ਜੀਵਨੀ
ਯਹੋਵਾਹ ਨੇ ਮੇਰੀ ਝੋਲ਼ੀ ਖ਼ੁਸ਼ੀਆਂ ਨਾਲ ਭਰ ਦਿੱਤੀ
ਮੇਰਾ ਜਨਮ 1927 ਵਿਚ ਕੈਨੇਡਾ ਦੇ ਸਸਕੈਚਵਾਨ ਸੂਬੇ ਦੇ ਵਾਕਾ ਨਾਂ ਦੇ ਇਕ ਛੋਟੇ ਜਿਹੇ ਕਸਬੇ ਵਿਚ ਹੋਇਆ। ਮੇਰੇ ਚਾਰ ਭਰਾ ਤੇ ਦੋ ਭੈਣਾਂ ਸਨ। ਸੋ ਇਸ ਕਰਕੇ ਮੈਨੂੰ ਬਚਪਨ ਤੋਂ ਹੀ ਪਤਾ ਲੱਗ ਗਿਆ ਕਿ ਦੂਜੇ ਲੋਕਾਂ ਨਾਲ ਕਿਵੇਂ ਰਹਿਣਾ ਹੈ।
1930 ਦੇ ਦਹਾਕੇ ਦੌਰਾਨ ਦੁਨੀਆਂ ਵਿਚ ਆਰਥਿਕ ਮਹਾਂ-ਮੰਦੀ ਛਾਈ ਹੋਈ ਸੀ ਜਿਸ ਦਾ ਅਸਰ ਸਾਡੇ ਪਰਿਵਾਰ ’ਤੇ ਵੀ ਪਿਆ। ਭਾਵੇਂ ਸਾਡੇ ਕੋਲ ਜ਼ਿਆਦਾ ਪੈਸੇ ਨਹੀਂ ਸਨ, ਪਰ ਅਸੀਂ ਕਦੇ ਭੁੱਖੇ ਨਹੀਂ ਸੁੱਤੇ। ਸਾਡੇ ਕੋਲ ਕੁਝ ਮੁਰਗੀਆਂ ਅਤੇ ਇਕ ਗਾਂ ਸੀ ਜਿਸ ਕਰਕੇ ਸਾਡੇ ਕੋਲ ਹਮੇਸ਼ਾ ਆਂਡੇ, ਦੁੱਧ, ਕਰੀਮ, ਪਨੀਰ ਤੇ ਮੱਖਣ ਹੁੰਦਾ ਸੀ। ਸਾਡੇ ਸਾਰਿਆਂ ਕੋਲ ਘਰ ਅਤੇ ਪਸ਼ੂਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਹੁੰਦੀ ਸੀ।
ਮੇਰੇ ਬਚਪਨ ਦੀਆਂ ਯਾਦਾਂ ਬਹੁਤ ਮਿੱਠੀਆਂ ਹਨ, ਜਿਵੇਂ ਕਿ ਸਾਡਾ ਕਮਰਾ ਸੇਬਾਂ ਦੀ ਸੋਹਣੀ ਮਹਿਕ ਨਾਲ ਭਰਿਆ ਹੁੰਦਾ ਸੀ। ਸਾਡੇ ਫ਼ਾਰਮ ’ਤੇ ਡੇਅਰੀ ਦੀਆਂ ਚੀਜ਼ਾਂ ਤਿਆਰ ਹੁੰਦੀਆਂ ਸਨ। ਸੋ ਪਤਝੜ ਦੇ ਸਮੇਂ ਜਦੋਂ ਡੈਡੀ ਜੀ ਇਨ੍ਹਾਂ ਨੂੰ ਵੇਚਣ ਸ਼ਹਿਰ ਜਾਂਦੇ ਸਨ, ਤਾਂ ਉਹ ਅਕਸਰ ਤਾਜ਼ੇ ਸੇਬਾਂ ਦੀ ਪੇਟੀ ਘਰ ਲੈ ਆਉਂਦੇ ਸਨ। ਸਾਨੂੰ ਹਰ ਰੋਜ਼ ਰਸ ਭਰਿਆ ਸੇਬ ਖਾਣ ਨੂੰ ਮਿਲਦਾ ਸੀ। ਸਾਨੂੰ ਕਿੰਨਾ ਹੀ ਮਜ਼ਾ ਆਉਂਦਾ ਸੀ!
ਸਾਡੇ ਪਰਿਵਾਰ ਨੂੰ ਸੱਚਾਈ ਮਿਲੀ
ਮੈਂ ਛੇ ਸਾਲਾਂ ਦੀ ਸੀ ਜਦੋਂ ਮੇਰੇ ਮਾਪਿਆਂ ਨੇ ਪਹਿਲੀ ਵਾਰ ਸੱਚਾਈ ਸੁਣੀ। ਮੇਰੇ ਸਭ ਤੋਂ ਵੱਡੇ ਭਰਾ ਜੌਨੀ ਦੇ ਜਨਮ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ ਸੀ। ਮੇਰੇ ਦੁਖੀ ਮਾਪਿਆਂ ਨੇ ਆਪਣੇ ਇਲਾਕੇ ਦੇ ਪਾਦਰੀ ਨੂੰ ਪੁੱਛਿਆ: “ਸਾਡਾ ਜੌਨੀ ਕਿੱਥੇ ਗਿਆ?” ਪਾਦਰੀ ਨੇ ਕਿਹਾ ਕਿ ਬੱਚੇ ਦਾ ਬਪਤਿਸਮਾ ਨਹੀਂ ਸੀ ਹੋਇਆ, ਇਸ ਕਰਕੇ ਉਹ ਸਵਰਗ ਨਹੀਂ ਗਿਆ। ਨਾਲੇ ਪਾਦਰੀ ਨੇ ਇਹ ਵੀ ਕਿਹਾ ਕਿ ਜੇ ਮੇਰੇ ਮਾਪੇ ਉਸ ਨੂੰ ਪੈਸੇ ਦੇਣ, ਤਾਂ ਉਹ ਜੌਨੀ ਲਈ ਪ੍ਰਾਰਥਨਾ ਕਰੇਗਾ ਕਿ ਉਹ ਸਵਰਗ ਚਲਾ ਜਾਵੇ। ਇਹ ਗੱਲ ਸੁਣ ਕੇ ਤੁਹਾਨੂੰ ਕਿੱਦਾਂ ਲੱਗਦਾ? ਮੇਰੇ ਮਾਪੇ ਇੰਨੇ ਪਰੇਸ਼ਾਨ ਹੋ ਗਏ ਕਿ ਉਨ੍ਹਾਂ ਨੇ ਕਦੀ ਵੀ ਦੁਬਾਰਾ ਉਸ ਪਾਦਰੀ ਨਾਲ ਗੱਲ ਨਹੀਂ ਕੀਤੀ। ਪਰ ਉਨ੍ਹਾਂ ਦੇ ਮਨ ਵਿਚ ਅਜੇ ਵੀ ਇਹ ਗੱਲ ਘੁੰਮ ਰਹੀ ਸੀ ਕਿ ਜੌਨੀ ਕਿੱਥੇ ਹੈ।
ਇਕ ਦਿਨ ਮੰਮੀ ਜੀ ਨੂੰ “ਮਰੇ ਹੋਏ ਲੋਕ ਕਿੱਥੇ ਹਨ?” ਨਾਂ ਦੀ ਇਕ ਪੁਸਤਿਕਾ ਮਿਲੀ ਜੋ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਸੀ। ਉਨ੍ਹਾਂ ਨੇ ਇਹ ਪੁਸਤਿਕਾ ਜਲਦੀ ਹੀ ਪੜ੍ਹ ਲਈ। ਜਦੋਂ ਡੈਡੀ ਜੀ ਘਰ ਆਏ, ਤਾਂ ਮੰਮੀ ਜੀ ਨੇ ਖ਼ੁਸ਼ੀ ਨਾਲ ਉਨ੍ਹਾਂ ਨੂੰ ਕਿਹਾ: “ਮੈਨੂੰ ਪਤਾ ਹੈ ਕਿ ਜੌਨੀ ਕਿੱਥੇ ਹੈ! ਉਹ ਹੁਣ ਸੁੱਤਾ ਪਿਆ ਹੈ, ਪਰ ਇਕ ਦਿਨ ਉਸ ਨੂੰ ਉਠਾਇਆ ਜਾਵੇਗਾ।” ਡੈਡੀ ਜੀ ਨੇ ਵੀ ਉਸੇ ਸ਼ਾਮ ਇਹ ਪੁਸਤਿਕਾ ਪੜ੍ਹ ਲਈ। ਮੰਮੀ-ਡੈਡੀ ਜੀ ਨੂੰ ਇਹ ਗੱਲ ਸਿੱਖ ਕੇ ਬਹੁਤ ਦਿਲਾਸਾ ਮਿਲਿਆ ਕਿ ਬਾਈਬਲ ਕਹਿੰਦੀ ਹੈ ਕਿ ਮਰੇ ਹੋਏ ਲੋਕ ਸੁੱਤੇ ਪਏ ਹਨ ਅਤੇ ਇਕ ਦਿਨ ਉਨ੍ਹਾਂ ਨੂੰ ਜੀਉਂਦਾ ਕੀਤਾ ਜਾਵੇਗਾ।
ਇਹ ਸੱਚਾਈ ਸਿੱਖ ਕੇ ਸਾਡੀ ਸਾਰਿਆਂ ਦੀ ਜ਼ਿੰਦਗੀ ਹੀ ਬਦਲ ਗਈ ਜਿਸ ਕਰਕੇ ਸਾਨੂੰ ਦਿਲਾਸਾ ਤੇ ਖ਼ੁਸ਼ੀ ਮਿਲੀ। ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਤੇ ਵਾਕਾ ਦੀ ਛੋਟੀ ਜਿਹੀ ਮੰਡਲੀ ਵਿਚ ਮੀਟਿੰਗਾਂ ’ਤੇ ਜਾਣਾ ਸ਼ੁਰੂ ਕੀਤਾ। ਉਸ ਮੰਡਲੀ ਦੇ ਜ਼ਿਆਦਾਤਰ ਭੈਣ-ਭਰਾ ਯੂਕਰੇਨ ਤੋਂ ਸਨ। ਜਲਦੀ ਹੀ ਮੰਮੀ-ਡੈਡੀ ਪ੍ਰਚਾਰ ਕਰਨ ਲੱਗ ਪਏ।
ਥੋੜ੍ਹੇ ਹੀ ਸਮੇਂ ਬਾਅਦ ਅਸੀਂ ਬ੍ਰਿਟਿਸ਼ ਕੋਲੰਬੀਆ ਚਲੇ ਗਏ ਅਤੇ ਉੱਥੇ ਦੀ ਇਕ ਮੰਡਲੀ ਨੇ ਸਾਡਾ ਖਿੜੇ ਮੱਥੇ ਸੁਆਗਤ ਕੀਤਾ। ਮੈਨੂੰ ਉਹ ਦਿਨ ਹਾਲੇ ਵੀ ਯਾਦ ਹਨ ਜਦੋਂ ਅਸੀਂ ਐਤਵਾਰ ਦੀ ਮੀਟਿੰਗ ਲਈ ਪਹਿਰਾਬੁਰਜ ਦੀ ਤਿਆਰੀ ਇਕੱਠੇ ਕਰਦੇ ਹੁੰਦੇ ਸੀ। ਅਸੀਂ ਸਾਰੇ ਜਣੇ ਯਹੋਵਾਹ ਅਤੇ ਬਾਈਬਲ ਦੀ ਸੱਚਾਈ ਲਈ ਗੂੜ੍ਹਾ ਪਿਆਰ ਪੈਦਾ ਕਰ ਰਹੇ ਸੀ। ਮੈਂ ਆਪਣੀ ਅੱਖੀਂ ਇਹ ਗੱਲ ਦੇਖੀ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਰਹੀ ਸੀ ਤੇ ਯਹੋਵਾਹ ਸਾਡੇ ਉੱਤੇ ਬਰਕਤਾਂ ਦੀ ਬੁਛਾੜ ਕਰ ਰਿਹਾ ਸੀ।
ਇਹ ਗੱਲ ਤਾਂ ਸਾਫ਼ ਹੈ ਕਿ ਬੱਚੇ ਹੋਣ ਕਰਕੇ ਸਾਡੇ ਲਈ ਦੂਜਿਆਂ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਨੀ ਸੌਖੀ ਨਹੀਂ ਸੀ। ਪਰ ਇਕ ਖ਼ਾਸ ਗੱਲ ਕਰਕੇ ਸਾਡੀ ਬਹੁਤ ਮਦਦ ਹੋਈ। ਮੈਂ ਤੇ ਮੇਰੀ ਛੋਟੀ ਭੈਣ ਈਵਾ ਅਕਸਰ ਪ੍ਰਚਾਰ ਲਈ ਹਰ ਮਹੀਨੇ ਦੀ ਪੇਸ਼ਕਾਰੀ ਦੀ ਤਿਆਰੀ ਕਰ ਕੇ ਸੇਵਾ ਸਭਾ ਵਿਚ ਪ੍ਰਦਰਸ਼ਨ ਕਰਦੀਆਂ ਸੀ। ਭਾਵੇਂ ਅਸੀਂ ਸ਼ਰਮੀਲੇ ਸੁਭਾਅ ਦੇ ਸੀ, ਪਰ ਇਹ ਬਹੁਤ ਹੀ ਵਧੀਆ ਤਰੀਕਾ ਸੀ ਜਿਸ ਤੋਂ ਅਸੀਂ ਲੋਕਾਂ ਨਾਲ ਬਾਈਬਲ ਬਾਰੇ ਗੱਲ ਕਰਨੀ ਸਿੱਖੀ। ਸਾਨੂੰ ਜਿਸ ਤਰੀਕੇ ਨਾਲ ਪ੍ਰਚਾਰ ਕਰਨਾ ਸਿਖਾਇਆ ਗਿਆ ਸੀ ਮੈਂ ਉਸ ਲਈ ਬਹੁਤ ਹੀ ਧੰਨਵਾਦੀ ਹਾਂ!
ਬਚਪਨ ਵਿਚ ਜਦੋਂ ਪੂਰੇ ਸਮੇਂ ਦੀ ਸੇਵਾ ਕਰਨ ਵਾਲੇ ਭੈਣ-ਭਰਾ ਸਾਡੇ ਘਰ ਰੁਕਦੇ ਸਨ, ਤਾਂ ਸਾਨੂੰ ਬਹੁਤ ਹੀ ਜ਼ਿਆਦਾ ਖ਼ੁਸ਼ੀ ਹੁੰਦੀ ਸੀ। ਮਿਸਾਲ ਲਈ, ਜਦੋਂ ਵੀ ਸਾਡੇ ਸਰਕਟ ਓਵਰਸੀਅਰ ਜੈਕ ਨੇਥਨ ਸਾਡੀ ਮੰਡਲੀ ਵਿਚ ਆਉਂਦੇ ਸਨ ਤੇ ਸਾਡੇ ਘਰ ਠਹਿਰਦੇ ਸਨ, ਤਾਂ ਅਸੀਂ ਖ਼ੁਸ਼ੀ ਨਾਲ ਫੁੱਲੇ ਨਹੀਂ ਸੀ ਸਮਾਉਂਦੇ। ਉਨ੍ਹਾਂ ਦੇ ਬਹੁਤ ਸਾਰੇ ਤਜਰਬੇ ਸੁਣ ਕੇ ਸਾਨੂੰ ਬਹੁਤ ਮਜ਼ਾ ਆਉਂਦਾ ਸੀ। ਉਨ੍ਹਾਂ ਦੀ ਦਿਲੋਂ ਕੀਤੀ ਤਾਰੀਫ਼ ਅਤੇ ਤਜਰਬਿਆਂ ਕਰਕੇ ਅਸੀਂ ਦਿਲੋਂ ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕਰਨੀ ਚਾਹੁੰਦੇ ਸੀ।
ਮੈਨੂੰ ਯਾਦ ਹੈ ਕਿ ਮੈਂ ਸੋਚਦੀ ਹੁੰਦੀ ਸੀ: “ਵੱਡੀ ਹੋ ਕੇ ਮੈਂ ਭਰਾ ਨੇਥਨ ਵਰਗੀ ਬਣਾਂਗੀ।” ਫਿਰ ਬਾਅਦ ਵਿਚ ਮੈਨੂੰ ਅਹਿਸਾਸ ਹੋਇਆ ਕਿ ਉਸ ਦੀ ਮਿਸਾਲ ਮੈਨੂੰ ਪੂਰੇ ਸਮੇਂ ਦੀ ਸੇਵਾ ਕਰਨ ਲਈ ਤਿਆਰ ਕਰ ਰਹੀ ਸੀ। ਜਦੋਂ ਮੈਂ 15 ਸਾਲਾਂ ਦੀ ਹੋਈ, ਤਾਂ ਮੈਂ ਯਹੋਵਾਹ ਦੀ ਸੇਵਾ ਕਰਨ ਦਾ ਆਪਣਾ ਇਰਾਦਾ ਪੱਕਾ ਕਰ ਲਿਆ। 1942 ਵਿਚ ਮੈਂ ਤੇ ਈਵਾ ਨੇ ਬਪਤਿਸਮਾ ਲੈ ਲਿਆ।
ਨਿਹਚਾ ਦੀਆਂ ਪਰੀਖਿਆਵਾਂ
ਦੂਜੇ ਵਿਸ਼ਵ ਯੁੱਧ ਦੌਰਾਨ ਜਦੋਂ ਸਾਰੇ ਲੋਕਾਂ ਉੱਤੇ ਦੇਸ਼ਭਗਤੀ ਦਾ ਭੂਤ ਸਵਾਰ ਸੀ, ਉਦੋਂ ਮੇਰੀਆਂ ਦੋ ਛੋਟੀਆਂ ਭੈਣਾਂ ਅਤੇ ਇਕ ਛੋਟੇ ਭਰਾ ਨੂੰ ਉਨ੍ਹਾਂ ਦੀ ਸਕੂਲ ਟੀਚਰ ਮਿਸ ਸਕਾਟ ਨੇ ਸਕੂਲ ਵਿੱਚੋਂ ਕੱਢ ਦਿੱਤਾ। ਉਨ੍ਹਾਂ ਨੂੰ ਸਕੂਲ ਵਿੱਚੋਂ ਕਿਉਂ ਕੱਢਿਆ ਗਿਆ ਸੀ? ਕਿਉਂਕਿ ਉਨ੍ਹਾਂ ਨੇ ਝੰਡੇ ਨੂੰ ਸਲਾਮੀ ਦੇਣ ਤੋਂ ਇਨਕਾਰ ਕੀਤਾ ਸੀ। ਮਿਸ ਸਕਾਟ ਯਹੋਵਾਹ ਦੇ ਗਵਾਹਾਂ ਨੂੰ ਜ਼ਰਾ ਵੀ ਪਸੰਦ ਨਹੀਂ ਕਰਦੀ ਸੀ। ਇਸ ਲਈ ਉਸ ਨੇ ਮੇਰੀ ਸਕੂਲ ਟੀਚਰ ਨਾਲ ਗੱਲ ਕਰ ਕੇ ਮੈਨੂੰ ਵੀ ਸਕੂਲੋਂ ਕੱਢਣ ਲਈ ਮਜਬੂਰ ਕੀਤਾ। ਪਰ ਮੇਰੀ ਟੀਚਰ ਨੇ ਕਿਹਾ: “ਅਸੀਂ ਆਜ਼ਾਦ ਮੁਲਕ ਵਿਚ ਰਹਿੰਦੇ ਹਾਂ ਤੇ ਸਾਡੇ ਕੋਲ ਹੱਕ ਹੈ ਕਿ ਅਸੀਂ ਚਾਹੇ ਦੇਸ਼ਭਗਤੀ ਨਾਲ ਸੰਬੰਧਿਤ ਰਸਮਾਂ ਵਿਚ ਹਿੱਸਾ ਲਈਏ ਜਾਂ ਨਾ।” ਮਿਸ ਸਕਾਟ ਦੇ ਦਬਾਅ ਦੇ ਬਾਵਜੂਦ ਵੀ ਮੇਰੀ ਟੀਚਰ ਨੇ ਉਸ ਨੂੰ ਕਿਹਾ: “ਇਹ ਮੇਰਾ ਫ਼ੈਸਲਾ ਹੈ।”
ਮਿਸ ਸਕਾਟ ਨੇ ਕਿਹਾ: “ਨਹੀਂ, ਇਹ ਤੇਰਾ ਫ਼ੈਸਲਾ ਨਹੀਂ ਹੈ। ਜੇ ਤੂੰ ਮਲੀਤਾ ਨੂੰ ਸਕੂਲੋਂ ਨਹੀਂ ਕੱਢਿਆ, ਤਾਂ ਮੈਂ ਤੇਰੀ ਸ਼ਿਕਾਇਤ ਕਰਾਂਗੀ।” ਮੇਰੀ ਟੀਚਰ ਨੇ ਮੇਰੇ ਮਾਪਿਆਂ ਨੂੰ ਸਮਝਾਇਆ ਕਿ ਭਾਵੇਂ ਉਹ ਮੰਨਦੀ ਹੈ ਕਿ ਮਲੀਤਾ ਨੂੰ ਸਕੂਲੋਂ ਕੱਢਣਾ ਗ਼ਲਤ ਹੈ, ਪਰ ਜੇ ਉਹ ਮੈਨੂੰ ਸਕੂਲੋਂ ਨਹੀਂ ਕੱਢਦੀ, ਤਾਂ ਉਹ ਆਪਣੀ ਨੌਕਰੀ ਤੋਂ ਹੱਥ ਧੋ ਬੈਠੇਗੀ। ਸਕੂਲੋਂ ਕੱਢੇ ਜਾਣ ਕਰਕੇ ਅਸੀਂ ਘਰ ਪੜ੍ਹਾਈ ਕਰਨ ਲਈ ਕਿਤਾਬਾਂ ਖ਼ਰੀਦ ਲਈਆਂ। ਕੁਝ ਹੀ ਸਮੇਂ ਬਾਅਦ ਅਸੀਂ ਉੱਥੋਂ ਲਗਭਗ 32 ਕਿਲੋਮੀਟਰ (20 ਮੀਲ) ਦੂਰ ਚਲੇ ਗਏ ਜਿੱਥੇ ਅਸੀਂ ਹੋਰ ਸਕੂਲ ਵਿਚ ਜਾਣ ਲੱਗ ਪਏ।
ਭਾਵੇਂ ਕਿ ਯੁੱਧ ਦੇ ਸਾਲਾਂ ਦੌਰਾਨ ਸਾਡੇ ਪ੍ਰਕਾਸ਼ਨਾਂ ਉੱਤੇ ਪਾਬੰਦੀ ਲਾ ਦਿੱਤੀ ਗਈ, ਪਰ ਅਸੀਂ ਪ੍ਰਚਾਰ ਕਰਨਾ ਬੰਦ ਨਹੀਂ ਕੀਤਾ। ਸਗੋਂ ਅਸੀਂ ਘਰ-ਘਰ ਪ੍ਰਚਾਰ ਕਰਨ ਲਈ ਬਾਈਬਲ ਲੈ ਕੇ ਜਾਂਦੇ ਸੀ। ਨਤੀਜੇ ਵਜੋਂ, ਅਸੀਂ ਬਾਈਬਲ ਤੋਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਮਾਹਰ ਬਣ ਗਏ। ਨਾਲੇ ਅਸੀਂ ਵੀ ਬਾਈਬਲ ਤੋਂ ਜ਼ਿਆਦਾ ਤੋਂ ਜ਼ਿਆਦਾ ਵਾਕਫ਼ ਹੋ ਗਏ ਅਤੇ ਮਸੀਹੀਆਂ ਵਜੋਂ ਅਸੀਂ ਆਪਣੇ ਆਪ ਨੂੰ ਹੋਰ ਵੀ ਨਿਖਾਰਿਆ।
ਪੂਰੇ ਸਮੇਂ ਦੀ ਸੇਵਕਾਈ ਸ਼ੁਰੂ ਕਰਨੀ
ਜਿੱਦਾਂ ਹੀ ਮੈਂ ਤੇ ਈਵਾ ਨੇ ਆਪਣੀ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ, ਉੱਦਾਂ ਹੀ ਅਸੀਂ ਪਾਇਨੀਅਰਿੰਗ ਕਰਨ ਲੱਗ ਪਈਆਂ। ਰੋਜ਼ੀ-ਰੋਟੀ ਕਮਾਉਣ ਲਈ ਮੈਂ ਪਹਿਲਾਂ ਡਿਪਾਰਟਮੈਂਟ ਸਟੋਰ ਵਿਚ ਕੰਮ ਕੀਤਾ। ਫਿਰ ਮੈਂ ਵਾਲ਼ ਕੱਟਣ ਦਾ ਛੇ ਮਹੀਨਿਆਂ ਦਾ ਕੋਰਸ ਕੀਤਾ। ਮੈਂ ਪਹਿਲਾਂ ਵੀ ਘਰ ਵਾਲ਼ ਕੱਟਦੀ ਹੁੰਦੀ ਸੀ। ਫਿਰ ਮੈਨੂੰ ਹਫ਼ਤੇ ਵਿਚ ਦੋ ਦਿਨਾਂ ਲਈ ਪਾਰਲਰ ਵਿਚ ਕੰਮ ਮਿਲ ਗਿਆ ਅਤੇ ਮਹੀਨੇ ਵਿਚ ਮੈਂ ਦੋ ਵਾਰ ਵਾਲ਼ ਕੱਟਣੇ ਵੀ ਸਿਖਾਉਂਦੀ ਸੀ। ਇਸ ਤਰ੍ਹਾਂ ਮੈਂ ਪਾਇਨੀਅਰਿੰਗ ਕਰਦੀ ਰਹਿ ਸਕੀ।
1955 ਵਿਚ ਮੈਂ ਨਿਊਯਾਰਕ, ਅਮਰੀਕਾ ਅਤੇ ਨਰਮਬਰਗ, ਜਰਮਨੀ ਵਿਚ “ਜੇਤੂ ਰਾਜ” ਨਾਮਕ ਸੰਮੇਲਨ ’ਤੇ ਜਾਣਾ ਚਾਹੁੰਦੀ ਸੀ। ਨਿਊਯਾਰਕ ਜਾਣ ਤੋਂ ਪਹਿਲਾਂ ਮੈਂ ਹੈੱਡ-ਕੁਆਰਟਰ ਤੋਂ ਆਏ ਭਰਾ ਨੇਥਨ
ਨੌਰ ਨੂੰ ਮਿਲੀ। ਉਹ ਤੇ ਉਨ੍ਹਾਂ ਦੀ ਪਤਨੀ ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿਚ ਵੱਡੇ ਸੰਮੇਲਨ ’ਤੇ ਆਏ ਸਨ। ਜਦੋਂ ਉਹ ਉੱਥੇ ਸਨ, ਤਾਂ ਮੈਨੂੰ ਭੈਣ ਨੌਰ ਦੇ ਵਾਲ਼ ਕੱਟਣ ਲਈ ਕਿਹਾ ਗਿਆ। ਉਨ੍ਹਾਂ ਨੂੰ ਭੈਣ ਨੌਰ ਦੇ ਵਾਲ਼ ਕੱਟੇ ਪਸੰਦ ਆਏ ਤੇ ਉਹ ਮੈਨੂੰ ਮਿਲਣਾ ਚਾਹੁੰਦੇ ਸਨ। ਗੱਲ ਕਰਦਿਆਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਜਰਮਨੀ ਜਾਣ ਤੋਂ ਪਹਿਲਾਂ ਮੈਂ ਨਿਊਯਾਰਕ ਜਾਣ ਬਾਰੇ ਸੋਚ ਰਹੀ ਹਾਂ। ਉਨ੍ਹਾਂ ਨੇ ਮੈਨੂੰ ਬਰੁਕਲਿਨ ਬੈਥਲ ਵਿਚ ਨੌਂ ਦਿਨਾਂ ਲਈ ਕੰਮ ਕਰਨ ਦਾ ਸੱਦਾ ਦਿੱਤਾ।ਉੱਥੇ ਜਾਣ ਕਰਕੇ ਮੇਰੀ ਜ਼ਿੰਦਗੀ ਹੀ ਬਦਲ ਗਈ। ਨਿਊਯਾਰਕ ਵਿਚ ਮੈਂ ਥੀਓਡੋਰ (ਟੈੱਡ) ਜੈਰਸ ਨਾਂ ਦੇ ਇਕ ਭਰਾ ਨੂੰ ਮਿਲੀ। ਉਸ ਨੂੰ ਮਿਲਣ ਤੋਂ ਥੋੜ੍ਹੀ ਦੇਰ ਬਾਅਦ ਹੀ, ਮੈਂ ਉਦੋਂ ਹੈਰਾਨ ਰਹਿ ਗਈ ਜਦ ਉਸ ਨੇ ਮੈਨੂੰ ਪੁੱਛਿਆ: “ਕੀ ਤੁਸੀਂ ਪਾਇਨੀਅਰ ਹੋ?” ਮੈਂ ਕਿਹਾ: “ਨਹੀਂ।” ਮੇਰੀ ਸਹੇਲੀ ਲਵੌਨ ਸਾਡੀ ਗੱਲ ਸੁਣ ਰਹੀ ਸੀ ਤੇ ਉਸ ਨੇ ਵਿੱਚੇ ਹੀ ਟੋਕ ਕੇ ਕਿਹਾ: “ਹਾਂ, ਇਹ ਪਾਇਨੀਅਰ ਹੈ।” ਹੈਰਾਨ ਹੋ ਕੇ ਟੈੱਡ ਨੇ ਲਵੌਨ ਨੂੰ ਪੁੱਛਿਆ: “ਉਸ ਬਾਰੇ ਤੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਹ ਆਪ?” ਮੈਂ ਉਸ ਨੂੰ ਸਮਝਾਇਆ ਕਿ ਮੈਂ ਪਾਇਨੀਅਰਿੰਗ ਕਰਦੀ ਸੀ ਤੇ ਵੱਡੇ ਸੰਮੇਲਨਾਂ ਤੋਂ ਵਾਪਸ ਆ ਕੇ ਦੁਬਾਰਾ ਪਾਇਨੀਅਰਿੰਗ ਸ਼ੁਰੂ ਕਰਨੀ ਹੈ।
ਯਹੋਵਾਹ ਨਾਲ ਕਰੀਬੀ ਰਿਸ਼ਤਾ ਰੱਖਣ ਵਾਲੇ ਨਾਲ ਮੇਰਾ ਵਿਆਹ
ਟੈੱਡ ਦਾ ਜਨਮ 1925 ਵਿਚ ਅਮਰੀਕਾ ਦੇ ਕੈਂਟਕੀ ਪ੍ਰਾਂਤ ਵਿਚ ਹੋਇਆ ਸੀ ਤੇ ਉਸ ਨੇ 15 ਸਾਲਾਂ ਦੀ ਉਮਰ ਵਿਚ ਬਪਤਿਸਮਾ ਲਿਆ। ਭਾਵੇਂ ਕਿ ਉਸ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸੱਚਾਈ ਵਿਚ ਨਹੀਂ ਆਇਆ, ਫਿਰ ਵੀ ਉਹ ਦੋ ਸਾਲ ਬਾਅਦ ਰੈਗੂਲਰ ਪਾਇਨੀਅਰ ਬਣ ਗਿਆ। ਉਸ ਨੇ ਲਗਭਗ 67 ਸਾਲ ਪੂਰੇ ਸਮੇਂ ਦੀ ਸੇਵਾ ਕੀਤੀ।
ਜੁਲਾਈ 1946 ਵਿਚ 20 ਸਾਲ ਦੀ ਉਮਰ ਵਿਚ ਟੈੱਡ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਸੱਤਵੀਂ ਕਲਾਸ ਤੋਂ ਗ੍ਰੈਜੂਏਟ ਹੋਇਆ। ਇਸ ਤੋਂ ਬਾਅਦ ਉਸ ਨੇ ਕਲੀਵਲੈਂਡ, ਓਹੀਓ ਵਿਚ ਸਰਕਟ ਓਵਰਸੀਅਰ ਵਜੋਂ ਸੇਵਾ ਕੀਤੀ। ਲਗਭਗ ਚਾਰ ਸਾਲਾਂ ਬਾਅਦ ਉਸ ਨੂੰ ਆਸਟ੍ਰੇਲੀਆ ਦੇ ਬ੍ਰਾਂਚ ਆਫ਼ਿਸ ਦੇ ਬ੍ਰਾਂਚ ਸੇਵਕ ਦੀ ਜ਼ਿੰਮੇਵਾਰੀ ਦਿੱਤੀ ਗਈ।
ਟੈੱਡ ਨਰਮਬਰਗ, ਜਰਮਨੀ ਵਿਚ ਵੱਡੇ ਸੰਮੇਲਨ ’ਤੇ ਆਇਆ ਤੇ ਉੱਥੇ ਅਸੀਂ ਦੋਵਾਂ ਨੇ ਕੁਝ ਸਮਾਂ ਇਕੱਠੇ ਬਿਤਾਇਆ। ਸਾਡੇ ਦਿਲਾਂ ਵਿਚ ਇਕ-ਦੂਜੇ ਲਈ ਪਿਆਰ ਪੈਦਾ ਹੋਇਆ। ਮੈਂ ਖ਼ੁਸ਼ ਸੀ ਕਿ ਉਹ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਨੂੰ ਪਹਿਲੀ ਥਾਂ ਦਿੰਦਾ ਸੀ। ਉਹ ਤਨ-ਮਨ ਨਾਲ ਅਤੇ ਪੂਰੀ ਗੰਭੀਰਤਾ ਨਾਲ ਯਹੋਵਾਹ ਦੀ ਸੇਵਾ ਕਰਦਾ ਸੀ, ਪਰ ਉਹ ਪਿਆਰ ਕਰਨ ਵਾਲਾ ਅਤੇ ਦੋਸਤਾਨਾ ਸੁਭਾਅ ਦਾ ਮਾਲਕ ਸੀ। ਉਹ ਆਪਣੇ ਨਾਲੋਂ ਦੂਜਿਆਂ ਦਾ ਭਲਾ ਸੋਚਦਾ ਸੀ। ਟੈੱਡ ਉਸ ਵੱਡੇ ਸੰਮੇਲਨ ਤੋਂ ਬਾਅਦ ਮੁੜ ਕੇ ਆਸਟ੍ਰੇਲੀਆ ਚਲਾ ਗਿਆ ਤੇ ਮੈਂ ਵੈਨਕੂਵਰ ਨੂੰ। ਪਰ ਅਸੀਂ ਬਾਕਾਇਦਾ ਇਕ-ਦੂਜੇ ਨੂੰ ਚਿੱਠੀਆਂ ਲਿਖਦੇ ਸੀ।
ਆਸਟ੍ਰੇਲੀਆ ਵਿਚ ਲਗਭਗ ਪੰਜ ਸਾਲ ਬਿਤਾਉਣ ਤੋਂ ਬਾਅਦ ਟੈੱਡ ਅਮਰੀਕਾ ਵਾਪਸ ਆ ਗਿਆ। ਫਿਰ ਉਹ ਵੈਨਕੂਵਰ ਆ ਕੇ ਪਾਇਨੀਅਰਿੰਗ ਕਰਨ ਲੱਗ ਪਿਆ। ਮੈਨੂੰ ਇਸ ਗੱਲ ਦੀ ਖ਼ੁਸ਼ੀ ਸੀ ਕਿ ਮੇਰੇ ਘਰਦੇ ਉਸ ਨੂੰ ਬਹੁਤ ਪਸੰਦ ਕਰਦੇ ਸੀ। ਮੇਰਾ ਵੱਡਾ ਭਰਾ ਮਾਈਕਲ ਮੇਰਾ ਬਹੁਤ ਖ਼ਿਆਲ ਰੱਖਦਾ ਸੀ। ਜੇ ਕੋਈ ਜਵਾਨ ਭਰਾ ਮੇਰੇ ਵਿਚ ਦਿਲਚਸਪੀ ਲੈਂਦਾ ਸੀ, ਤਾਂ ਮੇਰਾ ਭਰਾ ਉਸ ਮੁੰਡੇ ਬਾਰੇ ਅਕਸਰ ਪੁੱਛ-ਗਿੱਛ ਕਰਦਾ ਸੀ। ਪਰ ਮਾਈਕਲ ਨੂੰ ਟੈੱਡ ਜਲਦੀ ਹੀ ਪਸੰਦ ਆ ਗਿਆ। ਉਸ ਨੇ ਕਿਹਾ: “ਮਲੀਤਾ, ਟੈੱਡ ਬਹੁਤ ਚੰਗਾ ਹੈ। ਇਸ ਦਾ ਖ਼ਿਆਲ ਰੱਖੀ ਅਤੇ ਇਸ ਨੂੰ ਹੱਥੋਂ ਨਾ ਜਾਣ ਦੇਈਂ।”
ਮੈਂ ਵੀ ਟੈੱਡ ਨੂੰ ਬਹੁਤ ਪਸੰਦ ਕਰਦੀ ਸੀ। ਸਾਡਾ 10 ਦਸੰਬਰ 1956 ਵਿਚ ਵਿਆਹ ਹੋ ਗਿਆ। ਅਸੀਂ ਇਕੱਠਿਆ ਨੇ ਵੈਨਕੂਵਰ ਤੇ ਫਿਰ ਕੈਲੇਫ਼ੋਰਨੀਆ ਵਿਚ ਪਾਇਨੀਅਰਿੰਗ ਕੀਤੀ। ਇਸ ਤੋਂ ਬਾਅਦ ਸਾਨੂੰ ਮਿਸੂਰੀ ਅਤੇ ਅਰਕਾਂਸਾਸ ਵਿਚ ਸਰਕਟ ਕੰਮ ਦੀ ਜ਼ਿੰਮੇਵਾਰੀ ਮਿਲੀ। ਅਸੀਂ ਲਗਭਗ 18 ਸਾਲ ਅਮਰੀਕਾ ਦੇ ਬਹੁਤ ਸਾਰੇ ਰਾਜਾਂ ਵਿਚ ਸਰਕਟ ਦਾ ਕੰਮ ਕਰਦਿਆਂ ਹਰ ਹਫ਼ਤੇ ਅਲੱਗ-ਅਲੱਗ ਘਰਾਂ ਵਿਚ ਰਹੇ। ਪ੍ਰਚਾਰ ਕਰਦਿਆਂ ਬਹੁਤ ਵਧੀਆ ਤਜਰਬੇ ਹੋਣ ਦੇ ਨਾਲ-ਨਾਲ ਅਸੀਂ ਭੈਣਾਂ-ਭਰਾਵਾਂ ਦੀ ਵਧੀਆ ਸੰਗਤ ਦਾ ਵੀ ਆਨੰਦ ਮਾਣਿਆ। ਭਾਵੇਂ ਹਰ ਹਫ਼ਤੇ ਸਾਡੇ ਲਈ ਕਿਸੇ ਦੇ ਘਰ ਰਹਿਣਾ ਸੌਖਾ ਨਹੀਂ ਸੀ, ਪਰ ਸਰਕਟ ਕੰਮ ਕਰ ਕੇ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਸੀ।
ਮੈਨੂੰ ਟੈੱਡ ਦੀ ਖ਼ਾਸ ਕਰਕੇ ਇਹ ਗੱਲ ਬਹੁਤ ਚੰਗੀ ਲੱਗਦੀ ਸੀ ਕਿ ਉਸ ਨੇ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਕਦੇ ਵੀ ਐਵੇਂ ਨਹੀਂ ਸਮਝਿਆ। ਉਸ ਲਈ ਬ੍ਰਹਿਮੰਡ ਵਿਚ ਸਭ ਤੋਂ ਮਹਾਨ ਸ਼ਖ਼ਸ ਦੀ ਸੇਵਾ ਕਰਨੀ ਬਹੁਤ ਮਾਅਨੇ ਰੱਖਦੀ ਸੀ। ਸਾਨੂੰ ਇਕੱਠਿਆਂ ਮਿਲ ਕੇ ਬਾਈਬਲ ਪੜ੍ਹਨੀ ਤੇ ਸਟੱਡੀ ਕਰਨ ਬਹੁਤ ਚੰਗੀ ਲੱਗਦੀ ਸੀ। ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਆਪਣੇ ਬੈੱਡ ਕੋਲ ਗੋਡਿਆਂ ਭਾਰ ਬੈਠਦੇ ਸੀ ਤੇ ਟੈੱਡ ਸਾਡੇ ਦੋਵਾਂ ਲਈ ਪ੍ਰਾਰਥਨਾ ਕਰਦਾ ਸੀ। ਫਿਰ ਅਸੀਂ ਅਲੱਗ-ਅਲੱਗ ਪ੍ਰਾਰਥਨਾ ਕਰਦੇ ਸੀ। ਮੈਨੂੰ ਪਤਾ ਹੁੰਦਾ ਸੀ ਜਦੋਂ ਟੈੱਡ ਕਿਸੇ ਗੰਭੀਰ ਮਸਲੇ ਬਾਰੇ ਸੋਚ ਰਿਹਾ ਹੁੰਦਾ ਸੀ, ਤਾਂ ਉਹ ਬੈੱਡ ਤੋਂ ਉੱਠ ਕੇ ਫਿਰ
ਗੋਡਿਆਂ ਭਾਰ ਬਹਿ ਕੇ ਕਾਫ਼ੀ ਲੰਬੀ ਪ੍ਰਾਰਥਨਾ ਕਰਦਾ ਸੀ। ਮੈਂ ਇਸ ਗੱਲ ਦੀ ਬਹੁਤ ਤਾਰੀਫ਼ ਕਰਦੀ ਸੀ ਕਿ ਉਹ ਹਰ ਛੋਟੇ-ਵੱਡੇ ਮਾਮਲੇ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹੁੰਦਾ ਸੀ।ਵਿਆਹ ਤੋਂ ਕੁਝ ਸਾਲਾਂ ਬਾਅਦ ਟੈੱਡ ਨੇ ਮੈਨੂੰ ਦੱਸਿਆ ਕੇ ਉਹ ਮੈਮੋਰੀਅਲ ਵਿਚ ਰੋਟੀ ਤੇ ਦਾਖਰਸ ਲੈਣੀ ਸ਼ੁਰੂ ਕਰੇਗਾ। ਉਸ ਨੇ ਕਿਹਾ: “ਮੈਂ ਇਸ ਮਾਮਲੇ ਬਾਰੇ ਬਹੁਤ ਜ਼ਿਆਦਾ ਪ੍ਰਾਰਥਨਾ ਕੀਤੀ ਹੈ ਤਾਂਕਿ ਮੈਨੂੰ ਪੂਰਾ ਯਕੀਨ ਹੋ ਸਕੇ ਕਿ ਮੈਂ ਉਹੀ ਕਰਾਂ ਜੋ ਯਹੋਵਾਹ ਮੈਥੋਂ ਚਾਹੁੰਦਾ ਹੈ।” ਮੈਨੂੰ ਜ਼ਰਾ ਵੀ ਇਸ ਗੱਲ ਦੀ ਹੈਰਾਨੀ ਨਹੀਂ ਹੋਈ ਕਿ ਉਸ ਨੂੰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਸਵਰਗ ਵਿਚ ਸੇਵਾ ਕਰਨ ਲਈ ਚੁਣਿਆ ਸੀ। ਮੈਂ ਇਸ ਗੱਲ ਨੂੰ ਸਨਮਾਨ ਸਮਝਦੀ ਸੀ ਕਿ ਮੈਂ ਮਸੀਹ ਦੇ ਇਕ ਭਰਾ ਦੀ ਮਦਦ ਕਰ ਸਕਦੀ ਹਾਂ।
ਯਹੋਵਾਹ ਦੀ ਸੇਵਾ ਵਿਚ ਨਵੀਂ ਜ਼ਿੰਮੇਵਾਰੀ
ਸਾਨੂੰ ਦੋਨਾਂ ਨੂੰ ਬਹੁਤ ਹੈਰਾਨੀ ਹੋਈ ਜਦੋਂ 1974 ਵਿਚ ਟੈੱਡ ਨੂੰ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦਾ ਮੈਂਬਰ ਬਣਨ ਦਾ ਸੱਦਾ ਮਿਲਿਆ। ਸਮੇਂ ਦੇ ਬੀਤਣ ਨਾਲ ਸਾਨੂੰ ਬਰੁਕਲਿਨ ਬੈਥਲ ਵਿਚ ਸੇਵਾ ਕਰਨ ਲਈ ਬੁਲਾਇਆ ਗਿਆ। ਟੈੱਡ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਦਾ ਸੀ ਤੇ ਮੈਨੂੰ ਕਮਰਿਆਂ ਦੀ ਸਫ਼ਾਈ ਕਰਨ ਜਾਂ ਵਾਲ਼ ਕੱਟਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਟੈੱਡ ਹੋਰ ਜ਼ਿੰਮੇਵਾਰੀਆਂ ਸੰਭਾਲਣ ਦੇ ਨਾਲ-ਨਾਲ ਵੱਖੋ-ਵੱਖਰੀਆਂ ਬ੍ਰਾਂਚਾਂ ਦਾ ਵੀ ਦੌਰਾ ਕਰਦਾ ਸੀ। ਉਹ ਖ਼ਾਸ ਕਰਕੇ ਉਨ੍ਹਾਂ ਦੇਸ਼ਾਂ ਵਿਚ ਦਿਲਚਸਪੀ ਲੈਂਦਾ ਸੀ ਜਿਨ੍ਹਾਂ ਦੇਸ਼ਾਂ ਵਿਚ ਸਾਡੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਸੀ। ਮਿਸਾਲ ਲਈ, ਪੂਰਬੀ ਯੂਰਪ ਦੇ ਦੇਸ਼ ਜੋ ਸੋਵੀਅਤ ਸੰਘ ਦੇ ਅਧੀਨ ਸਨ। ਇਕ ਵਾਰ ਜਦੋਂ ਅਸੀਂ ਸਵੀਡਨ ਵਿਚ ਛੁੱਟੀਆਂ ਮਨਾਉਣ ਗਏ, ਤਾਂ ਟੈੱਡ ਨੇ ਕਿਹਾ: “ਮਲੀਤਾ, ਪੋਲੈਂਡ ਵਿਚ ਪ੍ਰਚਾਰ ਦੇ ਕੰਮ ’ਤੇ ਪਾਬੰਦੀ ਲੱਗੀ ਹੋਈ ਹੈ ਅਤੇ ਮੈਂ ਦਿਲੋਂ ਉੱਥੋਂ ਦੇ ਭਰਾਵਾਂ ਦੀ ਮਦਦ ਕਰਨੀ ਚਾਹੁੰਦਾ ਹਾਂ।” ਫਿਰ ਅਸੀਂ ਪੋਲੈਂਡ ਦਾ ਵੀਜ਼ਾ ਲੈ ਕੇ ਉੱਥੇ ਚਲੇ ਗਏ। ਟੈੱਡ ਉੱਥੇ ਦੇ ਕੁਝ ਭਰਾਵਾਂ ਨੂੰ ਮਿਲਿਆ ਜੋ ਸਾਡੇ ਪ੍ਰਚਾਰ ਦੇ ਕੰਮ ਦੀ ਅਗਵਾਈ ਲੈਂਦੇ ਸਨ। ਉਹ ਨਹੀਂ ਚਾਹੁੰਦੇ ਸਨ ਕਿ ਲੋਕ ਉਨ੍ਹਾਂ ਦੀ ਗੱਲ ਸੁਣਨ, ਇਸ ਲਈ ਉਨ੍ਹਾਂ ਨੇ ਕਾਫ਼ੀ ਦੇਰ ਸੈਰ ਕਰਦਿਆਂ ਆਪਸ ਵਿਚ ਗੱਲਬਾਤ ਕੀਤੀ। ਇਨ੍ਹਾਂ ਭਰਾਵਾਂ ਦੀਆਂ ਚਾਰ ਦਿਨਾਂ ਤਕ ਮੀਟਿੰਗਾਂ ਚੱਲਦੀਆਂ ਰਹੀਆਂ ਜਿਨ੍ਹਾਂ ਵਿਚ ਉਨ੍ਹਾਂ ਨੇ ਗੰਭੀਰ ਮਾਮਲਿਆਂ ’ਤੇ ਗੱਲ ਕੀਤੀ। ਪਰ ਜਦੋਂ ਮੈਂ ਟੈੱਡ ਨੂੰ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਦਿਆਂ ਖ਼ੁਸ਼ ਦੇਖਦੀ ਸੀ, ਤਾਂ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਸੀ।
ਅਗਲੀ ਵਾਰ ਅਸੀਂ ਨਵੰਬਰ 1977 ਵਿਚ ਪੋਲੈਂਡ ਗਏ। ਇਹ ਪਹਿਲੀ ਵਾਰ ਸੀ ਜਦੋਂ ਪ੍ਰਬੰਧਕ ਸਭਾ ਨੇ ਭਰਾਵਾਂ ਨੂੰ ਪੋਲੈਂਡ ਦੇ ਬ੍ਰਾਂਚ ਆਫ਼ਿਸ ਭੇਜਿਆ। ਇਨ੍ਹਾਂ ਵਿਚ ਪ੍ਰਬੰਧਕ ਸਭਾ ਦੇ ਭਰਾ ਐੱਫ਼. ਡਬਲਯੂ. ਫ਼ਰਾਂਜ਼, ਡੈਨਿਏਲ ਸਿਡਲਿਕ ਅਤੇ ਟੈੱਡ ਸਨ। ਸਾਡੇ ਕੰਮ ਉੱਤੇ ਹਾਲੇ ਵੀ ਪਾਬੰਦੀ ਲੱਗੀ ਹੋਈ ਸੀ, ਪਰ ਪ੍ਰਬੰਧਕ ਸਭਾ ਦੇ ਇਹ ਤਿੰਨ ਭਰਾ ਵੱਖੋ-ਵੱਖਰੇ ਸ਼ਹਿਰਾਂ ਦੇ ਓਵਰਸੀਅਰਾਂ, ਪਾਇਨੀਅਰਾਂ ਅਤੇ ਬਹੁਤ ਸਾਲਾਂ ਤੋਂ ਸੇਵਾ ਕਰਨ ਵਾਲੇ ਗਵਾਹਾਂ ਨਾਲ ਗੱਲ ਕਰ ਸਕੇ।
ਫਿਰ ਇਸ ਤੋਂ ਅਗਲੇ ਸਾਲ ਟੈੱਡ ਅਤੇ ਮਿਲਟਨ ਹੈੱਨਸ਼ਲ ਪੋਲੈਂਡ ਗਏ ਅਤੇ ਉੱਥੋਂ ਦੇ ਅਧਿਕਾਰੀਆਂ ਨੂੰ ਮਿਲੇ ਜਿਨ੍ਹਾਂ ਦਾ ਰਵੱਈਆ ਸਾਡੇ ਅਤੇ ਸਾਡੇ ਕੰਮ ਪ੍ਰਤੀ ਨਰਮ ਹੋ ਰਿਹਾ ਸੀ। 1982 ਵਿਚ ਪੋਲਿਸ਼ ਸਰਕਾਰ ਨੇ ਸਾਡੇ ਭਰਾਵਾਂ ਨੂੰ ਇਕ ਦਿਨਾਂ ਦੇ ਸੰਮੇਲਨ ਕਰਨ ਦੀ ਇਜਾਜ਼ਤ ਦੇ ਦਿੱਤੀ। ਅਗਲੇ ਸਾਲ ਵੱਡੇ ਸੰਮੇਲਨ ਜ਼ਿਆਦਾਤਰ ਕਿਰਾਏ ’ਤੇ ਲਏ ਗਏ ਹਾਲਾਂ ਵਿਚ ਹੋਏ। ਭਾਵੇਂ ਕਿ 1985 ਵਿਚ ਹਾਲੇ ਵੀ ਪ੍ਰਚਾਰ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਸੀ, ਫਿਰ ਵੀ ਸਾਨੂੰ ਸਟੇਡੀਅਮਾਂ ਵਿਚ ਚਾਰ ਵੱਡੇ ਸੰਮੇਲਨ ਕਰਨ ਦੀ ਇਜਾਜ਼ਤ ਮਿਲੀ। ਫਿਰ ਜਦੋਂ ਮਈ 1989 ਵਿਚ ਹੋਰ ਵੀ ਵੱਡੇ ਸੰਮੇਲਨਾਂ ਦੀ ਤਿਆਰੀ ਚੱਲ ਰਹੀ ਸੀ, ਉਦੋਂ ਪੋਲਿਸ਼ ਸਰਕਾਰ ਨੇ ਯਹੋਵਾਹ ਦੇ ਗਵਾਹਾਂ ਦੇ ਕੰਮ ਨੂੰ ਕਾਨੂੰਨੀ ਮਾਨਤਾ ਦਿੱਤੀ। ਟੈੱਡ ਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਇਹ ਕੰਮ ਕਰ ਕੇ ਮਿਲੀ।
ਸਿਹਤ ਸੰਬੰਧੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ
2007 ਵਿਚ ਅਸੀਂ ਦੱਖਣੀ ਅਫ਼ਰੀਕਾ ਦੇ ਬ੍ਰਾਂਚ ਆਫ਼ਿਸ ਦੇ ਉਦਘਾਟਨ ਨੂੰ ਜਾ ਰਹੇ ਸੀ। ਇੰਗਲੈਂਡ ਵਿਚ ਟੈੱਡ ਦਾ ਬਲੱਡ-ਪ੍ਰੈਸ਼ਰ ਵਧ ਗਿਆ ਤੇ ਡਾਕਟਰ ਨੇ ਟੈੱਡ ਨੂੰ ਦੱਖਣੀ ਅਫ਼ਰੀਕਾ ਨਾ ਜਾਣ ਦੀ ਸਲਾਹ ਦਿੱਤੀ। ਟੈੱਡ ਦੇ ਠੀਕ ਹੋ ਜਾਣ ਤੋਂ ਬਾਅਦ ਅਸੀਂ ਅਮਰੀਕਾ ਵਾਪਸ ਆ ਗਏ। ਪਰ ਕੁਝ ਹੀ ਹਫ਼ਤੇ ਬਾਅਦ ਉਸ ਨੂੰ ਦਿਮਾਗ਼ ਦਾ ਦੌਰਾ ਪੈ ਗਿਆ ਜਿਸ ਕਰਕੇ ਉਸ ਨੂੰ ਸੱਜੇ ਪਾਸੇ ਦਾ ਅਧਰੰਗ ਹੋ ਗਿਆ।
ਪਹਿਲਾਂ-ਪਹਿਲ ਟੈੱਡ ਆਫ਼ਿਸ ਨਹੀਂ ਜਾ ਸਕਿਆ ਕਿਉਂਕਿ ਉਸ ਦੀ ਸਿਹਤ ਵਿਚ ਹੌਲੀ-ਹੌਲੀ ਸੁਧਾਰ ਹੋ ਰਿਹਾ ਸੀ। ਪਰ ਅਸੀਂ ਇਸ ਗੱਲ ਦਾ ਸ਼ੁਕਰ ਕਰਦੇ ਹਾਂ ਕਿ ਉਸ ਨੂੰ ਬੋਲਣ ਵਿਚ ਕੋਈ ਮੁਸ਼ਕਲ ਨਹੀਂ ਸੀ। ਸਿਹਤ ਸੰਬੰਧੀ ਚੁਣੌਤੀਆਂ ਦੇ ਬਾਵਜੂਦ ਵੀ ਉਹ ਆਪਣੇ ਰੋਜ਼ਮੱਰਾ ਦੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਸੀ। ਇੱਥੋਂ ਤਕ ਕਿ ਉਹ ਸਾਡੇ ਕਮਰੇ ਤੋਂ ਟੈਲੀਫ਼ੋਨ ਰਾਹੀਂ ਹਰ ਹਫ਼ਤੇ ਪ੍ਰਬੰਧਕ ਸਭਾ ਦੀਆਂ ਮੀਟਿੰਗਾਂ ਵਿਚ ਹਿੱਸਾ ਲੈਂਦਾ ਸੀ।
ਟੈੱਡ ਇਸ ਗੱਲ ਦਾ ਬਹੁਤ ਧੰਨਵਾਦੀ ਸੀ ਕਿ ਉਸ ਨੂੰ ਬੈਥਲ ਵਿਚ ਬਹੁਤ ਹੀ ਵਧੀਆ ਇਲਾਜ ਮਿਲਿਆ। ਹੌਲੀ-ਹੌਲੀ ਉਹ ਤੁਰਨ-ਫਿਰਨ ਲੱਗ ਪਿਆ। ਉਹ ਯਹੋਵਾਹ ਦੀ ਸੇਵਾ ਵਿਚ ਮਿਲੀਆਂ ਆਪਣੀਆਂ ਕੁਝ ਜ਼ਿੰਮੇਵਾਰੀਆਂ ਨੂੰ ਨਿਭਾ ਸਕਿਆ ਅਤੇ ਉਹ ਹਮੇਸ਼ਾ ਖ਼ੁਸ਼ ਰਹਿੰਦਾ ਸੀ।
ਤਿੰਨ ਸਾਲਾਂ ਬਾਅਦ ਉਸ ਨੂੰ ਦਿਮਾਗ਼ ਦਾ ਦੂਜਾ ਦੌਰਾ ਪਿਆ ਤੇ ਉਹ ਬੁੱਧਵਾਰ 9 ਜੂਨ 2010 ਨੂੰ ਮੌਤ ਦੀ ਨੀਂਦ ਸੌਂ ਗਿਆ। ਭਾਵੇਂ ਕਿ ਮੈਨੂੰ ਹਮੇਸ਼ਾ ਪਤਾ ਸੀ ਕਿ ਟੈੱਡ ਨੇ ਧਰਤੀ ਉੱਤੇ ਆਪਣੀ ਸੇਵਾ ਪੂਰੀ ਕਰ ਕੇ ਸਵਰਗ ਜਾਣਾ ਹੀ ਸੀ, ਫਿਰ ਵੀ ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ ਕਿ ਮੈਨੂੰ ਉਸ ਦਾ ਵਿਛੋੜਾ ਝੱਲਣਾ ਕਿੰਨਾ ਔਖਾ ਲੱਗਦਾ ਹੈ ਤੇ ਉਸ ਦੀ ਕਿੰਨੀ ਯਾਦ ਆਉਂਦੀ ਹੈ। ਮੈਂ ਹਰ ਰੋਜ਼ ਯਹੋਵਾਹ ਦਾ ਸ਼ੁਕਰ ਕਰਦੀ ਹਾਂ ਕਿ ਮੈਂ ਟੈੱਡ ਦੀ ਮਦਦ ਕਰ ਸਕੀ। ਅਸੀਂ ਇਕੱਠਿਆਂ ਨੇ 53 ਤੋਂ ਜ਼ਿਆਦਾ ਸਾਲਾਂ ਦੀ ਪੂਰੇ ਸਮੇਂ ਦੀ ਸੇਵਾ ਕਰਨ ਦਾ ਆਨੰਦ ਮਾਣਿਆ। ਮੈਂ ਯਹੋਵਾਹ ਦਾ ਧੰਨਵਾਦ ਕਰਦੀ ਹਾਂ ਕਿ ਟੈੱਡ ਨੇ ਮੇਰੇ ਸਵਰਗੀ ਪਿਤਾ ਨਾਲ ਕਰੀਬੀ ਰਿਸ਼ਤਾ ਜੋੜਨ ਵਿਚ ਮੇਰੀ ਮਦਦ ਕੀਤੀ। ਹੁਣ ਮੈਨੂੰ ਪੂਰਾ ਯਕੀਨ ਹੈ ਕਿ ਉਹ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਕਰਕੇ ਬਹੁਤ ਖ਼ੁਸ਼ ਹੋਣਾ।
ਜ਼ਿੰਦਗੀ ਵਿਚ ਨਵੀਆਂ ਚੁਣੌਤੀਆਂ
ਮੈਂ ਬਹੁਤ ਸਾਲਾਂ ਤਕ ਆਪਣੇ ਪਤੀ ਨਾਲ ਯਹੋਵਾਹ ਦੀ ਸੇਵਾ ਕਰਦਿਆਂ ਬਿਜ਼ੀ ਰਹਿਣ ਦੇ ਨਾਲ-ਨਾਲ ਖ਼ੁਸ਼ ਸੀ। ਪਰ ਅੱਜ ਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਮੇਰੇ ਲਈ ਸੌਖਾ ਨਹੀਂ ਹੈ। ਮੈਨੂੰ ਅਤੇ ਟੈੱਡ ਨੂੰ ਬੈਥਲ ਅਤੇ ਕਿੰਗਡਮ ਹਾਲ ਵਿਚ ਆਏ ਭੈਣਾਂ-ਭਰਾਵਾਂ ਤੇ ਹੋਰਨਾਂ ਨੂੰ ਮਿਲ ਕੇ ਬਹੁਤ ਖ਼ੁਸ਼ੀ ਹੁੰਦੀ ਸੀ। ਹੁਣ ਮੇਰਾ ਪਿਆਰਾ ਟੈੱਡ ਨਹੀਂ ਰਿਹਾ ਅਤੇ ਮੇਰੀ ਸਿਹਤ ਵੀ ਠੀਕ ਨਹੀਂ ਰਹਿੰਦੀ ਜਿਸ ਕਰਕੇ ਮੇਰਾ ਲੋਕਾਂ ਨਾਲ ਮਿਲਣਾ-ਗਿਲ਼ਣਾ ਘਟ ਗਿਆ ਹੈ। ਇਸ ਦੇ ਬਾਵਜੂਦ, ਮੈਨੂੰ ਹਾਲੇ ਵੀ ਖ਼ੁਸ਼ੀ ਹੁੰਦੀ ਹੈ ਜਦੋਂ ਮੈਂ ਬੈਥਲ ਤੇ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਮਿਲਦੀ ਹਾਂ। ਬੈਥਲ ਦੀ ਰੁਟੀਨ ਸੌਖੀ ਨਹੀਂ ਹੈ, ਪਰ ਇੱਥੇ ਪਰਮੇਸ਼ੁਰ ਦੀ ਸੇਵਾ ਕਰ ਕੇ ਮੈਨੂੰ ਖ਼ੁਸ਼ੀ ਹੁੰਦੀ ਹੈ। ਨਾਲੇ ਪ੍ਰਚਾਰ ਦੇ ਕੰਮ ਲਈ ਮੇਰਾ ਜੋਸ਼ ਠੰਢਾ ਨਹੀਂ ਪਿਆ। ਚਾਹੇ ਮੈਂ ਥੱਕ ਜਾਂਦੀ ਹਾਂ ਤੇ ਮੈਂ ਜ਼ਿਆਦਾ ਦੇਰ ਲਈ ਆਪਣੇ ਪੈਰਾਂ ’ਤੇ ਖੜ੍ਹੀ ਨਹੀਂ ਰਹਿ ਸਕਦੀ, ਪਰ ਫਿਰ ਵੀ ਸੜਕ ’ਤੇ ਗਵਾਹੀ ਦੇ ਕੇ ਅਤੇ ਬਾਈਬਲ ਸਟੱਡੀਆਂ ਕਰਾ ਕੇ ਮੈਨੂੰ ਬਹੁਤ ਹੀ ਖ਼ੁਸ਼ੀ ਮਿਲਦੀ ਹੈ।
ਜਦੋਂ ਮੈਂ ਦੁਨੀਆਂ ਵਿਚ ਬੁਰੀਆਂ ਗੱਲਾਂ ਹੁੰਦੀਆਂ ਦੇਖਦੀ ਹਾਂ, ਤਾਂ ਮੈਂ ਕਿੰਨੀ ਸ਼ੁਕਰਗੁਜ਼ਾਰ ਹਾਂ ਕਿ ਮੈਂ ਇੰਨੇ ਵਧੀਆ ਜੀਵਨ ਸਾਥੀ ਨਾਲ ਯਹੋਵਾਹ ਦੀ ਸੇਵਾ ਕਰ ਸਕੀ! ਯਹੋਵਾਹ ਨੇ ਮੇਰੀ ਝੋਲ਼ੀ ਖ਼ੁਸ਼ੀਆਂ ਨਾਲ ਭਰ ਦਿੱਤੀ।