Skip to content

Skip to table of contents

ਯਿਸੂ ਮਸੀਹ—ਉਸ ਦਾ ਤੁਹਾਡੇ ਲਈ ਸੰਦੇਸ਼

ਯਿਸੂ ਮਸੀਹ—ਉਸ ਦਾ ਤੁਹਾਡੇ ਲਈ ਸੰਦੇਸ਼

ਯਿਸੂ ਮਸੀਹ​—ਉਸ ਦਾ ਤੁਹਾਡੇ ਲਈ ਸੰਦੇਸ਼

“ਮੈਂ ਇਸ ਲਈ ਆਇਆ ਭਈ ਉਨ੍ਹਾਂ ਨੂੰ ਜੀਉਣ ਮਿਲੇ ਸਗੋਂ ਚੋਖਾ ਮਿਲੇ।”—ਯੂਹੰਨਾ 10:10.

ਯਿਸੂ ਮਸੀਹ ਧਰਤੀ ਉੱਤੇ ਦੂਜਿਆਂ ਦੀ ਸੇਵਾ ਕਰਨ ਲਈ ਆਇਆ ਸੀ ਨਾ ਕਿ ਆਪਣੀ ਸੇਵਾ ਕਰਾਉਣ ਲਈ। ਆਪਣੇ ਪ੍ਰਚਾਰ ਰਾਹੀਂ ਉਸ ਨੇ ਇਨਸਾਨਾਂ ਨੂੰ ਇਕ ਅਨਮੋਲ ਤੋਹਫ਼ਾ ਦਿੱਤਾ। ਉਹ ਤੋਹਫ਼ਾ ਕੀ ਸੀ? ਇਕ ਅਜਿਹਾ ਸੰਦੇਸ਼ ਜਿਸ ਤੋਂ ਲੋਕਾਂ ਨੂੰ ਪਰਮੇਸ਼ੁਰ ਅਤੇ ਉਸ ਦੀ ਮਰਜ਼ੀ ਬਾਰੇ ਪਤਾ ਚੱਲਿਆ। ਲੱਖਾਂ ਹੀ ਮਸੀਹੀ ਇਸ ਗੱਲ ਦੀ ਗਵਾਹੀ ਦੇ ਸਕਦੇ ਹਨ ਕਿ ਯਿਸੂ ਦਾ ਸੰਦੇਸ਼ ਕਬੂਲ ਕਰ ਕੇ ਉਹ ਵਧੀਆ ਜ਼ਿੰਦਗੀ ਜੀ ਰਹੇ ਹਨ। * ਯਿਸੂ ਨੇ ਇਕ ਹੋਰ ਤੋਹਫ਼ਾ ਵੀ ਦਿੱਤਾ ਸੀ ਯਾਨੀ ਉਸ ਨੇ ਸਾਡੇ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਇਸ ਤੋਹਫ਼ੇ ਨੂੰ ਕਬੂਲ ਕਰਨਾ ਜਾਂ ਨਾ ਕਰਨਾ ਸਾਡੀ ਜ਼ਿੰਦਗੀ ਦਾ ਸਵਾਲ ਹੈ।

ਪਰਮੇਸ਼ੁਰ ਅਤੇ ਯਿਸੂ ਨੇ ਜੋ ਦਿੱਤਾ: ਯਿਸੂ ਨੂੰ ਪਤਾ ਸੀ ਕਿ ਉਹ ਆਪਣੇ ਦੁਸ਼ਮਣਾਂ ਦੇ ਹੱਥੀਂ ਦੁੱਖ ਭਰੀ ਮੌਤ ਮਰੇਗਾ। (ਮੱਤੀ 20:17-19) ਫਿਰ ਵੀ ਉਸ ਨੇ ਯੂਹੰਨਾ 3:16 ਵਿਚ ਕਿਹਾ: ‘ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।’ ਯਿਸੂ ਨੇ ਇਹ ਵੀ ਕਿਹਾ ਕਿ ਉਹ ‘ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।’ (ਮੱਤੀ 20:28) ਯਿਸੂ ਨੇ ਇਹ ਕਿਉਂ ਕਿਹਾ ਸੀ ਕਿ ਉਹ ਆਪਣੀ ਜਾਨ ਦੇਵੇਗਾ ਨਾ ਕਿ ਉਸ ਦੀ ਜਾਨ ਲਈ ਜਾਵੇਗੀ?

ਪਿਆਰ ਦੀ ਖ਼ਾਤਰ ਪਰਮੇਸ਼ੁਰ ਨੇ ਇੰਤਜ਼ਾਮ ਕੀਤਾ ਕਿ ਇਨਸਾਨ ਪਾਪ ਅਤੇ ਮੌਤ ਤੋਂ ਛੁਡਾਏ ਜਾਣ। ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਆਪਣੀ ਜਾਨ ਬਲੀਦਾਨ ਕਰਨ ਲਈ ਧਰਤੀ ਉੱਤੇ ਭੇਜਿਆ। ਯਿਸੂ ਸਾਡੇ ਵਾਸਤੇ ਆਪਣੀ ਜਾਨ ਦੇਣ ਲਈ ਰਾਜ਼ੀ ਸੀ। * ਇਹ ਇਨਸਾਨਾਂ ਲਈ ਪਰਮੇਸ਼ੁਰ ਵੱਲੋਂ ਸਭ ਤੋਂ ਵੱਡੀ ਦਾਤ ਹੈ। ਇਸ ਰਾਹੀਂ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲਦੀ ਹੈ।

ਤੁਹਾਨੂੰ ਕੀ ਕਰਨ ਦੀ ਲੋੜ ਹੈ: ਕੀ ਤੁਸੀਂ ਯਿਸੂ ਦੀ ਕੁਰਬਾਨੀ ਨੂੰ ਨਿੱਜੀ ਤੌਰ ਤੇ ਇਕ ਤੋਹਫ਼ਾ ਮੰਨਦੇ ਹੋ? ਇਹ ਤੁਹਾਡਾ ਆਪਣਾ ਫ਼ੈਸਲਾ ਹੈ। ਮਿਸਾਲ ਲਈ, ਫ਼ਰਜ਼ ਕਰੋ ਕਿ ਤੁਹਾਨੂੰ ਕੋਈ ਸੋਹਣਾ ਤੋਹਫ਼ਾ ਦੇ ਰਿਹਾ ਹੈ। ਜਿੰਨਾ ਚਿਰ ਤੁਸੀਂ ਆਪਣਾ ਹੱਥ ਵਧਾ ਕੇ ਉਹ ਤੋਹਫ਼ਾ ਉਨ੍ਹਾਂ ਤੋਂ ਕਬੂਲ ਨਹੀਂ ਕਰਦੇ, ਉੱਨਾ ਚਿਰ ਉਹ ਤੋਹਫ਼ਾ ਤੁਹਾਡਾ ਨਹੀਂ ਹੁੰਦਾ। ਇਸੇ ਤਰ੍ਹਾਂ ਯਹੋਵਾਹ ਯਿਸੂ ਦੇ ਬਲੀਦਾਨ ਦੀ ਦਾਤ ਤੁਹਾਨੂੰ ਦੇ ਰਿਹਾ ਹੈ, ਪਰ ਤੁਹਾਨੂੰ ਹੱਥ ਵਧਾ ਕੇ ਉਸ ਨੂੰ ਕਬੂਲ ਕਰਨ ਦੀ ਲੋੜ ਹੈ। ਕਿਸ ਤਰ੍ਹਾਂ?

ਯਿਸੂ ਨੇ ਕਿਹਾ ਸੀ ਕਿ ਜਿਹੜੇ ਉਸ ਉੱਤੇ ‘ਨਿਹਚਾ ਕਰਨਗੇ,’ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਨਿਹਚਾ ਦਾ ਸਬੂਤ ਤੁਹਾਡੀ ਜ਼ਿੰਦਗੀ ਤੋਂ ਦੇਖਿਆ ਜਾਣਾ ਚਾਹੀਦਾ ਹੈ। (ਯਾਕੂਬ 2:26) ਯਿਸੂ ਉੱਤੇ ਨਿਹਚਾ ਕਰਨ ਦਾ ਮਤਲਬ ਹੈ ਕਿ ਤੁਸੀਂ ਉਸ ਦੀ ਸਿੱਖਿਆ ਅਨੁਸਾਰ ਜੀਓ। ਇਸ ਤਰ੍ਹਾਂ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਯਿਸੂ ਤੇ ਉਸ ਦੇ ਪਿਤਾ ਨੂੰ ਚੰਗੀ ਤਰ੍ਹਾਂ ਜਾਣੋ। ਯਿਸੂ ਨੇ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।”—ਯੂਹੰਨਾ 17:3.

ਤਕਰੀਬਨ 2,000 ਸਾਲ ਪਹਿਲਾਂ ਯਿਸੂ ਮਸੀਹ ਨੇ ਅਜਿਹਾ ਸੰਦੇਸ਼ ਫੈਲਾਉਣਾ ਸ਼ੁਰੂ ਕੀਤਾ ਸੀ ਜਿਸ ਨੇ ਸੰਸਾਰ ਭਰ ਵਿਚ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਦਿੱਤਾ ਹੈ। ਕੀ ਤੁਸੀਂ ਇਸ ਸੰਦੇਸ਼ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਅਤੇ ਇਹ ਵੀ ਪਤਾ ਕਰਨਾ ਚਾਹੁੰਦੇ ਹੋ ਕਿ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਿਰਫ਼ ਹੁਣ ਹੀ ਨਹੀਂ, ਸਗੋਂ ਹਮੇਸ਼ਾ ਲਈ ਇਸ ਦਾ ਕੀ ਫ਼ਾਇਦਾ ਹੋ ਸਕਦਾ ਹੈ? ਯਹੋਵਾਹ ਦੇ ਗਵਾਹ ਤੁਹਾਡੀ ਮਦਦ ਕਰ ਕੇ ਖ਼ੁਸ਼ ਹੋਣਗੇ।

ਇਸ ਰਸਾਲੇ ਵਿਚ ਦੂਸਰੇ ਲੇਖ ਤੁਹਾਨੂੰ ਯਿਸੂ ਮਸੀਹ ਬਾਰੇ ਹੋਰ ਜਾਣਕਾਰੀ ਦੇਣਗੇ। ਉਸ ਦਾ ਸੰਦੇਸ਼ ਕਬੂਲ ਕਰ ਕੇ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ। (w10-E 04/01)

[ਫੁਟਨੋਟ]

^ ਪੈਰਾ 3 ਯਿਸੂ ਦੇ ਸੱਚੇ ਚੇਲੇ ਉਹ ਹਨ ਜੋ ਉਸ ਦੀ ਸਿੱਖਿਆ ਅਨੁਸਾਰ ਚੱਲਦੇ ਹਨ ਅਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਦੇ ਹਨ।—ਮੱਤੀ 7:21-23.

^ ਪੈਰਾ 5 ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਪੰਜਵਾਂ ਅਧਿਆਇ ਦੇਖੋ, “ਸਾਡੇ ਲਈ ਯਹੋਵਾਹ ਨੇ ਕਿੰਨੀ ਵੱਡੀ ਕੀਮਤ ਚੁਕਾਈ!” ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।