ਯਹੋਵਾਹ ਦੇ ਅਸੀਮ ਪਿਆਰ ’ਤੇ ਸੋਚ-ਵਿਚਾਰ ਕਰੋ
“ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ।”
ਗੀਤ: 18, 29
1, 2. (ੳ) ਤੁਹਾਨੂੰ ਪੱਕਾ ਯਕੀਨ ਕਿਉਂ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ? (ਅ) ਇਨਸਾਨਾਂ ਨੂੰ ਕਿਸ ਲੋੜ ਨਾਲ ਬਣਾਇਆ ਗਿਆ ਹੈ?
ਤੁਹਾਨੂੰ ਪੱਕਾ ਯਕੀਨ ਕਿਉਂ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ? ਇਸ ਸਵਾਲ ਦੇ ਜਵਾਬ ਤੋਂ ਪਹਿਲਾਂ ਇਨ੍ਹਾਂ ਮਿਸਾਲਾਂ ’ਤੇ ਗੌਰ ਕਰੋ: ਕਈ ਸਾਲਾਂ ਤੋਂ ਕੁਝ ਭੈਣ-ਭਰਾ ਤੇਲੀਨ ਨਾਂ ਦੀ ਭੈਣ ਨੂੰ ਹੌਸਲਾ ਦੇ ਰਹੇ ਸਨ। ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਹ ਆਪਣੇ ਆਪ ਤੋਂ ਹੱਦੋਂ ਵੱਧ ਉਮੀਦਾਂ ਨਾ ਰੱਖੇ। ਉਸ ਨੇ ਕਿਹਾ: “ਜੇ ਯਹੋਵਾਹ ਮੈਨੂੰ ਪਿਆਰ ਨਾ ਕਰਦਾ ਹੁੰਦਾ, ਤਾਂ ਉਹ ਮੈਨੂੰ ਲਗਾਤਾਰ ਸਲਾਹ ਨਾ ਦਿੰਦਾ।” ਬ੍ਰਿਜਟ ਆਪਣੇ ਪਤੀ ਦੀ ਮੌਤ ਤੋਂ ਬਾਅਦ ਇਕੱਲਿਆਂ ਹੀ ਆਪਣੇ ਦੋ ਬੱਚਿਆਂ ਦੀ ਪਰਵਰਿਸ਼ ਕਰ ਰਹੀ ਹੈ। ਉਸ ਨੇ ਕਿਹਾ: “ਸ਼ੈਤਾਨ ਦੀ ਦੁਨੀਆਂ ਵਿਚ ਬੱਚਿਆਂ ਨੂੰ ਪਾਲਣਾ ਸਭ ਤੋਂ ਔਖਾ ਕੰਮ ਹੈ, ਖ਼ਾਸਕਰ ਇਕੱਲੀ ਮਾਂ ਜਾਂ ਬਾਪ ਲਈ। ਮੈਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਮੈਨੂੰ ਪਿਆਰ ਕਰਦਾ ਹੈ ਕਿਉਂਕਿ ਉਸ ਨੇ ਦੁੱਖਾਂ ਦੀ ਘੜੀ ਵਿਚ ਵੀ ਮੈਨੂੰ ਰਾਹ ਦਿਖਾਇਆ ਜਦੋਂ ਮੇਰੇ ਹੰਝੂ ਰੋਕਿਆਂ ਨਹੀਂ ਰੁਕ ਰਹੇ ਸਨ। ਉਸ ਨੇ ਮੈਨੂੰ ਹੱਦੋਂ ਵੱਧ ਦੁੱਖ ਨਹੀਂ ਸਹਿਣ ਦਿੱਤੇ।” (1 ਕੁਰਿੰ. 10:13) ਸਾਂਡਰਾ ਇਕ ਲਾਇਲਾਜ ਬੀਮਾਰੀ ਨਾਲ ਲੜ ਰਹੀ ਹੈ। ਇਕ ਵੱਡੇ ਸੰਮੇਲਨ ’ਤੇ ਇਕ ਭੈਣ ਨੇ ਸਾਂਡਰਾ ਵਿਚ ਗਹਿਰੀ ਦਿਲਚਸਪੀ ਲਈ। ਸਾਂਡਰਾ ਦੇ ਪਤੀ ਨੇ ਕਿਹਾ: “ਭਾਵੇਂ ਅਸੀਂ ਉਸ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ, ਪਰ ਇਹ ਦੇਖ ਕੇ ਅਸੀਂ ਬਹੁਤ ਖ਼ੁਸ਼ ਹੋਏ ਕਿ ਉਸ ਨੂੰ ਸਾਡਾ ਕਿੰਨਾ ਫ਼ਿਕਰ ਸੀ। ਭੈਣਾਂ-ਭਰਾਵਾਂ ਵੱਲੋਂ ਪਿਆਰ ਨਾਲ ਕਹੇ ਦੋ ਲਫ਼ਜ਼ਾਂ ਤੋਂ ਵੀ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ।”
2 ਯਹੋਵਾਹ ਨੇ ਇਨਸਾਨਾਂ ਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਉਹ
3. ਕਿਹੜੀਆਂ ਗੱਲਾਂ ਕਰਕੇ ਸਾਨੂੰ ਪੱਕਾ ਯਕੀਨ ਹੈ ਕਿ ਯਹੋਵਾਹ ਸਾਨੂੰ ਹਮੇਸ਼ਾ ਪਿਆਰ ਕਰਦਾ ਰਹੇਗਾ?
3 ਉੱਪਰ ਜ਼ਿਕਰ ਕੀਤੇ ਗਵਾਹਾਂ ਨੂੰ ਪੂਰਾ ਯਕੀਨ ਸੀ ਕਿ ਪਰਮੇਸ਼ੁਰ ਔਖੀਆਂ ਘੜੀਆਂ ਵਿਚ ਉਨ੍ਹਾਂ ਦੇ ਨਾਲ ਸੀ। ਅਸੀਂ ਵੀ ਯਕੀਨ ਕਰ ਸਕਦੇ ਹਾਂ ਕਿ ਉਹ ਸਾਡੇ ਨਾਲ ਹੈ। (ਜ਼ਬੂ. 118:6, 7) ਇਸ ਲੇਖ ਵਿਚ ਅਸੀਂ ਚਾਰ ਗੱਲਾਂ ’ਤੇ ਗੌਰ ਕਰਾਂਗੇ ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ। ਉਹ ਹਨ: (1) ਉਸ ਦੀਆਂ ਸ੍ਰਿਸ਼ਟ ਕੀਤੀਆਂ ਚੀਜ਼ਾਂ, (2) ਬਾਈਬਲ, (3) ਪ੍ਰਾਰਥਨਾ ਤੇ (4) ਰਿਹਾਈ ਦੀ ਕੀਮਤ। ਯਹੋਵਾਹ ਨੇ ਸਾਡੇ ਲਈ ਜੋ ਚੰਗੇ ਕੰਮ ਕੀਤੇ ਹਨ, ਉਨ੍ਹਾਂ ਉੱਤੇ ਸੋਚ-ਵਿਚਾਰ ਕਰਨ ਨਾਲ ਇਸ ਗੱਲ ਲਈ ਸਾਡੀ ਕਦਰ ਵਧੇਗੀ ਕਿ ਯਹੋਵਾਹ ਸਾਨੂੰ ਪਿਆਰ ਕਰਨਾ ਕਦੇ ਨਹੀਂ ਛੱਡੇਗਾ।
ਯਹੋਵਾਹ ਦੀ ਸ੍ਰਿਸ਼ਟੀ ’ਤੇ ਸੋਚ-ਵਿਚਾਰ ਕਰੋ
4. ਯਹੋਵਾਹ ਦੀ ਸ੍ਰਿਸ਼ਟੀ ਉੱਤੇ ਸੋਚ-ਵਿਚਾਰ ਕਰ ਕੇ ਅਸੀਂ ਕੀ ਸਿੱਖਦੇ ਹਾਂ?
4 ਜਦੋਂ ਅਸੀਂ ਯਹੋਵਾਹ ਦੀਆਂ ਸ੍ਰਿਸ਼ਟ ਕੀਤੀਆਂ ਚੀਜ਼ਾਂ ਨੂੰ ਦੇਖਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ। (ਰੋਮੀ. 1:20) ਮਿਸਾਲ ਲਈ, ਉਸ ਨੇ ਧਰਤੀ ਅਤੇ ਇਸ ਦੇ ਵਾਤਾਵਰਣ ਨੂੰ ਐਨ ਸਹੀ ਢੰਗ ਨਾਲ ਬਣਾਇਆ ਹੈ ਜੋ ਸਾਡੇ ਜੀਉਣ ਅਤੇ ਵਧਣ-ਫੁੱਲਣ ਲਈ ਢੁਕਵਾਂ ਹੈ। ਪਰ ਯਹੋਵਾਹ ਨੇ ਸਾਨੂੰ ਸਿਰਫ਼ ਬਣਾ ਕੇ ਹੀ ਨਹੀਂ ਛੱਡ ਦਿੱਤਾ, ਸਗੋਂ ਉਸ ਨੇ ਸਾਨੂੰ ਖਾਣ ਲਈ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਦਿੱਤੀਆਂ ਹਨ ਤਾਂਕਿ ਅਸੀਂ ਜ਼ਿੰਦਗੀ ਦਾ ਮਜ਼ਾ ਲੈ ਸਕੀਏ। (ਉਪ. 9:7) ਕੈਨੇਡਾ ਵਿਚ ਕੈਥਰੀਨ ਨਾਂ ਦੀ ਭੈਣ ਨੂੰ ਸ੍ਰਿਸ਼ਟੀ ਦੇਖ ਕੇ ਬਹੁਤ ਖ਼ੁਸ਼ੀ ਮਿਲਦੀ ਹੈ, ਖ਼ਾਸ ਕਰਕੇ ਬਸੰਤ ਦੀ ਰੁੱਤ ਵਿਚ। ਉਹ ਕਹਿੰਦੀ ਹੈ: “ਇਹ ਦੇਖ ਕੇ ਸੱਚ-ਮੁੱਚ ਹੈਰਾਨੀ ਹੁੰਦੀ ਹੈ ਕਿ ਸਭ ਕੁਝ ਕਿਵੇਂ ਜਾਨਦਾਰ ਹੋ ਜਾਂਦਾ ਹੈ। ਫੁੱਲ ਆਪਣੇ ਆਪ ਖਿੜ ਉੱਠਦੇ ਹਨ ਅਤੇ ਪੰਛੀ ਆਪਣੇ ਪਰਵਾਸ ਤੋਂ ਮੁੜ ਆਉਂਦੇ ਹਨ, ਜਿਵੇਂ ਕਿ ਛੋਟਾ ਜਿਹਾ ਹੰਮਿਗਬਰਡ ਜੋ ਆਪਣਾ ਰਾਹ ਲੱਭ ਕੇ ਮੇਰੀ ਰਸੋਈ ਦੇ ਬਾਹਰ ਖਿੜਕੀ ਕੋਲ ਚੋਗਾ ਚੁਗਣ ਆ ਜਾਂਦਾ ਹੈ। ਯਹੋਵਾਹ ਨੇ ਸਾਡੀ ਖ਼ੁਸ਼ੀ ਲਈ ਇਹ ਸਾਰਾ ਕੁਝ ਦੇ ਕੇ ਆਪਣੇ ਪਿਆਰ ਦਾ ਸਬੂਤ ਦਿੱਤਾ ਹੈ।” ਸਾਡਾ ਪਿਆਰਾ ਸਵਰਗੀ ਪਿਤਾ ਆਪਣੀ ਸ੍ਰਿਸ਼ਟੀ ਨੂੰ ਪਿਆਰ ਕਰਦਾ ਹੈ ਤੇ ਚਾਹੁੰਦਾ ਹੈ ਕਿ ਅਸੀਂ ਵੀ ਇਸ ਦਾ ਮਜ਼ਾ ਲਈਏ।
5. ਯਹੋਵਾਹ ਨੇ ਇਨਸਾਨਾਂ ਨੂੰ ਜਿਸ ਤਰੀਕੇ ਨਾਲ ਬਣਾਇਆ ਹੈ, ਉਸ ਤੋਂ ਉਸ ਦਾ ਪਿਆਰ ਕਿਵੇਂ ਜ਼ਾਹਰ ਹੁੰਦਾ ਹੈ?
5 ਯਹੋਵਾਹ ਨੇ ਸਾਨੂੰ ਮਕਸਦ ਭਰੇ ਕੰਮਾਂ ਨੂੰ ਕਰਨ ਦੀ ਕਾਬਲੀਅਤ ਨਾਲ ਬਣਾਇਆ ਹੈ ਜਿਨ੍ਹਾਂ ਨੂੰ ਕਰ ਕੇ ਸਾਨੂੰ ਮਜ਼ਾ ਆਉਂਦਾ ਹੈ। (ਉਪ. 2:24) ਉਸ ਨੇ ਇਨਸਾਨਾਂ ਨੂੰ ਧਰਤੀ ਨੂੰ ਭਰਨ, ਇਸ ਉੱਤੇ ਖੇਤੀਬਾੜੀ ਕਰਨ, ਮੱਛੀਆਂ, ਪੰਛੀਆਂ ਤੇ ਹੋਰ ਜੀਉਂਦੀਆਂ ਚੀਜ਼ਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। (ਉਤ. 1:26-28) ਨਾਲੇ ਯਹੋਵਾਹ ਸਾਨੂੰ ਇੰਨਾ ਪਿਆਰ ਕਰਦਾ ਹੈ ਕਿ ਉਸ ਨੇ ਸਾਡੇ ਵਿਚ ਵਧੀਆ ਗੁਣ ਪਾਏ ਹਨ ਤਾਂਕਿ ਅਸੀਂ ਉਸ ਦੀ ਰੀਸ ਕਰ ਸਕੀਏ!
ਪਰਮੇਸ਼ੁਰ ਦੇ ਬਚਨ ਦੀ ਕਦਰ ਕਰੋ
6. ਸਾਨੂੰ ਯਹੋਵਾਹ ਦੇ ਬਚਨ ਲਈ ਗਹਿਰੀ ਕਦਰ ਕਿਉਂ ਦਿਖਾਉਣੀ ਚਾਹੀਦੀ ਹੈ?
6 ਯਹੋਵਾਹ ਨੇ ਸਾਨੂੰ ਬਾਈਬਲ ਦਿੱਤੀ ਹੈ ਕਿਉਂਕਿ ਉਹ ਸਾਨੂੰ ਪਿਆਰ ਕਰਦਾ ਹੈ। ਇਹ ਸਾਨੂੰ ਦੱਸਦੀ ਹੈ ਕਿ ਸਾਨੂੰ ਉਸ ਬਾਰੇ ਅਤੇ ਇਨਸਾਨਾਂ ਨਾਲ ਉਸ ਦੇ ਪੇਸ਼ ਆਉਣ ਦੇ ਤਰੀਕੇ ਬਾਰੇ ਕੀ ਜਾਣਨ ਦੀ ਲੋੜ ਹੈ। ਮਿਸਾਲ ਲਈ, ਬਾਈਬਲ ਦੱਸਦੀ ਹੈ ਕਿ ਉਹ ਇਜ਼ਰਾਈਲੀਆਂ ਨਾਲ ਕਿਵੇਂ ਪੇਸ਼ ਆਇਆ ਸੀ ਜੋ ਵਾਰ-ਵਾਰ ਉਸ ਦੇ ਹੁਕਮਾਂ ਨੂੰ ਤੋੜ ਦਿੰਦੇ ਸਨ। ਜ਼ਬੂਰਾਂ ਦੀ ਪੋਥੀ 78:38 ਕਹਿੰਦਾ ਹੈ: “ਉਸ ਰਹੀਮ ਹੋ ਕੇ ਉਨ੍ਹਾਂ ਦੀ ਬੁਰਿਆਈ ਨੂੰ ਖਿਮਾ ਕੀਤਾ, ਅਤੇ ਉਸ ਨੇ ਉਨ੍ਹਾਂ ਦਾ ਨਾਸ ਨਾ ਕੀਤਾ, ਹਾਂ, ਬਹੁਤ ਵਾਰੀ ਉਸ ਨੇ ਆਪਣਾ ਕ੍ਰੋਧ ਰੋਕ ਛੱਡਿਆ, ਅਤੇ ਆਪਣਾ ਸਾਰਾ ਗੁੱਸਾ ਨਾ ਭੜਕਾਇਆ।” ਇਸ ਆਇਤ ’ਤੇ ਸੋਚ-ਵਿਚਾਰ ਕਰ ਕੇ ਸਾਨੂੰ ਇਹ ਦੇਖਣ ਵਿਚ ਮਦਦ ਮਿਲ ਸਕਦੀ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਤੇ ਸਾਡੀ ਪਰਵਾਹ ਕਰਦਾ ਹੈ। ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਅਨਮੋਲ ਸਮਝਦਾ ਹੈ।
7. ਸਾਨੂੰ ਬਾਈਬਲ ਲਈ ਗਹਿਰੀ ਸ਼ਰਧਾ ਕਿਉਂ ਰੱਖਣੀ ਚਾਹੀਦੀ ਹੈ?
7 ਸਾਨੂੰ ਬਾਈਬਲ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ ਕਿਉਂਕਿ ਪਰਮੇਸ਼ੁਰ ਇਸ ਦੇ ਜ਼ਰੀਏ ਸਾਡੇ ਨਾਲ ਗੱਲ ਕਰਦਾ ਹੈ। ਜਦੋਂ ਮਾਪੇ ਅਤੇ ਬੱਚੇ ਆਪਸ ਵਿਚ ਖੁੱਲ੍ਹ ਕੇ ਗੱਲ ਕਰਦੇ ਹਨ, ਤਾਂ ਉਨ੍ਹਾਂ ਦਾ ਆਪਸੀ ਪਿਆਰ ਅਤੇ ਇਕ-ਦੂਜੇ ’ਤੇ ਭਰੋਸਾ ਵਧਦਾ ਹੈ। ਯਹੋਵਾਹ ਸਾਡਾ ਪਿਆਰਾ ਪਿਤਾ ਹੈ। ਭਾਵੇਂ ਕਿ ਅਸੀਂ ਕਦੇ ਉਸ ਨੂੰ ਦੇਖਿਆ ਨਹੀਂ ਜਾਂ ਉਸ ਦੀ ਆਵਾਜ਼ ਨਹੀਂ ਸੁਣੀ, ਪਰ ਉਹ ਆਪਣੇ ਬਚਨ ਦੇ ਰਾਹੀਂ ਸਾਡੇ ਨਾਲ ਸਿੱਧੀ ਗੱਲ ਕਰਦਾ ਹੈ। ਇਸ ਲਈ ਸਾਨੂੰ ਹਮੇਸ਼ਾ ਉਸ ਦੀ ਸੁਣਨ ਦੀ ਲੋੜ ਹੈ। (ਯਸਾ. 30:20, 21) ਯਹੋਵਾਹ ਸਾਨੂੰ ਸਹੀ ਰਾਹ ਦਿਖਾ ਕੇ ਸਾਨੂੰ ਖ਼ਤਰਿਆਂ ਤੋਂ ਬਚਾਉਣਾ ਚਾਹੁੰਦਾ ਹੈ। ਜਦੋਂ ਅਸੀਂ ਪਰਮੇਸ਼ੁਰ ਦਾ ਬਚਨ ਪੜ੍ਹਦੇ ਹਾਂ, ਤਾਂ ਸਾਨੂੰ ਉਸ ਬਾਰੇ ਜਾਣਕਾਰੀ ਮਿਲਦੀ ਹੈ ਤੇ ਸਾਡਾ ਉਸ ’ਤੇ ਭਰੋਸਾ ਵਧਦਾ ਹੈ।
8, 9. ਯਹੋਵਾਹ ਕੀ ਚਾਹੁੰਦਾ ਹੈ ਕਿ ਅਸੀਂ ਜਾਣੀਏ? ਬਾਈਬਲ ਦੀ ਇਕ ਮਿਸਾਲ ਦਿਓ।
8 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਜਾਣੀਏ ਕਿ ਉਹ ਸਾਨੂੰ ਬੇਹੱਦ ਪਿਆਰ ਕਰਦਾ ਹੈ ਤੇ ਸਾਡੀਆਂ ਕਮੀਆਂ ਕਮਜ਼ੋਰੀਆਂ ਨਹੀਂ ਦੇਖਦਾ। ਉਹ ਦੇਖਦਾ ਹੈ ਕਿ ਸਾਡੇ ਵਿਚ ਕਿਹੜੀ ਚੰਗੀ ਗੱਲ ਹੈ। (2 ਇਤ. 16:9) ਆਓ ਦੇਖੀਏ ਕਿ ਯਹੋਵਾਹ ਨੇ ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਵਿਚ ਕੀ ਚੰਗਾ ਦੇਖਿਆ ਸੀ। ਯਹੋਸ਼ਾਫ਼ਾਟ ਨੇ ਇਜ਼ਰਾਈਲ ਦੇ ਰਾਜੇ ਅਹਾਬ ਦਾ ਸਾਥ ਦੇਣ ਅਤੇ ਰਾਮੋਥ-ਗਿਲਆਦ ਵਿਚ ਅਰਾਮੀਆਂ ਨਾਲ ਲੜਨ ਦਾ ਗ਼ਲਤ ਫ਼ੈਸਲਾ ਕੀਤਾ। ਭਾਵੇਂ ਕਿ 400 ਝੂਠੇ ਨਬੀਆਂ ਨੇ ਅਹਾਬ ਨੂੰ ਕਿਹਾ ਸੀ ਕਿ ਉਹ ਯੁੱਧ ਵਿਚ ਜਿੱਤ ਜਾਵੇਗਾ, ਪਰ ਯਹੋਵਾਹ ਦੇ ਸੱਚੇ ਨਬੀ ਮੀਕਾਯਾਹ ਨੇ ਯਹੋਸ਼ਾਫ਼ਾਟ ਨੂੰ ਕਿਹਾ ਕਿ ਜੇ ਉਹ ਲੜਿਆ, ਤਾਂ ਉਹ ਹਾਰ ਦਾ ਮੂੰਹ ਦੇਖੇਗਾ। ਇਸੇ ਤਰ੍ਹਾਂ ਹੋਇਆ। ਅਹਾਬ ਲੜਾਈ ਵਿਚ ਮਾਰਿਆ ਗਿਆ ਤੇ ਯਹੋਸ਼ਾਫ਼ਾਟ ਮਸਾਂ ਹੀ ਬਚਿਆ। ਯੁੱਧ ਤੋਂ ਬਾਅਦ ਯਰੂਸ਼ਲਮ ਵਾਪਸ ਆਉਣ ਤੇ ਯਹੋਵਾਹ ਨੇ ਯੇਹੂ ਰਾਹੀਂ ਯਹੋਸ਼ਾਫ਼ਾਟ ਨੂੰ ਤਾੜਿਆ ਕਿ ਉਸ ਨੇ ਅਹਾਬ ਦਾ ਸਾਥ ਦੇ ਕੇ ਚੰਗਾ ਨਹੀਂ ਕੀਤਾ। ਫਿਰ ਵੀ ਯੇਹੂ ਨੇ ਉਸ ਨੂੰ ਕਿਹਾ: “ਤੇਰੇ ਵਿੱਚ ਗੁਣ ਹਨ।”
9 ਇਸ ਤੋਂ ਕਈ ਸਾਲ ਪਹਿਲਾਂ ਆਪਣੇ ਰਾਜ ਦੌਰਾਨ ਯਹੋਸ਼ਾਫ਼ਾਟ ਨੇ ਸਰਦਾਰਾਂ, ਲੇਵੀਆਂ ਅਤੇ ਪੁਜਾਰੀਆਂ ਨੂੰ ਯਹੂਦਾਹ ਦੇ ਸਾਰੇ ਸ਼ਹਿਰਾਂ ਵਿਚ ਭੇਜਿਆ ਤਾਂਕਿ ਉਹ ਲੋਕਾਂ ਨੂੰ ਯਹੋਵਾਹ ਦੇ ਕਾਨੂੰਨ ਬਾਰੇ ਸਿਖਾਉਣ। ਉਨ੍ਹਾਂ ਦੀ ਇਹ ਮੁਹਿੰਮ ਇੰਨੀ ਕਾਮਯਾਬ ਰਹੀ ਕਿ ਹੋਰ ਕੌਮਾਂ ਦੇ ਲੋਕਾਂ ਉੱਤੇ ਵੀ ਯਹੋਵਾਹ ਦਾ ਡਰ ਛਾ ਗਿਆ। (2 ਇਤ. 17:3-10) ਭਾਵੇਂ ਕਿ ਬਾਅਦ ਵਿਚ ਯਹੋਸ਼ਾਫ਼ਾਟ ਨੇ ਗ਼ਲਤ ਫ਼ੈਸਲਾ ਕੀਤਾ, ਪਰ ਯਹੋਵਾਹ ਇਸ ਤੋਂ ਪਹਿਲਾਂ ਕੀਤੇ ਉਸ ਦੇ ਚੰਗੇ ਕੰਮਾਂ ਨੂੰ ਨਹੀਂ ਭੁੱਲਿਆ। ਇਸ ਮਿਸਾਲ ਤੋਂ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਕਿਉਂਕਿ ਅਸੀਂ ਵੀ ਕਦੇ-ਕਦੇ ਗ਼ਲਤੀਆਂ ਕਰਦੇ ਹਾਂ। ਜੇ ਅਸੀਂ ਦਿਲੋਂ-ਜਾਨ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿੰਦੇ ਹਾਂ, ਤਾਂ ਉਹ ਸਾਨੂੰ ਪਿਆਰ ਕਰਦਾ ਰਹੇਗਾ ਅਤੇ ਸਾਡੇ ਚੰਗੇ ਕੰਮਾਂ ਨੂੰ ਕਦੇ ਨਹੀਂ ਭੁੱਲੇਗਾ।
ਪ੍ਰਾਰਥਨਾ ਦੇ ਸਨਮਾਨ ਦੀ ਕਦਰ ਕਰੋ
10, 11. (ੳ) ਪ੍ਰਾਰਥਨਾ ਯਹੋਵਾਹ ਦਾ ਖ਼ਾਸ ਇੰਤਜ਼ਾਮ ਕਿਉਂ ਹੈ? (ਅ) ਪਰਮੇਸ਼ੁਰ ਸ਼ਾਇਦ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦੇਵੇ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
10 ਇਕ ਪਿਆਰਾ ਪਿਤਾ ਆਪਣੇ ਬੱਚਿਆਂ ਦੀ ਗੱਲ ਸੁਣਨ ਲਈ ਸਮਾਂ ਕੱਢਦਾ ਹੈ ਜਦੋਂ ਬੱਚੇ ਉਸ ਨਾਲ ਗੱਲ ਕਰਨੀ ਚਾਹੁੰਦੇ ਹਨ। ਉਹ ਜਾਣਨਾ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਕਿਸ ਗੱਲ ਦੀ ਚਿੰਤਾ ਹੈ ਕਿਉਂਕਿ ਉਹ ਉਨ੍ਹਾਂ ਦੀ ਬਹੁਤ ਪਰਵਾਹ ਕਰਦਾ ਹੈ। ਸਾਡਾ ਸਵਰਗੀ ਪਿਤਾ ਯਹੋਵਾਹ ਵੀ ਇਸੇ ਤਰ੍ਹਾਂ ਕਰਦਾ ਹੈ। ਜਦੋਂ ਅਸੀਂ ਉਸ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਉਹ ਸਾਡੀ ਸੁਣਦਾ ਹੈ। ਉਸ ਨਾਲ ਗੱਲ ਕਰਨੀ ਵਾਕਈ ਇਕ ਵੱਡਾ ਸਨਮਾਨ ਹੈ!
11 ਅਸੀਂ ਕਿਸੇ ਵੀ ਸਮੇਂ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਉਹ ਸਾਡਾ ਦੋਸਤ ਹੈ ਜੋ ਹਮੇਸ਼ਾ ਸਾਡੀਆਂ ਪ੍ਰਾਰਥਨਾਵਾਂ ਸੁਣਨ ਲਈ ਤਿਆਰ ਰਹਿੰਦਾ ਹੈ। ਪਹਿਲਾਂ ਜ਼ਿਕਰ ਕੀਤੀ ਤੇਲੀਨ ਕਹਿੰਦੀ ਹੈ: “ਤੁਸੀਂ ਬਿਨਾਂ ਝਿਜਕੇ ਉਸ ਨੂੰ ਕੋਈ ਵੀ ਗੱਲ ਦੱਸ ਸਕਦੇ ਹੋ।” ਜਦੋਂ ਅਸੀਂ ਪਰਮੇਸ਼ੁਰ ਨੂੰ ਆਪਣੀਆਂ ਡੂੰਘੀਆਂ ਸੋਚਾਂ ਬਾਰੇ ਦੱਸਦੇ ਹਾਂ, ਤਾਂ ਉਹ ਸ਼ਾਇਦ ਸਾਨੂੰ ਬਾਈਬਲ ਦੀ ਕਿਸੇ ਆਇਤ, ਸਾਡੇ ਰਸਾਲੇ ਵਿਚ ਕਿਸੇ ਲੇਖ ਦੇ ਜ਼ਰੀਏ ਜਾਂ ਕਿਸੇ ਭੈਣ-ਭਰਾ ਰਾਹੀਂ ਹੌਸਲਾ ਦੇ ਕੇ ਸਾਨੂੰ ਜਵਾਬ ਦੇਵੇ। ਯਹੋਵਾਹ ਸਾਡੀਆਂ ਦੁਆਵਾਂ ਸੁਣਦਾ ਹੈ ਤੇ ਸਾਨੂੰ ਸਮਝਦਾ ਹੈ ਭਾਵੇਂ ਕਿ ਹੋਰ ਕੋਈ ਸਾਨੂੰ ਨਹੀਂ ਸਮਝਦਾ। ਇਸ ਤਰ੍ਹਾਂ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇ ਕੇ ਉਹ ਸਬੂਤ ਦਿੰਦਾ ਹੈ ਕਿ ਉਹ ਸਾਨੂੰ ਕਦੇ ਪਿਆਰ ਕਰਨਾ ਨਹੀਂ ਛੱਡਦਾ।
12. ਸਾਨੂੰ ਬਾਈਬਲ ਵਿਚ ਦਰਜ ਪ੍ਰਾਰਥਨਾਵਾਂ ’ਤੇ ਗੌਰ ਕਿਉਂ ਕਰਨਾ ਚਾਹੀਦਾ ਹੈ? ਇਕ ਮਿਸਾਲ ਦਿਓ।
12 ਬਾਈਬਲ ਵਿਚ ਦਰਜ ਪ੍ਰਾਰਥਨਾਵਾਂ ਤੋਂ ਅਸੀਂ ਕਾਫ਼ੀ ਕੁਝ ਸਿੱਖ ਸਕਦੇ ਹਾਂ। ਇਸ ਲਈ ਆਪਣੀ ਪਰਿਵਾਰਕ ਸਟੱਡੀ ਦੌਰਾਨ ਕਦੇ-ਕਦੇ ਚੰਗਾ ਹੋਵੇਗਾ ਕਿ ਅਸੀਂ ਇਨ੍ਹਾਂ ਪ੍ਰਾਰਥਨਾਵਾਂ ’ਤੇ ਗੌਰ ਕਰੀਏ। ਜਦੋਂ ਅਸੀਂ ਸੋਚ-ਵਿਚਾਰ ਕਰਾਂਗੇ ਕਿ ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਸੇਵਕਾਂ ਨੇ ਉਸ ਅੱਗੇ ਆਪਣੀਆਂ ਗਹਿਰੀਆਂ ਭਾਵਨਾਵਾਂ ਕਿਵੇਂ ਪ੍ਰਗਟਾਈਆਂ ਸਨ, ਤਾਂ ਸਾਡੀਆਂ ਪ੍ਰਾਰਥਨਾਵਾਂ ਵਿਚ ਵੀ ਨਿਖਾਰ ਆਵੇਗਾ। ਮਿਸਾਲ ਲਈ, ਯੂਨਾਹ ਦੀ ਪਛਤਾਵੇ ਲਈ ਕੀਤੀ ਪ੍ਰਾਰਥਨਾ ’ਤੇ ਗੌਰ ਕਰੋ ਜਦੋਂ ਉਹ ਵੱਡੀ ਸਾਰੀ ਮੱਛੀ ਦੇ ਢਿੱਡ ਵਿਚ ਸੀ। (ਯੂਨਾ. 1:17–2:10) ਮੰਦਰ ਦੇ ਉਦਘਾਟਨ ਵੇਲੇ ਸੁਲੇਮਾਨ ਦੀ ਯਹੋਵਾਹ ਨੂੰ ਦਿਲੋਂ ਕੀਤੀ ਪ੍ਰਾਰਥਨਾ ’ਤੇ ਸੋਚ-ਵਿਚਾਰ ਕਰੋ। (1 ਰਾਜ. 8:22-53) ਨਾਲੇ ਯਿਸੂ ਦੀ ਸਿਖਾਈ ਪ੍ਰਾਰਥਨਾ ’ਤੇ ਵੀ ਗੌਰ ਕਰੋ। (ਮੱਤੀ 6:9-13) ਸਭ ਤੋਂ ਜ਼ਰੂਰੀ ਹੈ ਕਿ ਬਾਕਾਇਦਾ ‘ਪਰਮੇਸ਼ੁਰ ਨੂੰ ਬੇਨਤੀ ਕਰੋ।’ ਇਸ ਦੇ ਨਤੀਜੇ ਵਜੋਂ “ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।” ਇਸ ਤਰ੍ਹਾਂ ਯਹੋਵਾਹ ਦੇ ਅਸੀਮ ਪਿਆਰ ਲਈ ਸਾਡੀ ਸ਼ੁਕਰਗੁਜ਼ਾਰੀ ਵਧਦੀ ਜਾਵੇਗੀ।
ਰਿਹਾਈ ਦੀ ਕੀਮਤ ਲਈ ਕਦਰਦਾਨੀ ਦਿਖਾਓ
13. ਰਿਹਾਈ ਦੀ ਕੀਮਤ ਦੇ ਇੰਤਜ਼ਾਮ ਕਾਰਨ ਇਨਸਾਨਾਂ ਨੂੰ ਕਿਹੜਾ ਮੌਕਾ ਮਿਲਿਆ ਹੈ?
13 ਯਹੋਵਾਹ ਨੇ ਸਾਡੇ ਲਈ ਰਿਹਾਈ ਦੀ ਕੀਮਤ ਦਾ ਇੰਤਜ਼ਾਮ ਕੀਤਾ ਤਾਂਕਿ “ਸਾਨੂੰ ਜ਼ਿੰਦਗੀ ਮਿਲੇ।” (1 ਯੂਹੰ. 4:9) ਯਹੋਵਾਹ ਦੇ ਇਸ ਬੇਮਿਸਾਲ ਪਿਆਰ ਦਾ ਜ਼ਿਕਰ ਕਰਦਿਆਂ ਪੌਲੁਸ ਰਸੂਲ ਨੇ ਲਿਖਿਆ: “ਮਸੀਹ ਮਿਥੇ ਹੋਏ ਸਮੇਂ ਤੇ ਦੁਸ਼ਟ ਲੋਕਾਂ ਲਈ ਮਰਿਆ। ਕਿਸੇ ਧਰਮੀ ਇਨਸਾਨ ਲਈ ਸ਼ਾਇਦ ਹੀ ਕੋਈ ਮਰੇ; ਪਰ ਹੋ ਸਕਦਾ ਹੈ ਕਿ ਚੰਗੇ ਇਨਸਾਨ ਲਈ ਕੋਈ ਮਰਨ ਲਈ ਤਿਆਰ ਹੋਵੇ। ਪਰ ਪਰਮੇਸ਼ੁਰ ਸਾਡੇ ਲਈ ਆਪਣੇ ਪਿਆਰ ਦਾ ਸਬੂਤ ਇਸ ਤਰ੍ਹਾਂ ਦਿੰਦਾ ਹੈ: ਜਦੋਂ ਅਸੀਂ ਅਜੇ ਪਾਪੀ ਹੀ ਸਾਂ, ਤਾਂ ਮਸੀਹ ਸਾਡੇ ਲਈ ਮਰਿਆ।” (ਰੋਮੀ. 5:6-8) ਰਿਹਾਈ ਦੀ ਕੀਮਤ ਦਾ ਇੰਤਜ਼ਾਮ ਪਰਮੇਸ਼ੁਰ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਹੈ। ਇਸ ਕਾਰਨ ਇਨਸਾਨਾਂ ਨੂੰ ਪਰਮੇਸ਼ੁਰ ਨਾਲ ਨਜ਼ਦੀਕੀ ਰਿਸ਼ਤਾ ਜੋੜਨ ਦਾ ਮੌਕਾ ਮਿਲਿਆ ਹੈ।
14, 15. ਰਿਹਾਈ ਦੀ ਕੀਮਤ (ੳ) ਚੁਣੇ ਹੋਏ ਮਸੀਹੀਆਂ ਲਈ ਕੀ ਅਹਿਮੀਅਤ ਰੱਖਦੀ ਹੈ? (ਅ) ਧਰਤੀ ’ਤੇ ਜੀਉਣ ਦੀ ਉਮੀਦ ਰੱਖਣ ਵਾਲਿਆਂ ਲਈ ਕੀ ਅਹਿਮੀਅਤ ਰੱਖਦੀ ਹੈ?
14 ਰਿਹਾਈ ਦੀ ਕੀਮਤ ਕਰਕੇ ਮਸੀਹੀਆਂ ਦਾ ਇਕ ਛੋਟਾ ਜਿਹਾ ਗਰੁੱਪ ਯਹੋਵਾਹ ਦੇ ਪਿਆਰ ਨੂੰ ਇਕ ਖ਼ਾਸ ਤਰੀਕੇ ਨਾਲ ਮਹਿਸੂਸ ਕਰਦਾ ਹੈ। (ਯੂਹੰ. 1:12, 13; 3:5-7) ਪਰਮੇਸ਼ੁਰ ਨੇ ਇਨ੍ਹਾਂ ਮਸੀਹੀਆਂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਹੈ ਜਿਸ ਕਰਕੇ ਉਹ “ਪਰਮੇਸ਼ੁਰ ਦੇ ਬੱਚੇ” ਬਣ ਗਏ ਹਨ। (ਰੋਮੀ. 8:15, 16) ਪੌਲੁਸ ਨੇ ਚੁਣੇ ਹੋਏ ਮਸੀਹੀਆਂ ਬਾਰੇ ਕਿਹਾ ਕਿ ‘ਯਿਸੂ ਮਸੀਹ ਦੇ ਚੇਲੇ ਹੋਣ ਕਰਕੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਜੀਉਂਦਾ ਕੀਤਾ ਅਤੇ ਸਵਰਗ ਵਿਚ ਉਸ ਨਾਲ ਬਿਠਾਇਆ।’ (ਅਫ਼. 2:6) ਉਨ੍ਹਾਂ ਨੂੰ ਇਹ ਸਨਮਾਨ ਇਸ ਲਈ ਮਿਲਿਆ ਹੈ ਕਿਉਂਕਿ ਉਨ੍ਹਾਂ ਉੱਤੇ “ਵਾਅਦਾ ਕੀਤੀ ਗਈ ਪਵਿੱਤਰ ਸ਼ਕਤੀ ਨਾਲ ਮੁਹਰ ਲਾਈ” ਗਈ ਹੈ ਜੋ “ਵਿਰਾਸਤ ਮਿਲਣ ਤੋਂ ਪਹਿਲਾਂ ਬਿਆਨੇ ਦੇ ਤੌਰ ਤੇ ਦਿੱਤੀ ਜਾਂਦੀ ਹੈ।” ਕਹਿਣ ਦਾ ਮਤਲਬ ਹੈ ਕਿ ਇਹ ‘ਉਮੀਦ ਸਵਰਗ ਵਿਚ ਉਨ੍ਹਾਂ ਲਈ ਰੱਖੀ ਗਈ ਹੈ।’
15 ਜਿਨ੍ਹਾਂ ਜ਼ਿਆਦਾਤਰ ਲੋਕਾਂ ਨੂੰ ਪਵਿੱਤਰ ਸ਼ਕਤੀ ਨਾਲ ਨਹੀਂ ਚੁਣਿਆ ਗਿਆ, ਉਹ ਵੀ ਪਰਮੇਸ਼ੁਰ ਦੇ ਦੋਸਤ ਬਣ ਸਕਦੇ ਹਨ ਜੇ ਉਹ ਰਿਹਾਈ ਦੀ ਕੀਮਤ ’ਤੇ ਨਿਹਚਾ ਕਰਨ। ਉਹ ਵੀ ਪਰਮੇਸ਼ੁਰ ਦੇ ਬੱਚੇ ਬਣ ਸਕਦੇ ਹਨ ਤੇ ਬਾਗ਼ ਵਰਗੀ ਸੋਹਣੀ ਧਰਤੀ ਉੱਤੇ ਹਮੇਸ਼ਾ ਲਈ ਜੀ ਸਕਦੇ ਹਨ। ਇਸ ਤਰ੍ਹਾਂ ਯਹੋਵਾਹ ਰਿਹਾਈ ਦੀ ਕੀਮਤ ਦੇ ਜ਼ਰੀਏ ਸਾਰੇ ਇਨਸਾਨਾਂ ਲਈ ਆਪਣਾ ਪਿਆਰ ਜ਼ਾਹਰ ਕਰਦਾ ਹੈ। (ਯੂਹੰ. 3:16) ਜੇ ਅਸੀਂ ਧਰਤੀ ਉੱਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਰੱਖਦੇ ਹਾਂ ਤੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿੰਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਨਵੀਂ ਦੁਨੀਆਂ ਵਿਚ ਸਾਨੂੰ ਖ਼ੁਸ਼ੀਆਂ ਭਰੀ ਜ਼ਿੰਦਗੀ ਦੇਵੇਗਾ! ਇਸ ਲਈ ਆਓ ਆਪਾਂ ਰਿਹਾਈ ਦੀ ਕੀਮਤ ਲਈ ਕਦਰ ਦਿਖਾਈਏ ਜੋ ਸਾਡੇ ਲਈ ਪਰਮੇਸ਼ੁਰ ਦੇ ਅਸੀਮ ਪਿਆਰ ਦਾ ਸਭ ਤੋਂ ਵੱਡਾ ਸਬੂਤ ਹੈ!
ਯਹੋਵਾਹ ਲਈ ਆਪਣਾ ਪਿਆਰ ਜ਼ਾਹਰ ਕਰੋ
16. ਯਹੋਵਾਹ ਦੇ ਪਿਆਰ ’ਤੇ ਸੋਚ-ਵਿਚਾਰ ਕਰ ਕੇ ਅਸੀਂ ਕੀ ਕਰਨ ਲਈ ਪ੍ਰੇਰਿਤ ਹੋਵਾਂਗੇ?
16 ਯਹੋਵਾਹ ਨੇ ਸਾਡੇ ਲਈ ਜਿਨ੍ਹਾਂ ਤਰੀਕਿਆਂ ਨਾਲ ਪਿਆਰ ਜ਼ਾਹਰ ਕੀਤਾ ਹੈ, ਉਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਗਾਇਆ: “ਹੇ ਪਰਮੇਸ਼ੁਰ, ਤੇਰੇ ਵਿਚਾਰ ਮੇਰੇ ਲਈ ਕੇਡੇ ਬਹੁਮੁੱਲੇ ਹਨ, ਉਨ੍ਹਾਂ ਦਾ ਜੋੜ ਕੇਡਾ ਵੱਡਾ ਹੈ! ਜੇ ਮੈਂ ਉਨ੍ਹਾਂ ਨੂੰ ਗਿਣਾਂ, ਓਹ ਰੇਤ ਦੇ ਦਾਣਿਆਂ ਨਾਲੋਂ ਵੀ ਵੱਧ ਹਨ।” (ਜ਼ਬੂ. 139:17, 18) ਯਹੋਵਾਹ ਨੇ ਜਿਨ੍ਹਾਂ ਅਣਗਿਣਤ ਤਰੀਕਿਆਂ ਨਾਲ ਸਾਡੇ ਲਈ ਪਿਆਰ ਦਿਖਾਇਆ ਹੈ, ਉਨ੍ਹਾਂ ਤਰੀਕਿਆਂ ’ਤੇ ਸੋਚ-ਵਿਚਾਰ ਕਰਨ ਨਾਲ ਅਸੀਂ ਉਸ ਨਾਲ ਪਿਆਰ ਕਰਨ ਲਈ ਪ੍ਰੇਰਿਤ ਹੋਵਾਂਗੇ। ਤਾਂ ਫਿਰ ਆਓ ਆਪਾਂ ਪੂਰੀ ਵਾਹ ਲਾ ਕੇ ਉਸ ਦੀ ਭਗਤੀ ਕਰੀਏ।
17, 18. ਅਸੀਂ ਕਿਨ੍ਹਾਂ ਕੁਝ ਤਰੀਕਿਆਂ ਰਾਹੀਂ ਯਹੋਵਾਹ ਲਈ ਆਪਣਾ ਪਿਆਰ ਜ਼ਾਹਰ ਕਰ ਸਕਦੇ ਹਾਂ?
17 ਅਸੀਂ ਕਈ ਤਰੀਕਿਆਂ ਨਾਲ ਯਹੋਵਾਹ ਲਈ ਆਪਣਾ ਪਿਆਰ ਜ਼ਾਹਰ ਕਰ ਸਕਦੇ ਹਾਂ। ਮਿਸਾਲ ਲਈ, ਅਸੀਂ ਲੋਕਾਂ ਨੂੰ ਜੋਸ਼ ਨਾਲ ਰਾਜ ਦੀ ਖ਼ੁਸ਼ ਖ਼ਬਰੀ ਸੁਣਾ ਕੇ ਪਰਮੇਸ਼ੁਰ ਲਈ ਆਪਣਾ ਪਿਆਰ ਦਿਖਾ ਸਕਦੇ ਹਾਂ। (ਮੱਤੀ 24:14; 28:19, 20) ਅਸੀਂ ਨਿਹਚਾ ਪਰਖਣ ਵਾਲੀਆਂ ਅਜ਼ਮਾਇਸ਼ਾਂ ਵਿਚ ਵਫ਼ਾਦਾਰ ਰਹਿ ਕੇ ਯਹੋਵਾਹ ਲਈ ਪਿਆਰ ਦਿਖਾ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 84:11; ਯਾਕੂਬ 1:2-5 ਪੜ੍ਹੋ।) ਜਦੋਂ ਸਾਡੇ ਲਈ ਅਜ਼ਮਾਇਸ਼ਾਂ ਸਹਿਣੀਆਂ ਔਖੀਆਂ ਹੋ ਜਾਂਦੀਆਂ ਹਨ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਦੁੱਖਾਂ ਨੂੰ ਦੇਖਦਾ ਹੈ ਤੇ ਸਾਡੀ ਜ਼ਰੂਰ ਮਦਦ ਕਰੇਗਾ ਕਿਉਂਕਿ ਅਸੀਂ ਉਸ ਲਈ ਅਨਮੋਲ ਹਾਂ।
18 ਯਹੋਵਾਹ ਲਈ ਆਪਣੇ ਪਿਆਰ ਕਰਕੇ ਅਸੀਂ ਉਸ ਦੀਆਂ ਬਣਾਈਆਂ ਸ਼ਾਨਦਾਰ ਚੀਜ਼ਾਂ ਉੱਤੇ ਸੋਚ-ਵਿਚਾਰ ਕਰਨ ਲਈ ਪ੍ਰੇਰਿਤ ਹੁੰਦੇ ਹਾਂ। ਜਦੋਂ ਅਸੀਂ ਬਾਈਬਲ ਦਾ ਚੰਗੀ ਤਰ੍ਹਾਂ ਅਧਿਐਨ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਤੇ ਉਸ ਦੇ ਬਚਨ ਦੀ ਗਹਿਰੀ ਕਦਰ ਕਰਦੇ ਹਾਂ। ਅਸੀਂ ਬਿਨਾਂ ਨਾਗਾ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ ਕਿਉਂਕਿ ਅਸੀਂ ਉਸ ਨਾਲ ਆਪਣੇ ਰਿਸ਼ਤੇ ਦੀ ਡੋਰ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ। ਜਦੋਂ ਅਸੀਂ ਰਿਹਾਈ ਦੀ ਕੀਮਤ ਦੇ ਉਸ ਦੇ ਬੇਸ਼ਕੀਮਤੀ ਤੋਹਫ਼ੇ ’ਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਉਸ ਨਾਲ ਪਿਆਰ ਕਰਨ ਲੱਗਦੇ ਹਾਂ। (1 ਯੂਹੰ. 2:1, 2) ਇਹ ਕੁਝ ਤਰੀਕੇ ਹਨ ਜਿਨ੍ਹਾਂ ਰਾਹੀਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੇ ਪਿਆਰ ਲਈ ਕਿੰਨੇ ਸ਼ੁਕਰਗੁਜ਼ਾਰ ਹਾਂ!