Skip to content

Skip to table of contents

ਮਾਪਿਓ, ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਸਿਖਾਓ

ਮਾਪਿਓ, ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਸਿਖਾਓ

“ਵੇਖੋ, ਬੱਚੇ ਯਹੋਵਾਹ ਵੱਲੋਂ ਮਿਰਾਸ ਹਨ, ਢਿੱਡ ਦਾ ਫਲ ਇੱਕ ਇਨਾਮ ਹੈ।” (ਜ਼ਬੂ. 127:3) ਇਸ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ, ਤਾਂ ਮਾਂ-ਬਾਪ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ।

ਖ਼ੁਸ਼ੀ ਦੇ ਨਾਲ-ਨਾਲ ਮਾਪਿਆਂ ਦੇ ਸਿਰ ’ਤੇ ਵੱਡੀਆਂ ਜ਼ਿੰਮੇਵਾਰੀਆਂ ਵੀ ਆ ਜਾਂਦੀਆਂ ਹਨ। ਬੱਚਿਆਂ ਨੂੰ ਸਿਹਤਮੰਦ ਤੇ ਤੰਦਰੁਸਤ ਰਹਿਣ ਲਈ ਲਗਾਤਾਰ ਚੰਗੀ ਖ਼ੁਰਾਕ ਲੈਂਦੇ ਰਹਿਣ ਦੀ ਲੋੜ ਹੈ। ਇਸੇ ਤਰ੍ਹਾਂ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਬਹੁਤ ਜ਼ਰੂਰੀ ਹੈ ਕਿ ਮਾਪੇ ਬੱਚਿਆਂ ਨੂੰ ਬਾਈਬਲ ਤੋਂ ਸਿਖਾ ਕੇ ਉਨ੍ਹਾਂ ਦੀ ਅਗਵਾਈ ਕਰਨ। (ਕਹਾ. 1:8) ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਕੀ-ਕੀ ਸਿਖਾਉਣਾ ਚਾਹੀਦਾ ਹੈ ਅਤੇ ਉਹ ਬੱਚਿਆਂ ਨੂੰ ਕਿਸ ਉਮਰ ਤੋਂ ਸਿਖਾਉਣਾ ਸ਼ੁਰੂ ਕਰ ਸਕਦੇ ਹਨ?

ਮਾਪਿਓ ਪਰਮੇਸ਼ੁਰ ਤੋਂ ਮਦਦ ਮੰਗੋ

ਜ਼ਰਾ ਦਾਨ ਦੇ ਗੋਤ ਵਿੱਚੋਂ ਮਾਨੋਆਹ ਦੀ ਮਿਸਾਲ ’ਤੇ ਗੌਰ ਕਰੋ ਜੋ ਇਜ਼ਰਾਈਲ ਦੇ ਸਾਰਾਹ ਸ਼ਹਿਰ ਵਿਚ ਰਹਿੰਦਾ ਸੀ। ਯਹੋਵਾਹ ਦੇ ਫ਼ਰਿਸ਼ਤੇ ਨੇ ਮਾਨੋਆਹ ਦੀ ਬਾਂਝ ਪਤਨੀ ਨੂੰ ਕਿਹਾ ਕਿ ਉਹ ਇਕ ਬੇਟਾ ਪੈਦਾ ਕਰੇਗੀ। (ਨਿਆ. 13:2, 3) ਇਹ ਸੁਣ ਕੇ ਪਤੀ-ਪਤਨੀ ਬਹੁਤ ਖ਼ੁਸ਼ ਹੋਏ। ਪਰ ਇਸ ਦੇ ਨਾਲ-ਨਾਲ ਉਹ ਫ਼ਿਕਰਮੰਦ ਵੀ ਸਨ। ਸੋ ਮਾਨੋਆਹ ਨੇ ਪ੍ਰਾਰਥਨਾ ਕੀਤੀ: “ਹੇ ਪ੍ਰਭੁ, ਅਜਿਹਾ ਕਰ ਜੋ ਉਹ ਪਰਮੇਸ਼ੁਰ ਦਾ ਬੰਦਾ ਜਿਹ ਨੂੰ ਤੈਂ ਘੱਲਿਆ ਸੀ ਅਸਾਂ ਲੋਕਾਂ ਕੋਲ ਫੇਰ ਆਵੇ ਅਤੇ ਸਾਨੂੰ ਸਿਖਾਵੇ ਕਿ ਜਿਹੜਾ ਮੁੰਡਾ ਜੰਮੇਗਾ ਉਸ ਨਾਲ ਕਿੱਕਰ ਕਰੀਏ।” (ਨਿਆ. 13:8) ਮਾਨੋਆਹ ਤੇ ਉਸ ਦੀ ਪਤਨੀ ਨੂੰ ਆਪਣੇ ਬੇਟੇ ਦੀ ਪਰਵਰਿਸ਼ ਬਾਰੇ ਬੜੀ ਚਿੰਤਾ ਸੀ। ਉਨ੍ਹਾਂ ਨੇ ਆਪਣੇ ਬੇਟੇ ਸਮਸੂਨ ਨੂੰ ਪਰਮੇਸ਼ੁਰ ਦੇ ਕਾਨੂੰਨ ਸਿਖਾਏ ਅਤੇ ਲੱਗਦਾ ਹੈ ਕਿ ਉਹ ਇਸ ਵਿਚ ਕਾਮਯਾਬ ਵੀ ਹੋਏ। ਬਾਈਬਲ ਦੱਸਦੀ ਹੈ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਸਮਸੂਨ ’ਤੇ ਆਈ ਜਿਸ ਕਰਕੇ ਇਜ਼ਰਾਈਲ ਦੇ ਇਕ ਨਿਆਂਕਾਰ ਵਜੋਂ ਉਸ ਨੇ ਵੱਡੇ-ਵੱਡੇ ਕੰਮ ਕੀਤੇ।​—ਨਿਆ. 13:25; 14:5, 6; 15:14, 15.

ਮਾਨੋਆਹ ਨੇ ਆਪਣੇ ਬੇਟੇ ਦੀ ਪਰਵਰਿਸ਼ ਕਰਨ ਲਈ ਪਰਮੇਸ਼ੁਰ ਤੋਂ ਮਦਦ ਮੰਗੀ

ਮਾਪੇ ਆਪਣੇ ਬੱਚਿਆਂ ਨੂੰ ਕਦੋਂ ਤੋਂ ਸਿਖਾਉਣਾ ਸ਼ੁਰੂ ਕਰ ਸਕਦੇ ਹਨ? ਤਿਮੋਥਿਉਸ ਦੀ ਮਾਂ ਯੂਨੀਕਾ ਤੇ ਉਸ ਦੀ ਨਾਨੀ ਲੋਇਸ ਨੇ ਉਸ ਨੂੰ “ਛੋਟੇ ਹੁੰਦਿਆਂ ਤੋਂ ਪਵਿੱਤਰ ਲਿਖਤਾਂ” ਦੀ ਸਿੱਖਿਆ ਦਿੱਤੀ ਸੀ। (2 ਤਿਮੋ. 1:5; 3:15) ਜੀ ਹਾਂ, ਤਿਮੋਥਿਉਸ ਨੂੰ ਪਰਮੇਸ਼ੁਰ ਦਾ ਗਿਆਨ ਬਚਪਨ ਤੋਂ ਹੀ ਮਿਲਣਾ ਸ਼ੁਰੂ ਹੋ ਗਿਆ ਸੀ।

ਮਾਪਿਆਂ ਲਈ ਜ਼ਰੂਰੀ ਹੈ ਕਿ ਉਹ ਪਹਿਲਾਂ ਤੋਂ ਹੀ ਪਰਮੇਸ਼ੁਰ ਤੋਂ ਮਦਦ ਮੰਗਣ ਤਾਂਕਿ ਉਹ ਬੱਚਿਆਂ ਨੂੰ “ਛੋਟੇ ਹੁੰਦਿਆਂ ਤੋਂ” ਹੀ ਸਿਖਾਉਣਾ ਸ਼ੁਰੂ ਕਰ ਦੇਣ। ਬਾਈਬਲ ਕਹਿੰਦੀ ਹੈ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ।” (ਕਹਾ. 21:5, CL) ਬੱਚੇ ਦੇ ਇਸ ਦੁਨੀਆਂ ਵਿਚ ਕਦਮ ਰੱਖਣ ਤੋਂ ਪਹਿਲਾਂ ਹੀ ਮਾਪੇ ਚੰਗੀ ਤਰ੍ਹਾਂ ਤਿਆਰੀ ਕਰਦੇ ਹਨ। ਉਹ ਸ਼ਾਇਦ ਇਕ ਲਿਸਟ ਬਣਾਉਣ ਕਿ ਬੱਚੇ ਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਪਵੇਗੀ। ਉਨ੍ਹਾਂ ਨੂੰ ਇਸ ਬਾਰੇ ਵੀ ਸੋਚਣ ਦੀ ਲੋੜ ਹੈ ਕਿ ਉਹ ਆਪਣੇ ਨੰਨ੍ਹੇ-ਮੁੰਨੇ ਨੂੰ ਪਰਮੇਸ਼ੁਰ ਬਾਰੇ ਕਿੱਦਾਂ ਸਿਖਾਉਣਗੇ। ਬੱਚੇ ਦੇ ਜਨਮ ਤੋਂ ਇਕਦਮ ਬਾਅਦ ਉਨ੍ਹਾਂ ਨੂੰ ਉਸ ਨੂੰ ਸਿਖਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।

ਇਕ ਕਿਤਾਬ ਬੱਚਿਆਂ ਦੇ ਵੱਡੇ ਹੋਣ ਬਾਰੇ ਸਮਝਾਉਂਦੀ ਹੈ ਕਿ ਪਹਿਲੇ ਮਹੀਨਿਆਂ ਦੌਰਾਨ ਬੱਚੇ ਦੇ ਦਿਮਾਗ਼ ਦੇ ਸੈੱਲ ਬੜੀ ਤੇਜ਼ੀ ਨਾਲ ਇੱਥੋਂ ਤਕ ਕਿ 20 ਗੁਣਾ ਜ਼ਿਆਦਾ ਵਧਦੇ ਹਨ। ਇਸ ਲਈ ਮਾਪਿਆਂ ਨੂੰ ਇਨ੍ਹਾਂ ਮਹੀਨਿਆਂ ਦੌਰਾਨ ਆਪਣੇ ਬੱਚੇ ਨੂੰ ਯਹੋਵਾਹ ਤੇ ਉਸ ਦੇ ਅਸੂਲਾਂ ਬਾਰੇ ਸਿਖਾਉਣ ਦੀ ਪੂਰੀ ਮਿਹਨਤ ਕਰਨੀ ਚਾਹੀਦੀ ਹੈ।

ਇਕ ਰੈਗੂਲਰ ਪਾਇਨੀਅਰ ਭੈਣ ਆਪਣੀ ਬੇਟੀ ਬਾਰੇ ਦੱਸਦੀ ਹੈ: “ਮੇਰੀ ਬੇਟੀ ਇਕ ਮਹੀਨੇ ਦੀ ਸੀ ਜਦੋਂ ਮੈਂ ਉਸ ਨੂੰ ਪ੍ਰਚਾਰ ਵਿਚ ਲਿਜਾਣਾ ਸ਼ੁਰੂ ਕੀਤਾ। ਹਾਲਾਂਕਿ ਉਸ ਨੂੰ ਕਿਸੇ ਗੱਲ ਦੀ ਸਮਝ ਨਹੀਂ ਸੀ, ਪਰ ਮੈਨੂੰ ਯਕੀਨ ਹੈ ਕਿ ਮੇਰੇ ਨਾਲ ਪ੍ਰਚਾਰ ਵਿਚ ਜਾ ਕੇ ਉਸ ਨੂੰ ਫ਼ਾਇਦਾ ਹੋਇਆ। ਜਦ ਉਹ ਦੋ ਸਾਲਾਂ ਦੀ ਹੋਈ, ਤਾਂ ਉਹ ਬਿਨਾਂ ਡਰੇ ਪ੍ਰਚਾਰ ਵਿਚ ਲੋਕਾਂ ਨੂੰ ਟ੍ਰੈਕਟ ਦੇਣ ਲੱਗੀ।”

ਜੇ ਮਾਂ-ਬਾਪ ਬੱਚਿਆਂ ਨੂੰ ਬਚਪਨ ਤੋਂ ਹੀ ਸਿਖਾਉਣ, ਤਾਂ ਉਨ੍ਹਾਂ ਦੀ ਮਿਹਨਤ ਰੰਗ ਲਿਆ ਸਕਦੀ ਹੈ। ਪਰ ਮਾਪਿਆਂ ਲਈ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਬਾਰੇ ਸਿਖਾਉਣਾ ਹਮੇਸ਼ਾ ਆਸਾਨ ਨਹੀਂ ਹੁੰਦਾ।

“ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ”

ਬੱਚਿਆਂ ਦਾ ਧਿਆਨ ਆਸਾਨੀ ਨਾਲ ਭਟਕ ਸਕਦਾ ਹੈ ਜਿਸ ਕਰਕੇ ਮਾਪਿਆਂ ਲਈ ਬੱਚਿਆਂ ਨੂੰ ਸਿਖਾਉਣਾ ਔਖਾ ਹੋ ਸਕਦਾ ਹੈ। ਬੱਚੇ ਹਰ ਚੀਜ਼ ਬਾਰੇ ਜਾਣਨ ਲਈ ਉਤਾਵਲੇ ਹੁੰਦੇ ਹਨ ਅਤੇ ਜੋ ਕੁਝ ਉਨ੍ਹਾਂ ਦੇ ਆਸੇ-ਪਾਸੇ ਹੁੰਦਾ ਹੈ, ਉਨ੍ਹਾਂ ਦਾ ਧਿਆਨ ਝੱਟ ਉੱਧਰ ਚਲਾ ਜਾਂਦਾ ਹੈ। ਆਪਣੇ ਬੱਚਿਆਂ ਨੂੰ ਸਿਖਾਉਂਦੇ ਵੇਲੇ ਮਾਪੇ ਧਿਆਨ ਲਾਉਣ ਵਿਚ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਨ?

ਗੌਰ ਕਰੋ ਕਿ ਮੂਸਾ ਨੇ ਬਿਵਸਥਾ ਸਾਰ 6:6, 7 ਵਿਚ ਕੀ ਕਿਹਾ ਸੀ: “ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।” ਇੱਥੇ “ਸਿਖਲਾਓ” ਦਾ ਮਤਲਬ ਹੈ ਕਿਸੇ ਗੱਲ ਨੂੰ ਵਾਰ-ਵਾਰ ਸਿਖਾਉਣਾ। ਛੋਟੇ ਬੱਚੇ ਬੂਟਿਆਂ ਵਰਗੇ ਹੁੰਦੇ ਹਨ ਜਿਨ੍ਹਾਂ ਨੂੰ ਵਾਰ-ਵਾਰ ਪਾਣੀ ਦੇਣ ਦੀ ਲੋੜ ਹੁੰਦੀ ਹੈ। ਜਿੱਦਾਂ ਵੱਡੇ ਕੋਈ ਗੱਲ ਵਾਰ-ਵਾਰ ਸੁਣ ਕੇ ਸਮਝ ਜਾਂਦੇ ਹਨ ਉੱਦਾਂ ਹੀ ਬੱਚੇ ਵਾਰ-ਵਾਰ ਕੋਈ ਗੱਲ ਸੁਣ ਕੇ ਸਮਝ ਜਾਂਦੇ ਹਨ।

ਬੱਚਿਆਂ ਨੂੰ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਸਿਖਾਉਣ ਲਈ ਮਾਪਿਆਂ ਨੂੰ ਉਨ੍ਹਾਂ ਨਾਲ ਸਮਾਂ ਬਿਤਾਉਣ ਦੀ ਲੋੜ ਹੈ। ਨੱਠ-ਭੱਜ ਦੀ ਇਸ ਦੁਨੀਆਂ ਵਿਚ ਮਾਪਿਆਂ ਲਈ ਸਮਾਂ ਕੱਢਣਾ ਆਸਾਨ ਨਹੀਂ ਹੈ। ਪਰ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਸਲਾਹ ਦਿੱਤੀ: “ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ।” (ਅਫ਼. 5:15, 16) ਮਾਪੇ ਇਹ ਕਿੱਦਾਂ ਕਰ ਸਕਦੇ ਹਨ? ਇਕ ਭਰਾ ਬਜ਼ੁਰਗ ਹੈ ਤੇ ਉਸ ਦੀ ਪਤਨੀ ਰੈਗੂਲਰ ਪਾਇਨੀਅਰ। ਬਿਜ਼ੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਨੌਕਰੀ ਕਰਨ ਲਈ, ਮੰਡਲੀ ਦੇ ਕੰਮਾਂ ਲਈ ਅਤੇ ਆਪਣੀ ਬੱਚੀ ਨੂੰ ਸਿਖਾਉਣ ਲਈ ਸਮਾਂ ਕੱਢਣਾ ਪੈਂਦਾ ਹੈ। ਉਹ ਆਪਣੀ ਬੇਟੀ ਲਈ ਸਮਾਂ ਕਿਵੇਂ ਕੱਢਦੇ ਹਨ? ਪਿਤਾ ਕਹਿੰਦਾ ਹੈ: “ਸਵੇਰੇ ਕੰਮ ’ਤੇ ਜਾਣ ਤੋਂ ਪਹਿਲਾਂ ਮੈਂ ਤੇ ਮੇਰੀ ਪਤਨੀ ਆਪਣੀ ਬੇਟੀ ਨੂੰ ਬਾਈਬਲ ਕਹਾਣੀਆਂ ਦੀ ਕਿਤਾਬ ਜਾਂ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਕਿਤਾਬ ਤੋਂ ਪੜ੍ਹ ਕੇ ਸੁਣਾਉਂਦੇ ਹਾਂ। ਰਾਤ ਨੂੰ ਸੌਣ ਤੋਂ ਪਹਿਲਾਂ ਵੀ ਅਸੀਂ ਉਸ ਨੂੰ ਕੁਝ ਪੜ੍ਹ ਕੇ ਸੁਣਾਉਂਦੇ ਹਾਂ। ਨਾਲੇ ਅਸੀਂ ਉਸ ਨੂੰ ਹਮੇਸ਼ਾ ਆਪਣੇ ਨਾਲ ਪ੍ਰਚਾਰ ’ਤੇ ਲੈ ਕੇ ਜਾਂਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਉਸ ਦੇ ਛੋਟੇ ਹੁੰਦਿਆਂ ਅਸੀਂ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਸਿਖਾਈਏ।”

ਪੁੱਤਰ ਤੀਰਾਂ ਵਾਂਗ ਹਨ

ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੱਡੇ ਹੋ ਕੇ ਜ਼ਿੰਮੇਵਾਰ ਇਨਸਾਨ ਬਣਨ। ਪਰ ਉਨ੍ਹਾਂ ਨੂੰ ਸਿਖਾਉਣ ਦਾ ਸਭ ਤੋਂ ਜ਼ਰੂਰੀ ਕਾਰਨ ਹੈ ਕਿ ਉਹ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ ਪਿਆਰ ਕਰਨ।​—ਮਰ. 12:28-30.

ਜ਼ਬੂਰ 127:4 ਕਹਿੰਦਾ ਹੈ: “ਜਿਵੇਂ ਸੂਰਮੇ ਦੇ ਹੱਥ ਵਿੱਚ ਬਾਣ, ਤਿਵੇਂ ਜੁਆਨੀ ਦੇ ਪੁੱਤ੍ਰ ਹਨ।” ਇਸ ਆਇਤ ਵਿਚ ਬੱਚਿਆਂ ਦੀ ਤੁਲਨਾ ਤੀਰਾਂ ਨਾਲ ਕੀਤੀ ਗਈ ਹੈ। ਜਿੱਦਾਂ ਇਕ ਤੀਰ ਸਹੀ ਨਿਸ਼ਾਨੇ ’ਤੇ ਟਿਕਾ ਕੇ ਛੱਡਿਆ ਜਾਂਦਾ ਹੈ ਉੱਦਾਂ ਹੀ ਮਾਪੇ ਚਾਹੁੰਦੇ ਹਨ ਕਿ ਬੱਚੇ ਯਹੋਵਾਹ ਨੂੰ ਪਿਆਰ ਕਰਨ ਤੇ ਉਸ ਦੇ ਅਸੂਲਾਂ ਉੱਤੇ ਚੱਲਣ। ਤੀਰਅੰਦਾਜ਼ ਦਾ ਕਮਾਨ ਵਿੱਚੋਂ ਨਿਕਲਿਆ ਤੀਰ ਕਦੇ ਵਾਪਸ ਨਹੀਂ ਆ ਸਕਦਾ। ਇਸੇ ਤਰ੍ਹਾਂ ਬੱਚੇ ਛੇਤੀ ਵੱਡੇ ਹੋ ਜਾਂਦੇ ਹਨ ਅਤੇ ਇਸ ਕਰਕੇ ਮਾਪਿਆਂ ਲਈ ਜ਼ਰੂਰੀ ਹੈ ਕਿ ਉਹ ਇਸ ਸਮੇਂ ਨੂੰ ਆਪਣੇ ਹੱਥੋਂ ਨਾ ਜਾਣ ਦੇਣ।

ਯੂਹੰਨਾ ਰਸੂਲ ਨੇ ਜਿਨ੍ਹਾਂ ਲੋਕਾਂ ਨੂੰ ਸੱਚਾਈ ਸਿਖਾਈ ਸੀ, ਉਨ੍ਹਾਂ ਬਾਰੇ ਉਸ ਨੇ ਕਿਹਾ: “ਮੇਰੇ ਲਈ ਇਸ ਤੋਂ ਜ਼ਿਆਦਾ ਖ਼ੁਸ਼ੀ ਦੀ ਗੱਲ ਹੋਰ ਕੋਈ ਨਹੀਂ ਕਿ ਮੈਂ ਸੁਣਾਂ ਕਿ ਮੇਰੇ ਬੱਚੇ ਸੱਚਾਈ ਦੇ ਰਾਹ ਉੱਤੇ ਚੱਲ ਰਹੇ ਹਨ।” (3 ਯੂਹੰ. 4) ਮਾਪੇ ਵੀ ਅਜਿਹੀ ਖ਼ੁਸ਼ੀ ਪਾ ਸਕਦੇ ਹਨ ਜਦ ਉਨ੍ਹਾਂ ਦੇ ਬੱਚੇ ‘ਸੱਚਾਈ ਦੇ ਰਾਹ ਉੱਤੇ ਚੱਲਦੇ’ ਹਨ।