ ਇਕ ਜੀਉਂਦੀ ਜਾਨ ਸਮਝਦਾ ਹੈ। (ਜ਼ਬੂਰਾਂ ਦੀ ਪੋਥੀ 139:16) ਪਰਮੇਸ਼ੁਰ ਨੇ ਕਿਹਾ ਸੀ ਕਿ ਜੋ ਇਨਸਾਨ ਇਕ ਅਣਜੰਮੇ ਬੱਚੇ ਨੂੰ ਹਾਨੀ ਪਹੁੰਚਾਉਂਦਾ ਹੈ, ਉਸ ਤੋਂ ਲੇਖਾ ਲਿਆ ਜਾਵੇਗਾ। ਮਿਸਾਲ ਲਈ, ਜੇ ਦੋ ਬੰਦੇ ਲੜਦੇ ਹੋਣ ਅਤੇ ਗਰਭਵਤੀ ਔਰਤ ਨੂੰ ਜ਼ਖ਼ਮੀ ਕਰ ਦਿੰਦੇ ਹਨ ਜਾਂ “ਕੋਈ ਬੰਦਾ [ਯਾਨੀ ਤੀਵੀਂ ਜਾਂ ਬੱਚਾ] ਮਰ ਜਾਂਦਾ ਹੈ ਤਾਂ ਜਿਸ ਨੇ ਮਾਰਿਆ ਉਸ ਨੂੰ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਇੱਕ ਜਾਨ ਦੀ ਕੀਮਤ ਦੂਸਰੀ ਜਾਨ ਨਾਲ ਅਦਾ ਕਰਨੀ ਚਾਹੀਦੀ ਹੈ।” (ਕੂਚ 21:22, 23, ERV) ਇਸ ਲਈ, ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਣਜੰਮੇ ਬੱਚੇ ਨੂੰ ਮਾਰਨਾ ਖ਼ੂਨ ਕਰਨਾ ਹੈ।—ਕੂਚ 20:13.

ਪਰ ਫਿਰ ਕੀ ਜੇ ਜਨਮ ਦੇਣ ਵੇਲੇ ਕੁਝ ਅਜਿਹੀ ਐਮਰਜੈਂਸੀ ਆ ਜਾਵੇ ਜਿਸ ਵਿਚ ਮਾਂ ਅਤੇ ਬੱਚੇ ਵਿੱਚੋਂ ਕਿਸੇ ਇਕ ਦੀ ਜਾਨ ਬਚਾਉਣ ਦਾ ਫ਼ੈਸਲਾ ਕਰਨਾ ਪਵੇ? ਇਸ ਮਾਮਲੇ ਵਿਚ ਪਤੀ-ਪਤਨੀ ਨੂੰ ਖ਼ੁਦ ਫ਼ੈਸਲਾ ਕਰਨ ਦੀ ਲੋੜ ਹੈ ਕਿ ਉਹ ਕਿਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਨਗੇ।

7 ਕੀ ਬਾਈਬਲ ਤਲਾਕ ਲੈਣ ਦੀ ਇਜਾਜ਼ਤ ਦਿੰਦੀ ਹੈ?

▪ ਜਵਾਬ: ਬਾਈਬਲ ਤਲਾਕ ਲੈਣ ਦੀ ਇਜਾਜ਼ਤ ਦਿੰਦੀ ਹੈ। ਪਰ ਯਿਸੂ ਨੇ ਵਿਆਹ ਦੇ ਬੰਧਨ ਨੂੰ ਤੋੜਨ ਦਾ ਸਿਰਫ਼ ਇਕ ਜਾਇਜ਼ ਕਾਰਨ ਦਿੱਤਾ ਸੀ। ਉਸ ਨੇ ਕਿਹਾ: “ਜਿਹੜਾ ਆਪਣੀ ਪਤਨੀ ਨੂੰ ਹਰਾਮਕਾਰੀ [ਕਿਸੇ ਪਰਾਏ ਮਰਦ ਜਾਂ ਔਰਤ ਨਾਲ ਸੈਕਸ ਕਰਨਾ] ਤੋਂ ਸਿਵਾਇ ਕਿਸੇ ਹੋਰ ਕਾਰਨ ਕਰਕੇ ਤਲਾਕ ਦਿੰਦਾ ਹੈ ਅਤੇ ਕਿਸੇ ਹੋਰ ਨਾਲ ਵਿਆਹ ਕਰਾਉਂਦਾ ਹੈ, ਤਾਂ ਉਹ ਹਰਾਮਕਾਰੀ ਕਰਦਾ ਹੈ।”—ਮੱਤੀ 19:9.

ਪਰਮੇਸ਼ੁਰ ਇਸ ਗੱਲ ਨਾਲ ਘਿਰਣਾ ਕਰਦਾ ਹੈ ਜਦੋਂ ਕੋਈ ਆਪਣੇ ਸਾਥੀ ਨੂੰ ਧੋਖੇ ਜਾਂ ਬੇਈਮਾਨੀ ਨਾਲ ਤਲਾਕ ਦਿੰਦਾ ਹੈ। ਉਹ ਖ਼ੁਦ ਉਸ ਇਨਸਾਨ ਤੋਂ ਲੇਖਾ ਲਵੇਗਾ ਜੋ ਬਿਨਾਂ ਕਿਸੇ ਕਾਰਨ ਆਪਣੇ ਸਾਥੀ ਨੂੰ ਛੱਡ ਦਿੰਦਾ ਹੈ, ਖ਼ਾਸ ਕਰਕੇ ਜਦੋਂ ਉਹ ਕਿਸੇ ਹੋਰ ਨਾਲ ਵਿਆਹ ਕਰਾਉਣ ਲਈ ਇਸ ਤਰ੍ਹਾਂ ਕਰਦਾ ਹੈ।—ਮਲਾਕੀ 2:13-16; ਮਰਕੁਸ 10:9.

8 ਕੀ ਪਰਮੇਸ਼ੁਰ ਸਮਲਿੰਗੀ ਸੰਬੰਧਾਂ ਨੂੰ ਠੀਕ ਸਮਝਦਾ ਹੈ?

▪ ਜਵਾਬ: ਬਾਈਬਲ ਵਿਚ ਹਰਾਮਕਾਰੀ ਨੂੰ ਸਾਫ਼-ਸਾਫ਼ ਨਿੰਦਿਆ ਗਿਆ ਹੈ ਜਿਸ ਵਿਚ ਸਮਲਿੰਗਤਾ ਵੀ ਸ਼ਾਮਲ ਹੈ। (ਰੋਮੀਆਂ 1:26, 27; ਗਲਾਤੀਆਂ 5:19-21) ਭਾਵੇਂ ਕਿ ਬਾਈਬਲ ਵਿਚ ਦੱਸਿਆ ਜਾਂਦਾ ਹੈ ਕਿ ਪਰਮੇਸ਼ੁਰ ਇੱਦਾਂ ਦੇ ਕੰਮਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦਾ, ਫਿਰ ਵੀ ਅਸੀਂ ਜਾਣਦੇ ਹਾਂ ਕਿ “ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।”—ਯੂਹੰਨਾ 3:16.

ਭਾਵੇਂ ਕਿ ਸੱਚੇ ਮਸੀਹੀ ਸਮਲਿੰਗਤਾ ਨੂੰ ਚੰਗਾ ਨਹੀਂ ਸਮਝਦੇ, ਫਿਰ ਵੀ ਉਹ ਸਾਰੇ ਲੋਕਾਂ ਨਾਲ ਪਿਆਰ ਕਰਦੇ ਹਨ। (ਮੱਤੀ 7:12) ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ‘ਸਾਰਿਆਂ ਦਾ ਆਦਰ ਕਰੀਏ।’ ਇਸ ਲਈ ਮਸੀਹੀ ਗੇਅ ਜਾਂ ਲੈਸਬੀਅਨ ਲੋਕਾਂ ਨੂੰ ਨਫ਼ਰਤ ਨਹੀਂ ਕਰਦੇ।—1 ਪਤਰਸ 2:17.

9 ਕੀ ਫ਼ੋਨ, ਮੋਬਾਇਲ ਜਾਂ ਇੰਟਰਨੈੱਟ ’ਤੇ ਸੈਕਸ ਬਾਰੇ ਗੱਲਾਂ ਕਰਨੀਆਂ, ਗੰਦੀਆਂ ਤਸਵੀਰਾਂ ਦੇਖਣੀਆਂ ਜਾਂ ਪਾਉਣੀਆਂ ਗ਼ਲਤ ਹਨ?

▪ ਜਵਾਬ: ਕਈ ਫ਼ੋਨ ’ਤੇ ਸੈਕਸ ਬਾਰੇ ਬੇਹੂਦਾ ਗੱਲਾਂ ਕਰਦੇ ਹਨ ਜਾਂ ਗੰਦੀਆਂ ਗੱਲਾਂ ਸੁਣ ਕੇ ਆਪਣੀ ਕਾਮ-ਵਾਸ਼ਨਾ ਸ਼ਾਂਤ ਕਰਦੇ ਹਨ। ਕਈ ਮੋਬਾਇਲ ਫ਼ੋਨ ’ਤੇ ਗੰਦੀਆਂ ਤਸਵੀਰਾਂ ਜਾਂ ਗੰਦੇ ਸੰਦੇਸ਼ ਭੇਜਦੇ ਹਨ ਅਤੇ ਕਈ ਇੰਟਰਨੈੱਟ ’ਤੇ ਚੈਟ ਰੂਮਾਂ ਵਿਚ ਸੈਕਸ ਬਾਰੇ ਗੱਲਾਂ ਕਰਦੇ ਹਨ।

ਅੱਜ ਜਿਨ੍ਹਾਂ ਚੀਜ਼ਾਂ ਦੇ ਜ਼ਰੀਏ ਇਹ ਕੰਮ ਕੀਤੇ ਜਾਂਦੇ ਹਨ, ਉਨ੍ਹਾਂ ਦਾ ਬਾਈਬਲ ਵਿਚ ਕੋਈ ਖ਼ਾਸ ਜ਼ਿਕਰ ਨਹੀਂ ਕੀਤਾ ਗਿਆ ਹੈ। ਪਰ ਬਾਈਬਲ ਇਹ ਕਹਿੰਦੀ ਹੈ: “ਤੁਹਾਡੇ ਵਿਚ ਹਰਾਮਕਾਰੀ ਦਾ ਅਤੇ ਹਰ ਤਰ੍ਹਾਂ ਦੇ ਗੰਦੇ-ਮੰਦੇ ਕੰਮਾਂ ਦਾ ਜਾਂ ਲੋਭ ਦਾ ਜ਼ਿਕਰ ਤਕ ਨਾ ਕੀਤਾ ਜਾਵੇ ਕਿਉਂਕਿ ਪਵਿੱਤਰ ਸੇਵਕਾਂ ਲਈ ਇਸ ਤਰ੍ਹਾਂ ਕਰਨਾ ਠੀਕ ਨਹੀਂ ਹੈ; ਅਤੇ ਨਾ ਹੀ ਤੁਸੀਂ ਬੇਸ਼ਰਮੀ ਭਰੇ ਕੰਮ ਕਰੋ, ਨਾ ਬੇਹੂਦਾ ਗੱਲਾਂ ਤੇ ਨਾ ਹੀ ਗੰਦੇ ਮਜ਼ਾਕ ਕਰੋ ਕਿਉਂਕਿ ਇਹ ਕੰਮ ਤੁਹਾਨੂੰ ਸ਼ੋਭਾ ਨਹੀਂ ਦਿੰਦੇ।” (ਅਫ਼ਸੀਆਂ 5:3, 4) ਫ਼ੋਨ, ਮੋਬਾਇਲ ਜਾਂ ਇੰਟਰਨੈੱਟ ’ਤੇ ਸੈਕਸ ਬਾਰੇ ਗੱਲਾਂ ਕਰਨ, ਮੈਸਿਜ ਭੇਜਣ ਜਾਂ ਗੰਦੀਆਂ ਤਸਵੀਰਾਂ ਦੇਖਣ ਜਾਂ ਪਾਉਣ ਨਾਲ ਲੋਕਾਂ ਵਿਚ ਸੈਕਸ ਬਾਰੇ ਗ਼ਲਤ ਨਜ਼ਰੀਆ ਪੈਦਾ ਹੁੰਦਾ ਹੈ ਜਾਂ ਉਨ੍ਹਾਂ ਨੂੰ ਪਰਾਏ ਮਰਦ ਜਾਂ ਔਰਤ ਨਾਲ ਜਿਨਸੀ ਸੰਬੰਧ ਕਾਇਮ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ। ਇਨ੍ਹਾਂ ਚੀਜ਼ਾਂ ਦੇ ਜ਼ਰੀਏ ਲੋਕ ਆਪਣੀਆਂ ਕਾਮੁਕ ਇੱਛਾਵਾਂ ਨੂੰ ਕਾਬੂ ਵਿਚ ਰੱਖਣ ਦੀ ਬਜਾਇ ਉਨ੍ਹਾਂ ਨੂੰ ਜਗਾਉਂਦੇ ਹਨ।

10 ਹਥਰਸੀ ਦੀ ਆਦਤ ਬਾਰੇ ਬਾਈਬਲ ਕੀ ਕਹਿੰਦੀ ਹੈ?

▪ ਜਵਾਬ: ਹਥਰਸੀ ਦਾ ਮਤਲਬ ਹੈ ਗੁਪਤ ਅੰਗਾਂ ਨੂੰ ਪਲੋਸਣਾ ਜਦ ਤਕ ਕਾਮ-ਉਤੇਜਨਾ ਪੂਰੀ ਨਹੀਂ ਹੁੰਦੀ। ਬਾਈਬਲ ਵਿਚ ਇਸ ਆਦਤ ਦਾ ਕੋਈ ਖ਼ਾਸ ਜ਼ਿਕਰ ਨਹੀਂ ਕੀਤਾ ਗਿਆ। ਪਰ ਬਾਈਬਲ ਮਸੀਹੀਆਂ ਨੂੰ ਇਹ ਹੁਕਮ ਦਿੰਦੀ ਹੈ: “ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ ਜਿਨ੍ਹਾਂ ਵਿਚ ਇਹ ਲਾਲਸਾਵਾਂ ਪੈਦਾ ਹੁੰਦੀਆਂ ਹਨ: ਹਰਾਮਕਾਰੀ, ਗੰਦ-ਮੰਦ, ਕਾਮ-ਵਾਸ਼ਨਾ।”—ਕੁਲੁੱਸੀਆਂ 3:5.

ਇਸ ਆਦਤ ਦਾ ਸ਼ਿਕਾਰ ਵਿਅਕਤੀ ਸੈਕਸ ਨੂੰ ਆਪਣੀ ਕਾਮ-ਵਾਸ਼ਨਾ ਸ਼ਾਂਤ ਕਰਨ ਅਤੇ ਮਜ਼ਾ ਲੈਣ ਵਾਲੀ ਚੀਜ਼ ਹੀ ਸਮਝਦਾ ਹੈ। ਪਰ ਜੋ ਇਸ ਆਦਤ ਤੋਂ ਛੁਟਕਾਰਾ ਪਾਉਣ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਬਾਈਬਲ ਭਰੋਸਾ ਦਿੰਦੀ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ” ਤਾਕਤ ਦੇ ਸਕਦਾ ਹੈ।—2 ਕੁਰਿੰਥੀਆਂ 4:7; ਫ਼ਿਲਿੱਪੀਆਂ 4:13. (w11-E 11/01)

[ਫੁਟਨੋਟ]

^ ਪੈਰਾ 11 ਪੋਰਨੀਆ ਵਿਚ ਹੋਰ ਕੰਮ ਵੀ ਸ਼ਾਮਲ ਹਨ ਜੋ ਪਰਮੇਸ਼ੁਰ ਦੁਆਰਾ ਗੁਪਤ ਅੰਗਾਂ ਨੂੰ ਰਚਣ ਦੇ ਮੁਢਲੇ ਮਕਸਦ ਦੇ ਉਲਟ ਹਨ ਜਿਵੇਂ ਕਿਸੇ ਪਰਾਏ ਮਰਦ ਜਾਂ ਔਰਤ ਨਾਲ ਜਿਨਸੀ ਸੰਬੰਧ, ਮੁੰਡਿਆਂ-ਮੁੰਡਿਆਂ ਅਤੇ ਕੁੜੀਆਂ-ਕੁੜੀਆਂ ਦੇ ਇਕ-ਦੂਜੇ ਨਾਲ ਸਰੀਰਕ ਸੰਬੰਧ ਅਤੇ ਪਸ਼ੂਆਂ ਨਾਲ ਸੰਭੋਗ।

^ ਪੈਰਾ 19 ਸਟਰਲਾਇਜ਼ੇਸ਼ਨ ਬਾਰੇ ਬਾਈਬਲ ਕੀ ਕਹਿੰਦੀ ਹੈ, ਇਸ ਬਾਰੇ ਹੋਰ ਜਾਣਕਾਰੀ ਲਈ 15 ਜੂਨ 1999 ਦੇ ਪਹਿਰਾਬੁਰਜ ਦੇ ਸਫ਼ੇ 27-28 ਉੱਤੇ “ਪਾਠਕਾਂ ਵੱਲੋਂ ਸਵਾਲ” ਦੇਖੋ।