ਕੀ ਕੁਦਰਤੀ ਆਫ਼ਤਾਂ ਰਾਹੀਂ ਪਰਮੇਸ਼ੁਰ ਲੋਕਾਂ ਨੂੰ ਸਜ਼ਾ ਦਿੰਦਾ ਹੈ?
ਪਾਠਕਾਂ ਦੇ ਸਵਾਲ
ਕੀ ਕੁਦਰਤੀ ਆਫ਼ਤਾਂ ਰਾਹੀਂ ਪਰਮੇਸ਼ੁਰ ਲੋਕਾਂ ਨੂੰ ਸਜ਼ਾ ਦਿੰਦਾ ਹੈ?
ਪਰਮੇਸ਼ੁਰ ਕੁਦਰਤੀ ਆਫ਼ਤਾਂ ਲਿਆ ਕੇ ਮਾਸੂਮ ਲੋਕਾਂ ਨੂੰ ਸਜ਼ਾ ਨਹੀਂ ਦਿੰਦਾ ਹੈ। ਉਸ ਨੇ ਅਤੀਤ ਵਿਚ ਨਾ ਕਦੇ ਇੱਦਾਂ ਕੀਤਾ ਹੈ ਤੇ ਨਾ ਹੀ ਉਹ ਅੱਜ ਇੱਦਾਂ ਕਰਦਾ ਹੈ। ਕਿਉਂ? ਕਿਉਂਕਿ ਬਾਈਬਲ 1 ਯੂਹੰਨਾ 4:8 ਵਿਚ ਕਹਿੰਦੀ ਹੈ ਕਿ “ਪਰਮੇਸ਼ੁਰ ਪ੍ਰੇਮ ਹੈ।”
ਪਰਮੇਸ਼ੁਰ ਦੇ ਹਰ ਕੰਮ ਤੋਂ ਉਸ ਦਾ ਪਿਆਰ ਝਲਕਦਾ ਹੈ। ਪਿਆਰ ਕਰਨ ਵਾਲਾ ਵਿਅਕਤੀ ਕਦੇ ਵੀ ਬੇਗੁਨਾਹਾਂ ਦਾ ਨੁਕਸਾਨ ਨਹੀਂ ਕਰਦਾ ਕਿਉਂਕਿ ਬਾਈਬਲ ਵਿਚ ਲਿਖਿਆ ਹੈ: “ਪਿਆਰ ਗੁਆਂਢੀ ਦਾ ਕੁਝ ਬੁਰਾ ਨਹੀਂ ਕਰਦਾ।” (ਰੋਮੀਆਂ 13:10) ਅੱਯੂਬ 34:12 ਵਿਚ ਬਾਈਬਲ ਕਹਿੰਦੀ ਹੈ: “ਪਰਮੇਸ਼ਰ ਬੁਰਾਈ ਨਹੀਂ ਕਰਦਾ।”—ਅੱਯੂਬ 34:12, CL.
ਇਹ ਸੱਚ ਹੈ ਕਿ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਸਾਡੇ ਦਿਨਾਂ ਵਿਚ “ਵੱਡੇ ਭੁਚਾਲ” ਅਤੇ ਹੋਰ ਆਫ਼ਤਾਂ ਆਉਣਗੀਆਂ। (ਲੂਕਾ 21:11) ਪਰ ਇਸ ਦਾ ਇਹ ਮਤਲਬ ਨਹੀਂ ਕਿ ਕੁਦਰਤੀ ਆਫ਼ਤਾਂ ਦੇ ਭਿਆਨਕ ਨਤੀਜਿਆਂ ਲਈ ਯਹੋਵਾਹ ਪਰਮੇਸ਼ੁਰ ਜ਼ਿੰਮੇਵਾਰ ਹੈ। ਮਿਸਾਲ ਲਈ, ਅਸੀਂ ਤੂਫ਼ਾਨ ਦੀ ਚੇਤਾਵਨੀ ਦੇਣ ਵਾਲੇ ਮੌਸਮ ਵਿਭਾਗ ਦੇ ਕਰਮਚਾਰੀ ਨੂੰ ਤੂਫ਼ਾਨ ਦੁਆਰਾ ਮਚਾਈ ਗਈ ਤਬਾਹੀ ਲਈ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਪਰ ਜੇ ਪਰਮੇਸ਼ੁਰ ਮਨੁੱਖਾਂ ਦੇ ਦੁੱਖਾਂ ਲਈ ਜ਼ਿੰਮੇਵਾਰ ਨਹੀਂ ਹੈ, ਤਾਂ ਫਿਰ ਇਨ੍ਹਾਂ ਪਿੱਛੇ ਕਿਸ ਦਾ ਹੱਥ ਹੈ?
ਬਾਈਬਲ ਸਾਨੂੰ ਦੱਸਦੀ ਹੈ ਕਿ “ਸਾਰਾ ਸੰਸਾਰ ਉਸ ਦੁਸ਼ਟ [ਯਾਨੀ ਸ਼ਤਾਨ] ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਮਨੁੱਖੀ ਇਤਿਹਾਸ ਦੇ ਸ਼ੁਰੂ ਤੋਂ ਲੈ ਕੇ ਅੱਜ ਤਕ ਸ਼ਤਾਨ ਆਪਣੇ ਆਪ ਨੂੰ “ਮਨੁੱਖ ਘਾਤਕ” ਸਾਬਤ ਕਰਦਾ ਆਇਆ ਹੈ। (ਯੂਹੰਨਾ 8:44) ਉਸ ਦੀ ਨਜ਼ਰ ਵਿਚ ਇਨਸਾਨ ਦੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ। ਉਹ ਸਿਰਫ਼ ਆਪਣੇ ਸੁਆਰਥ ਲਈ ਕੰਮ ਕਰਦਾ ਹੈ। ਸੋ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਸ ਦੇ ਇਸ਼ਾਰਿਆਂ ’ਤੇ ਨੱਚਣ ਵਾਲੀ ਇਹ ਦੁਨੀਆਂ ਵੀ ਖ਼ੁਦਗਰਜ਼ ਹੈ। ਇਨਸਾਨ ਦੀ ਖ਼ੁਦਗਰਜ਼ੀ ਕਰਕੇ ਹੀ ਅੱਜ ਬਹੁਤ ਸਾਰੇ ਬੇਸਹਾਰਾ ਲੋਕਾਂ ਨੂੰ ਅਜਿਹੀਆਂ ਥਾਵਾਂ ਤੇ ਰਹਿਣਾ ਪੈਂਦਾ ਹੈ ਜਿੱਥੇ ਉਨ੍ਹਾਂ ਦੀ ਜ਼ਿੰਦਗੀ ਨੂੰ ਹਮੇਸ਼ਾ ਖ਼ਤਰਾ ਰਹਿੰਦਾ ਹੈ। ਇਹ ਖ਼ਤਰਾ ਕੁਦਰਤੀ ਆਫ਼ਤਾਂ ਕਰਕੇ ਹੋ ਸਕਦਾ ਹੈ ਜਾਂ ਇਹ ਇਨਸਾਨਾਂ ਦੁਆਰਾ ਪੈਦਾ ਕੀਤਾ ਹੋਇਆ ਖ਼ਤਰਾ ਹੋ ਸਕਦਾ ਹੈ। (ਅਫ਼ਸੀਆਂ 2:2; 1 ਯੂਹੰਨਾ 2:16) ਕੁਝ ਬਿਪਤਾਵਾਂ ਲਈ ਲਾਲਚੀ ਇਨਸਾਨ ਆਪ ਜ਼ਿੰਮੇਵਾਰ ਹੁੰਦੇ ਹਨ। (ਉਪਦੇਸ਼ਕ ਦੀ ਪੋਥੀ 8:9) ਉਹ ਕਿਵੇਂ?
ਇਹ ਸੱਚ ਹੈ ਕਿ ਤੇਜ਼ ਹਵਾਵਾਂ ਅਤੇ ਮੋਹਲੇਦਾਰ ਮੀਂਹ ਕੁਦਰਤੀ ਚੀਜ਼ਾਂ ਹਨ। ਪਰ ਕਈ ਆਫ਼ਤਾਂ ਇਨਸਾਨਾਂ ਦੀ ਆਪਣੀ ਗ਼ਲਤੀ ਕਰਕੇ ਆਉਂਦੀਆਂ ਹਨ। ਮਿਸਾਲ ਲਈ, ਤੂਫ਼ਾਨ ਅਤੇ ਹੜ੍ਹਾਂ ਨੇ ਅਮਰੀਕਾ ਦੇ ਨਿਊ ਓਰਲੀਨਜ਼ ਸ਼ਹਿਰ ਵਿਚ ਵੱਡੀ ਤਬਾਹੀ ਮਚਾਈ ਸੀ। ਇਸੇ ਤਰ੍ਹਾਂ, ਵੈਨੇਜ਼ੁਏਲਾ ਦੇ ਪਹਾੜੀ ਇਲਾਕਿਆਂ ਵਿਚ ਆਏ ਚਿੱਕੜ ਹੜ੍ਹਾਂ ਨੇ ਸੈਂਕੜੇ ਘਰ ਢਾਹ ਦਿੱਤੇ। ਇਨ੍ਹਾਂ ਦੋਨਾਂ ਮੌਕਿਆਂ ਤੇ ਅਤੇ ਹੋਰ ਮੌਕਿਆਂ ਤੇ ਇਨਸਾਨ ਦੀ ਆਪਣੀ ਗ਼ਲਤੀ ਕਰਕੇ ਹੀ ਜਾਨ-ਮਾਲ ਦਾ ਵੱਡਾ ਨੁਕਸਾਨ ਹੋਇਆ ਸੀ। ਉਹ ਕਿਵੇਂ? ਇਨਸਾਨਾਂ ਨੇ ਭੂ-ਖੇਤਰ ਦੀ ਬਣਤਰ ਵੱਲ ਧਿਆਨ ਨਹੀਂ ਦਿੱਤਾ, ਕੱਚੇ ਮਕਾਨ ਤੇ ਇਮਾਰਤਾਂ ਬਣਾਈਆਂ, ਸ਼ਹਿਰ ਦੀ ਗ਼ਲਤ ਪਲਾਨਿੰਗ ਕੀਤੀ ਅਤੇ ਚੇਤਾਵਨੀਆਂ ਵੱਲ ਧਿਆਨ ਨਹੀਂ ਦਿੱਤਾ। ਇਸ ਤੋਂ ਇਲਾਵਾ, ਸਰਕਾਰੀ ਅਧਿਕਾਰੀਆਂ ਦੇ ਗ਼ਲਤ ਫ਼ੈਸਲਿਆਂ ਨੇ ਕੰਮ ਹੋਰ ਵੀ ਵਿਗਾੜ ਦਿੱਤਾ ਸੀ।
ਯਿਸੂ ਦੇ ਜ਼ਮਾਨੇ ਵਿਚ ਵਾਪਰੀ ਇਕ ਘਟਨਾ ਬਾਰੇ ਸੋਚੋ। ਇਕ ਬੁਰਜ ਦੇ ਢਹਿ ਜਾਣ ਕਾਰਨ 18 ਜਾਨਾਂ ਚਲੀਆਂ ਗਈਆਂ ਸਨ। (ਲੂਕਾ 13:4) ਹੋ ਸਕਦਾ ਹੈ ਕਿ ਇਹ ਦੁਰਘਟਨਾ ਇਨਸਾਨਾਂ ਦੀ ਗ਼ਲਤੀ ਕਰਕੇ ਵਾਪਰੀ ਹੋਵੇ। ਸ਼ਾਇਦ ਉਨ੍ਹਾਂ ਨੇ ਬੁਰਜ ਨੂੰ ਸਹੀ ਤਰੀਕੇ ਨਾਲ ਨਹੀਂ ਬਣਾਇਆ ਸੀ। ਜਾਂ ਇਹ ਵੀ ਹੋ ਸਕਦਾ ਹੈ ਕਿ ਇਹ ਕੇਵਲ ਇਕ ਹਾਦਸਾ ਹੀ ਸੀ ਜਿਸ ਵਿਚ ਕਿਸੇ ਦੀ ਗ਼ਲਤੀ ਨਹੀਂ ਸੀ। ਉਪਦੇਸ਼ਕ 9:11 (CL) ਵਿਚ ਲਿਖਿਆ ਹੈ ਕਿ “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।” ਕਾਰਨ ਜੋ ਵੀ ਸੀ, ਪਰ ਇਕ ਗੱਲ ਪੱਕੀ ਹੈ। ਪਰਮੇਸ਼ੁਰ ਨੇ ਲੋਕਾਂ ਨੂੰ ਸਜ਼ਾ ਦੇਣ ਲਈ ਉਹ ਬੁਰਜ ਨਹੀਂ ਢਾਹਿਆ ਸੀ।
ਕੀ ਪਰਮੇਸ਼ੁਰ ਨੇ ਕਦੇ ਇਨਸਾਨਾਂ ਉੱਤੇ ਆਫ਼ਤਾਂ ਲਿਆਂਦੀਆਂ ਹਨ? ਹਾਂ, ਲੇਕਿਨ ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੁਆਰਾ ਲਿਆਂਦੀਆਂ ਆਫ਼ਤਾਂ ਕਈ ਤਰੀਕਿਆਂ ਨਾਲ ਕੁਦਰਤੀ ਆਫ਼ਤਾਂ ਜਾਂ ਮਨੁੱਖੀ ਆਫ਼ਤਾਂ ਤੋਂ ਵੱਖਰੀਆਂ ਸਨ। ਪਹਿਲੀ ਗੱਲ ਤਾਂ ਇਹ ਕਿ ਪਰਮੇਸ਼ੁਰ ਇੱਦਾਂ ਦੀਆਂ ਆਫ਼ਤਾਂ ਕਦੇ-ਕਦਾਰ ਹੀ ਲਿਆਉਂਦਾ ਸੀ। ਜੇ ਲਿਆਉਂਦਾ ਵੀ ਸੀ, ਤਾਂ ਇਨ੍ਹਾਂ ਦਾ ਇਕ ਖ਼ਾਸ ਮਕਸਦ ਹੁੰਦਾ ਸੀ ਅਤੇ ਇਨ੍ਹਾਂ ਵਿਚ ਸਿਰਫ਼ ਬੁਰੇ ਲੋਕ ਹੀ ਮਾਰੇ ਜਾਂਦੇ ਸਨ। ਪਰਮੇਸ਼ੁਰ ਦੁਆਰਾ ਲਿਆਂਦੀਆਂ ਆਫ਼ਤਾਂ ਦੀਆਂ ਦੋ ਮਿਸਾਲਾਂ ਇਹ ਹਨ: ਨੂਹ ਦੇ ਜ਼ਮਾਨੇ ਵਿਚ ਆਈ ਜਲ-ਪਰਲੋ ਅਤੇ ਲੂਤ ਦੇ ਜ਼ਮਾਨੇ ਵਿਚ ਸਦੂਮ ਤੇ ਅਮੂਰਾਹ ਸ਼ਹਿਰਾਂ ਦਾ ਵਿਨਾਸ਼। (ਉਤਪਤ 6:7-9, 13; 18:20-32; 19:24) ਇਨ੍ਹਾਂ ਦੋਨਾਂ ਮੌਕਿਆਂ ਤੇ ਬੁਰੇ ਲੋਕ ਨਾਸ਼ ਕੀਤੇ ਗਏ ਸਨ, ਪਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਠਹਿਰਨ ਵਾਲੇ ਲੋਕ ਸਹੀ-ਸਲਾਮਤ ਬਚ ਗਏ ਸਨ।
ਯਹੋਵਾਹ ਪਰਮੇਸ਼ੁਰ ਕੋਲ ਕੁਦਰਤੀ ਆਫ਼ਤਾਂ ਅਤੇ ਇਸ ਦੇ ਦੁਖਦਾਈ ਅਸਰਾਂ ਨੂੰ ਖ਼ਤਮ ਕਰਨ ਦੀ ਤਾਕਤ, ਇੱਛਾ ਅਤੇ ਸਾਧਨ ਹਨ। ਪਰਮੇਸ਼ੁਰ ਦੇ ਰਾਜਾ ਯਿਸੂ ਮਸੀਹ ਬਾਰੇ ਜ਼ਬੂਰ 72:12 ਵਿਚ ਭਵਿੱਖਬਾਣੀ ਕੀਤੀ ਗਈ ਹੈ: “ਉਹ ਤਾਂ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ।” (w08 5/1)