ਦਰਖ਼ਤ “ਜਿਹ ਦੇ ਪੱਤੇ ਨਹੀਂ ਕੁਮਲਾਉਂਦੇ”
ਦਰਖ਼ਤ “ਜਿਹ ਦੇ ਪੱਤੇ ਨਹੀਂ ਕੁਮਲਾਉਂਦੇ”
ਕੀ ਤੁਸੀਂ ਬਾਹਰ ਘੁੰਮਦੇ-ਫਿਰਦੇ ਅਜਿਹਾ ਇਲਾਕਾ ਦੇਖਿਆ ਹੈ ਜਿੱਥੇ ਕਈ ਹਰੇ-ਭਰੇ ਦਰਖ਼ਤ ਹਨ? ਇਹ ਦੇਖਣ ਨੂੰ ਬਹੁਤ ਸੁੰਦਰ ਲੱਗਦੇ ਹਨ। ਜੇ ਤੁਸੀਂ ਹਰੇ ਪੱਤਿਆਂ ਭਰੇ ਵੱਡੇ-ਵੱਡੇ ਦਰਖ਼ਤ ਦੇਖੋ, ਤਾਂ ਕੀ ਤੁਸੀਂ ਇਹ ਸੋਚੋਗੇ ਕਿ ਉਸ ਇਲਾਕੇ ਵਿਚ ਸੋਕਾ ਹੈ? ਨਹੀਂ, ਤੁਹਾਨੂੰ ਪਤਾ ਹੋਵੇਗਾ ਕਿ ਉੱਥੇ ਪਾਣੀ ਦੀ ਕੋਈ ਕਮੀ ਨਹੀਂ ਹੈ ਅਤੇ ਇਸੇ ਲਈ ਦਰਖ਼ਤ ਹਰੇ-ਭਰੇ ਹਨ।
ਬਾਈਬਲ ਉਨ੍ਹਾਂ ਲੋਕਾਂ ਦੀ ਤੁਲਨਾ ਹਰੇ-ਭਰੇ ਦਰਖ਼ਤਾਂ ਨਾਲ ਕਰਦੀ ਹੈ ਜਿਨ੍ਹਾਂ ਦੀ ਨਿਹਚਾ ਪੱਕੀ ਹੈ ਅਤੇ ਜਿਨ੍ਹਾਂ ਦਾ ਪਰਮੇਸ਼ੁਰ ਨਾਲ ਪੱਕਾ ਰਿਸ਼ਤਾ ਹੈ। ਮਿਸਾਲ ਲਈ, ਧਿਆਨ ਦਿਓ ਕਿ ਜ਼ਬੂਰਾਂ ਦੀ ਪੋਥੀ 1:1-3 ਵਿਚ ਕੀ ਲਿਖਿਆ ਹੈ:
“ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ, ਅਤੇ ਨਾ ਮਖ਼ੋਲੀਆਂ ਦੀ ਜੁੰਡੀ ਵਿੱਚ ਬਹਿੰਦਾ ਹੈ। ਪਰ ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ। ਉਹ ਤਾਂ ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।”
ਇਸੇ ਤਰ੍ਹਾਂ ਯਿਰਮਿਯਾਹ 17:7, 8 ਵਿਚ ਲਿਖਿਆ ਹੈ: “ਮੁਬਾਰਕ ਹੈ ਉਹ ਮਰਦ ਜਿਹ ਦਾ ਭਰੋਸਾ ਯਹੋਵਾਹ ਉੱਤੇ ਹੈ, ਜਿਹ ਦਾ ਭਰੋਸਾ ਯਹੋਵਾਹ ਹੈ! ਉਹ ਉਸ ਬਿਰਛ ਵਾਂਙੁ ਹੈ ਜਿਹੜਾ ਪਾਣੀ ਉੱਤੇ ਲੱਗਿਆ ਹੋਇਆ ਹੈ, ਜਿਹੜਾ ਨਦੀ ਵੱਲ ਆਪਣੀਆਂ ਜੜ੍ਹਾਂ ਫੈਲਾਉਂਦਾ ਹੈ। ਜਦ ਗਰਮੀ ਆਵੇ ਤਾਂ ਉਹ ਨੂੰ ਡਰ ਨਹੀਂ, ਸਗੋਂ ਉਹ ਦੇ ਪੱਤੇ ਹਰੇ ਰਹਿੰਦੇ ਹਨ, ਔੜ ਦੇ ਵਰ੍ਹੇ ਉਹ ਨੂੰ ਚਿੰਤਾ ਨਾ ਹੋਵੇਗੀ, ਨਾ ਉਹ ਫਲ ਲਿਆਉਣ ਤੋਂ ਰੁਕੇਗਾ।”
ਇਨ੍ਹਾਂ ਦੋਹਾਂ ਹਵਾਲਿਆਂ ਵਿਚ ਦਰਖ਼ਤਾਂ ਦੀ ਮਿਸਾਲ ਵਰਤ ਕੇ ਇਹ ਦਿਖਾਇਆ ਜਾਂਦਾ ਹੈ ਕਿ ਉਸ ਇਨਸਾਨ ਨਾਲ ਕੀ ਹੋਵੇਗਾ ਜੋ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਦੇ ਹੁਕਮਾਂ ਉੱਤੇ ਚੱਲਦਾ ਹੈ ਅਤੇ ਉਸ ਉੱਤੇ ਪੂਰਾ ਭਰੋਸਾ ਰੱਖਦਾ ਹੈ। ਤਾਂ ਫਿਰ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅਜਿਹਾ ਇਨਸਾਨ ਹਰੇ-ਭਰੇ ਦਰਖ਼ਤ ਵਰਗਾ ਹੈ? ਆਓ ਆਪਾਂ ਇਨ੍ਹਾਂ ਆਇਤਾਂ ਵੱਲ ਹੋਰ ਧਿਆਨ ਦੇਈਏ।
“ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ”
ਇਹ ਦਰਖ਼ਤ “ਪਾਣੀ ਦੀਆਂ ਨਦੀਆਂ ਉੱਤੇ” ਜਾਂ “ਪਾਣੀ ਉੱਤੇ” ਲਾਏ ਗਏ ਹਨ ਨਾ ਕਿ ਸਿਰਫ਼ ਇਕ ਨਦੀ ਉੱਤੇ। ਯਸਾਯਾਹ ਦੀ ਪੋਥੀ ਵਿਚ ਵੀ ਅਜਿਹੀ ਇਕ ਮਿਸਾਲ ਪਾਈ ਜਾਂਦੀ ਹੈ ਜਿੱਥੇ ਯਹੋਵਾਹ ਪਰਮੇਸ਼ੁਰ ਨੇ ਕਿਹਾ ਕਿ ਉਹ ਉਨ੍ਹਾਂ ਵਫ਼ਾਦਾਰ ਯਹੂਦੀਆਂ ਦੀ ਦੇਖ-ਭਾਲ ਕਰੇਗਾ ਜੋ ਬਾਬਲ ਦੀ ਕੈਦ ਤੋਂ ਮੁੜ ਕੇ ਆਪਣੇ ਦੇਸ਼ ਵਾਪਸ ਆਉਣਗੇ। ਆਪਣੇ ਨਬੀ ਯਸਾਯਾਹ ਰਾਹੀਂ ਯਹੋਵਾਹ ਨੇ ਕਿਹਾ: “ਮੈਂ ਪਿਆਸੇ ਬੰਦਿਆਂ ਲਈ ਪਾਣੀ ਵਰ੍ਹਾਵਾਂਗਾ। ਮੈਂ ਸੁੱਕੀ ਧਰਤੀ ਉੱਤੇ ਨਦੀਆਂ ਵਗਾਵਾਂਗਾ। . . . ਉਹ ਦੁਨੀਆਂ ਦੇ ਲੋਕਾਂ ਵਿਚਕਾਰ ਵਧਣ ਫੁੱਲਣਗੇ। ਉਹ ਪਾਣੀ ਦੀਆਂ ਨਹਿਰਾਂ ਕੰਢੇ ਉੱਗੇ ਹੋਏ ਰੁੱਖਾਂ ਵਰਗੇ ਹੋਣਗੇ।” (ਯਸਾਯਾਹ 44:3, 4, ERV) ਇੱਥੇ ਕਿਹਾ ਗਿਆ ਹੈ ਕਿ “ਨਦੀਆਂ” ਅਤੇ “ਨਹਿਰਾਂ” ਦੇ ਵਗਣ ਕਰਕੇ ਪਰਮੇਸ਼ੁਰ ਦੇ ਲੋਕ ਰੁੱਖਾਂ ਵਾਂਗ ਵਧਣ-ਫੁੱਲਣਗੇ।
ਅੱਜ ਵੀ ਖੇਤੀਬਾੜੀ ਦੇ ਸੰਬੰਧ ਵਿਚ ਤੁਸੀਂ ਨਹਿਰਾਂ ਜਾਂ ਨਦੀਆਂ ਦੇਖ ਸਕਦੇ ਹੋ ਜਿਸ ਦਾ ਪਾਣੀ ਕਿਸੇ ਖੂਹ, ਨਦੀ, ਝੀਲ ਜਾਂ ਡੈਮ ਤੋਂ ਆਉਂਦਾ ਹੈ। ਆਮ ਕਰਕੇ ਇਹ ਖੇਤਾਂ ਜਾਂ ਬਗ਼ੀਚਿਆਂ ਨੂੰ ਪਾਣੀ ਦੇਣ ਲਈ ਹੁੰਦੀਆਂ ਹਨ। ਕਈ ਵਾਰ ਫਲਾਂ ਦੇ ਬਾਗ਼ਾਂ ਵਿਚ ਲਾਏ ਦਰਖ਼ਤਾਂ ਨੂੰ ਸਿੰਜਣ ਲਈ ਨਹਿਰਾਂ
ਪੁੱਟੀਆਂ ਜਾਂਦੀਆਂ ਹਨ। ਹੋ ਸਕਦਾ ਹੈ ਕਿ ਕੁਝ ਨਹਿਰਾਂ ਇਕ ਪਾਸੇ ਖੇਤਾਂ ਨੂੰ ਪਾਣੀ ਦਿੰਦੀਆਂ ਹਨ ਅਤੇ ਦੂਜੇ ਪਾਸੇ ਦਰਖ਼ਤਾਂ ਨੂੰ ਜੋ ਸ਼ਾਇਦ ਜ਼ਮੀਨ ਦੇ ਬੰਨੇ ਉੱਤੇ ਹੋਣ।ਨਦੀਆਂ ਦੇ ਕੋਲ ਲਾਏ ਗਏ ਦਰਖ਼ਤ ਕਿਹੋ ਜਿਹੇ ਹੁੰਦੇ ਹਨ? ਜ਼ਬੂਰ 1:3 ਵਿਚ ਅਜਿਹੇ ਦਰਖ਼ਤ ਦੀ ਗੱਲ ਕੀਤੀ ਜਾਂਦੀ ਹੈ “ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ।” ਬਾਈਬਲ ਵਿਚ ਜ਼ਿਕਰ ਕੀਤੇ ਗਏ ਦੇਸ਼ਾਂ ਵਿਚ ਅੰਜੀਰ, ਅਨਾਰ, ਸੇਬ, ਖਜੂਰ ਜਾਂ ਜ਼ੈਤੂਨ ਦੇ ਰੁੱਖ ਹੁੰਦੇ ਸਨ। ਭਾਵੇਂ ਅੰਜੀਰ ਦਾ ਰੁੱਖ 9 ਮੀਟਰ ਉੱਚਾ ਹੋ ਸਕਦਾ ਹੈ ਅਤੇ ਉਸ ਦੀਆਂ ਟਹਿਣੀਆਂ ਦੂਰ ਤਕ ਫੈਲ ਸਕਦੀਆਂ ਹਨ, ਪਰ ਫਲ ਦੇਣ ਵਾਲੇ ਜ਼ਿਆਦਾਤਰ ਦਰਖ਼ਤ ਬਹੁਤੇ ਉੱਚੇ ਨਹੀਂ ਹੁੰਦੇ। ਫਿਰ ਵੀ ਉਹ ਹਰੇ-ਭਰੇ ਹੋ ਸਕਦੇ ਹਨ ਅਤੇ ਰੁੱਤ ਸਿਰ ਬਹੁਤ ਸਾਰਾ ਫਲ ਦੇ ਸਕਦੇ ਹਨ।
ਪੁਰਾਣੇ ਜ਼ਮਾਨੇ ਵਿਚ ਸੀਰੀਆ ਅਤੇ ਪੈਲਸਟਾਈਨ ਵਿਚ ਨਦੀਆਂ ਕਿਨਾਰੇ ਅਜਿਹੇ ਦਰਖ਼ਤ ਉੱਗਦੇ ਸਨ ਜਿਨ੍ਹਾਂ ਨੂੰ ਬੇਦ-ਮਜਨੂੰ ਕਿਹਾ ਜਾਂਦਾ ਸੀ। ਬਾਈਬਲ ਵਿਚ ਬੇਦ-ਮਜਨੂੰਆਂ ਦਾ ਜ਼ਿਕਰ ਅਕਸਰ ‘ਨਦੀਆਂ’ ਨਾਲ ਕੀਤਾ ਜਾਂਦਾ ਹੈ। (ਲੇਵੀਆਂ 23:40) ਬੇਦ-ਮਜਨੂੰਆਂ ਵਾਂਗ ਬੇਦ ਦੇ ਦਰਖ਼ਤ ਵੀ ਉੱਥੇ ਉੱਗਦੇ ਸਨ ਜਿੱਥੇ ਬਹੁਤਾ ਪਾਣੀ ਹੁੰਦਾ ਸੀ। (ਹਿਜ਼ਕੀਏਲ 17:5) ਜ਼ਬੂਰਾਂ ਦੇ ਲਿਖਾਰੀ ਅਤੇ ਯਿਰਮਿਯਾਹ ਇਨ੍ਹਾਂ ਹਰੇ-ਭਰੇ ਦਰਖ਼ਤਾਂ ਦੀ ਮਿਸਾਲ ਦੇ ਕੇ ਕੀ ਕਹਿਣਾ ਚਾਹੁੰਦੇ ਸਨ? ਇਹੀ ਕਿ ਜਿਹੜੇ ਲੋਕ ਪਰਮੇਸ਼ੁਰ ਦੇ ਹੁਕਮਾਂ ਉੱਤੇ ਚੱਲਦੇ ਹਨ ਅਤੇ ਉਸ ਉੱਤੇ ਪੂਰਾ ਭਰੋਸਾ ਰੱਖਦੇ ਹਨ ਉਹ ਉਸ ਨਾਲ ਗੂੜ੍ਹਾ ਰਿਸ਼ਤਾ ਬਣਾਈ ਰੱਖਣਗੇ ਅਤੇ ‘ਜੋ ਕੁਝ ਉਹ ਕਰਨਗੇ ਸੋ ਸਫ਼ਲ ਹੋਵੇਗਾ।’ ਅਸੀਂ ਸਾਰੇ ਆਪਣੀ ਜ਼ਿੰਦਗੀ ਵਿਚ ਸਫ਼ਲਤਾ ਚਾਹੁੰਦੇ ਹਾਂ, ਹੈ ਨਾ?
ਯਹੋਵਾਹ ਦੀ ਬਿਵਸਥਾ ਵਿਚ ਮਗਨ ਰਹਿਣਾ
ਅੱਜ-ਕੱਲ੍ਹ ਲੋਕ ਸਫ਼ਲਤਾ ਪਾਉਣ ਦੀ ਲੱਖ ਕੋਸ਼ਿਸ਼ ਕਰਦੇ ਹਨ। ਉਹ ਅਜਿਹੇ ਕੰਮਾਂ ਵਿਚ ਰੁੱਝ ਜਾਂਦੇ ਹਨ ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਲੱਗਦਾ ਹੈ ਉਹ ਅਮੀਰ ਹੋ ਜਾਣਗੇ ਅਤੇ ਸ਼ੁਹਰਤ ਕਮਾਉਣਗੇ। ਪਰ ਅਕਸਰ ਉਨ੍ਹਾਂ ਦੀਆਂ ਉਮੀਦਾਂ ਉੱਤੇ ਪਾਣੀ ਫਿਰ ਜਾਂਦਾ ਹੈ ਅਤੇ ਉਹ ਨਿਰਾਸ਼ ਰਹਿ ਜਾਂਦੇ ਹਨ। ਸੋ ਸਾਨੂੰ ਸਫ਼ਲਤਾ ਅਤੇ ਖ਼ੁਸ਼ੀ ਕਿੱਥੋਂ ਮਿਲ ਸਕਦੀ ਹੈ? ਯਿਸੂ ਨੇ ਜਵਾਬ ਦਿੰਦੇ ਹੋਏ ਕਿਹਾ ਸੀ: “ਧੰਨ ਹੋਣਗੇ ਓਹ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ।” (ਲੂਕਾ 11:28) ਹਾਂ, ਸੱਚੀ ਖ਼ੁਸ਼ੀ ਪੈਸਿਆਂ ਤੋਂ ਨਹੀਂ ਬਲਕਿ ਪਰਮੇਸ਼ੁਰ ਬਾਰੇ ਗਿਆਨ ਲੈਣ ਤੋਂ ਮਿਲਦੀ ਹੈ। ਫਿਰ ਅਸੀਂ ਹਰੇ-ਭਰੇ ਦਰਖ਼ਤਾਂ ਵਾਂਗ ਹੋਵਾਂਗੇ ਜੋ ਰੁੱਤ ਸਿਰ ਆਪਣਾ ਫਲ ਦਿੰਦੇ ਹਨ। ਹਰੇ-ਭਰੇ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
ਜ਼ਬੂਰਾਂ ਦੇ ਲਿਖਾਰੀ ਅਨੁਸਾਰ ਕੁਝ ਚੀਜ਼ਾਂ ਹਨ ਜਿਨ੍ਹਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ। ਕਿਹੜੀਆਂ ਚੀਜ਼ਾਂ? “ਦੁਸ਼ਟਾਂ ਦੀ ਮੱਤ,” “ਪਾਪੀਆਂ ਦੇ ਰਾਹ” ਅਤੇ “ਮਖ਼ੋਲੀਆਂ ਦੀ ਜੁੰਡੀ।” ਖ਼ੁਸ਼ ਹੋਣ ਲਈ ਸਾਨੂੰ ਉਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਪਰਮੇਸ਼ੁਰ ਦੇ ਹੁਕਮਾਂ ਨੂੰ ਨਹੀਂ ਮੰਨਦੇ ਅਤੇ ਉਨ੍ਹਾਂ ਦਾ ਮਖੌਲ ਉਡਾਉਂਦੇ ਹਨ।
ਸਾਨੂੰ ਯਹੋਵਾਹ ਦੀ ਬਿਵਸਥਾ ਵਿਚ ਮਗਨ ਰਹਿਣਾ ਚਾਹੀਦਾ ਹੈ। ਜਦ ਅਸੀਂ ਕਿਸੇ ਕੰਮ ਵਿਚ ਮਗਨ ਰਹਿੰਦੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਉਹ ਕੰਮ ਕਰਨਾ ਪਸੰਦ ਕਰਦੇ ਹਾਂ ਅਤੇ ਉਸ ਲਈ ਸਮਾਂ ਕੱਢਣਾ ਮੁਸ਼ਕਲ ਨਹੀਂ ਹੁੰਦਾ। ਸੋ ਬਿਵਸਥਾ ਵਿਚ ਮਗਨ ਰਹਿਣ ਦਾ ਮਤਲਬ ਹੈ ਕਿ ਅਸੀਂ ਪਰਮੇਸ਼ੁਰ ਦਾ ਬਚਨ ਪੜ੍ਹੀਏ ਅਤੇ ਉਸ ਨੂੰ ਹੋਰ ਚੰਗੀ ਤਰ੍ਹਾਂ ਸਮਝ ਕੇ ਉਸ ਲਈ ਆਪਣੀ ਕਦਰ ਵਧਾਈਏ।
ਇਸ ਤੋਂ ਇਲਾਵਾ ਸਾਨੂੰ ‘ਦਿਨ ਰਾਤ ਉਸ ਉੱਤੇ ਧਿਆਨ ਕਰਨਾ’ ਚਾਹੀਦਾ ਹੈ। ਇਸ ਤਰ੍ਹਾਂ ਕਰਨ ਲਈ ਸਾਨੂੰ ਰੋਜ਼ ਬਾਈਬਲ ਪੜ੍ਹ ਕੇ ਉਸ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਸਾਨੂੰ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰਨਾ ਚਾਹੀਦਾ ਹੈ ਜਿਸ ਨੇ ਕਿਹਾ: “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!”—ਜ਼ਬੂਰਾਂ ਦੀ ਪੋਥੀ 119:97.
ਜਦ ਅਸੀਂ ਯਹੋਵਾਹ ਪਰਮੇਸ਼ੁਰ ਬਾਰੇ ਸਹੀ ਗਿਆਨ ਲੈਂਦੇ ਹਾਂ ਅਤੇ ਉਸ ਉੱਤੇ ਅਤੇ ਉਸ ਦੇ ਵਾਅਦਿਆਂ ਉੱਤੇ ਭਰੋਸਾ ਕਰਨਾ ਸਿੱਖਦੇ ਹਾਂ, ਤਾਂ ਉਸ ਨਾਲ ਸਾਡਾ ਰਿਸ਼ਤਾ ਜ਼ਰੂਰ ਪੱਕਾ ਹੋਵੇਗਾ। ਫਿਰ ਅਸੀਂ ਉਸ ਮਨੁੱਖ ਵਰਗੇ ਹੋਵਾਂਗੇ ਜਿਸ ਬਾਰੇ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਕਿ “ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।” (w09 3/1)