ਮਸੀਹ ਨੇ ਪਰਮੇਸ਼ੁਰ ਦੀ ਤਾਕਤ ਦਾ ਸਬੂਤ ਦਿੱਤਾ
‘ਮਸੀਹ ਦੇ ਰਾਹੀਂ ਪਰਮੇਸ਼ੁਰ ਦੀ ਤਾਕਤ ਦਾ ਸਬੂਤ ਮਿਲਦਾ ਹੈ।’—1 ਕੁਰਿੰ. 1:24.
1. ਪੌਲੁਸ ਨੇ ਕਿਉਂ ਕਿਹਾ ਸੀ ਕਿ ‘ਮਸੀਹ ਦੇ ਰਾਹੀਂ ਪਰਮੇਸ਼ੁਰ ਦੀ ਤਾਕਤ ਦਾ ਸਬੂਤ ਮਿਲਦਾ ਹੈ’?
ਯਹੋਵਾਹ ਨੇ ਬੜੇ ਹੈਰਾਨੀਜਨਕ ਤਰੀਕਿਆਂ ਨਾਲ ਯਿਸੂ ਮਸੀਹ ਰਾਹੀਂ ਆਪਣੀ ਤਾਕਤ ਦਾ ਸਬੂਤ ਦਿੱਤਾ। ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਉਸ ਨੇ ਬਹੁਤ ਸਾਰੇ ਚਮਤਕਾਰ ਕੀਤੇ। ਨਿਹਚਾ ਪੱਕੀ ਕਰਨ ਵਾਲੇ ਕੁਝ ਚਮਤਕਾਰਾਂ ਬਾਰੇ ਅਸੀਂ ਬਾਈਬਲ ਵਿੱਚੋਂ ਪੜ੍ਹ ਸਕਦੇ ਹਾਂ। (ਮੱਤੀ 9:35; ਲੂਕਾ 9:11) ਜੀ ਹਾਂ, ਯਹੋਵਾਹ ਨੇ ਯਿਸੂ ਨੂੰ ਬਹੁਤ ਸਾਰੀ ਤਾਕਤ ਦਿੱਤੀ ਜਿਸ ਕਰਕੇ ਪੌਲੁਸ ਰਸੂਲ ਨੇ ਕਿਹਾ: ‘ਮਸੀਹ ਦੇ ਰਾਹੀਂ ਪਰਮੇਸ਼ੁਰ ਦੀ ਤਾਕਤ ਦਾ ਸਬੂਤ ਮਿਲਦਾ ਹੈ।’ (1 ਕੁਰਿੰ. 1:24) ਪਰ ਯਿਸੂ ਦੇ ਚਮਤਕਾਰਾਂ ਦਾ ਸਾਡੇ ’ਤੇ ਕੀ ਅਸਰ ਪੈਂਦਾ ਹੈ?
2. ਅਸੀਂ ਯਿਸੂ ਦੇ ਚਮਤਕਾਰਾਂ ਤੋਂ ਕੀ ਸਿੱਖ ਸਕਦੇ ਹਾਂ?
2 ਪਤਰਸ ਰਸੂਲ ਨੇ ਕਿਹਾ ਕਿ ਯਿਸੂ ਨੇ “ਚਮਤਕਾਰ” ਕੀਤੇ ਸਨ। (ਰਸੂ. 2:22) ਇਨ੍ਹਾਂ ਚਮਤਕਾਰਾਂ ਤੋਂ ਅਸੀਂ ਕੀ ਸਿੱਖਦੇ ਹਾਂ? ਇਨ੍ਹਾਂ ਤੋਂ ਅਸੀਂ ਸਿੱਖਦੇ ਹਾਂ ਕਿ ਯਿਸੂ ਆਪਣੇ ਹਜ਼ਾਰ ਸਾਲ ਦੇ ਰਾਜ ਦੌਰਾਨ ਕੀ-ਕੀ ਕਰੇਗਾ। ਉਸ ਵੇਲੇ ਉਹ ਵੱਡੇ-ਵੱਡੇ ਚਮਤਕਾਰ ਕਰੇਗਾ ਜਿਨ੍ਹਾਂ ਤੋਂ ਸਾਰੇ ਇਨਸਾਨਾਂ ਨੂੰ ਫ਼ਾਇਦਾ ਹੋਵੇਗਾ। ਉਸ ਦੇ ਚਮਤਕਾਰਾਂ ਤੋਂ ਅਸੀਂ ਉਸ ਦੇ ਅਤੇ ਉਸ ਦੇ ਪਿਤਾ ਦੇ ਗੁਣਾਂ ਬਾਰੇ ਬਹੁਤ ਕੁਝ ਸਿੱਖਦੇ ਹਾਂ। ਇਸ ਲੇਖ ਵਿਚ ਅਸੀਂ ਯਿਸੂ ਦੇ ਤਿੰਨ ਚਮਤਕਾਰਾਂ ਬਾਰੇ ਗੱਲ ਕਰਾਂਗੇ ਅਤੇ ਸਿੱਖਾਂਗੇ ਕਿ ਇਨ੍ਹਾਂ ਦਾ ਅੱਜ ਤੇ ਆਉਣ ਵਾਲੇ ਕੱਲ੍ਹ ਨੂੰ ਸਾਡੀ ਜ਼ਿੰਦਗੀ ’ਤੇ ਕੀ ਅਸਰ ਪੈ ਸਕਦਾ ਹੈ।
ਦਰਿਆ-ਦਿਲੀ ਸਿਖਾਉਣ ਵਾਲਾ ਚਮਤਕਾਰ
3. (ੳ) ਯਿਸੂ ਨੇ ਆਪਣਾ ਪਹਿਲਾ ਚਮਤਕਾਰ ਕਿਉਂ ਕੀਤਾ ਸੀ? (ਅ) ਯਿਸੂ ਨੇ ਕਾਨਾ ਵਿਚ ਖੁੱਲ੍ਹ-ਦਿਲੀ ਕਿਵੇਂ ਦਿਖਾਈ?
3 ਯਿਸੂ ਨੇ ਆਪਣਾ ਪਹਿਲਾ ਚਮਤਕਾਰ ਕਾਨਾ ਨਾਂ ਦੇ ਪਿੰਡ ਵਿਚ ਕੀਤਾ ਸੀ। ਸ਼ਾਇਦ ਵਿਆਹ ’ਤੇ ਇੰਨੇ ਸਾਰੇ ਮਹਿਮਾਨ ਆ ਗਏ ਸਨ ਜਿਨ੍ਹਾਂ ਦੇ ਆਉਣ ਦੀ ਉਮੀਦ ਵੀ ਨਹੀਂ ਸੀ। ਵਜ੍ਹਾ ਚਾਹੇ ਜੋ ਵੀ ਸੀ, ਪਰ ਮਹਿਮਾਨਾਂ ਲਈ ਦਾਖਰਸ ਮੁੱਕ ਗਿਆ ਸੀ। ਇਹ ਨਵੇਂ ਵਿਆਹੇ ਜੋੜੇ ਲਈ ਬਹੁਤ ਸ਼ਰਮ ਦੀ ਗੱਲ ਹੋ ਸਕਦੀ ਸੀ ਕਿਉਂਕਿ ਪਰਾਹੁਣਿਆਂ ਦੀ ਦੇਖ-ਭਾਲ ਕਰਨੀ ਉਨ੍ਹਾਂ ਦਾ ਫ਼ਰਜ਼ ਬਣਦਾ ਸੀ। ਯਿਸੂ ਦੀ ਮਾਂ ਮਰੀਅਮ ਵੀ ਉੱਥੇ ਸੀ। ਕੀ ਮਰੀਅਮ ਨੇ ਯਿਸੂ ਨੂੰ ਉਨ੍ਹਾਂ ਦੀ ਮਦਦ ਕਰਨ ਲਈ ਇਸ ਲਈ ਕਿਹਾ ਸੀ ਕਿਉਂਕਿ ਉਸ ਨੂੰ ਵਿਸ਼ਵਾਸ ਸੀ ਕਿ ਯਿਸੂ ਕੋਲ ਉਨ੍ਹਾਂ ਦੀ ਮਦਦ ਕਰਨ ਦੀ ਤਾਕਤ ਸੀ? ਬਿਨਾਂ ਸ਼ੱਕ ਮਰੀਅਮ ਨੇ ਆਪਣੇ ਪੁੱਤਰ ਬਾਰੇ ਸਾਰੀਆਂ ਭਵਿੱਖਬਾਣੀਆਂ ’ਤੇ ਸੋਚ-ਵਿਚਾਰ ਕੀਤਾ ਹੋਵੇਗਾ ਤੇ ਉਸ ਨੂੰ ਇਹ ਵੀ ਪਤਾ ਸੀ ਕਿ ਉਹ “ਅੱਤ ਮਹਾਨ ਦਾ ਪੁੱਤਰ” ਕਹਾਵੇਗਾ। (ਲੂਕਾ 1:30-32; 2:52) ਇਕ ਗੱਲ ਤਾਂ ਪੱਕੀ ਹੈ ਕਿ ਮਰੀਅਮ ਤੇ ਯਿਸੂ ਲਾੜਾ-ਲਾੜੀ ਦੀ ਮਦਦ ਕਰਨੀ ਚਾਹੁੰਦੇ ਸਨ। ਇਸ ਲਈ ਯਿਸੂ ਨੇ ਲਗਭਗ 380 ਲੀਟਰ (100 ਗੈਲਨ) ਪਾਣੀ ਨੂੰ “ਵਧੀਆ ਦਾਖਰਸ” ਵਿਚ ਬਦਲ ਦਿੱਤਾ। (ਯੂਹੰਨਾ 2:3, 6-11 ਪੜ੍ਹੋ।) ਕੀ ਯਿਸੂ ਨੂੰ ਇਹ ਚਮਤਕਾਰ ਕਰਨ ਦੀ ਕੋਈ ਲੋੜ ਸੀ? ਨਹੀਂ। ਉਸ ਨੇ ਇਹ ਚਮਤਕਾਰ ਇਸ ਲਈ ਕੀਤਾ ਕਿਉਂਕਿ ਉਸ ਨੂੰ ਲੋਕਾਂ ਦੀ ਪਰਵਾਹ ਸੀ ਤੇ ਉਹ ਦਰਿਆ-ਦਿਲੀ ਦਿਖਾ ਕੇ ਆਪਣੇ ਪਿਤਾ ਦੀ ਰੀਸ ਕਰ ਰਿਹਾ ਸੀ।
4, 5. (ੳ) ਯਿਸੂ ਦੇ ਪਹਿਲੇ ਚਮਤਕਾਰ ਤੋਂ ਅਸੀਂ ਕੀ ਸਿੱਖਦੇ ਹਾਂ? (ਅ) ਕਾਨਾ ਵਿਚ ਕੀਤਾ ਗਿਆ ਚਮਤਕਾਰ ਭਵਿੱਖ ਬਾਰੇ ਸਾਨੂੰ ਕੀ ਦੱਸਦਾ ਹੈ?
4 ਯਿਸੂ ਨੇ ਚਮਤਕਾਰੀ ਢੰਗ ਨਾਲ ਇੰਨਾ ਸਾਰਾ ਦਾਖਰਸ ਬਣਾਇਆ ਕਿ ਉਹ ਬਹੁਤ ਸਾਰੇ ਮਹਿਮਾਨਾਂ ਦੇ ਮੁਕਾਇਆ ਨਹੀਂ ਸੀ ਮੁੱਕਣਾ। ਤੁਹਾਡੇ ਖ਼ਿਆਲ ਨਾਲ ਅਸੀਂ ਯਿਸੂ ਦੇ ਇਸ ਚਮਤਕਾਰ ਤੋਂ ਕੀ ਸਿੱਖਦੇ ਹਾਂ? ਯਿਸੂ ਤੇ ਯਹੋਵਾਹ ਕੰਜੂਸ ਨਹੀਂ ਹਨ, ਬਲਕਿ ਬਹੁਤ ਖੁੱਲ੍ਹ-ਦਿਲੇ ਹਨ। ਇਹ ਚਮਤਕਾਰ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਦੀ ਦਿਲੋਂ ਪਰਵਾਹ ਕਰਦੇ ਹਨ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੀ ਤਾਕਤ ਵਰਤ ਕੇ ਨਵੀਂ ਦੁਨੀਆਂ ਵਿਚ “ਸਾਰਿਆਂ ਲੋਕਾਂ ਲਈ” ਬਹੁਤ ਵੱਡੀ ਦਾਅਵਤ ਕਰੇਗਾ, ਭਾਵੇਂ ਕੋਈ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਕਿਉਂ ਨਾ ਰਹਿੰਦਾ ਹੋਵੇ।—ਯਸਾਯਾਹ 25:6 ਪੜ੍ਹੋ।
5 ਜ਼ਰਾ ਸੋਚੋ ਕਿ ਉਹ ਕਿੰਨਾ ਹੀ ਵਧੀਆ ਸਮਾਂ ਹੋਵੇਗਾ ਜਦੋਂ ਯਹੋਵਾਹ ਸਾਡੀ ਹਰ ਜਾਇਜ਼ ਲੋੜ ਤੇ ਇੱਛਾ ਪੂਰੀ ਕਰੇਗਾ! ਹਰ ਇਨਸਾਨ ਕੋਲ ਵਧੀਆ ਘਰ ਤੇ ਚੰਗਾ ਖਾਣ-ਪੀਣ ਲਈ ਹੋਵੇਗਾ। ਅਸੀਂ ਇਹ ਸੋਚ ਕੇ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ ਕਿ ਯਹੋਵਾਹ ਨਵੀਂ ਦੁਨੀਆਂ ਵਿਚ ਦਿਲ ਖੋਲ੍ਹ ਕੇ ਕਿੰਨੀਆਂ ਸ਼ਾਨਦਾਰ ਚੀਜ਼ਾਂ ਦੇਵੇਗਾ!
6. ਯਿਸੂ ਨੇ ਹਮੇਸ਼ਾ ਆਪਣੀ ਤਾਕਤ ਕਿੱਦਾਂ ਵਰਤੀ ਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?
6 ਯਿਸੂ ਨੇ ਕਦੀ ਵੀ ਆਪਣੀ ਤਾਕਤ ਆਪਣੇ ਫ਼ਾਇਦੇ ਲਈ ਨਹੀਂ ਵਰਤੀ। ਸੋਚੋ ਕਿ ਉਦੋਂ ਕੀ ਹੋਇਆ ਸੀ ਜਦੋਂ ਸ਼ੈਤਾਨ ਨੇ ਪੱਥਰਾਂ ਨੂੰ ਰੋਟੀ ਵਿਚ ਬਦਲਣ ਲਈ ਯਿਸੂ ਨੂੰ ਭਰਮਾਇਆ ਸੀ। ਉਸ ਵੇਲੇ ਯਿਸੂ ਨੇ ਆਪਣੀ ਤਾਕਤ ਆਪਣੇ ਫ਼ਾਇਦੇ ਲਈ ਵਰਤਣ ਤੋਂ ਸਾਫ਼ ਨਾਂਹ ਕਰ ਦਿੱਤੀ। (ਮੱਤੀ 4:2-4) ਪਰ ਯਿਸੂ ਨੇ ਆਪਣੀ ਤਾਕਤ ਹਮੇਸ਼ਾ ਦੂਜਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਰਤੀ। ਅਸੀਂ ਯਿਸੂ ਵਰਗਾ ਨਿਰਸੁਆਰਥੀ ਰਵੱਈਆ ਕਿਵੇਂ ਦਿਖਾ ਸਕਦੇ ਹਾਂ? ਯਿਸੂ ਨੇ ਕਿਹਾ ਕਿ ਸਾਨੂੰ ‘ਦੂਸਰਿਆਂ ਨੂੰ ਦਿੰਦੇ ਰਹਿਣਾ’ ਚਾਹੀਦਾ ਹੈ। (ਲੂਕਾ 6:38) ਅਸੀਂ ਇਸ ਤਰ੍ਹਾਂ ਕਰਨ ਲਈ ਦੂਜਿਆਂ ਨੂੰ ਆਪਣੇ ਘਰ ਖਾਣੇ ’ਤੇ ਬੁਲਾ ਸਕਦੇ ਹਾਂ। ਅਸੀਂ ਮੀਟਿੰਗਾਂ ਤੋਂ ਬਾਅਦ ਕਿਸੇ ਲੋੜਵੰਦ ਭੈਣ-ਭਰਾ ਦੀ ਮਦਦ ਕਰਨ ਲਈ ਉਸ ਨਾਲ ਸਮਾਂ ਬਿਤਾ ਸਕਦੇ ਹਾਂ, ਜਿਵੇਂ ਕਿ ਇਕ ਭਰਾ ਨੂੰ ਆਪਣੇ ਭਾਸ਼ਣ ਦਾ ਅਭਿਆਸ ਕਰਦਿਆਂ ਸੁਣਨਾ। ਇਸ ਤੋਂ ਇਲਾਵਾ, ਅਸੀਂ ਕਿਸੇ ਦੀ ਵਧੀਆ ਤਰੀਕੇ ਨਾਲ ਪ੍ਰਚਾਰ ਕਰਨ ਵਿਚ ਮਦਦ ਕਰਨ ਦੇ ਨਾਲ-ਨਾਲ ਹੋਰ ਲੋੜੀਂਦੀ ਮਦਦ ਵੀ ਕਰ ਸਕਦੇ ਹਾਂ। ਜਦੋਂ ਵੀ ਅਸੀਂ ਖ਼ੁਸ਼ੀ-ਖ਼ੁਸ਼ੀ ਦੂਜਿਆਂ ਦੀ ਮਦਦ ਕਰਦੇ ਹਾਂ ਤੇ ਹੌਸਲਾ ਦਿੰਦੇ ਹਾਂ, ਤਾਂ ਅਸੀਂ ਯਿਸੂ ਵਾਂਗ ਦਰਿਆ-ਦਿਲੀ ਦਿਖਾਉਂਦੇ ਹਾਂ।
“ਸਾਰੇ ਖਾ ਕੇ ਰੱਜ ਗਏ”
7. ਸ਼ੈਤਾਨ ਦੀ ਦੁਨੀਆਂ ਵਿਚ ਹਮੇਸ਼ਾ ਕਿਹੜੀ ਸਮੱਸਿਆ ਰਹੇਗੀ?
7 ਗ਼ਰੀਬੀ ਦੀ ਸਮੱਸਿਆ ਕੋਈ ਨਵੀਂ ਸਮੱਸਿਆ ਨਹੀਂ ਹੈ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ ਸੀ ਕਿ ‘ਕੰਗਾਲ ਦੇਸ ਵਿੱਚੋਂ ਬੰਦ ਨਾ ਹੋਣਗੇ।’ (ਬਿਵ. 15:11) ਸਦੀਆਂ ਬਾਅਦ ਯਿਸੂ ਨੇ ਵੀ ਕਿਹਾ ਸੀ ਕਿ “ਗ਼ਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਰਹਿਣਗੇ।” (ਮੱਤੀ 26:11) ਕੀ ਯਿਸੂ ਦੇ ਕਹਿਣ ਦਾ ਇਹ ਮਤਲਬ ਸੀ ਕਿ ਧਰਤੀ ’ਤੇ ਹਮੇਸ਼ਾ ਗ਼ਰੀਬੀ ਰਹੇਗੀ? ਨਹੀਂ, ਉਸ ਦੇ ਕਹਿਣ ਦਾ ਇਹ ਮਤਲਬ ਸੀ ਕਿ ਜਦ ਤਕ ਸ਼ੈਤਾਨ ਦੀ ਦੁਨੀਆਂ ਰਹੇਗੀ ਤਦ ਤਕ ਗ਼ਰੀਬੀ ਰਹੇਗੀ। ਪਰ ਨਵੀਂ ਦੁਨੀਆਂ ਵਿਚ ਜ਼ਿੰਦਗੀ ਕਿੰਨੀ ਹੀ ਹਸੀਨ ਹੋਵੇਗੀ! ਉਸ ਵੇਲੇ ਗ਼ਰੀਬੀ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ। ਸਾਰਿਆਂ ਕੋਲ ਰੱਜ ਕੇ ਖਾਣ ਨੂੰ ਹੋਵੇਗਾ।
8, 9. (ੳ) ਯਿਸੂ ਨੇ ਹਜ਼ਾਰਾਂ ਲੋਕਾਂ ਨੂੰ ਖਾਣਾ ਕਿਉਂ ਖੁਆਇਆ ਸੀ? (ਅ) ਤੁਸੀਂ ਯਿਸੂ ਦੇ ਇਸ ਚਮਤਕਾਰ ਬਾਰੇ ਕਿਵੇਂ ਮਹਿਸੂਸ ਕਰਦੇ ਹੋ?
8 ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਬਾਰੇ ਕਿਹਾ ਸੀ: “ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।” (ਜ਼ਬੂ. 145:16) ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਆਪਣੇ ਪਿਤਾ ਦੀ ਪੂਰੀ ਤਰ੍ਹਾਂ ਰੀਸ ਕੀਤੀ ਤੇ ਉਸ ਨੇ ਆਪਣੇ ਪਿੱਛੇ-ਪਿੱਛੇ ਆਏ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਇਸ ਤਰ੍ਹਾਂ ਉਸ ਨੇ ਆਪਣੀ ਤਾਕਤ ਦਾ ਦਿਖਾਵਾ ਕਰਨ ਲਈ ਨਹੀਂ ਕੀਤਾ। ਯਿਸੂ ਨੂੰ ਸੱਚੀਂ ਲੋਕਾਂ ਦੀ ਪਰਵਾਹ ਸੀ। ਆਓ ਆਪਾਂ ਮੱਤੀ 14:14-21 ’ਤੇ ਗੱਲ ਕਰੀਏ। (ਪੜ੍ਹੋ।) ਯਿਸੂ ਦੇ ਚੇਲੇ ਉਸ ਕੋਲ ਖਾਣ-ਪੀਣ ਬਾਰੇ ਗੱਲ ਕਰਨ ਆਏ। ਉਸ ਵੇਲੇ ਨਾ ਸਿਰਫ਼ ਉਨ੍ਹਾਂ ਨੂੰ ਭੁੱਖ ਲੱਗੀ ਹੋਈ ਸੀ, ਸਗੋਂ ਉਨ੍ਹਾਂ ਨੂੰ ਲੋਕਾਂ ਦੀ ਵੀ ਚਿੰਤਾ ਸਤਾਉਣ ਲੱਗੀ ਜੋ ਭੁੱਖੇ-ਪਿਆਸੇ ਤੇ ਥੱਕੇ ਹੋਏ ਸਨ। ਇਹ ਲੋਕ ਸ਼ਹਿਰਾਂ ਤੋਂ ਯਿਸੂ ਦੇ ਮਗਰ-ਮਗਰ ਪੈਦਲ ਆਏ ਸਨ। (ਮੱਤੀ 14:13) ਇਸ ਲਈ ਉਨ੍ਹਾਂ ਨੇ ਯਿਸੂ ਨੂੰ ਕਿਹਾ ਕਿ ਉਹ ਭੀੜ ਨੂੰ ਭੇਜ ਦੇਵੇ ਤਾਂਕਿ ਉਹ ਆਪਣੇ ਲਈ ਕੁਝ ਖਾਣ ਵਾਸਤੇ ਖ਼ਰੀਦ ਲਵੇ। ਹੁਣ ਯਿਸੂ ਕੀ ਕਰਦਾ?
9 ਯਿਸੂ ਨੇ ਪੰਜ ਰੋਟੀਆਂ ਤੇ ਦੋ ਮੱਛੀਆਂ ਨਾਲ ਲਗਭਗ 5,000 ਆਦਮੀਆਂ ਦੇ ਨਾਲ-ਨਾਲ ਔਰਤਾਂ ਤੇ ਬੱਚਿਆਂ ਨੂੰ ਵੀ ਰਜਾਇਆ। ਕਿੰਨੀ ਚੰਗੀ ਗੱਲ ਹੈ ਕਿ ਯਿਸੂ ਨੇ ਦਇਆ ਕਰ ਕੇ ਬੱਚਿਆਂ ਸਮੇਤ ਸਾਰੇ ਪਰਿਵਾਰਾਂ ਨੂੰ ਖਾਣਾ ਖਿਲਾਉਣ ਲਈ ਆਪਣੀ ਚਮਤਕਾਰੀ ਤਾਕਤ ਵਰਤੀ! ਯਿਸੂ ਨੇ ਉਨ੍ਹਾਂ ਨੂੰ ਪਿਆਰ ਨਾਲ ਬਹੁਤ ਸਾਰਾ ਖਾਣਾ ਖਿਲਾਇਆ ਕਿਉਂਕਿ ਭੀੜਾਂ ਦੀਆਂ ਭੀੜਾਂ ‘ਖਾ ਕੇ ਰੱਜ ਗਈਆਂ।’ ਖਾਣਾ ਖਾ ਕੇ ਉਨ੍ਹਾਂ ਨੂੰ ਜੋ ਤਾਕਤ ਮਿਲੀ ਉਸ ਨਾਲ ਉਹ ਆਪਣੇ ਘਰ ਮੁੜਨ ਲਈ ਲੰਬਾ ਸਫ਼ਰ ਤੈਅ ਕਰ ਸਕਦੇ ਸਨ। (ਲੂਕਾ 9:10-17) ਇੰਨਾ ਖਾਣਾ ਬਚ ਗਿਆ ਕਿ 12 ਟੋਕਰੀਆਂ ਭਰ ਗਈਆਂ!
10. ਆਉਣ ਵਾਲੇ ਸਮੇਂ ਵਿਚ ਗ਼ਰੀਬੀ ਦਾ ਕੀ ਹੋਵੇਗਾ?
10 ਲਾਲਚੀ ਤੇ ਭ੍ਰਿਸ਼ਟਾਚਾਰੀ ਹਾਕਮਾਂ ਕਰਕੇ ਲੱਖਾਂ ਹੀ ਲੋਕ ਗ਼ਰੀਬੀ ਦੀ ਮਾਰ ਝੱਲ ਰਹੇ ਹਨ। ਇੱਥੋਂ ਤਕ ਕਿ ਸਾਡੇ ਕੁਝ ਭੈਣਾਂ-ਭਰਾਵਾਂ ਨੂੰ ਵੀ ਪੇਟ ਭਰ ਖਾਣਾ ਨਹੀਂ ਮਿਲਦਾ। ਪਰ ਜਲਦੀ ਹੀ ਯਹੋਵਾਹ ਦਾ ਕਹਿਣਾ ਮੰਨਣ ਵਾਲੇ ਲੋਕ ਨਵੀਂ ਦੁਨੀਆਂ ਵਿਚ ਜੀਉਣਗੇ ਜਿੱਥੇ ਨਾ ਤਾਂ ਭ੍ਰਿਸ਼ਟਾਚਾਰ ਤੇ ਨਾ ਹੀ ਗ਼ਰੀਬੀ ਹੋਵੇਗੀ। ਯਹੋਵਾਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ ਜਿਸ ਕੋਲ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਤਾਕਤ ਹੈ ਤੇ ਉਹ ਪੂਰੀਆਂ ਕਰਨੀਆਂ ਵੀ ਚਾਹੁੰਦਾ ਹੈ। ਉਹ ਸਾਡੇ ਨਾਲ ਵਾਅਦਾ ਕਰਦਾ ਹੈ ਕਿ ਉਹ ਬਹੁਤ ਜਲਦ ਦੁੱਖਾਂ ਨੂੰ ਜੜ੍ਹੋਂ ਉਖਾੜ ਦੇਵੇਗਾ।—ਜ਼ਬੂਰਾਂ ਦੀ ਪੋਥੀ 72:16 ਪੜ੍ਹੋ।
11. ਤੁਹਾਨੂੰ ਕਿਉਂ ਯਕੀਨ ਹੈ ਕਿ ਮਸੀਹ ਜਲਦੀ ਹੀ ਸਾਰੀ ਧਰਤੀ ਉੱਤੇ ਆਪਣੀ ਤਾਕਤ ਦਾ ਇਸਤੇਮਾਲ ਕਰੇਗਾ? ਇਸ ਕਰਕੇ ਤੁਹਾਨੂੰ ਕੀ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ?
11 ਧਰਤੀ ’ਤੇ ਹੁੰਦਿਆਂ ਯਿਸੂ ਨੇ ਸਾਢੇ ਤਿੰਨ ਸਾਲਾਂ ਤਕ ਛੋਟੇ ਪੱਧਰ ’ਤੇ ਚਮਤਕਾਰ ਕੀਤੇ ਸਨ। (ਮੱਤੀ 15:24) ਪਰ ਆਪਣੇ ਹਜ਼ਾਰ ਸਾਲ ਦੇ ਰਾਜ ਦੌਰਾਨ ਉਹ ਵੱਡੇ ਪੱਧਰ ’ਤੇ ਲੋਕਾਂ ਦੀ ਮਦਦ ਕਰੇਗਾ। (ਜ਼ਬੂ. 72:8) ਯਿਸੂ ਦੇ ਚਮਤਕਾਰ ਸਾਨੂੰ ਭਰੋਸਾ ਦਿਵਾਉਂਦੇ ਹਨ ਕਿ ਉਹ ਸਾਡੇ ਭਲੇ ਲਈ ਆਪਣੀ ਤਾਕਤ ਦਾ ਇਸਤੇਮਾਲ ਕਰੇਗਾ। ਭਾਵੇਂ ਸਾਡੇ ਕੋਲ ਕੋਈ ਚਮਤਕਾਰ ਕਰਨ ਦੀ ਤਾਕਤ ਨਹੀਂ ਹੈ, ਫਿਰ ਵੀ ਅਸੀਂ ਕੀ ਕਰ ਸਕਦੇ ਹਾਂ? ਅਸੀਂ ਆਪਣਾ ਸਮਾਂ ਤੇ ਤਾਕਤ ਲਾ ਕੇ ਦੂਜਿਆਂ ਨੂੰ ਜੋਸ਼ ਨਾਲ ਬਾਈਬਲ ਵਿਚ ਦੱਸੇ ਸੁਨਹਿਰੇ ਭਵਿੱਖ ਬਾਰੇ ਦੱਸ ਸਕਦੇ ਹਾਂ। ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ। (ਰੋਮੀ. 1:14, 15) ਜਦੋਂ ਅਸੀਂ ਸੋਚ-ਵਿਚਾਰ ਕਰਦੇ ਹਾਂ ਕਿ ਯਿਸੂ ਮਸੀਹ ਜਲਦੀ ਹੀ ਕੀ ਕੁਝ ਕਰੇਗਾ, ਤਾਂ ਅਸੀਂ ਇਸ ਬਾਰੇ ਦੂਜਿਆਂ ਨੂੰ ਦੱਸਣ ਲਈ ਉਤਾਵਲੇ ਹੋਵਾਂਗੇ।—ਜ਼ਬੂ. 45:1; 49:3.
ਕੁਦਰਤੀ ਤਾਕਤਾਂ ਵੱਸ ਵਿਚ
12. ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਯਿਸੂ ਨੂੰ ਧਰਤੀ ਦੇ ਵਾਤਾਵਰਣ ਦਾ ਪੂਰਾ ਗਿਆਨ ਹੈ?
12 ਜਦੋਂ ਪਰਮੇਸ਼ੁਰ ਨੇ ਧਰਤੀ ਅਤੇ ਇਸ ਉਤਲੀਆਂ ਸਾਰੀਆਂ ਚੀਜ਼ਾਂ ਬਣਾਈਆਂ ਸਨ, ਤਾਂ ਯਿਸੂ “ਰਾਜ ਮਿਸਤਰੀ ਦੇ ਸਮਾਨ ਉਹ ਦੇ ਨਾਲ” ਸੀ। (ਕਹਾ. 8:22, 30, 31; ਕੁਲੁ. 1:15-17) ਯਿਸੂ ਨੂੰ ਧਰਤੀ ਦੇ ਵਾਤਾਵਰਣ ਦਾ ਪੂਰਾ ਗਿਆਨ ਹੈ। ਉਹ ਜਾਣਦਾ ਹੈ ਕਿ ਸਾਰੀਆਂ ਕੁਦਰਤੀ ਚੀਜ਼ਾਂ ਨੂੰ ਕਿਵੇਂ ਸਹੀ ਤਰੀਕੇ ਨਾਲ ਵਰਤਣਾ, ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਅਤੇ ਬਰਾਬਰ ਮਾਤਰਾ ਵਿਚ ਵੰਡਣਾ ਹੈ।
13, 14. ਇਕ ਮਿਸਾਲ ਦੇ ਕੇ ਸਮਝਾਓ ਕਿ ਯਿਸੂ ਕਿਵੇਂ ਕੁਦਰਤੀ ਤਾਕਤਾਂ ਨੂੰ ਆਪਣੇ ਵੱਸ ਵਿਚ ਕਰ ਸਕਦਾ ਹੈ।
13 ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਕੁਦਰਤੀ ਤਾਕਤਾਂ ਨੂੰ ਆਪਣੇ ਵੱਸ ਵਿਚ ਕਰ ਕੇ ਦਿਖਾਇਆ ਕਿ ਉਸ ਕੋਲ ਪਰਮੇਸ਼ੁਰ ਦੀ ਤਾਕਤ ਸੀ। ਮਿਸਾਲ ਲਈ, ਸੋਚੋ ਕਿ ਯਿਸੂ ਨੇ ਤੂਫ਼ਾਨ ਨੂੰ ਆਪਣੇ ਵੱਸ ਵਿਚ ਕਿਵੇਂ ਕੀਤਾ। (ਮਰਕੁਸ 4:37-39 ਪੜ੍ਹੋ।) ਬਾਈਬਲ ਦਾ ਇਕ ਵਿਦਵਾਨ ਸਮਝਾਉਂਦਾ ਹੈ ਕਿ ਮਰਕੁਸ ਵਿਚ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਤੂਫ਼ਾਨ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਬਹੁਤ ਜ਼ਬਰਦਸਤ ਤੂਫ਼ਾਨ ਜਾਂ ਝੱਖੜ। ਇੱਥੇ ਉਸ ਤੂਫ਼ਾਨ ਦੀ ਗੱਲ ਕੀਤੀ ਗਈ ਹੈ ਜਿਸ ਦੇ ਆਉਣ ਵੇਲੇ ਕਾਲੇ ਬੱਦਲ ਛਾਏ ਹੁੰਦੇ ਹਨ, ਜ਼ੋਰਦਾਰ ਹਨੇਰੀ ਵਗਦੀ ਹੈ, ਗਰਜਾਂ ਹੁੰਦੀਆਂ ਅਤੇ ਮੋਹਲੇਧਾਰ ਮੀਂਹ ਪੈਂਦਾ ਹੈ। ਜਦੋਂ ਇਹ ਤੂਫ਼ਾਨ ਥੰਮ੍ਹਦਾ ਹੈ, ਤਾਂ ਸਾਰਾ ਕੁਝ ਤਹਿਸ-ਨਹਿਸ ਹੋ ਚੁੱਕਾ ਹੁੰਦਾ ਹੈ। ਮੱਤੀ ਨੇ ਇਸ ਤੂਫ਼ਾਨ ਨੂੰ “ਬਹੁਤ ਵੱਡਾ ਤੂਫ਼ਾਨ” ਕਿਹਾ ਸੀ।—ਮੱਤੀ 8:24.
14 ਆਪਣੇ ਮਨ ਵਿਚ ਇਹ ਤਸਵੀਰ ਬਣਾਓ: ਲਹਿਰਾਂ ਜ਼ੋਰ-ਜ਼ੋਰ ਦੀ ਕਿਸ਼ਤੀ ਨਾਲ ਟਕਰਾ ਰਹੀਆਂ ਹਨ ਤੇ ਪਾਣੀ ਉੱਛਲ਼-ਉੱਛਲ਼ ਕੇ ਕਿਸ਼ਤੀ ਨੂੰ ਭਰ ਰਿਹਾ ਹੈ। ਤੂਫ਼ਾਨ ਦੇ ਸ਼ੋਰ ਤੇ ਕਿਸ਼ਤੀ ਦੇ ਡਾਵਾਂ-ਡੋਲ ਹੋਣ ਦੇ ਬਾਵਜੂਦ ਯਿਸੂ ਗੂੜ੍ਹੀ ਨੀਂਦ ਸੁੱਤਾ ਪਿਆ ਹੈ ਕਿਉਂਕਿ ਉਹ ਜਗ੍ਹਾ-ਜਗ੍ਹਾ ਪ੍ਰਚਾਰ ਕਰ ਕੇ ਥੱਕਿਆ ਹੋਇਆ ਹੈ। ਪਰ ਉਸ ਦੇ ਚੇਲੇ ਡਰੇ ਹੋਏ ਹਨ। ਇਸ ਲਈ ਉਹ ਯਿਸੂ ਨੂੰ ਜਗਾ ਕੇ ਕਹਿੰਦੇ ਹਨ: “ਅਸੀਂ ਡੁੱਬਣ ਲੱਗੇ ਹਾਂ!” (ਮੱਤੀ 8:25) ਯਿਸੂ ਕੀ ਕਰਦਾ ਹੈ? ਉਹ ਉੱਠ ਕੇ ਹਨੇਰੀ ਤੇ ਝੀਲ ਨੂੰ ਝਿੜਕਦਾ ਹੈ: “ਚੁੱਪ! ਸ਼ਾਂਤ ਹੋ ਜਾ!” (ਮਰ. 4:39) ਜ਼ਬਰਦਸਤ ਤੂਫ਼ਾਨ ਥੰਮ੍ਹ ਗਿਆ “ਅਤੇ ਸਭ ਕੁਝ ਸ਼ਾਂਤ ਹੋ ਗਿਆ।” ਯਿਸੂ ਨੇ ਆਪਣੀ ਤਾਕਤ ਦਾ ਕਿੰਨਾ ਹੀ ਦਮਦਾਰ ਸਬੂਤ ਦਿੱਤਾ!
15. ਯਹੋਵਾਹ ਨੇ ਕਿਵੇਂ ਸਾਬਤ ਕੀਤਾ ਕਿ ਉਹ ਕੁਦਰਤੀ ਤਾਕਤਾਂ ਨੂੰ ਆਪਣੇ ਵੱਸ ਵਿਚ ਕਰ ਸਕਦਾ ਹੈ?
15 ਯਹੋਵਾਹ ਮਸੀਹ ਨੂੰ ਤਾਕਤ ਦਿੰਦਾ ਹੈ, ਇਸ ਕਰਕੇ ਸਾਨੂੰ ਪਤਾ ਹੈ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਲਈ ਕੁਦਰਤੀ ਤਾਕਤਾਂ ਨੂੰ ਆਪਣੇ ਵੱਸ ਵਿਚ ਕਰਨਾ ਕੋਈ ਵੱਡੀ ਗੱਲ ਨਹੀਂ। ਮਿਸਾਲ ਲਈ, ਜਲ-ਪਰਲੋ ਤੋਂ ਪਹਿਲਾ ਯਹੋਵਾਹ ਨੇ ਕਿਹਾ: “ਸੱਤ ਦਿਨ ਅਜੇ ਬਾਕੀ ਹਨ ਤਾਂ ਮੈਂ ਧਰਤੀ ਉੱਤੇ ਚਾਲੀ ਦਿਨ ਅਰ ਚਾਲੀ ਰਾਤ ਮੀਂਹ ਵਰ੍ਹਾਉਣ ਵਾਲਾ ਹਾਂ।” (ਉਤ. 7:4) ਨਾਲੇ ਅਸੀਂ ਕੂਚ 14:21 ਵਿਚ ਪੜ੍ਹਦੇ ਹਾਂ ਕਿ ‘ਯਹੋਵਾਹ ਨੇ ਤੇਜ ਪੁਰੇ ਦੀ ਹਵਾ ਵਗਾ ਕੇ ਸਮੁੰਦਰ ਨੂੰ ਪਿੱਛੇ ਹੱਟਾ ਦਿੱਤਾ।’ ਯੂਨਾਹ 1:4 ਵਿਚ ਵੀ ਅਸੀਂ ਪੜ੍ਹਦੇ ਹਾਂ ਕਿ “ਯਹੋਵਾਹ ਨੇ ਸਮੁੰਦਰ ਉੱਤੇ ਇੱਕ ਵੱਡੀ ਅਨ੍ਹੇਰੀ ਵਗਾ ਦਿੱਤੀ ਅਤੇ ਸਮੁੰਦਰ ਵਿੱਚ ਵੱਡਾ ਤੁਫ਼ਾਨ ਸੀ, ਏਹੋ ਜਿਹਾ ਕਿ ਜਹਾਜ਼ ਟੁੱਟਣ ਵਾਲਾ ਸੀ।” ਇਹ ਜਾਣ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਯਹੋਵਾਹ ਕੁਦਰਤੀ ਤਾਕਤਾਂ ਨੂੰ ਆਪਣੇ ਵੱਸ ਵਿਚ ਕਰ ਸਕਦਾ ਹੈ। ਇਸ ਤੋਂ ਜ਼ਾਹਰ ਹੈ ਕਿ ਧਰਤੀ ਦਾ ਭਵਿੱਖ ਭਰੋਸੇਯੋਗ ਸ਼ਖ਼ਸ ਦੇ ਹੱਥਾਂ ਵਿਚ ਹੈ।
16. ਸਾਨੂੰ ਇਹ ਜਾਣ ਕਿ ਤਸੱਲੀ ਕਿਉਂ ਮਿਲਦੀ ਹੈ ਕਿ ਯਹੋਵਾਹ ਤੇ ਯਿਸੂ ਕੋਲ ਕੁਦਰਤੀ ਤਾਕਤਾਂ ਨੂੰ ਆਪਣੇ ਵੱਸ ਵਿਚ ਕਰਨ ਦੀ ਤਾਕਤ ਹੈ?
16 ਇਹ ਜਾਣ ਕੇ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ ਕਿ ਯਹੋਵਾਹ ਤੇ ਉਸ ਦੇ “ਰਾਜ ਮਿਸਤਰੀ” ਕੋਲ ਕਿੰਨੀ ਹੀ ਜ਼ਬਰਦਸਤ ਤਾਕਤ ਹੈ! 1,000 ਸਾਲ ਦੇ ਰਾਜ ਦੌਰਾਨ ਸਾਰੀ ਧਰਤੀ ਦੀ ਦੇਖ-ਰੇਖ ਪੂਰੀ ਤਰ੍ਹਾਂ ਉਨ੍ਹਾਂ ਦੇ ਹੱਥਾਂ ਵਿਚ ਹੋਵੇਗੀ, ਜਿਸ ਕਰਕੇ ਸਾਰੇ ਲੋਕ ਸੁੱਖ-ਚੈਨ ਨਾਲ ਜ਼ਿੰਦਗੀ ਬਸਰ ਕਰਨਗੇ। ਕੁਦਰਤੀ ਆਫ਼ਤਾਂ ਬੀਤੇ ਜ਼ਮਾਨੇ ਦੀਆਂ ਗੱਲਾਂ ਹੋ ਜਾਣਗੀਆਂ। ਨਵੀਂ ਦੁਨੀਆਂ ਵਿਚ ਫਿਰ ਕਦੇ ਵੀ ਤੂਫ਼ਾਨ, ਸੁਨਾਮੀ, ਜੁਆਲਾਮੁਖੀ ਜਾਂ ਭੁਚਾਲ਼ ਕਰਕੇ ਕਿਸੇ ਦਾ ਨੁਕਸਾਨ ਨਹੀਂ ਹੋਵੇਗਾ, ਨਾ ਹੀ ਕੋਈ ਮਰੇਗਾ ਤੇ ਨਾ ਹੀ ਕੋਈ ਲੰਗੜਾ-ਲੂਲ੍ਹਾ ਹੋਵੇਗਾ ਕਿਉਂਕਿ “ਪਰਮੇਸ਼ੁਰ ਦਾ ਬਸੇਰਾ ਇਨਸਾਨਾਂ” ਨਾਲ ਹੋਵੇਗਾ! (ਪ੍ਰਕਾ. 21:3, 4) ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਵੱਲੋਂ ਮਿਲੀ ਤਾਕਤ ਨਾਲ ਯਿਸੂ 1,000 ਸਾਲ ਦੇ ਰਾਜ ਦੌਰਾਨ ਕੁਦਰਤੀ ਤਾਕਤਾਂ ਨੂੰ ਆਪਣੇ ਵੱਸ ਵਿਚ ਰੱਖੇਗਾ।
ਹੁਣੇ ਯਹੋਵਾਹ ਅਤੇ ਯਿਸੂ ਦੀ ਰੀਸ ਕਰੋ
17. ਕਿਹੜੇ ਇਕ ਤਰੀਕੇ ਨਾਲ ਅਸੀਂ ਹੁਣ ਯਹੋਵਾਹ ਤੇ ਯਿਸੂ ਦੀ ਰੀਸ ਕਰ ਸਕਦੇ ਹਾਂ?
17 ਇਹ ਤਾਂ ਸੱਚ ਹੈ ਕਿ ਅਸੀਂ ਕੁਦਰਤੀ ਆਫ਼ਤਾਂ ਨੂੰ ਰੋਕ ਨਹੀਂ ਸਕਦੇ, ਸਿਰਫ਼ ਯਹੋਵਾਹ ਤੇ ਯਿਸੂ ਹੀ ਇਸ ਤਰ੍ਹਾਂ ਕਰ ਸਕਦੇ ਹਨ। ਪਰ ਸਾਡੇ ਵੱਸ ਵਿਚ ਕੁਝ ਤਾਂ ਹੈ ਜੋ ਅਸੀਂ ਕਰ ਸਕਦੇ ਹਾਂ। ਅਸੀਂ ਕਹਾਉਤਾਂ 3:27 ਨੂੰ ਲਾਗੂ ਕਰ ਸਕਦੇ ਹਾਂ। (ਪੜ੍ਹੋ।) ਜਦੋਂ ਸਾਡੇ ਭੈਣ-ਭਰਾ ਦੁੱਖਾਂ ਵਿੱਚੋਂ ਗੁਜ਼ਰ ਰਹੇ ਹੁੰਦੇ ਹਨ, ਤਾਂ ਅਸੀਂ ਉਨ੍ਹਾਂ ਦੀਆਂ ਹੋਰ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪਿਆਰ, ਸਹਾਰਾ ਤੇ ਦਿਲਾਸਾ ਦੇ ਸਕਦੇ ਹਾਂ। (ਕਹਾ. 17:17) ਮਿਸਾਲ ਲਈ, ਕੁਦਰਤੀ ਆਫ਼ਤ ਆਉਣ ’ਤੇ ਅਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਤੂਫ਼ਾਨ ਦੇ ਕਾਰਨ ਇਕ ਵਿਧਵਾ ਭੈਣ ਦੇ ਘਰ ਦਾ ਕਾਫ਼ੀ ਨੁਕਸਾਨ ਹੋਇਆ। ਉਹ ਦੱਸਦੀ ਹੈ: “ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਯਹੋਵਾਹ ਦੇ ਸੰਗਠਨ ਵਿਚ ਹਾਂ, ਸਿਰਫ਼ ਇਸ ਲਈ ਨਹੀਂ ਕਿ ਮੇਰੀਆਂ ਲੋੜਾਂ ਪੂਰੀਆਂ ਹੋਈਆਂ, ਸਗੋਂ ਇਸ ਲਈ ਵੀ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਬਹੁਤ ਹੌਸਲਾ ਮਿਲਿਆ।” ਇਕ ਹੋਰ ਕੱਲਮਕੱਲੀ ਭੈਣ ਦਾ ਘਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਜਿਸ ਕਰਕੇ ਉਹ ਬਹੁਤ ਨਿਰਾਸ਼ ਹੋ ਗਈ। ਭਰਾਵਾਂ ਨੇ ਉਸ ਦੇ ਘਰ ਦੀ ਮੁਰੰਮਤ ਕੀਤੀ ਜਿਸ ਤੋਂ ਬਾਅਦ ਭੈਣ ਨੇ ਕਿਹਾ: “ਮੈਂ ਪੂਰੀ ਤਰ੍ਹਾਂ ਲਫ਼ਜ਼ਾਂ ਵਿਚ ਬਿਆਨ ਨਹੀਂ ਕਰ ਸਕਦੀ ਕਿ ਮੈਨੂੰ ਕਿੱਦਾਂ ਲੱਗ ਰਿਹਾ ਹੈ!” ਉਸ ਨੇ ਇਹ ਵੀ ਕਿਹਾ: “ਯਹੋਵਾਹ ਤੇਰਾ ਲੱਖ-ਲੱਖ ਸ਼ੁਕਰ ਹੈ!” ਅਸੀਂ ਕਿੰਨੇ ਖ਼ੁਸ਼ ਹਾਂ ਕਿ ਸਾਡੇ ਭੈਣ-ਭਰਾ ਇਕ-ਦੂਜੇ ਦੀਆਂ ਲੋੜਾਂ ਦਾ ਖ਼ਿਆਲ ਰੱਖਦੇ ਹਨ। ਇਸ ਤੋਂ ਵੀ ਜ਼ਿਆਦਾ ਖ਼ੁਸ਼ੀ ਦੀ ਗੱਲ ਤਾਂ ਇਹ ਹੈ ਕਿ ਯਹੋਵਾਹ ਤੇ ਯਿਸੂ ਸਾਡੀ ਦਿਲੋਂ ਪਰਵਾਹ ਕਰਦੇ ਹਨ।
18. ਯਿਸੂ ਵੱਲੋਂ ਕੀਤੇ ਚਮਤਕਾਰਾਂ ਬਾਰੇ ਕਿਹੜੀ ਗੱਲ ਤੁਹਾਡੇ ਦਿਲ ਨੂੰ ਛੂਹ ਜਾਂਦੀ ਹੈ?
18 ਆਪਣੀ ਸੇਵਕਾਈ ਦੌਰਾਨ ਯਿਸੂ ਨੇ ਸਾਬਤ ਕੀਤਾ ਕਿ ਉਸ ਕੋਲ “ਪਰਮੇਸ਼ੁਰ ਦੀ ਤਾਕਤ” ਹੈ। ਪਰ ਉਸ ਨੇ ਆਪਣੀ ਤਾਕਤ ਦੂਜਿਆਂ ਦੀ ਵਾਹ-ਵਾਹ ਖੱਟਣ ਲਈ ਜਾਂ ਆਪਣੇ ਫ਼ਾਇਦੇ ਲਈ ਕਦੀ ਨਹੀਂ ਵਰਤੀ। ਇਸ ਦੀ ਬਜਾਇ, ਯਿਸੂ ਨੇ ਆਪਣੀ ਤਾਕਤ ਚਮਤਕਾਰ ਕਰਨ ਵਾਸਤੇ ਇਸ ਲਈ ਇਸਤੇਮਾਲ ਕੀਤੀ ਕਿਉਂਕਿ ਉਹ ਲੋਕਾਂ ਨੂੰ ਦਿਲੋਂ ਪਿਆਰ ਕਰਦਾ ਸੀ। ਅਸੀਂ ਇਸ ਬਾਰੇ ਅਗਲੇ ਲੇਖ ਵਿਚ ਹੋਰ ਸਿੱਖਾਂਗੇ।