ਰੱਬ ਬੁਰਾਈ ਤੇ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?
ਪਰਮੇਸ਼ੁਰ ਦੇ ਬਚਨ ਤੋਂ ਸਿੱਖੋ
ਰੱਬ ਬੁਰਾਈ ਤੇ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?
ਇਸ ਲੇਖ ਵਿਚ ਉਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਗਈ ਹੈ ਜੋ ਸ਼ਾਇਦ ਤੁਹਾਡੇ ਮਨ ਵਿਚ ਆਏ ਹੋਣ। ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿਚ ਦਿੱਤੇ ਗਏ ਹਨ। ਤੁਹਾਡੇ ਨਾਲ ਇਨ੍ਹਾਂ ਬਾਰੇ ਗੱਲ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਖ਼ੁਸ਼ੀ ਹੋਵੇਗੀ।
1. ਬੁਰਾਈ ਦੀ ਸ਼ੁਰੂਆਤ ਕਿਵੇਂ ਹੋਈ?
ਯਹੋਵਾਹ ਨੇ ਇਕ ਦੂਤ ਬਣਾਇਆ ਜੋ ਬਾਅਦ ਵਿਚ ਸ਼ਤਾਨ ਬਣ ਗਿਆ। ਧਰਤੀ ʼਤੇ ਬੁਰਾਈ ਉਦੋਂ ਸ਼ੁਰੂ ਹੋਈ ਜਦੋਂ ਸ਼ਤਾਨ ਨੇ ਝੂਠ ਬੋਲਿਆ। ਬਾਈਬਲ ਕਹਿੰਦੀ ਹੈ ਕਿ ਉਹ “ਸਚਿਆਈ ਉੱਤੇ ਟਿਕਿਆ ਨਾ ਰਿਹਾ।” (ਯੂਹੰਨਾ 8:44) ਇਹ ਦੂਤ ਚਾਹੁਣ ਲੱਗ ਪਿਆ ਕਿ ਪਰਮੇਸ਼ੁਰ ਦੀ ਬਜਾਇ ਲੋਕ ਉਸ ਦੀ ਪੂਜਾ ਕਰਨ। ਸ਼ਤਾਨ ਨੇ ਪਹਿਲੀ ਤੀਵੀਂ ਹੱਵਾਹ ਨਾਲ ਝੂਠ ਬੋਲਿਆ ਅਤੇ ਉਸ ਨੇ ਹੱਵਾਹ ਨੂੰ ਰੱਬ ਦੀ ਸੁਣਨ ਦੀ ਬਜਾਇ ਉਸ ਦੀ ਸੁਣਨ ਲਈ ਭਰਮਾਇਆ। ਆਦਮ ਨੇ ਵੀ ਹੱਵਾਹ ਵਾਂਗ ਰੱਬ ਤੋਂ ਮੂੰਹ ਮੋੜ ਲਿਆ। ਆਦਮ ਦੇ ਫ਼ੈਸਲੇ ਕਰਕੇ ਦੁਨੀਆਂ ਵਿਚ ਦੁੱਖ ਤੇ ਮੌਤ ਆਈ।—ਉਤਪਤ 3:1-6, 17-19 ਪੜ੍ਹੋ।
ਜਦ ਸ਼ਤਾਨ ਨੇ ਹੱਵਾਹ ਨੂੰ ਰੱਬ ਦੇ ਖ਼ਿਲਾਫ਼ ਜਾਣ ਲਈ ਉਕਸਾਇਆ, ਤਾਂ ਸ਼ਤਾਨ ਰੱਬ ਦੇ ਰਾਜ ਕਰਨ ਦੇ ਹੱਕ ʼਤੇ ਸਵਾਲ ਖੜ੍ਹਾ ਕਰ ਰਿਹਾ ਸੀ। ਤਕਰੀਬਨ ਸਾਰੇ ਹੀ ਇਨਸਾਨਾਂ ਨੇ ਸ਼ਤਾਨ ਨਾਲ ਮਿਲ ਕੇ ਰੱਬ ਨੂੰ ਰਾਜਾ ਮੰਨਣ ਤੋਂ ਇਨਕਾਰ ਕੀਤਾ। ਇਸ ਤਰ੍ਹਾਂ ਸ਼ਤਾਨ “ਜਗਤ ਦਾ ਸਰਦਾਰ” ਬਣ ਗਿਆ।—ਯੂਹੰਨਾ 14:30; ਪਰਕਾਸ਼ ਦੀ ਪੋਥੀ 12:9 ਪੜ੍ਹੋ।
2. ਕੀ ਰੱਬ ਦੀ ਰਚਨਾ ਵਿਚ ਕੋਈ ਨੁਕਸ ਸੀ?
ਰੱਬ ਨੇ ਜਿਨ੍ਹਾਂ ਇਨਸਾਨਾਂ ਤੇ ਦੂਤਾਂ ਨੂੰ ਬਣਾਇਆ ਸੀ ਉਹ ਰੱਬ ਦੇ ਹੁਕਮਾਂ ਨੂੰ ਮੰਨਣ ਦੇ ਪੂਰੀ ਤਰ੍ਹਾਂ ਕਾਬਲ ਸਨ। (ਬਿਵਸਥਾ ਸਾਰ 32:5) ਰੱਬ ਨੇ ਸਾਨੂੰ ਇਹ ਫ਼ੈਸਲਾ ਕਰਨ ਦੀ ਆਜ਼ਾਦੀ ਦਿੱਤੀ ਹੈ ਕਿ ਅਸੀਂ ਚੰਗੇ ਕੰਮ ਕਰਾਂਗੇ ਜਾਂ ਮਾੜੇ। ਇਹ ਆਜ਼ਾਦੀ ਸਾਨੂੰ ਰੱਬ ਨਾਲ ਪਿਆਰ ਦਿਖਾਉਣ ਦਾ ਮੌਕਾ ਦਿੰਦੀ ਹੈ।—ਯਾਕੂਬ 1:13-15; 1 ਯੂਹੰਨਾ 5:3 ਪੜ੍ਹੋ।
3. ਰੱਬ ਨੇ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕੀਤਾ?
ਕੁਝ ਸਮੇਂ ਲਈ ਯਹੋਵਾਹ ਨੇ ਬੁਰੇ ਦੂਤਾਂ ਤੇ ਇਨਸਾਨਾਂ ਨੂੰ ਰਾਜ ਕਰਨ ਦਾ ਮੌਕਾ ਦਿੱਤਾ ਹੈ। ਕਿਉਂ? ਇਹ ਦਿਖਾਉਣ ਲਈ ਕਿ ਰੱਬ ਤੋਂ ਬਿਨਾਂ ਵਧੀਆ ਤਰੀਕੇ ਨਾਲ ਰਾਜ ਨਹੀਂ ਕੀਤਾ ਜਾ ਸਕਦਾ। (ਯਿਰਮਿਯਾਹ 10:23) 6,000 ਸਾਲਾਂ ਤੋਂ ਬਾਅਦ ਇਹ ਸਾਬਤ ਹੋ ਚੁੱਕਾ ਹੈ ਕਿ ਸਾਨੂੰ ਰੱਬ ਦੀ ਹਕੂਮਤ ਦੀ ਲੋੜ ਹੈ। ਮਨੁੱਖੀ ਸਰਕਾਰਾਂ ਯੁੱਧ, ਜੁਰਮ, ਬੇਇਨਸਾਫ਼ੀ ਤੇ ਬੀਮਾਰੀਆਂ ਨੂੰ ਖ਼ਤਮ ਨਹੀਂ ਕਰ ਸਕੀਆਂ ਹਨ।—ਉਪਦੇਸ਼ਕ ਦੀ ਪੋਥੀ 7:29; 8:9; ਰੋਮੀਆਂ 9:17 ਪੜ੍ਹੋ।
ਇਸ ਦੇ ਉਲਟ ਜਿਹੜੇ ਲੋਕ ਰੱਬ ਨੂੰ ਆਪਣਾ ਰਾਜਾ ਮੰਨਦੇ ਹਨ ਉਨ੍ਹਾਂ ਨੂੰ ਅੱਜ ਵੀ ਰੱਬ ਦੀ ਬਰਕਤ ਮਿਲਦੀ ਹੈ। (ਯਸਾਯਾਹ 48:17, 18) ਜਲਦੀ ਹੀ ਯਹੋਵਾਹ ਸਾਰੀਆਂ ਮਨੁੱਖੀ ਸਰਕਾਰਾਂ ਨੂੰ ਖ਼ਤਮ ਕਰ ਦੇਵੇਗਾ। ਉਹੀ ਲੋਕ ਧਰਤੀ ʼਤੇ ਰਹਿਣਗੇ ਜਿਹੜੇ ਰੱਬ ਨੂੰ ਆਪਣਾ ਰਾਜਾ ਮੰਨਦੇ ਹਨ।—ਯਸਾਯਾਹ 2:3, 4; 11:9; ਦਾਨੀਏਲ 2:44 ਪੜ੍ਹੋ।
4. ਰੱਬ ਦੇ ਧੀਰਜ ਕਰਕੇ ਸਾਨੂੰ ਕਿਹੜਾ ਮੌਕਾ ਮਿਲਦਾ ਹੈ?
ਸ਼ਤਾਨ ਨੇ ਦਾਅਵਾ ਕੀਤਾ ਸੀ ਕਿ ਕੋਈ ਵੀ ਇਨਸਾਨ ਯਹੋਵਾਹ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਰਹੇਗਾ। ਰੱਬ ਦੇ ਧੀਰਜ ਕਰਕੇ ਸਾਨੂੰ ਆਪਣੇ ਜੀਵਨ-ਢੰਗ ਰਾਹੀਂ ਇਹ ਦਿਖਾਉਣ ਦਾ ਮੌਕਾ ਮਿਲਦਾ ਹੈ ਕਿ ਅਸੀਂ ਰੱਬ ਦੇ ਰਾਜ ਨੂੰ ਚਾਹੁੰਦੇ ਹਾਂ ਜਾਂ ਮਨੁੱਖਾਂ ਦੇ ਰਾਜ ਨੂੰ।—ਅੱਯੂਬ 1:8-11; ਕਹਾਉਤਾਂ 27:11 ਪੜ੍ਹੋ।
5. ਅਸੀਂ ਰੱਬ ਨੂੰ ਆਪਣਾ ਰਾਜਾ ਕਿਵੇਂ ਮੰਨ ਸਕਦੇ ਹਾਂ?
ਜਦ ਅਸੀਂ ਪਰਮੇਸ਼ੁਰ ਦੇ ਬਚਨ ਬਾਈਬਲ ਮੁਤਾਬਕ ਉਸ ਦੀ ਭਗਤੀ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਉਹੀ ਸਾਡਾ ਰਾਜਾ ਹੈ। (ਯੂਹੰਨਾ 17:17) ਅਸੀਂ ਯਿਸੂ ਵਾਂਗ ਨਾ ਤਾਂ ਰਾਜਨੀਤੀ ਵਿਚ ਤੇ ਨਾ ਹੀ ਲੜਾਈਆਂ ਵਿਚ ਹਿੱਸਾ ਲੈਂਦੇ ਹਾਂ।—ਯੂਹੰਨਾ 17:14 ਪੜ੍ਹੋ।
ਸ਼ਤਾਨ ਸਾਨੂੰ ਬੁਰੇ ਜਾਂ ਗ਼ਲਤ ਕੰਮ ਕਰਨ ਲਈ ਭਰਮਾਉਂਦਾ ਹੈ। ਜਦ ਅਸੀਂ ਇਸ ਤਰ੍ਹਾਂ ਦੇ ਬੁਰੇ ਕੰਮ ਨਹੀਂ ਕਰਦੇ, ਤਾਂ ਸ਼ਾਇਦ ਸਾਡੇ ਦੋਸਤ-ਮਿੱਤਰ ਤੇ ਰਿਸ਼ਤੇਦਾਰ ਸਾਡਾ ਮਜ਼ਾਕ ਉਡਾਉਣ ਜਾਂ ਵਿਰੋਧ ਕਰਨ। (1 ਪਤਰਸ 4:3, 4) ਸੋ ਸਾਨੂੰ ਜ਼ਰੂਰੀ ਫ਼ੈਸਲਾ ਕਰਨ ਦੀ ਲੋੜ ਹੈ। ਕੀ ਅਸੀਂ ਉਨ੍ਹਾਂ ਲੋਕਾਂ ਨਾਲ ਦੋਸਤੀ ਕਰਾਂਗੇ ਜਿਹੜੇ ਰੱਬ ਨੂੰ ਪਿਆਰ ਕਰਦੇ ਹਨ? ਕੀ ਅਸੀਂ ਰੱਬ ਦਾ ਕਹਿਣਾ ਮੰਨਾਂਗੇ? ਜੇ ਅਸੀਂ ਇੱਦਾਂ ਕਰਾਂਗੇ, ਤਾਂ ਅਸੀਂ ਸ਼ਤਾਨ ਦੇ ਦਾਅਵੇ ਨੂੰ ਝੂਠਾ ਸਾਬਤ ਕਰਾਂਗੇ।—1 ਕੁਰਿੰਥੀਆਂ 6:9, 10; 15:33 ਪੜ੍ਹੋ। (w11-E 05/01)
ਹੋਰ ਜਾਣਕਾਰੀ ਲਈ ਇਸ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ ਗਿਆਰਵਾਂ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।
[ਸਫ਼ਾ 18 ਉੱਤੇ ਤਸਵੀਰ]
ਆਦਮ ਨੇ ਗ਼ਲਤ ਫ਼ੈਸਲਾ ਕੀਤਾ
[ਸਫ਼ਾ 19 ਉੱਤੇ ਤਸਵੀਰ]
ਸਾਡੇ ਫ਼ੈਸਲੇ ਦਿਖਾਉਂਦੇ ਹਨ ਕਿ ਅਸੀਂ ਰੱਬ ਨੂੰ ਆਪਣਾ ਰਾਜਾ ਮੰਨਦੇ ਹਾਂ ਕਿ ਨਹੀਂ