ਗੰਭੀਰਤਾ ਨਾਲ ਯਹੋਵਾਹ ਦੀ ਸੇਵਾ ਕਰੋ
ਗੰਭੀਰਤਾ ਨਾਲ ਯਹੋਵਾਹ ਦੀ ਸੇਵਾ ਕਰੋ
“ਜਿਹੜੀਆਂ ਗੱਲਾਂ [ਗੰਭੀਰ] ਹਨ . . . ਇਨ੍ਹਾਂ ਗੱਲਾਂ ਦੀ ਵਿਚਾਰ ਕਰੋ।”—ਫ਼ਿਲਿ. 4:8.
1, 2. ਕਿਨ੍ਹਾਂ ਕਾਰਨਾਂ ਕਰਕੇ ਇਸ ਦੁਨੀਆਂ ਵਿਚ ਬਹੁਤ ਸਾਰੇ ਲੋਕ ਜ਼ਿੰਦਗੀ ਨੂੰ ਇੰਨੀ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?
ਅਸੀਂ ਜਿਸ ਦੁਨੀਆਂ ਵਿਚ ਰਹਿੰਦੇ ਹਾਂ, ਉਹ ਮਨੁੱਖੀ ਇਤਿਹਾਸ ਵਿਚ ਸਭ ਤੋਂ ਔਖੇ ਸਮਿਆਂ ਵਿੱਚੋਂ ਗੁਜ਼ਰ ਰਹੀ ਹੈ। ਜਿਨ੍ਹਾਂ ਲੋਕਾਂ ਦਾ ਯਹੋਵਾਹ ਨਾਲ ਕੋਈ ਰਿਸ਼ਤਾ ਨਹੀਂ ਹੈ, ਉਨ੍ਹਾਂ ਲਈ ਇਨ੍ਹਾਂ ‘ਭੈੜੇ ਸਮਿਆਂ’ ਨਾਲ ਸਿੱਝਣਾ ਤਕਰੀਬਨ ਨਾਮੁਮਕਿਨ ਹੈ। (2 ਤਿਮੋ. 3:1-5) ਉਹ ਹਰ ਰੋਜ਼ ਆਪਣੀਆਂ ਸਮੱਸਿਆਵਾਂ ਖ਼ੁਦ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਪੂਰੀ ਤਰ੍ਹਾਂ ਸਫ਼ਲ ਨਹੀਂ ਹੁੰਦੇ। ਉਹ ਦੁਨੀਆਂ ਦੇ ਨਵੇਂ ਤੋਂ ਨਵੇਂ ਮਨੋਰੰਜਨ ਦੀ ਭਾਲ ਵਿਚ ਰਹਿੰਦੇ ਹਨ ਤਾਂਕਿ ਉਹ ਭੁਲਾ ਸਕਣ ਕਿ ਜ਼ਿੰਦਗੀ ਵਿਚ ਉਹ ਕਿੰਨੇ ਉਦਾਸ ਹਨ।
2 ਤਣਾਅ ਨਾਲ ਸਿੱਝਣ ਲਈ ਲੋਕ ਅਕਸਰ ਮੌਜ-ਮਸਤੀ ਨੂੰ ਪਹਿਲ ਦਿੰਦੇ ਹਨ। ਮਸੀਹੀ ਜੇ ਧਿਆਨ ਨਾ ਦੇਣ, ਤਾਂ ਉਹ ਆਸਾਨੀ ਨਾਲ ਇਸ ਤਰ੍ਹਾਂ ਜੀਉਣ ਦੇ ਫੰਦੇ ਵਿਚ ਫਸ ਸਕਦੇ ਹਨ। ਅਸੀਂ ਇਸ ਫੰਦੇ ਵਿਚ ਫਸਣ ਤੋਂ ਕਿਵੇਂ ਬਚ ਸਕਦੇ ਹਾਂ? ਕੀ ਸਾਨੂੰ ਹਰ ਵੇਲੇ ਗੰਭੀਰ ਰਹਿਣ ਦੀ ਲੋੜ ਹੈ? ਅਸੀਂ ਮਨ ਬਹਿਲਾਉਣ ਅਤੇ ਜ਼ਿੰਮੇਵਾਰੀਆਂ ਨਿਭਾਉਣ ਵਿਚ ਕਿਵੇਂ ਸੰਤੁਲਨ ਰੱਖ ਸਕਦੇ ਹਾਂ? ਇਹ ਤਾਂ ਠੀਕ ਹੈ ਕਿ ਅਸੀਂ ਜ਼ਿੰਦਗੀ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਪਰ ਬਾਈਬਲ ਦੇ ਕਿਹੜੇ ਸਿਧਾਂਤਾਂ ਦੀ ਸੇਧ ਅਨੁਸਾਰ ਸਾਨੂੰ ਚੱਲਣਾ ਚਾਹੀਦਾ ਹੈ ਤਾਂਕਿ ਅਸੀਂ ਆਪਣੇ ਆਪ ਨੂੰ ਹੱਦੋਂ ਵੱਧ ਗੰਭੀਰਤਾ ਨਾਲ ਨਾ ਲਈਏ?
ਭੋਗ ਵਿਲਾਸ ਦੀ ਪ੍ਰੇਮੀ ਦੁਨੀਆਂ ਵਿਚ ਗੰਭੀਰ ਹੋਵੋ
3, 4. ਗੰਭੀਰ ਹੋਣ ਦੀ ਲੋੜ ਨੂੰ ਸਮਝਣ ਵਿਚ ਬਾਈਬਲ ਕਿਵੇਂ ਸਾਡੀ ਮਦਦ ਕਰਦੀ ਹੈ?
3 ਅਸੀਂ ਜਾਣਦੇ ਹਾਂ ਕਿ ਇਹ ਦੁਨੀਆਂ “ਭੋਗ ਬਿਲਾਸ” ਨਾਲ ਪਿਆਰ ਕਰਨ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੰਦੀ ਹੈ। (2 ਤਿਮੋ. 3:4) ਮੌਜ-ਮਸਤੀ ਕਰਨ ਉੱਤੇ ਦਿੱਤੇ ਜਾਂਦੇ ਇਸ ਦੇ ਜ਼ੋਰ ਕਾਰਨ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ। (ਕਹਾ. 21:17) ਇਸ ਲਈ ਪੌਲੁਸ ਰਸੂਲ ਨੇ ਚੰਗੇ ਕਾਰਨ ਕਰਕੇ ਹੀ ਤਿਮੋਥਿਉਸ ਅਤੇ ਤੀਤੁਸ ਨੂੰ ਲਿਖੀਆਂ ਆਪਣੀਆਂ ਚਿੱਠੀਆਂ ਵਿਚ ਗੰਭੀਰ ਹੋਣ ਬਾਰੇ ਵੀ ਸਲਾਹ ਦਿੱਤੀ ਸੀ। ਇਹ ਸਲਾਹ ਲਾਗੂ ਕਰਨ ਨਾਲ ਅਸੀਂ ਦੁਨੀਆਂ ਦਾ ਨਜ਼ਰੀਆ ਅਪਣਾਉਣ ਤੋਂ ਬਚਾਂਗੇ ਜੋ ਜ਼ਿੰਦਗੀ ਨੂੰ ਇੰਨੀ ਗੰਭੀਰਤਾ ਨਾਲ ਨਹੀਂ ਲੈਂਦੀ।—1 ਤਿਮੋਥਿਉਸ 2:1, 2; ਤੀਤੁਸ 2:2-8 ਪੜ੍ਹੋ।
4 ਸਦੀਆਂ ਪਹਿਲਾਂ ਸੁਲੇਮਾਨ ਨੇ ਲਿਖਿਆ ਸੀ ਕਿ ਹਮੇਸ਼ਾ ਮੌਜ-ਮਸਤੀ ਕਰਦੇ ਰਹਿਣ ਦੀ ਬਜਾਇ ਕਦੇ-ਕਦੇ ਜ਼ਿੰਦਗੀ ਦੀਆਂ ਗੰਭੀਰ ਗੱਲਾਂ ਉੱਤੇ ਸੋਚ-ਵਿਚਾਰ ਕਰਨਾ ਜ਼ਿਆਦਾ ਚੰਗੀ ਗੱਲ ਹੈ। (ਉਪ. 3:4; 7:2-4) ਦਰਅਸਲ ਜ਼ਿੰਦਗੀ ਬਹੁਤ ਛੋਟੀ ਹੈ ਜਿਸ ਕਰਕੇ ਸਾਨੂੰ ਮੁਕਤੀ ਹਾਸਲ ਕਰਨ ਲਈ “ਵੱਡਾ ਜਤਨ” ਕਰਨ ਦੀ ਲੋੜ ਹੈ। (ਲੂਕਾ 13:24) ਇਸ ਤਰ੍ਹਾਂ ਕਰਨ ਲਈ ਸਾਨੂੰ ਸਾਰੀਆਂ ਗੰਭੀਰ ਗੱਲਾਂ ਉੱਤੇ ਵਿਚਾਰ ਕਰਦੇ ਰਹਿਣ ਦੀ ਲੋੜ ਹੈ। (ਫ਼ਿਲਿ. 4:8, 9) ਇਸ ਦਾ ਮਤਲਬ ਹੈ ਕਿ ਮਸੀਹੀ ਜ਼ਿੰਦਗੀ ਨਾਲ ਸੰਬੰਧਿਤ ਹਰੇਕ ਗੱਲ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ।
5. ਸਾਨੂੰ ਜ਼ਿੰਦਗੀ ਦੇ ਕਿਹੜੇ ਇਕ ਪਹਿਲੂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ?
5 ਮਿਸਾਲ ਲਈ, ਮਸੀਹੀ ਯਹੋਵਾਹ ਅਤੇ ਯਿਸੂ ਦੀ ਰੀਸ ਕਰਦੇ ਹੋਏ ਸਖ਼ਤ ਮਿਹਨਤ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਂਦੇ ਹਨ। (ਯੂਹੰ. 5:17) ਨਤੀਜੇ ਵਜੋਂ, ਲੋਕ ਅਕਸਰ ਉਨ੍ਹਾਂ ਦੀ ਤਾਰੀਫ਼ ਕਰਦੇ ਹਨ ਕਿ ਉਹ ਕਿੰਨੀ ਸਖ਼ਤ ਮਿਹਨਤ ਕਰਦੇ ਹਨ ਜਿਸ ਕਰਕੇ ਉਨ੍ਹਾਂ ਉੱਤੇ ਭਰੋਸਾ ਰੱਖਿਆ ਜਾ ਸਕਦਾ ਹੈ। ਖ਼ਾਸ ਕਰਕੇ ਪਰਿਵਾਰਾਂ ਦੇ ਮੁਖੀ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਤੋਰਨ ਲਈ ਸਖ਼ਤ ਮਿਹਨਤ ਕਰਦੇ ਹਨ। ਆਪਣੇ ਪਰਿਵਾਰ ਦੀਆਂ ਭੌਤਿਕ ਲੋੜਾਂ ਪੂਰੀਆਂ ਨਾ ਕਰਨਾ ਯਹੋਵਾਹ ਦਾ ਇਨਕਾਰ ਕਰਨ ਦੇ ਬਰਾਬਰ ਹੈ!—1 ਤਿਮੋ. 5:8.
ਗੰਭੀਰ ਹੋਣ ਦੇ ਨਾਲ-ਨਾਲ ਖ਼ੁਸ਼ੀ ਨਾਲ ਭਗਤੀ ਕਰੋ
6. ਅਸੀਂ ਕਿਵੇਂ ਜਾਣਦੇ ਹਾਂ ਕਿ ਸਾਨੂੰ ਯਹੋਵਾਹ ਦੀ ਭਗਤੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ?
6 ਯਹੋਵਾਹ ਨੇ ਕਦੇ ਵੀ ਸੱਚੀ ਭਗਤੀ ਨੂੰ ਐਵੇਂ ਨਹੀਂ ਸਮਝਿਆ। ਮਿਸਾਲ ਦੇ ਤੌਰ ਤੇ ਮੂਸਾ ਦੀ ਬਿਵਸਥਾ ਅਧੀਨ ਯਹੋ. 23:12, 13) ਪਹਿਲੀ ਸਦੀ ਈਸਵੀ ਵਿਚ ਸੱਚੀ ਭਗਤੀ ਨੂੰ ਸ਼ੁੱਧ ਰੱਖਣ ਲਈ ਮਸੀਹ ਦੇ ਚੇਲਿਆਂ ਨੂੰ ਵੱਡਾ ਜਤਨ ਕਰਨ ਦੀ ਲੋੜ ਸੀ ਅਤੇ ਉਨ੍ਹਾਂ ਨੇ ਇਸ ਉੱਤੇ ਭੈੜੀਆਂ ਸਿੱਖਿਆਵਾਂ ਤੇ ਰਵੱਈਏ ਦਾ ਅਸਰ ਨਹੀਂ ਪੈਣ ਦਿੱਤਾ। (2 ਯੂਹੰ. 7-11; ਪਰ. 2:14-16) ਅੱਜ ਵੀ ਸੱਚੇ ਮਸੀਹੀ ਗੰਭੀਰਤਾ ਨਾਲ ਪਰਮੇਸ਼ੁਰ ਦੀ ਭਗਤੀ ਕਰਦੇ ਹਨ।—1 ਤਿਮੋ. 6:20.
ਇਸਰਾਏਲੀਆਂ ਨੇ ਯਹੋਵਾਹ ਦੀ ਭਗਤੀ ਕਰਨੀ ਛੱਡ ਦਿੱਤੀ ਜਿਸ ਕਰਕੇ ਉਨ੍ਹਾਂ ਨੂੰ ਬੁਰੇ ਅੰਜਾਮ ਭੁਗਤਣੇ ਪਏ। (7. ਪੌਲੁਸ ਪ੍ਰਚਾਰ ਵਾਸਤੇ ਕਿਵੇਂ ਤਿਆਰੀ ਕਰਦਾ ਸੀ?
7 ਪ੍ਰਚਾਰ ਕਰਨ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ। ਪਰ ਪ੍ਰਚਾਰ ਵਿਚ ਆਪਣੀ ਖ਼ੁਸ਼ੀ ਬਰਕਰਾਰ ਰੱਖਣ ਲਈ ਸਾਨੂੰ ਪਹਿਲਾਂ ਤੋਂ ਗਹੁ ਨਾਲ ਸੋਚਣ ਅਤੇ ਤਿਆਰੀ ਕਰਨ ਦੀ ਲੋੜ ਹੈ। ਪੌਲੁਸ ਨੇ ਸਮਝਾਇਆ ਕਿ ਉਹ ਉਨ੍ਹਾਂ ਲੋਕਾਂ ਬਾਰੇ ਕਿਵੇਂ ਸੋਚਦਾ ਸੀ ਜਿਨ੍ਹਾਂ ਨੂੰ ਉਹ ਸਿੱਖਿਆ ਦਿੰਦਾ ਸੀ। ਉਸ ਨੇ ਲਿਖਿਆ: “ਮੈਂ ਸਭਨਾਂ ਲਈ ਸਭ ਕੁਝ ਬਣਿਆ ਹਾਂ ਤਾਂ ਜੋ ਮੈਂ ਹਰ ਤਰਾਂ ਨਾਲ ਕਈਆਂ ਨੂੰ ਬਚਾਵਾਂ। ਅਤੇ ਮੈਂ ਸੱਭੋ ਕੁਝ ਇੰਜੀਲ ਦੇ ਨਮਿੱਤ ਕਰਦਾ ਹਾਂ ਭਈ ਮੈਂ ਹੋਰਨਾਂ ਨਾਲ ਰਲ ਕੇ ਉਸ ਵਿੱਚ ਸਾਂਝੀ ਹੋ ਜਾਵਾਂ।” (1 ਕੁਰਿੰ. 9:22, 23) ਉਹ ਖ਼ੁਸ਼ੀ ਨਾਲ ਲੋਕਾਂ ਨੂੰ ਪਰਮੇਸ਼ੁਰ ਦਾ ਗਿਆਨ ਦਿੰਦਾ ਸੀ ਅਤੇ ਉਸ ਨੇ ਗੰਭੀਰਤਾ ਨਾਲ ਸੋਚਿਆ ਕਿ ਉਹ ਆਪਣੇ ਸਰੋਤਿਆਂ ਦੀਆਂ ਖ਼ਾਸ ਲੋੜਾਂ ਮੁਤਾਬਕ ਉਨ੍ਹਾਂ ਦੀ ਕਿਵੇਂ ਮਦਦ ਕਰੇਗਾ। ਇਸ ਤਰ੍ਹਾਂ ਉਹ ਲੋਕਾਂ ਨੂੰ ਹੌਸਲਾ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਯਹੋਵਾਹ ਦੀ ਭਗਤੀ ਕਰਨ ਦਾ ਉਤਸ਼ਾਹ ਦੇ ਸਕਿਆ।
8. (ੳ) ਉਨ੍ਹਾਂ ਲੋਕਾਂ ਪ੍ਰਤਿ ਸਾਡਾ ਕੀ ਰਵੱਈਆ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਅਸੀਂ ਸਿੱਖਿਆ ਦਿੰਦੇ ਹਾਂ? (ਅ) ਬਾਈਬਲ ਸਟੱਡੀ ਕਰਾਉਣ ਨਾਲ ਕਿਵੇਂ ਪ੍ਰਚਾਰ ਵਿਚ ਸਾਨੂੰ ਹੋਰ ਜ਼ਿਆਦਾ ਖ਼ੁਸ਼ੀ ਮਿਲ ਸਕਦੀ ਹੈ?
8 ਪੌਲੁਸ ਨੇ ਪ੍ਰਚਾਰ ਨੂੰ ਕਿੰਨੀ ਕੁ ਗੰਭੀਰਤਾ ਨਾਲ ਲਿਆ ਸੀ? ਉਹ ਯਹੋਵਾਹ ਦਾ ਅਤੇ ਸੱਚਾਈ ਦਾ ਸੰਦੇਸ਼ ਸੁਣਨ ਵਾਲਿਆਂ ਦਾ “ਦਾਸ” ਬਣਨ ਲਈ ਤਿਆਰ ਸੀ। (ਰੋਮੀ. 12:11; 1 ਕੁਰਿੰ. 9:19) ਜਦੋਂ ਅਸੀਂ ਲੋਕਾਂ ਨੂੰ ਪਰਮੇਸ਼ੁਰ ਦਾ ਬਚਨ ਸਿਖਾਉਣ ਦੀ ਜ਼ਿੰਮੇਵਾਰੀ ਲੈਂਦੇ ਹਾਂ, ਤਾਂ ਕੀ ਅਸੀਂ ਉਨ੍ਹਾਂ ਪ੍ਰਤਿ ਆਪਣੀ ਇਸ ਜ਼ਿੰਮੇਵਾਰੀ ਨੂੰ ਸਮਝਦੇ ਹਾਂ, ਚਾਹੇ ਇਹ ਸਿੱਖਿਆ ਅਸੀਂ ਕਿਸੇ ਨੂੰ ਸਟੱਡੀ ਕਰਾਉਂਦੇ ਵੇਲੇ, ਮੀਟਿੰਗ ਵਿਚ ਜਾਂ ਪਰਿਵਾਰਕ ਸਟੱਡੀ ਕਰਾਉਂਦੇ ਵੇਲੇ ਦਿੰਦੇ ਹਾਂ? ਸ਼ਾਇਦ ਅਸੀਂ ਸੋਚਦੇ ਹਾਂ ਕਿ ਲਗਾਤਾਰ ਕਿਸੇ ਨੂੰ ਬਾਈਬਲ ਸਟੱਡੀ ਕਰਾਉਣੀ ਸਾਡੇ ਲਈ ਇਕ ਵੱਡਾ ਬੋਝ ਹੈ। ਹਾਂ, ਇਸ ਤਰ੍ਹਾਂ ਕਰਨ ਲਈ ਸਾਨੂੰ ਆਪਣੇ ਕੰਮਾਂ-ਕਾਰਾਂ ਵਿੱਚੋਂ ਸਮਾਂ ਕੱਢਣਾ ਪੈਂਦਾ ਹੈ ਜੋ ਅਸੀਂ ਦੂਜਿਆਂ ਦੀ ਮਦਦ ਕਰਨ ਵਿਚ ਲਾਉਂਦੇ ਹਾਂ। ਪਰ ਕੀ ਯਿਸੂ ਦੇ ਸ਼ਬਦਾਂ ਮੁਤਾਬਕ ਇਹ ਗੱਲ ਸਹੀ ਨਹੀਂ ਹੈ ਕਿ “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ”? (ਰਸੂ. 20:35) ਦੂਜਿਆਂ ਨੂੰ ਮੁਕਤੀ ਦੇ ਰਾਹ ਬਾਰੇ ਸਿਖਾਉਣ ਨਾਲ ਜੋ ਖ਼ੁਸ਼ੀ ਸਾਨੂੰ ਮਿਲਦੀ ਹੈ, ਉਹ ਖ਼ੁਸ਼ੀ ਕਿਸੇ ਹੋਰ ਕੰਮ ਤੋਂ ਨਹੀਂ ਮਿਲ ਸਕਦੀ।
9, 10. (ੳ) ਗੰਭੀਰ ਹੋਣ ਦਾ ਕੀ ਇਹ ਮਤਲਬ ਹੈ ਕਿ ਅਸੀਂ ਹੋਰਨਾਂ ਨਾਲ ਮਿਲ ਕੇ ਮਨਪਰਚਾਵਾ ਨਹੀਂ ਕਰ ਸਕਦੇ? ਸਮਝਾਓ। (ਅ) ਬਜ਼ੁਰਗ ਦੀ ਕਿਹੜੀ ਗੱਲ ਮਦਦ ਕਰੇਗੀ ਤਾਂਕਿ ਦੂਜਿਆਂ ਨੂੰ ਉਸ ਤੋਂ ਉਤਸ਼ਾਹ ਮਿਲੇ ਅਤੇ ਉਹ ਉਸ ਕੋਲ ਆਉਣ ਤੋਂ ਨਾ ਝਿਜਕਣ?
9 ਗੰਭੀਰ ਹੋਣ ਦਾ ਇਹ ਮਤਲਬ ਨਹੀਂ ਕਿ ਅਸੀਂ ਹੋਰਨਾਂ ਲੋਕਾਂ ਨਾਲ ਮਿਲ ਕੇ ਮਨਪਰਚਾਵਾ ਨਹੀਂ ਕਰ ਸਕਦੇ। ਯਿਸੂ ਨੇ ਨਾ ਸਿਰਫ਼ ਲੋਕਾਂ ਨੂੰ ਸਿਖਾਉਣ ਲਈ ਸਮਾਂ ਕੱਢਿਆ, ਸਗੋਂ ਮਨ ਬਹਿਲਾਵਾ ਕਰਨ ਅਤੇ ਹੋਰਨਾਂ ਨਾਲ ਵਧੀਆ ਰਿਸ਼ਤੇ ਬਣਾਉਣ ਲਈ ਵੀ ਸਮਾਂ ਕੱਢਿਆ। ਇਸ ਤਰ੍ਹਾਂ ਉਸ ਨੇ ਉੱਤਮ ਮਿਸਾਲ ਕਾਇਮ ਕੀਤੀ। (ਲੂਕਾ 5:27-29; ਯੂਹੰ. 12:1, 2) ਗੰਭੀਰ ਹੋਣ ਦਾ ਇਹ ਵੀ ਮਤਲਬ ਨਹੀਂ ਕਿ ਸਾਡੀ ਸ਼ਕਲ-ਸੂਰਤ ਗੰਭੀਰ ਨਜ਼ਰ ਆਉਣੀ ਚਾਹੀਦੀ ਹੈ। ਜੇ ਯਿਸੂ ਸਖ਼ਤ ਜਾਂ ਹੱਦੋਂ ਵੱਧ ਗੰਭੀਰ ਸੁਭਾਅ ਦਾ ਹੁੰਦਾ, ਤਾਂ ਲੋਕਾਂ ਨੇ ਉਸ ਕੋਲ ਆਉਣਾ ਨਹੀਂ ਸੀ। ਪਰ ਉਸ ਕੋਲ ਤਾਂ ਬੱਚੇ ਵੀ ਆਉਣ ਤੋਂ ਨਹੀਂ ਡਰਦੇ ਸਨ। (ਮਰ. 10:13-16) ਤਾਂ ਫਿਰ ਅਸੀਂ ਯਿਸੂ ਦੇ ਇਸ ਸੁਭਾਅ ਦੀ ਰੀਸ ਕਿਵੇਂ ਕਰ ਸਕਦੇ ਹਾਂ?
10 ਇਕ ਬਜ਼ੁਰਗ ਬਾਰੇ ਗੱਲ ਕਰਦੇ ਹੋਏ ਇਕ ਭਰਾ ਨੇ ਕਿਹਾ: “ਉਹ ਆਪਣੇ ਤੋਂ ਜਿੰਨੀ ਉਮੀਦ ਰੱਖਦਾ ਹੈ, ਉੱਨੀ ਉਹ ਕਦੇ ਵੀ ਦੂਜਿਆਂ ਤੋਂ ਨਹੀਂ ਰੱਖਦਾ।” ਕੀ ਇਹ ਤੁਹਾਡੇ ਬਾਰੇ ਵੀ ਕਿਹਾ ਜਾ ਸਕਦਾ ਹੈ? ਦੂਜਿਆਂ ਤੋਂ ਕੁਝ ਜਾਇਜ਼ ਉਮੀਦਾਂ ਰੱਖਣੀਆਂ ਚੰਗੀ ਗੱਲ ਹੈ। ਮਿਸਾਲ ਲਈ, ਜਦੋਂ ਮਾਪੇ ਬੱਚਿਆਂ ਲਈ ਅਜਿਹੇ ਟੀਚੇ ਰੱਖਦੇ ਹਨ ਜੋ ਉਹ ਪੂਰੇ ਕਰ ਸਕਦੇ ਹਨ ਅਤੇ ਉਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਵਿਚ ਉਨ੍ਹਾਂ ਦੀ ਮਦਦ ਵੀ ਕਰਦੇ ਹਨ, ਤਾਂ ਬੱਚੇ ਚੰਗਾ ਹੁੰਗਾਰਾ ਭਰਦੇ ਹਨ। ਇਸੇ ਤਰ੍ਹਾਂ, ਬਜ਼ੁਰਗ ਕਲੀਸਿਯਾ ਵਿਚ ਭੈਣਾਂ-ਭਰਾਵਾਂ ਨੂੰ ਤਰੱਕੀ ਕਰਨ ਲਈ ਉਤਸ਼ਾਹਿਤ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਲਈ ਖ਼ਾਸ ਸੁਝਾਅ ਵੀ ਦੇ ਸਕਦੇ ਹਨ। ਇਸ ਤੋਂ ਇਲਾਵਾ, ਜਦੋਂ ਕੋਈ ਬਜ਼ੁਰਗ ਆਪਣੇ ਬਾਰੇ ਸਹੀ ਨਜ਼ਰੀਆ ਰੱਖਦਾ ਹੈ, ਤਾਂ ਦੂਜਿਆਂ ਨੂੰ ਉਸ ਤੋਂ ਉਤਸ਼ਾਹ ਮਿਲੇਗਾ ਅਤੇ ਉਹ ਉਸ ਕੋਲ ਜਾਣ ਤੋਂ ਨਹੀਂ ਝਿਜਕਣਗੇ। (ਰੋਮੀ. 12:3) ਇਕ ਭੈਣ ਨੇ ਕਿਹਾ: “ਮੈਂ ਨਹੀਂ ਚਾਹੁੰਦੀ ਕਿ ਬਜ਼ੁਰਗ ਹਰ ਗੱਲ ਮਜ਼ਾਕ ਵਿਚ ਲਵੇ। ਪਰ ਜੇ ਉਹ ਹਰ ਵੇਲੇ ਗੰਭੀਰ ਹੀ ਰਹੇਗਾ, ਤਾਂ ਉਸ ਕੋਲ ਜਾਣਾ ਬਹੁਤ ਮੁਸ਼ਕਲ ਲੱਗੇਗਾ।” ਇਕ ਹੋਰ ਭੈਣ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਕੁਝ ਬਜ਼ੁਰਗ “ਇੰਨੇ ਗੰਭੀਰ ਸੁਭਾਅ ਦੇ ਹਨ ਕਿ ਉਨ੍ਹਾਂ ਕੋਲ ਜਾਣ ਤੋਂ ਡਰ ਲੱਗਦਾ ਹੈ।” ਬਜ਼ੁਰਗ ਕਦੇ ਵੀ ਉਹ ਖ਼ੁਸ਼ੀ ਘਟਾਉਣੀ ਨਹੀਂ ਚਾਹੁਣਗੇ ਜੋ ਖ਼ੁਸ਼ੀ ਸਾਰੇ ਭੈਣਾਂ-ਭਰਾਵਾਂ ਨੂੰ ਆਪਣੇ ਖ਼ੁਸ਼ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰ ਕੇ ਮਿਲਣੀ ਚਾਹੀਦੀ ਹੈ।—1 ਤਿਮੋ. 1:11.
ਕਲੀਸਿਯਾ ਵਿਚ ਜ਼ਿੰਮੇਵਾਰੀ ਲੈਣੀ
11. ਕਲੀਸਿਯਾ ਵਿਚ ‘ਨਿਗਾਹਬਾਨ ਦੇ ਹੁੱਦੇ ਨੂੰ ਲੋਚਣ’ ਦਾ ਕੀ ਮਤਲਬ ਹੈ?
11 ਜਦੋਂ ਪੌਲੁਸ ਨੇ ਕਲੀਸਿਯਾ ਵਿਚ ਆਦਮੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਵੱਡੀ ਜ਼ਿੰਮੇਵਾਰੀ ਲੈਣ ਦੇ ਕਾਬਲ ਬਣਨ ਦੀ ਕੋਸ਼ਿਸ਼ ਕਰਨ, ਤਾਂ ਉਸ ਨੇ ਇਸ ਇਰਾਦੇ ਨਾਲ ਉਤਸ਼ਾਹ ਨਹੀਂ ਦਿੱਤਾ ਕਿ ਕੋਈ ਵੀ ਆਪਣਾ ਨਾਂ ਉੱਚਾ ਕਰਨ ਲਈ ਨਿਗਾਹਬਾਨ ਬਣ ਸਕਦਾ ਸੀ। ਇਸ ਦੀ ਬਜਾਇ ਉਸ ਨੇ ਲਿਖਿਆ: ‘ਜੇ ਕੋਈ ਨਿਗਾਹਬਾਨ ਦੇ ਹੁੱਦੇ ਨੂੰ ਲੋਚਦਾ ਹੈ ਤਾਂ ਉਹ ਚੰਗੇ ਕੰਮ ਨੂੰ ਚਾਹੁੰਦਾ ਹੈ।’ (1 ਤਿਮੋ. 3:1, 4) ‘ਨਿਗਾਹਬਾਨ ਦੇ ਹੁੱਦੇ ਨੂੰ ਲੋਚਣ’ ਲਈ ਜ਼ਰੂਰੀ ਹੈ ਕਿ ਆਪਣੇ ਭਰਾਵਾਂ ਦੀ ਸੇਵਾ ਕਰਨ ਲਈ ਲੋੜੀਂਦੇ ਗੁਣ ਪੈਦਾ ਕਰਨ ਵਾਸਤੇ ਮਸੀਹੀ ਆਦਮੀ ਆਪਣੇ ਵਿਚ ਸਖ਼ਤ ਮਿਹਨਤ ਕਰਨ ਦੀ ਦਿਲੀ ਇੱਛਾ ਪੈਦਾ ਕਰਨ। ਜੇ ਇਕ ਭਰਾ ਨੇ ਘੱਟੋ-ਘੱਟ ਇਕ ਸਾਲ ਤੋਂ ਬਪਤਿਸਮਾ ਲਿਆ ਹੋਇਆ ਹੈ ਅਤੇ ਕਾਫ਼ੀ ਹੱਦ ਤਕ 1 ਤਿਮੋਥਿਉਸ 3:8-13 ਵਿਚ ਸਹਾਇਕ ਸੇਵਕਾਂ ਲਈ ਦੱਸੀਆਂ ਯੋਗਤਾਵਾਂ ਪੂਰੀਆਂ ਕਰਦਾ ਹੈ, ਤਾਂ ਉਸ ਨੂੰ ਸਹਾਇਕ ਸੇਵਕ ਬਣਾਇਆ ਜਾ ਸਕਦਾ ਹੈ। ਧਿਆਨ ਦਿਓ ਕਿ ਆਇਤ 8 ਖ਼ਾਸ ਕਰਕੇ ਕਹਿੰਦੀ ਹੈ ਕਿ ਸਹਾਇਕ ‘ਸੇਵਕਾਂ ਨੂੰ ਚਾਹੀਦਾ ਹੈ ਜੋ ਗੰਭੀਰ ਹੋਣ।’
12, 13. ਉਨ੍ਹਾਂ ਤਰੀਕਿਆਂ ਬਾਰੇ ਦੱਸੋ ਜਿਨ੍ਹਾਂ ਨਾਲ ਨੌਜਵਾਨ ਭਰਾ ਜ਼ਿੰਮੇਵਾਰੀ ਸੰਭਾਲਣ ਦੇ ਲਾਇਕ ਬਣ ਸਕਦੇ ਹਨ।
12 ਕੀ ਤੁਸੀਂ 18-19 ਸਾਲਾਂ ਦੇ ਬਪਤਿਸਮਾ-ਪ੍ਰਾਪਤ ਭਰਾ ਹੋ ਜੋ ਯਹੋਵਾਹ ਦੀ ਭਗਤੀ ਨੂੰ ਗੰਭੀਰਤਾ ਨਾਲ ਲੈਂਦੇ ਹੋ? ਤੁਸੀਂ ਕਈ ਤਰੀਕਿਆਂ ਨਾਲ ਤਰੱਕੀ ਕਰ ਸਕਦੇ ਹੋ। ਇਕ ਤਰੀਕਾ ਹੈ ਕਿ ਤੁਸੀਂ ਪ੍ਰਚਾਰ ਦੇ ਮਾਮਲੇ ਵਿਚ ਸੁਧਾਰ ਲਿਆ ਸਕਦੇ ਹੋ। ਕੀ ਤੁਸੀਂ ਅਜਿਹੇ ਭਰਾ ਹੋ ਜੋ ਹਰ ਉਮਰ ਦੇ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰਨ ਦਾ ਆਨੰਦ ਮਾਣਦੇ ਹੋ? ਕੀ ਤੁਸੀਂ ਅਜਿਹੇ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਜਿਸ ਨਾਲ ਤੁਸੀਂ ਬਾਈਬਲ ਦੀ ਸਟੱਡੀ ਕਰ ਸਕਦੇ ਹੋ? ਜਦੋਂ ਤੁਸੀਂ ਮੀਟਿੰਗਾਂ ਵਿਚ ਦਿੱਤੇ ਸੁਝਾਵਾਂ ਅਨੁਸਾਰ ਬਾਈਬਲ ਸਟੱਡੀ ਕਰਾਉਂਦੇ ਹੋ, ਤਾਂ ਤੁਸੀਂ ਆਪਣੀ ਸਿਖਾਉਣ ਦੀ ਕਾਬਲੀਅਤ ਸੁਧਾਰੋਗੇ। ਇਸ ਤੋਂ ਇਲਾਵਾ, ਤੁਸੀਂ ਯਹੋਵਾਹ ਦੇ ਰਾਹਾਂ ਬਾਰੇ ਸਿੱਖ ਰਹੇ ਵਿਅਕਤੀ ਨਾਲ ਹਮਦਰਦੀ ਕਰਨੀ ਸਿੱਖੋਗੇ। ਸਟੱਡੀ ਕਰ ਰਿਹਾ ਵਿਅਕਤੀ ਜਿਉਂ-ਜਿਉਂ ਤਬਦੀਲੀਆਂ ਕਰਨ ਦੀ ਲੋੜ ਨੂੰ ਦੇਖਦਾ ਹੈ, ਤਾਂ ਤੁਸੀਂ ਧੀਰਜ ਅਤੇ ਸਮਝਦਾਰੀ ਨਾਲ ਬਾਈਬਲ ਦੇ ਸਿਧਾਂਤ ਲਾਗੂ ਕਰਨ ਵਿਚ ਉਸ ਦੀ ਮਦਦ ਕਰਨੀ ਸਿੱਖੋਗੇ।
13 ਨੌਜਵਾਨ ਭਰਾਵੋ, ਤੁਸੀਂ ਕਲੀਸਿਯਾ ਦੇ ਵੱਡੀ ਉਮਰ ਦੇ ਭੈਣਾਂ-ਭਰਾਵਾਂ ਦੀ ਕਿਸੇ ਵੀ ਤਰੀਕੇ ਨਾਲ ਮਦਦ ਕਰਨ ਲਈ ਅੱਗੇ ਆ ਸਕਦੇ ਹੋ। ਤੁਸੀਂ ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਕਰਨ ਵਿਚ ਵੀ ਮਦਦ ਕਰ ਸਕਦੇ ਹੋ ਤਾਂਕਿ ਇਹ ਦੇਖਣ ਨੂੰ ਸੋਹਣਾ ਲੱਗੇ। ਜਦੋਂ ਤੁਸੀਂ ਕਿਸੇ ਵੀ ਤਰੀਕੇ ਨਾਲ ਮਦਦ ਕਰਨ ਲਈ ਤਿਆਰ ਰਹਿੰਦੇ ਹੋ, ਤਾਂ ਇਸ ਤੋਂ ਸਬੂਤ ਮਿਲਦਾ ਹੈ ਕਿ ਤੁਸੀਂ ਗੰਭੀਰਤਾ ਨਾਲ ਸੇਵਾ ਕਰ ਰਹੇ ਹੋ। ਤੁਸੀਂ ਤਿਮੋਥਿਉਸ ਵਾਂਗ ਸੱਚੇ ਦਿਲੋਂ ਕਲੀਸਿਯਾ ਦੀਆਂ ਲੋੜਾਂ ਦਾ ਧਿਆਨ ਰੱਖਣਾ ਸਿੱਖ ਸਕਦੇ ਹੋ।—ਫ਼ਿਲਿੱਪੀਆਂ 2:19-22 ਪੜ੍ਹੋ।
14. ਨੌਜਵਾਨ ਭਰਾਵਾਂ ਨੂੰ ਕਲੀਸਿਯਾ ਵਿਚ ਸੇਵਾ ਕਰਨ ਲਈ ਕਿਵੇਂ ‘ਪਰਤਾਇਆ’ ਜਾ ਸਕਦਾ ਹੈ?
14 ਬਜ਼ੁਰਗੋ, ਉਨ੍ਹਾਂ ਨੌਜਵਾਨ ਭਰਾਵਾਂ ਨੂੰ ਵਰਤੋ ਜਿਹੜੇ ‘ਜੁਆਨੀ ਦੀਆਂ ਕਾਮਨਾਂ ਤੋਂ ਭੱਜਣ’ ਅਤੇ ਜਿਹੜੇ “ਧਰਮ, ਨਿਹਚਾ, ਪ੍ਰੇਮ ਅਤੇ ਮਿਲਾਪ” ਦੇ ਨਾਲ-ਨਾਲ ਹੋਰ ਵਧੀਆ ਗੁਣ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। (2 ਤਿਮੋ. 2:22) ਕਲੀਸਿਯਾ ਵਿਚ ਕੰਮ ਦੇ ਕੇ ਉਨ੍ਹਾਂ ਨੂੰ ‘ਪਰਤਾਇਆ’ ਯਾਨੀ ਪਰਖਿਆ ਜਾ ਸਕਦਾ ਹੈ ਕਿ ਉਹ ਜ਼ਿੰਮੇਵਾਰੀ ਚੁੱਕਣ ਦੇ ਲਾਇਕ ਹਨ ਕਿ ਨਹੀਂ। ਇਸ ਤਰ੍ਹਾਂ ਉਨ੍ਹਾਂ ਦੀ ‘ਤਰੱਕੀ ਸਭਨਾਂ ਉੱਤੇ ਪਰਗਟ ਹੋਵੇਗੀ।’—1 ਤਿਮੋ. 3:10; 4:15.
ਕਲੀਸਿਯਾ ਅਤੇ ਪਰਿਵਾਰ ਵਿਚ ਗੰਭੀਰ ਹੋਣਾ
15. ਇਕ ਤਿਮੋਥਿਉਸ 5:1, 2 ਅਨੁਸਾਰ ਅਸੀਂ ਕਿਵੇਂ ਦੂਜਿਆਂ ਨੂੰ ਗੰਭੀਰਤਾ ਨਾਲ ਲੈ ਸਕਦੇ ਹਾਂ?
15 ਗੰਭੀਰ ਹੋਣ ਵਿਚ ਇਹ ਵੀ ਸ਼ਾਮਲ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਆਦਰ-ਮਾਣ ਦੇਈਏ। ਤਿਮੋਥਿਉਸ ਨੂੰ ਦਿੱਤੀ ਸਲਾਹ ਵਿਚ ਪੌਲੁਸ ਨੇ ਦੂਜਿਆਂ ਦਾ ਆਦਰ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। (1 ਤਿਮੋਥਿਉਸ 5:1, 2 ਪੜ੍ਹੋ।) ਭਰਾ ਜਾਂ ਭੈਣ ਲਈ ਇਕ-ਦੂਜੇ ਨਾਲ ਗੱਲਬਾਤ ਜਾਂ ਕੰਮ-ਕਾਰ ਕਰਦੇ ਵੇਲੇ ਆਦਰ ਨਾਲ ਪੇਸ਼ ਆਉਣਾ ਖ਼ਾਸਕਰ ਜ਼ਰੂਰੀ ਹੈ। ਇਸ ਮਾਮਲੇ ਵਿਚ ਅਸੀਂ ਅੱਯੂਬ ਦੀ ਰੀਸ ਕਰ ਸਕਦੇ ਹਾਂ ਜੋ ਔਰਤਾਂ ਨਾਲ, ਖ਼ਾਸਕਰ ਆਪਣੀ ਪਤਨੀ ਨਾਲ ਆਦਰ ਨਾਲ ਪੇਸ਼ ਆਉਂਦਾ ਸੀ। ਉਸ ਨੇ ਆਪਣੇ ਮਨ ਵਿਚ ਧਾਰਿਆ ਹੋਇਆ ਸੀ ਕਿ ਉਹ ਕਿਸੇ ਪਰਾਈ ਔਰਤ ਨੂੰ ਬੁਰੀ ਨੀਅਤ ਨਾਲ ਨਹੀਂ ਦੇਖੇਗਾ। (ਅੱਯੂ. 31:1) ਆਪਣੇ ਭੈਣਾਂ-ਭਰਾਵਾਂ ਨੂੰ ਗੰਭੀਰਤਾ ਨਾਲ ਲੈਣ ਦਾ ਮਤਲਬ ਹੈ ਕਿ ਅਸੀਂ ਉਨ੍ਹਾਂ ਨਾਲ ਫਲਰਟ ਨਹੀਂ ਕਰਾਂਗੇ ਜਾਂ ਕੋਈ ਅਜਿਹਾ ਕੰਮ ਨਹੀਂ ਕਰਾਂਗੇ ਜਿਸ ਨਾਲ ਭਰਾ ਜਾਂ ਭੈਣ ਦਾ ਮਨ ਸਾਡੇ ਤੋਂ ਦੂਰ-ਦੂਰ ਰਹਿਣ ਨੂੰ ਕਰੇ। ਦੂਜਿਆਂ ਦਾ ਆਦਰ ਕਰਨਾ ਜ਼ਰੂਰੀ ਹੈ ਜਦੋਂ ਦੋ ਲੋਕ ਵਿਆਹ ਦੇ ਇਰਾਦੇ ਨਾਲ ਰੋਮਾਂਟਿਕ ਰਿਸ਼ਤਾ ਰੱਖਦੇ ਹਨ। ਇਕ ਗੰਭੀਰ ਮਸੀਹੀ ਭੈਣ ਜਾਂ ਭਰਾ ਕਦੇ ਵੀ ਕਿਸੇ ਦੇ ਜਜ਼ਬਾਤਾਂ ਨਾਲ ਨਹੀਂ ਖੇਡੇਗਾ।—ਕਹਾ. 12:22.
16. ਪਤੀ ਅਤੇ ਪਿਤਾ ਦੀ ਭੂਮਿਕਾ ਬਾਰੇ ਕੁਝ ਦੁਨਿਆਵੀ ਲੋਕਾਂ ਦੇ ਨਜ਼ਰੀਏ ਦੀ ਤੁਲਨਾ ਬਾਈਬਲ ਦੇ ਨਜ਼ਰੀਏ ਨਾਲ ਕਰੋ।
16 ਪਰਿਵਾਰ ਵਿਚ ਪਰਮੇਸ਼ੁਰ ਤੋਂ ਮਿਲੇ ਅਧਿਕਾਰਾਂ ਨੂੰ ਵੀ ਸਾਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਸ਼ਤਾਨ ਦੀ ਦੁਨੀਆਂ ਪਤੀ ਅਤੇ ਪਿਤਾ ਦੀ ਭੂਮਿਕਾ ਦਾ ਮਜ਼ਾਕ ਉਡਾਉਂਦੀ ਹੈ। ਨਾਟਕਾਂ ਤੇ ਫ਼ਿਲਮਾਂ ਵਿਚ ਪਰਿਵਾਰ ਦੇ ਮੁਖੀ ਨੂੰ ਇਸ ਤਰ੍ਹਾਂ ਦਿਖਾਇਆ ਜਾਂਦਾ ਹੈ ਜਿਵੇਂ ਕਿ ਉਸ ਦੀ ਕੋਈ ਇੱਜ਼ਤ ਹੀ ਨਾ ਹੋਵੇ। ਪਰ ਬਾਈਬਲ ਪਤੀ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੰਦੀ ਹੈ ਯਾਨੀ ਉਸ ਨੂੰ “ਇਸਤ੍ਰੀ ਦਾ ਸਿਰ” ਕਹਿੰਦੀ ਹੈ।—ਅਫ਼. 5:23; 1 ਕੁਰਿੰ. 11:3.
17. ਸਮਝਾਓ ਕਿ ਪਰਿਵਾਰਕ ਸਟੱਡੀ ਵਿਚ ਸਾਡਾ ਹਿੱਸਾ ਕਿਵੇਂ ਦਿਖਾਉਂਦਾ ਹੈ ਕਿ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ?
17 ਇਕ ਪਤੀ ਆਪਣੇ ਪਰਿਵਾਰ ਦੀਆਂ ਰੋਟੀ, ਕੱਪੜਾ ਅਤੇ ਮਕਾਨ ਆਦਿ ਲੋੜਾਂ ਪੂਰੀਆਂ ਕਰਦਾ ਹੈ। ਪਰ ਜੇ ਉਹ ਪਰਿਵਾਰ ਨੂੰ ਪਰਮੇਸ਼ੁਰ ਦਾ ਨਿਰਦੇਸ਼ਨ ਨਹੀਂ ਦਿੰਦਾ, ਤਾਂ ਉਹ ਸਮਝਦਾਰੀ ਅਤੇ ਬੁੱਧ ਦੀ ਘਾਟ ਦਿਖਾ ਰਿਹਾ ਹੋਵੇਗਾ। (ਬਿਵ. 6:6, 7) ਇਸ ਲਈ 1 ਤਿਮੋਥਿਉਸ 3:4 ਕਹਿੰਦਾ ਹੈ ਕਿ ਜੇ ਤੁਸੀਂ ਪਰਿਵਾਰ ਦੇ ਮੁਖੀ ਹੋ ਅਤੇ ਕਲੀਸਿਯਾ ਵਿਚ ਵਾਧੂ ਜ਼ਿੰਮੇਵਾਰੀਆਂ ਸੰਭਾਲਣ ਦੇ ਲਾਇਕ ਬਣ ਰਹੇ ਹੋ, ਤਾਂ ਤੁਹਾਨੂੰ ਅਜਿਹਾ ਇਨਸਾਨ ਬਣਨ ਦੀ ਲੋੜ ਹੈ ਜੋ ‘ਆਪਣੇ ਘਰ ਦਾ ਚੰਗੀ ਤਰਾਂ ਪਰਬੰਧ ਕਰਨ ਵਾਲਾ, ਅਤੇ ਆਪਣੇ ਬਾਲਕਾਂ ਨੂੰ ਪੂਰੀ ਗੰਭੀਰਤਾਈ ਨਾਲ ਵੱਸ ਵਿੱਚ ਰੱਖਣ ਵਾਲਾ ਹੋਵੇ।’ ਇਸ ਸੰਬੰਧੀ ਆਪਣੇ ਤੋਂ ਪੁੱਛੋ, ‘ਕੀ ਮੈਂ ਪਰਿਵਾਰਕ ਸਟੱਡੀ ਲਈ ਬਾਕਾਇਦਾ ਵੱਖਰਾ ਸਮਾਂ ਰੱਖਦਾ ਹਾਂ?’ ਕੁਝ ਮਸੀਹੀ ਪਤਨੀਆਂ ਨੂੰ ਆਪਣੇ ਪਤੀਆਂ ਅੱਗੇ ਤਰਲੇ ਕਰਨੇ ਪੈਂਦੇ ਹਨ ਕਿ ਉਹ ਅਗਵਾਈ ਲੈਣ। ਹਰੇਕ ਪਤੀ ਨੂੰ ਆਪਣੀ ਇਸ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਪਤਨੀ ਨੂੰ ਪਰਿਵਾਰਕ ਸਟੱਡੀ ਦੇ ਇੰਤਜ਼ਾਮ ਦੀ ਹਿਮਾਇਤ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਸਫ਼ਲ ਬਣਾਉਣ ਵਿਚ ਆਪਣੇ ਪਤੀ ਦਾ ਸਾਥ ਦੇਣਾ ਚਾਹੀਦਾ ਹੈ।
18. ਬੱਚੇ ਗੰਭੀਰ ਹੋਣਾ ਕਿਵੇਂ ਸਿੱਖ ਸਕਦੇ ਹਨ?
18 ਬੱਚਿਆਂ ਨੂੰ ਵੀ ਆਪਣੀ ਜ਼ਿੰਦਗੀ ਨੂੰ ਗੰਭੀਰਤਾ ਨਾਲ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। (ਉਪ. 12:1) ਬੱਚਿਆਂ ਵਾਸਤੇ ਸਖ਼ਤ ਮਿਹਨਤ ਕਰਨੀ ਸਿੱਖਣ ਵਿਚ ਕੋਈ ਹਰਜ਼ ਨਹੀਂ। ਉਹ ਘਰ ਵਿਚ ਆਪਣੀ ਉਮਰ ਅਤੇ ਕਾਬਲੀਅਤਾਂ ਦੇ ਹਿਸਾਬ ਨਾਲ ਕੰਮ ਕਰ ਸਕਦੇ ਹਨ। (ਵਿਰ. 3:27) ਜਦੋਂ ਰਾਜਾ ਦਾਊਦ ਹਾਲੇ ਛੋਟਾ ਹੁੰਦਾ ਸੀ, ਤਾਂ ਉਸ ਨੇ ਵਧੀਆ ਚਰਵਾਹਾ ਬਣਨਾ ਸਿੱਖਿਆ। ਉਸ ਨੇ ਸੰਗੀਤ ਵਜਾਉਣਾ ਅਤੇ ਧੁਨਾਂ ਬਣਾਉਣੀਆਂ ਵੀ ਸਿੱਖੀਆਂ ਜਿਨ੍ਹਾਂ ਕਾਰਨ ਉਸ ਨੂੰ ਇਸਰਾਏਲ ਦੇ ਸ਼ਾਸਕ ਦੀ ਸੇਵਾ ਕਰਨ ਦਾ ਮੌਕਾ ਮਿਲਿਆ। (1 ਸਮੂ. 16:11, 12, 18-21) ਕੋਈ ਸ਼ੱਕ ਨਹੀਂ ਕਿ ਦਾਊਦ ਖੇਡਣਾ ਵੀ ਜਾਣਦਾ ਸੀ, ਪਰ ਉਸ ਨੇ ਹੋਰ ਵੀ ਬਹੁਮੁੱਲੇ ਹੁਨਰ ਸਿੱਖੇ ਜਿਨ੍ਹਾਂ ਨੂੰ ਉਸ ਨੇ ਬਾਅਦ ਵਿਚ ਯਹੋਵਾਹ ਦੀ ਵਡਿਆਈ ਕਰਨ ਲਈ ਵਰਤਿਆ। ਚਰਵਾਹੇ ਵਜੋਂ ਉਸ ਦੇ ਹੁਨਰਾਂ ਕਾਰਨ ਉਸ ਨੂੰ ਧੀਰਜ ਨਾਲ ਇਸਰਾਏਲ ਕੌਮ ਦੀ ਅਗਵਾਈ ਕਰਨ ਵਿਚ ਮਦਦ ਮਿਲੀ। ਨੌਜਵਾਨੋ, ਤੁਸੀਂ ਕਿੰਨੇ ਕੁ ਫ਼ਾਇਦੇਮੰਦ ਹੁਨਰ ਸਿੱਖ ਰਹੇ ਹੋ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਸਿਰਜਣਹਾਰ ਦੀ ਸੇਵਾ ਕਰਨ ਅਤੇ ਭਵਿੱਖ ਵਿਚ ਜ਼ਿੰਮੇਵਾਰੀਆਂ ਸੰਭਾਲਣ ਲਈ ਤਿਆਰ ਹੋਵੋਗੇ?
ਸਹੀ ਨਜ਼ਰੀਆ ਰੱਖੋ
19, 20. ਤੁਸੀਂ ਆਪਣੀ ਜ਼ਿੰਦਗੀ ਅਤੇ ਭਗਤੀ ਬਾਰੇ ਕਿਹੜਾ ਸਹੀ ਨਜ਼ਰੀਆ ਰੱਖਣ ਦਾ ਇਰਾਦਾ ਕੀਤਾ ਹੈ?
19 ਅਸੀਂ ਸਾਰੇ ਜਣੇ ਆਪਣੇ ਬਾਰੇ ਸਹੀ ਨਜ਼ਰੀਆ ਰੱਖਣ ਦੀ ਕੋਸ਼ਿਸ਼ ਕਰ ਸਕਦੇ ਹਾਂ ਅਤੇ ਆਪਣੇ ਆਪ ਨੂੰ ਹੱਦੋਂ ਵੱਧ ਗੰਭੀਰਤਾ ਨਾਲ ਨਹੀਂ ਲਵਾਂਗੇ। ਅਸੀਂ “ਵਧੀਕ ਧਰਮੀ” ਨਹੀਂ ਬਣਨਾ ਚਾਹਾਂਗੇ। (ਉਪ. 7:16) ਜਦੋਂ ਘਰ ਵਿਚ, ਕੰਮ ਤੇ ਜਾਂ ਮਸੀਹੀ ਭੈਣਾਂ-ਭਰਾਵਾਂ ਨਾਲ ਪੇਸ਼ ਆਉਂਦੇ ਸਮੇਂ ਤਣਾਅ ਪੈਦਾ ਹੋ ਜਾਂਦਾ ਹੈ, ਤਾਂ ਥੋੜ੍ਹਾ ਬਹੁਤ ਹਾਸਾ-ਮਜ਼ਾਕ ਕਰਨ ਨਾਲ ਇਹ ਤਣਾਅ ਭਰੇ ਪਲ ਖ਼ੁਸ਼ਗਵਾਰ ਬਣ ਸਕਦੇ ਹਨ। ਪਰਿਵਾਰ ਦੇ ਮੈਂਬਰ ਧਿਆਨ ਰੱਖਣਗੇ ਕਿ ਉਹ ਬਹੁਤ ਜ਼ਿਆਦਾ ਨੁਕਤਾਚੀਨੀ ਨਹੀਂ ਕਰਨਗੇ ਤਾਂਕਿ ਘਰ ਦੀ ਸ਼ਾਂਤੀ ਭੰਗ ਨਾ ਹੋਵੇ। ਕਲੀਸਿਯਾ ਵਿਚ ਸਾਰੇ ਹੀ ਇਕ-ਦੂਜੇ ਨਾਲ ਹਾਸਾ-ਮਜ਼ਾਕ ਕਰਨਾ ਅਤੇ ਇਕ-ਦੂਸਰੇ ਦੀ ਸੰਗਤ ਦਾ ਆਨੰਦ ਲੈਣਾ ਸਿੱਖ ਸਕਦੇ ਹਨ। ਉਹ ਅਜਿਹੇ ਤਰੀਕੇ ਨਾਲ ਗੱਲਬਾਤ ਕਰਨਗੇ ਅਤੇ ਸਿਖਾਉਣਗੇ ਜਿਸ ਨਾਲ ਦੂਜਿਆਂ ਨੂੰ ਹੌਸਲਾ ਮਿਲੇ ਅਤੇ ਉਨ੍ਹਾਂ ’ਤੇ ਚੰਗਾ ਅਸਰ ਪਵੇ।—2 ਕੁਰਿੰ. 13:10; ਅਫ਼. 4:29.
20 ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜੋ ਯਹੋਵਾਹ ਜਾਂ ਉਸ ਦੇ ਕਾਇਦੇ-ਕਾਨੂੰਨਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ। ਇਸ ਦੇ ਉਲਟ, ਯਹੋਵਾਹ ਦੇ ਲੋਕ ਪਰਮੇਸ਼ੁਰ ਦੀ ਆਗਿਆ ਮੰਨਣ ਅਤੇ ਉਸ ਪ੍ਰਤਿ ਆਪਣੀ ਵਫ਼ਾਦਾਰੀ ਨੂੰ ਬਹੁਤ ਮਹੱਤਵਪੂਰਣ ਸਮਝਦੇ ਹਨ। ਇਨ੍ਹਾਂ ਲੋਕਾਂ ਦੇ ਵੱਡੇ ਸਾਰੇ ਸੰਗਠਨ ਦਾ ਹਿੱਸਾ ਹੋਣਾ ਕਿੰਨੀ ਖ਼ੁਸ਼ੀ ਦੀ ਗੱਲ ਹੈ ਜੋ “ਪੂਰੀ ਗੰਭੀਰਤਾਈ ਨਾਲ” ਯਹੋਵਾਹ ਦੀ ਭਗਤੀ ਕਰਦੇ ਹਨ! ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਆਪਣੀ ਜ਼ਿੰਦਗੀ ਅਤੇ ਭਗਤੀ ਨੂੰ ਗੰਭੀਰਤਾ ਨਾਲ ਲੈਂਦੇ ਰਹਾਂਗੇ।
ਤੁਸੀਂ ਕਿਵੇਂ ਜਵਾਬ ਦਿਓਗੇ?
• ਸਾਨੂੰ ਦੁਨੀਆਂ ਦਾ ਨਜ਼ਰੀਆ ਕਿਉਂ ਨਹੀਂ ਅਪਣਾਉਣਾ ਚਾਹੀਦਾ ਜੋ ਜ਼ਿੰਦਗੀ ਨੂੰ ਇੰਨੀ ਗੰਭੀਰਤਾ ਨਾਲ ਨਹੀਂ ਲੈਂਦੀ?
• ਅਸੀਂ ਖ਼ੁਸ਼ੀ ਨਾਲ ਸੇਵਾ ਕਰਨ ਦੇ ਨਾਲ-ਨਾਲ ਇਸ ਨੂੰ ਗੰਭੀਰਤਾ ਨਾਲ ਕਿਵੇਂ ਲੈ ਸਕਦੇ ਹਾਂ?
• ਜ਼ਿੰਮੇਵਾਰੀ ਲੈਣ ਬਾਰੇ ਸਾਡੇ ਨਜ਼ਰੀਏ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਅਸੀਂ ਗੰਭੀਰ ਹਾਂ ਜਾਂ ਨਹੀਂ?
• ਸਮਝਾਓ ਕਿ ਆਪਣੇ ਭੈਣਾਂ-ਭਰਾਵਾਂ ਅਤੇ ਪਰਿਵਾਰ ਦੇ ਮੈਂਬਰਾਂ ਦਾ ਆਦਰ ਕਰਨਾ ਗੰਭੀਰਤਾ ਦੀ ਗੱਲ ਕਿਉਂ ਹੈ।
[ਸਵਾਲ]
[ਸਫ਼ਾ 12 ਉੱਤੇ ਤਸਵੀਰਾਂ]
ਪਤੀ ਨੂੰ ਚਾਹੀਦਾ ਕਿ ਉਹ ਪਰਿਵਾਰ ਦੀਆਂ ਭੌਤਿਕ ਲੋੜਾਂ ਪੂਰੀਆਂ ਕਰੇ ਅਤੇ ਪਰਮੇਸ਼ੁਰ ਦਾ ਗਿਆਨ ਦੇਵੇ