ਕੁਆਰਿਆਂ ਅਤੇ ਵਿਆਹਿਆਂ ਲਈ ਵਧੀਆ ਸਲਾਹ
ਕੁਆਰਿਆਂ ਅਤੇ ਵਿਆਹਿਆਂ ਲਈ ਵਧੀਆ ਸਲਾਹ
‘ਮੈਂ ਇਹ ਆਖਦਾ ਹਾਂ, ਨਾ ਇਸ ਲਈ ਜੋ ਤੁਹਾਡੇ ਉੱਤੇ ਬੰਦਿਸ਼ ਪਾਵਾਂ ਸਗੋਂ ਇਸ ਲਈ ਜੋ ਮੁਨਾਸਬ ਕੰਮ ਕੀਤਾ ਜਾਵੇ, ਨਾਲੇ ਤੁਸੀਂ ਬਿਨਾਂ ਘਾਬਰੇ ਪ੍ਰਭੁ ਦੀ ਸੇਵਾ ਵਿੱਚ ਲੱਗੇ ਰਹੋ।’—1 ਕੁਰਿੰ. 7:35.
1, 2. ਕੁਆਰਿਆਂ ਅਤੇ ਵਿਆਹਿਆਂ ਨੂੰ ਬਾਈਬਲ ਤੋਂ ਸਲਾਹ ਕਿਉਂ ਲੈਣੀ ਚਾਹੀਦੀ ਹੈ?
ਖ਼ੁਸ਼ੀ, ਨਿਰਾਸ਼ਾ ਅਤੇ ਚਿੰਤਾ ਵਰਗੇ ਜਜ਼ਬਾਤ ਤੀਵੀਂ-ਆਦਮੀ ਦੇ ਰਿਸ਼ਤਿਆਂ ਵਿਚ ਆਮ ਨਜ਼ਰ ਆਉਂਦੇ ਹਨ। ਇਨ੍ਹਾਂ ਜਜ਼ਬਾਤਾਂ ਨਾਲ ਸਿੱਝਣ ਲਈ ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੀ ਸੇਧ ਦੀ ਲੋੜ ਹੈ। ਇਸ ਤਰ੍ਹਾਂ ਕਰਨ ਦੇ ਹੋਰ ਵੀ ਕਾਰਨ ਹਨ। ਕੁਝ ਮਸੀਹੀ ਕੁਆਰੇ ਰਹਿ ਕੇ ਖ਼ੁਸ਼ ਹਨ, ਪਰ ਸ਼ਾਇਦ ਉਨ੍ਹਾਂ ਦੇ ਘਰ ਦੇ ਜਾਂ ਦੋਸਤ ਉਨ੍ਹਾਂ ’ਤੇ ਵਿਆਹ ਕਰਾਉਣ ਦਾ ਜ਼ੋਰ ਪਾ ਰਹੇ ਹੋਣ। ਕੁਝ ਹੋਰ ਵਿਆਹ ਕਰਾਉਣਾ ਚਾਹੁਣ, ਪਰ ਸ਼ਾਇਦ ਉਨ੍ਹਾਂ ਨੂੰ ਅਜੇ ਤਕ ਸਹੀ ਜੀਵਨ-ਸਾਥੀ ਨਹੀਂ ਮਿਲਿਆ। ਅਤੇ ਕੁਝ ਡੇਟਿੰਗ ਕਰਨ ਵਾਲਿਆਂ ਨੂੰ ਸੇਧ ਦੀ ਲੋੜ ਹੈ ਤਾਂਕਿ ਉਹ ਪਤੀ-ਪਤਨੀ ਵਜੋਂ ਜ਼ਿੰਮੇਵਾਰੀਆਂ ਸੰਭਾਲਣ ਲਈ ਤਿਆਰ ਹੋ ਸਕਣ। ਭਾਵੇਂ ਕੋਈ ਮਸੀਹੀ ਕੁਆਰਾ ਹੋਵੇ ਜਾਂ ਵਿਆਹਿਆ, ਦੋਵਾਂ ਨੂੰ ਹੀ ਅਨੈਤਿਕ ਕੰਮ ਕਰਨ ਤੋਂ ਬਚਣ ਦੀ ਲੋੜ ਹੈ।
2 ਉੱਪਰ ਦਿੱਤੇ ਹਾਲਾਤ ਸਾਡੀ ਖ਼ੁਸ਼ੀ ਅਤੇ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ’ਤੇ ਅਸਰ ਪਾ ਸਕਦੇ ਹਨ। ਪੌਲੁਸ ਰਸੂਲ ਨੇ ਕੁਰਿੰਥੀਆਂ ਨੂੰ ਲਿਖੀ ਆਪਣੀ ਪਹਿਲੀ ਚਿੱਠੀ ਦੇ ਸੱਤਵੇਂ ਅਧਿਆਇ ਵਿਚ ਕੁਆਰਿਆਂ ਅਤੇ ਵਿਆਹਿਆਂ ਬਾਰੇ ਸਲਾਹ ਦਿੱਤੀ। ਉਹ ਚਾਹੁੰਦਾ ਸੀ ਕਿ ਉਸ ਦੀ ਸਲਾਹ ਪੜ੍ਹਨ ਵਾਲੇ ਉਹੀ ਕਰਨ ਜੋ ਸਹੀ ਹੈ ਤਾਂਕਿ ਉਹ ਤਨ-ਮਨ ਨਾਲ ‘ਪ੍ਰਭੂ ਦੀ ਸੇਵਾ ਵਿਚ ਲੱਗੇ ਰਹਿਣ।’ (1 ਕੁਰਿੰ. 7:35) ਇਨ੍ਹਾਂ ਜ਼ਰੂਰੀ ਮਾਮਲਿਆਂ ਬਾਰੇ ਪੌਲੁਸ ਦੀ ਸਲਾਹ ਉੱਤੇ ਗੌਰ ਕਰਦੇ ਸਮੇਂ ਦੇਖੋ ਕਿ ਤੁਸੀਂ ਆਪਣੇ ਹਾਲਾਤਾਂ ਅਨੁਸਾਰ ਯਹੋਵਾਹ ਦੀ ਪੂਰੇ ਦਿਲੋਂ ਸੇਵਾ ਕਿਵੇਂ ਕਰ ਸਕਦੇ ਹੋ ਭਾਵੇਂ ਤੁਸੀਂ ਕੁਆਰੇ ਹੋ ਜਾਂ ਵਿਆਹੇ।
ਇਕ ਗੰਭੀਰ ਨਿੱਜੀ ਫ਼ੈਸਲਾ
3, 4. (ੳ) ਲੋਕ ਜਦੋਂ ਕੁਆਰੇ ਦੋਸਤ ਜਾਂ ਰਿਸ਼ਤੇਦਾਰ ਬਾਰੇ ਜ਼ਿਆਦਾ ਫ਼ਿਕਰ ਕਰਨ ਲੱਗ ਪੈਂਦੇ ਹਨ, ਤਾਂ ਕਦੇ-ਕਦੇ ਕਿਹੜੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ? (ਅ) ਵਿਆਹ ਬਾਰੇ ਸਹੀ ਨਜ਼ਰੀਆ ਰੱਖਣ ਲਈ ਪੌਲੁਸ ਦੀ ਸਲਾਹ ਸਾਡੀ ਕਿਵੇਂ ਮਦਦ ਕਰ ਸਕਦੀ ਹੈ?
3 ਪਹਿਲੀ ਸਦੀ ਦੇ ਯਹੂਦੀਆਂ ਵਾਂਗ ਅੱਜ ਵੀ ਬਹੁਤ ਸਾਰੇ ਸਭਿਆਚਾਰਾਂ ਵਿਚ ਵਿਆਹ ਕਰਾਉਣਾ ਬਹੁਤ ਜ਼ਰੂਰੀ ਹੈ। ਜੇ ਕਿਸੇ ਮੁੰਡੇ ਜਾਂ ਕੁੜੀ ਦਾ ਇਕ ਖ਼ਾਸ ਉਮਰ ਤਕ ਵਿਆਹ ਨਾ ਹੋਵੇ, ਤਾਂ ਪਰਿਵਾਰ ਦੇ ਮੈਂਬਰ ਜਾਂ ਦੋਸਤ ਉਸ ਬਾਰੇ ਫ਼ਿਕਰ ਕਰਨ ਲੱਗ ਪੈਂਦੇ ਹਨ ਅਤੇ ਸੋਚਦੇ ਹਨ ਕਿ ਉਨ੍ਹਾਂ ਨੂੰ ਵਿਆਹ ਬਾਰੇ ਸਲਾਹ ਦੇਣ ਦੀ ਲੋੜ ਹੈ। ਜਾਂ ਪਰਿਵਾਰ ਦੇ ਮੈਂਬਰ ਅਤੇ ਦੋਸਤ ਸ਼ਾਇਦ ਉਸ ਨੂੰ ਖ਼ੁਦ ਆਪਣਾ ਜੀਵਨ-ਸਾਥੀ ਲੱਭਣ ਲਈ ਕਹਿਣ। ਜਾਂ ਉਹ ਕਹਿਣ ਕਿ ਉਨ੍ਹਾਂ ਦੀ ਨਜ਼ਰ ਵਿਚ ਇਕ ਮੁੰਡਾ ਜਾਂ ਕੁੜੀ ਹੈ ਜਿਸ ਨਾਲ ਉਹ ਵਿਆਹ ਕਰਾ ਸਕਦੇ ਹਨ। ਕੁਝ ਲੋਕ ਵਿਆਹ ਕਰਾਉਣ ਦੇ ਇਰਾਦੇ ਨਾਲ ਕੁੜੀ-ਮੁੰਡੇ ਨੂੰ ਮਿਲਾਉਂਦੇ ਹਨ। ਜਦੋਂ ਘਰ ਦੇ ਜਾਂ ਦੋਸਤ ਇੱਦਾਂ ਕਰਦੇ ਹਨ, ਤਾਂ ਇਸ ਨਾਲ ਮੁੰਡਾ ਜਾਂ ਕੁੜੀ ਪਰੇਸ਼ਾਨ ਹੋ ਸਕਦੇ ਹਨ, ਦੂਸਰਿਆਂ ਨਾਲ ਉਨ੍ਹਾਂ ਦੀ ਦੋਸਤੀ ਟੁੱਟ ਸਕਦੀ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ।
4 ਪੌਲੁਸ ਨੇ ਕਿਸੇ ਨੂੰ ਵਿਆਹ ਕਰਾਉਣ ਜਾਂ ਕੁਆਰੇ ਰਹਿਣ ਲਈ ਕਦੇ ਵੀ ਮਜਬੂਰ ਨਹੀਂ ਕੀਤਾ। (1 ਕੁਰਿੰ. 7:7) ਉਹ ਕੁਆਰਾ ਰਹਿ ਕੇ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ ਸੀ, ਪਰ ਉਸ ਨੇ ਵਿਆਹ ਕਰਾਉਣ ਵਾਲਿਆਂ ਦੀ ਨੁਕਤਾਚੀਨੀ ਨਹੀਂ ਕੀਤੀ। ਅੱਜ ਮਸੀਹੀ ਆਪ ਫ਼ੈਸਲਾ ਕਰ ਸਕਦੇ ਹਨ ਕਿ ਉਹ ਵਿਆਹ ਕਰਾਉਣਾ ਚਾਹੁੰਦੇ ਹਨ ਕਿ ਨਹੀਂ। ਦੂਜਿਆਂ ਨੂੰ ਦੱਸਣ ਦਾ ਹੱਕ ਨਹੀਂ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ।
ਕੁਆਰੇ ਰਹਿ ਕੇ ਖ਼ੁਸ਼ ਰਹਿਣਾ
5, 6. ਪੌਲੁਸ ਨੇ ਕੁਆਰੇ ਰਹਿਣ ਦੀ ਸਲਾਹ ਕਿਉਂ ਦਿੱਤੀ?
5 ਕੁਰਿੰਥੀਆਂ ਨੂੰ ਲਿਖੇ ਪੌਲੁਸ ਦੇ ਸ਼ਬਦ ਸਾਡੀ ਇਹ ਸਮਝਣ ਵਿਚ ਮਦਦ ਕਰਦੇ ਹਨ ਕਿ ਕੁਆਰੇ ਮਸੀਹੀ ਪਰਮੇਸ਼ੁਰ ਦੀ ਸੇਵਾ ਚੰਗੀ ਤਰ੍ਹਾਂ ਕਰ ਸਕਦੇ ਹਨ। (1 ਕੁਰਿੰਥੀਆਂ 7:8 ਪੜ੍ਹੋ।) ਭਾਵੇਂ ਪੌਲੁਸ ਵਿਆਹਿਆ ਹੋਇਆ ਨਹੀਂ ਸੀ, ਫਿਰ ਵੀ ਉਸ ਨੇ ਆਪਣੇ ਆਪ ਨੂੰ ਵਿਆਹਿਆਂ ਹੋਇਆਂ ਨਾਲੋ ਬਿਹਤਰ ਨਹੀਂ ਸਮਝਿਆ, ਜਿਵੇਂ ਚਰਚਾਂ ਦੇ ਕੁਆਰੇ ਧਾਰਮਿਕ ਆਗੂ ਸਮਝਦੇ ਹਨ। ਪੌਲੁਸ ਨੇ ਸਮਝਾਇਆ ਕਿ ਜਿੱਦਾਂ ਕੁਆਰੇ ਭੈਣ-ਭਰਾ ਪਰਮੇਸ਼ੁਰ ਦੀ ਸੇਵਾ ਕਰ ਸਕਦੇ ਹਨ, ਉੱਦਾਂ ਵਿਆਹੇ ਹੋਏ ਭੈਣ-ਭਰਾ ਸ਼ਾਇਦ ਨਾ ਕਰ ਸਕਣ। ਇਸ ਦਾ ਕੀ ਮਤਲਬ ਹੈ?
6 ਕੁਆਰਾ ਮਸੀਹੀ ਆਮ ਤੌਰ ਤੇ ਯਹੋਵਾਹ ਦੀ ਸੇਵਾ ਵਿਚ ਮਿਲੀ ਹਰ ਜ਼ਿੰਮੇਵਾਰੀ ਨੂੰ ਸਵੀਕਾਰ ਕਰ ਸਕਦਾ ਹੈ ਜੋ ਇਕ ਸ਼ਾਦੀ-ਸ਼ੁਦਾ ਮਸੀਹੀ ਲਈ ਸ਼ਾਇਦ ਸੰਭਵ ਨਾ ਹੋਵੇ। ਪੌਲੁਸ ਨੂੰ “ਪਰਾਈਆਂ ਕੌਮਾਂ ਦਾ ਰਸੂਲ” ਬਣਨ ਦਾ ਸਨਮਾਨ ਮਿਲਿਆ ਸੀ। (ਰੋਮੀ. 11:13) ਰਸੂਲਾਂ ਦੇ ਕਰਤੱਬ ਦੀ ਕਿਤਾਬ ਦੇ ਅਧਿਆਇ 13 ਤੋਂ 20 ਵਿਚ ਅਸੀਂ ਪੌਲੁਸ ਦੇ ਤਜਰਬਿਆਂ ਬਾਰੇ ਪੜ੍ਹ ਸਕਦੇ ਹਾਂ। ਪੌਲੁਸ ਆਪਣੇ ਸੰਗੀ ਮਿਸ਼ਨਰੀਆਂ ਨਾਲ ਨਵੇਂ ਇਲਾਕਿਆਂ ਵਿਚ ਗਿਆ ਅਤੇ ਉਨ੍ਹਾਂ ਨੇ ਕਈ ਨਵੀਆਂ ਕਲੀਸਿਯਾਵਾਂ ਬਣਾਈਆਂ। ਪੌਲੁਸ ਨੇ ਪ੍ਰਚਾਰ ਕਰਦਿਆਂ ਅਜਿਹੇ ਮੁਸ਼ਕਲ ਭਰੇ ਹਾਲਾਤਾਂ ਦਾ ਸਾਮ੍ਹਣਾ ਕੀਤਾ ਜਿਨ੍ਹਾਂ ਦਾ ਅੱਜ ਸਾਨੂੰ ਸ਼ਾਇਦ ਨਾ ਕਰਨਾ ਪਵੇ। (2 ਕੁਰਿੰ. 11:23-27, 32, 33) ਪੌਲੁਸ ਚੇਲੇ ਬਣਾਉਣ ਦੇ ਇਸ ਕੰਮ ਵਿਚ ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਸੀ ਜਿਸ ਤੋਂ ਉਸ ਨੂੰ ਬਹੁਤ ਖ਼ੁਸ਼ੀ ਮਿਲੀ। (1 ਥੱਸ. 1:2-7, 9; 2:19) ਜੇ ਪੌਲੁਸ ਸ਼ਾਦੀ-ਸ਼ੁਦਾ ਹੁੰਦਾ, ਤਾਂ ਕੀ ਉਹ ਇਹ ਸਾਰਾ ਕੁਝ ਕਰ ਪਾਉਂਦਾ? ਸ਼ਾਇਦ ਨਹੀਂ।
7. ਦੋ ਕੁਆਰੀਆਂ ਭੈਣਾਂ ਨੇ ਆਪਣੇ ਹਾਲਾਤਾਂ ਦਾ ਲਾਹਾ ਲੈਂਦਿਆਂ ਕਿਵੇਂ ਜ਼ਿਆਦਾ ਪ੍ਰਚਾਰ ਕੀਤਾ?
7 ਬਹੁਤ ਸਾਰੇ ਕੁਆਰੇ ਮਸੀਹੀ ਆਪਣੇ ਹਾਲਾਤਾਂ ਦਾ ਲਾਹਾ ਲੈਂਦੇ ਹੋਏ ਜ਼ਿਆਦਾ ਸਮਾਂ ਪ੍ਰਚਾਰ ਦੇ ਕੰਮ ਵਿਚ ਲਾਉਂਦੇ ਹਨ। ਸਾਰਾ ਅਤੇ ਲਿਮਬਾਨੀਆਂ ਨਾਂ ਦੀਆਂ ਦੋ ਕੁਆਰੀਆਂ ਭੈਣਾਂ ਬੋਲੀਵੀਆ ਵਿਚ ਪਾਇਨੀਅਰਿੰਗ ਕਰ ਰਹੀਆਂ ਹਨ। ਉਹ ਇਕ ਅਜਿਹੇ ਪਿੰਡ ਵਿਚ ਗਈਆਂ ਜਿੱਥੇ ਕਈ ਸਾਲਾਂ ਤੋਂ ਕਿਸੇ ਨੇ ਪ੍ਰਚਾਰ ਨਹੀਂ ਸੀ ਕੀਤਾ। ਉਸ ਪਿੰਡ ਵਿਚ ਬਿਜਲੀ ਦੀ ਘਾਟ ਹੋਣ ਕਰਕੇ ਕੀ ਭੈਣਾਂ ਨੂੰ ਔਖ ਆਵੇਗੀ? ਉਹ ਦੱਸਦੀਆਂ ਹਨ: “ਲੋਕਾਂ ਕੋਲ ਟੀ.ਵੀ. ਜਾਂ ਰੇਡੀਓ ਨਾ ਹੋਣ ਕਰਕੇ ਉਹ ਸਿਰਫ਼ ਪੜ੍ਹਨਾ ਹੀ ਪਸੰਦ ਕਰਦੇ ਹਨ।” ਕੁਝ ਲੋਕ ਅਜੇ ਵੀ ਯਹੋਵਾਹ ਦੇ ਗਵਾਹਾਂ ਦੇ ਪੁਰਾਣੇ ਰਸਾਲੇ ਅਤੇ ਕਿਤਾਬਾਂ ਪੜ੍ਹਦੇ ਹਨ ਜੋ ਹੁਣ ਨਹੀਂ ਛਾਪੇ ਜਾਂਦੇ। ਭੈਣਾਂ ਨੂੰ ਤਕਰੀਬਨ ਹਰ ਘਰ ਵਿਚ ਅਜਿਹੇ ਲੋਕ ਮਿਲੇ ਜੋ ਬਾਈਬਲ ਬਾਰੇ ਸਿੱਖਣਾ ਚਾਹੁੰਦੇ ਸਨ, ਇਸ ਕਰਕੇ ਉਨ੍ਹਾਂ ਲਈ ਸਾਰੇ ਲੋਕਾਂ ਨੂੰ ਸਿਖਾਉਣਾ ਮੁਸ਼ਕਲ ਸੀ। ਇਕ ਬਜ਼ੁਰਗ ਔਰਤ ਨੇ ਭੈਣਾਂ ਨੂੰ ਕਿਹਾ: “ਯਹੋਵਾਹ ਦੇ ਗਵਾਹ ਸਾਡੇ ਕੋਲ ਆਏ ਹਨ ਜਿਸ ਦਾ ਮਤਲਬ ਹੈ ਕਿ ਅੰਤ ਜ਼ਰੂਰ ਆਉਣ ਵਾਲਾ ਹੋਵੇਗਾ।” ਜਲਦੀ ਹੀ ਉਸ ਪਿੰਡ ਦੇ ਲੋਕਾਂ ਨੇ ਮੀਟਿੰਗਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ।
8, 9. (ੳ) ਪੌਲੁਸ ਨੇ ਕਿਉਂ ਕਿਹਾ ਕਿ ਕੁਆਰੇ ਰਹਿ ਕੇ ਪਰਮੇਸ਼ੁਰ ਦੀ ਸੇਵਾ ਕਰਨੀ ਚੰਗੀ ਗੱਲ ਹੈ? (ਅ) ਕੁਆਰੇ ਭੈਣਾਂ-ਭਰਾਵਾਂ ਨੂੰ ਕਿਹੜੇ ਫ਼ਾਇਦੇ ਹੁੰਦੇ ਹਨ?
8 ਇਹ ਸੱਚ ਹੈ ਕਿ ਜਦੋਂ ਵਿਆਹੇ ਮਸੀਹੀ ਅਜਿਹੇ ਇਲਾਕਿਆਂ ਵਿਚ ਪ੍ਰਚਾਰ ਕਰਦੇ ਹਨ ਜਿੱਥੇ ਮੁਸ਼ਕਲਾਂ ਆਉਂਦੀਆਂ ਹਨ, ਤਾਂ ਉਨ੍ਹਾਂ ਨੂੰ ਵੀ ਚੰਗੇ ਨਤੀਜੇ ਮਿਲਦੇ ਹਨ। ਜਿਹੜੀਆਂ ਜ਼ਿੰਮੇਵਾਰੀਆਂ ਕੁਆਰੇ ਪਾਇਨੀਅਰ ਪੂਰੀਆਂ ਕਰ ਸਕਦੇ ਹਨ, ਉਹ ਸ਼ਾਇਦ ਵਿਆਹੇ ਹੋਇਆਂ ਜਾਂ ਬਾਲ-ਬੱਚੇਦਾਰਾਂ ਨੂੰ ਪੂਰੀਆਂ ਕਰਨੀਆਂ ਔਖੀਆਂ ਲੱਗਣ। ਜਦੋਂ ਪੌਲੁਸ ਨੇ ਕਲੀਸਿਯਾਵਾਂ ਨੂੰ ਲਿਖਿਆ, ਤਾਂ ਉਸ ਨੂੰ ਪਤਾ ਸੀ ਕਿ ਅਜੇ ਵੀ ਬਹੁਤ ਸਾਰਾ ਪ੍ਰਚਾਰ ਕਰਨਾ ਬਾਕੀ ਸੀ। ਉਹ ਚਾਹੁੰਦਾ ਸੀ ਕਿ ਭੈਣ-ਭਰਾ ਉਸ ਵਾਂਗ ਚੇਲੇ ਬਣਾਉਣ ਦੇ ਕੰਮ ਵਿਚ ਖ਼ੁਸ਼ੀ ਪਾਉਣ। ਇਸ ਲਈ ਪੌਲੁਸ ਨੇ ਕਿਹਾ ਕਿ ਕੁਆਰੇ ਰਹਿ ਕੇ ਯਹੋਵਾਹ ਦੀ ਸੇਵਾ ਕਰਨੀ ਚੰਗੀ ਗੱਲ ਹੈ।
9 ਅਮਰੀਕਾ ਵਿਚ ਪਾਇਨੀਅਰਿੰਗ ਕਰ ਰਹੀ ਇਕ ਭੈਣ ਨੇ ਲਿਖਿਆ: “ਕਈ ਲੋਕ ਮੰਨਦੇ ਹਨ ਕਿ ਕੁਆਰੇ ਲੋਕਾਂ ਲਈ ਖ਼ੁਸ਼ ਰਹਿਣਾ ਸੰਭਵ ਨਹੀਂ। ਪਰ ਮੈਂ ਦੇਖਿਆ ਹੈ ਕਿ ਯਹੋਵਾਹ ਨਾਲ ਦੋਸਤੀ ਕਰ ਕੇ ਸੱਚੀ ਖ਼ੁਸ਼ੀ ਮਿਲਦੀ ਹੈ। ਭਾਵੇਂ ਕਿ ਕੁਆਰੇ ਰਹਿਣਾ ਇਕ ਕੁਰਬਾਨੀ ਹੈ, ਪਰ ਜੇ ਤੁਸੀਂ ਆਪਣੇ ਹਾਲਾਤਾਂ ਦਾ ਲਾਹਾ ਲੈਂਦੇ ਹੋ, ਤਾਂ ਕੁਆਰੇ ਰਹਿਣਾ ਇਕ ਵਧੀਆ ਦਾਤ ਸਾਬਤ ਹੋ ਸਕਦੀ ਹੈ।” ਖ਼ੁਸ਼ ਰਹਿਣ ਬਾਰੇ ਉਸ ਨੇ ਲਿਖਿਆ: “ਕੁਆਰੇ ਰਹਿਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਖ਼ੁਸ਼ ਨਹੀਂ ਰਹਿ ਸਕਦੇ, ਸਗੋਂ ਤੁਹਾਨੂੰ ਬੇਸ਼ੁਮਾਰ ਖ਼ੁਸ਼ੀਆਂ ਮਿਲ ਸਕਦੀਆਂ ਹਨ। ਮੈਨੂੰ ਪਤਾ ਹੈ ਕਿ ਯਹੋਵਾਹ ਕੁਆਰਿਆਂ ਅਤੇ ਵਿਆਹਿਆਂ ਨੂੰ ਪਿਆਰ ਕਰਦਾ ਹੈ।” ਇਹ ਭੈਣ ਹੁਣ ਅਜਿਹੇ ਦੇਸ਼ ਵਿਚ ਸੇਵਾ ਕਰ ਰਹੀ ਹੈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਜੇ ਤੁਸੀਂ ਕੁਆਰੇ ਹੋ, ਤਾਂ ਕੀ ਤੁਸੀਂ ਦੂਜਿਆਂ ਨੂੰ ਸੱਚਾਈ ਸਿਖਾਉਣ ਲਈ ਹੋਰ ਜ਼ਿਆਦਾ ਮਿਹਨਤ ਕਰ ਸਕਦੇ ਹੋ? ਜੇ ਤੁਸੀਂ ਇੱਦਾਂ ਕਰ ਸਕਦੇ ਹੋ, ਤਾਂ ਕੁਆਰੇ ਰਹਿਣਾ ਤੁਹਾਡੇ ਲਈ ਯਹੋਵਾਹ ਵੱਲੋਂ ਮਿਲੀ ਇਕ ਅਨਮੋਲ ਦਾਤ ਸਾਬਤ ਹੋਵੇਗੀ।
ਕੁਆਰੇ ਜੋ ਵਿਆਹ ਕਰਾਉਣਾ ਚਾਹੁੰਦੇ ਹਨ
10, 11. ਯਹੋਵਾਹ ਉਨ੍ਹਾਂ ਦੀ ਕਿਵੇਂ ਮਦਦ ਕਰਦਾ ਹੈ ਜੋ ਵਿਆਹ ਕਰਾਉਣਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਅਜੇ ਸਹੀ ਜੀਵਨ-ਸਾਥੀ ਨਹੀਂ ਮਿਲਿਆ?
10 ਕੁਝ ਸਾਲ ਕੁਆਰੇ ਰਹਿਣ ਤੋਂ ਬਾਅਦ, ਯਹੋਵਾਹ ਦੇ ਬਹੁਤ ਸਾਰੇ ਵਫ਼ਾਦਾਰ ਗਵਾਹ ਵਿਆਹ ਕਰਾਉਣ ਦਾ ਫ਼ੈਸਲਾ ਕਰਦੇ ਹਨ। ਉਹ ਚੰਗਾ ਜੀਵਨ-ਸਾਥੀ ਭਾਲਣ ਲਈ ਯਹੋਵਾਹ ਤੋਂ ਸੇਧ ਅਤੇ ਮਦਦ ਮੰਗਦੇ ਹਨ।—1 ਕੁਰਿੰਥੀਆਂ 7:36 ਪੜ੍ਹੋ। *
11 ਜੇ ਤੁਸੀਂ ਅਜਿਹੇ ਵਿਅਕਤੀ ਨਾਲ ਵਿਆਹ ਕਰਾਉਣਾ ਚਾਹੁੰਦੇ ਹੋ ਜੋ ਯਹੋਵਾਹ ਦੀ ਸੇਵਾ ਪੂਰੇ ਦਿਲ ਨਾਲ ਕਰਦਾ ਹੈ, ਤਾਂ ਇਸ ਬਾਰੇ ਯਹੋਵਾਹ ਨੂੰ ਲਗਾਤਾਰ ਪ੍ਰਾਰਥਨਾ ਕਰਦੇ ਰਹੋ। (ਫ਼ਿਲਿ. 4:6, 7) ਭਾਵੇਂ ਤੁਹਾਨੂੰ ਚੰਗੇ ਜੀਵਨ-ਸਾਥੀ ਲਈ ਜਿੰਨਾ ਮਰਜ਼ੀ ਇੰਤਜ਼ਾਰ ਕਰਨਾ ਪਵੇ, ਫਿਰ ਵੀ ਹੌਸਲਾ ਨਾ ਹਾਰੋ। ਯਹੋਵਾਹ ਨੂੰ ਤੁਹਾਡੀਆਂ ਲੋੜਾਂ ਬਾਰੇ ਪਤਾ ਹੈ। ਜੇ ਤੁਸੀਂ ਉਸ ਉੱਤੇ ਭਰੋਸਾ ਰੱਖੋਗੇ, ਤਾਂ ਉਹ ਤੁਹਾਡੀ ਮਦਦ ਕਰੇਗਾ ਤਾਂਕਿ ਤੁਸੀਂ ਆਪਣੇ ਹਾਲਾਤਾਂ ਨਾਲ ਸਿੱਝ ਸਕੋ।—ਇਬ. 13:6.
12. ਜੇ ਕੋਈ ਤੁਹਾਨੂੰ ਆਪਣੇ ਨਾਲ ਵਿਆਹ ਕਰਾਉਣ ਲਈ ਪੁੱਛੇ, ਤਾਂ ਉਸ ਨੂੰ ਜਵਾਬ ਦੇਣ ਤੋਂ ਪਹਿਲਾਂ ਤੁਹਾਨੂੰ ਧਿਆਨ ਨਾਲ ਕਿਉਂ ਸੋਚਣਾ ਚਾਹੀਦਾ ਹੈ?
12 ਉਦੋਂ ਕੀ ਜੇ ਕੋਈ ਤੁਹਾਨੂੰ ਆਪਣੇ ਨਾਲ ਵਿਆਹ ਕਰਾਉਣ ਲਈ ਕਹਿੰਦਾ ਹੈ ਜਿਸ ਦੀ ਨਿਹਚਾ ਤਕੜੀ ਨਹੀਂ ਹੈ ਜਾਂ ਉਹ ਯਹੋਵਾਹ ਨੂੰ ਨਹੀਂ ਮੰਨਦਾ? ਭਾਵੇਂ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ, ਪਰ ਜੇ ਤੁਸੀਂ ਗ਼ਲਤ ਜੀਵਨ-ਸਾਥੀ ਦੀ ਚੋਣ ਕਰਦੇ ਹੋ, ਤਾਂ ਹੋ ਸਕਦਾ ਹੈ ਕਿ ਵਿਆਹ ਤੋਂ ਬਾਅਦ ਤੁਹਾਨੂੰ ਜ਼ਿਆਦਾ ਦੁੱਖ ਝੱਲਣਾ ਪਵੇ। ਉਦੋਂ ਸ਼ਾਇਦ ਤੁਸੀਂ ਸੋਚੋ ਕਿ ਵਿਆਹ ਕਰਾਉਣ ਨਾਲੋਂ ਕੁਆਰਾ ਰਹਿਣਾ ਹੀ ਚੰਗਾ ਸੀ। ਯਾਦ ਰੱਖੋ ਕਿ ਵਿਆਹ ਕਰਾਉਣ ਤੋਂ ਬਾਅਦ ਤੁਹਾਨੂੰ ਸਾਰੀ ਉਮਰ ਉਸ ਵਿਅਕਤੀ ਨਾਲ ਰਹਿਣਾ ਪਵੇਗਾ। ਅੱਜ ਕੀਤੇ ਗਏ ਤੁਹਾਡੇ ਫ਼ੈਸਲੇ ਦਾ ਤੁਹਾਡੀ ਸਾਰੀ ਜ਼ਿੰਦਗੀ ’ਤੇ ਅਸਰ ਪਵੇਗਾ। (1 ਕੁਰਿੰ. 7:27) ਇਹ ਸੋਚ ਕੇ ਵਿਆਹ ਨਾ ਕਰਾਓ ਕਿ ਤੁਹਾਡੇ ਕੋਲ ਵਿਆਹ ਕਰਾਉਣ ਦਾ ਸਿਰਫ਼ ਇਹੀ ਮੌਕਾ ਹੈ। ਬਾਅਦ ਵਿਚ ਇੱਦਾਂ ਨਾ ਹੋਵੇ ਕਿ ਤੁਹਾਨੂੰ ਪਛਤਾਉਣਾ ਪਵੇ।—1 ਕੁਰਿੰਥੀਆਂ 7:39 ਪੜ੍ਹੋ।
ਵਿਆਹ ਲਈ ਤਿਆਰੀ ਕਰੋ
13-15. ਵਿਆਹ ਤੋਂ ਪਹਿਲਾਂ ਕਿਹੜੇ ਮਸਲਿਆਂ ਬਾਰੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ?
13 ਪੌਲੁਸ ਨੇ ਕਿਹਾ ਕਿ ਕੁਆਰੇ ਰਹਿ ਕੇ ਯਹੋਵਾਹ ਦੀ ਸੇਵਾ ਕਰਨੀ ਚੰਗੀ ਗੱਲ ਹੈ, ਪਰ ਉਸ ਨੇ ਇਹ ਨਹੀਂ ਸੋਚਿਆ ਕਿ ਉਹ ਵਿਆਹੇ ਹੋਇਆਂ ਨਾਲੋਂ ਬਿਹਤਰ ਹੈ। ਉਹ ਵਿਆਹੁਤਾ ਜੋੜਿਆਂ ਦੀ ਮਦਦ ਕਰਨੀ ਚਾਹੁੰਦਾ ਸੀ। ਉਸ ਦੀ ਦਿੱਤੀ ਸਲਾਹ ਦੀ ਮਦਦ ਨਾਲ ਪਤੀ-ਪਤਨੀ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹਨ ਅਤੇ ਉਮਰ ਭਰ ਲਈ ਇਕ-ਦੂਜੇ ਦਾ ਸਾਥ ਨਿਭਾ ਸਕਦੇ ਹਨ।
14 ਜਿਹੜੇ ਡੇਟਿੰਗ ਕਰਦੇ ਹਨ, ਉਨ੍ਹਾਂ ਵਿੱਚੋਂ ਸ਼ਾਇਦ ਕਈਆਂ ਨੂੰ ਵਿਆਹੁਤਾ ਜ਼ਿੰਦਗੀ ਬਾਰੇ ਆਪਣੇ ਵਿਚਾਰਾਂ ਨੂੰ ਬਦਲਣਾ ਪਵੇ। ਡੇਟਿੰਗ ਕਰਦੇ ਸਮੇਂ ਸ਼ਾਇਦ ਮੁੰਡਾ-ਕੁੜੀ ਸੋਚਣ ਕਿ ਉਨ੍ਹਾਂ ਦਾ ਪਿਆਰ ਦੁਨੀਆਂ ਤੋਂ ਅਲੱਗ ਹੈ ਜੋ ਹਮੇਸ਼ਾ ਰਹੇਗਾ। ਉਹ ਸੁਪਨਿਆਂ ਦੀ ਦੁਨੀਆਂ ਵਿਚ ਰਹਿ ਕੇ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਨ ਅਤੇ ਮੰਨਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਹਮੇਸ਼ਾ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ। ਪਰ ਇਹ ਸੱਚ ਨਹੀਂ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਰੋਮਾਂਟਿਕ ਪਲ ਖ਼ੁਸ਼ੀ ਲਿਆ ਸਕਦੇ ਹਨ। ਪਰ ਇਹ ਵਿਆਹੁਤਾ-ਜੀਵਨ ਵਿਚ ਆਉਣ ਵਾਲੀ ਹਰ ਸਮੱਸਿਆ ਨਹੀਂ ਸੁਲਝਾ ਸਕਦੇ।—1 ਕੁਰਿੰਥੀਆਂ 7:28 ਪੜ੍ਹੋ। *
15 ਵਿਆਹ ਕਰਾਉਣ ਤੋਂ ਬਾਅਦ ਕੁਝ ਪਤੀ-ਪਤਨੀ ਹੈਰਾਨ ਜਾਂ ਨਿਰਾਸ਼ ਹੋ ਜਾਂਦੇ ਹਨ ਕਿ ਜ਼ਰੂਰੀ ਗੱਲਾਂ ਬਾਰੇ ਉਨ੍ਹਾਂ ਦੇ ਵਿਚਾਰ ਇਕ-ਦੂਜੇ ਨਾਲ ਮਿਲਦੇ-ਜੁਲਦੇ ਨਹੀਂ। ਮਿਸਾਲ ਲਈ, ਹੋ ਸਕਦਾ ਹੈ ਕਿ ਪੈਸੇ ਦੀ ਵਰਤੋਂ ਸੰਬੰਧੀ ਉਹ ਸਹਿਮਤ ਨਾ ਹੋਣ। ਜਾਂ ਉਹ ਇਸ ਗੱਲ ਨਾਲ ਸਹਿਮਤ ਨਾ ਹੋਣ ਕਿ ਉਹ ਕਿਹੜਾ ਮਨੋਰੰਜਨ ਕਰਨਗੇ, ਉਹ ਕਿੱਥੇ ਰਹਿਣਗੇ ਤੇ ਆਪਣੇ ਮਾਪਿਆਂ ਨੂੰ ਕਦੋਂ ਮਿਲਣ ਜਾਣਗੇ। ਇਕ-ਦੂਜੇ ਦੀਆਂ ਕਮਜ਼ੋਰੀਆਂ ਕਰਕੇ ਉਨ੍ਹਾਂ ਵਿਚ ਤਣਾਅ ਪੈਦਾ ਹੋ ਸਕਦਾ ਹੈ। ਡੇਟਿੰਗ ਕਰਦੇ ਸਮੇਂ ਉਹ ਸ਼ਾਇਦ ਸੋਚਣ ਕਿ
ਉਨ੍ਹਾਂ ਨੂੰ ਇਨ੍ਹਾਂ ਜ਼ਰੂਰੀ ਮਾਮਲਿਆਂ ਬਾਰੇ ਗੱਲ ਕਰਨ ਦੀ ਲੋੜ ਨਹੀਂ ਹੈ। ਜੇ ਉਹ ਇਨ੍ਹਾਂ ਮਾਮਲਿਆਂ ਬਾਰੇ ਪਹਿਲਾਂ ਹੀ ਗੱਲ ਨਹੀਂ ਕਰਦੇ, ਤਾਂ ਬਾਅਦ ਵਿਚ ਹਾਲਾਤ ਵਿਗੜ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਵਿਆਹ ਕਰਾਉਣ ਤੋਂ ਪਹਿਲਾਂ ਉਹ ਇਨ੍ਹਾਂ ਮਸਲਿਆਂ ਬਾਰੇ ਖੁੱਲ੍ਹ ਕੇ ਗੱਲ ਕਰਨ।16. ਪਤੀ-ਪਤਨੀ ਨੂੰ ਆਪਣੀਆਂ ਮੁਸ਼ਕਲਾਂ ਸੁਲਝਾਉਣ ਲਈ ਇਕ-ਦੂਜੇ ਨਾਲ ਸਹਿਮਤ ਕਿਉਂ ਹੋਣਾ ਚਾਹੀਦਾ ਹੈ?
16 ਸਫ਼ਲਤਾ ਅਤੇ ਸੁੱਖ ਪਾਉਣ ਲਈ ਪਤੀ-ਪਤਨੀ ਨੂੰ ਇਕੱਠੇ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਇਕ-ਦੂਜੇ ਨਾਲ ਸਹਿਮਤ ਹੋਣਾ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਅਨੁਸ਼ਾਸਨ ਕਿਵੇਂ ਦੇਣਗੇ ਅਤੇ ਬਿਰਧ ਹੋ ਰਹੇ ਮਾਪਿਆਂ ਦੀ ਸੇਵਾ ਕਿਵੇਂ ਕਰਨਗੇ। ਪਰਿਵਾਰ ਵਿਚ ਆਉਂਦੀਆਂ ਮੁਸ਼ਕਲਾਂ ਕਰਕੇ ਉਨ੍ਹਾਂ ਨੂੰ ਇਕ-ਦੂਜੇ ਤੋਂ ਦੂਰ ਨਹੀਂ ਹੋਣਾ ਚਾਹੀਦਾ। ਬਾਈਬਲ ਦੀ ਸਲਾਹ ਉੱਤੇ ਚੱਲ ਕੇ ਉਹ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਸੁਲਝਾ ਸਕਣਗੇ, ਜਿਹੜੀਆਂ ਸਮੱਸਿਆਵਾਂ ਨੂੰ ਉਹ ਆਸਾਨੀ ਨਾਲ ਸੁਲਝਾ ਨਹੀਂ ਸਕਦੇ, ਉਹ ਇਨ੍ਹਾਂ ਨੂੰ ਝੱਲ ਸਕਣਗੇ ਅਤੇ ਖ਼ੁਸ਼ ਰਹਿਣਗੇ।—1 ਕੁਰਿੰ. 7:10, 11.
17. ਵਿਆਹੁਤਾ ਜੋੜੇ “ਸੰਸਾਰ ਦੀਆਂ ਗੱਲਾਂ ਦੀ ਚਿੰਤਾ” ਕਿਉਂ ਕਰਦੇ ਹਨ?
17ਪਹਿਲਾ ਕੁਰਿੰਥੀਆਂ 7:32-34 (ਪੜ੍ਹੋ।) ਵਿਚ ਪੌਲੁਸ ਨੇ ਵਿਆਹੁਤਾ ਜ਼ਿੰਦਗੀ ਬਾਰੇ ਇਕ ਹੋਰ ਸੱਚਾਈ ਦੱਸੀ। ਵਿਆਹੇ ਲੋਕ “ਸੰਸਾਰ ਦੀਆਂ ਗੱਲਾਂ ਦੀ ਚਿੰਤਾ” ਕਰਦੇ ਹਨ ਜਿਵੇਂ ਰੋਟੀ, ਕੱਪੜਾ, ਮਕਾਨ ਅਤੇ ਹੋਰ ਜ਼ਰੂਰੀ ਲੋੜਾਂ। ਉਹ “ਸੰਸਾਰ ਦੀਆਂ ਗੱਲਾਂ ਦੀ ਚਿੰਤਾ” ਕਿਉਂ ਕਰਦੇ ਹਨ? ਮਿਸਾਲ ਲਈ, ਕੁਆਰੇ ਹੁੰਦਿਆਂ ਕਿਸੇ ਭਰਾ ਨੇ ਸ਼ਾਇਦ ਆਪਣਾ ਜ਼ਿਆਦਾ ਤਾਕਤ ਅਤੇ ਸਮਾਂ ਪ੍ਰਚਾਰ ਦੇ ਕੰਮ ਵਿਚ ਲਗਾਇਆ ਹੋਵੇ। ਪਰ ਵਿਆਹ ਕਰਾਉਣ ਤੋਂ ਬਾਅਦ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਨੂੰ ਆਪਣਾ ਕੁਝ ਸਮਾਂ ਅਤੇ ਤਾਕਤ ਆਪਣੀ ਪਤਨੀ ਦੀ ਦੇਖ-ਭਾਲ ਕਰਨ ਵਿਚ ਲਾਉਣੀ ਚਾਹੀਦੀ ਹੈ। ਪਤਨੀ ਵੀ ਉਸ ਵਾਂਗ ਕਰਦੀ ਹੈ। ਯਹੋਵਾਹ ਜਾਣਦਾ ਹੈ ਕਿ ਦੋਵੇਂ ਪਤੀ-ਪਤਨੀ ਇਕ-ਦੂਜੇ ਨੂੰ ਖ਼ੁਸ਼ ਰੱਖਣਾ ਚਾਹੁੰਦੇ ਹਨ। ਉਹ ਇਹ ਵੀ ਜਾਣਦਾ ਹੈ ਕਿ ਵਿਆਹੁਤਾ ਜੋੜੇ ਕੋਲ ਸ਼ਾਇਦ ਉਸ ਦੀ ਸੇਵਾ ਕਰਨ ਲਈ ਪਹਿਲਾਂ ਜਿੰਨਾ ਸਮਾਂ ਅਤੇ ਤਾਕਤ ਨਾ ਹੋਵੇ। ਹੁਣ ਉਨ੍ਹਾਂ ਨੂੰ ਉਹ ਸਮਾਂ ਸ਼ਾਇਦ ਆਪਣਾ ਵਿਆਹੁਤਾ-ਬੰਧਨ ਮਜ਼ਬੂਤ ਬਣਾਉਣ ਲਈ ਵਰਤਣਾ ਪਵੇ।
18. ਵਿਆਹ ਤੋਂ ਬਾਅਦ ਪਤੀ-ਪਤਨੀ ਨੂੰ ਮਨੋਰੰਜਨ ਸੰਬੰਧੀ ਸ਼ਾਇਦ ਕਿਹੜੀਆਂ ਕੁਝ ਤਬਦੀਲੀਆਂ ਕਰਨੀਆਂ ਪੈਣ?
18 ਉਸ ਸਮੇਂ ਬਾਰੇ ਕੀ ਜਦੋਂ ਕੁਆਰੇ ਹੁੰਦੇ ਹੋਏ ਪਤੀ-ਪਤਨੀ ਆਪਣਾ ਸਮਾਂ ਮਨੋਰੰਜਨ ਜਾਂ ਹੋਰ ਕੰਮਾਂ ਵਿਚ ਲਾਉਂਦੇ ਸੀ? ਜੇ ਵਿਆਹੁਤਾ ਜੋੜਾ ਯਹੋਵਾਹ ਦੀ ਸੇਵਾ ਵਿੱਚੋਂ ਕੁਝ ਸਮਾਂ ਅਤੇ ਤਾਕਤ ਬਚਾ ਕੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਿਚ ਲਾਉਣਾ ਚਾਹੁੰਦਾ ਹੈ, ਤਾਂ ਕੀ ਉਨ੍ਹਾਂ ਨੂੰ ਉਹ ਸਮਾਂ ਅਤੇ ਤਾਕਤ ਨਹੀਂ ਬਚਾਉਣੀ ਅਫ਼. 5:31.
ਚਾਹੀਦੀ ਜੋ ਉਹ ਕੁਆਰੇ ਹੁੰਦਿਆਂ ਮਨੋਰੰਜਨ ਕਰਨ ਵਿਚ ਲਾਉਂਦੇ ਸਨ? ਪਤਨੀ ਉੱਤੇ ਕੀ ਬੀਤੇਗੀ ਜੇ ਉਸ ਦਾ ਪਤੀ ਪਹਿਲਾਂ ਵਾਂਗ ਆਪਣਾ ਸਮਾਂ ਆਪਣੇ ਦੋਸਤਾਂ-ਮਿੱਤਰਾਂ ਨਾਲ ਖੇਡਾਂ ਖੇਡਣ ਵਿਚ ਲਗਾਉਂਦਾ ਹੈ? ਜਾਂ ਪਤੀ ਕੀ ਸੋਚੇਗਾ ਜੇ ਉਸ ਦੀ ਪਤਨੀ ਪਹਿਲਾਂ ਵਾਂਗ ਆਪਣੀਆਂ ਸਹੇਲੀਆਂ ਨਾਲ ਸਮਾਂ ਬਿਤਾਉਂਦੀ ਹੈ? ਜਦੋਂ ਪਤੀ ਆਪਣੀ ਪਤਨੀ ਦਾ ਧਿਆਨ ਨਹੀਂ ਰੱਖਦਾ, ਤਾਂ ਪਤਨੀ ਸ਼ਾਇਦ ਉਦਾਸ ਰਹਿਣ ਲੱਗ ਪਵੇ, ਇਕੱਲਾਪਣ ਮਹਿਸੂਸ ਕਰੇ ਤੇ ਉਸ ਨੂੰ ਲੱਗੇ ਕਿ ਉਸ ਦਾ ਪਤੀ ਉਸ ਨੂੰ ਪਿਆਰ ਨਹੀਂ ਕਰਦਾ। ਇਸੇ ਤਰ੍ਹਾਂ ਪਤੀ ਵੀ ਮਹਿਸੂਸ ਕਰ ਸਕਦਾ ਹੈ ਜੇ ਉਸ ਦੀ ਪਤਨੀ ਉਸ ਦਾ ਖ਼ਿਆਲ ਨਹੀਂ ਰੱਖਦੀ। ਇਸ ਤਰ੍ਹਾਂ ਦੇ ਹਾਲਾਤਾਂ ਤੋਂ ਬਚਣ ਲਈ ਪਤੀ-ਪਤਨੀ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂਕਿ ਉਨ੍ਹਾਂ ਦਾ ਵਿਆਹੁਤਾ-ਬੰਧਨ ਮਜ਼ਬੂਤ ਬਣਿਆ ਰਹੇ।—ਯਹੋਵਾਹ ਚਾਹੁੰਦਾ ਹੈ ਕਿ ਸਾਡਾ ਚਾਲ-ਚੱਲਣ ਸ਼ੁੱਧ ਹੋਵੇ
19, 20. (ੳ) ਵਿਆਹੇ ਹੋਏ ਲੋਕਾਂ ਨੂੰ ਅਨੈਤਿਕਤਾ ਤੋਂ ਬਚਣ ਦੀ ਕਿਉਂ ਲੋੜ ਹੈ? (ਅ) ਜੇ ਵਿਆਹੇ ਹੋਏ ਲੋਕ ਇਕ-ਦੂਜੇ ਤੋਂ ਕਾਫ਼ੀ ਸਮਾਂ ਦੂਰ ਰਹਿੰਦੇ ਹਨ, ਤਾਂ ਕੀ ਖ਼ਤਰਾ ਹੋ ਸਕਦਾ ਹੈ?
19 ਯਹੋਵਾਹ ਦੇ ਸੇਵਕ ਹਰ ਕੋਸ਼ਿਸ਼ ਕਰਦੇ ਹਨ ਕਿ ਉਹ ਨੈਤਿਕ ਤੌਰ ਤੇ ਸ਼ੁੱਧ ਰਹਿਣ। ਅਨੈਤਿਕਤਾ ਤੋਂ ਬਚਣ ਲਈ ਸ਼ਾਇਦ ਕੁਝ ਵਿਆਹ ਕਰਾਉਣ ਦਾ ਫ਼ੈਸਲਾ ਕਰਨ। ਪਰ ਜ਼ਰੂਰੀ ਨਹੀਂ ਕਿ ਤੁਸੀਂ ਵਿਆਹ ਕਰਾ ਕੇ ਅਨੈਤਿਕਤਾ ਦੇ ਫੰਦੇ ਤੋਂ ਬਚ ਜਾਓਗੇ। ਬਾਈਬਲ ਦੇ ਜ਼ਮਾਨੇ ਵਿਚ ਇਕ ਸ਼ਹਿਰ ਨੂੰ ਉੱਚੀਆਂ ਤੇ ਮਜ਼ਬੂਤ ਦੀਵਾਰਾਂ ਨਾਲ ਸੁਰੱਖਿਅਤ ਬਣਾਇਆ ਜਾਂਦਾ ਸੀ। ਜੇ ਇਕ ਵਿਅਕਤੀ ਸ਼ਹਿਰ ਵਿਚ ਰਹਿੰਦਾ ਸੀ, ਤਾਂ ਉਹ ਸੁਰੱਖਿਅਤ ਹੁੰਦਾ ਸੀ। ਪਰ ਜੇ ਉਹ ਬਾਹਰ ਜਾਂਦਾ ਸੀ, ਤਾਂ ਉਸ ਨੂੰ ਡਾਕੂਆਂ ਅਤੇ ਅਪਰਾਧੀਆਂ ਤੋਂ ਖ਼ਤਰਾ ਹੋ ਸਕਦਾ ਸੀ। ਇਸੇ ਤਰ੍ਹਾਂ ਯਹੋਵਾਹ ਨੇ ਵਿਆਹੇ ਹੋਏ ਲੋਕਾਂ ਲਈ ਜੋ ਹੱਦਾਂ ਠਹਿਰਾਈਆਂ ਹਨ, ਉਹ ਸ਼ਹਿਰ ਦੇ ਆਲੇ-ਦੁਆਲੇ ਬਣਾਈ ਹੋਈ ਮਜ਼ਬੂਤ ਕੰਧ ਵਾਂਗ ਹਨ। ਜੇ ਵਿਆਹੇ ਹੋਏ ਲੋਕ ਯਹੋਵਾਹ ਦੁਆਰਾ ਠਹਿਰਾਈਆਂ ਹੱਦਾਂ ਵਿਚ ਰਹਿਣ ਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਨ, ਤਾਂ ਉਹ ਅਨੈਤਿਕਤਾ ਤੋਂ ਬਚੇ ਰਹਿ ਸਕਦੇ ਹਨ।
20 ਪੌਲੁਸ ਨੇ 1 ਕੁਰਿੰਥੀਆਂ 7:2-5 ਵਿਚ ਇਨ੍ਹਾਂ ਹੱਦਾਂ ਬਾਰੇ ਸਮਝਾਇਆ। ਪਤੀ-ਪਤਨੀ ਦੋਹਾਂ ਦਾ “ਹੱਕ” ਬਣਦਾ ਹੈ ਕਿ ਉਹ ਇਕ-ਦੂਜੇ ਦੀਆਂ ਸਰੀਰਕ ਲੋੜਾਂ ਪੂਰੀਆਂ ਕਰਨ। ਪਰ ਕੁਝ ਪਤੀ-ਪਤਨੀ ਲੰਬੇ ਸਮੇਂ ਲਈ ਇਕ-ਦੂਜੇ ਤੋਂ ਅਲੱਗ ਹੋ ਕੇ ਸਮਾਂ ਬਿਤਾਉਂਦੇ ਹਨ। ਉਹ ਸ਼ਾਇਦ ਇਕੱਠੇ ਛੁੱਟੀਆਂ ਨਾ ਮਨਾਉਣ ਜਾਂ ਕੰਮ ਕਰਕੇ ਇਕ-ਦੂਜੇ ਤੋਂ ਦੂਰ ਰਹਿਣ। ਇਸ ਤਰ੍ਹਾਂ ਉਹ ਇਕ-ਦੂਜੇ ਦਾ “ਹੱਕ” ਪੂਰਾ ਨਹੀਂ ਕਰਦੇ। ‘ਸੰਜਮ’ ਨਾ ਹੋਣ ਕਰਕੇ ਇਕ ਇਨਸਾਨ ਸ਼ਤਾਨ ਦੇ ਫੰਦੇ ਵਿਚ ਆ ਕੇ ਵਿਭਚਾਰ ਕਰ ਸਕਦਾ ਹੈ। ਯਹੋਵਾਹ ਉਨ੍ਹਾਂ ਪਰਿਵਾਰਾਂ ਦੇ ਮੁਖੀਆਂ ਨੂੰ ਬਰਕਤਾਂ ਦੇਵੇਗਾ ਜੋ ਆਪਣੇ ਵਿਆਹੁਤਾ-ਜੀਵਨ ਨੂੰ ਖ਼ਤਰੇ ਵਿਚ ਨਾ ਪਾ ਕੇ ਆਪਣੇ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ।—ਜ਼ਬੂ. 37:25.
ਬਾਈਬਲ ਦੀ ਸਲਾਹ ਨੂੰ ਮੰਨਣ ਦੇ ਫ਼ਾਇਦੇ
21. (ੳ) ਕੁਆਰੇ ਰਹਿਣ ਅਤੇ ਵਿਆਹ ਕਰਾਉਣ ਦੇ ਫ਼ੈਸਲੇ ਮੁਸ਼ਕਲ ਕਿਉਂ ਹਨ? (ਅ) 1 ਕੁਰਿੰਥੀਆਂ ਦੇ ਅਧਿਆਇ 7 ਵਿਚ ਪੌਲੁਸ ਦੀ ਸਲਾਹ ਸਾਡੇ ਲਈ ਕਿਉਂ ਫ਼ਾਇਦੇਮੰਦ ਹੈ?
21 ਕੁਆਰੇ ਰਹਿਣ ਅਤੇ ਵਿਆਹ ਕਰਾਉਣ ਬਾਰੇ ਫ਼ੈਸਲੇ ਕਰਨੇ ਬਹੁਤ ਹੀ ਮੁਸ਼ਕਲ ਹਨ। ਭਾਵੇਂ ਤੁਸੀਂ ਕੁਆਰੇ ਰਹਿਣ ਜਾਂ ਵਿਆਹ ਕਰਾਉਣ ਦਾ ਫ਼ੈਸਲਾ ਕਰੋ, ਤੁਹਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇਗਾ ਕਿਉਂਕਿ ਹਰ ਕਿਸੇ ਵਿਚ ਕਮੀਆਂ-ਕਮਜ਼ੋਰੀਆਂ ਹਨ। ਭਾਵੇਂ ਯਹੋਵਾਹ ਆਪਣੇ ਲੋਕਾਂ ਨੂੰ ਬਰਕਤਾਂ ਦਿੰਦਾ ਹੈ, ਪਰ ਕੁਆਰਿਆਂ ਤੇ ਵਿਆਹਿਆਂ ਦੀ ਜ਼ਿੰਦਗੀ ਵਿਚ ਕੁਝ ਨਾ ਕੁਝ ਹੋ ਹੀ ਜਾਂਦਾ ਹੈ ਜਿਸ ਕਰਕੇ ਉਹ ਕਦੇ ਨਾ ਕਦੇ ਨਿਰਾਸ਼ ਹੋ ਸਕਦੇ ਹਨ। ਜੇ ਤੁਸੀਂ 1 ਕੁਰਿੰਥੀਆਂ ਦੇ ਅਧਿਆਇ 7 ਵਿਚ ਪੌਲੁਸ ਦੀ ਸਲਾਹ ’ਤੇ ਚੱਲੋ, ਤਾਂ ਤੁਸੀਂ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਘਟਾ ਸਕਦੇ ਹੋ। ਅਸੀਂ ਚਾਹੇ ਕੁਆਰੇ ਰਹੀਏ ਜਾਂ ਵਿਆਹ ਕਰਾਈਏ, ਇਹ ਦੋਵੇਂ ਗੱਲਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਚੰਗੀਆਂ ਹਨ। (1 ਕੁਰਿੰਥੀਆਂ 7:37, 38 ਪੜ੍ਹੋ।) * ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਮਿਹਰ ਪਾਉਣੀ ਸਾਡੇ ਲਈ ਸਭ ਤੋਂ ਵੱਡੀ ਬਰਕਤ ਹੈ। ਅਸੀਂ ਹੁਣ ਅਤੇ ਆਉਣ ਵਾਲੀ ਨਵੀਂ ਦੁਨੀਆਂ ਵਿਚ ਵੀ ਪਰਮੇਸ਼ੁਰ ਦੀ ਮਿਹਰ ਪਾ ਸਕਦੇ ਹਾਂ। ਉਸ ਵੇਲੇ ਆਦਮੀ ਅਤੇ ਤੀਵੀਂ ਦੇ ਰਿਸ਼ਤੇ ਵਿਚ ਅੱਜ ਦੀ ਤਰ੍ਹਾਂ ਕੋਈ ਵੀ ਸਮੱਸਿਆ ਨਹੀਂ ਹੋਵੇਗੀ।
[ਫੁਟਨੋਟ]
^ ਪੈਰਾ 10 “ਜੇ ਕਿਸੇ ਕੁਆਰੇ ਇਨਸਾਨ ਨੂੰ ਲੱਗਦਾ ਹੈ ਕਿ ਉਹ ਆਪਣੀ ਕਾਮ ਇੱਛਾ ’ਤੇ ਕਾਬੂ ਨਹੀਂ ਰੱਖ ਸਕੇਗਾ ਅਤੇ ਜੇ ਉਹ ਜਵਾਨੀ ਦੀ ਕੱਚੀ ਉਮਰ ਲੰਘ ਚੁੱਕਾ ਹੈ, ਤਾਂ ਉਸ ਨੂੰ ਇਹ ਕਰਨਾ ਚਾਹੀਦਾ ਹੈ: ਜੇ ਉਹ ਵਿਆਹ ਕਰਾਉਣਾ ਚਾਹੁੰਦਾ ਹੈ, ਤਾਂ ਉਹ ਕਰਾ ਲਵੇ; ਇੱਦਾਂ ਕਰ ਕੇ ਉਹ ਕੋਈ ਗੁਨਾਹ ਨਹੀਂ ਕਰੇਗਾ।”—NW.
^ ਪੈਰਾ 14 ਹੋਰ ਜਾਣਕਾਰੀ ਲਈ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਮਕ ਕਿਤਾਬ ਦੇ ਅਧਿਆਇ 2, ਪੈਰੇ 16-19 ਦੇਖੋ।
^ ਪੈਰਾ 21 “ਪਰ ਜੇ ਕਿਸੇ ਨੇ ਆਪਣੇ ਮਨ ਵਿਚ ਪੱਕਾ ਧਾਰ ਲਿਆ ਹੈ ਅਤੇ ਉਹ ਵਿਆਹ ਕਰਾਉਣ ਦੀ ਲੋੜ ਮਹਿਸੂਸ ਨਹੀਂ ਕਰਦਾ, ਸਗੋਂ ਉਸ ਨੇ ਆਪਣੀ ਇੱਛਾ ’ਤੇ ਕਾਬੂ ਰੱਖਿਆ ਹੋਇਆ ਹੈ ਅਤੇ ਵਿਆਹ ਨਾ ਕਰਾਉਣ ਦਾ ਆਪਣੇ ਮਨ ਵਿਚ ਪੱਕਾ ਫ਼ੈਸਲਾ ਕੀਤਾ ਹੋਇਆ ਹੈ, ਤਾਂ ਇਹ ਉਸ ਲਈ ਚੰਗੀ ਗੱਲ ਹੈ। ਇਸ ਕਰਕੇ ਜਿਹੜਾ ਵਿਆਹ ਕਰਾਉਂਦਾ ਹੈ, ਇਹ ਉਸ ਲਈ ਚੰਗੀ ਗੱਲ ਹੈ, ਪਰ ਜਿਹੜਾ ਵਿਆਹ ਨਹੀਂ ਕਰਾਉਂਦਾ, ਤਾਂ ਇਹ ਹੋਰ ਵੀ ਚੰਗੀ ਗੱਲ ਹੈ।”—NW.
ਤੁਸੀਂ ਕਿਵੇਂ ਜਵਾਬ ਦਿਓਗੇ?
• ਕੁਆਰੇ ਲੋਕਾਂ ’ਤੇ ਵਿਆਹ ਕਰਾਉਣ ਲਈ ਕਿਸੇ ਨੂੰ ਜ਼ੋਰ ਕਿਉਂ ਨਹੀਂ ਪਾਉਣਾ ਚਾਹੀਦਾ?
• ਯਹੋਵਾਹ ਦਾ ਕੁਆਰਾ ਸੇਵਕ ਆਪਣੇ ਹਾਲਾਤਾਂ ਦਾ ਲਾਹਾ ਕਿਵੇਂ ਲੈ ਸਕਦਾ ਹੈ?
• ਡੇਟਿੰਗ ਕਰ ਰਿਹਾ ਮੁੰਡਾ-ਕੁੜੀ ਵਿਆਹ ਤੋਂ ਬਾਅਦ ਆਉਣ ਵਾਲੀਆਂ ਮੁਸ਼ਕਲਾਂ ਦੀ ਕਿਵੇਂ ਤਿਆਰੀ ਕਰ ਸਕਦਾ ਹੈ?
• ਵਿਆਹੇ ਹੋਏ ਲੋਕਾਂ ਨੂੰ ਅਨੈਤਿਕਤਾ ਤੋਂ ਬਚਣ ਦੀ ਕਿਉਂ ਲੋੜ ਹੈ?
[ਸਵਾਲ]
[ਸਫ਼ਾ 14 ਉੱਤੇ ਤਸਵੀਰ]
ਕੁਆਰੇ ਭੈਣ-ਭਰਾ ਆਪਣਾ ਸਮਾਂ ਵਧ-ਚੜ੍ਹ ਕੇ ਪ੍ਰਚਾਰ ਕਰਨ ਵਿਚ ਲਾ ਕੇ ਖ਼ੁਸ਼ ਹੁੰਦੇ ਹਨ
[ਸਫ਼ਾ 16 ਉੱਤੇ ਤਸਵੀਰ]
ਵਿਆਹ ਕਰਾਉਣ ਤੋਂ ਬਾਅਦ ਕਈਆਂ ਨੂੰ ਸ਼ਾਇਦ ਕਿਹੜੀਆਂ ਤਬਦੀਲੀਆਂ ਕਰਨੀਆਂ ਪੈਣ?