Skip to content

Skip to table of contents

ਯਹੋਵਾਹ ਉੱਤੇ ਭਰੋਸਾ ਰੱਖੋ ਜਿਉਂ-ਜਿਉਂ ਅੰਤ ਨੇੜੇ ਆ ਰਿਹਾ ਹੈ

ਯਹੋਵਾਹ ਉੱਤੇ ਭਰੋਸਾ ਰੱਖੋ ਜਿਉਂ-ਜਿਉਂ ਅੰਤ ਨੇੜੇ ਆ ਰਿਹਾ ਹੈ

ਯਹੋਵਾਹ ਉੱਤੇ ਭਰੋਸਾ ਰੱਖੋ ਜਿਉਂ-ਜਿਉਂ ਅੰਤ ਨੇੜੇ ਆ ਰਿਹਾ ਹੈ

“ਸਦਾ ਤੀਕ ਯਹੋਵਾਹ ਉੱਤੇ ਭਰੋਸਾ ਰੱਖੋ।”—ਯਸਾ. 26:4.

1. ਪਰਮੇਸ਼ੁਰ ਦੇ ਸੇਵਕਾਂ ਅਤੇ ਦੁਨੀਆਂ ਦੇ ਲੋਕਾਂ ਵਿਚ ਕੀ ਫ਼ਰਕ ਹੈ?

ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਲੱਖਾਂ ਹੀ ਲੋਕਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਿ ਉਹ ਕਿਸ ਇਨਸਾਨ ਜਾਂ ਚੀਜ਼ ’ਤੇ ਭਰੋਸਾ ਕਰਨ। ਸ਼ਾਇਦ ਇਸ ਲਈ ਕਿਉਂਕਿ ਉਨ੍ਹਾਂ ਨੂੰ ਬਹੁਤ ਵਾਰ ਠੇਸ ਪਹੁੰਚੀ ਹੈ ਜਾਂ ਨਿਰਾਸ਼ਾ ਹੋਈ ਹੈ। ਯਹੋਵਾਹ ਦੇ ਸੇਵਕ ਉਨ੍ਹਾਂ ਤੋਂ ਕਿੰਨੇ ਵੱਖਰੇ ਹਨ! ਪਰਮੇਸ਼ੁਰੀ ਬੁੱਧ ਅਨੁਸਾਰ ਚੱਲਣ ਕਰਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿਸ ਉੱਤੇ ਭਰੋਸਾ ਕਰਨਾ ਹੈ। ਉਹ ਦੁਨੀਆਂ ਜਾਂ ਇਸ ਦੇ “ਹਾਕਮਾਂ” ਉੱਤੇ ਭਰੋਸਾ ਨਹੀਂ ਕਰਦੇ। (ਜ਼ਬੂ. 146:3) ਇਸ ਦੀ ਬਜਾਇ ਉਹ ਆਪਣੀਆਂ ਜ਼ਿੰਦਗੀਆਂ ਅਤੇ ਭਵਿੱਖ ਯਹੋਵਾਹ ਦੇ ਹੱਥਾਂ ਵਿਚ ਸੌਂਪ ਦਿੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਤੇ ਉਹ ਆਪਣਾ ਬਚਨ ਹਮੇਸ਼ਾ ਪੂਰਾ ਕਰਦਾ ਹੈ।—ਰੋਮੀ. 3:4; 8:38, 39.

2. ਯਹੋਸ਼ੁਆ ਨੇ ਪਰਮੇਸ਼ੁਰ ਦੀ ਭਰੋਸੇਯੋਗਤਾ ਬਾਰੇ ਕੀ ਕਿਹਾ ਸੀ?

2 ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਸੇਵਕ ਯਹੋਸ਼ੁਆ ਨੇ ਕਿਹਾ ਸੀ ਕਿ ਪਰਮੇਸ਼ੁਰ ਭਰੋਸੇਯੋਗ ਹੈ। ਆਪਣੀ ਮੌਤ ਤੋਂ ਕੁਝ ਚਿਰ ਪਹਿਲਾਂ ਉਸ ਨੇ ਆਪਣੇ ਨਾਲ ਦੇ ਇਸਰਾਏਲੀਆਂ ਨੂੰ ਕਿਹਾ ਸੀ: “ਤੁਸੀਂ ਆਪਣੇ ਸਾਰੇ ਮਨਾਂ ਵਿੱਚ ਅਤੇ ਆਪਣੀਆਂ ਸਾਰੀਆਂ ਜਾਨਾਂ ਵਿੱਚ ਜਾਣਦੇ ਹੋ ਭਈ ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੂਰੇ ਹੋਏ।”—ਯਹੋ. 23:14.

3. ਪਰਮੇਸ਼ੁਰ ਦਾ ਨਾਂ ਉਸ ਬਾਰੇ ਕੀ ਪ੍ਰਗਟ ਕਰਦਾ ਹੈ?

3 ਯਹੋਵਾਹ ਸਿਰਫ਼ ਇਸ ਲਈ ਆਪਣੇ ਵਾਅਦੇ ਪੂਰੇ ਨਹੀਂ ਕਰਦਾ ਕਿ ਉਹ ਸਾਨੂੰ ਪਿਆਰ ਕਰਦਾ ਹੈ, ਪਰ ਖ਼ਾਸ ਕਰਕੇ ਉਹ ਆਪਣੇ ਨਾਂ ਦੀ ਖ਼ਾਤਰ ਵਾਅਦੇ ਪੂਰੇ ਕਰਦਾ ਹੈ। (ਕੂਚ 3:14; 1 ਸਮੂ. 12:22) ਜੇ. ਬੀ. ਰੌਦਰਹੈਮ ਦੁਆਰਾ ਲਿਖੀ ਦੀ ਐਮੇਫ਼ੇਸਾਈਜ਼ਡ ਬਾਈਬਲ ਦੇ ਸ਼ੁਰੂ ਵਿਚ ਸਮਝਾਇਆ ਗਿਆ ਹੈ ਕਿ ਪਰਮੇਸ਼ੁਰ ਦੇ ਨਾਂ ਦਾ ਅਰਥ ਹੈ ਕਿ ਪਰਮੇਸ਼ੁਰ ਆਪਣੇ ਵਾਅਦੇ ਪੂਰੇ ਕਰਨ ਲਈ ਕੁਝ ਵੀ ਬਣ ਸਕਦਾ ਹੈ। ਉਸ ਦਾ ਨਾਂ ਸੁਣ ਕੇ ਸਾਨੂੰ ਯਾਦ ਆਉਂਦਾ ਹੈ ਕਿ ਉਹ ਹਮੇਸ਼ਾ ਉਹੀ ਕਰਦਾ ਹੈ ਜੋ ਉਹ ਕਹਿੰਦਾ ਹੈ। ਉਸ ਨੂੰ ਜੋ ਕੁਝ ਕਰਨ ਦੀ ਲੋੜ ਹੁੰਦੀ ਹੈ, ਉਸ ਨੂੰ ਉਹ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ਕਰ ਸਕਦਾ ਹੈ। ਉਸ ਲਈ ਕੋਈ ਵੀ ਕੰਮ ਇੰਨਾ ਔਖਾ ਨਹੀਂ ਹੈ। ਪਰਮੇਸ਼ੁਰ ਹਮੇਸ਼ਾ ਆਪਣੇ ਨਾਂ ਅਨੁਸਾਰ ਖਰਾ ਉਤਰੇਗਾ। ਉਹ ਇਸ ਤੋਂ ਕਦੇ ਵੀ ਸ਼ਰਮਿੰਦਾ ਨਹੀਂ ਹੋਵੇਗਾ।

4. (ੳ) ਯਸਾਯਾਹ 26:4 ਸਾਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ? (ਅ) ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ਉੱਤੇ ਗੌਰ ਕਰਾਂਗੇ?

4 ਆਪਣੇ ਤੋਂ ਪੁੱਛੋ: ‘ਕੀ ਮੈਂ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਜਿਸ ਕਰਕੇ ਮੈਂ ਉਸ ਉੱਤੇ ਪੂਰਾ ਭਰੋਸਾ ਰੱਖ ਸਕਦਾ ਹਾਂ? ਕੀ ਮੈਨੂੰ ਯਕੀਨ ਹੈ ਕਿ ਆਉਣ ਵਾਲਾ ਸਮਾਂ ਵਧੀਆ ਹੋਵੇਗਾ ਕਿਉਂਕਿ ਮੈਨੂੰ ਪਤਾ ਹੈ ਕਿ ਸਾਰਾ ਕੁਝ ਯਹੋਵਾਹ ਦੇ ਹੱਥਾਂ ਵਿਚ ਹੈ?’ ਯਸਾਯਾਹ 26:4 ਕਹਿੰਦਾ ਹੈ: “ਸਦਾ ਤੀਕ ਯਹੋਵਾਹ ਉੱਤੇ ਭਰੋਸਾ ਰੱਖੋ, ਕਿਉਂ ਜੋ ਯਾਹ ਯਹੋਵਾਹ ਸਨਾਤਨ ਚਟਾਨ ਹੈ।” ਪਰ ਪਰਮੇਸ਼ੁਰ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਚਮਤਕਾਰੀ ਤਰੀਕੇ ਨਾਲ ਦਖ਼ਲ ਨਹੀਂ ਦਿੰਦਾ ਜਿਵੇਂ ਉਹ ਬਾਈਬਲ ਦੇ ਜ਼ਮਾਨੇ ਵਿਚ ਦਿੰਦਾ ਹੁੰਦਾ ਸੀ। ਫਿਰ ਵੀ “ਸਨਾਤਨ ਚਟਾਨ” ਹੋਣ ਕਰਕੇ ਉਸ ਉੱਤੇ “ਸਦਾ ਤੀਕ” ਭਰੋਸਾ ਕੀਤਾ ਜਾ ਸਕਦਾ ਹੈ। ਸਾਡਾ ਭਰੋਸੇਯੋਗ ਪਰਮੇਸ਼ੁਰ ਅੱਜ ਆਪਣੇ ਵਫ਼ਾਦਾਰ ਭਗਤਾਂ ਦੀ ਮਦਦ ਕਿਵੇਂ ਕਰਦਾ ਹੈ? ਆਓ ਆਪਾਂ ਤਿੰਨ ਤਰੀਕਿਆਂ ਉੱਤੇ ਗੌਰ ਕਰੀਏ: ਉਹ ਸਾਨੂੰ ਤਾਕਤ ਦਿੰਦਾ ਹੈ ਜਦੋਂ ਅਸੀਂ ਪਰਤਾਵੇ ਦਾ ਸਾਮ੍ਹਣਾ ਕਰਨ ਲਈ ਉਸ ਤੋਂ ਮਦਦ ਮੰਗਦੇ ਹਾਂ, ਉਹ ਸਾਡਾ ਸਾਥ ਦਿੰਦਾ ਹੈ ਜਦੋਂ ਲੋਕ ਸਾਡੀ ਗੱਲ ਨਹੀਂ ਸੁਣਦੇ ਜਾਂ ਸਾਡਾ ਵਿਰੋਧ ਕਰਦੇ ਹਨ ਅਤੇ ਉਹ ਸਾਡਾ ਹੌਸਲਾ ਵਧਾਉਂਦਾ ਹੈ ਜਦੋਂ ਅਸੀਂ ਚਿੰਤਾਵਾਂ ਕਾਰਨ ਨਿਰਾਸ਼ ਹੋ ਜਾਂਦੇ ਹਾਂ। ਇਨ੍ਹਾਂ ਗੱਲਾਂ ਉੱਤੇ ਗੌਰ ਕਰਦਿਆਂ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਯਹੋਵਾਹ ਉੱਤੇ ਆਪਣਾ ਭਰੋਸਾ ਕਿਵੇਂ ਪੱਕਾ ਕਰ ਸਕਦੇ ਹਾਂ।

ਪਰਮੇਸ਼ੁਰ ਉੱਤੇ ਭਰੋਸਾ ਰੱਖੋ ਜਦੋਂ ਗ਼ਲਤ ਕੰਮ ਕਰਨ ਦਾ ਪਰਤਾਵਾ ਆਉਂਦਾ ਹੈ

5. ਪਰਮੇਸ਼ੁਰ ਉੱਤੇ ਭਰੋਸਾ ਰੱਖਣ ਦੇ ਸੰਬੰਧ ਵਿਚ ਕਦੋਂ ਸਾਡੀ ਵੱਡੀ ਪਰੀਖਿਆ ਹੋ ਸਕਦੀ ਹੈ?

5 ਸਾਨੂੰ ਯਹੋਵਾਹ ਉੱਤੇ ਭਰੋਸਾ ਰੱਖਣਾ ਸੌਖਾ ਲੱਗਦਾ ਹੈ ਜਦੋਂ ਨਵੀਂ ਦੁਨੀਆਂ ਜਾਂ ਮੁਰਦਿਆਂ ਵਿੱਚੋਂ ਜੀ ਉਠਾਉਣ ਦੇ ਵਾਅਦੇ ਦੀ ਗੱਲ ਆਉਂਦੀ ਹੈ ਕਿਉਂਕਿ ਅਸੀਂ ਇਨ੍ਹਾਂ ਵਾਅਦਿਆਂ ਦੇ ਪੂਰਾ ਹੋਣ ਦੀ ਬੇਸਬਰੀ ਨਾਲ ਉਡੀਕ ਕਰਦੇ ਹਾਂ। ਪਰ ਨੈਤਿਕ ਮਿਆਰਾਂ ਦੇ ਸੰਬੰਧ ਵਿਚ ਉਸ ਉੱਤੇ ਭਰੋਸਾ ਕਰਨਾ ਵੱਖਰੀ ਗੱਲ ਹੈ। ਸਾਨੂੰ ਸ਼ਾਇਦ ਦਿਲੋਂ ਇਹ ਯਕੀਨ ਕਰਨਾ ਔਖਾ ਲੱਗੇ ਕਿ ਉਸ ਦੇ ਰਾਹਾਂ ਅਤੇ ਮਿਆਰਾਂ ਉੱਤੇ ਚੱਲਣਾ ਸਹੀ ਗੱਲ ਹੈ ਅਤੇ ਇਸ ਕਾਰਨ ਅਸੀਂ ਬਹੁਤ ਖ਼ੁਸ਼ ਰਹਾਂਗੇ। ਰਾਜਾ ਸੁਲੇਮਾਨ ਨੇ ਇਹ ਸਲਾਹ ਦਿੱਤੀ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾ. 3:5, 6) ਧਿਆਨ ਦਿਓ ਕਿ ਇਸ ਵਿਚ ਸਾਡੇ “ਰਾਹਾਂ” ਅਤੇ “ਮਾਰਗਾਂ” ਦੀ ਗੱਲ ਕੀਤੀ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਪਰਮੇਸ਼ੁਰ ਉੱਤੇ ਸਿਰਫ਼ ਇਸ ਲਈ ਭਰੋਸਾ ਨਹੀਂ ਹੋਣਾ ਚਾਹੀਦਾ ਕਿ ਉਸ ਨੇ ਸਾਨੂੰ ਉਮੀਦ ਦਿੱਤੀ ਹੈ, ਬਲਕਿ ਸਾਡੀ ਸਾਰੀ ਜ਼ਿੰਦਗੀ ਤੋਂ ਝਲਕਣਾ ਚਾਹੀਦਾ ਹੈ ਕਿ ਸਾਨੂੰ ਪਰਮੇਸ਼ੁਰ ਉੱਤੇ ਭਰੋਸਾ ਹੈ। ਇਹ ਭਰੋਸਾ ਅਸੀਂ ਪਰਤਾਵੇ ਆਉਣ ਤੇ ਕਿਵੇਂ ਜ਼ਾਹਰ ਕਰ ਸਕਦੇ ਹਾਂ?

6. ਅਸੀਂ ਬੁਰੇ ਵਿਚਾਰਾਂ ਨੂੰ ਨਕਾਰਨ ਦਾ ਆਪਣਾ ਇਰਾਦਾ ਕਿੱਦਾਂ ਪੱਕਾ ਕਰ ਸਕਦੇ ਹਾਂ?

6 ਬੁਰਾਈ ਤੋਂ ਦੂਰ ਹੋਣਾ ਮਨ ਤੋਂ ਸ਼ੁਰੂ ਹੁੰਦਾ ਹੈ। (ਰੋਮੀਆਂ 8:5; ਅਫ਼ਸੀਆਂ 2:3 ਪੜ੍ਹੋ।) ਤਾਂ ਫਿਰ ਤੁਸੀਂ ਕਿੱਦਾਂ ਬੁਰੇ ਵਿਚਾਰਾਂ ਨੂੰ ਨਕਾਰਨ ਦਾ ਆਪਣਾ ਇਰਾਦਾ ਪੱਕਾ ਕਰ ਸਕਦੇ ਹੋ? ਇਨ੍ਹਾਂ ਪੰਜ ਤਰੀਕਿਆਂ ਉੱਤੇ ਗੌਰ ਕਰੋ: 1. ਪ੍ਰਾਰਥਨਾ ਦੇ ਜ਼ਰੀਏ ਯਹੋਵਾਹ ਤੋਂ ਮਦਦ ਭਾਲੋ। (ਮੱਤੀ 6:9, 13) 2. ਬਾਈਬਲ ਵਿਚ ਦੱਸੇ ਉਨ੍ਹਾਂ ਲੋਕਾਂ ਦੀਆਂ ਮਿਸਾਲਾਂ ਉੱਤੇ ਸੋਚ-ਵਿਚਾਰ ਕਰੋ ਜਿਨ੍ਹਾਂ ਨੇ ਯਹੋਵਾਹ ਦੀ ਸੁਣੀ ਅਤੇ ਜਿਨ੍ਹਾਂ ਨੇ ਨਹੀਂ ਸੁਣੀ। ਫਿਰ ਧਿਆਨ ਦਿਓ ਕਿ ਉਨ੍ਹਾਂ ਦੇ ਇਸ ਤਰ੍ਹਾਂ ਕਰਨ ਦੇ ਕਿਹੜੇ ਨਤੀਜੇ ਨਿਕਲੇ। * (1 ਕੁਰਿੰ. 10:8-11) 3. ਸੋਚੋ ਪਾਪ ਦੇ ਕਾਰਨ ਤੁਹਾਨੂੰ ਅਤੇ ਤੁਹਾਡੇ ਅਜ਼ੀਜ਼ਾਂ ਨੂੰ ਕਿੰਨੀ ਮਾਨਸਿਕ ਤੇ ਜਜ਼ਬਾਤੀ ਪੀੜਾ ਸਹਿਣੀ ਪੈ ਸਕਦੀ ਹੈ। 4. ਸੋਚੋ ਪਰਮੇਸ਼ੁਰ ਨੂੰ ਕਿਵੇਂ ਮਹਿਸੂਸ ਹੁੰਦਾ ਹੈ ਜਦੋਂ ਉਸ ਦਾ ਕੋਈ ਸੇਵਕ ਗੰਭੀਰ ਪਾਪ ਕਰ ਬੈਠਦਾ ਹੈ। (ਜ਼ਬੂਰਾਂ ਦੀ ਪੋਥੀ 78:40, 41 ਪੜ੍ਹੋ।) 5. ਕਲਪਨਾ ਕਰ ਕੇ ਦੇਖੋ ਕਿ ਯਹੋਵਾਹ ਦਾ ਦਿਲ ਉਦੋਂ ਕਿੰਨਾ ਖ਼ੁਸ਼ ਹੁੰਦਾ ਹੈ ਜਦੋਂ ਉਹ ਦੇਖਦਾ ਹੈ ਕਿ ਉਸ ਦਾ ਵਫ਼ਾਦਾਰ ਭਗਤ ਬੁਰਾਈ ਤੋਂ ਦੂਰ ਰਹਿੰਦਾ ਹੈ ਅਤੇ ਉਹੀ ਕਰਦਾ ਹੈ ਜੋ ਸਹੀ ਹੈ ਭਾਵੇਂ ਲੋਕ ਉਸ ਨੂੰ ਦੇਖਦੇ ਹਨ ਜਾਂ ਨਹੀਂ। (ਜ਼ਬੂ. 15:1, 2; ਕਹਾ. 27:11) ਤੁਸੀਂ ਵੀ ਇਸ ਤਰ੍ਹਾਂ ਕਰ ਕੇ ਦਿਖਾ ਸਕਦੇ ਹੋ ਕਿ ਤੁਹਾਨੂੰ ਵੀ ਯਹੋਵਾਹ ਉੱਤੇ ਭਰੋਸਾ ਹੈ।

ਪਰਮੇਸ਼ੁਰ ਉੱਤੇ ਭਰੋਸਾ ਰੱਖੋ ਜਦੋਂ ਲੋਕ ਗੱਲ ਨਹੀਂ ਸੁਣਦੇ ਅਤੇ ਵਿਰੋਧ ਕਰਦੇ ਹਨ

7. ਯਿਰਮਿਯਾਹ ਦੀਆਂ ਕਿਹੜੀਆਂ ਪਰੀਖਿਆਵਾਂ ਹੋਈਆਂ ਅਤੇ ਉਹ ਕਦੇ-ਕਦੇ ਕਿਵੇਂ ਮਹਿਸੂਸ ਕਰਦਾ ਸੀ?

7 ਕਈ ਭੈਣ-ਭਰਾ ਅਜਿਹੀਆਂ ਥਾਵਾਂ ਤੇ ਸੇਵਾ ਕਰਦੇ ਹਨ ਜਿੱਥੇ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਆਉਂਦੀਆਂ ਹਨ। ਯਿਰਮਿਯਾਹ ਨਬੀ ਵੀ ਅਜਿਹੇ ਮਾਹੌਲ ਵਿਚ ਸੇਵਾ ਕਰਦਾ ਸੀ ਜਦੋਂ ਯਹੂਦਾਹ ਦੇ ਰਾਜ ਦੇ ਅੰਤਿਮ ਦਿਨਾਂ ਦੌਰਾਨ ਕਾਫ਼ੀ ਹਲਚਲ ਮਚੀ ਹੋਈ ਸੀ। ਹਰ ਰੋਜ਼ ਉਸ ਦੀ ਨਿਹਚਾ ਦੀ ਪਰੀਖਿਆ ਹੁੰਦੀ ਸੀ ਕਿਉਂਕਿ ਉਹ ਪਰਮੇਸ਼ੁਰ ਵੱਲੋਂ ਦਿੱਤੀ ਜਾਣ ਵਾਲੀ ਸਜ਼ਾ ਦੇ ਸੰਦੇਸ਼ਾਂ ਦਾ ਆਗਿਆਕਾਰੀ ਨਾਲ ਐਲਾਨ ਕਰਦਾ ਸੀ। ਇਕ ਅਜਿਹਾ ਸਮਾਂ ਵੀ ਆਇਆ ਜਦੋਂ ਉਸ ਦੇ ਵਫ਼ਾਦਾਰ ਸੈਕਟਰੀ ਬਾਰੂਕ ਨੇ ਵੀ ਸ਼ਿਕਾਇਤ ਕੀਤੀ ਕਿ ਉਹ ਥੱਕ ਗਿਆ ਸੀ। (ਯਿਰ. 45:2, 3) ਕੀ ਯਿਰਮਿਯਾਹ ਨਿਰਾਸ਼ ਹੋ ਗਿਆ ਸੀ? ਹਾਂ, ਇਕ ਵਾਰ ਉਹ ਬਹੁਤ ਨਿਰਾਸ਼ ਹੋ ਗਿਆ ਸੀ। ਉਸ ਨੇ ਦੁਹਾਈ ਦਿੱਤੀ: “ਉਸ ਦਿਨ ਉੱਤੇ ਫਿਟਕਾਰ ਜਿਹ ਦੇ ਵਿੱਚ ਮੈਂ ਜੰਮਿਆ!” ਅੱਗੋਂ ਉਸ ਨੇ ਕਿਹਾ: “ਮੈਂ ਕਿਉਂ ਕੁੱਖੋਂ ਬਾਹਰ ਆਇਆ, ਕਸ਼ਟ ਅਤੇ ਗ਼ਮ ਵੇਖਣ ਲਈ, ਭਈ ਮੈਂ ਆਪਣੇ ਦਿਨ ਨਮੋਸ਼ੀ ਵਿੱਚ ਕੱਟਾਂ?”—ਯਿਰ. 20:14, 15, 18.

8, 9. ਯਿਰਮਿਯਾਹ 17:7, 8 ਅਤੇ ਜ਼ਬੂਰਾਂ ਦੀ ਪੋਥੀ 1:1-3 ਅਨੁਸਾਰ ਚੰਗਾ ਫਲ ਦਿੰਦੇ ਰਹਿਣ ਲਈ ਸਾਨੂੰ ਕੀ ਕਰਦੇ ਰਹਿਣਾ ਚਾਹੀਦਾ ਹੈ?

8 ਫਿਰ ਵੀ ਯਿਰਮਿਯਾਹ ਨੇ ਹਿੰਮਤ ਨਹੀਂ ਹਾਰੀ। ਉਹ ਯਹੋਵਾਹ ਉੱਤੇ ਭਰੋਸਾ ਕਰਦਾ ਰਿਹਾ। ਨਤੀਜੇ ਵਜੋਂ ਇਸ ਵਫ਼ਾਦਾਰ ਨਬੀ ਨੇ ਯਿਰਮਿਯਾਹ 17:7, 8 ਵਿਚ ਦਰਜ ਯਹੋਵਾਹ ਦੇ ਕਹੇ ਸ਼ਬਦ ਆਪਣੇ ਉੱਤੇ ਪੂਰੇ ਹੁੰਦੇ ਦੇਖੇ: “ਮੁਬਾਰਕ ਹੈ ਉਹ ਮਰਦ ਜਿਹ ਦਾ ਭਰੋਸਾ ਯਹੋਵਾਹ ਉੱਤੇ ਹੈ, ਜਿਹ ਦਾ ਭਰੋਸਾ ਯਹੋਵਾਹ ਹੈ! ਉਹ ਉਸ ਬਿਰਛ ਵਾਂਙੁ ਹੈ ਜਿਹੜਾ ਪਾਣੀ ਉੱਤੇ ਲੱਗਿਆ ਹੋਇਆ ਹੈ, ਜਿਹੜਾ ਨਦੀ ਵੱਲ ਆਪਣੀਆਂ ਜੜ੍ਹਾਂ ਫੈਲਾਉਂਦਾ ਹੈ। ਜਦ ਗਰਮੀ ਆਵੇ ਤਾਂ ਉਹ ਨੂੰ ਡਰ ਨਹੀਂ, ਸਗੋਂ ਉਹ ਦੇ ਪੱਤੇ ਹਰੇ ਰਹਿੰਦੇ ਹਨ, ਔੜ ਦੇ ਵਰ੍ਹੇ ਉਹ ਨੂੰ ਚਿੰਤਾ ਨਾ ਹੋਵੇਗੀ, ਨਾ ਉਹ ਫਲ ਲਿਆਉਣ ਤੋਂ ਰੁਕੇਗਾ।”

9 ‘ਪਾਣੀ ਉੱਤੇ ਲੱਗੇ’ ਫਲਦਾਰ ਬਿਰਛ ਜਾਂ ਸਿੰਜੇ ਹੋਏ ਬਾਗ਼ ਦੀ ਤਰ੍ਹਾਂ ਯਿਰਮਿਯਾਹ ਕਦੇ ਵੀ ‘ਫਲ ਲਿਆਉਣ ਤੋਂ ਰੁਕਿਆ’ ਨਹੀਂ। ਉਸ ਨੇ ਆਪਣੇ ਆਲੇ-ਦੁਆਲੇ ਦੇ ਮਖੌਲ ਉਡਾਉਣ ਵਾਲੇ ਬੁਰੇ ਲੋਕਾਂ ਦਾ ਆਪਣੇ ਉੱਤੇ ਅਸਰ ਨਹੀਂ ਪੈਣ ਦਿੱਤਾ। ਇਸ ਦੀ ਬਜਾਇ ਉਹ ਜ਼ਿੰਦਗੀਆਂ ਬਚਾਉਣ ਵਾਲੇ “ਪਾਣੀ” ਦੇ ਸੋਮੇ ਕੋਲ ਰਿਹਾ ਅਤੇ ਯਹੋਵਾਹ ਦੀ ਕਹੀ ਹਰ ਗੱਲ ਮੰਨੀ। (ਜ਼ਬੂਰਾਂ ਦੀ ਪੋਥੀ 1:1-3 ਪੜ੍ਹੋ; ਯਿਰ. 20:9) ਸਾਡੇ ਲਈ ਯਿਰਮਿਯਾਹ ਕਿੰਨੀ ਹੀ ਚੰਗੀ ਮਿਸਾਲ ਹੈ, ਖ਼ਾਸਕਰ ਉਨ੍ਹਾਂ ਲਈ ਜੋ ਮੁਸ਼ਕਲਾਂ ਵਾਲੇ ਇਲਾਕਿਆਂ ਵਿਚ ਸੇਵਾ ਕਰਦੇ ਹਨ! ਜੇ ਤੁਹਾਡੀ ਇਹ ਸਥਿਤੀ ਹੈ, ਤਾਂ ਯਹੋਵਾਹ ਉੱਤੇ ਜ਼ਿਆਦਾ ਤੋਂ ਜ਼ਿਆਦਾ ਭਰੋਸਾ ਕਰਦੇ ਰਹੋ ਜੋ ਉਸ ਦੇ ਨਾਂ ਦਾ ਐਲਾਨ ਕਰਨ ਵਿਚ ਤੁਹਾਡੀ ਮਦਦ ਕਰੇਗਾ।—ਇਬ. 13:15.

10. ਸਾਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ ਅਤੇ ਸਾਨੂੰ ਆਪਣੇ ਤੋਂ ਕਿਹੜਾ ਸਵਾਲ ਪੁੱਛਣਾ ਚਾਹੀਦਾ ਹੈ?

10 ਇਨ੍ਹਾਂ ਅੰਤਿਮ ਦਿਨਾਂ ਵਿਚ ਆਉਂਦੀਆਂ ਮੁਸ਼ਕਲਾਂ ਨਾਲ ਸਿੱਝਣ ਵਿਚ ਮਦਦ ਕਰਨ ਲਈ ਯਹੋਵਾਹ ਨੇ ਸਾਨੂੰ ਕਈ ਚੀਜ਼ਾਂ ਦਿੱਤੀਆਂ ਹਨ। ਉਨ੍ਹਾਂ ਚੀਜ਼ਾਂ ਵਿੱਚੋਂ ਇਕ ਹੈ ਪਰਮੇਸ਼ੁਰ ਦਾ ਸੰਪੂਰਣ ਬਚਨ ਜਿਸ ਨੂੰ ਜ਼ਿਆਦਾ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਸਹੀ-ਸਹੀ ਅਨੁਵਾਦ ਕੀਤਾ ਜਾ ਰਿਹਾ ਹੈ। ਉਸ ਨੇ ਮਾਤਬਰ ਅਤੇ ਬੁੱਧਵਾਨ ਨੌਕਰ ਦੇ ਰਾਹੀਂ ਸਾਨੂੰ ਸਮੇਂ ਸਿਰ ਆਪਣਾ ਬਹੁਤ ਸਾਰਾ ਗਿਆਨ ਦਿੱਤਾ ਹੈ। ਉਸ ਨੇ ਸਾਨੂੰ ਭੈਣ-ਭਰਾ ਦਿੱਤੇ ਹਨ ਜਿਨ੍ਹਾਂ ਦੀ ਸੰਗਤ ਦਾ ਅਸੀਂ ਮੀਟਿੰਗਾਂ ਅਤੇ ਅਸੈਂਬਲੀਆਂ ਵਿਚ ਆਨੰਦ ਮਾਣਦੇ ਹਾਂ। ਕੀ ਤੁਸੀਂ ਇਨ੍ਹਾਂ ਪ੍ਰਬੰਧਾਂ ਦਾ ਪੂਰਾ-ਪੂਰਾ ਫ਼ਾਇਦਾ ਉਠਾਉਂਦੇ ਹੋ? ਜਿਹੜੇ ਉਠਾਉਂਦੇ ਹਨ ਉਹ “ਖੁਸ਼ ਦਿਲੀ ਨਾਲ ਜੈਕਾਰੇ ਗਜਾਉਣਗੇ।” ਪਰ ਜਿਹੜੇ ਪਰਮੇਸ਼ੁਰ ਦੀ ਨਹੀਂ ਸੁਣਦੇ ਉਹ ‘ਦੁੱਖ ਦਿਲੀ ਨਾਲ ਚਿਲਾਉਣਗੇ।’—ਯਸਾ. 65:13, 14.

ਚਿੰਤਾਵਾਂ ਦਾ ਸਾਮ੍ਹਣਾ ਕਰਦੇ ਵੇਲੇ ਪਰਮੇਸ਼ੁਰ ਉੱਤੇ ਭਰੋਸਾ ਰੱਖੋ

11, 12. ਦੁਨੀਆਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਿਹੜੇ ਰਾਹ ਤੇ ਚੱਲਣਾ ਬੁੱਧੀਮਾਨੀ ਦੀ ਗੱਲ ਹੈ?

11 ਜਿਵੇਂ ਕਿ ਭਵਿੱਖਬਾਣੀ ਕੀਤੀ ਗਈ ਸੀ ਇਨਸਾਨਾਂ ਦੀਆਂ ਮੁਸ਼ਕਲਾਂ ਹੜ੍ਹ ਦੇ ਪਾਣੀ ਵਾਂਗ ਵਧਦੀਆਂ ਹੀ ਜਾ ਰਹੀਆਂ ਹਨ। (ਮੱਤੀ 24:6-8; ਪਰ. 12:12) ਜਦੋਂ ਹੜ੍ਹ ਆਉਂਦਾ ਹੈ, ਤਾਂ ਲੋਕ ਉੱਚੀ ਥਾਂ ਵੱਲ ਨੂੰ ਭੱਜਦੇ ਹਨ ਜਾਂ ਕਿਸੇ ਉੱਚੀ ਇਮਾਰਤ ਦੀ ਛੱਤ ਉੱਤੇ ਚੜ੍ਹ ਜਾਂਦੇ ਹਨ। ਇਸੇ ਤਰ੍ਹਾਂ ਜਿਉਂ-ਜਿਉਂ ਦੁਨੀਆਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ, ਲੱਖਾਂ ਹੀ ਲੋਕ ਉੱਚੀਆਂ ਜਾਪ ਰਹੀਆਂ ਆਰਥਿਕ, ਰਾਜਨੀਤਿਕ ਜਾਂ ਧਾਰਮਿਕ ਸੰਸਥਾਵਾਂ ਅਤੇ ਵਿਗਿਆਨ ਤੇ ਤਕਨਾਲੋਜੀ ਦਾ ਸਹਾਰਾ ਲੈਂਦੇ ਹਨ। ਪਰ ਇਨ੍ਹਾਂ ਵਿੱਚੋਂ ਕੋਈ ਵੀ ਉਨ੍ਹਾਂ ਨੂੰ ਅਸਲੀ ਸੁਰੱਖਿਆ ਪ੍ਰਦਾਨ ਨਹੀਂ ਕਰਦਾ। (ਯਿਰ. 17:5, 6) ਦੂਜੇ ਪਾਸੇ ਯਹੋਵਾਹ ਦੇ ਗਵਾਹ “ਸਨਾਤਨ ਚਟਾਨ” ਦਾ ਸਹਾਰਾ ਲੈ ਸਕਦੇ ਹਨ। (ਯਸਾ. 26:4) ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “[ਯਹੋਵਾਹ] ਹੀ ਮੇਰੀ ਚਟਾਨ ਅਤੇ ਮੇਰਾ ਬਚਾਓ ਹੈ, ਉਹੋ ਮੇਰਾ ਉੱਚਾ ਗੜ੍ਹ ਹੈ।” (ਜ਼ਬੂਰਾਂ ਦੀ ਪੋਥੀ 62:6-9 ਪੜ੍ਹੋ।) ਅਸੀਂ ਇਸ ਚਟਾਨ ਨੂੰ ਆਪਣਾ ਸਹਾਰਾ ਕਿਵੇਂ ਬਣਾਉਂਦੇ ਹਾਂ?

12 ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿੰਦੇ ਹਾਂ ਜਦੋਂ ਅਸੀਂ ਉਸ ਦੇ ਬਚਨ ਦੀ ਪਾਲਣਾ ਕਰਦੇ ਹਾਂ ਜੋ ਅਕਸਰ ਮਨੁੱਖੀ ਬੁੱਧ ਦੇ ਉਲਟ ਹੁੰਦਾ ਹੈ। (ਜ਼ਬੂ. 73:23, 24) ਮਿਸਾਲ ਲਈ, ਮਨੁੱਖੀ ਬੁੱਧ ਤੋਂ ਪ੍ਰਭਾਵਿਤ ਹੋਣ ਵਾਲੇ ਲੋਕ ਸ਼ਾਇਦ ਕਹਿਣ: ‘ਜ਼ਿੰਦਗੀ ਇਕ ਵਾਰ ਮਿਲਦੀ ਹੈ ਇਸ ਦਾ ਪੂਰਾ ਮਜ਼ਾ ਲਓ।’ ‘ਚੰਗਾ ਕੈਰੀਅਰ ਬਣਾਓ।’ ‘ਬਹੁਤ ਸਾਰਾ ਪੈਸਾ ਕਮਾਓ।’ ‘ਇਹ ਖ਼ਰੀਦੋ ਉਹ ਖ਼ਰੀਦੋ।’ ‘ਘੁੰਮੋ-ਫਿਰੋ ਦੁਨੀਆਂ ਦਾ ਮਜ਼ਾ ਲਓ।’ ਦੂਜੇ ਪਾਸੇ ਪਰਮੇਸ਼ੁਰੀ ਬੁੱਧ ਇਸ ਸਲਾਹ ਨਾਲ ਸਹਿਮਤ ਹੁੰਦੀ ਹੈ: ‘ਸੰਸਾਰ ਨੂੰ ਵਰਤਣ ਵਾਲੇ ਕਿ ਜਾਣੀਦਾ ਹੱਦੋਂ ਵਧਕੇ ਨਹੀਂ ਵਰਤਦੇ ਕਿਉਂ ਜੋ ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ।’ (1 ਕੁਰਿੰ. 7:31) ਇਸੇ ਤਰ੍ਹਾਂ ਯਿਸੂ ਸਾਨੂੰ ਹਮੇਸ਼ਾ ਰਾਜ ਨੂੰ ਪਹਿਲਾਂ ਭਾਲਣ ਅਤੇ ‘ਸੁਰਗ ਵਿਚ ਧਨ’ ਜੋੜਨ ਦੀ ਹੱਲਾਸ਼ੇਰੀ ਦਿੰਦਾ ਹੈ ਜਿੱਥੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਰਹੇਗਾ।—ਮੱਤੀ 6:19, 20.

13. ਪਹਿਲਾ ਯੂਹੰਨਾ 2:15-17 ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਆਪਣੇ ਤੋਂ ਕੀ ਪੁੱਛਣਾ ਚਾਹੀਦਾ ਹੈ?

13 ਕੀ “ਸੰਸਾਰ” ਅਤੇ ‘ਸੰਸਾਰ ਦੀਆਂ ਵਸਤਾਂ’ ਬਾਰੇ ਸਾਡੇ ਰਵੱਈਏ ਤੋਂ ਪਤਾ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਰੱਖਦੇ ਹਾਂ? (1 ਯੂਹੰ. 2:15-17) ਕੀ ਅਸੀਂ ਦੁਨੀਆਂ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਚੀਜ਼ਾਂ ਨਾਲੋਂ ਜ਼ਿਆਦਾ ਪਰਮੇਸ਼ੁਰ ਤੋਂ ਮਿਲਦੀਆਂ ਬਰਕਤਾਂ ਅਤੇ ਉਸ ਦੀ ਸੇਵਾ ਸੰਬੰਧੀ ਸਨਮਾਨਾਂ ਨੂੰ ਪਸੰਦ ਕਰਦੇ ਤੇ ਮਹੱਤਵਪੂਰਣ ਸਮਝਦੇ ਹਾਂ? (ਫ਼ਿਲਿ. 3:8) ਕੀ ਤੁਸੀਂ ਆਪਣੀ “ਅੱਖ ਨਿਰਮਲ” ਰੱਖਣ ਦੀ ਕੋਸ਼ਿਸ਼ ਕਰਦੇ ਹੋ? (ਮੱਤੀ 6:22) ਇਹ ਤਾਂ ਠੀਕ ਹੈ ਕਿ ਪਰਮੇਸ਼ੁਰ ਨਹੀਂ ਚਾਹੁੰਦਾ ਕਿ ਅਸੀਂ ਨਾਸਮਝ ਜਾਂ ਲਾਪਰਵਾਹ ਹੋਈਏ, ਖ਼ਾਸਕਰ ਜੇ ਸਾਡੇ ਉੱਤੇ ਪਰਿਵਾਰ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਹੈ? (1 ਤਿਮੋ. 5:8) ਪਰ ਉਹ ਇਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਉਸ ਉੱਤੇ ਪੂਰਾ ਭਰੋਸਾ ਰੱਖਣ ਨਾ ਕਿ ਸ਼ਤਾਨ ਦੀ ਮਰ ਰਹੀ ਦੁਨੀਆਂ ਉੱਤੇ।—ਇਬ. 13:5.

14-16. “ਅੱਖ ਨਿਰਮਲ” ਰੱਖਣ ਅਤੇ ਰਾਜ ਦੇ ਕੰਮਾਂ ਨੂੰ ਪਹਿਲ ਦੇਣ ਨਾਲ ਕੁਝ ਭੈਣਾਂ-ਭਰਾਵਾਂ ਨੂੰ ਕਿਵੇਂ ਫ਼ਾਇਦਾ ਹੋਇਆ ਹੈ?

14 ਤਿੰਨ ਬੱਚਿਆਂ ਦੇ ਮਾਪਿਆਂ ਰਿਚਰਡ ਅਤੇ ਰੂਥ ਦੀ ਮਿਸਾਲ ਉੱਤੇ ਗੌਰ ਕਰੋ। ਰਿਚਰਡ ਕਹਿੰਦਾ ਹੈ, “ਮੇਰਾ ਦਿਲ ਮੈਨੂੰ ਕਹਿ ਰਿਹਾ ਸੀ ਕਿ ਮੈਂ ਯਹੋਵਾਹ ਦੀ ਹੋਰ ਸੇਵਾ ਕਰ ਸਕਦਾ ਹਾਂ। ਮੈਂ ਆਰਾਮ ਦੀ ਜ਼ਿੰਦਗੀ ਜੀ ਰਿਹਾ ਸੀ, ਪਰ ਸੋਚਿਆ ਕਿ ਮਾਨੋ ਮੈਂ ਪਰਮੇਸ਼ੁਰ ਨੂੰ ਬਚਿਆ-ਖੁਚਿਆ ਸਮਾਂ ਹੀ ਦੇ ਰਿਹਾ ਸੀ। ਇਸ ਬਾਰੇ ਪ੍ਰਾਰਥਨਾ ਅਤੇ ਸੋਚ-ਵਿਚਾਰ ਕਰਨ ਤੋਂ ਬਾਅਦ, ਮੈਂ ਅਤੇ ਰੂਥ ਨੇ ਫ਼ੈਸਲਾ ਕੀਤਾ ਕਿ ਮੈਂ ਆਪਣੇ ਸੁਪਰਵਾਈਜ਼ਰ ਤੋਂ ਪੁੱਛਾਂਗਾ ਕਿ ਮੈਂ ਹਫ਼ਤੇ ਵਿਚ ਚਾਰ ਦਿਨ ਕੰਮ ਕਰਨਾ ਚਾਹੁੰਦਾ ਹਾਂ ਭਾਵੇਂ ਕਿ ਦੇਸ਼ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਮੇਰੀ ਗੱਲ ਮੰਨ ਲਈ ਗਈ ਅਤੇ ਮੈਂ ਮਹੀਨੇ ਦੇ ਅੰਦਰ-ਅੰਦਰ ਚਾਰ ਦਿਨਾਂ ਲਈ ਕੰਮ ਕਰਨ ਲੱਗ ਪਿਆ।” ਹੁਣ ਰਿਚਰਡ ਕਿਵੇਂ ਮਹਿਸੂਸ ਕਰਦਾ ਹੈ?

15 ਉਹ ਕਹਿੰਦਾ ਹੈ, “ਮੈਨੂੰ ਪਹਿਲਾਂ ਨਾਲੋਂ 20 ਪ੍ਰਤਿਸ਼ਤ ਘੱਟ ਤਨਖ਼ਾਹ ਮਿਲਦੀ ਹੈ, ਪਰ ਹੁਣ ਮੇਰੇ ਕੋਲ ਸਾਲ ਵਿਚ 50 ਵਾਧੂ ਦਿਨ ਹਨ ਜਿਸ ਕਰਕੇ ਮੈਂ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰਨ ਦੇ ਨਾਲ-ਨਾਲ ਬੱਚਿਆਂ ਨੂੰ ਸਿਖਲਾਈ ਦੇ ਸਕਦਾ ਹਾਂ। ਮੈਂ ਪ੍ਰਚਾਰ ਵਿਚ ਦੁਗਣਾ ਸਮਾਂ ਲਾਉਂਦਾ ਹਾਂ, ਮੇਰੇ ਕੋਲ ਤਿੰਨ ਗੁਣਾ ਬਾਈਬਲ ਸਟੱਡੀਆਂ ਹੋ ਗਈਆਂ ਹਨ ਅਤੇ ਮੈਂ ਕਲੀਸਿਯਾ ਵਿਚ ਹੋਰ ਚੰਗੀ ਤਰ੍ਹਾਂ ਅਗਵਾਈ ਕਰਦਾ ਹਾਂ। ਮੇਰੇ ਕੋਲ ਬੱਚਿਆਂ ਲਈ ਜ਼ਿਆਦਾ ਸਮਾਂ ਹੈ ਜਿਸ ਕਰਕੇ ਰੂਥ ਵਿਚ-ਵਿਚਾਲੇ ਔਗਜ਼ੀਲਰੀ ਪਾਇਨੀਅਰਿੰਗ ਕਰ ਸਕੀ ਹੈ। ਇਸ ਲਈ ਜਦ ਤਕ ਸੰਭਵ ਹੈ ਮੈਂ ਇਸ ਸਮਾਂ-ਸਾਰਣੀ ਅਨੁਸਾਰ ਸਾਰਾ ਕੁਝ ਕਰਨ ਦਾ ਪੱਕਾ ਇਰਾਦਾ ਕੀਤਾ ਹੈ।”

16 ਰੌਏ ਅਤੇ ਪਟੀਨਾ ਦੀ ਕੁੜੀ ਹਾਲੇ ਵੀ ਉਨ੍ਹਾਂ ਦੇ ਨਾਲ ਰਹਿੰਦੀ ਹੈ। ਉਨ੍ਹਾਂ ਨੇ ਵੀ ਕੰਮ ਵਿਚ ਕਟੌਤੀ ਕੀਤੀ ਤਾਂਕਿ ਉਹ ਪਾਇਨੀਅਰਿੰਗ ਕਰ ਸਕਣ। ਰੌਏ ਕਹਿੰਦਾ ਹੈ, “ਮੈਂ ਹਫ਼ਤੇ ਵਿਚ ਤਿੰਨ ਦਿਨ ਅਤੇ ਪਟੀਨਾ ਦੋ ਦਿਨ ਕੰਮ ਕਰਦੀ ਹੈ। ਨਾਲੇ ਅਸੀਂ ਵੱਡੇ ਘਰ ਦੀ ਬਜਾਇ ਛੋਟੇ ਘਰ ਵਿਚ ਆ ਕੇ ਰਹਿਣ ਲੱਗ ਪਏ ਜਿਸ ਦੀ ਸਾਂਭ-ਸੰਭਾਲ ਕਰਨੀ ਕਾਫ਼ੀ ਸੌਖੀ ਹੈ। ਸਾਡੇ ਪੁੱਤਰ ਅਤੇ ਧੀ ਦੇ ਪੈਦਾ ਹੋਣ ਤੋਂ ਪਹਿਲਾਂ ਅਸੀਂ ਪਾਇਨੀਅਰਿੰਗ ਕਰਦੇ ਸਾਂ ਅਤੇ ਅਸੀਂ ਇਹ ਇੱਛਾ ਕਦੇ ਮਰਨ ਨਹੀਂ ਦਿੱਤੀ। ਸੋ ਜਦੋਂ ਸਾਡੇ ਬੱਚੇ ਵੱਡੇ ਹੋ ਗਏ ਅਸੀਂ ਫਿਰ ਤੋਂ ਪਾਇਨੀਅਰਿੰਗ ਕਰਨ ਲੱਗ ਪਏ। ਸਾਡੇ ਕੋਲ ਭਾਵੇਂ ਜਿੰਨਾ ਮਰਜ਼ੀ ਪੈਸਾ ਹੋਵੇ, ਉਹ ਉਨ੍ਹਾਂ ਬਰਕਤਾਂ ਦੇ ਮੁਕਾਬਲੇ ਕੁਝ ਵੀ ਨਹੀਂ ਹੈ ਜੋ ਸਾਨੂੰ ਮਿਲੀਆਂ ਹਨ।”

“ਪਰਮੇਸ਼ੁਰ ਦੀ ਸ਼ਾਂਤੀ” ਨੂੰ ਆਪਣੇ ਮਨ ਦੀ ਰਾਖੀ ਕਰਨ ਦਿਓ

17. ਬਾਈਬਲ ਤੋਂ ਤੁਹਾਨੂੰ ਕਿਵੇਂ ਦਿਲਾਸਾ ਮਿਲਿਆ ਹੈ, ਕੱਲ੍ਹ ਨੂੰ ਭਾਵੇਂ ਜੋ ਮਰਜ਼ੀ ਹੋਵੇ?

17 ਸਾਡੇ ਵਿੱਚੋਂ ਕੋਈ ਵੀ ਨਹੀਂ ਜਾਣਦਾ ਕਿ ਕੱਲ੍ਹ ਨੂੰ ਕੀ ਹੋਵੇਗਾ ਕਿਉਂਕਿ “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।” (ਉਪ. 9:11, CL) ਪਰ ਕੱਲ੍ਹ ਦੀ ਚਿੰਤਾ ਕਰ ਕੇ ਅੱਜ ਸਾਨੂੰ ਆਪਣੇ ਮਨ ਦੀ ਸ਼ਾਂਤੀ ਗੁਆਉਣ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਅਕਸਰ ਉਨ੍ਹਾਂ ਲੋਕਾਂ ਨਾਲ ਹੁੰਦਾ ਹੈ ਜੋ ਉਸ ਸੁਰੱਖਿਆ ਤੋਂ ਵਾਂਝੇ ਹਨ ਜੋ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਹੋਣ ਨਾਲ ਮਿਲਦੀ ਹੈ। (ਮੱਤੀ 6:34) ਪੌਲੁਸ ਰਸੂਲ ਨੇ ਲਿਖਿਆ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।”—ਫ਼ਿਲਿ. 4:6, 7.

18, 19. ਯਹੋਵਾਹ ਸਾਨੂੰ ਕਿਨ੍ਹਾਂ ਤਰੀਕਿਆਂ ਰਾਹੀਂ ਦਿਲਾਸਾ ਦਿੰਦਾ ਹੈ? ਉਦਾਹਰਣ ਦਿਓ।

18 ਕਈ ਭੈਣਾਂ-ਭਰਾਵਾਂ ਨੂੰ ਔਖੇ ਹਾਲਾਤਾਂ ਵਿੱਚੋਂ ਗੁਜ਼ਰਦਿਆਂ ਯਹੋਵਾਹ ਤੋਂ ਅੰਦਰੂਨੀ ਸ਼ਾਂਤੀ ਮਿਲੀ ਹੈ। ਇਕ ਭੈਣ ਕਹਿੰਦੀ ਹੈ: “ਡਾਕਟਰ ਨੇ ਵਾਰ-ਵਾਰ ਮੈਨੂੰ ਲਹੂ ਲੈਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਹਾਲ-ਚਾਲ ਤਾਂ ਕੀ ਪੁੱਛਣਾ ਸੀ, ਬਸ ਆਉਂਦਿਆਂ ਹੀ ਕਿਹਾ, ‘ਇਹ ਕੀ ਬਕਵਾਸ ਹੈ ਕਿ ਲਹੂ ਨਹੀਂ ਲੈਣਾ?’ ਉਸ ਵੇਲੇ ਅਤੇ ਹੋਰ ਸਮਿਆਂ ਤੇ ਮੈਂ ਦਿਲ ਵਿਚ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਤੇ ਉਸ ਨੇ ਮੈਨੂੰ ਮਨ ਦੀ ਸ਼ਾਂਤੀ ਦਿੱਤੀ। ਮੈਂ ਚਟਾਨ ਦੀ ਤਰ੍ਹਾਂ ਮਜ਼ਬੂਤ ਮਹਿਸੂਸ ਕੀਤਾ। ਲਹੂ ਦੀ ਕਮੀ ਕਰਕੇ ਮੈਂ ਕਮਜ਼ੋਰ ਹੋ ਗਈ ਸੀ, ਪਰ ਇਸ ਦੇ ਬਾਵਜੂਦ ਮੈਂ ਬਾਈਬਲ ਤੋਂ ਸਾਫ਼-ਸਾਫ਼ ਸਮਝਾ ਸਕੀ ਕਿ ਮੈਂ ਲਹੂ ਕਿਉਂ ਨਹੀਂ ਲੈਣਾ।”

19 ਪਰਮੇਸ਼ੁਰ ਸਾਨੂੰ ਸ਼ਾਇਦ ਕਦੇ-ਕਦੇ ਦਿਲਾਸਾ ਦੇਣ ਵਾਲੇ ਭਰਾ ਜਾਂ ਭੈਣ ਜਾਂ ਸਹੀ ਸਮੇਂ ਤੇ ਆਪਣਾ ਗਿਆਨ ਦੇ ਕੇ ਸਾਨੂੰ ਲੋੜੀਂਦਾ ਸਹਾਰਾ ਦੇਵੇ। ਤੁਸੀਂ ਕਿਸੇ ਭਰਾ ਜਾਂ ਭੈਣ ਨੂੰ ਇਹ ਕਹਿੰਦਿਆਂ ਸੁਣਿਆ ਹੋਵੇਗਾ: “ਮੈਨੂੰ ਇਸੇ ਲੇਖ ਦੀ ਲੋੜ ਸੀ। ਇਹ ਬੱਸ ਮੇਰੇ ਲਈ ਲਿਖਿਆ ਗਿਆ ਹੈ!” ਹਾਂ, ਸਾਡੇ ਹਾਲਾਤ ਜਾਂ ਲੋੜਾਂ ਜੋ ਮਰਜ਼ੀ ਹੋਣ ਯਹੋਵਾਹ ਸਾਡੇ ਲਈ ਆਪਣਾ ਪਿਆਰ ਜ਼ਾਹਰ ਕਰੇਗਾ ਜੇ ਅਸੀਂ ਉਸ ਉੱਤੇ ਭਰੋਸਾ ਰੱਖਦੇ ਹਾਂ। ਅਸੀਂ ਉਸ ਦੀਆਂ “ਭੇਡਾਂ” ਹਾਂ ਅਤੇ ਉਸ ਨੇ ਸਾਨੂੰ ਆਪਣਾ ਨਾਂ ਦਿੱਤਾ ਹੈ।—ਜ਼ਬੂ. 100:3; ਯੂਹੰ. 10:16; ਰਸੂ. 15:14, 17.

20. ਸ਼ਤਾਨ ਦੀ ਦੁਨੀਆਂ ਦਾ ਅੰਤ ਆਉਣ ਵੇਲੇ ਯਹੋਵਾਹ ਦੇ ਸੇਵਕ ਸੁਰੱਖਿਅਤ ਕਿਉਂ ਰਹਿਣਗੇ?

20 ਜਲਦੀ ਹੀ ਆ ਰਹੇ “ਯਹੋਵਾਹ ਦੇ ਕਹਿਰ ਦੇ ਦਿਨ” ਦੌਰਾਨ ਉਹ ਹਰ ਚੀਜ਼ ਚਕਨਾਚੂਰ ਹੋ ਜਾਵੇਗੀ ਜਿਸ ਉੱਤੇ ਸ਼ਤਾਨ ਦੀ ਦੁਨੀਆਂ ਭਰੋਸਾ ਰੱਖਦੀ ਹੈ। ਸੋਨਾ, ਚਾਂਦੀ ਤੇ ਹੋਰ ਬਹੁਮੁੱਲੀਆਂ ਚੀਜ਼ਾਂ ਕੋਈ ਸੁਰੱਖਿਆ ਪ੍ਰਦਾਨ ਨਹੀਂ ਕਰਨਗੀਆਂ। (ਸਫ਼. 1:18; ਕਹਾ. 11:4) ਸਿਰਫ਼ “ਸਨਾਤਨ ਚਟਾਨ” ਹੀ ਸਾਨੂੰ ਸਹਾਰਾ ਦੇ ਸਕੇਗੀ। (ਯਸਾ. 26:4) ਇਸ ਲਈ ਆਓ ਆਪਾਂ ਆਗਿਆਕਾਰੀ ਨਾਲ ਉਸ ਦੇ ਧਰਮੀ ਰਾਹਾਂ ਉੱਤੇ ਚੱਲਣ, ਲੋਕਾਂ ਦੇ ਗੱਲ ਨਾ ਸੁਣਨ ਜਾਂ ਵਿਰੋਧ ਦੇ ਬਾਵਜੂਦ ਉਸ ਦੇ ਰਾਜ ਦੇ ਸੰਦੇਸ਼ ਦਾ ਐਲਾਨ ਕਰਨ ਅਤੇ ਆਪਣੀਆਂ ਸਾਰੀਆਂ ਚਿੰਤਾਵਾਂ ਉਸ ਉੱਤੇ ਸੁੱਟਣ ਦੁਆਰਾ ਦਿਖਾਈਏ ਕਿ ਸਾਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਹੈ। ਇਹ ਸਭ ਕੁਝ ਕਰਦਿਆਂ ਅਸੀਂ ਸੱਚ-ਮੁੱਚ ‘ਸੁਰੱਖਿਅਤ ਰਹਾਂਗੇ ਅਤੇ ਸਾਨੂੰ ਬਿਪਤਾ ਡਰਾ ਨਾ ਸਕੇਗੀ।’—ਕਹਾ. 1:33, CL.

[ਫੁਟਨੋਟ]

ਕੀ ਤੁਸੀਂ ਸਮਝਾ ਸਕਦੇ ਹੋ?

ਅਸੀਂ ਯਹੋਵਾਹ ਉੱਤੇ ਕਿਵੇਂ ਭਰੋਸਾ ਕਰ ਸਕਦੇ ਹਾਂ

• ਜਦੋਂ ਗ਼ਲਤ ਕੰਮ ਕਰਨ ਦਾ ਪਰਤਾਵਾ ਆਉਂਦਾ ਹੈ?

• ਜਦੋਂ ਲੋਕ ਗੱਲ ਨਹੀਂ ਸੁਣਦੇ ਜਾਂ ਵਿਰੋਧ ਕਰਦੇ ਹਨ?

• ਜਦੋਂ ਚਿੰਤਾਵਾਂ ਦਾ ਸਾਮ੍ਹਣਾ ਕਰਦੇ ਹਾਂ?

[ਸਵਾਲ]

[ਸਫ਼ਾ 13 ਉੱਤੇ ਤਸਵੀਰ]

ਪਰਮੇਸ਼ੁਰ ਦੇ ਮਿਆਰਾਂ ’ਤੇ ਚੱਲਣ ਨਾਲ ਖ਼ੁਸ਼ੀ ਮਿਲਦੀ ਹੈ

[ਸਫ਼ਾ 15 ਉੱਤੇ ਤਸਵੀਰ]

“ਯਹੋਵਾਹ ਸਨਾਤਨ ਚਟਾਨ ਹੈ”