ਕੀ ਤੁਸੀਂ ਮਿਲੀਆਂ ਬਰਕਤਾਂ ਦੀ ਸੱਚ-ਮੁੱਚ ਕਦਰ ਕਰਦੇ ਹੋ?
ਕੀ ਤੁਸੀਂ ਮਿਲੀਆਂ ਬਰਕਤਾਂ ਦੀ ਸੱਚ-ਮੁੱਚ ਕਦਰ ਕਰਦੇ ਹੋ?
ਮਿਸਰ ਦੀ ਗ਼ੁਲਾਮੀ ਵਿੱਚੋਂ ਚਮਤਕਾਰੀ ਤਰੀਕੇ ਨਾਲ ਛੁੱਟਣ ਤੋਂ ਬਾਅਦ ਇਸਰਾਏਲੀ ਪਹਿਲਾਂ-ਪਹਿਲ ਖ਼ੁਸ਼ ਸਨ ਕਿ ਉਹ ਆਜ਼ਾਦੀ ਨਾਲ ਯਹੋਵਾਹ ਦੀ ਭਗਤੀ ਕਰ ਸਕਦੇ ਸਨ। (ਕੂਚ 14:29–15:1, 20, 21) ਪਰ ਉਸ ਤੋਂ ਛੇਤੀ ਬਾਅਦ ਉਨ੍ਹਾਂ ਦਾ ਨਜ਼ਰੀਆ ਬਦਲ ਗਿਆ। ਉਨ੍ਹਾਂ ਨੇ ਆਪਣੀ ਹਾਲਤ ਬਾਰੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਕਿਉਂ? ਕਿਉਂਕਿ ਯਹੋਵਾਹ ਨੇ ਉਨ੍ਹਾਂ ਲਈ ਜੋ ਕੁਝ ਕੀਤਾ ਸੀ, ਉਸ ਬਾਰੇ ਸੋਚਣ ਦੀ ਬਜਾਇ ਉਹ ਉਜਾੜ ਵਿਚ ਰਹਿੰਦਿਆਂ ਆਈਆਂ ਮੁਸ਼ਕਲਾਂ ਬਾਰੇ ਜ਼ਿਆਦਾ ਸੋਚਣ ਲੱਗ ਪਏ ਸਨ। ਉਨ੍ਹਾਂ ਨੇ ਮੂਸਾ ਨੂੰ ਕਿਹਾ: “ਤੁਸੀਂ ਕਿਉਂ ਸਾਨੂੰ ਮਿਸਰ ਤੋਂ ਉਤਾਹਾਂ ਲੈ ਆਏ ਤਾਂ ਜੋ ਅਸੀਂ ਉਜਾੜ ਵਿੱਚ ਮਰੀਏ? ਏੱਥੇ ਨਾ ਰੋਟੀ ਹੈ, ਨਾ ਪਾਣੀ ਹੈ। ਸਾਡੀਆਂ ਜਾਨਾਂ ਏਸ ਨਿਕੰਮੀ ਰੋਟੀ [ਮੰਨ] ਤੋਂ ਅੱਕ ਗਈਆਂ ਹਨ!”—ਗਿਣ. 21:5.
ਸਦੀਆਂ ਬਾਅਦ ਪ੍ਰਾਚੀਨ ਇਸਰਾਏਲ ਦੇ ਰਾਜਾ ਦਾਊਦ ਨੇ ਗਾਇਆ: “ਮੈਂ ਤੇਰੀ ਦਯਾ ਉੱਤੇ ਭਰੋਸਾ ਰੱਖਿਆ ਹੈ, ਮੇਰਾ ਮਨ ਤੇਰੇ ਬਚਾਓ ਉੱਤੇ ਖੁਸ਼ੀ ਮਨਾਵੇਗਾ। ਮੈਂ ਯਹੋਵਾਹ ਲਈ ਗਾਵਾਂਗਾ, ਉਸ ਨੇ ਮੇਰੇ ਉੱਤੇ ਪਰਉਪਕਾਰ ਜੋ ਕੀਤਾ ਹੈ।” (ਜ਼ਬੂ. 13:5, 6) ਯਹੋਵਾਹ ਨੇ ਦਾਊਦ ਲਈ ਕਿੰਨੇ ਹੀ ਦਇਆ ਭਰੇ ਕੰਮ ਕੀਤੇ ਸਨ ਜਿਨ੍ਹਾਂ ਨੂੰ ਦਾਊਦ ਭੁੱਲਿਆ ਨਹੀਂ। ਇਸ ਦੇ ਉਲਟ ਉਹ ਬਾਕਾਇਦਾ ਇਨ੍ਹਾਂ ਉੱਤੇ ਸੋਚ-ਵਿਚਾਰ ਕਰਦਾ ਸੀ। (ਜ਼ਬੂ. 103:2) ਯਹੋਵਾਹ ਨੇ ਸਾਡੇ ਲਈ ਵੀ ਬਹੁਤ ਕੁਝ ਕੀਤਾ ਹੈ ਜਿਸ ਨੂੰ ਸਾਨੂੰ ਐਵੇਂ ਨਹੀਂ ਸਮਝਣਾ ਚਾਹੀਦਾ। ਤਾਂ ਫਿਰ ਆਓ ਆਪਾਂ ਪਰਮੇਸ਼ੁਰ ਵੱਲੋਂ ਮਿਲੀਆਂ ਕੁਝ ਬਰਕਤਾਂ ਉੱਤੇ ਗੌਰ ਕਰੀਏ ਜਿਨ੍ਹਾਂ ਦਾ ਅਸੀਂ ਅੱਜ ਆਨੰਦ ਮਾਣਦੇ ਹਾਂ।
‘ਯਹੋਵਾਹ ਨਾਲ ਦੋਸਤੀ’
ਬਾਈਬਲ ਕਹਿੰਦੀ ਹੈ: ‘ਸਚਿਆਰਾਂ ਨਾਲ ਯਹੋਵਾਹ ਦੀ ਦੋਸਤੀ ਹੈ।’ (ਕਹਾ. 3:32) ਨਾਮੁਕੰਮਲ ਇਨਸਾਨਾਂ ਲਈ ਕਿੰਨਾ ਹੀ ਵੱਡਾ ਸਨਮਾਨ ਹੈ ਕਿ ਉਹ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਜੋੜ ਸਕਦੇ ਹਨ! ਪਰ ਫਿਰ ਕੀ ਜੇ ਅਸੀਂ ਜ਼ਿੰਦਗੀ ਦੇ ਰੋਜ਼ਮੱਰਾ ਦੇ ਕੰਮਾਂ ਵਿਚ ਇੰਨੇ ਰੁੱਝ ਜਾਈਏ ਕਿ ਸਾਡੇ ਤੋਂ ਪ੍ਰਾਰਥਨਾ ਕਰਨ ਵਿਚ ਬਹੁਤ ਘੱਟ ਸਮਾਂ ਬਿਤਾ ਹੁੰਦਾ ਹੈ? ਜ਼ਰਾ ਸੋਚੋ ਕਿ ਫਿਰ ਯਹੋਵਾਹ ਨਾਲ ਸਾਡੇ ਚੰਗੇ ਰਿਸ਼ਤੇ ਦਾ ਕੀ ਹੋਵੇਗਾ। ਸਾਡਾ ਦੋਸਤ ਹੋਣ ਦੇ ਨਾਤੇ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਉੱਤੇ ਭਰੋਸਾ ਰੱਖੀਏ ਅਤੇ ਪ੍ਰਾਰਥਨਾ ਦੇ ਜ਼ਰੀਏ ਉਸ ਅੱਗੇ ਆਪਣਾ ਦਿਲ ਖੋਲ੍ਹ ਦੇਈਏ ਅਤੇ ਆਪਣੇ ਡਰਾਂ, ਇੱਛਾਵਾਂ ਅਤੇ ਚਿੰਤਾਵਾਂ ਬਾਰੇ ਉਸ ਨੂੰ ਦੱਸੀਏ। (ਕਹਾ. 3:5, 6; ਫ਼ਿਲਿ. 4:6, 7) ਤਾਂ ਫਿਰ ਕੀ ਸਾਨੂੰ ਧਿਆਨ ਨਹੀਂ ਦੇਣਾ ਚਾਹੀਦਾ ਕਿ ਸਾਡੀਆਂ ਪ੍ਰਾਰਥਨਾਵਾਂ ਕਿਹੋ ਜਿਹੀਆਂ ਹਨ?
ਪੌਲ ਨਾਂ ਦੇ ਨੌਜਵਾਨ ਗਵਾਹ ਨੇ ਜਦੋਂ ਆਪਣੀਆਂ ਪ੍ਰਾਰਥਨਾਵਾਂ ਉੱਤੇ ਸੋਚ-ਵਿਚਾਰ ਕੀਤਾ, ਤਾਂ ਉਸ ਨੇ ਦੇਖਿਆ ਕਿ ਉਸ ਨੂੰ ਕੁਝ ਸੁਧਾਰ ਕਰਨ ਦੀ ਲੋੜ ਸੀ। * ਉਸ ਨੇ ਕਿਹਾ: “ਯਹੋਵਾਹ ਨੂੰ ਪ੍ਰਾਰਥਨਾ ਕਰਦਿਆਂ ਮੈਨੂੰ ਵਾਰ-ਵਾਰ ਇੱਕੋ ਗੱਲਾਂ ਕਹਿਣ ਦੀ ਆਦਤ ਪੈ ਗਈ।” ਜਦੋਂ ਪੌਲ ਨੇ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਵਿਚ ਪ੍ਰਾਰਥਨਾ ਬਾਰੇ ਰਿਸਰਚ ਕੀਤੀ, ਤਾਂ ਉਸ ਨੇ ਦੇਖਿਆ ਕਿ ਬਾਈਬਲ ਵਿਚ 180 ਪ੍ਰਾਰਥਨਾਵਾਂ ਦਰਜ ਹਨ। ਇਨ੍ਹਾਂ ਵਿਚ ਪੁਰਾਣੇ ਜ਼ਮਾਨੇ ਦੇ ਯਹੋਵਾਹ ਦੇ ਸੇਵਕਾਂ ਨੇ ਆਪਣੀਆਂ ਗਹਿਰੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਹਨ। ਪੌਲ ਨੇ ਕਿਹਾ: “ਬਾਈਬਲ ਦੀਆਂ ਇਨ੍ਹਾਂ ਮਿਸਾਲਾਂ ਉੱਤੇ ਮਨਨ ਕਰਨ ਨਾਲ ਮੈਂ ਸਿੱਖਿਆ ਕਿ ਮੈਨੂੰ ਕਿਹੜੀਆਂ ਖ਼ਾਸ ਗੱਲਾਂ ਬਾਰੇ ਪ੍ਰਾਰਥਨਾ ਕਰਨ ਦੀ ਲੋੜ ਹੈ। ਇਸ ਮਦਦ ਸਦਕਾ ਮੈਂ ਯਹੋਵਾਹ ਅੱਗੇ ਦਿਲ ਖੋਲ੍ਹ ਕੇ ਗੱਲ ਕਰ ਸਕਦਾ ਹਾਂ। ਹੁਣ ਮੈਂ ਖ਼ੁਸ਼ ਹਾਂ ਕਿ ਪ੍ਰਾਰਥਨਾ ਦੇ ਜ਼ਰੀਏ ਮੈਂ ਉਸ ਨਾਲ ਗੂੜ੍ਹਾ ਰਿਸ਼ਤਾ ਬਣਾ ਸਕਦਾ ਹਾਂ।”
‘ਵੇਲੇ ਸਿਰ ਰਸਤ’
ਯਹੋਵਾਹ ਤੋਂ ਮਿਲੀ ਇਕ ਹੋਰ ਬਰਕਤ ਇਹ ਹੈ ਕਿ ਅਸੀਂ ਬਾਈਬਲ ਤੋਂ ਕਈ ਸੱਚਾਈਆਂ ਸਿੱਖੀਆਂ ਹਨ। ਸਾਨੂੰ ਪਰਮੇਸ਼ੁਰ ਦਾ ਭਰਪੂਰ ਗਿਆਨ ਮਿਲ ਰਿਹਾ ਹੈ ਜਿਸ ਕਾਰਨ ਅਸੀਂ ‘ਖੁਸ਼ ਦਿਲੀ ਨਾਲ ਜੈਕਾਰੇ ਗਜਾ’ ਸਕਦੇ ਹਾਂ। (ਯਸਾ. 65:13, 14) ਪਰ ਸਾਨੂੰ ਮਾੜੇ ਅਸਰਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜਿਨ੍ਹਾਂ ਕਰਕੇ ਸੱਚਾਈ ਲਈ ਸਾਡਾ ਜੋਸ਼ ਖ਼ਤਮ ਹੋ ਸਕਦਾ ਹੈ। ਮਿਸਾਲ ਲਈ, ਬਾਈਬਲ ਦੇ ਖ਼ਿਲਾਫ਼ ਜਾਣਕਾਰੀ ਵੱਲ ਧਿਆਨ ਦੇਣ ਨਾਲ ਸਾਡੀ ਸੋਚ ਵਿਗੜ ਸਕਦੀ ਹੈ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਜ਼ਰੀਏ ਯਹੋਵਾਹ ਤੋਂ “ਵੇਲੇ ਸਿਰ” ਮਿਲਦੇ ਉਸ ਦੇ ਗਿਆਨ ਲਈ ਸਾਡੀ ਕਦਰ ਘੱਟ ਸਕਦੀ ਹੈ।—ਮੱਤੀ 24:45-47.
ਆਂਡਰੇ ਕਈ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਿਹਾ ਸੀ। ਪਰ ਉਹ ਧਰਮ-ਤਿਆਗੀਆਂ ਦੀਆਂ ਗੱਲਾਂ ਵਿਚ ਆ ਕੇ ਭਟਕ ਗਿਆ ਸੀ ਜੋ ਕਿ ਉਸ ਲਈ ਕੌੜਾ ਤਜਰਬਾ ਸੀ। ਉਸ ਨੇ ਸੋਚਿਆ ਕਿ ਧਰਮ-ਤਿਆਗੀਆਂ ਦੀ ਵੈੱਬ-ਸਾਈਟ ਉੱਤੇ ਮਾੜੀ ਜਿਹੀ ਨਜ਼ਰ ਮਾਰਨ ਦਾ ਕੋਈ ਖ਼ਤਰਾ ਨਹੀਂ ਹੈ। ਉਹ ਚੇਤੇ ਕਰਦਾ ਹੈ: “ਸ਼ੁਰੂ ਵਿਚ ਹੀ ਮੈਂ ਉਨ੍ਹਾਂ ਖੋਖਲੀਆਂ ਸੱਚਾਈਆਂ ਵੱਲ ਖਿੱਚਿਆ ਗਿਆ ਜਿਨ੍ਹਾਂ ਬਾਰੇ ਧਰਮ-ਤਿਆਗੀ ਗੱਲਾਂ ਕਰਦੇ ਸਨ। ਮੈਂ ਜਿੰਨਾ ਜ਼ਿਆਦਾ ਉਨ੍ਹਾਂ ਦੀਆਂ ਗੱਲਾਂ ਦੀ ਜਾਂਚ ਕੀਤੀ, ਉੱਨਾ ਹੀ ਜ਼ਿਆਦਾ ਮੈਂ ਸੋਚਣ ਲੱਗ ਪਿਆ ਕਿ ਯਹੋਵਾਹ ਦੇ ਸੰਗਠਨ ਨੂੰ ਛੱਡਣਾ ਮੇਰੇ ਲਈ ਜਾਇਜ਼ ਸੀ। ਪਰ ਬਾਅਦ ਵਿਚ ਜਦੋਂ ਮੈਂ ਯਹੋਵਾਹ ਦੇ ਗਵਾਹਾਂ ਖ਼ਿਲਾਫ਼ ਧਰਮ-ਤਿਆਗੀਆਂ ਦੀਆਂ ਗੱਲਾਂ ਉੱਤੇ ਖੋਜ ਕੀਤੀ, ਤਾਂ ਮੈਂ ਜਾਣ ਗਿਆ ਕਿ ਇਹ ਝੂਠੇ ਸਿੱਖਿਅਕ ਕਿੰਨੇ ਚਲਾਕ ਸਨ! ਇਹ ਲੋਕ ਜਿਸ ਜਾਣਕਾਰੀ ਨੂੰ ਸਾਡੇ ਖ਼ਿਲਾਫ਼ ‘ਪੱਕਾ ਸਬੂਤ’ ਸਮਝਦੇ ਸਨ, ਉਹ ਅਸਲ ਵਿਚ ਬੇਸਿਰ-ਪੈਰ ਗੱਲਾਂ ਸਨ। ਇਸ ਲਈ ਮੈਂ ਦੁਬਾਰਾ ਆਪਣੇ ਪ੍ਰਕਾਸ਼ਨ ਪੜ੍ਹਨ ਅਤੇ ਸਭਾਵਾਂ ਵਿਚ ਜਾਣ ਦਾ ਮਨ ਬਣਾ ਲਿਆ। ਜਲਦੀ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਕਿੰਨੀ ਜਾਣਕਾਰੀ ਤੋਂ ਖੁੰਝ ਗਿਆ ਸੀ।” ਖ਼ੁਸ਼ੀ ਦੀ ਗੱਲ ਹੈ ਕਿ ਆਂਡਰੇ ਕਲੀਸਿਯਾ ਵਿਚ ਮੁੜ ਆਇਆ।
ਸਮੂਹ ਭੈਣ-ਭਰਾ
ਏਕਤਾ ਦੇ ਬੰਧਨ ਵਿਚ ਬੱਝੇ ਸਾਡੇ ਪਿਆਰੇ ਭੈਣ-ਭਰਾ ਯਹੋਵਾਹ ਤੋਂ ਇਕ ਬਰਕਤ ਹਨ। (ਜ਼ਬੂ. 133:1) ਇਸ ਲਈ ਪੌਲੁਸ ਨੇ ਸਹੀ ਲਿਖਿਆ: “ਭਾਈਆਂ ਨਾਲ ਪ੍ਰੇਮ ਰੱਖੋ।” (1 ਪਤ. 2:17) ਮਸੀਹੀ ਭਾਈਚਾਰੇ ਦਾ ਹਿੱਸਾ ਹੋਣ ਕਰਕੇ ਅਸੀਂ ਸੱਚਾਈ ਵਿਚ ਉਨ੍ਹਾਂ ਭੈਣਾਂ-ਭਰਾਵਾਂ ਦੇ ਪਿਆਰ ਅਤੇ ਸਾਥ ਤੋਂ ਲਾਭ ਉਠਾਉਂਦੇ ਹਾਂ ਜੋ ਸਾਡੇ ਮਾਤਾ-ਪਿਤਾ ਤੇ ਭੈਣਾਂ-ਭਰਾਵਾਂ ਵਰਗੇ ਹਨ।—ਮਰ. 10:29, 30.
1 ਯੂਹੰ. 1:8) ਕੀ ਸਾਨੂੰ ‘ਇੱਕ ਦੂਏ ਦੀ ਸਹਿ ਲੈਣ ਅਤੇ ਇੱਕ ਦੂਏ ਨੂੰ ਮਾਫ਼ ਕਰਨ’ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ?—ਕੁਲੁ. 3:13.
ਪਰ ਕਦੇ-ਕਦੇ ਵੱਖੋ-ਵੱਖਰੇ ਹਾਲਾਤਾਂ ਕਾਰਨ ਆਪਣੇ ਭੈਣਾਂ-ਭਰਾਵਾਂ ਨਾਲ ਸਾਡੇ ਰਿਸ਼ਤੇ ਵਿਚ ਤਣਾਅ ਪੈਦਾ ਹੋ ਸਕਦਾ ਹੈ। ਮਿਸਾਲ ਲਈ ਕਿਸੇ ਦੀਆਂ ਕਮੀਆਂ-ਕਮਜ਼ੋਰੀਆਂ ਕਰਕੇ ਅਸੀਂ ਸੌਖਿਆਂ ਹੀ ਨਾਰਾਜ਼ ਹੋ ਸਕਦੇ ਹਾਂ ਅਤੇ ਉਸ ਦੀ ਨੁਕਤਾਚੀਨੀ ਕਰਨ ਲੱਗ ਸਕਦੇ ਹਾਂ। ਜੇ ਇਸ ਤਰ੍ਹਾਂ ਹੋਵੇ, ਤਾਂ ਕੀ ਇਹ ਯਾਦ ਰੱਖਣ ਵਾਲੀ ਗੱਲ ਨਹੀਂ ਹੋਵੇਗੀ ਕਿ ਯਹੋਵਾਹ ਆਪਣੇ ਸੇਵਕਾਂ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਉਨ੍ਹਾਂ ਨੂੰ ਪਿਆਰ ਕਰਦਾ ਹੈ? ਇਸ ਤੋਂ ਇਲਾਵਾ, “ਜੇ ਆਖੀਏ ਭਈ ਅਸੀਂ ਪਾਪੀ ਨਹੀਂ ਹਾਂ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸਚਿਆਈ ਸਾਡੇ ਵਿੱਚ ਹੈ ਨਹੀਂ।” (ਨੌਜਵਾਨ ਐਨ ਨੇ ਆਪਣੇ ਕੌੜੇ ਤਜਰਬੇ ਤੋਂ ਮਸੀਹੀ ਭਾਈਚਾਰੇ ਦੀ ਅਹਿਮੀਅਤ ਸਮਝੀ। ਕੁਝ ਹੱਦ ਤਕ ਯਿਸੂ ਦੇ ਦ੍ਰਿਸ਼ਟਾਂਤ ਵਿਚਲੇ ਉਜਾੜੂ ਪੁੱਤਰ ਦੀ ਤਰ੍ਹਾਂ ਕਰਦਿਆਂ ਉਹ ਮਸੀਹੀ ਕਲੀਸਿਯਾ ਤੋਂ ਹੌਲੀ-ਹੌਲੀ ਦੂਰ ਹੋ ਗਈ। ਬਾਅਦ ਵਿਚ ਉਹ ਹੋਸ਼ ਵਿਚ ਆਈ ਅਤੇ ਸੱਚਾਈ ਵਿਚ ਵਾਪਸ ਆ ਗਈ। (ਲੂਕਾ 15:11-24) ਐਨ ਨੇ ਇਸ ਤਜਰਬੇ ਤੋਂ ਕੀ ਸਿੱਖਿਆ? ਉਹ ਕਹਿੰਦੀ ਹੈ: “ਹੁਣ ਮੈਂ ਯਹੋਵਾਹ ਦੇ ਸੰਗਠਨ ਵਿਚ ਮੁੜ ਆਈ ਹਾਂ ਤੇ ਮੈਂ ਸਾਰੇ ਭੈਣਾਂ-ਭਰਾਵਾਂ ਦੀ ਕਦਰ ਕਰਦੀ ਹਾਂ ਭਾਵੇਂ ਉਨ੍ਹਾਂ ਵਿਚ ਕਮੀਆਂ-ਕਮਜ਼ੋਰੀਆਂ ਹਨ। ਪਹਿਲਾਂ ਮੈਂ ਫਟਾਫਟ ਉਨ੍ਹਾਂ ਦੀ ਨੁਕਤਾਚੀਨੀ ਕਰਨ ਲੱਗ ਪੈਂਦੀ ਸੀ। ਪਰ ਹੁਣ ਮੈਂ ਠਾਣ ਲਈ ਹੈ ਕਿ ਮੈਂ ਹੁਣ ਕਿਸੇ ਵੀ ਚੀਜ਼ ਕਾਰਨ ਉਨ੍ਹਾਂ ਬਰਕਤਾਂ ਨੂੰ ਨਹੀਂ ਗੁਆਵਾਂਗੀ ਜਿਨ੍ਹਾਂ ਦਾ ਆਨੰਦ ਮੈਂ ਆਪਣੇ ਭੈਣਾਂ-ਭਰਾਵਾਂ ਵਿਚ ਮਾਣ ਰਹੀ ਹਾਂ। ਦੁਨੀਆਂ ਵਿਚ ਇੱਦਾਂ ਦੀ ਕੋਈ ਚੀਜ਼ ਨਹੀਂ ਹੈ ਜਿਸ ਦੇ ਬਦਲੇ ਮੈਂ ਇਸ ਵਧੀਆ ਮਾਹੌਲ ਨੂੰ ਛੱਡ ਦੇਵਾਂ।”
ਮਿਲੀਆਂ ਬਰਕਤਾਂ ਲਈ ਹਮੇਸ਼ਾ ਸ਼ੁਕਰਗੁਜ਼ਾਰ ਹੋਵੋ
ਸਾਨੂੰ ਉਮੀਦ ਹੈ ਕਿ ਪਰਮੇਸ਼ੁਰ ਦਾ ਰਾਜ ਹੀ ਮਨੁੱਖਜਾਤੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ। ਇਸ ਉਮੀਦ ਨੂੰ ਅਸੀਂ ਬਹੁਮੁੱਲੇ ਖ਼ਜ਼ਾਨੇ ਦੀ ਤਰ੍ਹਾਂ ਸਮਝਦੇ ਹਾਂ। ਜਦੋਂ ਸਾਨੂੰ ਇਹ ਉਮੀਦ ਪਹਿਲਾਂ-ਪਹਿਲ ਮਿਲੀ ਸੀ, ਤਾਂ ਸਾਡੇ ਦਿਲ ਕਦਰਦਾਨੀ ਨਾਲ ਭਰ ਗਏ ਸਨ! ਅਸੀਂ ਯਿਸੂ ਦੇ ਦ੍ਰਿਸ਼ਟਾਂਤ ਵਿਚ ਦੱਸੇ ਵਪਾਰੀ ਦੀ ਤਰ੍ਹਾਂ ਮਹਿਸੂਸ ਕੀਤਾ ਸੀ ਜਿਸ ਨੇ ‘ਭਾਰੇ ਮੁੱਲ ਦਾ ਇੱਕ ਮੋਤੀ’ ਖ਼ਰੀਦਣ ਲਈ “ਆਪਣਾ ਸਭ ਕੁਝ ਵੇਚ” ਦਿੱਤਾ। (ਮੱਤੀ 13:45, 46) ਯਿਸੂ ਨੇ ਇਹ ਨਹੀਂ ਕਿਹਾ ਕਿ ਵਪਾਰੀ ਨੇ ਕਿਸੇ ਵੇਲੇ ਮੋਤੀ ਲਈ ਕਦਰ ਗੁਆ ਦਿੱਤੀ ਸੀ। ਇਸੇ ਤਰ੍ਹਾਂ ਆਓ ਆਪਾਂ ਵੀ ਕਦੇ ਇਸ ਸ਼ਾਨਦਾਰ ਉਮੀਦ ਲਈ ਕਦਰ ਨਾ ਗੁਆਈਏ।—1 ਥੱਸ. 5:8; ਇਬ. 6:19.
ਜੀਨ ਦੀ ਮਿਸਾਲ ਲੈ ਲਓ ਜੋ 60 ਨਾਲੋਂ ਜ਼ਿਆਦਾ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੀ ਹੈ। ਉਹ ਕਹਿੰਦੀ ਹੈ: “ਪਰਮੇਸ਼ੁਰ ਦੇ ਰਾਜ ਨੂੰ ਧਿਆਨ ਵਿਚ ਰੱਖਣ ਵਿਚ ਜਿਹੜੀ ਗੱਲ ਨੇ ਮੇਰੀ ਮਦਦ ਕੀਤੀ ਹੈ, ਉਹ ਹੈ ਕਿ ਮੈਂ ਇਸ ਬਾਰੇ ਦੂਜਿਆਂ ਨਾਲ ਗੱਲ ਕਰਦੀ ਹਾਂ। ਉਨ੍ਹਾਂ ਦੀਆਂ ਅੱਖਾਂ ਵਿਚ ਚਮਕ ਆ ਜਾਂਦੀ ਹੈ ਜਦੋਂ ਉਹ ਸਮਝ ਜਾਂਦੇ ਹਨ ਕਿ ਇਹ ਰਾਜ ਹੈ ਕੀ। ਇਹ ਦੇਖ ਕੇ ਮੇਰੇ ਉੱਤੇ ਚੰਗਾ ਅਸਰ ਪੈਂਦਾ ਹੈ। ਜਦੋਂ ਮੈਂ ਦੇਖਦੀ ਹਾਂ ਕਿ ਬਾਈਬਲ ਸਟੂਡੈਂਟ ਦੀ ਜ਼ਿੰਦਗੀ ਵਿਚ ਰਾਜ ਬਾਰੇ ਸੱਚਾਈ ਸਿੱਖਣ ਤੋਂ ਬਾਅਦ ਕਿੰਨਾ ਫ਼ਰਕ ਆਇਆ ਹੈ, ਤਾਂ ਮੈਂ ਸੋਚਦੀ ਹਾਂ ਕਿ ‘ਮੇਰੇ ਕੋਲ ਦੂਜਿਆਂ ਨਾਲ ਸਾਂਝੀਆਂ ਕਰਨ ਲਈ ਕਿੰਨੀਆਂ ਸ਼ਾਨਦਾਰ ਸੱਚਾਈਆਂ ਹਨ!’”
ਯਹੋਵਾਹ ਤੋਂ ਮਿਲੀਆਂ ਕਈ ਬਰਕਤਾਂ ਲਈ ਸਾਡੇ ਕੋਲ ਸ਼ੁਕਰਗੁਜ਼ਾਰ ਹੋਣ ਦੇ ਚੰਗੇ ਕਾਰਨ ਹਨ। ਭਾਵੇਂ ਸਾਨੂੰ ਕਈ ਅਜ਼ਮਾਇਸ਼ਾਂ ਵਿੱਚੋਂ ਗੁਜ਼ਰਨਾ ਪਵੇ ਜਿਵੇਂ ਵਿਰੋਧ, ਬੀਮਾਰੀ, ਬੁਢਾਪਾ, ਨਿਰਾਸ਼ਾ, ਕਿਸੇ ਅਜ਼ੀਜ਼ ਦੀ ਮੌਤ ਦਾ ਗਮ ਅਤੇ ਪੈਸੇ ਦੀ ਤੰਗੀ। ਫਿਰ ਵੀ ਸਾਨੂੰ ਪਤਾ ਹੈ ਕਿ ਇਹ ਥੋੜ੍ਹੇ ਸਮੇਂ ਲਈ ਹੀ ਹਨ। ਪਰਮੇਸ਼ੁਰ ਦੇ ਰਾਜ ਵਿਚ ਸਾਨੂੰ ਹੁਣ ਨਾਲੋਂ ਵੀ ਜ਼ਿਆਦਾ ਬਰਕਤਾਂ ਮਿਲਣਗੀਆਂ। ਪਰ ਹੁਣ ਸਾਨੂੰ ਜੋ ਵੀ ਦੁੱਖ ਹੈ, ਉਹ ਨਵੀਂ ਦੁਨੀਆਂ ਵਿਚ ਜਾਂਦਾ ਰਹੇਗਾ।—ਪਰ. 21:4.
ਤਦ ਤਕ ਆਓ ਆਪਾਂ ਪਰਮੇਸ਼ੁਰ ਤੋਂ ਮਿਲੀਆਂ ਬਰਕਤਾਂ ਲਈ ਜ਼ਬੂਰਾਂ ਦੇ ਲਿਖਾਰੀ ਵਾਂਗ ਸ਼ੁਕਰਗੁਜ਼ਾਰ ਹੋਈਏ ਜਿਸ ਨੇ ਗਾਇਆ ਸੀ: “ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੇਰੇ ਅਚਰਜ ਕੰਮ ਜਿਹੜੇ ਤੈਂ ਕੀਤੇ ਬਹੁਤ ਸਾਰੇ ਹਨ, ਨਾਲੇ ਤੇਰੇ ਉਪਾਓ ਜਿਹੜੇ ਸਾਡੇ ਲਈ ਹਨ, ਤੇਰਾ ਸ਼ਰੀਕ ਕੋਈ ਨਹੀਂ ਹੈ! ਜੇ ਮੈਂ ਉਨ੍ਹਾਂ ਨੂੰ ਖੋਲ੍ਹ ਕੇ ਦੱਸਾਂ, ਤਾਂ ਓਹ ਲੇਖਿਓਂ ਬਾਹਰ ਹਨ।”—ਜ਼ਬੂ. 40:5.
[ਫੁਟਨੋਟ]
^ ਪੈਰਾ 6 ਨਾਂ ਬਦਲੇ ਗਏ ਹਨ।
[ਸਫ਼ਾ 18 ਉੱਤੇ ਤਸਵੀਰ]
ਅਜ਼ਮਾਇਸ਼ ਦੀ ਘੜੀ ਵਿਚ ਭੈਣ-ਭਰਾ ਸਾਡਾ ਸਾਥ ਦਿੰਦੇ ਹਨ