Skip to content

Skip to table of contents

ਕੀ ਰੱਬ ਸਾਨੂੰ ਸਜ਼ਾ ਦੇ ਰਿਹਾ ਹੈ?

ਕੀ ਰੱਬ ਸਾਨੂੰ ਸਜ਼ਾ ਦੇ ਰਿਹਾ ਹੈ?

ਮਾਰਚ 2011 ਨੂੰ ਜਪਾਨ ਵਿਚ 9.0 ਦੀ ਰਫ਼ਤਾਰ ਨਾਲ ਆਏ ਭੁਚਾਲ਼ ਅਤੇ ਸੁਨਾਮੀ ਲਹਿਰਾਂ ਤੋਂ ਬਾਅਦ ਇਕ ਉੱਘੇ ਨੇਤਾ ਨੇ ਕਿਹਾ: “ਮੇਰੇ ਖ਼ਿਆਲ ਵਿਚ ਇਹ ਤੇਮਬਤਸੂ [ਰੱਬ ਵੱਲੋਂ ਸਜ਼ਾ] ਹੈ, ਫਿਰ ਵੀ ਮੈਨੂੰ ਆਫ਼ਤ ਦੇ ਸ਼ਿਕਾਰਾਂ ’ਤੇ ਤਰਸ ਆਉਂਦਾ ਹੈ।”

ਜਦੋਂ ਜਨਵਰੀ 2010 ਨੂੰ ਹੈਟੀ ਵਿਚ ਆਏ ਭੁਚਾਲ਼ ਵਿਚ 2,20,000 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਚਲੇ ਗਈਆਂ, ਤਾਂ ਇਕ ਪ੍ਰਸਿੱਧ ਧਰਮ-ਪ੍ਰਚਾਰਕ ਨੇ ਟੀ.ਵੀ. ’ਤੇ ਦਾਅਵਾ ਕੀਤਾ ਕਿ ਇਨ੍ਹਾਂ ਲੋਕਾਂ ਨੇ “ਸ਼ੈਤਾਨ ਨਾਲ ਆਪਣਾ ਰਿਸ਼ਤਾ ਜੋੜ ਲਿਆ ਸੀ” ਅਤੇ ਉਨ੍ਹਾਂ ਨੂੰ “ਰੱਬ ਵੱਲ ਮੁੜਨ” ਦੀ ਲੋੜ ਸੀ।

ਜਦੋਂ ਫ਼ਿਲਪੀਨ ਦੇ ਸ਼ਹਿਰ ਮਨੀਲਾ ਵਿਚ ਮਚੀ ਭੱਜ-ਦੌੜ ਵਿਚ 79 ਲੋਕ ਪੈਰਾਂ ਹੇਠ ਕੁਚਲ਼ੇ ਗਏ ਸਨ, ਤਾਂ ਇਕ ਕੈਥੋਲਿਕ ਪਾਦਰੀ ਨੇ ਕਿਹਾ: “ਪਰਮੇਸ਼ੁਰ ਸਾਡੀ ਮਰੀ ਤੇ ਬੇਪਰਵਾਹ ਜ਼ਮੀਰ ਨੂੰ ਜਗਾਉਣਾ ਚਾਹੁੰਦਾ ਹੈ।” ਇੱਥੋਂ ਦੇ ਇਕ ਅਖ਼ਬਾਰ ਨੇ ਰਿਪੋਰਟ ਦਿੱਤੀ ਕਿ “21 ਪ੍ਰਤਿਸ਼ਤ ਲੋਕ ਮੰਨਦੇ ਹਨ ਕਿ ਰੱਬ ਢਿੱਗਾਂ, ਤੂਫ਼ਾਨਾਂ ਅਤੇ ਹੋਰ ਆਫ਼ਤਾਂ ਦੇ ਜ਼ਰੀਏ ਆਪਣਾ ਗੁੱਸਾ ਜ਼ਾਹਰ ਕਰਦਾ ਹੈ” ਜੋ ਅਕਸਰ ਦੇਸ਼ ਉੱਤੇ ਕਹਿਰ ਢਾਹੁੰਦੀਆਂ ਹਨ।

ਲੋਕਾਂ ਦਾ ਇਹ ਮੰਨਣਾ ਕੋਈ ਨਵੀਂ ਗੱਲ ਨਹੀਂ ਕਿ ਰੱਬ ਬੁਰੇ ਲੋਕਾਂ ਨੂੰ ਸਜ਼ਾ ਦੇਣ ਲਈ ਆਫ਼ਤਾਂ ਲਿਆਉਂਦਾ ਹੈ। 1755 ਵਿਚ ਪੁਰਤਗਾਲ ਦੇ ਸ਼ਹਿਰ ਲਿਸਬਨ ਵਿਚ ਆਏ ਭੁਚਾਲ਼, ਅੱਗ ਲੱਗਣ ਅਤੇ ਸੁਨਾਮੀ ਲਹਿਰਾਂ ਆਉਣ ਕਾਰਨ ਕੁਝ 60,000 ਲੋਕਾਂ ਦੀਆਂ ਜਾਨਾਂ ਚਲੇ ਗਈਆਂ। ਇਸ ਤੋਂ ਬਾਅਦ ਮਸ਼ਹੂਰ ਫ਼ਿਲਾਸਫ਼ਰ ਵੋਲਟੈਰ ਨੇ ਸਵਾਲ ਕੀਤਾ: “ਕੀ ਤਬਾਹ ਹੋਏ ਲਿਸਬਨ ਵਿਚ ਪੈਰਿਸ ਨਾਲੋਂ ਜ਼ਿਆਦਾ ਬੁਰਾਈ ਸੀ ਜਿੱਥੇ ਲੋਕ ਅਯਾਸ਼ ਜ਼ਿੰਦਗੀ ਦਾ ਜ਼ਿਆਦਾ ਮਜ਼ਾ ਲੈਂਦੇ ਹਨ?” ਇਸ ਲਈ, ਲੱਖਾਂ ਲੋਕ ਸੋਚਦੇ ਹਨ ਕਿ ਕੀ ਪਰਮੇਸ਼ੁਰ ਲੋਕਾਂ ਨੂੰ ਸਜ਼ਾ ਦੇਣ ਲਈ ਕੁਦਰਤੀ ਆਫ਼ਤਾਂ ਲਿਆਉਂਦਾ ਹੈ? ਕਈ ਦੇਸ਼ਾਂ ਵਿਚ ਤਾਂ ਇਨ੍ਹਾਂ ਆਫ਼ਤਾਂ ਨੂੰ ਰੱਬ ਦੀ ਕਰਨੀ ਕਿਹਾ ਜਾਂਦਾ ਹੈ।

ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਸਾਨੂੰ ਇਹ ਪੁੱਛਣ ਦੀ ਲੋੜ ਹੈ: ਕੀ ਪਰਮੇਸ਼ੁਰ ਵਾਕਈ ਲੋਕਾਂ ਨੂੰ ਕੁਦਰਤੀ ਆਫ਼ਤਾਂ ਰਾਹੀਂ ਸਜ਼ਾ ਦੇ ਰਿਹਾ ਹੈ? ਕੀ ਹਾਲ ਹੀ ਵਿਚ ਹੋਈਆਂ ਅਣਗਿਣਤ ਤਬਾਹਕੁਨ ਘਟਨਾਵਾਂ ਪਰਮੇਸ਼ੁਰ ਵੱਲੋਂ ਸਜ਼ਾ ਹਨ?

ਪਰਮੇਸ਼ੁਰ ’ਤੇ ਦੋਸ਼ ਲਾਉਣ ਵਿਚ ਕਾਹਲੀ ਕਰਨ ਵਾਲੇ ਲੋਕ ਬਾਈਬਲ ਦੇ ਉਨ੍ਹਾਂ ਬਿਰਤਾਂਤਾਂ ਦਾ ਹਵਾਲਾ ਦਿੰਦੇ ਹਨ ਜਿਨ੍ਹਾਂ ਵਿਚ ਪਰਮੇਸ਼ੁਰ ਨੇ ਕੁਦਰਤੀ ਤਾਕਤਾਂ ਵਰਤ ਕੇ ਲੋਕਾਂ ਦਾ ਨਾਸ਼ ਕੀਤਾ ਸੀ। (ਉਤਪਤ 7:17-22; 18:20; 19:24, 25; ਗਿਣਤੀ 16:31-35) ਪਰ ਬਾਈਬਲ ਦੇ ਇਨ੍ਹਾਂ ਬਿਰਤਾਂਤਾਂ ਦੀ ਜਾਂਚ ਕਰਨ ਤੋਂ ਪਰਮੇਸ਼ੁਰ ਬਾਰੇ ਤਿੰਨ ਖ਼ਾਸ ਗੱਲਾਂ ਪਤਾ ਲੱਗਦੀਆਂ ਹਨ। ਪਹਿਲੀ, ਆਫ਼ਤਾਂ ਲਿਆਉਣ ਤੋਂ ਪਹਿਲਾਂ ਪਰਮੇਸ਼ੁਰ ਹਮੇਸ਼ਾ ਚੇਤਾਵਨੀ ਦਿੰਦਾ ਹੈ। ਦੂਜੀ, ਅੱਜ ਦੀਆਂ ਕੁਦਰਤੀ ਆਫ਼ਤਾਂ ਵਿਚ ਚੰਗੇ ਤੇ ਬੁਰੇ ਦੋਵੇਂ ਤਰ੍ਹਾਂ ਦੇ ਲੋਕ ਮਾਰੇ ਜਾਂਦੇ ਹਨ, ਜਦ ਕਿ ਪਰਮੇਸ਼ੁਰ ਨੇ ਸਿਰਫ਼ ਬੁਰੇ ਲੋਕਾਂ ਨੂੰ ਨਾਸ਼ ਕੀਤਾ ਸੀ। ਇਹ ਉਹ ਬੁਰੇ ਲੋਕ ਸਨ ਜੋ ਆਪਣੇ ਆਪ ਨੂੰ ਬਦਲਣਾ ਨਹੀਂ ਸੀ ਚਾਹੁੰਦੇ ਅਤੇ ਜਿਨ੍ਹਾਂ ਨੇ ਪਰਮੇਸ਼ੁਰ ਦੀਆਂ ਚੇਤਾਵਨੀਆਂ ਨੂੰ ਮੰਨਣ ਤੋਂ ਇਨਕਾਰ ਕੀਤਾ ਸੀ। ਤੀਜੀ, ਪਰਮੇਸ਼ੁਰ ਨੇ ਬੇਕਸੂਰ ਲੋਕਾਂ ਲਈ ਬਚਣ ਦਾ ਰਾਹ ਕੱਢਿਆ ਸੀ।—ਉਤਪਤ 7:1, 23; 19:15-17; ਗਿਣਤੀ 16:23-27.

ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਅੱਜ ਲੱਖਾਂ ਲੋਕਾਂ ਦੀਆਂ ਜਾਨਾਂ ਲੈਣ ਵਾਲੀਆਂ ਅਣਗਿਣਤ ਆਫ਼ਤਾਂ ਦੇ ਪਿੱਛੇ ਰੱਬ ਦਾ ਹੱਥ ਸੀ। ਤਾਂ ਫਿਰ ਇਨ੍ਹਾਂ ਆਫ਼ਤਾਂ ਵਿਚ ਇੰਨਾ ਵਾਧਾ ਕਿਉਂ ਹੋ ਰਿਹਾ ਹੈ? ਅਸੀਂ ਇਨ੍ਹਾਂ ਨਾਲ ਕਿਵੇਂ ਨਜਿੱਠ ਸਕਦੇ ਹਾਂ? ਕੀ ਕੋਈ ਅਜਿਹਾ ਸਮਾਂ ਆਵੇਗਾ ਜਦ ਇਹ ਆਫ਼ਤਾਂ ਨਹੀਂ ਆਉਣਗੀਆਂ? ਇਨ੍ਹਾਂ ਸਵਾਲਾਂ ਦੇ ਜਵਾਬ ਤੁਸੀਂ ਅਗਲੇ ਲੇਖਾਂ ਵਿਚ ਪਾਓਗੇ। (w11-E 12/01)