Skip to content

Skip to table of contents

ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਕਰਨ ਵਾਲੇ ਦੀ ਰੀਸ ਕਰੋ

ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਕਰਨ ਵਾਲੇ ਦੀ ਰੀਸ ਕਰੋ

“ਤੁਸੀਂ ਪਰਮੇਸ਼ੁਰ ਦੇ ਪਿਆਰੇ ਬੱਚਿਆਂ ਵਾਂਗ ਉਸ ਦੀ ਰੀਸ ਕਰੋ।”—ਅਫ਼. 5:1.

1. ਕਿਹੜੀ ਕਾਬਲੀਅਤ ਯਹੋਵਾਹ ਦੀ ਰੀਸ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ?

ਯਹੋਵਾਹ ਨੇ ਸਾਨੂੰ ਦੂਜਿਆਂ ਦੇ ਜਜ਼ਬਾਤਾਂ ਨੂੰ ਸਮਝਣ ਦੀ ਕਾਬਲੀਅਤ ਦਿੱਤੀ ਹੈ ਭਾਵੇਂ ਕਿ ਅਸੀਂ ਉਨ੍ਹਾਂ ਦੇ ਹਾਲਾਤਾਂ ਵਿੱਚੋਂ ਕਦੇ ਨਹੀਂ ਗੁਜ਼ਰੇ। (ਅਫ਼ਸੀਆਂ 5:1, 2 ਪੜ੍ਹੋ।) ਇਹ ਕਾਬਲੀਅਤ ਯਹੋਵਾਹ ਦੀ ਰੀਸ ਕਰਨ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ? ਆਪਣੇ ਖ਼ਿਆਲਾਂ ਨੂੰ ਕਾਬੂ ਵਿਚ ਕਿਉਂ ਰੱਖਣਾ ਚਾਹੀਦਾ ਹੈ ਤਾਂਕਿ ਸਾਨੂੰ ਨੁਕਸਾਨ ਨਾ ਹੋਵੇ?

2. ਸਾਨੂੰ ਦੁੱਖ ਝੱਲਦੇ ਦੇਖ ਕੇ ਯਹੋਵਾਹ ਨੂੰ ਕਿਵੇਂ ਲੱਗਦਾ ਹੈ?

2 ਯਹੋਵਾਹ ਨੇ ਸਾਨੂੰ ਦੁੱਖਾਂ-ਦਰਦਾਂ ਤੋਂ ਬਗੈਰ ਸੁਨਹਿਰਾ ਭਵਿੱਖ ਦੇਣ ਦਾ ਵਾਅਦਾ ਕੀਤਾ ਹੈ। ਵਫ਼ਾਦਾਰ ਚੁਣੇ ਹੋਏ ਮਸੀਹੀਆਂ ਨੂੰ ਸਵਰਗ ਵਿਚ ਅਮਰ ਜੀਵਨ ਮਿਲੇਗਾ ਤੇ ਯਿਸੂ ਦੀਆਂ ਵਫ਼ਾਦਾਰ “ਹੋਰ ਭੇਡਾਂ” ਨੂੰ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। (ਯੂਹੰ. 10:16; 17:3; 1 ਕੁਰਿੰ. 15:53) ਪਰ ਅੱਜ ਜਦੋਂ ਸਾਡੇ ਨਾਲ ਕੁਝ ਬੁਰਾ ਹੁੰਦਾ ਹੈ, ਤਾਂ ਯਹੋਵਾਹ ਸਾਡੇ ਦੁੱਖ ਨੂੰ ਸਮਝਦਾ ਹੈ। ਪੁਰਾਣੇ ਸਮਿਆਂ ਵਿਚ ਜਦੋਂ ਉਸ ਦੇ ਲੋਕ ਮਿਸਰ ਵਿਚ ਦੁੱਖ ਝੱਲ ਰਹੇ ਸਨ, ਤਾਂ ਯਹੋਵਾਹ ‘ਓਹਨਾਂ ਦੇ ਸਭ ਦੁਖਾਂ ਵਿੱਚ ਦੁਖੀ ਹੋਇਆ।’ (ਯਸਾ. 63:9) ਸਦੀਆਂ ਬਾਅਦ ਵੀ ਯਹੋਵਾਹ ਆਪਣੇ ਲੋਕਾਂ ਦੇ ਜਜ਼ਬਾਤਾਂ ਨੂੰ ਸਮਝਦਾ ਸੀ ਜਦੋਂ ਉਹ ਦੁਬਾਰਾ ਮੰਦਰ ਬਣਾਉਣ ਸਮੇਂ ਵਿਰੋਧ ਕਰ ਰਹੇ ਦੁਸ਼ਮਣਾਂ ਤੋਂ ਡਰੇ ਹੋਏ ਸਨ। ਉਸ ਨੇ ਉਨ੍ਹਾਂ ਨੂੰ ਕਿਹਾ: “ਜਿਹੜਾ ਤੁਹਾਨੂੰ ਛੋਹੰਦਾ ਹੈ ਉਹ ਉਸ ਦੀ ਅੱਖ ਦੀ ਕਾਕੀ ਨੂੰ ਛੋਹੰਦਾ ਹੈ।” (ਜ਼ਕ. 2:8) ਜਿਸ ਤਰ੍ਹਾਂ ਬੱਚੇ ਲਈ ਇਕ ਮਾਂ ਦੀ ਮਮਤਾ ਡੁੱਲ੍ਹ-ਡੁੱਲ੍ਹ ਪੈਂਦੀ ਹੈ, ਉਸੇ ਤਰ੍ਹਾਂ ਯਹੋਵਾਹ ਦਾ ਆਪਣੇ ਲੋਕਾਂ ਲਈ ਪਿਆਰ ਡੁੱਲ੍ਹ-ਡੁੱਲ੍ਹ ਪੈਂਦਾ ਹੈ ਜਿਸ ਕਰਕੇ ਉਹ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਹੈ। (ਯਸਾ. 49:15) ਦਰਅਸਲ, ਯਹੋਵਾਹ ਆਪਣੇ ਆਪ ਨੂੰ ਦੂਜਿਆਂ ਦੀ ਜਗ੍ਹਾ ਰੱਖ ਕੇ ਮਹਿਸੂਸ ਕਰ ਸਕਦਾ ਹੈ ਕਿ ਉਨ੍ਹਾਂ ’ਤੇ ਕੀ ਬੀਤ ਰਹੀ ਹੈ ਅਤੇ ਉਸ ਨੇ ਸਾਨੂੰ ਵੀ ਇਹ ਕਾਬਲੀਅਤ ਦਿੱਤੀ ਹੈ।—ਜ਼ਬੂ. 103:13, 14.

ਯਿਸੂ ਨੇ ਆਪਣੇ ਪਿਤਾ ਵਰਗਾ ਪਿਆਰ ਦਿਖਾਇਆ

3. ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਦਿਆਲੂ ਸੀ?

3 ਯਿਸੂ ਦੂਜਿਆਂ ਦਾ ਦਰਦ ਸਮਝਦਾ ਸੀ ਭਾਵੇਂ ਕਿ ਉਹ ਉਨ੍ਹਾਂ ਵਰਗੇ ਹਾਲਾਤਾਂ ਵਿੱਚੋਂ ਕਦੇ ਵੀ ਨਹੀਂ ਗੁਜ਼ਰਿਆ ਸੀ। ਮਿਸਾਲ ਲਈ, ਧਾਰਮਿਕ ਆਗੂਆਂ ਕਰਕੇ ਆਮ ਲੋਕਾਂ ਦੇ ਸਾਹ ਸੁੱਕੇ ਰਹਿੰਦੇ ਸਨ। ਉਹ ਲੋਕਾਂ ਨੂੰ ਝੂਠੀਆਂ ਗੱਲਾਂ ਸਿਖਾਉਂਦੇ ਸਨ ਤੇ ਉਨ੍ਹਾਂ ’ਤੇ ਆਪਣੇ ਬਣਾਏ ਨਿਯਮਾਂ ਦਾ ਬੋਝ ਪਾਉਂਦੇ ਸਨ। (ਮੱਤੀ 23:4; ਮਰ. 7:1-5; ਯੂਹੰ. 7:13) ਹਾਲਾਂਕਿ ਯਿਸੂ ਉਨ੍ਹਾਂ ਤੋਂ ਕਦੇ ਨਹੀਂ ਡਰਿਆ ਤੇ ਨਾ ਹੀ ਉਨ੍ਹਾਂ ਦੀਆਂ ਝੂਠੀਆਂ ਗੱਲਾਂ ਵਿਚ ਆਇਆ, ਫਿਰ ਵੀ ਉਹ ਲੋਕਾਂ ਦੇ ਜਜ਼ਬਾਤਾਂ ਨੂੰ ਸਮਝਦਾ ਸੀ। ਯਿਸੂ ਦਾ ਦਿਲ ਚੀਰਿਆ ਗਿਆ ਜਦੋਂ ਉਸ ਨੇ ਲੋਕਾਂ ਨਾਲ ਬੁਰਾ ਸਲੂਕ ਹੁੰਦਾ ਦੇਖਿਆ। ਉਹ ਲੋਕ “ਉਨ੍ਹਾਂ ਭੇਡਾਂ ਵਰਗੇ ਸਨ ਜਿਨ੍ਹਾਂ ਦੀ ਚਮੜੀ ਉਧੇੜ ਦਿੱਤੀ ਗਈ ਹੋਵੇ ਅਤੇ ਜੋ ਚਰਵਾਹੇ ਤੋਂ ਬਿਨਾਂ ਇੱਧਰ-ਉੱਧਰ ਭਟਕ ਰਹੀਆਂ ਹੋਣ।” (ਮੱਤੀ 9:36) ਯਿਸੂ ਨੇ ਆਪਣੇ ਪਿਤਾ ਤੋਂ ਲੋਕਾਂ ਨੂੰ ਪਿਆਰ ਕਰਨਾ ਅਤੇ “ਦਯਾਲੂ ਤੇ ਕਿਰਪਾਲੂ” ਬਣਨਾ ਸਿੱਖਿਆ।—ਜ਼ਬੂ. 103:8.

4. ਲੋਕਾਂ ਦੇ ਦੁੱਖਾਂ ਨੂੰ ਦੇਖ ਕੇ ਯਿਸੂ ਨੇ ਕੀ ਕੀਤਾ?

4 ਜਦੋਂ ਯਿਸੂ ਨੇ ਲੋਕਾਂ ਨੂੰ ਦੁੱਖ ਸਹਿੰਦੇ ਦੇਖਿਆ, ਤਾਂ ਉਸ ਨੇ ਪਿਆਰ ਦੀ ਖ਼ਾਤਰ ਉਨ੍ਹਾਂ ਦੀ ਮਦਦ ਕੀਤੀ। ਉਹ ਬਿਲਕੁਲ ਆਪਣੇ ਪਿਤਾ ਵਰਗਾ ਸੀ। ਮਿਸਾਲ ਲਈ, ਇਕ ਵਾਰ ਜਦੋਂ ਯਿਸੂ ਤੇ ਉਸ ਦੇ ਰਸੂਲ ਦੂਰ-ਦੂਰ ਪ੍ਰਚਾਰ ਕਰ ਕੇ ਆਏ, ਤਾਂ ਉਹ ਬਹੁਤ ਥੱਕੇ ਹੋਏ ਸਨ ਤੇ ਕਿਸੇ ਏਕਾਂਤ ਜਗ੍ਹਾ ’ਤੇ ਜਾ ਕੇ ਆਰਾਮ ਕਰਨਾ ਚਾਹੁੰਦੇ ਸਨ। ਪਰ ਯਿਸੂ ਨੇ ਦੇਖਿਆ ਕਿ ਬਹੁਤ ਸਾਰੇ ਲੋਕ ਉਸ ਦੀ ਉਡੀਕ ਕਰ ਰਹੇ ਸਨ। ਉਹ ਸਮਝ ਗਿਆ ਕਿ ਉਨ੍ਹਾਂ ਨੂੰ ਉਸ ਦੀ ਮਦਦ ਦੀ ਲੋੜ ਸੀ, ਇਸ ਲਈ ਥੱਕੇ ਹੋਣ ਦੇ ਬਾਵਜੂਦ ਵੀ ਉਹ “ਉਨ੍ਹਾਂ ਨੂੰ ਬਹੁਤ ਗੱਲਾਂ ਸਿਖਾਉਣ ਲੱਗ ਪਿਆ।”—ਮਰ. 6:30, 31, 34.

ਯਹੋਵਾਹ ਵਾਂਗ ਪਿਆਰ ਕਰੋ

5, 6. ਜੇ ਅਸੀਂ ਯਹੋਵਾਹ ਵਰਗਾ ਪਿਆਰ ਦਿਖਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਮਿਸਾਲ ਦਿਓ। (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

5 ਜੇ ਅਸੀਂ ਯਹੋਵਾਹ ਵਾਂਗ ਪਿਆਰ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ? ਇਸ ਮਿਸਾਲ ’ਤੇ ਗੌਰ ਕਰੋ। ਮੰਨ ਲਓ ਕਿ ਐਲਨ ਨਾਂ ਦਾ ਇਕ ਨੌਜਵਾਨ ਭਰਾ ਇਕ ਬਿਰਧ ਭਰਾ ਬਾਰੇ ਸੋਚ ਰਿਹਾ ਹੈ। ਨਿਗਾਹ ਕਮਜ਼ੋਰ ਹੋਣ ਕਰਕੇ ਬਿਰਧ ਭਰਾ ਨੂੰ ਪੜ੍ਹਨ ਵਿਚ ਦਿੱਕਤ ਆਉਂਦੀ ਹੈ ਅਤੇ ਪ੍ਰਚਾਰ ਕਰਨ ਲਈ ਘਰ-ਘਰ ਤੁਰ ਕੇ ਜਾਣਾ ਔਖਾ ਲੱਗਦਾ ਹੈ। ਐਲਨ ਯਿਸੂ ਦੇ ਸ਼ਬਦਾਂ ਨੂੰ ਚੇਤੇ ਕਰਦਾ ਹੈ: “ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।” (ਲੂਕਾ 6:31) ਇਸ ਲਈ ਐਲਨ ਆਪਣੇ ਆਪ ਤੋਂ ਪੁੱਛਦਾ ਹੈ, ‘ਮੈਂ ਕਿਸ ਤਰ੍ਹਾਂ ਚਾਹੁੰਦਾ ਹਾਂ ਕਿ ਦੂਸਰੇ ਮੇਰੇ ਨਾਲ ਪੇਸ਼ ਆਉਣ?’ ਫਿਰ ਉਹ ਕਹਿੰਦਾ ਹੈ: ‘ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਨਾਲ ਫੁਟਬਾਲ ਖੇਡਣ!’ ਪਰ ਬਿਰਧ ਭਰਾ ਤੋਂ ਫੁਟਬਾਲ ਕਿੱਥੋਂ ਖੇਡ ਹੋਣਾ? ਸੋ ਯਿਸੂ ਦੀ ਗੱਲ ਦਾ ਮਤਲਬ ਹੈ ਕਿ ਸਾਨੂੰ ਆਪਣੇ-ਆਪ ਨੂੰ ਇਹ ਪੁੱਛਣ ਦੀ ਲੋੜ ਹੈ, ‘ਜੇ ਮੈਂ ਉਸ ਬਿਰਧ ਭਰਾ ਦੀ ਜਗ੍ਹਾ ਹੁੰਦਾ, ਤਾਂ ਮੈਂ ਕਿਸ ਤਰ੍ਹਾਂ ਚਾਹੁੰਦਾ ਕਿ ਦੂਸਰੇ ਮੇਰੇ ਨਾਲ ਪੇਸ਼ ਆਉਣ?’

6 ਹਾਲਾਂਕਿ ਐਲਨ ਨੌਜਵਾਨ ਹੈ, ਪਰ ਉਹ ਕਲਪਨਾ ਕਰਦਾ ਹੈ ਕਿ ਜੇ ਉਹ ਬੁੱਢਾ ਹੁੰਦਾ, ਤਾਂ ਉਸ ਨੂੰ ਕਿਵੇਂ ਲੱਗਦਾ। ਐਲਨ ਉਸ ਬਿਰਧ ਭਰਾ ਨਾਲ ਸਮਾਂ ਬਿਤਾਉਂਦਾ ਹੈ ਤੇ ਉਸ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦਾ ਹੈ। ਫਿਰ ਉਸ ਨੂੰ ਅਹਿਸਾਸ ਹੋਣ ਲੱਗਦਾ ਹੈ ਕਿ ਇਸ ਭਰਾ ਲਈ ਬਾਈਬਲ ਪੜ੍ਹਨੀ ਤੇ ਘਰ-ਘਰ ਜਾ ਕੇ ਪ੍ਰਚਾਰ ਕਰਨਾ ਕਿੰਨਾ ਔਖਾ ਹੈ! ਐਲਨ ਜਾਣ ਜਾਂਦਾ ਹੈ ਕਿ ਇਸ ਭਰਾ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ ਤੇ ਉਹ ਮਦਦ ਕਰਨੀ ਵੀ ਚਾਹੁੰਦਾ ਹੈ। ਜਦੋਂ ਅਸੀਂ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝ ਜਾਂਦੇ ਹਾਂ ਤੇ ਉਨ੍ਹਾਂ ਲਈ ਕੁਝ ਕਰਦੇ ਹਾਂ, ਤਾਂ ਅਸੀਂ ਯਹੋਵਾਹ ਵਰਗਾ ਪਿਆਰ ਦਿਖਾਉਂਦੇ ਹਾਂ।—1 ਕੁਰਿੰ. 12:26.

ਯਹੋਵਾਹ ਵਾਂਗ ਪਿਆਰ ਕਰੋ (ਪੈਰਾ 7 ਦੇਖੋ)

7. ਅਸੀਂ ਆਪਣੇ ਭੈਣਾਂ-ਭਰਾਵਾਂ ਦੇ ਦੁੱਖਾਂ ਨੂੰ ਕਿਵੇਂ ਸਮਝ ਸਕਦੇ ਹਾਂ?

7 ਦੂਜਿਆਂ ਦੇ ਦੁੱਖ ਨੂੰ ਸਮਝਣਾ ਹਮੇਸ਼ਾ ਸੌਖਾ ਨਹੀਂ ਹੁੰਦਾ, ਖ਼ਾਸ ਕਰਕੇ ਜੇ ਅਸੀਂ ਉਸ ਦੁੱਖ ਨੂੰ ਨਹੀਂ ਸਹਿਆ। ਮਿਸਾਲ ਲਈ, ਸਾਡੇ ਕਈ ਭੈਣ-ਭਰਾ ਇਸ ਲਈ ਬਹੁਤ ਦੁਖੀ ਹਨ ਕਿਉਂਕਿ ਉਹ ਬੀਮਾਰ ਹਨ ਜਾਂ ਉਨ੍ਹਾਂ ਦੇ ਕੋਈ ਸੱਟ ਲੱਗੀ ਹੈ ਜਾਂ ਉਹ ਬੁੱਢੇ ਹੋ ਰਹੇ ਹਨ। ਕੁਝ ਲੋਕ ਡਿਪਰੈਸ਼ਨ, ਚਿੰਤਾ ਰੋਗ ਜਾਂ ਅਤੀਤ ਵਿਚ ਹੋਈ ਬਦਫ਼ੈਲੀ ਕਰਕੇ ਦੁਖੀ ਹਨ। ਕਿਸੇ ਇਕੱਲੀ ਮਾਂ ਜਾਂ ਬਾਪ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਪੈਂਦੀ ਹੈ ਜਾਂ ਕਿਸੇ ਦੇ ਪਰਿਵਾਰ ਦੇ ਮੈਂਬਰ ਯਹੋਵਾਹ ਨੂੰ ਨਹੀਂ ਮੰਨਦੇ। ਹਰ ਕੋਈ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ ਤੇ ਸ਼ਾਇਦ ਉਨ੍ਹਾਂ ਦੀਆਂ ਸਮੱਸਿਆਵਾਂ ਸਾਡੀਆਂ ਸਮੱਸਿਆਵਾਂ ਤੋਂ ਵੱਖਰੀਆਂ ਹੋਣ। ਪਰ ਅਸੀਂ ਦੂਜਿਆਂ ਨੂੰ ਪਿਆਰ ਦਿਖਾਉਣਾ ਚਾਹੁੰਦੇ ਹਾਂ ਤੇ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਹਾਂ। ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ? ਹਰ ਇਨਸਾਨ ਦੀ ਲੋੜ ਵੱਖੋ-ਵੱਖਰੀ ਹੈ। ਇਸ ਲਈ ਜੇ ਅਸੀਂ ਧਿਆਨ ਨਾਲ ਉਸ ਦੀ ਗੱਲ ਸੁਣਦੇ ਹਾਂ ਅਤੇ ਉਸ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਤਾਂ ਅਸੀਂ ਉਸ ਦੀ ਵਧੀਆ ਤਰੀਕੇ ਨਾਲ ਮਦਦ ਕਰ ਸਕਾਂਗੇ। ਸ਼ਾਇਦ ਅਸੀਂ ਉਸ ਨੂੰ ਚੇਤੇ ਕਰਾ ਸਕਦੇ ਹਾਂ ਕਿ ਯਹੋਵਾਹ ਉਸ ਦੀ ਮੁਸ਼ਕਲ ਨੂੰ ਸਮਝਦਾ ਹੈ ਜਾਂ ਅਸੀਂ ਉਸ ਦੀ ਕੋਈ ਮਦਦ ਕਰ ਸਕਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਦੀ ਰੀਸ ਕਰਦੇ ਹਾਂ।—ਰੋਮੀਆਂ 12:15; 1 ਪਤਰਸ 3:8 ਪੜ੍ਹੋ।

ਯਹੋਵਾਹ ਵਾਂਗ ਦਇਆ ਕਰੋ

8. ਕਿਹੜੀ ਗੱਲ ਨੇ ਦਇਆ ਕਰਨ ਵਿਚ ਯਿਸੂ ਦੀ ਮਦਦ ਕੀਤੀ?

8 ਪਰਮੇਸ਼ੁਰ ਦੇ ਪੁੱਤਰ ਨੇ ਕਿਹਾ: ‘ਅੱਤ ਮਹਾਨ ਨਾਸ਼ੁਕਰਿਆਂ ਅਤੇ ਦੁਸ਼ਟਾਂ ਉੱਤੇ ਦਇਆ ਕਰਦਾ ਹੈ।’ (ਲੂਕਾ 6:35) ਯਿਸੂ ਹੂ-ਬਹੁ ਆਪਣੇ ਪਿਤਾ ਵਰਗਾ ਹੈ। ਲੋਕਾਂ ’ਤੇ ਦਇਆ ਕਰਨ ਵਿਚ ਕਿਹੜੀ ਗੱਲ ਨੇ ਯਿਸੂ ਦੀ ਮਦਦ ਕੀਤੀ ਜਦੋਂ ਉਹ ਧਰਤੀ ਉੱਤੇ ਸੀ? ਉਸ ਨੇ ਕੁਝ ਕਹਿਣ ਜਾਂ ਕਰਨ ਤੋਂ ਪਹਿਲਾਂ ਸੋਚਿਆ ਸੀ ਕਿ ਇਸ ਦਾ ਲੋਕਾਂ ’ਤੇ ਕੀ ਅਸਰ ਪਵੇਗਾ। ਮਿਸਾਲ ਲਈ, ਇਕ ਤੀਵੀਂ ਉਸ ਕੋਲ ਆਈ ਜਿਸ ਨੇ ਬਹੁਤ ਸਾਰੇ ਗ਼ਲਤ ਕੰਮ ਕੀਤੇ ਸਨ। ਉਹ ਇੰਨੀ ਰੋ ਰਹੀ ਸੀ ਕਿ ਉਸ ਦੇ ਹੰਝੂਆਂ ਨਾਲ ਯਿਸੂ ਦੇ ਪੈਰ ਗਿੱਲੇ ਹੋ ਗਏ। ਯਿਸੂ ਨੇ ਦੇਖਿਆ ਕਿ ਉਸ ਨੂੰ ਆਪਣੀਆਂ ਗ਼ਲਤੀਆਂ ਦਾ ਬਹੁਤ ਪਛਤਾਵਾ ਸੀ। ਉਹ ਜਾਣਦਾ ਸੀ ਕਿ ਜੇ ਉਹ ਰੁੱਖੇ ਢੰਗ ਨਾਲ ਪੇਸ਼ ਆ ਕੇ ਇਸ ਤੀਵੀਂ ਨੂੰ ਘੱਲ ਦਿੰਦਾ, ਤਾਂ ਉਸ ਦਾ ਹੌਸਲਾ ਢਹਿ ਜਾਣਾ ਸੀ। ਇਸ ਲਈ ਉਸ ਨੇ ਤੀਵੀਂ ਦੇ ਚੰਗੇ ਕੰਮਾਂ ਲਈ ਉਸ ਦੀ ਤਾਰੀਫ਼ ਕੀਤੀ ਤੇ ਉਸ ਨੂੰ ਮਾਫ਼ ਕਰ ਦਿੱਤਾ। ਯਿਸੂ ਉਸ ਫ਼ਰੀਸੀ ਨਾਲ ਵੀ ਪਿਆਰ ਨਾਲ ਪੇਸ਼ ਆਇਆ ਜਿਸ ਨੂੰ ਉਸ ਤੀਵੀਂ ਨਾਲ ਯਿਸੂ ਦਾ ਸਲੂਕ ਚੰਗਾ ਨਹੀਂ ਲੱਗਾ।—ਲੂਕਾ 7:36-48.

9. ਕਿਹੜੀ ਗੱਲ ਯਹੋਵਾਹ ਵਾਂਗ ਦਇਆਵਾਨ ਬਣਨ ਵਿਚ ਸਾਡੀ ਮਦਦ ਕਰ ਸਕਦੀ ਹੈ? ਮਿਸਾਲ ਦਿਓ।

9 ਅਸੀਂ ਯਹੋਵਾਹ ਵਾਂਗ ਦਇਆਵਾਨ ਕਿਵੇਂ ਬਣ ਸਕਦੇ ਹਾਂ? ਸਾਨੂੰ ਕੁਝ ਕਹਿਣ ਜਾਂ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਤਾਂਕਿ ਅਸੀਂ ਦੂਜਿਆਂ ਨਾਲ ਪਿਆਰ ਨਾਲ ਪੇਸ਼ ਆਈਏ ਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈਏ। ਪੌਲੁਸ ਨੇ ਲਿਖਿਆ ਕਿ ਇਕ ਮਸੀਹੀ ਨੂੰ “ਲੜਨ ਦੀ ਲੋੜ ਨਹੀਂ, ਸਗੋਂ ਉਸ ਨੂੰ ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ।” (2 ਤਿਮੋ. 2:24) ਮਿਸਾਲ ਲਈ, ਸੋਚੋ ਕਿ ਤੁਸੀਂ ਇਨ੍ਹਾਂ ਹਾਲਾਤਾਂ ਵਿਚ ਕਿਵੇਂ ਦਇਆ ਦਿਖਾ ਸਕਦੇ ਹੋ: ਜੇ ਤੁਹਾਡਾ ਮਾਲਕ ਆਪਣਾ ਕੰਮ ਚੰਗੀ ਤਰ੍ਹਾਂ ਨਹੀਂ ਕਰ ਰਿਹਾ, ਤੁਸੀਂ ਕੀ ਕਰੋਗੇ? ਜੇ ਕੋਈ ਭਰਾ ਕਈ ਮਹੀਨਿਆਂ ਬਾਅਦ ਮੀਟਿੰਗ ’ਤੇ ਆਇਆ ਹੈ, ਤਾਂ ਤੁਸੀਂ ਉਸ ਨੂੰ ਕੀ ਕਹੋਗੇ? ਜੇ ਤੁਸੀਂ ਪ੍ਰਚਾਰ ਕਰ ਰਹੇ ਹੋ ਅਤੇ ਤੁਹਾਨੂੰ ਕੋਈ ਕਹਿੰਦਾ ਹੈ ਕਿ ਮੇਰੇ ਕੋਲ ਤੁਹਾਡੇ ਨਾਲ ਗੱਲ ਕਰਨ ਦਾ ਵਿਹਲ ਨਹੀਂ ਹੈ, ਤਾਂ ਤੁਸੀਂ ਉਸ ਨਾਲ ਪਿਆਰ ਨਾਲ ਕਿਵੇਂ ਪੇਸ਼ ਆਓਗੇ? ਜੇ ਤੁਹਾਡੀ ਪਤਨੀ ਤੁਹਾਨੂੰ ਕਹਿੰਦੀ ਹੈ ਕਿ ਤੁਸੀਂ ਆਪਣੀਆਂ ਕੁਝ ਯੋਜਨਾਵਾਂ ਬਾਰੇ ਉਸ ਨੂੰ ਕਿਉਂ ਨਹੀਂ ਦੱਸਿਆ, ਤਾਂ ਕੀ ਤੁਸੀਂ ਉਸ ਨਾਲ ਪਿਆਰ ਨਾਲ ਗੱਲ ਕਰੋਗੇ? ਸਾਨੂੰ ਦੂਜਿਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਸਾਡੀਆਂ ਗੱਲਾਂ ਦਾ ਉਨ੍ਹਾਂ ’ਤੇ ਕੀ ਅਸਰ ਪਵੇਗਾ। ਫਿਰ ਸਾਨੂੰ ਪਤਾ ਲੱਗੇਗਾ ਕਿ ਯਹੋਵਾਹ ਵਾਂਗ ਪਿਆਰ ਨਾਲ ਪੇਸ਼ ਆਉਣ ਲਈ ਸਾਨੂੰ ਕੀ ਕਹਿਣਾ ਜਾਂ ਕਰਨਾ ਚਾਹੀਦਾ ਹੈ।—ਕਹਾਉਤਾਂ 15:28 ਪੜ੍ਹੋ।

ਯਹੋਵਾਹ ਵਾਂਗ ਬੁੱਧੀਮਾਨ ਬਣੋ

10, 11. ਅਸੀਂ ਯਹੋਵਾਹ ਵਾਂਗ ਬੁੱਧੀਮਾਨ ਕਿਵੇਂ ਬਣ ਸਕਦੇ ਹਾਂ? ਮਿਸਾਲ ਦਿਓ।

10 ਯਹੋਵਾਹ ਬਹੁਤ ਬੁੱਧੀਮਾਨ ਹੈ ਅਤੇ ਜੇ ਉਹ ਚਾਹੇ ਤਾਂ ਭਵਿੱਖ ਵਿਚ ਹੋਣ ਵਾਲੀਆਂ ਗੱਲਾਂ ਨੂੰ ਪਹਿਲਾਂ ਤੋਂ ਹੀ ਦੇਖ ਸਕਦਾ ਹੈ। ਭਾਵੇਂ ਕਿ ਅਸੀਂ ਭਵਿੱਖ ਬਾਰੇ ਯਹੋਵਾਹ ਜਿੰਨਾ ਨਹੀਂ ਜਾਣਦੇ, ਫਿਰ ਵੀ ਅਸੀਂ ਬੁੱਧੀਮਾਨ ਬਣ ਸਕਦੇ ਹਾਂ। ਕਿਵੇਂ? ਫ਼ੈਸਲਾ ਕਰਨ ਤੋਂ ਪਹਿਲਾਂ ਅਸੀਂ ਸੋਚ ਸਕਦੇ ਹਾਂ ਕਿ ਇਸ ਦਾ ਸਾਡੇ ਜਾਂ ਦੂਜਿਆਂ ’ਤੇ ਕੀ ਅਸਰ ਪਵੇਗਾ। ਸਾਨੂੰ ਇਜ਼ਰਾਈਲੀਆਂ ਵਾਂਗ ਨਹੀਂ ਬਣਨਾ ਚਾਹੀਦਾ। ਉਨ੍ਹਾਂ ਨੇ ਇਹ ਨਹੀਂ ਸੋਚਿਆ ਕਿ ਜੇ ਉਹ ਯਹੋਵਾਹ ਦੀ ਗੱਲ ਨਹੀਂ ਮੰਨਣਗੇ, ਤਾਂ ਕੀ ਹੋਵੇਗਾ। ਉਨ੍ਹਾਂ ਨੇ ਯਹੋਵਾਹ ਨਾਲ ਆਪਣੇ ਰਿਸ਼ਤੇ ਬਾਰੇ ਤੇ ਉਨ੍ਹਾਂ ਕੰਮਾਂ ਬਾਰੇ ਨਹੀਂ ਸੋਚਿਆ ਜੋ ਉਸ ਨੇ ਉਨ੍ਹਾਂ ਲਈ ਕੀਤੇ ਸਨ। ਮੂਸਾ ਨੂੰ ਪਤਾ ਸੀ ਕਿ ਇਜ਼ਰਾਈਲੀ ਉਹ ਕੰਮ ਕਰਨ ਲੱਗੇ ਸਨ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਸਨ। ਉਸ ਨੇ ਕਿਹਾ: “ਏਹ ਤਾਂ ਇੱਕ ਮੱਤ ਹੀਣ ਕੌਮ ਹੈ, ਏਹਨਾਂ ਵਿੱਚ ਕੋਈ ਸਮਝ ਨਹੀਂ। ਭਲਾ ਹੁੰਦਾ ਕਿ ਓਹ ਬੁੱਧਵਾਨ ਹੁੰਦੇ ਅਤੇ ਏਸ ਗੱਲ ਨੂੰ ਸਮਝ ਲੈਂਦੇ, ਅਤੇ ਓਹ ਆਪਣੇ ਅੰਤ ਨੂੰ ਵਿਚਾਰ ਲੈਂਦੇ।”—ਬਿਵ. 31:29, 30; 32:28, 29.

11 ਮਿਸਾਲ ਲਈ, ਜੇ ਤੁਸੀਂ ਡੇਟਿੰਗ ਕਰ ਰਹੇ ਹੋ, ਤਾਂ ਯਾਦ ਰੱਖੋ ਕਿ ਜਦੋਂ ਤੁਸੀਂ ਕਿਸੇ ਵੱਲ ਆਕਰਸ਼ਿਤ ਹੋ ਜਾਂਦੇ ਹੋ, ਤਾਂ ਤੁਹਾਡੇ ਲਈ ਆਪਣੀਆਂ ਭਾਵਨਾਵਾਂ ਅਤੇ ਕਾਮੁਕ ਇੱਛਾਵਾਂ ’ਤੇ ਕਾਬੂ ਰੱਖਣਾ ਔਖਾ ਹੋ ਸਕਦਾ ਹੈ। ਇਸ ਲਈ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਾ ਕਰੋ ਜਿਸ ਨਾਲ ਯਹੋਵਾਹ ਨਾਲ ਤੁਹਾਡਾ ਅਨਮੋਲ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਇਸ ਦੀ ਬਜਾਇ, ਸਮਝਦਾਰੀ ਵਰਤੋ ਤੇ ਖ਼ਤਰੇ ਤੋਂ ਦੂਰ ਰਹੋ। ਯਹੋਵਾਹ ਦੀ ਇਸ ਚੰਗੀ ਸਲਾਹ ਨੂੰ ਮੰਨੋ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।”—ਕਹਾ. 22:3.

ਬੁਰੇ ਖ਼ਿਆਲ ਮਨ ਵਿੱਚੋਂ ਕੱਢੋ

12. ਸਾਡੀ ਸੋਚ ਸਾਨੂੰ ਕਿੱਦਾਂ ਨੁਕਸਾਨ ਪਹੁੰਚਾ ਸਕਦੀ ਹੈ?

12 ਇਕ ਸਮਝਦਾਰ ਇਨਸਾਨ ਬੁਰੇ ਖ਼ਿਆਲਾਂ ਨੂੰ ਅੱਗ ਵਾਂਗ ਸਮਝਦਾ ਹੈ। ਜੇ ਅੱਗ ਦਾ ਸਹੀ ਇਸਤੇਮਾਲ ਕਰੀਏ, ਤਾਂ ਇਹ ਸਾਡੇ ਕੰਮ ਆ ਸਕਦੀ ਹੈ ਜਿਵੇਂ ਕਿ ਖਾਣਾ ਬਣਾਉਣ ਵਿਚ। ਪਰ ਅੱਗ ਜਾਨਲੇਵਾ ਵੀ ਹੋ ਸਕਦੀ ਹੈ ਜੇ ਇਹ ਬੇਕਾਬੂ ਹੋ ਜਾਵੇ। ਇਹ ਘਰ ਨੂੰ ਸਾੜ ਕੇ ਸੁਆਹ ਕਰ ਸਕਦੀ ਹੈ ਤੇ ਇਸ ਵਿਚ ਰਹਿਣ ਵਾਲਿਆਂ ਦੀ ਜਾਨ ਲੈ ਸਕਦੀ ਹੈ। ਇਸੇ ਤਰ੍ਹਾਂ ਸਾਡੀ ਸੋਚ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ ਜਦੋਂ ਇਹ ਯਹੋਵਾਹ ਦੀ ਰੀਸ ਕਰਨ ਵਿਚ ਸਾਡੀ ਮਦਦ ਕਰਦੀ ਹੈ। ਪਰ ਇਹ ਸਾਡੇ ਲਈ ਨੁਕਸਾਨਦੇਹ ਹੋ ਸਕਦੀ ਹੈ ਜੇ ਇਹ ਸਾਡੇ ਮਨ ਵਿਚ ਗੰਦੇ ਖ਼ਿਆਲ ਪੈਦਾ ਕਰਦੀ ਹੈ। ਮਿਸਾਲ ਲਈ, ਜੇ ਅਸੀਂ ਅਨੈਤਿਕ ਕੰਮਾਂ ਬਾਰੇ ਸੋਚਦੇ ਰਹਿੰਦੇ ਹਾਂ ਤੇ ਕਲਪਨਾ ਕਰਦੇ ਹਾਂ ਕਿ ਅਸੀਂ ਉਹ ਕੰਮ ਕਰ ਰਹੇ ਹਾਂ, ਤਾਂ ਇਹ ਇੱਛਾ ਇੰਨੀ ਵਧ ਸਕਦੀ ਹੈ ਕਿ ਅਸੀਂ ਸ਼ਾਇਦ ਉਹ ਕੰਮ ਕਰ ਵੀ ਬੈਠੀਏ। ਇਸ ਕਾਰਨ ਯਹੋਵਾਹ ਨਾਲ ਸਾਡਾ ਰਿਸ਼ਤਾ ਲੀਰੋ-ਲੀਰ ਹੋ ਸਕਦਾ ਹੈ।—ਯਾਕੂਬ 1:14, 15 ਪੜ੍ਹੋ।

13. ਹੱਵਾਹ ਨੇ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਉਣ ਦੇ ਸੁਪਨੇ ਲਏ?

13 ਅਸੀਂ ਪਹਿਲੀ ਔਰਤ ਹੱਵਾਹ ਦੀ ਉਦਾਹਰਣ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਾਂ। ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਹੁਕਮ ਦਿੱਤਾ ਸੀ ਕਿ ਉਹ “ਭਲੇ ਬੁਰੇ ਦੀ ਸਿਆਣ ਦੇ ਬਿਰਛ” ਤੋਂ ਫਲ ਨਾ ਖਾਣ। (ਉਤ. 2:16, 17) ਪਰ ਸ਼ੈਤਾਨ ਨੇ ਹੱਵਾਹ ਨੂੰ ਕਿਹਾ: “ਤੁਸੀਂ ਕਦੀ ਨਾ ਮਰੋਗੇ। ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।” ਹੱਵਾਹ ਸੁਪਨਿਆਂ ਦੀ ਦੁਨੀਆਂ ਵਿਚ ਗੁਆਚ ਗਈ ਕਿ ਉਸ ਦੀ ਜ਼ਿੰਦਗੀ ਕਿੰਨੀ ਵਧੀਆ ਹੋਵੇਗੀ ਜਦੋਂ ਉਹ ਖ਼ੁਦ ਚੰਗੇ-ਬੁਰੇ ਦਾ ਫ਼ੈਸਲਾ ਕਰ ਸਕੇਗੀ। ਉਹ ਇਸ ਬਾਰੇ ਸੋਚਦੀ ਰਹੀ ਅਤੇ ਉਸ ਨੇ “ਵੇਖਿਆ ਕਿ ਉਹ ਬਿਰਛ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ।” ਇਸ ਤੋਂ ਬਾਅਦ ਕੀ ਹੋਇਆ? “ਉਸ ਨੇ ਉਹ ਦੇ ਫਲ ਤੋਂ ਲਿਆ ਤੇ ਆਪ ਖਾਧਾ ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸ ਨੇ ਖਾਧਾ।” (ਉਤ. 3:1-6) ਨਤੀਜੇ ਵਜੋਂ “ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ।” (ਰੋਮੀ. 5:12) ਹੱਵਾਹ ਨੂੰ ਗ਼ਲਤ ਕੰਮ ਕਰਨ ਬਾਰੇ ਸੋਚਦੇ ਨਹੀਂ ਸੀ ਰਹਿਣਾ ਚਾਹੀਦਾ!

14. ਅਨੈਤਿਕਤਾ ਬਾਰੇ ਬਾਈਬਲ ਸਾਨੂੰ ਕਿਹੜੀਆਂ ਚੇਤਾਵਨੀਆਂ ਦਿੰਦੀ ਹੈ?

14 ਇਹ ਤਾਂ ਠੀਕ ਹੈ ਕਿ ਹੱਵਾਹ ਨੇ ਕੋਈ ਅਨੈਤਿਕ ਕੰਮ ਨਹੀਂ ਕੀਤਾ ਸੀ। ਪਰ ਬਾਈਬਲ ਸਾਨੂੰ ਖ਼ਬਰਦਾਰ ਕਰਦੀ ਹੈ ਕਿ ਅਸੀਂ ਅਨੈਤਿਕ ਕੰਮ ਕਰਨ ਦੇ ਸੁਪਨਿਆਂ ਵਿਚ ਨਾ ਗੁਆਚੀਏ। ਯਿਸੂ ਨੇ ਕਿਹਾ: “ਜੇ ਕੋਈ ਕਿਸੇ ਔਰਤ ਵੱਲ ਗੰਦੀ ਨਜ਼ਰ ਨਾਲ ਦੇਖਦਾ ਰਹਿੰਦਾ ਹੈ, ਤਾਂ ਉਹ ਉਸ ਨਾਲ ਆਪਣੇ ਦਿਲ ਵਿਚ ਹਰਾਮਕਾਰੀ ਕਰ ਚੁੱਕਾ ਹੈ।” (ਮੱਤੀ 5:28) ਇਸ ਦੇ ਨਾਲ-ਨਾਲ ਪੌਲੁਸ ਨੇ ਚੇਤਾਵਨੀ ਦਿੱਤੀ: “[ਅਸੀਂ] ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕਰਨ ਦੀਆਂ ਯੋਜਨਾਵਾਂ ਨਾ ਬਣਾਉਂਦੇ ਰਹੀਏ।”—ਰੋਮੀ. 13:14.

15. ਸਾਨੂੰ ਕਿਸ ਤਰ੍ਹਾਂ ਦਾ ਧਨ ਜੋੜਨਾ ਚਾਹੀਦਾ ਹੈ ਤੇ ਕਿਉਂ?

15 ਬਾਈਬਲ ਸਾਨੂੰ ਇਹ ਵੀ ਕਹਿੰਦੀ ਹੈ ਕਿ ਅਸੀਂ ਆਪਣਾ ਧਿਆਨ ਯਹੋਵਾਹ ਨੂੰ ਖ਼ੁਸ਼ ਕਰਨ ’ਤੇ ਲਾਈਏ, ਨਾ ਕਿ ਅਮੀਰ ਬਣਨ ਦੇ ਸੁਪਨੇ ਬੁਣਦੇ ਰਹੀਏ। ਅਸਲ ਵਿਚ ਅਮੀਰ ਆਦਮੀ ਪੈਸੇ ਨੂੰ ‘ਆਪਣੇ ਚਾਰੇ ਪਾਸੇ ਉਚੀ ਦੀਵਾਰ ਸਮਝਦਾ ਹੈ।’ (ਕਹਾ. 18:11, CL) ਯਿਸੂ ਨੇ ਇਕ ਆਦਮੀ ਦੀ ਮਾੜੀ ਹਾਲਤ ਬਾਰੇ ਸਮਝਾਉਣ ਲਈ ਇਕ ਮਿਸਾਲ ਦਿੱਤੀ ਸੀ ਜੋ “ਆਪਣੇ ਲਈ ਧਨ-ਦੌਲਤ ਇਕੱਠੀ ਕਰਦਾ ਹੈ, ਪਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਮੀਰ ਨਹੀਂ ਹੁੰਦਾ।” (ਲੂਕਾ 12:16-21) ਯਹੋਵਾਹ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਉਹ ਕੰਮ ਕਰਦੇ ਹਾਂ ਜਿਨ੍ਹਾਂ ਤੋਂ ਉਹ ਖ਼ੁਸ਼ ਹੁੰਦਾ ਹੈ। (ਕਹਾ. 27:11) ਅਸੀਂ ਕਿੰਨੇ ਖ਼ੁਸ਼ ਹਾਂ ਕਿ ਸਾਡੇ ’ਤੇ ਯਹੋਵਾਹ ਦੀ ਮਿਹਰ ਹੈ ਕਿਉਂਕਿ ਅਸੀਂ ‘ਸਵਰਗ ਵਿਚ ਆਪਣੇ ਲਈ ਧਨ ਜੋੜਿਆ’ ਹੈ! (ਮੱਤੀ 6:20) ਨਾਲੇ ਸਾਡੇ ਲਈ ਸਭ ਤੋਂ ਵੱਡਾ ਖ਼ਜ਼ਾਨਾ ਹੈ ਯਹੋਵਾਹ ਨਾਲ ਚੰਗਾ ਰਿਸ਼ਤਾ।

ਚਿੰਤਾ ਨਾ ਕਰਦੇ ਰਹੋ

16. ਕਿਹੜੀ ਗੱਲ ਦੀ ਮਦਦ ਨਾਲ ਸਾਡੀ ਚਿੰਤਾ ਘੱਟ ਸਕਦੀ ਹੈ?

16 ਅਸੀਂ ਬਹੁਤ ਸਾਰੀਆਂ ਚਿੰਤਾਵਾਂ ਨਾਲ ਘਿਰ ਜਾਵਾਂਗੇ। (ਮੱਤੀ 6:19) ਯਿਸੂ ਨੇ ਇਕ ਉਦਾਹਰਣ ਦਿੱਤੀ ਜੋ ਦਿਖਾਉਂਦੀ ਹੈ ਕਿ “ਇਸ ਜ਼ਮਾਨੇ ਦੀਆਂ ਚਿੰਤਾਵਾਂ ਅਤੇ ਧਨ ਦੀ ਧੋਖਾ ਦੇਣ ਵਾਲੀ ਤਾਕਤ” ਕਾਰਨ ਅਸੀਂ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਨਹੀਂ ਦੇ ਸਕਾਂਗੇ। (ਮੱਤੀ 13:18, 19, 22) ਕੁਝ ਲੋਕ ਹਰ ਸਮੇਂ ਇਹੀ ਚਿੰਤਾ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਨਾਲ ਕੁਝ ਬੁਰਾ ਨਾ ਹੋ ਜਾਵੇ। ਪਰ ਜੇ ਅਸੀਂ ਚਿੰਤਾ ਕਰਦੇ ਰਹਿੰਦੇ ਹਾਂ, ਤਾਂ ਅਸੀਂ ਬੀਮਾਰ ਹੋ ਸਕਦੇ ਹਾਂ ਜਾਂ ਹੌਲੀ-ਹੌਲੀ ਯਹੋਵਾਹ ’ਤੇ ਸਾਡੀ ਨਿਹਚਾ ਕਮਜ਼ੋਰ ਹੋ ਸਕਦੀ ਹੈ। ਇਸ ਦੀ ਬਜਾਇ, ਸਾਨੂੰ ਪੱਕਾ ਭਰੋਸਾ ਹੋਣਾ ਚਾਹੀਦਾ ਹੈ ਕਿ ਯਹੋਵਾਹ ਸਾਡੀ ਮਦਦ ਕਰੇਗਾ। ਬਾਈਬਲ ਦੱਸਦੀ ਹੈ ਕਿ “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ।” (ਕਹਾ. 12:25) ਜੇ ਤੁਹਾਨੂੰ ਕਿਸੇ ਗੱਲ ਦੀ ਚਿੰਤਾ ਹੈ, ਤਾਂ ਯਹੋਵਾਹ ਦੇ ਕਿਸੇ ਸੇਵਕ ਨਾਲ ਗੱਲ ਕਰੋ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝਦਾ ਹੈ। ਤੁਹਾਡੇ ਮਾਤਾ-ਪਿਤਾ, ਤੁਹਾਡਾ ਜੀਵਨ-ਸਾਥੀ ਜਾਂ ਇਕ ਚੰਗਾ ਦੋਸਤ ਤੁਹਾਨੂੰ ਯਹੋਵਾਹ ’ਤੇ ਭਰੋਸਾ ਰੱਖਣ ਦੀ ਹੱਲਾਸ਼ੇਰੀ ਦੇ ਸਕਦਾ ਹੈ ਅਤੇ ਤੁਹਾਡੀ ਚਿੰਤਾ ਘਟਾਉਣ ਵਿਚ ਮਦਦ ਕਰ ਸਕਦਾ ਹੈ।

17. ਜਦੋਂ ਅਸੀਂ ਚਿੰਤਾ ਵਿਚ ਹੁੰਦੇ ਹਾਂ, ਤਾਂ ਯਹੋਵਾਹ ਸਾਡੀ ਕਿਵੇਂ ਮਦਦ ਕਰਦਾ ਹੈ?

17 ਸਾਡੀ ਚਿੰਤਾ ਨੂੰ ਯਹੋਵਾਹ ਨਾਲੋਂ ਬਿਹਤਰ ਹੋਰ ਕੋਈ ਨਹੀਂ ਸਮਝ ਸਕਦਾ। ਪੌਲੁਸ ਨੇ ਲਿਖਿਆ: “ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ; ਅਤੇ ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।” (ਫ਼ਿਲਿ. 4:6, 7) ਸੋ ਜਦੋਂ ਤੁਹਾਨੂੰ ਚਿੰਤਾ ਹੁੰਦੀ ਹੈ, ਤਾਂ ਸੋਚੋ ਕਿ ਯਹੋਵਾਹ ਨੇ ਆਪਣੇ ਨਾਲ ਤੁਹਾਡੀ ਦੋਸਤੀ ਪੱਕੀ ਕਰਨ ਲਈ ਤੁਹਾਨੂੰ ਕਿਹੜੀ ਮਦਦ ਦਿੱਤੀ ਹੈ ਜਿਵੇਂ ਕਿ ਭੈਣ-ਭਰਾ, ਬਜ਼ੁਰਗ, ਵਫ਼ਾਦਾਰ ਨੌਕਰ, ਦੂਤ ਅਤੇ ਯਿਸੂ।

18. ਕਲਪਨਾ ਕਰਨ ਦੀ ਕਾਬਲੀਅਤ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

18 ਅਸੀਂ ਸਿੱਖਿਆ ਹੈ ਕਿ ਅਸੀਂ ਉਦੋਂ ਯਹੋਵਾਹ ਦੀ ਰੀਸ ਕਰਦੇ ਹਾਂ ਜਦੋਂ ਅਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਆਪਣੀ ਕਾਬਲੀਅਤ ਵਰਤਦੇ ਹਾਂ। (1 ਤਿਮੋ. 1:11; 1 ਯੂਹੰ. 4:8) ਸਾਨੂੰ ਖ਼ੁਸ਼ੀ ਹੋਵੇਗੀ ਜਦੋਂ ਅਸੀਂ ਦੂਜਿਆਂ ਨੂੰ ਪਿਆਰ ਤੇ ਦਇਆ ਦਿਖਾਉਂਦੇ ਹਾਂ, ਜਦੋਂ ਅਸੀਂ ਆਪਣੇ ਕੰਮਾਂ ਦੇ ਅੰਜਾਮਾਂ ਬਾਰੇ ਪਹਿਲਾਂ ਤੋਂ ਸੋਚਦੇ ਹਾਂ ਅਤੇ ਚਿੰਤਾ ਕਰਦੇ ਰਹਿਣ ਤੋਂ ਬਚਦੇ ਹਾਂ। ਇਸ ਲਈ ਆਓ ਅਸੀਂ ਮਨ ਦੀਆਂ ਅੱਖਾਂ ਨਾਲ ਦੇਖਦੇ ਰਹੀਏ ਕਿ ਪਰਮੇਸ਼ੁਰ ਦੇ ਰਾਜ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਤੇ ਯਹੋਵਾਹ ਵਰਗਾ ਪਿਆਰ, ਦਇਆ, ਬੁੱਧ ਅਤੇ ਖ਼ੁਸ਼ੀ ਜ਼ਾਹਰ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ।—ਰੋਮੀ. 12:12.