ਇੱਦਾਂ ਕਰਨ ਦਾ ਬਹੁਤ ਫ਼ਾਇਦਾ ਹੈ!
ਇੱਦਾਂ ਕਰਨ ਦਾ ਬਹੁਤ ਫ਼ਾਇਦਾ ਹੈ!
ਜੇ ਬੱਚਿਆਂ ਨੂੰ ‘ਯਹੋਵਾਹ ਦੀ ਸਿੱਖਿਆ ਅਰ ਮੱਤ ਦੇ ਕੇ’ ਉਨ੍ਹਾਂ ਦੀ ਪਾਲਣਾ ਕਰਨੀ ਹੈ, ਤਾਂ ਪਰਿਵਾਰਕ ਸਟੱਡੀ ਕਰਨੀ ਬਹੁਤ ਜ਼ਰੂਰੀ ਹੈ। (ਅਫ਼. 6:4) ਜੇ ਤੁਸੀਂ ਮਾਪੇ ਹੋ, ਤਾਂ ਤੁਸੀਂ ਜਾਣਦੇ ਹੋ ਕਿ ਨਿਆਣੇ ਸੌਖਿਆਂ ਹੀ ਬੋਰ ਹੋ ਜਾਂਦੇ ਹਨ। ਤੁਸੀਂ ਉਨ੍ਹਾਂ ਦਾ ਧਿਆਨ ਕਿਵੇਂ ਬੰਨ੍ਹੀ ਰੱਖ ਸਕਦੇ ਹੋ? ਧਿਆਨ ਦਿਓ ਕਿ ਕੁਝ ਮਾਪਿਆਂ ਨੇ ਕੀ ਕੀਤਾ ਹੈ।
ਅਮਰੀਕਾ ਕੈਲੇਫ਼ੋਰਨੀਆ ਤੋਂ ਜੋਰਜ ਕਹਿੰਦਾ ਹੈ: “ਜਦੋਂ ਸਾਡੇ ਬੱਚੇ ਛੋਟੇ ਹੁੰਦੇ ਸਨ, ਉਦੋਂ ਮੈਂ ਅਤੇ ਮੇਰੀ ਪਤਨੀ ਪਰਿਵਾਰਕ ਸਟੱਡੀ ਨੂੰ ਦਿਲਚਸਪ ਬਣਾਉਣ ਦੀ ਕੋਸ਼ਿਸ਼ ਕਰਦੇ ਸਾਂ। ਕਈ ਵਾਰੀ ਅਸੀਂ ਸਾਰੇ ਜਣੇ ਬਾਈਬਲ ਪਾਤਰਾਂ ਵਰਗੇ ਕੱਪੜੇ ਪਾ ਕੇ ਉਨ੍ਹਾਂ ਪਾਤਰਾਂ ਦੀ ਐਕਟਿੰਗ ਕਰਦੇ ਸਾਂ ਜਿਨ੍ਹਾਂ ਬਾਰੇ ਅਸੀਂ ਬਾਈਬਲ ਕਹਾਣੀਆਂ ਦੀ ਕਿਤਾਬ ਵਿੱਚੋਂ ਪੜ੍ਹਦੇ ਸਾਂ। ਅਸੀਂ ਤਲਵਾਰਾਂ, ਰਾਜਿਆਂ ਦੇ ਡੰਡੇ, ਟੋਕਰੀਆਂ ਅਤੇ ਹੋਰ ਚੀਜ਼ਾਂ ਵੀ ਬਣਾਉਂਦੇ ਸਾਂ। ਅਸੀਂ ਬਾਈਬਲ ਗੇਮਾਂ ਵੀ ਖੇਡਦੇ ਸਾਂ ਜਿਵੇਂ ‘ਬੁੱਝੋ ਮੈਂ ਕੌਣ ਹਾਂ।’ ਅਸੀਂ ਇਕ ਬਾਈਬਲ ਬੋਰਡ ਗੇਮ ਵੀ ਬਣਾਈ ਜਿਸ ਵਿਚ ਕੁਝ ਸਵਾਲ ਸੌਖੇ ਹੁੰਦੇ ਸਨ ਅਤੇ ਕੁਝ ਔਖੇ। ਸਾਡੇ ਕੁਝ ਪ੍ਰਾਜੈਕਟ ਵੀ ਹੁੰਦੇ ਸਨ ਜਿਵੇਂ ਨੂਹ ਦੀ ਕਿਸ਼ਤੀ ਦਾ ਮਾਡਲ ਬਣਾਉਣਾ ਜਾਂ ਬਾਈਬਲ ਵਿਚ ਦੱਸੀਆਂ ਘਟਨਾਵਾਂ ਦੀ ਸਮਾਂ-ਰੇਖਾ ਬਣਾਉਣੀ। ਕਦੇ-ਕਦੇ ਅਸੀਂ ਡਰਾਇੰਗ ਸੈਸ਼ਨ ਰੱਖਦੇ ਸਾਂ ਜਿਨ੍ਹਾਂ ਵਿਚ ਅਸੀਂ ਬਾਈਬਲ ਦੇ ਕਿਸੇ ਪਾਤਰ ਦੀ ਤਸਵੀਰ ਬਣਾਉਂਦੇ ਸਾਂ ਜਾਂ ਤਸਵੀਰ ਦੇ ਜ਼ਰੀਏ ਕਹਾਣੀ ਸਮਝਾਉਂਦੇ ਸਾਂ। ਹੁਣ ਅਸੀਂ ਅਫ਼ਸੀਆਂ 6:11-17 ਵਿਚ ਦਰਜ ਸ਼ਸਤਰਾਂ-ਬਸਤਰਾਂ ਦੀ ਡਰਾਇੰਗ ਕਰ ਰਹੇ ਹਾਂ ਅਤੇ ਹਰ ਜੀਅ ਇਕ-ਇਕ ਸ਼ਸਤਰ ਬਣਾ ਕੇ ਉਸ ਦਾ ਮਤਲਬ ਸਮਝਾਉਂਦਾ ਹੈ। ਇਨ੍ਹਾਂ ਤਰੀਕਿਆਂ ਨਾਲ ਅਸੀਂ ਆਪਣੀ ਪਰਿਵਾਰਕ ਸਟੱਡੀ ਦਾ ਮਜ਼ਾ ਲੈ ਰਹੇ ਹਾਂ।”
ਅਮਰੀਕਾ ਮਿਸ਼ੀਗਨ ਤੋਂ ਇਕ ਮਾਂ ਡੇਬੀ ਦੱਸਦੀ ਹੈ: “ਜਦੋਂ ਸਾਡੀ ਧੀ ਤਿੰਨ ਸਾਲਾਂ ਦੀ ਹੁੰਦੀ ਸੀ, ਉਦੋਂ ਮੈਨੂੰ ਤੇ ਮੇਰੇ ਪਤੀ ਨੂੰ ਉਸ ਦਾ ਧਿਆਨ ਬੰਨ੍ਹਣਾ ਔਖਾ ਲੱਗਦਾ ਸੀ। ਫਿਰ ਇਕ ਦਿਨ ਮੈਂ ਬਾਈਬਲ ਕਹਾਣੀਆਂ ਦੀ ਕਿਤਾਬ ਵਿੱਚੋਂ ਇਸਹਾਕ ਤੇ ਰਿਬਕਾਹ ਦੀ ਕਹਾਣੀ ਉੱਚੀ ਆਵਾਜ਼ ਵਿਚ ਪੜ੍ਹਦਿਆਂ ਦੋ ਗੁੱਡੀਆਂ ਲਈਆਂ ਅਤੇ ਉਨ੍ਹਾਂ ਨੂੰ ਇਸਹਾਕ ਤੇ ਰਿਬਕਾਹ ਦੇ ਪਾਤਰਾਂ ਵਜੋਂ ਵਰਤਣ ਦੇ ਨਾਲ-ਨਾਲ ਉਨ੍ਹਾਂ ਦੇ ਡਾਇਲਾਗ ਬੋਲੇ। ਹੁਣ ਉਹ ਹਰ ਸ਼ਬਦ ਵੱਲ ਧਿਆਨ ਦੇ ਰਹੀ ਸੀ! ਕਈ ਮਹੀਨਿਆਂ ਬਾਅਦ ਵੀ ਉਹ ਦੋ ਗੁੱਡੀਆਂ ਬਾਈਬਲ ਦੇ ਕਈ ਵੱਖੋ-ਵੱਖਰੇ ਪਾਤਰ ਬਣੀਆਂ। ਬਿਰਤਾਂਤ ਪੜ੍ਹਨ ਤੋਂ ਬਾਅਦ ਸਾਡੀ ਧੀ ਘਰ ਵਿੱਚੋਂ ਖਿਡੌਣੇ ਜਾਂ ਹੋਰ ਚੀਜ਼ਾਂ ਲੱਭਦੀ ਜਿਨ੍ਹਾਂ ਨੂੰ ਕਹਾਣੀ ਦੀ ਐਕਟਿੰਗ ਕਰਨ ਲਈ ਵਰਤਿਆ ਜਾ ਸਕਦਾ ਸੀ। ਇਹ ਉਸ ਲਈ ਖ਼ਜ਼ਾਨੇ ਨੂੰ ਲੱਭਣ ਦੀ ਤਰ੍ਹਾਂ ਸੀ! ਮਿਸਾਲ ਲਈ, ਜੁੱਤੀਆਂ ਵਾਲੇ ਡੱਬੇ ਨਾਲ ਲਾਲ ਰੰਗ ਦਾ ਰਿਬਨ ਲਟਕਾਉਣ ਨਾਲ ਇਹ ਲਾਲ ਰੱਸੀ ਵਾਲਾ ਰਾਹਾਬ ਦਾ ਘਰ ਬਣ ਜਾਂਦਾ ਸੀ। ਝਾੜੂ ਦੇ ਆਲੇ-ਦੁਆਲੇ ਲਪੇਟਿਆ ਰੂੰ ਨਾਲ ਭਰਿਆ ਪੰਜ ਫੁੱਟ ਲੰਬਾ ਸੱਪ ਗਿਣਤੀ 21:4-9 ਵਿਚ ਦੱਸਿਆ ਪਿੱਤਲ ਦਾ ਸੱਪ ਬਣ ਜਾਂਦਾ ਸੀ। ਅਸੀਂ ਇਹ ਚੀਜ਼ਾਂ ਇਕ ਵੱਡੇ ਸਾਰੇ ਥੈਲੇ ਵਿਚ ਰੱਖ ਦਿੰਦੇ ਸਾਂ। ਅਸੀਂ ਆਪਣੀ ਧੀ ਨੂੰ ਅਕਸਰ ਕਮਰੇ ਵਿਚ ਬੈਠ ਕੇ ਆਪਣੇ ‘ਬਾਈਬਲ ਸਟੋਰੀ ਬੈਗ’ ਵਿੱਚੋਂ ਚੀਜ਼ਾਂ ਦੀ ਫਰੋਲਾ-ਫਰਾਲੀ ਕਰਦਿਆਂ ਦੇਖ ਕੇ ਖ਼ੁਸ਼ ਹੋ ਜਾਂਦੇ ਸਾਂ। ਉਸ ਨੂੰ ਆਪਣੇ ਹੀ ਤਰੀਕੇ ਨਾਲ ਕਹਾਣੀਆਂ ਦੀ ਐਕਟਿੰਗ ਕਰਦਿਆਂ ਦੇਖ ਕੇ ਬਹੁਤ ਚੰਗਾ ਲੱਗਦਾ ਸੀ!”
ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਕੋਈ ਸੌਖਾ ਕੰਮ ਨਹੀਂ। ਮਾਪਿਆਂ ਨੂੰ ਆਪਣੇ ਬੱਚਿਆਂ ਵਿਚ ਯਹੋਵਾਹ ਦੀ ਸੇਵਾ ਕਰਨ ਦੀ ਇੱਛਾ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਹਰ ਰੋਜ਼ ਅਤੇ ਕਈ ਤਰੀਕਿਆਂ ਨਾਲ ਇਸ ਤਰ੍ਹਾਂ ਕਰਨ ਦੀ ਲੋੜ ਹੈ। ਪਰ ਹਰ ਹਫ਼ਤੇ ਪਰਿਵਾਰਕ ਸਟੱਡੀ ਕਰਨੀ ਬਹੁਤ ਜ਼ਰੂਰੀ ਹੈ ਜਿਸ ਦੀ ਮਦਦ ਨਾਲ ਮਾਪੇ ਇਹ ਇੱਛਾ ਪੈਦਾ ਕਰ ਸਕਦੇ ਹਨ। ਬਿਨਾਂ ਸ਼ੱਕ ਇੱਦਾਂ ਕਰਨ ਦਾ ਬਹੁਤ ਫ਼ਾਇਦਾ ਹੁੰਦਾ ਹੈ!