ਕੀ ਤੁਹਾਨੂੰ ਮਰੇ ਹੋਇਆਂ ਤੋਂ ਡਰਨਾ ਚਾਹੀਦਾ ਹੈ?
ਕੀ ਤੁਹਾਨੂੰ ਮਰੇ ਹੋਇਆਂ ਤੋਂ ਡਰਨਾ ਚਾਹੀਦਾ ਹੈ?
ਕਈ ਲੋਕ ਇਹ ਸਵਾਲ ਸੁਣ ਕੇ ਸ਼ਾਇਦ ਕਹਿਣ, “ਨਹੀਂ, ਮੈਂ ਕਿਉਂ ਡਰਾਂ?” ਉਹ ਮੰਨਦੇ ਹਨ ਕਿ ਮੌਤ ਹੋਣ ਤੇ ਸਾਰਾ ਕੁਝ ਖ਼ਤਮ ਹੋ ਜਾਂਦਾ ਹੈ। ਪਰ ਲੱਖਾਂ ਹੀ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਮੁਰਦਿਆਂ ਦੀ ਆਤਮਾ ਜੀਉਂਦੀ ਰਹਿੰਦੀ ਹੈ।
ਪੱਛਮੀ ਅਫ਼ਰੀਕਾ ਦੇ ਬੇਨਿਨ ਦੇਸ਼ ਵਿਚ ਕਈ ਲੋਕ ਮੰਨਦੇ ਹਨ ਕਿ ਮੁਰਦੇ ਵਾਪਸ ਆ ਕੇ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਦੀ ਜਾਨ ਲੈ ਸਕਦੇ ਹਨ। ਸੋ ਲੋਕ ਮੁਰਦਿਆਂ ਨੂੰ ਖ਼ੁਸ਼ ਕਰਨ ਲਈ ਜਾਨਵਰਾਂ ਦੀਆਂ ਬਲੀਆਂ ਚੜ੍ਹਾਉਣ ਜਾਂ ਹੋਰਨਾਂ ਰੀਤਾਂ-ਰਿਵਾਜਾਂ ਪੂਰੀਆਂ ਕਰਨ ਵਾਸਤੇ ਆਪਣਾ ਸਾਮਾਨ ਵੇਚ ਦਿੰਦੇ ਹਨ ਜਾਂ ਕਰਜ਼ਾ ਚੁੱਕ ਲੈਂਦੇ ਹਨ। ਕਈ ਜਾਦੂ-ਟੂਣਾ ਕਰਦੇ ਹਨ ਅਤੇ ਮੰਨਦੇ ਹਨ ਕਿ ਜਦ ਕੋਈ ਮਰਦਾ ਹੈ, ਤਾਂ ਉਸ ਦੀ ਆਤਮਾ ਜੀਉਂਦੀ ਰਹਿੰਦੀ ਹੈ। ਉਹ ਇਹ ਵੀ ਮੰਨਦੇ ਹਨ ਕਿ ਮਰੇ ਹੋਏ ਲੋਕ ਉਨ੍ਹਾਂ ਨਾਲ ਗੱਲਾਂ ਕਰ ਸਕਦੇ ਹਨ। ਕਈਆਂ ਨਾਲ
ਬਹੁਤ ਡਰਾਉਣੀਆਂ ਘਟਨਾਵਾਂ ਬੀਤਦੀਆਂ ਹਨ ਅਤੇ ਉਹ ਕਹਿੰਦੇ ਹਨ ਕਿ ਇਹ ਭੂਤਾਂ ਦੇ ਕਾਰਨ ਹੁੰਦਾ ਹੈ।ਆਗਬੂਲਾ ਦੀ ਮਿਸਾਲ ਵੱਲ ਧਿਆਨ ਦਿਓ। ਉਹ ਬੇਨਿਨ ਅਤੇ ਨਾਈਜੀਰੀਆ ਦੀ ਸਰਹੱਦ ’ਤੇ ਰਹਿੰਦਾ ਹੈ। ਉਹ ਕਹਿੰਦਾ ਹੈ: “ਸਾਡੇ ਇਲਾਕੇ ਵਿਚ ਜਾਦੂ-ਟੂਣਾ ਕਰਨਾ ਆਮ ਹੈ। ਇੱਥੇ ਲਾਸ਼ਾਂ ਧੋਣ ਦਾ ਰਿਵਾਜ ਹੈ ਤਾਂਕਿ ਉਨ੍ਹਾਂ ਨੂੰ ਅਗਲੇ ਜੀਵਨ ਲਈ ਤਿਆਰ ਕੀਤਾ ਜਾਵੇ। ਕਈ ਵਾਰ ਜੋ ਵੀ ਸਾਬਣ ਬਚਦਾ ਸੀ ਮੈਂ ਉਸ ਨੂੰ ਪੱਤਿਆਂ ਨਾਲ ਮਿਲਾ ਕੇ ਆਪਣੇ ਬੰਦੂਕ ਉੱਤੇ ਲਾਉਂਦਾ ਸੀ। ਫਿਰ ਮੈਂ ਉੱਚੀ-ਉੱਚੀ ਉਸ ਜਾਨਵਰ ਦਾ ਨਾਂ ਲੈਂਦਾ ਸੀ ਜਿਸ ਦਾ ਮੈਂ ਸ਼ਿਕਾਰ ਕਰਨਾ ਚਾਹੁੰਦਾ ਸੀ। ਇਸ ਤਰ੍ਹਾਂ ਦੇ ਰੀਤ-ਰਿਵਾਜ ਆਮ ਹਨ ਅਤੇ ਇਹ ਕਾਫ਼ੀ ਅਸਰਦਾਰ ਲੱਗਦੇ ਸਨ। ਪਰ ਜਾਦੂ-ਟੂਣਾ ਬਹੁਤ ਡਰਾਉਣਾ ਵੀ ਹੋ ਸਕਦਾ ਸੀ।
“ਜਦ ਮੇਰੇ ਦੋ ਮੁੰਡਿਆਂ ਦੀ ਅਚਾਨਕ ਮੌਤ ਹੋਈ, ਤਾਂ ਮੈਨੂੰ ਸ਼ੱਕ ਸੀ ਕਿ ਕਿਸੇ ਨੇ ਉਨ੍ਹਾਂ ਉੱਤੇ ਜਾਦੂ-ਟੂਣਾ ਕੀਤਾ ਹੈ। ਇਸ ਬਾਰੇ ਪਤਾ ਕਰਨ ਲਈ ਮੈਂ ਇਕ ਬਜ਼ੁਰਗ ਕੋਲ ਗਿਆ ਜੋ ਜਾਦੂ-ਟੂਣਾ ਕਰਨ ਲਈ ਮਸ਼ਹੂਰ ਸੀ। ਉਸ ਨੇ ਕਿਹਾ ਕਿ ਮੇਰਾ ਸ਼ੱਕ ਸਹੀ ਸੀ। ਪਰ ਇੰਨਾ ਹੀ ਨਹੀਂ, ਉਸ ਨੇ ਮੈਨੂੰ ਇਹ ਵੀ ਦੱਸਿਆ ਕਿ ਮੇਰੇ ਮਰੇ ਹੋਏ ਮੁੰਡੇ ਆਪਣੇ ਹੀ ਕਾਤਲ ਦੀ ਉਡੀਕ ਵਿਚ ਸਨ। ਉਸ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਕਾਤਲ ਦੀ ਮੌਤ ਤੇ ਉਹ ਉਸ ਦੇ ਸੇਵਕ ਬਣਨਗੇ। ਫਿਰ ਉਸ ਨੇ ਦੱਸਿਆ ਕਿ ਮੇਰੇ ਤੀਜੇ ਮੁੰਡੇ ਦਾ ਵੀ ਉਹੀ ਹਸ਼ਰ ਹੋਣ ਵਾਲਾ ਸੀ। ਕੁਝ ਹੀ ਦਿਨ ਬਾਅਦ ਉਹ ਵੀ ਮਰ ਗਿਆ।”
ਫਿਰ ਆਗਬੂਲਾ ਜੌਨ ਨੂੰ ਮਿਲਿਆ ਜੋ ਨਾਈਜੀਰੀਆ ਤੋਂ ਯਹੋਵਾਹ ਦਾ ਇਕ ਗਵਾਹ ਸੀ। ਜੌਨ ਨੇ ਬਾਈਬਲ ਵਿੱਚੋਂ ਦਿਖਾਇਆ ਕਿ ਮੁਰਦਿਆਂ ਦੀ ਅਸਲੀ ਹਾਲਤ ਕੀ ਹੈ। ਇਸ ਗਿਆਨ ਨੇ ਆਗਬੂਲਾ ਦੀ ਜ਼ਿੰਦਗੀ ਨੂੰ ਬਦਲ ਦਿੱਤਾ। ਇਹੀ ਗਿਆਨ ਤੁਹਾਡੀ ਜ਼ਿੰਦਗੀ ਨੂੰ ਵੀ ਬਦਲ ਸਕਦਾ ਹੈ।
ਮਰਨ ਤੋਂ ਬਾਅਦ ਕੀ ਹੁੰਦਾ ਹੈ?
ਇਸ ਸਵਾਲ ਦਾ ਸਹੀ ਜਵਾਬ ਕੌਣ ਦੇ ਸਕਦਾ ਹੈ? ਕੋਈ ਇਨਸਾਨ ਨਹੀਂ, ਸਗੋਂ ਯਹੋਵਾਹ ਦੇ ਸਕਦਾ ਹੈ ਕਿਉਂਕਿ ਉਹ ਜੀਵਨ-ਦਾਤਾ ਹੈ ਅਤੇ ਉਸ ਨੇ “ਅਕਾਸ਼ ਅਤੇ ਧਰਤੀ ਉਤਲੀਆਂ ਸਭ ਦੇਖੀਆਂ ਅਤੇ ਅਣਦੇਖੀਆਂ ਚੀਜ਼ਾਂ ਦੀ ਰਚਨਾ ਕੀਤੀ ਸੀ।” (ਕੁਲੁੱਸੀਆਂ 1:16) ਉਸ ਨੇ ਸਵਰਗ ਵਿਚ ਰਹਿਣ ਲਈ ਦੂਤ ਅਤੇ ਧਰਤੀ ਉੱਤੇ ਰਹਿਣ ਲਈ ਇਨਸਾਨ ਅਤੇ ਜਾਨਵਰਾਂ ਨੂੰ ਬਣਾਇਆ ਸੀ। (ਇਬਰਾਨੀਆਂ 1:7; ਜ਼ਬੂਰਾਂ ਦੀ ਪੋਥੀ 104:23, 24) ਉਸੇ ਕਰਕੇ ਹੀ ਅਸੀਂ ਸਾਰੇ ਜੀਉਂਦੇ ਹਾਂ। (ਪਰਕਾਸ਼ ਦੀ ਪੋਥੀ 4:11) ਤਾਂ ਫਿਰ ਆਓ ਆਪਾਂ ਦੇਖੀਏ ਕਿ ਪਰਮੇਸ਼ੁਰ ਦਾ ਬਚਨ ਮੌਤ ਬਾਰੇ ਕੀ ਕਹਿੰਦਾ ਹੈ।
ਯਹੋਵਾਹ ਹੀ ਸੀ ਜਿਸ ਨੇ ਪਹਿਲੀ ਵਾਰ ਮੌਤ ਦਾ ਜ਼ਿਕਰ ਕੀਤਾ ਸੀ। ਉਸ ਨੇ ਆਦਮ ਅਤੇ ਹੱਵਾਹ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਹ ਉਸ ਦਾ ਕਹਿਣਾ ਨਾ ਮੰਨਦੇ, ਤਾਂ ਉਨ੍ਹਾਂ ਨੇ ਮਰ ਜਾਣਾ ਸੀ। (ਉਤਪਤ 2:17) ਇਸ ਦਾ ਕੀ ਮਤਲਬ ਸੀ? ਆਦਮ ਨਾਲ ਗੱਲ ਕਰਦੇ ਹੋਏ ਯਹੋਵਾਹ ਨੇ ਸਮਝਾਇਆ: “ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।” (ਉਤਪਤ 3:19) ਆਖ਼ਰੀ ਸਾਹ ਲੈਣ ਨਾਲ ਸਾਡੀ ਜ਼ਿੰਦਗੀ ਖ਼ਤਮ ਹੋ ਜਾਂਦੀ ਹੈ ਤੇ ਅਸੀਂ ਮਿੱਟੀ ਵਿਚ ਰਲ ਜਾਂਦੇ ਹਾਂ।
ਆਦਮ ਤੇ ਹੱਵਾਹ ਨੇ ਜਾਣ-ਬੁੱਝ ਕੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ ਜਿਸ ਕਾਰਨ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਪਰ ਆਦਮ ਤੇ ਹੱਵਾਹ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਦੇ ਮੁੰਡੇ ਹਾਬਲ ਦੀ ਮੌਤ ਹੋਈ ਜਦ ਉਨ੍ਹਾਂ ਦੇ ਵੱਡੇ ਮੁੰਡੇ ਕਇਨ ਨੇ ਉਸ ਦਾ ਕਤਲ ਕੀਤਾ। (ਉਤਪਤ 4:8) ਕਇਨ ਨੂੰ ਇਸ ਗੱਲ ਦਾ ਡਰ ਨਹੀਂ ਸੀ ਕਿ ਉਸ ਦਾ ਮਰਿਆ ਹੋਇਆ ਭਰਾ ਉਸ ਨੂੰ ਕੀ ਕਰ ਸਕੇਗਾ। ਇਸ ਦੀ ਬਜਾਇ ਉਸ ਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਜੀਉਂਦੇ ਉਸ ਦਾ ਕੀ ਕਰਨਗੇ।—ਉਤਪਤ 4:10-16.
ਆਓ ਆਪਾਂ ਦੇਖੀਏ ਕਿ ਇਸ ਤੋਂ ਕਈ ਸਦੀਆਂ ਬਾਅਦ ਕੀ ਹੋਇਆ ਸੀ। ਪਹਿਲੀ ਸਦੀ ਵਿਚ ਰਾਜਾ ਹੇਰੋਦੇਸ ਗੁੱਸੇ ਹੋਇਆ ਜਦ ਜੋਤਸ਼ੀਆਂ ਨੇ ਉਸ ਨੂੰ ਦੱਸਿਆ ਕਿ ‘ਯਹੂਦੀਆਂ ਦੇ ਪਾਤਸ਼ਾਹ’ ਦਾ ਜਨਮ ਉਸ ਦੇ ਇਲਾਕਾ ਵਿਚ ਹੋਇਆ ਸੀ। ਹੇਰੋਦੇਸ ਨੇ ਠਾਣ ਲਿਆ ਕਿ ਉਹ ਇਸ ਪਾਤਸ਼ਾਹ ਨੂੰ ਮਾਰ ਦੇਵੇਗਾ। ਇਸ ਲਈ ਉਸ ਨੇ ਸਾਜ਼ਸ਼ ਘੜੀ ਕਿ ਬੈਤਲਹਮ ਵਿਚ ਉਨ੍ਹਾਂ ਸਾਰਿਆਂ ਮੁੰਡਿਆਂ ਨੂੰ ਮਾਰਿਆ ਜਾਵੇ ਜੋ ਦੋ ਸਾਲਾਂ ਜਾਂ ਇਸ ਤੋਂ ਘੱਟ ਉਮਰ ਦੇ ਸਨ। ਪਰ ਇਕ ਦੂਤ ਨੇ ਯੂਸੁਫ਼ ਨੂੰ ਚੇਤਾਵਨੀ ਦਿੱਤੀ ਕਿ ਉਹ ਯਿਸੂ ਅਤੇ ਮਰਿਯਮ ਨੂੰ ਲੈ ਕੇ “ਮਿਸਰ ਦੇਸ ਨੂੰ ਭੱਜ” ਜਾਵੇ।—ਮੱਤੀ 2:1-16.
ਫਿਰ ਜਦ ਹੇਰੋਦੇਸ ਦੀ ਮੌਤ ਹੋਈ, ਤਾਂ ਦੂਤ ਨੇ ਯੂਸੁਫ਼ ਨੂੰ ਇਸਰਾਏਲ ਵਾਪਸ ਜਾਣ ਲਈ ਕਿਹਾ ਕਿਉਂਕਿ “ਜਿਹੜੇ ਬਾਲਕ ਦੇ ਪ੍ਰਾਣਾਂ ਦੇ ਵੈਰੀ ਸਨ ਓਹ ਮਰ ਗਏ” ਸਨ। (ਮੱਤੀ 2:19, 20) ਇਸ ਦੂਤ ਨੂੰ ਪਤਾ ਸੀ ਕਿ ਹੇਰੋਦੇਸ ਹੁਣ ਯਿਸੂ ਦਾ ਕੁਝ ਨਹੀਂ ਵਿਗਾੜ ਸਕੇਗਾ। ਯੂਸੁਫ਼ ਕੋਲ ਮਰੇ ਹੋਏ ਰਾਜੇ ਤੋਂ ਡਰਨ ਦਾ ਕੋਈ ਕਾਰਨ ਨਹੀਂ ਸੀ। ਪਰ ਉਸ ਨੂੰ ਇਸ ਗੱਲ ਦਾ ਡਰ ਸੀ ਕਿ ਨਵਾਂ ਜ਼ਾਲਮ ਰਾਜਾ, ਹੇਰੋਦੇਸ ਦਾ ਪੁੱਤਰ ਅਰਕਿਲਾਊਸ, ਕੀ ਕਰ ਸਕਦਾ ਸੀ। ਇਸ ਲਈ ਯੂਸੁਫ਼ ਆਪਣੇ ਪਰਿਵਾਰ ਨਾਲ ਗਲੀਲ ਵਿਚ ਰਹਿਣ ਚਲੇ ਗਿਆ ਜੋ ਅਰਕਿਲਾਊਸ ਦੇ ਇਲਾਕੇ ਤੋਂ ਬਾਹਰ ਸੀ।—ਮੱਤੀ 2:22.
ਬਾਈਬਲ ਦੇ ਇਨ੍ਹਾਂ ਬਿਰਤਾਂਤਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਮੁਰਦੇ ਸਾਡਾ ਕੁਝ ਨਹੀਂ ਵਿਗਾੜ ਸਕਦੇ। ਤਾਂ ਫਿਰ ਜੋ ਆਗਬੂਲਾ ਅਤੇ ਹੋਰਨਾਂ ਨਾਲ ਬੀਤਿਆ ਹੈ, ਉਹ ਕਿੱਦਾਂ ਸਮਝਾਇਆ ਜਾ ਸਕਦਾ ਹੈ?
ਬੁਰੇ ਦੂਤ
ਵੱਡਾ ਹੋ ਕੇ ਯਿਸੂ ਨੇ ਬੁਰੇ ਦੂਤਾਂ ਦਾ ਸਾਮ੍ਹਣਾ ਕੀਤਾ ਸੀ। ਇਹ ਬੁਰੇ ਦੂਤ ਜਾਣਦੇ ਸਨ ਕਿ ਯਿਸੂ ਕੌਣ ਹੈ ਜਿਸ ਕਰਕੇ ਉਨ੍ਹਾਂ ਨੇ ਉਸ ਨੂੰ ‘ਪਰਮੇਸ਼ੁਰ ਦਾ ਪੁੱਤ੍ਰ’ ਕਿਹਾ। (ਮੱਤੀ 8:29) ਯਿਸੂ ਵੀ ਜਾਣਦਾ ਸੀ ਕਿ ਉਹ ਕੌਣ ਹਨ। ਉਸ ਨੂੰ ਪਤਾ ਸੀ ਕਿ ਉਹ ਭੂਤ ਨਹੀਂ, ਸਗੋਂ ਬੁਰੇ ਦੂਤ ਸਨ।
ਬਾਈਬਲ ਉਨ੍ਹਾਂ ਦੂਤਾਂ ਦਾ ਜ਼ਿਕਰ ਕਰਦੀ ਹੈ ਜੋ ਪਰਮੇਸ਼ੁਰ ਦੇ ਵਫ਼ਾਦਾਰ ਹਨ ਅਤੇ ਉਨ੍ਹਾਂ ਬੁਰੇ ਦੂਤਾਂ ਦਾ ਵੀ ਜੋ ਉਸ ਦੇ ਖ਼ਿਲਾਫ਼ ਹਨ। ਉਤਪਤ ਦੀ ਕਿਤਾਬ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਦ ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਅਦਨ ਦੇ ਬਾਗ਼ ਵਿੱਚੋਂ ਬਾਹਰ ਕੱਢਿਆ ਸੀ, ਤਾਂ ਉਸ ਨੇ ਅਦਨ ਦੇ ਪੂਰਬ ਵੱਲ ਦੂਤਾਂ ਨੂੰ ਖੜ੍ਹਾ ਕੀਤਾ ਸੀ ਤਾਂਕਿ ਕੋਈ ਵੀ ਉਸ ਵਿਚ ਵੜ ਨਾ ਸਕੇ। (ਉਤਪਤ 3:24) ਹੋ ਸਕਦਾ ਹੈ ਕਿ ਇਹ ਪਹਿਲੀ ਵਾਰ ਸੀ ਕਿ ਦੂਤ ਇਨਸਾਨਾਂ ਨੂੰ ਨਜ਼ਰ ਆਏ।
ਯਹੂਦਾਹ 6) ਉਹ ਆਪਣੇ ਹੀ ਬਾਰੇ ਸੋਚ ਰਹੇ ਸਨ। ਉਨ੍ਹਾਂ ਨੇ ਵਿਆਹ ਕੀਤੇ ਅਤੇ ਜਦ ਉਨ੍ਹਾਂ ਦੇ ਬੱਚੇ ਪੈਦਾ ਹੋਏ, ਤਾਂ ਉਹ ਵੱਡੇ ਹੋ ਕੇ ਦੈਂਤ ਬਣੇ। ਇਹ ਦੈਂਤ ਅਤੇ ਸਵਰਗੋਂ ਆਏ ਉਨ੍ਹਾਂ ਦੇ ਪਿਤਾ ਇੰਨੇ ਖ਼ਰਾਬ ਸਨ ਕਿ ਉਨ੍ਹਾਂ ਨੇ ਸਾਰੀ ਧਰਤੀ ਨੂੰ ਬੁਰਾਈ ਤੇ ਜ਼ੁਲਮ ਨਾਲ ਭਰ ਦਿੱਤਾ। (ਉਤਪਤ 6:1-5) ਯਹੋਵਾਹ ਨੇ ਨੂਹ ਦੇ ਜ਼ਮਾਨੇ ਵਿਚ ਜਲ-ਪਰਲੋ ਲਿਆ ਕੇ ਬੁਰਾਈ ਨੂੰ ਖ਼ਤਮ ਕੀਤਾ। ਇਸ ਹੜ੍ਹ ਨੇ ਸਾਰੇ ਬੁਰੇ ਇਨਸਾਨਾਂ ਅਤੇ ਦੈਂਤਾਂ ਨੂੰ ਮਾਰ ਮੁਕਾਇਆ। ਪਰ ਉਨ੍ਹਾਂ ਦੂਤਾਂ ਦਾ ਕੀ ਹੋਇਆ?
ਕੁਝ ਸਮੇਂ ਬਾਅਦ ਕਈ ਦੂਤ ਦੇਹ ਧਾਰ ਕੇ ਧਰਤੀ ਉੱਤੇ ਆਏ। ਇਹ ਦੂਤ ਯਹੋਵਾਹ ਵੱਲੋਂ ਨਹੀਂ ਸੀ ਭੇਜੇ ਗਏ। ਇਸ ਦੀ ਬਜਾਇ ਉਨ੍ਹਾਂ ਨੇ ਸਵਰਗ ਵਿਚ “ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ” ਸੀ। (ਜਲ-ਪਰਲੋ ਕਾਰਨ ਉਨ੍ਹਾਂ ਨੂੰ ਮਜਬੂਰਨ ਸਵਰਗ ਵਾਪਸ ਜਾਣਾ ਪਿਆ। ਪਰ ਯਹੋਵਾਹ ਨੇ ਉਨ੍ਹਾਂ ਨੂੰ ‘ਆਪਣੀ ਪਹਿਲੀ ਪਦਵੀ’ ’ਤੇ ਮੁੜਨ ਨਾ ਦਿੱਤਾ। (ਯਹੂਦਾਹ 6) ਬਾਈਬਲ ਕਹਿੰਦੀ ਹੈ ਕਿ “ਪਰਮੇਸ਼ੁਰ ਨੇ ਦੂਤਾਂ ਨੂੰ ਜਿਸ ਵੇਲੇ ਉਨ੍ਹਾਂ ਪਾਪ ਕੀਤਾ ਨਾ ਛੱਡਿਆ ਸਗੋਂ ਓਹਨਾਂ ਨੂੰ . . . ਅੰਧਕੂਪਾਂ ਵਿੱਚ ਪਾ ਦਿੱਤਾ ਭਈ ਨਿਆਉਂ ਦੇ ਲਈ ਕਾਬੂ ਰਹਿਣ।”—2 ਪਤਰਸ 2:4.
ਜਦ ਦੁਸ਼ਟ ਦੂਤ ਸਵਰਗ ਵਾਪਸ ਗਏ ਸਨ, ਤਾਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੇ ਪਰਿਵਾਰ ਵਿਚ ਸ਼ਾਮਲ ਨਹੀਂ ਕੀਤਾ। ਉਸ ਨੇ ਉਨ੍ਹਾਂ ਨਾਲੋਂ ਆਪਣਾ ਨਾਤਾ ਤੋੜ ਦਿੱਤਾ ਅਤੇ ਉਨ੍ਹਾਂ ਦੇ ਕੰਮਾਂ ਉੱਤੇ ਪਾਬੰਦੀ ਲਾਈ। ਉਹ ਹੁਣ ਇਨਸਾਨਾਂ ਦਾ ਰੂਪ ਕਦੇ ਨਹੀਂ ਧਾਰ ਸਕਦੇ। ਪਰ ਉਨ੍ਹਾਂ ਕੋਲ ਹਾਲੇ ਵੀ ਬਹੁਤ ਸ਼ਕਤੀ ਹੈ। ਉਹ ਇਨਸਾਨਾਂ ਅਤੇ ਜਾਨਵਰਾਂ ਨੂੰ ਆਪਣੇ ਵੱਸ ਵਿਚ ਕਰ ਸਕਦੇ ਹਨ। (ਮੱਤੀ 12:43-45; ਲੂਕਾ 8:27-33) ਉਹ ਮਰੇ ਹੋਏ ਲੋਕਾਂ ਦੇ ਭੂਤ ਬਣਨ ਦਾ ਪਖੰਡ ਕਰ ਕੇ ਲੋਕਾਂ ਨੂੰ ਧੋਖਾ ਦਿੰਦੇ ਹਨ। ਕਿਉਂ? ਕਿਉਂਕਿ ਉਹ ਨਹੀਂ ਚਾਹੁੰਦੇ ਕਿ ਲੋਕ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨ ਅਤੇ ਉਹ ਲੋਕਾਂ ਨੂੰ ਭੁਲੇਖੇ ਵਿਚ ਪਾਉਣਾ ਚਾਹੁੰਦੇ ਹਨ ਕਿ ਮੁਰਦਿਆਂ ਦੀ ਅਸਲੀ ਹਾਲਤ ਕੀ ਹੈ।
ਡਰਨ ਦੀ ਕੋਈ ਲੋੜ ਨਹੀਂ
ਆਗਬੂਲਾ ਨੂੰ ਬਾਈਬਲ ਦੀਆਂ ਗੱਲਾਂ ਚੰਗੀਆਂ ਲੱਗੀਆਂ। ਉਸ ਨੇ ਮੌਤ ਬਾਰੇ ਸੱਚਾਈ ਜਾਣੀ ਅਤੇ ਇਹ ਵੀ ਕਿ ਬੁਰੇ ਦੂਤ ਹੀ ਹਨ ਜੋ ਭੂਤ ਬਣਨ ਦਾ ਨਾਟਕ ਕਰਦੇ ਹਨ। ਪਰ ਉਸ ਨੂੰ ਪਤਾ ਸੀ ਕਿ ਉਸ ਨੂੰ ਹੋਰ ਵੀ ਸਿੱਖਣ ਦੀ ਲੋੜ ਸੀ। ਇਸ ਲਈ ਉਸ ਨੇ ਜੌਨ ਨਾਲ ਬੈਠ ਕੇ ਬਾਈਬਲ ਸਟੱਡੀ ਕੀਤੀ। ਆਗਬੂਲਾ ਨੂੰ ਇਹ ਸਿੱਖ ਕੇ ਬਹੁਤ ਦਿਲਾਸਾ ਮਿਲਿਆ ਕਿ ਉਸ ਦੇ ਮੁੰਡੇ ਆਪਣੇ ਕਾਤਲ ਦੀ ਸੇਵਾ ਕਰਨ ਦੀ ਉਡੀਕ ਵਿਚ ਨਹੀਂ ਸਨ, ਸਗੋਂ ਮੌਤ ਦੀ ਗੂੜ੍ਹੀ ਨੀਂਦ ਸੁੱਤੇ ਸਨ।—ਯੂਹੰਨਾ 11:11-13.
ਆਗਬੂਲਾ ਨੂੰ ਇਸ ਗੱਲ ਦਾ ਵੀ ਅਹਿਸਾਸ ਹੋਇਆ ਕਿ ਉਸ ਨੂੰ ਜਾਦੂ-ਟੂਣੇ ਨਾਲ ਸੰਬੰਧਿਤ ਹਰ ਚੀਜ਼ ਤੋਂ ਦੂਰ ਰਹਿਣ ਦੀ ਲੋੜ ਸੀ। ਇਸ ਲਈ ਉਸ ਨੇ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਸਾੜ ਦਿੱਤਾ ਜੋ ਜਾਦੂ-ਟੂਣੇ ਨਾਲ ਸੰਬੰਧ ਰੱਖਦੀਆਂ ਸਨ। (ਰਸੂਲਾਂ ਦੇ ਕਰਤੱਬ 19:19) ਕਈਆਂ ਨੇ ਉਸ ਨੂੰ ਚੇਤਾਵਨੀ ਦਿੱਤੀ ਕਿ ਭੂਤਾਂ ਨੇ ਉਸ ਦਾ ਪਿੱਛਾ ਨਹੀਂ ਸੀ ਛੱਡਣਾ। ਪਰ ਆਗਬੂਲਾ ਨੂੰ ਇਸ ਦਾ ਡਰ ਨਹੀਂ ਸੀ। ਉਹ ਅਫ਼ਸੀਆਂ 6:11, 12 ਦੀ ਸਲਾਹ ਉੱਤੇ ਚੱਲਿਆ: “ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰੋ . . . ਕਿਉਂ ਜੋ ਸਾਡੀ ਲੜਾਈ” ਬੁਰੇ ਦੂਤਾਂ ਨਾਲ ਹੈ। ਇਸ ਸ਼ਸਤਰ-ਬਸਤਰ ਵਿਚ ਸੱਚਾਈ, ਧਰਮ, ਸ਼ਾਂਤੀ ਦੀ ਖ਼ੁਸ਼ ਖ਼ਬਰੀ, ਨਿਹਚਾ ਅਤੇ ਪਰਮੇਸ਼ੁਰ ਦਾ ਬਚਨ ਸ਼ਾਮਲ ਹੈ। ਇਹ ਪਰਮੇਸ਼ੁਰ ਵੱਲੋਂ ਹੈ ਅਤੇ ਸਾਡੀ ਰਾਖੀ ਕਰਦਾ ਹੈ।
ਜਦ ਆਗਬੂਲਾ ਨੇ ਜਾਦੂ-ਟੂਣੇ ਨਾਲ ਸੰਬੰਧ ਰੱਖਣ ਵਾਲੀਆਂ ਰੀਤਾਂ-ਰਸਮਾਂ ਪੂਰੀਆਂ ਕਰਨੀਆਂ ਛੱਡ ਦਿੱਤੀਆਂ, ਤਾਂ ਉਸ ਦੇ ਕੁਝ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਉਸ ਨਾਲੋਂ ਨਾਤਾ ਤੋੜ ਲਿਆ। ਪਰ ਉਸ ਨੇ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਵਿਚ ਨਵੇਂ ਦੋਸਤ ਬਣਾਏ ਜੋ ਉਸ ਵਾਂਗ ਬਾਈਬਲ ਦੀਆਂ ਸਿੱਖਿਆਵਾਂ ਨੂੰ ਮੰਨਦੇ ਸਨ।
ਆਗਬੂਲਾ ਜਾਣਦਾ ਹੈ ਕਿ ਯਹੋਵਾਹ ਬਹੁਤ ਜਲਦੀ ਧਰਤੀ ਤੋਂ ਬੁਰਾਈ ਨੂੰ ਖ਼ਤਮ ਕਰੇਗਾ। ਉਹ ਇਹ ਵੀ ਜਾਣਦਾ ਹੈ ਕਿ ਪਰਮੇਸ਼ੁਰ ਬੁਰੇ ਦੂਤਾਂ ਨੂੰ ਕੈਦ ਕਰੇਗਾ ਤੇ ਫਿਰ ਉਨ੍ਹਾਂ ਦਾ ਹਮੇਸ਼ਾ ਲਈ ਨਾਸ਼ ਕਰੇਗਾ। (ਪਰਕਾਸ਼ ਦੀ ਪੋਥੀ 20:1, 2, 10) ਪਰਮੇਸ਼ੁਰ ਦਾ ਇਹ ਵੀ ਵਾਅਦਾ ਹੈ ਕਿ ਉਹ ਧਰਤੀ ਉੱਤੇ ਉਨ੍ਹਾਂ ਲੋਕਾਂ ਨੂੰ ਜੀਉਂਦਾ ਕਰੇਗਾ ਜੋ ਮਰ ਚੁੱਕੇ ਹਨ। ਇਸ ਵਿਚ “ਓਹ ਸਭ ਜਿਹੜੇ ਕਬਰਾਂ ਵਿੱਚ ਹਨ” ਸ਼ਾਮਲ ਹਨ। (ਯੂਹੰਨਾ 5:28, 29) ਇਸ ਵਿਚ ਹਾਬਲ, ਉਹ ਬੇਕਸੂਰ ਬੱਚੇ ਜਿਨ੍ਹਾਂ ਦਾ ਹੇਰੋਦੇਸ ਨੇ ਕਤਲ ਕੀਤਾ ਸੀ ਅਤੇ ਲੱਖਾਂ ਹੋਰ ਲੋਕ ਸ਼ਾਮਲ ਹੋਣਗੇ। ਆਗਬੂਲਾ ਨੂੰ ਪੂਰਾ ਵਿਸ਼ਵਾਸ ਹੈ ਕਿ ਉਸ ਦੇ ਤਿੰਨ ਮੁੰਡੇ ਵੀ ਜੀਉਂਦੇ ਕੀਤੇ ਜਾਣਗੇ। ਤੁਹਾਡੇ ਮਰੇ ਹੋਏ ਅਜ਼ੀਜ਼ ਵੀ ਇਨ੍ਹਾਂ ਵਿਚ ਸ਼ਾਮਲ ਹੋ ਸਕਦੇ ਹਨ। ਜਦ ਇਨ੍ਹਾਂ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ, ਤਾਂ ਉਹ ਇਹੀ ਦੱਸਣਗੇ ਕਿ ਉਹ ਮੌਤ ਦੀ ਨੀਂਦ ਵਿਚ ਸੁੱਤੇ ਪਏ ਸਨ। ਉਹ ਉਨ੍ਹਾਂ ਲਈ ਕੀਤੀਆਂ ਕੋਈ ਵੀ ਰੀਤਾਂ-ਰਸਮਾਂ ਤੋਂ ਬਿਲਕੁਲ ਅਣਜਾਣ ਸਨ।
ਤੁਹਾਨੂੰ ਮੁਰਦਿਆਂ ਤੋਂ ਡਰਨ ਦੀ ਕੋਈ ਲੋੜ ਨਹੀਂ। ਇਸ ਦੀ ਬਜਾਇ ਤੁਸੀਂ ਆਪਣੇ ਮਰੇ ਹੋਏ ਅਜ਼ੀਜ਼ਾਂ ਨੂੰ ਫਿਰ ਤੋਂ ਮਿਲਣ ਦੀ ਉਮੀਦ ਰੱਖ ਸਕਦੇ ਹੋ। ਕਿਉਂ ਨਾ ਹੁਣ ਆਪਣੀ ਨਿਹਚਾ ਮਜ਼ਬੂਤ ਕਰਨ ਲਈ ਬਾਈਬਲ ਦੀ ਸਟੱਡੀ ਕਰੋ? ਉਨ੍ਹਾਂ ਨਾਲ ਮਿਲੋ ਜੋ ਬਾਈਬਲ ਦੀਆਂ ਸਿੱਖਿਆਵਾਂ ਨੂੰ ਮੰਨਦੇ ਹਨ। ਜੇ ਤੁਸੀਂ ਥੋੜ੍ਹਾ-ਬਹੁਤਾ ਵੀ ਜਾਦੂ-ਟੂਣੇ ਵਿਚ ਹਿੱਸਾ ਲੈਂਦੇ ਹੋ, ਤਾਂ ਫ਼ੌਰਨ ਰੁਕ ਜਾਓ! “ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ” ਪਹਿਨ ਕੇ ਬੁਰੇ ਦੂਤਾਂ ਤੋਂ ਆਪਣੀ ਰਾਖੀ ਕਰੋ। (ਅਫ਼ਸੀਆਂ 6:11) ਯਹੋਵਾਹ ਦੇ ਗਵਾਹ ਤੁਹਾਡੀ ਮਦਦ ਕਰ ਕੇ ਖ਼ੁਸ਼ ਹੋਣਗੇ। ਉਹ ਤੁਹਾਡੇ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੜ੍ਹਨਗੇ। *
ਆਗਬੂਲਾ ਹੁਣ ਮਰਦਿਆਂ ਤੋਂ ਨਹੀਂ ਡਰਦਾ ਅਤੇ ਉਸ ਨੇ ਬੁਰੇ ਦੂਤਾਂ ਦਾ ਸਾਮ੍ਹਣਾ ਕਰਨਾ ਸਿੱਖ ਲਿਆ ਹੈ। ਉਹ ਕਹਿੰਦਾ ਹੈ: “ਮੈਂ ਇਹ ਤਾਂ ਨਹੀਂ ਜਾਣਦਾ ਕਿ ਮੇਰੇ ਤਿੰਨਾਂ ਮੁੰਡਿਆਂ ਨੂੰ ਕਿਹਨੇ ਮਾਰਿਆ। ਪਰ ਜਦੋਂ ਦਾ ਮੈਂ ਯਹੋਵਾਹ ਦੀ ਸੇਵਾ ਕਰਨ ਲੱਗਿਆਂ ਹਾਂ, ਤਾਂ ਮੇਰੇ ਸੱਤ ਹੋਰ ਬੱਚੇ ਪੈਦਾ ਹੋਏ ਹਨ। ਕਿਸੇ ਵੀ ਭੂਤ ਨੇ ਉਨ੍ਹਾਂ ਦਾ ਕੁਝ ਨਹੀਂ ਵਿਗਾੜਿਆ।” (w09 1/1)
[ਫੁਟਨੋਟ]
^ ਪੈਰਾ 25 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।