ਤੁਹਾਡੇ ਕੋਲ ਖ਼ੁਸ਼ ਹੋਣ ਦਾ ਕਾਰਨ ਹੈ
ਤੁਹਾਡੇ ਕੋਲ ਖ਼ੁਸ਼ ਹੋਣ ਦਾ ਕਾਰਨ ਹੈ
ਛੋਟੇ ਜਿਹੇ ਜੀਉਂਦੇ ਸੈੱਲ ਤੋਂ ਲੈ ਕੇ ਵਿਸ਼ਾਲ ਗਲੈਕਸੀਆਂ ਦੇ ਝੁਰਮਟਾਂ ਅਤੇ ਅੱਗੋਂ ਇਨ੍ਹਾਂ ਝੁਰਮਟਾਂ ਦੇ ਵੱਡੇ-ਵੱਡੇ ਝੁਰਮਟਾਂ ਤਾਈਂ, ਗੱਲ ਕਾਹਦੀ ਸਾਰੀ ਕਾਇਨਾਤ ਵਿਚ ਹੀ ਸਭ ਕੁਝ ਨਿਯਮ ਅਨੁਸਾਰ ਚੱਲ ਰਿਹਾ ਹੈ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਸਿਰਜਣਹਾਰ ‘ਘਮਸਾਣ ਦਾ ਪਰਮੇਸ਼ੁਰ ਨਹੀਂ ਹੈ।’ (1 ਕੁਰਿੰ. 14:33) ਪਰਮੇਸ਼ੁਰ ਨੇ ਭਗਤੀ ਦਾ ਜੋ ਇੰਤਜ਼ਾਮ ਕੀਤਾ ਹੈ, ਉਸ ਤੋਂ ਵੀ ਅਸੀਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦੇ। ਧਿਆਨ ਦਿਓ ਕਿ ਯਹੋਵਾਹ ਨੇ ਕੀ ਕੀਤਾ ਹੈ। ਉਸ ਨੇ ਇੱਕੋ ਸੰਗਠਨ ਵਿਚ ਲੱਖਾਂ-ਕਰੋੜਾਂ ਬੁੱਧੀਮਾਨ ਪ੍ਰਾਣੀਆਂ ਨੂੰ ਇਕੱਠੇ ਕੀਤਾ ਹੈ ਯਾਨੀ ਇਨਸਾਨਾਂ ਅਤੇ ਦੂਤਾਂ ਨੂੰ। ਇਨ੍ਹਾਂ ਸਾਰਿਆਂ ਕੋਲ ਆਪਣੀ ਮਰਜ਼ੀ ਕਰਨ ਦੀ ਆਜ਼ਾਦੀ ਹੈ ਅਤੇ ਇਹ ਸਾਰੇ ਮਿਲ ਕੇ ਸ਼ੁੱਧ ਭਗਤੀ ਕਰਦੇ ਹਨ। ਕਿੰਨੀ ਵਧੀਆ ਗੱਲ ਹੈ!
ਪ੍ਰਾਚੀਨ ਇਸਰਾਏਲ ਵਿਚ ਧਰਤੀ ਉਤਲੇ ਪਰਮੇਸ਼ੁਰ ਦੇ ਸੰਗਠਨ ਨੂੰ ਯਰੂਸ਼ਲਮ ਦੁਆਰਾ ਦਰਸਾਇਆ ਗਿਆ ਸੀ ਜਿੱਥੇ ਯਹੋਵਾਹ ਦਾ ਮੰਦਰ ਸੀ ਅਤੇ ਉਸ ਦਾ ਚੁਣਿਆ ਰਾਜਾ ਵੱਸਦਾ ਸੀ। ਬਾਬਲ ਵਿਚ ਇਕ ਇਸਰਾਏਲੀ ਗ਼ੁਲਾਮ ਨੇ ਪਵਿੱਤਰ ਸ਼ਹਿਰ ਯਰੂਸ਼ਲਮ ਪ੍ਰਤਿ ਆਪਣੀਆਂ ਭਾਵਨਾਵਾਂ ਇਸ ਤਰ੍ਹਾਂ ਪ੍ਰਗਟਾਈਆਂ: “ਮੇਰੀ ਜੀਭ ਤਾਲੂ ਨਾਲ ਜਾ ਲੱਗੇ! ਜੇ ਮੈਂ ਤੈਨੂੰ ਚੇਤੇ ਨਾ ਰੱਖਾਂ, ਜੇ ਮੈਂ ਯਰੂਸ਼ਲਮ ਨੂੰ ਆਪਣੇ ਉੱਤਮ ਅਨੰਦ ਤੋਂ ਉੱਚਾ ਨਾ ਰੱਖਾਂ!”—ਜ਼ਬੂ. 137:6.
ਕੀ ਤੁਸੀਂ ਵੀ ਅੱਜ ਪਰਮੇਸ਼ੁਰ ਦੇ ਸੰਗਠਨ ਬਾਰੇ ਇਸੇ ਤਰ੍ਹਾਂ ਮਹਿਸੂਸ ਕਰਦੇ ਹੋ? ਕਿਸੇ ਹੋਰ ਚੀਜ਼ ਨਾਲੋਂ ਜ਼ਿਆਦਾ ਕੀ ਤੁਹਾਨੂੰ ਉਸ ਦੇ ਵਿਸ਼ਵ-ਵਿਆਪੀ ਸੰਗਠਨ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਨ ਨਾਲ ਖ਼ੁਸ਼ੀ ਮਿਲਦੀ ਹੈ? ਕੀ ਤੁਹਾਡੇ ਬੱਚੇ ਧਰਤੀ ਉੱਤੇ ਪਰਮੇਸ਼ੁਰ ਦੇ ਸੰਗਠਨ ਦੇ ਇਤਿਹਾਸ ਅਤੇ ਕੰਮ ਬਾਰੇ ਜਾਣਦੇ ਹਨ? ਕੀ ਉਹ ਸਮਝਦੇ ਹਨ ਕਿ ਉਹ ਯਹੋਵਾਹ ਦੇ ਗਵਾਹਾਂ ਦੇ ਵਿਸ਼ਵ-ਵਿਆਪੀ ਭਾਈਚਾਰੇ ਦਾ ਹਿੱਸਾ ਹਨ? (1 ਪਤ. 2:17) ਕਿਉਂ ਨਾ ਤੁਸੀਂ ਆਪਣੀ ਪਰਿਵਾਰਕ ਸਟੱਡੀ ਵਿਚ ਅੱਗੇ ਦਿੱਤੇ ਸੁਝਾਅ ਲਾਗੂ ਕਰੋ ਤਾਂਕਿ ਯਹੋਵਾਹ ਦੇ ਸੰਗਠਨ ਲਈ ਤੁਹਾਡੇ ਪਰਿਵਾਰ ਦੀ ਕਦਰਦਾਨੀ ਵਧੇ?
“ਪਰਾਚੀਨ ਸਮਿਆਂ” ਬਾਰੇ ਦੱਸੋ
ਇਸਰਾਏਲੀ ਪਰਿਵਾਰ ਹਰ ਸਾਲ ਪਸਾਹ ਦਾ ਤਿਉਹਾਰ ਮਨਾਉਣ ਲਈ ਇਕੱਠੇ ਹੁੰਦੇ ਸਨ। ਜਦੋਂ ਇਸ ਤਿਉਹਾਰ ਦੀ ਸ਼ੁਰੂਆਤ ਹੋਈ ਸੀ, ਉਸ ਵੇਲੇ ਮੂਸਾ ਨੇ ਲੋਕਾਂ ਨੂੰ ਹਿਦਾਇਤ ਦਿੱਤੀ ਸੀ: “ਜਦ ਅੱਗੇ ਨੂੰ ਤੁਹਾਡੇ ਪੁੱਤ੍ਰ ਤੁਹਾਥੋਂ ਪੁੱਛਣ ਕਿ ਏਹ ਕੀ ਹੈ? ਤਾਂ ਤੁਸੀਂ ਉਨ੍ਹਾਂ ਨੂੰ ਆਖੋ ਕਿ ਯਹੋਵਾਹ ਨੇ ਸਾਨੂੰ ਮਿਸਰ ਤੋਂ ਗੁਲਾਮੀ ਦੇ ਘਰ ਤੋਂ ਹੱਥ ਦੇ ਬਲ ਨਾਲ ਕੱਢਿਆ ਸੀ।” (ਕੂਚ 13:14) ਯਹੋਵਾਹ ਨੇ ਇਸਰਾਏਲੀਆਂ ਲਈ ਜੋ ਕੁਝ ਕੀਤਾ ਸੀ, ਉਸ ਨੂੰ ਭੁਲਾਇਆ ਨਹੀਂ ਸੀ ਜਾਣਾ। ਯਕੀਨਨ ਬਹੁਤ ਸਾਰੇ ਇਸਰਾਏਲੀ ਪਿਤਾਵਾਂ ਨੇ ਮੂਸਾ ਦੇ ਇਸ ਹੁਕਮ ਨੂੰ ਮੰਨਿਆ ਸੀ। ਇਸ ਲਈ ਪੀੜ੍ਹੀਆਂ ਗੁਜ਼ਰ ਜਾਣ ਤੋਂ ਬਾਅਦ ਇਕ ਇਸਰਾਏਲੀ ਨੇ ਪ੍ਰਾਰਥਨਾ ਕੀਤੀ: “ਹੇ ਪਰਮੇਸ਼ੁਰ, ਅਸਾਂ ਆਪਣੀਂ ਕੰਨੀਂ ਸੁਣਿਆ, ਸਾਡੇ ਪਿਉ ਦਾਦਿਆਂ ਨੇ ਸਾਡੇ ਲਈ ਵਰਨਣ ਕੀਤਾ ਹੈ, ਕਿ ਤੈਂ ਉਨ੍ਹਾਂ ਦੇ ਦਿਨਾਂ ਵਿੱਚ ਅਤੇ ਪਰਾਚੀਨ ਸਮਿਆਂ ਵਿੱਚ ਕੀ ਕੰਮ ਕੀਤਾ।”—ਜ਼ਬੂ. 44:1.
ਅੱਜ ਦੇ ਇਕ ਨੌਜਵਾਨ ਨੂੰ ਵੀ ਯਹੋਵਾਹ ਦੇ ਗਵਾਹਾਂ ਦਾ ਪਿਛਲੇ 100 ਸਾਲਾਂ ਦਾ ਇਤਿਹਾਸ ਸ਼ਾਇਦ ‘ਪ੍ਰਾਚੀਨ ਸਮੇਂ’ ਜਾਪਣ। ਤੁਸੀਂ ਇਨ੍ਹਾਂ ਘਟਨਾਵਾਂ ਨੂੰ ਆਪਣੇ ਬੱਚਿਆਂ ਲਈ ਹੋਰ ਦਿਲਚਸਪ ਕਿਵੇਂ ਬਣਾ ਸਕਦੇ ਹੋ? ਇਸ ਤਰ੍ਹਾਂ ਕਰਨ ਲਈ ਕੁਝ ਮਾਪੇ ਇਹ ਸਭ ਵਰਤਦੇ ਹਨ ਜਿਵੇਂ, ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ), ਯੀਅਰ ਬੁੱਕ, ਸਾਡੇ ਰਸਾਲਿਆਂ ਵਿਚ ਛਪੀਆਂ ਜੀਵਨੀਆਂ, ਪਰਮੇਸ਼ੁਰ ਦੇ ਲੋਕਾਂ ਦੇ ਇਤਿਹਾਸ ਦੀਆਂ ਰਿਪੋਰਟਾਂ ਅਤੇ ਆਧੁਨਿਕ ਸਮਿਆਂ ਵਿਚ ਪਰਮੇਸ਼ੁਰ ਦੇ ਲੋਕਾਂ ਬਾਰੇ ਸਾਡੀ ਨਵੀਂ ਡੀ.ਵੀ.ਡੀ. ਆਦਿ। ਸਾਬਕਾ ਸੋਵੀਅਤ ਸੰਘ ਅਤੇ ਨਾਜ਼ੀ ਜਰਮਨੀ ਵਿਚ ਸਾਡੇ ਭਰਾਵਾਂ ਉੱਤੇ ਆਈਆਂ ਸਤਾਹਟਾਂ ਸੰਬੰਧੀ ਵਿਡਿਓ ਪਰਿਵਾਰਾਂ ਨੂੰ ਅਜ਼ਮਾਇਸ਼ਾਂ ਦੌਰਾਨ ਯਹੋਵਾਹ ਉੱਤੇ ਭਰੋਸਾ ਰੱਖਣਾ ਸਿਖਾਉਂਦੇ ਹਨ। ਇਹ ਸਾਮੱਗਰੀ ਆਪਣੀ ਪਰਿਵਾਰਕ ਸਟੱਡੀ ਵਿਚ ਸ਼ਾਮਲ ਕਰੋ। ਇਸ ਨਾਲ ਤੁਹਾਡੇ ਬੱਚਿਆਂ ਦੀ ਨਿਹਚਾ ਮਜ਼ਬੂਤ ਹੋਵੇਗੀ ਜਿਸ ਦੀ ਮਦਦ ਨਾਲ ਉਹ ਭਵਿੱਖ ਵਿਚ ਆਪਣੀ ਵਫ਼ਾਦਾਰੀ ਨਾਲ ਸੰਬੰਧਿਤ ਚੁਣੌਤੀਆਂ ਦਾ ਸਾਮ੍ਹਣਾ ਕਰ ਪਾਉਣਗੇ।
ਪਰ ਇਤਿਹਾਸ ਦੇ ਬਾਰੇ ਲੈਕਚਰ ਸੁਣ ਕੇ ਨਿਆਣੇ ਜਲਦੀ ਹੀ ਬੋਰ ਹੋ ਸਕਦੇ ਹਨ। ਇਸ ਲਈ ਆਪਣੇ ਬੱਚਿਆਂ ਦਾ ਧਿਆਨ ਬੰਨ੍ਹਣ ਦੀ ਕੋਸ਼ਿਸ਼ ਕਰੋ। ਮਿਸਾਲ ਲਈ, ਆਪਣੇ ਬੱਚੇ ਨੂੰ ਕਹੋ ਕਿ ਉਹ ਆਪਣੇ ਮਨ-ਪਸੰਦ ਦਾ ਕੋਈ ਦੇਸ਼ ਚੁਣੇ, ਉਸ ਦੇਸ਼ ਵਿਚ ਪਰਮੇਸ਼ੁਰ ਦੇ ਲੋਕਾਂ ਦੇ ਇਤਿਹਾਸ ਬਾਰੇ ਰਿਸਰਚ ਕਰੇ
ਅਤੇ ਸਿੱਖੀਆਂ ਕੁਝ ਗੱਲਾਂ ਪਰਿਵਾਰ ਨਾਲ ਸਾਂਝੀਆਂ ਕਰੇ। ਸ਼ਾਇਦ ਤੁਹਾਡੀ ਕਲੀਸਿਯਾ ਵਿਚ ਲੰਬੇ ਸਮੇਂ ਤੋਂ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਭੈਣ-ਭਰਾ ਹੋਣਗੇ ਜਿਨ੍ਹਾਂ ਨੂੰ ਤੁਸੀਂ ਇਕ ਸ਼ਾਮ ਆਪਣੀ ਪਰਿਵਾਰਕ ਸਟੱਡੀ ਵਾਸਤੇ ਬੁਲਾ ਸਕਦੇ ਹੋ। ਸ਼ਾਇਦ ਤੁਹਾਡਾ ਬੱਚਾ ਉਨ੍ਹਾਂ ਦੀ ਇੰਟਰਵਿਊ ਲੈ ਸਕਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਤਜਰਬੇ ਦੱਸਣ ਲਈ ਕਹਿ ਸਕਦਾ ਹੈ। ਜਾਂ ਤੁਸੀਂ ਆਪਣੇ ਬੱਚੇ ਨੂੰ ਪਰਮੇਸ਼ੁਰੀ ਸੇਵਾ ਸੰਬੰਧੀ ਚੀਜ਼ਾਂ ਦੀਆਂ ਤਸਵੀਰਾਂ ਬਣਾਉਣ ਲਈ ਕਹਿ ਸਕਦੇ ਹੋ ਜਿਵੇਂ ਬ੍ਰਾਂਚ ਦੀ ਹੋ ਰਹੀ ਉਸਾਰੀ, ਇਕ ਅੰਤਰ-ਰਾਸ਼ਟਰੀ ਸੰਮੇਲਨ ਜਾਂ ਘਰ-ਘਰ ਪ੍ਰਚਾਰ ਕਰਦਿਆਂ ਫੋਨੋਗ੍ਰਾਫ ਦੀ ਵਰਤੋਂ।ਸਿੱਖੋ ਕਿ ਕਿਵੇਂ “ਹਰ ਅੰਗ ਆਪਣਾ ਕੰਮ ਕਰਦਾ ਹੈ”
ਪੌਲੁਸ ਰਸੂਲ ਨੇ ਮਸੀਹੀ ਕਲੀਸਿਯਾ ਦੀ ਤੁਲਨਾ ‘ਸਮੁੱਚੇ ਸਰੀਰ’ ਨਾਲ ਕੀਤੀ ਜਿਸ ਦੇ “ਸਾਰੇ ਅੰਗ ਜੁੜੇ ਹੋਏ ਅਤੇ ਇਕੱਠੇ ਹਨ। ਸਰੀਰ ਦਾ ਹਰ ਅੰਗ ਆਪਣਾ ਕੰਮ ਕਰਦਾ ਹੈ। ਅਤੇ ਇਸ ਤਰ੍ਹਾਂ ਸੰਪੂਰਣ ਸਰੀਰ ਵਧਦਾ ਹੈ ਅਤੇ ਪ੍ਰੇਮ ਵਿੱਚ ਮਜਬੂਤ ਹੁੰਦਾ ਹੈ।” (ਅਫ਼. 4:16, ERV) ਜਦੋਂ ਅਸੀਂ ਸਿੱਖਦੇ ਹਾਂ ਕਿ ਮਨੁੱਖੀ ਸਰੀਰ ਕਿਵੇਂ ਕੰਮ ਕਰਦਾ ਹੈ, ਤਾਂ ਆਪਣੇ ਸ੍ਰਿਸ਼ਟੀਕਰਤਾ ਲਈ ਸਾਡੀ ਕਦਰ ਅਤੇ ਆਦਰ ਵਧਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਦੇਖਦੇ ਹਾਂ ਕਿ ਵਿਸ਼ਵ-ਵਿਆਪੀ ਕਲੀਸਿਯਾ ਕਿਵੇਂ ਚੱਲਦੀ ਹੈ, ਤਾਂ ਵੱਖੋ-ਵੱਖਰੇ ਤਰੀਕੇ ਨਾਲ ਜ਼ਾਹਰ ਹੁੰਦੀ ‘ਪਰਮੇਸ਼ੁਰ ਦੀ ਸਿਆਣਪ’ ਉੱਤੇ ਅਸੀਂ ਹੈਰਾਨ ਹੁੰਦੇ ਹਾਂ।—ਅਫ਼. 3:10, ERV.
ਯਹੋਵਾਹ ਸਮਝਾਉਂਦਾ ਹੈ ਕਿ ਸਵਰਗ ਅਤੇ ਧਰਤੀ ਉੱਤੇ ਉਸ ਦਾ ਸੰਗਠਨ ਕਿਵੇਂ ਕੰਮ ਕਰਦਾ ਹੈ। ਮਿਸਾਲ ਲਈ, ਉਹ ਦੱਸਦਾ ਹੈ ਕਿ ਉਸ ਨੇ ਪਹਿਲਾਂ ਯਿਸੂ ਮਸੀਹ ਨੂੰ ਹੋਣ ਵਾਲੀਆਂ ਗੱਲਾਂ ਪ੍ਰਗਟ ਕੀਤੀਆਂ ਅਤੇ ਫਿਰ “ਆਪਣੇ ਦੂਤ ਦੇ ਹੱਥੀਂ ਭੇਜ ਕੇ ਆਪਣੇ ਦਾਸ ਯੂਹੰਨਾ ਨੂੰ [ਗੱਲਾਂ ਦਾ] ਪਤਾ ਦਿੱਤਾ . . . ਜਿਹ ਨੇ ਸਾਖੀ ਦਿੱਤੀ।” (ਪਰ. 1:1, 2) ਜੇ ਪਰਮੇਸ਼ੁਰ ਪ੍ਰਗਟ ਕਰਦਾ ਹੈ ਕਿ ਸਵਰਗ ਵਿਚ ਉਸ ਦਾ ਸੰਗਠਨ ਕਿਵੇਂ ਕੰਮ ਕਰਦਾ ਹੈ, ਤਾਂ ਕੀ ਉਹ ਨਹੀਂ ਚਾਹੇਗਾ ਕਿ ਅਸੀਂ ਸਮਝੀਏ ਕਿ ਧਰਤੀ ਉੱਤੇ ਕਿਵੇਂ “ਹਰ ਅੰਗ ਆਪਣਾ ਕੰਮ ਕਰਦਾ ਹੈ”?
ਮਿਸਾਲ ਲਈ, ਜੇ ਜਲਦੀ ਹੀ ਸਰਕਟ ਨਿਗਾਹਬਾਨ ਤੁਹਾਡੀ ਕਲੀਸਿਯਾ ਦਾ ਦੌਰਾ ਕਰਨ ਵਾਲਾ ਹੈ, ਤਾਂ ਕਿਉਂ ਨਾ ਆਪਣੇ ਪਰਿਵਾਰ ਨਾਲ ਸਰਕਟ ਨਿਗਾਹਬਾਨਾਂ ਦੀਆਂ ਜ਼ਿੰਮੇਵਾਰੀਆਂ ਅਤੇ ਸਨਮਾਨਾਂ ਬਾਰੇ ਗੱਲਬਾਤ ਕਰੋ? ਉਹ ਸਾਡੀ ਹਰ ਇਕ ਦੀ ਮਦਦ ਕਿਵੇਂ ਕਰਦੇ ਹਨ? ਹੋਰ ਸਵਾਲਾਂ ਉੱਤੇ ਵੀ ਗੌਰ ਕੀਤਾ ਜਾ ਸਕਦਾ ਹੈ ਜਿਵੇਂ: ਪ੍ਰਚਾਰ ਦੀ ਰਿਪੋਰਟ ਦੇਣੀ ਕਿਉਂ ਮਹੱਤਵਪੂਰਣ ਹੈ? ਪਰਮੇਸ਼ੁਰ ਦੇ ਸੰਗਠਨ ਦਾ ਖ਼ਰਚਾ ਕਿਵੇਂ ਚੱਲਦਾ ਹੈ? ਪ੍ਰਬੰਧਕ ਸਭਾ ਕਿਵੇਂ ਕੰਮ ਕਰਦੀ ਹੈ ਅਤੇ ਇਹ ਪਰਮੇਸ਼ੁਰ ਦਾ ਗਿਆਨ ਕਿਵੇਂ ਦਿੰਦੀ ਹੈ?
ਜਦੋਂ ਅਸੀਂ ਸਮਝ ਜਾਂਦੇ ਹਾਂ ਕਿ ਯਹੋਵਾਹ ਦੇ ਲੋਕ ਕਿਵੇਂ ਕੰਮ ਕਰਦੇ ਹਨ, ਤਾਂ ਸਾਨੂੰ ਘੱਟੋ-ਘੱਟ ਤਿੰਨ ਤਰੀਕਿਆਂ ਨਾਲ ਫ਼ਾਇਦਾ ਹੁੰਦਾ ਹੈ: ਸਾਡੀ ਖ਼ਾਤਰ ਸਖ਼ਤ ਮਿਹਨਤ ਕਰਨ ਵਾਲਿਆਂ ਲਈ ਸਾਡੀ ਕਦਰ ਵਧਦੀ ਹੈ। (1 ਥੱਸ. 5:12, 13) ਅਸੀਂ ਯਹੋਵਾਹ ਦੇ ਸੰਗਠਨ ਵਿਚ ਜ਼ਿੰਮੇਵਾਰ ਭਰਾਵਾਂ ਤੋਂ ਮਿਲਦੀ ਸੇਧ ਅਨੁਸਾਰ ਚੱਲਣ ਲਈ ਪ੍ਰੇਰਿਤ ਹੁੰਦੇ ਹਾਂ। (ਰਸੂ. 16:4, 5) ਅਗਵਾਈ ਕਰਨ ਵਾਲਿਆਂ ਉੱਤੇ ਸਾਡਾ ਭਰੋਸਾ ਵਧਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਨੇ ਬਾਈਬਲ ਦੇ ਆਧਾਰ ਤੇ ਫ਼ੈਸਲੇ ਅਤੇ ਇੰਤਜ਼ਾਮ ਕੀਤੇ ਹਨ।—ਇਬ. 13:7.
“ਉਹ ਦੇ ਮਹਿਲਾਂ ਦੇ ਵਿੱਚ ਦੀ ਲੰਘੋ”
“ਸੀਯੋਨ ਦੇ ਚੁਫੇਰੇ ਫਿਰੋ ਅਤੇ ਉਹ ਦੀ ਪਰਦੱਖਣਾ ਕਰੋ, ਉਹ ਦੇ ਬੁਰਜਾਂ ਨੂੰ ਗਿਣੋ। ਉਹ ਦੇ ਧੂੜਕੋਟ ਨੂੰ ਦਿਲ ਲਾ ਕੇ ਵੇਖੋ, ਉਹ ਦੇ ਮਹਿਲਾਂ ਦੇ ਵਿੱਚ ਦੀ ਲੰਘੋ ਭਈ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਦੱਸ ਸੱਕੋ।” (ਜ਼ਬੂ. 48:12, 13) ਜ਼ਬੂਰਾਂ ਦੇ ਲਿਖਾਰੀ ਨੇ ਇਸਰਾਏਲੀਆਂ ਨੂੰ ਯਰੂਸ਼ਲਮ ਨੂੰ ਨੇੜਿਓਂ ਦੇਖਣ ਦੀ ਤਾਕੀਦ ਕੀਤੀ। ਕੀ ਤੁਸੀਂ ਇਸਰਾਏਲੀ ਪਰਿਵਾਰਾਂ ਵੱਲੋਂ ਸਾਂਝੀਆਂ ਕੀਤੀਆਂ ਅਨਮੋਲ ਯਾਦਾਂ ਦੀ ਕਲਪਨਾ ਕਰ ਸਕਦੇ ਹੋ ਜੋ ਹਰ ਸਾਲ ਤਿਉਹਾਰ ਮਨਾਉਣ ਲਈ ਪਵਿੱਤਰ ਸ਼ਹਿਰ ਜਾਂਦੇ ਸਨ ਅਤੇ ਜਿਨ੍ਹਾਂ ਨੇ ਇਸ ਦਾ ਸ਼ਾਨਦਾਰ ਮੰਦਰ ਦੇਖਿਆ ਸੀ? ਉਹ ਇਸ ਬਾਰੇ ‘ਆਉਣ ਵਾਲੀ ਪੀੜ੍ਹੀ ਨੂੰ ਦੱਸਣ’ ਲਈ ਪ੍ਰੇਰਿਤ ਜ਼ਰੂਰ ਹੋਏ ਹੋਣੇ।
ਜ਼ਰਾ ਸ਼ਬਾ ਦੀ ਰਾਣੀ ਬਾਰੇ ਸੋਚੋ ਜਿਸ ਨੇ ਪਹਿਲਾਂ-ਪਹਿਲਾਂ ਸੁਲੇਮਾਨ ਦੇ ਸ਼ਾਨਦਾਰ ਸ਼ਾਸਨ ਅਤੇ ਕਮਾਲ ਦੀ ਬੁੱਧ ਬਾਰੇ ਰਿਪੋਰਟਾਂ ਉੱਤੇ ਵਿਸ਼ਵਾਸ ਨਹੀਂ ਕੀਤਾ। ਕਿਹੜੀ ਗੱਲ ਨੇ ਉਸ ਨੂੰ ਯਕੀਨ ਦਿਵਾਇਆ ਕਿ ਜੋ ਗੱਲਾਂ ਉਸ ਨੇ ਸੁਣੀਆਂ ਸਨ ਉਹ ਸੱਚੀਆਂ ਸਨ? ਉਸ ਨੇ ਕਿਹਾ: “ਮੈਂ ਜਦ ਤੀਕ ਆ ਕੇ ਆਪਣੀਆਂ ਅੱਖਾਂ ਨਾਲ ਨਾ ਵੇਖਿਆ ਉਨ੍ਹਾਂ ਦੀਆਂ ਗੱਲਾਂ ਉੱਤੇ ਪਰਤੀਤ ਨਾ ਕੀਤੀ।” (2 ਇਤ. 9:6) ਹਾਂ, ਅਸੀਂ “ਆਪਣੀਆਂ ਅੱਖਾਂ” ਨਾਲ ਜੋ ਦੇਖਦੇ ਹਾਂ, ਉਹ ਸਾਨੂੰ ਧੁਰ ਅੰਦਰ ਤਕ ਪ੍ਰਭਾਵਿਤ ਕਰ ਸਕਦਾ ਹੈ।
ਤੁਸੀਂ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹੋ ਤਾਂਕਿ ਉਹ “ਆਪਣੀਆਂ ਅੱਖਾਂ” ਨਾਲ ਯਹੋਵਾਹ ਦੇ ਸੰਗਠਨ ਦੇ ਅਜੂਬਿਆਂ ਨੂੰ ਦੇਖ ਸਕਣ? ਜੇ ਤੁਹਾਡੇ ਘਰ ਦੇ ਨੇੜੇ ਯਹੋਵਾਹ ਦੇ ਗਵਾਹਾਂ ਦਾ ਬ੍ਰਾਂਚ ਆਫ਼ਿਸ ਹੈ, ਤਾਂ ਇਸ ਨੂੰ ਦੇਖਣ ਜਾਓ। ਮਿਸਾਲ ਲਈ, ਮੈਂਡੀ ਅਤੇ ਬੇਥਨੀ ਆਪਣੇ ਦੇਸ਼ ਦੇ ਬੈਥਲ ਤੋਂ ਕੁਝ 1500 ਕਿਲੋਮੀਟਰ ਦੂਰ ਜੰਮੀਆਂ-ਪਲੀਆਂ ਸਨ। ਫਿਰ ਵੀ ਉਨ੍ਹਾਂ ਦੇ ਮਾਪੇ ਅਕਸਰ ਬੈਥਲ ਦੇਖਣ ਜਾਂਦੇ ਸਨ, ਖ਼ਾਸਕਰ ਜਦੋਂ
ਉਨ੍ਹਾਂ ਦੀਆਂ ਧੀਆਂ ਛੋਟੀਆਂ-ਛੋਟੀਆਂ ਸਨ। ਉਹ ਕਹਿੰਦੀਆਂ ਹਨ, “ਬੈਥਲ ਦੇਖਣ ਜਾਣ ਤੋਂ ਪਹਿਲਾਂ ਅਸੀਂ ਸੋਚਦੀਆਂ ਸੀ ਕਿ ਇੱਥੇ ਸਖ਼ਤ ਅਨੁਸ਼ਾਸਨ ਦੀ ਪਾਲਣਾ ਕੀਤੀ ਜਾਂਦੀ ਸੀ ਅਤੇ ਇਹ ਜਗ੍ਹਾ ਸਿਰਫ਼ ਬਿਰਧ ਲੋਕਾਂ ਲਈ ਸੀ। ਪਰ ਅਸੀਂ ਉੱਥੇ ਨੌਜਵਾਨਾਂ ਨੂੰ ਮਿਲੀਆਂ ਜੋ ਯਹੋਵਾਹ ਲਈ ਸਖ਼ਤ ਮਿਹਨਤ ਕਰ ਰਹੇ ਸਨ ਅਤੇ ਉਹ ਆਪਣੇ ਕੰਮ ਤੋਂ ਬਹੁਤ ਖ਼ੁਸ਼ ਸਨ! ਅਸੀਂ ਦੇਖਿਆ ਕਿ ਯਹੋਵਾਹ ਦਾ ਸੰਗਠਨ ਕੋਈ ਛੋਟੀ ਮੋਟੀ ਜਗ੍ਹਾ ਨਹੀਂ ਸੀ ਜਿੱਥੇ ਅਸੀਂ ਰਹਿੰਦੇ ਸਾਂ, ਸਗੋਂ ਇਸ ਨਾਲੋਂ ਕਿਤੇ ਵੱਡਾ ਸੀ। ਜਿੰਨੀ ਵੀ ਵਾਰ ਅਸੀਂ ਬੈਥਲ ਦੇਖਣ ਗਏ, ਸਾਨੂੰ ਹਰ ਵਾਰ ਹੋਰ ਵੀ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰਨ ਦੀ ਪ੍ਰੇਰਣਾ ਮਿਲੀ।” ਪਰਮੇਸ਼ੁਰ ਦੇ ਸੰਗਠਨ ਨੂੰ ਨੇੜਿਓਂ ਦੇਖਣ ਨਾਲ ਮੈਂਡੀ ਅਤੇ ਬੇਥਨੀ ਨੂੰ ਪਾਇਨੀਅਰਿੰਗ ਸ਼ੁਰੂ ਕਰਨ ਦੀ ਹੱਲਾਸ਼ੇਰੀ ਮਿਲੀ ਅਤੇ ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਵੀ ਮਿਲਿਆ।ਅਸੀਂ ਇਕ ਹੋਰ ਤਰੀਕੇ ਨਾਲ ਯਹੋਵਾਹ ਦੇ ਸੰਗਠਨ ਨੂੰ ‘ਵੇਖ’ ਸਕਦੇ ਹਾਂ ਜਿਸ ਤਰੀਕੇ ਨਾਲ ਪੁਰਾਣੇ ਸਮੇਂ ਦੇ ਇਸਰਾਏਲੀ ਨਹੀਂ ਦੇਖ ਸਕਦੇ ਸਨ। ਹਾਲ ਹੀ ਦੇ ਸਾਲਾਂ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਅੰਗ੍ਰੇਜ਼ੀ ਵਿਚ ਵੀਡੀਓ ਅਤੇ ਡੀ.ਵੀ.ਡੀਜ਼ ਮਿਲੀਆਂ ਹਨ ਜਿਨ੍ਹਾਂ ਵਿਚ ਪਰਮੇਸ਼ੁਰ ਦੇ ਸੰਗਠਨ ਦੇ ਵੱਖੋ-ਵੱਖਰੇ ਪਹਿਲੂਆਂ ਨੂੰ ਦਿਖਾਇਆ ਗਿਆ ਹੈ ਜਿਵੇਂ: ਯਹੋਵਾਹ ਦੇ ਗਵਾਹ—ਖ਼ੁਸ਼ ਖ਼ਬਰੀ ਸੁਣਾਉਣ ਲਈ ਸੰਗਠਿਤ, ਸਾਡਾ ਭਾਈਚਾਰਾ, ਪਰਮੇਸ਼ੁਰੀ ਸਿੱਖਿਆ ਦੁਆਰਾ ਇਕਮੁੱਠ ਅਤੇ ਧਰਤੀ ਦੀਆਂ ਹੱਦਾਂ ਤਕ। ਜਦੋਂ ਤੁਸੀਂ ਅਤੇ ਤੁਹਾਡਾ ਪਰਿਵਾਰ ਦੇਖੋਗੇ ਕਿ ਬੈਥਲ ਦੇ ਭੈਣ-ਭਰਾ, ਰਾਹਤ ਕੰਮ ਕਰਨ ਵਾਲੇ ਭੈਣ-ਭਰਾ, ਮਿਸ਼ਨਰੀ ਅਤੇ ਜ਼ਿਲ੍ਹਾ ਸੰਮੇਲਨਾਂ ਦੀ ਤਿਆਰੀ ਅਤੇ ਉਨ੍ਹਾਂ ਦਾ ਇੰਤਜ਼ਾਮ ਕਰਨ ਵਾਲੇ ਭਰਾ ਕਿੰਨੀ ਸਖ਼ਤ ਮਿਹਨਤ ਕਰਦੇ ਹਨ, ਤਾਂ ਤੁਹਾਡੇ ਦਿਲਾਂ ਵਿਚ ਵਿਸ਼ਵ-ਵਿਆਪੀ ਭਾਈਚਾਰੇ ਲਈ ਕਦਰ ਜ਼ਰੂਰ ਵਧੇਗੀ।
ਪਰਮੇਸ਼ੁਰ ਦੇ ਲੋਕਾਂ ਦੀ ਹਰ ਕਲੀਸਿਯਾ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਆਪਣੇ ਇਲਾਕੇ ਦੇ ਮਸੀਹੀਆਂ ਦਾ ਸਾਥ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਫਿਰ ਵੀ ਆਪਣੇ ਪਰਿਵਾਰ ਨਾਲ ‘ਆਪਣੇ ਗੁਰਭਾਈਆਂ’ ਨੂੰ ਚੇਤੇ ਕਰਨ ਲਈ ਸਮਾਂ ਕੱਢੋ “ਜਿਹੜੇ ਜਗਤ ਵਿੱਚ ਹਨ।” ਇਸ ਸਦਕਾ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ “ਨਿਹਚਾ ਵਿੱਚ ਤਕੜੇ” ਹੋਣ ਵਿਚ ਮਦਦ ਮਿਲੇਗੀ ਅਤੇ ਤੁਸੀਂ ਜਾਣੋਗੇ ਕਿ ਤੁਹਾਡੇ ਕੋਲ ਖ਼ੁਸ਼ ਹੋਣ ਦਾ ਕਾਰਨ ਹੈ।—1 ਪਤ. 5:9.
[ਸਫ਼ਾ 18 ਉੱਤੇ ਡੱਬੀ/ਤਸਵੀਰ]
ਪਰਮੇਸ਼ੁਰ ਦਾ ਸੰਗਠਨ ਸਟੱਡੀ ਲਈ ਵਧੀਆ ਵਿਸ਼ਾ
ਯਹੋਵਾਹ ਦੇ ਸੰਗਠਨ ਦੇ ਇਤਿਹਾਸ ਅਤੇ ਕੰਮ ਬਾਰੇ ਹੋਰ ਜ਼ਿਆਦਾ ਜਾਣਨ ਵਿਚ ਸਾਰਿਆਂ ਦੀ ਮਦਦ ਕਰਨ ਲਈ ਸਾਡੇ ਕੋਲ ਕਾਫ਼ੀ ਕੁਝ ਹੈ। ਹੇਠਾਂ ਦਿੱਤੇ ਸਵਾਲਾਂ ਦੀ ਮਦਦ ਨਾਲ ਤੁਸੀਂ ਸ਼ੁਰੂਆਤ ਕਰ ਸਕਦੇ ਹੋ:
☞ ਆਧੁਨਿਕ ਸਮਿਆਂ ਦੇ ਸਫ਼ਰੀ ਨਿਗਾਹਬਾਨਾਂ ਦਾ ਕੰਮ ਕਿਵੇਂ ਸ਼ੁਰੂ ਹੋਇਆ?—ਪਹਿਰਾਬੁਰਜ, 1 ਨਵੰਬਰ 1996, ਸਫ਼ੇ 18-22.
☞ 1941 ਦੇ ਸੰਮੇਲਨ ਵਿਚ “ਬੱਚਿਆਂ ਦੇ ਦਿਨ” ਬਾਰੇ ਕੀ ਖ਼ਾਸ ਸੀ?—ਪਹਿਰਾਬੁਰਜ, 15 ਜੁਲਾਈ 2001, ਸਫ਼ਾ 8.
☞ ਪ੍ਰਬੰਧਕ ਸਭਾ ਕਿਵੇਂ ਫ਼ੈਸਲੇ ਕਰਦੀ ਹੈ?—ਪਰਮੇਸ਼ੁਰ ਦੇ ਰਾਜ ਬਾਰੇ ‘ਸਾਖੀ ਦਿਓ’ (ਅੰਗ੍ਰੇਜ਼ੀ), ਸਫ਼ੇ 108-114.