ਉਸ ਨੇ ਸਮਝਦਾਰੀ ਤੋਂ ਕੰਮ ਲਿਆ
ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
ਉਸ ਨੇ ਸਮਝਦਾਰੀ ਤੋਂ ਕੰਮ ਲਿਆ
ਅਬੀਗੈਲ ਨੇ ਨੌਜਵਾਨ ਦੀਆਂ ਅੱਖਾਂ ਵਿਚ ਪਰੇਸ਼ਾਨੀ ਦੇਖੀ। ਉਹ ਡਰਿਆ ਪਿਆ ਸੀ ਕਿਉਂਕਿ ਵੱਡਾ ਖ਼ਤਰਾ ਆਉਣ ਵਾਲਾ ਸੀ। ਉਸੇ ਵਕਤ 400 ਫ਼ੌਜੀ ਅਬੀਗੈਲ ਦੇ ਪਤੀ ਨਾਬਾਲ ਦੇ ਘਰ ਵਿਚ ਹਰ ਆਦਮੀ ਨੂੰ ਮਾਰਨ ਆ ਰਹੇ ਸਨ। ਪਰ ਕਿਉਂ?
ਨਾਬਾਲ ਕਰਕੇ ਹੀ ਇਹ ਮੁਸ਼ਕਲ ਖੜ੍ਹੀ ਹੋਈ ਸੀ। ਇਕ ਵਾਰ ਫਿਰ ਉਹ ਬੇਰਹਿਮੀ ਤੇ ਬਦਤਮੀਜ਼ੀ ਨਾਲ ਪੇਸ਼ ਆਇਆ ਜਿਵੇਂ ਉਸ ਦੀ ਆਦਤ ਹੀ ਸੀ। ਪਰ ਇਸ ਵਾਰ ਉਸ ਨੇ ਗ਼ਲਤ ਬੰਦੇ ਨਾਲ ਪੰਗਾ ਲਿਆ! ਉਹ ਬੰਦਾ ਅਜਿਹੀ ਫ਼ੌਜ ਦਾ ਲੀਡਰ ਸੀ ਜਿਸ ਦੇ ਆਦਮੀ ਉਸ ਨੂੰ ਪਿਆਰ ਕਰਦੇ ਸਨ ਤੇ ਉਸ ਲਈ ਮਰਨ ਲਈ ਵੀ ਤਿਆਰ ਸਨ। ਹੁਣ ਇਹ ਨੌਜਵਾਨ, ਜੋ ਸ਼ਾਇਦ ਇਕ ਚਰਵਾਹਾ ਸੀ, ਅਬੀਗੈਲ ਕੋਲ ਇਸ ਉਮੀਦ ਨਾਲ ਆਇਆ ਕਿ ਉਹ ਉਨ੍ਹਾਂ ਸਾਰਿਆਂ ਨੂੰ ਬਚਾ ਸਕੇਗੀ। ਲੇਕਿਨ ਇਕ ਔਰਤ ਇਸ ਫ਼ੌਜ ਦੇ ਸਾਮ੍ਹਣੇ ਕੀ ਸੀ?
ਪਹਿਲਾਂ ਆਓ ਆਪਾਂ ਇਸ ਔਰਤ ਬਾਰੇ ਕੁਝ ਹੋਰ ਸਿੱਖੀਏ। ਅਬੀਗੈਲ ਕੌਣ ਸੀ? ਇਹ ਮੁਸੀਬਤ ਕਿਵੇਂ ਖੜ੍ਹੀ ਹੋਈ ਸੀ? ਅਤੇ ਅਸੀਂ ਉਸ ਦੀ ਨਿਹਚਾ ਦੀ ਰੀਸ ਕਿਵੇਂ ਕਰ ਸਕਦੇ ਹਾਂ?
“ਵੱਡੀ ਸਿਆਣੀ ਅਤੇ ਰੂਪਵੰਤ”
ਅਬੀਗੈਲ ਤੇ ਨਾਬਾਲ ਦੀ ਜੋੜੀ ਬਿਲਕੁਲ ਨਹੀਂ ਜਚੀ। ਭਾਵੇਂ ਨਾਬਾਲ ਨੂੰ ਅਬੀਗੈਲ ਤੋਂ ਬਿਹਤਰ ਪਤਨੀ ਨਹੀਂ ਮਿਲ ਸਕਦੀ ਸੀ, ਪਰ ਅਬੀਗੈਲ ਨੂੰ ਨਾਬਾਲ ਨਾਲੋਂ ਭੈੜਾ ਪਤੀ ਨਹੀਂ ਮਿਲ ਸਕਦਾ ਸੀ। ਹਾਂ, ਇਹ ਸੱਚ ਹੈ ਕਿ ਉਹ ਪੈਸੇ ਵਾਲਾ ਸੀ। ਇਸ ਕਰਕੇ ਉਹ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਸੀ। ਪਰ ਦੂਜੇ ਉਸ ਦੇ ਬਾਰੇ ਕੀ ਸੋਚਦੇ ਸਨ? ਬਾਈਬਲ ਵਿਚ ਸ਼ਾਇਦ ਅਜਿਹਾ ਹੋਰ ਕੋਈ ਨਹੀਂ ਜਿਸ ਬਾਰੇ ਇੰਨਾ ਮਾੜਾ ਕਿਹਾ ਗਿਆ ਹੈ। ਨਾਬਾਲ ਦੇ ਨਾਂ ਦਾ ਮਤਲਬ ਹੈ “ਮੂਰਖ” ਜਾਂ “ਬੇਅਕਲ।” ਕੀ ਉਸ ਦੇ ਮਾਪਿਆਂ ਨੇ ਉਸ ਦਾ ਇਹ ਨਾਂ ਰੱਖਿਆ ਸੀ ਜਾਂ ਕੀ ਬਾਅਦ ਵਿਚ ਉਸ ਦਾ ਇਹ ਨਾਂ ਪੈ ਗਿਆ ਸੀ? ਜੋ ਵੀ ਸੀ, ਨਾਬਾਲ ਸੱਚ-ਮੁੱਚ ਮੂਰਖ ਹੀ ਸੀ। ਉਹ “ਵੱਡਾ ਬੋਲ ਵਿਗਾੜ ਅਤੇ ਖੋਟਾ ਸੀ।” ਦੂਜਿਆਂ ’ਤੇ ਰੋਅਬ ਜਮਾਉਣ ਵਾਲੇ ਇਸ ਸ਼ਰਾਬੀ ਤੋਂ ਲੋਕ ਦੂਰ ਹੀ ਰਹਿਣਾ ਪਸੰਦ ਕਰਦੇ ਸਨ।—1 ਸਮੂਏਲ 25:2, 3, 17, 21, 25.
ਅਬੀਗੈਲ ਦਾ ਸੁਭਾਅ ਬਿਲਕੁਲ ਵੱਖਰਾ ਸੀ। ਉਸ ਦੇ ਨਾਂ ਦਾ ਮਤਲਬ ਹੈ “ਮੇਰੇ ਪਿਤਾ ਨੇ ਖ਼ੁਸ਼ੀ ਮਨਾਈ ਹੈ।” ਕਿਸੇ ਵੀ ਪਿਤਾ ਨੂੰ ਇਕ ਸੁੰਦਰ ਧੀ ਹੋਣ ਦਾ ਮਾਣ ਹੁੰਦਾ ਹੈ, ਪਰ ਇਕ ਸਮਝਦਾਰ ਪਿਤਾ ਇਹ ਦੇਖ ਕੇ ਜ਼ਿਆਦਾ ਖ਼ੁਸ਼ ਹੁੰਦਾ ਹੈ ਕਿ ਉਸ ਦੀ ਬੱਚੀ ਵਿਚ ਸੋਹਣੇ ਗੁਣ ਹੋਣ। ਆਮ ਤੌਰ ਤੇ ਜਦ ਕੋਈ ਖ਼ੂਬਸੂਰਤ ਹੁੰਦਾ ਹੈ, ਤਾਂ ਉਹ ਸਮਝਦਾਰੀ, ਬੁੱਧ, ਦਲੇਰੀ ਤੇ ਨਿਹਚਾ ਵਰਗੇ ਗੁਣ ਪੈਦਾ ਕਰਨ ਦੀ ਜ਼ਰੂਰਤ ਨਹੀਂ ਦੇਖਦਾ। ਪਰ ਅਬੀਗੈਲ ਇਹੋ ਜਿਹੀ ਨਹੀਂ ਸੀ। ਬਾਈਬਲ ਕਹਿੰਦੀ ਹੈ ਕਿ ਉਹ “ਵੱਡੀ ਸਿਆਣੀ ਅਤੇ ਰੂਪਵੰਤ ਸੀ।”—1 ਸਮੂਏਲ 25:3.
ਅਸੀਂ ਸ਼ਾਇਦ ਸੋਚੀਏ ਕਿ ਇੰਨੀ ਸਮਝਦਾਰ ਕੁੜੀ ਨੇ ਇੰਨੇ ਨਿਕੰਮੇ ਬੰਦੇ ਨਾਲ ਵਿਆਹ ਕਿਉਂ ਕਰਾਇਆ। ਯਾਦ ਰੱਖੋ ਕਿ ਬਾਈਬਲ ਦੇ ਜ਼ਮਾਨੇ ਵਿਚ ਮੁੰਡੇ-ਕੁੜੀਆਂ ਦੇ ਰਿਸ਼ਤੇ ਤੈਅ ਕੀਤੇ ਜਾਂਦੇ ਸਨ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਅਬੀਗੈਲ ਨੇ ਆਪਣੇ ਮਾਪਿਆਂ ਦੀ ਮਨਜ਼ੂਰੀ ਤੋਂ ਬਿਨਾਂ ਵਿਆਹ ਨਹੀਂ ਕਰਾਇਆ ਹੋਣਾ। ਕੀ ਇਹ ਹੋ ਸਕਦਾ ਹੈ ਕਿ ਅਬੀਗੈਲ ਦੇ ਮਾਪੇ ਨਾਬਾਲ ਦੀ ਦੌਲਤ ਤੇ ਸ਼ਾਨੋ-ਸ਼ੌਕਤ ਦੇਖ ਕੇ ਇਸ ਰਿਸ਼ਤੇ ਨੂੰ ਮਨਜ਼ੂਰ ਕਰਨ ਲਈ ਤਿਆਰ ਹੋ ਗਏ ਸਨ? ਕੀ ਗ਼ਰੀਬੀ ਕਰਕੇ ਉਨ੍ਹਾਂ ਨੇ ਹਾਂ ਕੀਤੀ ਸੀ? ਜੋ ਵੀ ਸੀ, ਨਾਬਾਲ ਦੀ ਅਮੀਰੀ ਨੇ ਉਸ ਨੂੰ ਚੰਗਾ ਪਤੀ ਨਹੀਂ ਬਣਾਇਆ।
ਬੁੱਧੀਮਾਨ ਮਾਪੇ ਆਪਣੇ ਬੱਚਿਆਂ ਨੂੰ ਵਿਆਹ ਬਾਰੇ ਸਹੀ ਨਜ਼ਰੀਆ ਸਿਖਾਉਂਦੇ ਹਨ। ਉਹ ਆਪਣੇ ਬੱਚਿਆਂ ਨੂੰ ਨਾ ਤਾਂ ਪੈਸੇ ਦੀ ਖ਼ਾਤਰ ਵਿਆਹ ਕਰਾਉਣ ਲਈ ਜ਼ੋਰ ਪਾਉਂਦੇ ਹਨ ਤੇ ਨਾ ਹੀ ਉਦੋਂ ਰਿਸ਼ਤਾ ਤੈਅ ਕਰਦੇ ਹਨ ਜਦ ਬੱਚੇ ਅਜੇ ਵਿਆਹ ਦੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਤਿਆਰ ਨਹੀਂ ਹਨ। (1 ਕੁਰਿੰਥੀਆਂ 7:36) ਪਰ ਅਬੀਗੈਲ ਦਾ ਵਿਆਹ ਤਾਂ ਨਾਬਾਲ ਨਾਲ ਹੋ ਚੁੱਕਾ ਸੀ ਤੇ ਉਹ ਇਸ ਬਾਰੇ ਕੁਝ ਨਹੀਂ ਕਰ ਸਕਦੀ ਸੀ। ਫਿਰ ਵੀ ਉਸ ਨੇ ਠਾਣ ਲਿਆ ਕਿ ਉਹ ਚੰਗੀ ਪਤਨੀ ਬਣ ਕੇ ਆਪਣਾ ਫ਼ਰਜ਼ ਨਿਭਾਏਗੀ।
“ਉਸ ਨੇ ਉਨ੍ਹਾਂ ਨੂੰ ਝਿੜਕਿਆ”
ਨਾਬਾਲ ਨੇ ਅਬੀਗੈਲ ਲਈ ਆਪਣਾ ਫ਼ਰਜ਼ ਨਿਭਾਉਣਾ ਹੋਰ ਵੀ ਮੁਸ਼ਕਲ ਕਰ ਦਿੱਤਾ। ਉਸ ਨੇ ਕਿਸੇ ਆਮ ਆਦਮੀ ਦੀ ਨਹੀਂ, ਸਗੋਂ ਦਾਊਦ ਦੀ ਬੇਇੱਜ਼ਤੀ ਕੀਤੀ ਸੀ। ਦਾਊਦ ਯਹੋਵਾਹ ਦਾ ਉਹ ਵਫ਼ਾਦਾਰ ਸੇਵਕ ਸੀ ਜਿਸ ਨੂੰ ਸਮੂਏਲ ਨਬੀ ਨੇ ਇਸ ਲਈ ਮਸਹ ਕੀਤਾ ਸੀ ਕਿਉਂਕਿ ਯਹੋਵਾਹ ਨੇ ਉਸ ਨੂੰ ਸ਼ਾਊਲ ਦੀ ਥਾਂ ਰਾਜਾ ਬਣਨ ਲਈ ਚੁਣਿਆ ਸੀ। (1 ਸਮੂਏਲ 16:1, 2, 11-13) ਸ਼ਾਊਲ ਦਾਊਦ ਤੋਂ ਜਲ਼ਦਾ ਸੀ ਅਤੇ ਉਸ ਦੀ ਜਾਨ ਲੈਣ ’ਤੇ ਤੁਲਿਆ ਹੋਇਆ ਸੀ। ਇਸ ਲਈ ਦਾਊਦ ਆਪਣੇ 600 ਵਫ਼ਾਦਾਰ ਬੰਦਿਆਂ ਦੀ ਫ਼ੌਜ ਨਾਲ ਰਾਜਾ ਸ਼ਾਊਲ ਤੋਂ ਭੱਜ ਕੇ ਉਜਾੜ ਵਿਚ ਰਹਿ ਰਿਹਾ ਸੀ।
ਨਾਬਾਲ ਮਾਓਨ ਵਿਚ ਰਹਿੰਦਾ ਸੀ, ਪਰ ਲੱਗਦਾ ਹੈ ਕਿ ਉਹ ਨੇੜਲੇ ਕਰਮਲ ਵਿਚ ਕੰਮ ਕਰਦਾ ਸੀ ਜਿੱਥੇ ਉਸ ਦੀ ਜਾਇਦਾਦ ਵੀ ਸੀ। * ਇਨ੍ਹਾਂ ਨਗਰਾਂ ਦੇ ਕੋਲ ਭੇਡਾਂ ਚਾਰਨ ਲਈ ਹਰੇ-ਹਰੇ ਮੈਦਾਨ ਸਨ ਜਿੱਥੇ ਨਾਬਾਲ ਦੀਆਂ 3,000 ਭੇਡਾਂ ਚਾਰੀਆਂ ਜਾਂਦੀਆਂ ਸਨ। ਲੇਕਿਨ ਇਸ ਦੇ ਆਲੇ-ਦੁਆਲੇ ਉਜਾੜ ਸੀ। ਦੱਖਣ ਵੱਲ ਪਾਰਾਨ ਦੀ ਉਜਾੜ ਸੀ ਅਤੇ ਪੂਰਬ ਵੱਲ ਖਾਰਾ ਸਾਗਰ ਨੂੰ ਜਾਂਦੇ ਰਾਹ ਵਿਚ ਬੰਜਰ ਜ਼ਮੀਨ ਅਤੇ ਥਾਂ-ਥਾਂ ਪਹਾੜੀ ਖੱਡ ਤੇ ਗੁਫੇ ਸਨ। ਇਨ੍ਹਾਂ ਇਲਾਕਿਆਂ ਵਿਚ ਦਾਊਦ ਤੇ ਉਸ ਦੇ ਆਦਮੀਆਂ ਨੂੰ ਖਾਣ ਲਈ ਜਾਨਵਰਾਂ ਦਾ ਸ਼ਿਕਾਰ ਕਰਨਾ ਪੈਂਦਾ ਸੀ ਤੇ ਜੀਉਂਦੇ ਰਹਿਣ ਲਈ ਕਈ ਮੁਸੀਬਤਾਂ ਮੁੱਲ ਲੈਣੀਆਂ ਪੈਂਦੀਆਂ ਸਨ। ਕਈ ਵਾਰ ਉਨ੍ਹਾਂ ਦਾ ਵਾਹ ਧਨੀ ਨਾਬਾਲ ਦੀਆਂ ਭੇਡਾਂ ਚਾਰਨ ਵਾਲਿਆਂ ਨਾਲ ਪੈਂਦਾ ਸੀ।
ਇਨ੍ਹਾਂ ਮਿਹਨਤੀ ਫ਼ੌਜੀਆਂ ਨੇ ਚਰਵਾਹਿਆਂ ਨਾਲ ਕਿੱਦਾਂ ਦਾ ਸਲੂਕ ਕੀਤਾ? ਉਨ੍ਹਾਂ ਲਈ ਬਹੁਤ ਸੌਖਾ ਹੁੰਦਾ ਕਿ ਉਹ ਕਦੀ-ਕਦੀ ਭੇਡ ਚੁਰਾ ਕੇ ਲੈ ਜਾਣ, ਪਰ ਉਨ੍ਹਾਂ ਨੇ ਅਜਿਹੀ ਕੋਈ ਹਰਕਤ ਨਹੀਂ ਕੀਤੀ। ਇਸ ਦੀ ਬਜਾਇ ਉਹ ਨਾਬਾਲ ਦੀਆਂ ਭੇਡਾਂ ਤੇ ਸੇਵਕਾਂ ਦੇ ਆਲੇ-ਦੁਆਲੇ ਇਕ ਕੰਧ ਦੀ ਤਰ੍ਹਾਂ ਸਨ। (1 ਸਮੂਏਲ 25:15, 16) ਭੇਡਾਂ ਤੇ ਚਰਵਾਹਿਆਂ ਨੂੰ ਬਹੁਤ ਖ਼ਤਰੇ ਹੁੰਦੇ ਸਨ। ਉਨ੍ਹਾਂ ਨੂੰ ਸ਼ਿਕਾਰੀ ਜਾਨਵਰਾਂ ਦਾ ਡਰ ਰਹਿੰਦਾ ਸੀ। ਨਾਲੇ ਇਸਰਾਏਲ ਦਾ ਦੱਖਣੀ ਬਾਰਡਰ ਬਹੁਤਾ ਦੂਰ ਨਹੀਂ ਸੀ ਜਿਸ ਕਰਕੇ ਵਿਦੇਸ਼ੀ ਲੁਟੇਰੇ ਅਤੇ ਚੋਰ ਕਈ ਵਾਰ ਹਮਲਾ ਕਰਨ ਆਉਂਦੇ ਸਨ। *
ਇਸ ਵਿਰਾਨ ਇਲਾਕੇ ਵਿਚ ਇਨ੍ਹਾਂ ਸਾਰੇ ਬੰਦਿਆਂ ਦੇ ਢਿੱਡ ਭਰਨੇ ਵੱਡੀ ਜ਼ਿੰਮੇਵਾਰੀ ਸੀ। ਸੋ ਇਕ ਦਿਨ ਦਾਊਦ ਨੇ ਦਸ ਬੰਦਿਆਂ ਨੂੰ ਨਾਬਾਲ ਕੋਲੋਂ ਮਦਦ ਮੰਗਣ ਲਈ ਭੇਜਿਆ। ਭੇਡਾਂ ਤੋਂ ਉੱਨ ਕਤਰਨ ਦਾ ਸਮਾਂ ਸੀ। ਦਾਊਦ ਨੇ ਇਹ ਸਮਾਂ ਇਸ ਲਈ ਚੁਣਿਆ ਕਿਉਂਕਿ ਇਹ ਖ਼ੁਸ਼ੀ ਦਾ ਸਮਾਂ ਹੁੰਦਾ ਸੀ ਜਦ ਲੋਕ ਖਾਂਦੇ-ਪੀਂਦੇ ਤੇ ਖੁੱਲ੍ਹੇ ਹੱਥ ਨਾਲ ਦਿੰਦੇ ਸਨ। ਦਾਊਦ ਨੇ ਸੋਚ-ਸਮਝ ਕੇ ਆਪਣੇ ਲਫ਼ਜ਼ ਚੁਣੇ ਤੇ ਬੜੇ ਆਦਰ ਨਾਲ ਪੇਸ਼ ਆਇਆ। ਉਸ ਨੇ ਨਾਬਾਲ ਦੀ ਵੱਡੀ ਉਮਰ ਨੂੰ ਮਨ ਵਿਚ ਰੱਖਦੇ ਹੋਏ ਆਪਣੇ ਆਪ ਨੂੰ ਉਸ ਦਾ “ਪੁੱਤ੍ਰ ਦਾਊਦ” ਕਹਿ ਕੇ ਉਸ ਦੀ ਇੱਜ਼ਤ ਕੀਤੀ। ਪਰ ਨਾਬਾਲ ਨੇ ਕੀ ਜਵਾਬ ਦਿੱਤਾ?—1 ਸਮੂਏਲ 25:5-8.
ਉਹ ਬਹੁਤ ਹੀ ਗੁੱਸੇ ਹੋਇਆ! ਜਦ ਨੌਜਵਾਨ ਅਬੀਗੈਲ ਨੂੰ ਸਾਰੀ ਕਹਾਣੀ ਦੱਸ ਰਿਹਾ ਸੀ, ਤਾਂ ਉਸ ਨੇ ਕਿਹਾ ਕਿ “ਉਸ ਨੇ ਉਨ੍ਹਾਂ ਨੂੰ ਝਿੜਕਿਆ।” ਕੰਜੂਸੀ ਨਾਲ ਨਾਬਾਲ ਨੇ ਕਿਹਾ ਕਿ ਉਹ ਆਪਣੀ ਰੋਟੀ, ਪਾਣੀ ਤੇ ਮਾਸ ਉਨ੍ਹਾਂ ਨੂੰ ਨਹੀਂ ਦੇਵੇਗਾ। ਉਸ ਨੇ ਪੁੱਛਿਆ ਕਿ ਦਾਊਦ ਹੈ ਕੌਣ ਤੇ ਕਿਹਾ ਕਿ ਉਹ ਅਜਿਹਾ ਨੌਕਰ ਹੈ ਜੋ ਆਪਣੇ ਮਾਲਕ ਨੂੰ ਛੱਡ ਕੇ ਭੱਜ ਆਇਆ ਹੈ। ਹੋ ਸਕਦਾ ਹੈ ਕਿ ਨਾਬਾਲ ਦਾ ਨਜ਼ਰੀਆ ਸ਼ਾਊਲ ਵਰਗਾ ਸੀ ਜੋ ਦਾਊਦ ਨਾਲ ਨਫ਼ਰਤ ਕਰਦਾ ਸੀ। ਪਰ ਇਹ ਯਹੋਵਾਹ ਦਾ ਨਜ਼ਰੀਆ ਨਹੀਂ ਸੀ। ਯਹੋਵਾਹ ਦਾਊਦ ਨੂੰ ਪਿਆਰ ਕਰਦਾ ਸੀ ਤੇ ਉਸ ਨੂੰ ਇਕ ਬਾਗ਼ੀ ਨੌਕਰ ਨਹੀਂ, ਸਗੋਂ ਇਸਰਾਏਲ ਦਾ ਹੋਣ ਵਾਲਾ ਰਾਜਾ ਸਮਝਦਾ ਸੀ।—1 ਸਮੂਏਲ 25:10, 11, 14.
ਜਦ ਦਾਊਦ ਦੇ ਬੰਦਿਆਂ ਨੇ ਵਾਪਸ ਆ ਕੇ ਉਸ ਨੂੰ ਨਾਬਾਲ ਦਾ ਜਵਾਬ ਦੱਸਿਆ, ਤਾਂ ਦਾਊਦ ਦਾ ਗੁੱਸਾ ਭੜਕ ਉੱਠਿਆ! ਉਸ ਨੇ ਹੁਕਮ ਦਿੱਤਾ: “ਸੱਭੋ ਆਪੋ ਆਪਣੀਆਂ ਤਲਵਾਰਾਂ 1 ਸਮੂਏਲ 25:12, 13, 21, 22) ਦਾਊਦ ਦਾ ਗੁੱਸਾ ਭਾਵੇਂ ਠੀਕ ਸੀ, ਪਰ ਉਹ ਜੋ ਕਦਮ ਚੁੱਕਣ ਜਾ ਰਿਹਾ ਸੀ ਉਹ ਗ਼ਲਤ ਸੀ। ਬਾਈਬਲ ਕਹਿੰਦੀ ਹੈ: “ਮਨੁੱਖ ਦਾ ਕ੍ਰੋਧ ਪਰਮੇਸ਼ੁਰ ਦੇ ਧਰਮ ਦਾ ਕੰਮ ਨਹੀਂ ਕਰਦਾ।” (ਯਾਕੂਬ 1:20) ਸੋ ਅਬੀਗੈਲ ਆਪਣੇ ਟੱਬਰ ਨੂੰ ਕਿਵੇਂ ਬਚਾ ਸਕਦੀ ਸੀ?
ਬੰਨ੍ਹੋ।” ਦਾਊਦ ਨੇ ਵੀ ਆਪਣੀ ਤਲਵਾਰ ਬੰਨ੍ਹੀ ਤੇ 400 ਬੰਦਿਆਂ ਨਾਲ ਹਮਲਾ ਕਰਨ ਤੁਰ ਪਿਆ। ਉਸ ਨੇ ਨਾਬਾਲ ਦੇ ਘਰ ਦੇ ਹਰੇਕ ਮਨੁੱਖ ਨੂੰ ਜਾਨੋਂ ਮਾਰਨ ਦੀ ਸਹੁੰ ਖਾਧੀ। (“ਮੁਬਾਰਕ ਤੇਰੀ ਮੱਤ”
ਜੇ ਸੋਚਿਆ ਜਾਵੇ, ਤਾਂ ਅਬੀਗੈਲ ਨੇ ਪਹਿਲਾਂ ਹੀ ਇਸ ਮੁਸੀਬਤ ਦਾ ਹੱਲ ਲੱਭਣ ਲਈ ਕਦਮ ਚੁੱਕਿਆ ਸੀ। ਆਪਣੇ ਪਤੀ ਨਾਬਾਲ ਦੇ ਉਲਟ ਉਹ ਗੱਲ ਸੁਣਨ ਲਈ ਤਿਆਰ ਸੀ। ਨੌਜਵਾਨ ਨੇ ਨਾਬਾਲ ਬਾਰੇ ਕਿਹਾ: “ਉਹ ਤਾਂ ਅਜਿਹਾ ਸ਼ਤਾਨ ਦਾ ਪੁੱਤ੍ਰ ਹੈ ਜੋ ਉਹ ਦੇ ਅੱਗੇ ਕੋਈ ਗੱਲ ਨਹੀਂ ਕਰ ਸੱਕਦਾ।” * (1 ਸਮੂਏਲ 25:17) ਅਫ਼ਸੋਸ ਦੀ ਗੱਲ ਹੈ ਕਿ ਨਾਬਾਲ ਆਪਣੇ ਆਪ ਨੂੰ ਇੰਨਾ ਵੱਡਾ ਸਮਝਦਾ ਸੀ ਕਿ ਉਹ ਕਿਸੇ ਦੀ ਸੁਣਨ ਲਈ ਤਿਆਰ ਨਹੀਂ ਸੀ। ਅੱਜ-ਕੱਲ੍ਹ ਵੀ ਲੋਕ ਇਸੇ ਤਰ੍ਹਾਂ ਹੰਕਾਰੀ ਹੁੰਦੇ ਹਨ। ਪਰ ਇਹ ਨੌਜਵਾਨ ਜਾਣਦਾ ਸੀ ਕਿ ਅਬੀਗੈਲ ਇਸ ਤਰ੍ਹਾਂ ਦੀ ਨਹੀਂ ਸੀ। ਸ਼ਾਇਦ ਇਸੇ ਲਈ ਉਹ ਇਸ ਸਮੱਸਿਆ ਬਾਰੇ ਉਸ ਨਾਲ ਗੱਲ ਕਰਨ ਗਿਆ ਸੀ।
ਅਬੀਗੈਲ ਨੇ ਦੇਰ ਨਹੀਂ ਕੀਤੀ। ਬਾਈਬਲ ਕਹਿੰਦੀ ਹੈ ਕਿ “ਅਬੀਗੈਲ ਕਾਹਲੀ ਨਾਲ ਉੱਠੀ।” ਇਸ ਬਿਰਤਾਂਤ ਵਿਚ ਅਸੀਂ ਚਾਰ ਵਾਰ ਪੜ੍ਹਦੇ ਹਾਂ ਕਿ ਅਬੀਗੈਲ ਨੇ “ਕਾਹਲੀ” ਜਾਂ “ਛੇਤੀ ਕੀਤੀ।” ਉਸ ਨੇ ਦਾਊਦ ਤੇ ਉਸ ਦੇ ਆਦਮੀਆਂ ਲਈ ਇਕ ਭੇਟ ਤਿਆਰ ਕੀਤੀ। ਇਸ ਵਿਚ ਰੋਟੀ, ਮੈ, ਰਿੰਨ੍ਹੀਆਂ ਹੋਈਆਂ ਭੇਡਾਂ, ਭੁੰਨੇ ਹੋਏ ਦਾਣੇ ਅਤੇ ਸੌਗੀ ਤੇ ਅੰਜੀਰ ਦੀਆਂ ਪਿੰਨੀਆਂ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਬੀਗੈਲ ਨੂੰ ਪਤਾ ਸੀ ਕਿ ਘਰ ਵਿਚ ਕੀ-ਕੀ ਸੀ। ਉਹ ਆਪਣਾ ਘਰ ਚੰਗੀ ਤਰ੍ਹਾਂ ਚਲਾਉਣਾ ਜਾਣਦੀ ਸੀ, ਠੀਕ ਉਸ ਪਤਵੰਤੀ ਇਸਤਰੀ ਵਾਂਗ ਜਿਸ ਦਾ ਜ਼ਿਕਰ ਬਾਅਦ ਵਿਚ ਕਹਾਉਤਾਂ ਦੀ ਪੋਥੀ ਵਿਚ ਆਉਂਦਾ ਹੈ। (ਕਹਾਉਤਾਂ 31:10-31) ਉਸ ਨੇ ਇਹ ਸਾਰਾ ਸਾਮਾਨ ਆਪਣੇ ਸੇਵਕਾਂ ਨਾਲ ਭੇਜ ਦਿੱਤਾ ਤੇ ਆਪ ਉਨ੍ਹਾਂ ਦੇ ਮਗਰ-ਮਗਰ ਆਈ। “ਪਰ ਉਸ ਨੇ ਆਪਣੇ ਭਰਤੇ ਨਾਬਾਲ ਨੂੰ ਨਾ ਦੱਸਿਆ।”—1 ਸਮੂਏਲ 25:18, 19.
ਕੀ ਇਸ ਦਾ ਇਹ ਮਤਲਬ ਹੈ ਕਿ ਅਬੀਗੈਲ ਆਪਣੇ ਪਤੀ ਦੇ ਖ਼ਿਲਾਫ਼ ਜਾ ਰਹੀ ਸੀ? ਨਹੀਂ। ਨਾਬਾਲ ਨੇ ਯਹੋਵਾਹ ਦੇ ਮਸਹ ਕੀਤੇ ਹੋਏ ਨਾਲ ਬੁਰਾ ਸਲੂਕ ਕੀਤਾ ਸੀ ਜਿਸ ਕਾਰਨ ਨਾਬਾਲ ਦੇ ਘਰ ਦੇ ਬੇਕਸੂਰ ਮੈਂਬਰਾਂ ਦਾ ਕਤਲ ਹੋਣ ਵਾਲਾ ਸੀ। ਜੇ ਅਬੀਗੈਲ ਕਦਮ ਨਾ ਚੁੱਕਦੀ, ਤਾਂ ਕੀ ਉਹ ਵੀ ਆਪਣੇ ਪਤੀ ਵਾਂਗ ਦੋਸ਼ੀ ਠਹਿਰਾਈ ਜਾਂਦੀ? ਜੋ ਵੀ ਸੀ, ਉਸ ਲਈ ਆਪਣੇ ਪਰਮੇਸ਼ੁਰ ਦੇ ਅਧੀਨ ਰਹਿਣਾ ਆਪਣੇ ਪਤੀ ਦੇ ਅਧੀਨ ਰਹਿਣ ਨਾਲੋਂ ਜ਼ਿਆਦਾ ਜ਼ਰੂਰੀ ਸੀ।
ਥੋੜ੍ਹੀ ਦੇਰ ਬਾਅਦ ਅਬੀਗੈਲ ਦਾਊਦ ਤੇ ਉਸ ਦੇ ਆਦਮੀਆਂ ਨੂੰ ਮਿਲੀ। ਇਕ ਵਾਰ ਫਿਰ ਉਸ ਨੇ ਛੇਤੀ ਕੀਤੀ ਅਤੇ ਆਪਣੇ ਖੋਤੇ ਤੋਂ ਉੱਤਰ ਕੇ ਦਾਊਦ ਅੱਗੇ ਮੱਥਾ ਟੇਕਿਆ। (1 ਸਮੂਏਲ 25:20, 23) ਫਿਰ ਉਸ ਨੇ ਦਿਲ ਖੋਲ੍ਹ ਕੇ ਆਪਣੇ ਪਤੀ ਤੇ ਆਪਣੇ ਟੱਬਰ ਲਈ ਮਿੰਨਤਾਂ ਕੀਤੀਆਂ। ਉਸ ਦੇ ਸ਼ਬਦਾਂ ਦਾ ਦਾਊਦ ’ਤੇ ਇੰਨਾ ਅਸਰ ਕਿਉਂ ਪਿਆ?
ਅਬੀਗੈਲ ਨੇ ਇਸ ਮੁਸ਼ਕਲ ਦਾ ਦੋਸ਼ ਆਪਣੇ ਸਿਰ ਲਿਆ ਤੇ ਦਾਊਦ ਤੋਂ ਮਾਫ਼ੀ ਮੰਗੀ। ਉਸ ਨੇ ਕਬੂਲ ਕੀਤਾ ਕਿ ਉਸ ਦਾ ਪਤੀ ਨਾਬਾਲ ਵਾਕਈ ਹੀ ਮੂਰਖ ਸੀ ਅਤੇ ਅਜਿਹੇ ਮਨੁੱਖ ਨੂੰ ਸਜ਼ਾ ਦੇਣੀ ਦਾਊਦ ਨੂੰ ਸ਼ੋਭਾ ਨਹੀਂ ਦਿੰਦਾ ਸੀ। ਉਸ ਨੇ ਪਛਾਣਿਆ ਕਿ ਦਾਊਦ ਹੀ ਯਹੋਵਾਹ ਦਾ ਚੁਣਿਆ ਹੋਇਆ ਸੇਵਕ ਸੀ ਜੋ “ਯਹੋਵਾਹ ਦੀਆਂ ਲੜਾਈਆਂ ਲੜਦਾ” ਸੀ। ਉਸ ਨੇ ਇਹ ਵੀ ਕਿਹਾ ਕਿ “ਯਹੋਵਾਹ . . . ਤੁਹਾਨੂੰ ਇਸਰਾਏਲ ਦਾ ਪਰਧਾਨ ਠਹਿਰਾਵੇ।” ਇਸ ਤੋਂ ਪਤਾ ਲੱਗਦਾ ਹੈ ਕਿ ਉਹ ਯਹੋਵਾਹ ਦਾ ਵਾਅਦਾ ਜਾਣਦੀ ਸੀ ਕਿ ਦਾਊਦ ਇਕ ਦਿਨ ਰਾਜਾ ਬਣੇਗਾ। ਇਸ ਦੇ ਨਾਲ-ਨਾਲ ਉਸ ਨੇ ਦਾਊਦ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਹੱਥ ਖ਼ੂਨ ਨਾਲ ਨਾ ਰੰਗੇ ਤਾਂ ਜੋ ‘ਇਹ ਗੱਲ ਔਖ ਦਾ ਕਾਰਨ ਨਾ ਹੋਵੇ’ ਯਾਨੀ ਬਾਅਦ ਵਿਚ ਉਸ ਦੀ ਜ਼ਮੀਰ ਉਸ ਨੂੰ ਦੁਖੀ ਨਾ ਕਰੇ। (1 ਸਮੂਏਲ 25:24-31) ਅਬੀਗੈਲ ਦੇ ਲਫ਼ਜ਼ ਸੱਚ-ਮੁੱਚ ਦਿਲ ਜਿੱਤਣ ਵਾਲੇ ਸਨ!
ਦਾਊਦ ਉੱਤੇ ਉਸ ਦੇ ਸ਼ਬਦਾਂ ਦਾ ਕੀ ਅਸਰ ਪਿਆ? ਉਸ ਨੇ ਅਬੀਗੈਲ ਦੀ ਭੇਟ ਕਬੂਲ ਕਰ ਕੇ ਕਿਹਾ: “ਮੁਬਾਰਕ ਹੈ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਜਿਸ ਨੇ ਤੈਨੂੰ ਅੱਜ ਮੇਰੇ ਮਿਲਣ ਨੂੰ ਘੱਲਿਆ ਹੈ। ਅਤੇ ਮੁਬਾਰਕ ਤੇਰੀ ਮੱਤ ਅਤੇ ਮੁਬਾਰਕ ਤੂੰ ਹੈਂ ਕਿਉਂ ਜੋ ਅੱਜ ਦੇ ਦਿਨ ਤੂੰ ਮੈਨੂੰ ਲਹੂ ਵਗਾਉਣੋਂ ਅਤੇ ਆਪਣੇ ਹੱਥ ਦੇ ਬਦਲਾ ਲੈਣ ਤੋਂ ਹਟਾਇਆ।” ਦਾਊਦ ਨੇ ਉਸ ਦੀ ਦਲੇਰੀ ਦੀ ਦਾਦ ਦਿੱਤੀ ਅਤੇ ਉਸ ਨੇ ਇਹ ਵੀ ਮੰਨਿਆ ਕਿ ਅਬੀਗੈਲ ਨੇ ਉਸ ਨੂੰ ਬੇਕਸੂਰਾਂ ਦਾ ਖ਼ੂਨ ਕਰਨ ਤੋਂ ਰੋਕਿਆ। ਉਸ ਨੇ ਅਬੀਗੈਲ ਨੂੰ ਕਿਹਾ: “ਆਪਣੇ ਘਰ ਸੁਖ ਸਾਂਦ ਨਾਲ ਜਾਹ।” ਫਿਰ ਨਿਮਰ ਹੋ ਕੇ ਉਸ ਨੇ ਅੱਗੇ ਕਿਹਾ: “ਵੇਖ, ਮੈਂ ਤੇਰੀ ਗੱਲ ਸੁਣ ਲਈ ਹੈ।”—“ਵੇਖੋ ਤੁਹਾਡੀ ਟਹਿਲਣ”
ਆਪੋ ਆਪਣੇ ਰਾਹ ਪੈਣ ਤੋਂ ਬਾਅਦ ਅਬੀਗੈਲ ਨੇ ਇਸ ਮੁਲਾਕਾਤ ਬਾਰੇ ਜ਼ਰੂਰ ਸੋਚਿਆ ਹੋਣਾ। ਉਸ ਨੇ ਇਸ ਬਾਰੇ ਵੀ ਸੋਚਿਆ ਹੋਣਾ ਕਿ ਦਾਊਦ ਕਿੰਨਾ ਵਫ਼ਾਦਾਰ ਤੇ ਚੰਗਾ ਸੀ ਅਤੇ ਉਸ ਦਾ ਪਤੀ ਕਿੰਨਾ ਨਿਕੰਮਾ। ਪਰ ਉਹ ਇਨ੍ਹਾਂ ਗੱਲਾਂ ਬਾਰੇ ਸੋਚਦੀ ਨਹੀਂ ਰਹੀ। ਅਸੀਂ ਪੜ੍ਹਦੇ ਹਾਂ: “ਤਦ ਅਬੀਗੈਲ ਨਾਬਾਲ ਕੋਲ ਆਈ।” ਹਾਂ, ਉਹ ਆਪਣੇ ਪਤੀ ਕੋਲ ਵਾਪਸ ਗਈ ਤੇ ਹੁਣ ਵੀ ਉਹ ਪਤਨੀ ਦਾ ਫ਼ਰਜ਼ ਪੂਰਾ ਕਰਨ ਲਈ ਤਿਆਰ ਸੀ। ਅਬੀਗੈਲ ਨੂੰ ਦੱਸਣਾ ਤਾਂ ਪੈਣਾ ਸੀ ਕਿ ਉਸ ਨੇ ਦਾਊਦ ਤੇ ਉਸ ਦੇ ਬੰਦਿਆਂ ਨੂੰ ਕੀ-ਕੀ ਦਿੱਤਾ ਸੀ। ਪਤੀ ਵਜੋਂ ਇਹ ਜਾਣਨ ਦਾ ਨਾਬਾਲ ਦਾ ਹੱਕ ਸੀ। ਉਹ ਨਹੀਂ ਸੀ ਚਾਹੁੰਦੀ ਕਿ ਉਹ ਕਿਸੇ ਹੋਰ ਤੋਂ ਸੁਣੇ ਕਿ ਇਹ ਵੱਡੀ ਬਿਪਤਾ ਕਿਵੇਂ ਰੋਕੀ ਗਈ ਸੀ ਤੇ ਇਸ ਤਰ੍ਹਾਂ ਨਾਬਾਲ ਦੀ ਹੋਰ ਵੀ ਬਦਨਾਮੀ ਹੋਵੇ। ਪਰ ਅਬੀਗੈਲ ਇਸ ਵੇਲੇ ਗੱਲ ਨਹੀਂ ਕਰ ਸਕਦੀ ਸੀ ਕਿਉਂਕਿ ਨਾਬਾਲ ਰਾਜੇ ਦੀ ਤਰ੍ਹਾਂ ਮੌਜ-ਮਸਤੀ ਕਰ ਰਿਹਾ ਸੀ ਤੇ ਟੱਲੀ ਹੋਇਆ ਸੀ।—1 ਸਮੂਏਲ 25:36.
ਅਬੀਗੈਲ ਨੇ ਫਿਰ ਤੋਂ ਦਲੇਰੀ ਤੇ ਸਮਝਦਾਰੀ ਦਾ ਸਬੂਤ ਦਿੱਤਾ ਜਦ ਉਸ ਨੇ ਅਗਲੇ ਦਿਨ ਨਾਬਾਲ ਨਾਲ ਗੱਲ ਕਰਨ ਦਾ ਫ਼ੈਸਲਾ ਕੀਤਾ ਜਿਸ ਸਮੇਂ ਸ਼ਰਾਬ ਦਾ ਨਸ਼ਾ ਥੋੜ੍ਹਾ-ਬਹੁਤਾ ਉੱਤਰ ਗਿਆ ਹੋਣਾ ਸੀ। ਹਾਂ, ਉਸ ਨੇ ਸੋਫੀ ਤਾਂ ਜ਼ਰੂਰ ਹੋਣਾ ਸੀ, ਪਰ ਉਸ ਦੇ ਗੁੱਸੇ ਦਾ ਭੜਕ ਉੱਠਣ ਦਾ ਵੀ ਡਰ ਸੀ। ਫਿਰ ਵੀ ਅਬੀਗੈਲ ਨੇ ਉਸ ਕੋਲ ਜਾ ਕੇ ਸਾਰੀ ਕਹਾਣੀ ਦੱਸ ਦਿੱਤੀ। ਸ਼ਾਇਦ ਉਸ ਨੇ ਸੋਚਿਆ ਕਿ ਨਾਬਾਲ ਖਿਝ ਕੇ ਉਸ ਉੱਤੇ ਹੱਥ ਚੁੱਕੇਗਾ। ਪਰ ਉਹ ਨਾ ਤਾਂ ਬੋਲਿਆ ਤੇ ਨਾ ਹੀ ਹਿਲਿਆ।—1 ਸਮੂਏਲ 25:37.
ਨਾਬਾਲ ਨੂੰ ਕੀ ਹੋ ਗਿਆ ਸੀ? ਬਾਈਬਲ ਕਹਿੰਦੀ ਹੈ ਕਿ “ਉਹ ਦਾ ਮਨ ਉਹ ਦੇ ਵਿੱਚ ਮਰ ਗਿਆ ਅਤੇ ਉਹ ਪੱਥਰ ਵਰਗਾ ਹੋ ਗਿਆ।” ਸ਼ਾਇਦ ਉਸ ਨੂੰ ਕਿਸੇ ਤਰ੍ਹਾਂ ਦਾ ਦੌਰਾ ਪੈ ਗਿਆ ਸੀ। ਉਸ ਦੀ ਮੌਤ ਦਸ ਦਿਨ ਬਾਅਦ ਹੋਈ ਤੇ ਇਹ ਸਿਰਫ਼ ਕਿਸੇ ਦੌਰੇ ਕਰਕੇ ਨਹੀਂ ਸੀ। “ਯਹੋਵਾਹ ਨੇ ਨਾਬਾਲ ਨੂੰ ਅਜਿਹਾ ਮਾਰਿਆ ਜੋ ਉਹ ਮਰ ਗਿਆ।” (1 ਸਮੂਏਲ 25:38) ਯਹੋਵਾਹ ਨੇ ਇਹ ਸਜ਼ਾ ਨਾਬਾਲ ਨੂੰ ਦਿੱਤੀ ਸੀ ਜਿਸ ਕਰਕੇ ਅਬੀਗੈਲ ਨੂੰ ਇਸ ਰਾਖ਼ਸ਼ ਤੋਂ ਛੁਟਕਾਰਾ ਮਿਲਿਆ। ਭਾਵੇਂ ਅੱਜ ਯਹੋਵਾਹ ਚਮਤਕਾਰ ਕਰ ਕੇ ਅਜਿਹੀ ਸਜ਼ਾ ਨਹੀਂ ਦਿੰਦਾ, ਪਰ ਇਸ ਬਿਰਤਾਂਤ ਤੋਂ ਅਸੀਂ ਸਿੱਖਦੇ ਹਾਂ ਕਿ ਘਰ ਵਿਚ ਕਿਸੇ ਵੀ ਤਰ੍ਹਾਂ ਦਾ ਜ਼ੁਲਮ ਉਸ ਦੀਆਂ ਨਜ਼ਰਾਂ ਤੋਂ ਲੁਕਿਆ ਨਹੀਂ ਹੈ। ਉਹ ਆਪਣੇ ਸਮੇਂ ਤੇ ਜ਼ਰੂਰ ਇਨਸਾਫ਼ ਕਰੇਗਾ।
ਨਾਬਾਲ ਤੋਂ ਛੁਟਕਾਰਾ ਪਾਉਣ ਤੋਂ ਇਲਾਵਾ ਅਬੀਗੈਲ ਨੂੰ ਇਕ ਹੋਰ ਵੀ ਬਰਕਤ ਮਿਲੀ। ਜਦ ਦਾਊਦ ਨੂੰ ਨਾਬਾਲ ਦੀ ਮੌਤ ਦਾ ਪਤਾ ਲੱਗਾ, ਤਾਂ ਉਸ ਨੇ ਅਬੀਗੈਲ ਦਾ ਹੱਥ ਮੰਗਣ ਲਈ ਆਪਣੇ ਬੰਦੇ ਭੇਜੇ। ਅਬੀਗੈਲ ਨੇ ਕੀ ਜਵਾਬ ਦਿੱਤਾ? ਉਸ ਨੇ ਕਿਹਾ: “ਵੇਖੋ ਤੁਹਾਡੀ ਟਹਿਲਣ ਆਪਣੇ ਮਹਾਰਾਜ ਦੇ ਟਹਿਲੂਆਂ ਦੇ ਪੈਰ ਧੋਣ ਵਾਲੀ ਸੇਵਕਣੀ ਠਹਿਰੇ।” ਦਾਊਦ ਦੀ ਪਤਨੀ ਬਣਨ ਦੀ ਉਮੀਦ ਨੇ ਉਸ ਦਾ ਸੁਭਾਅ ਬਿਲਕੁਲ ਨਹੀਂ ਬਦਲਿਆ। ਉਹ ਤਾਂ ਦਾਊਦ ਦੇ ਸੇਵਕਾਂ ਦੀ ਸੇਵਾ ਕਰਨ ਲਈ ਵੀ ਤਿਆਰ ਸੀ! ਅਸੀਂ ਫਿਰ ਤੋਂ ਪੜ੍ਹਦੇ ਹਾਂ ਕਿ ਉਸ ਨੇ ਛੇਤੀ ਕੀਤੀ, ਇਸ ਵਾਰ ਦਾਊਦ ਕੋਲ ਜਾਣ ਲਈ।—1 ਸਮੂਏਲ 25:39-42.
ਅਬੀਗੈਲ ਕਿਸੇ ਸੁਪਨਿਆਂ ਦੀ ਦੁਨੀਆਂ ਵਿਚ ਨਹੀਂ ਜਾ ਰਹੀ ਸੀ। ਦਾਊਦ ਦੀ ਪਤਨੀ ਬਣ ਕੇ ਜੀਣਾ ਹਮੇਸ਼ਾ ਸੌਖਾ ਨਹੀਂ ਸੀ ਹੋਣਾ। ਦਾਊਦ ਦਾ ਵਿਆਹ ਪਹਿਲਾਂ ਹੀ ਅਹੀਨੋਅਮ ਨਾਲ ਹੋ ਚੁੱਕਾ ਸੀ। ਵਫ਼ਾਦਾਰ ਔਰਤਾਂ ਲਈ ਆਪਣੇ ਪਤੀ ਦੀਆਂ ਹੋਰਨਾਂ ਪਤਨੀਆਂ ਨਾਲ ਰਹਿਣਾ ਮੁਸ਼ਕਲਾਂ ਤੋਂ ਬਗੈਰ ਨਹੀਂ ਸੀ। ਦਾਊਦ ਅਜੇ ਰਾਜਾ ਨਹੀਂ ਸੀ ਤੇ ਰਾਜੇ ਵਜੋਂ ਯਹੋਵਾਹ ਦੀ ਸੇਵਾ ਕਰਨ ਤੋਂ ਪਹਿਲਾਂ ਉਸ ਨੂੰ ਕਈ ਮੁਸੀਬਤਾਂ ਸਹਿਣੀਆਂ ਪੈਣੀਆਂ ਸਨ। ਫਿਰ ਵੀ ਅਬੀਗੈਲ ਨੇ ਜ਼ਿੰਦਗੀ ਦੇ ਸਫ਼ਰ ਵਿਚ ਦਾਊਦ ਦਾ ਸਾਥ ਦਿੱਤਾ ਅਤੇ ਉਸ ਨੇ ਇਕ ਮੁੰਡੇ ਨੂੰ ਵੀ ਜਨਮ ਦਿੱਤਾ। ਹਾਂ, ਦਾਊਦ ਇਕ ਅਜਿਹਾ ਪਤੀ ਸੀ ਜਿਸ ਨੇ ਉਸ ਦੀ ਕਦਰ ਕੀਤੀ ਤੇ ਉਸ ਦੀ ਹਿਫਾਜ਼ਤ ਵੀ। ਇਕ ਵਾਰ ਉਸ ਨੇ ਅਬੀਗੈਲ ਨੂੰ ਉਨ੍ਹਾਂ ਬੰਦਿਆਂ ਦੇ ਹੱਥਾਂ ਤੋਂ ਵੀ ਬਚਾਇਆ ਜੋ ਉਸ ਨੂੰ ਚੁੱਕ ਕੇ ਲੈ ਗਏ ਸਨ! (1 ਸਮੂਏਲ 30:1-19) ਇਸ ਤਰ੍ਹਾਂ ਦਾਊਦ ਨੇ ਯਹੋਵਾਹ ਦੀ ਰੀਸ ਕੀਤੀ ਜੋ ਅਬੀਗੈਲ ਵਰਗੀਆਂ ਵਫ਼ਾਦਾਰ, ਸਮਝਦਾਰ ਤੇ ਦਲੇਰ ਔਰਤਾਂ ਨੂੰ ਪਿਆਰ ਕਰਦਾ ਹੈ। (w09 7/1)
[ਫੁਟਨੋਟ]
^ ਪੈਰਾ 13 ਇਹ ਉੱਤਰ ਵਿਚ ਕਰਮਲ ਪਰਬਤ ਨਹੀਂ, ਪਰ ਦੱਖਣੀ ਉਜਾੜ ਦੇ ਕਿਨਾਰੇ ਇਕ ਨਗਰ ਸੀ।
^ ਪੈਰਾ 14 ਸ਼ਾਇਦ ਦਾਊਦ ਲਈ ਇਨ੍ਹਾਂ ਜ਼ਮੀਂਦਾਰਾਂ ਅਤੇ ਉਨ੍ਹਾਂ ਦੀਆਂ ਇੱਜੜਾਂ ਦੀ ਹਿਫਾਜ਼ਤ ਕਰਨੀ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਦੇ ਬਰਾਬਰ ਸੀ। ਉਨ੍ਹੀਂ ਦਿਨੀਂ ਯਹੋਵਾਹ ਦਾ ਮਕਸਦ ਸੀ ਕਿ ਅਬਰਾਹਾਮ, ਇਸਹਾਕ ਤੇ ਯਾਕੂਬ ਦੀ ਸੰਤਾਨ ਇਸ ਦੇਸ਼ ਵਿਚ ਵੱਸੇ। ਇਸ ਲਈ ਵਿਦੇਸ਼ੀ ਹਮਲਾਵਰਾਂ ਤੇ ਲੁਟੇਰਿਆਂ ਤੋਂ ਦੇਸ਼ ਦੀ ਰੱਖਿਆ ਕਰਨੀ ਉਹ ਆਪਣੀ ਭਗਤੀ ਦਾ ਹਿੱਸਾ ਸਮਝਦਾ ਸੀ।
^ ਪੈਰਾ 19 ਇਬਰਾਨੀ ਭਾਸ਼ਾ ਵਿਚ ਇੱਥੇ ਇਸ ਨੌਜਵਾਨ ਨੇ ਕਿਹਾ ਕਿ ਨਾਬਾਲ “ਬਲਿਆਲ ਦਾ ਪੁੱਤਰ” ਸੀ ਯਾਨੀ ਉਹ ਨਿਕੰਮਾ ਸੀ। ਬਾਈਬਲ ਦੇ ਹੋਰ ਤਰਜਮੇ ਕਹਿੰਦੇ ਹਨ ਕਿ ਨਾਬਾਲ ‘ਹੋਰ ਕਿਸੇ ਦੀ ਨਹੀਂ ਸੁਣਦਾ’ ਸੀ ਜਿਸ ਕਰਕੇ ਉਸ ਨਾਲ ਗੱਲ ਕਰਨੀ ਹੀ ਫ਼ਜ਼ੂਲ ਸੀ।
[ਸਫ਼ਾ 15 ਉੱਤੇ ਤਸਵੀਰ]
ਆਪਣੇ ਪਤੀ ਦੇ ਉਲਟ ਅਬੀਗੈਲ ਗੱਲ ਸੁਣਨ ਲਈ ਤਿਆਰ ਸੀ
[ਸਫ਼ਾ 16 ਉੱਤੇ ਤਸਵੀਰ]
ਦਾਊਦ ਨਾਲ ਗੱਲ ਕਰਦੀ ਹੋਈ ਅਬੀਗੈਲ ਨੇ ਨਿਮਰਤਾ, ਦਲੇਰੀ ਤੇ ਸਮਝਦਾਰੀ ਦਿਖਾਈ