ਪਰਮੇਸ਼ੁਰ ਦੀ ਸੇਵਾ ਕਰਨ ਲਈ ਕੋਈ ਉਮਰ ਨਹੀਂ ਹੁੰਦੀ
ਪਰਮੇਸ਼ੁਰ ਦੀ ਸੇਵਾ ਕਰਨ ਲਈ ਕੋਈ ਉਮਰ ਨਹੀਂ ਹੁੰਦੀ
ਸਪੇਨ ਦੇ ਦੱਖਣੀ ਸੂਬੇ ਮੈਲਾਗਾ ਵਿਚ ਰਹਿੰਦੀਆਂ ਮਾਂ ਅਤੇ ਧੀ ਇਕੱਠੀਆਂ ਨੇ 19 ਦਸੰਬਰ 2009 ਨੂੰ ਬਪਤਿਸਮਾ ਲਿਆ ਤੇ ਉਨ੍ਹਾਂ ਦੋਨਾਂ ਦਾ ਨਾਂ ਐਨਾ ਹੈ। ਉਹ ਸਪੇਨ ਦੇ ਉਨ੍ਹਾਂ 2,352 ਲੋਕਾਂ ਵਿਚ ਸਨ ਜਿਨ੍ਹਾਂ ਨੇ 2009 ਦੌਰਾਨ ਇਹ ਕਦਮ ਚੁੱਕਿਆ। ਪਰ ਇਸ ਮਾਂ-ਧੀ ਬਾਰੇ ਕੁਝ ਖ਼ਾਸ ਸੀ, ਉਹ ਸੀ ਉਨ੍ਹਾਂ ਦੀ ਉਮਰ। ਮਾਂ ਦੀ ਉਮਰ 107 ਅਤੇ ਧੀ ਦੀ ਉਮਰ 83 ਸਾਲ ਦੀ ਸੀ!
ਉਨ੍ਹਾਂ ਨੂੰ ਕਿਹੜੀ ਗੱਲ ਨੇ ਪ੍ਰੇਰਿਆ ਕਿ ਉਹ ਯਹੋਵਾਹ ਨੂੰ ਆਪਣਾ ਜੀਵਨ ਸਮਰਪਿਤ ਕਰ ਕੇ ਬਪਤਿਸਮਾ ਲੈਣ? 1970 ਦੇ ਦਹਾਕੇ ਦੇ ਸ਼ੁਰੂ ਵਿਚ ਇਕ ਗੁਆਂਢਣ ਐਨਾ (ਧੀ) ਨੂੰ ਕਲੀਸਿਯਾ ਦੀ ਬੁੱਕ ਸਟੱਡੀ ਤੇ ਬੁਲਾਇਆ ਕਰਦੀ ਸੀ ਜੋ ਇਕ ਗਵਾਹ ਦੇ ਘਰ ਹੁੰਦੀ ਸੀ। ਐਨਾ ਕਦੇ-ਕਦੇ ਜਾਂਦੀ ਹੁੰਦੀ ਸੀ। ਨੌਕਰੀ ਹੋਣ ਕਰਕੇ ਐਨਾ ਨੇ ਇੰਨੀ ਤਰੱਕੀ ਨਹੀਂ ਕੀਤੀ।
ਤਕਰੀਬਨ 10 ਸਾਲਾਂ ਬਾਅਦ, ਐਨਾ ਦੇ ਕੁਝ ਬੱਚੇ ਬਾਈਬਲ ਦਾ ਅਧਿਐਨ ਕਰਨ ਲੱਗ ਪਏ ਅਤੇ ਸਮੇਂ ਦੇ ਬੀਤਣ ਨਾਲ ਉਹ ਯਹੋਵਾਹ ਦੇ ਸੇਵਕ ਬਣ ਗਏ। ਉਸ ਦੀ ਇਕ ਧੀ ਮੱਰੀ ਕਾਰਮਨ ਨੇ ਸੱਚਾਈ ਲਈ ਆਪਣੀ ਮਾਂ ਦਾ ਪਿਆਰ ਫਿਰ ਤੋਂ ਜਗਾਇਆ ਅਤੇ ਬਾਈਬਲ ਸਟੱਡੀ ਸ਼ੁਰੂ ਕਰਨ ਵਿਚ ਉਸ ਦੀ ਮਦਦ ਕੀਤੀ। ਫਿਰ ਮੱਰੀ ਕਾਰਮਨ ਦੀ ਨਾਨੀ ਨੇ ਵੀ ਬਾਈਬਲ ਵਿਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਪਰਿਵਾਰ ਦੇ 10 ਮੈਂਬਰਾਂ ਨੇ ਬਪਤਿਸਮਾ ਲੈ ਲਿਆ।
ਆਪਣੇ ਬਪਤਿਸਮੇ ਦੇ ਦਿਨ ਮਾਂ ਐਨਾ ਅਤੇ ਧੀ ਐਨਾ ਬਹੁਤ ਹੀ ਖ਼ੁਸ਼ ਸਨ। 107 ਸਾਲ ਦੀ ਐਨਾ ਨੇ ਕਿਹਾ: “ਯਹੋਵਾਹ ਨੇ ਮੇਰੇ ਨਾਲ ਕਿੰਨੀ ਭਲਾਈ ਕੀਤੀ ਹੈ ਕਿ ਉਸ ਨੇ ਆਪਣੇ ਬਾਰੇ ਮੈਨੂੰ ਸਿੱਖਣ ਦਾ ਮੌਕਾ ਦਿੱਤਾ।” ਉਸ ਦੀ ਧੀ ਨੇ ਅੱਗੇ ਕਿਹਾ: “ਨਵੀਂ ਦੁਨੀਆਂ ਆਉਣ ਤੋਂ ਪਹਿਲਾਂ ਜਿੰਨਾ ਹੋ ਸਕੇ, ਮੈਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੀ ਹਾਂ, ਉਸ ਦੀ ਇੱਛਾ ਪੂਰੀ ਕਰਨ ਦੇ ਨਾਲ-ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਚਾਹੁੰਦੀ ਹਾਂ।”
ਮੀਟਿੰਗਾਂ ਤੇ ਆ ਕੇ ਇਨ੍ਹਾਂ ਦੋਵਾਂ ਵਿਧਵਾਵਾਂ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਉਨ੍ਹਾਂ ਦੀ ਕਲੀਸਿਯਾ ਦੇ ਇਕ ਨਿਗਾਹਬਾਨ ਨੇ ਕਿਹਾ: “ਉਹ ਇਕ ਵੀ ਮੀਟਿੰਗ ਤੋਂ ਨਹੀਂ ਖੁੰਝਦੀਆਂ। ਉਹ ਪਹਿਰਾਬੁਰਜ ਅਧਿਐਨ ਦੌਰਾਨ ਹਮੇਸ਼ਾ ਟਿੱਪਣੀਆਂ ਦਿੰਦੀਆਂ ਹਨ।”
ਇਨ੍ਹਾਂ ਦੀ ਵਫ਼ਾਦਾਰੀ ਦੀ ਉਦਾਹਰਣ ਦੇਖ ਕੇ ਸਾਨੂੰ ਆੱਨਾ ਨਾਂ ਦੀ ਵਿਧਵਾ ਦੀ ਮਿਸਾਲ ਯਾਦ ਆ ਜਾਂਦੀ ਹੈ “ਜੋ ਹੈਕਲ ਨੂੰ ਨਾ ਛੱਡਦੀ ਪਰ ਵਰਤ ਰੱਖਣ ਅਤੇ ਬੇਨਤੀ ਕਰਨ ਨਾਲ ਰਾਤ ਦਿਨ ਬੰਦਗੀ ਕਰਦੀ ਰਹਿੰਦੀ ਸੀ।” ਇਸ ਤਰ੍ਹਾਂ ਕਰਨ ਨਾਲ ਉਸ ਨੂੰ ਨੰਨ੍ਹੇ ਯਿਸੂ ਨੂੰ ਦੇਖਣ ਦਾ ਮੌਕਾ ਮਿਲਿਆ। (ਲੂਕਾ 2:36-38) ਨਾ ਤਾਂ 84 ਸਾਲ ਦੀ ਆੱਨਾ ਅਤੇ ਨਾ ਹੀ ਐਨਾ ਨਾਂ ਦੀਆਂ ਦੋਵੇਂ ਤੀਵੀਆਂ ਇੰਨੀਆਂ ਬਿਰਧ ਸਨ ਕਿ ਉਹ ਯਹੋਵਾਹ ਦੀ ਸੇਵਾ ਨਹੀਂ ਕਰ ਸਕਦੀਆਂ ਸਨ।
ਕੀ ਤੁਹਾਡੇ ਰਿਸ਼ਤੇਦਾਰ ਬਾਈਬਲ ਦਾ ਸੰਦੇਸ਼ ਸੁਣਨਾ ਚਾਹੁੰਦੇ ਹਨ? ਜਾਂ ਕੀ ਤੁਹਾਨੂੰ ਕੋਈ ਬਿਰਧ ਵਿਅਕਤੀ ਮਿਲਿਆ ਹੈ ਜੋ ਤੁਹਾਡੀ ਗੱਲ ਸੁਣਦਾ ਹੈ ਜਦੋਂ ਵੀ ਤੁਸੀਂ ਉਸ ਨੂੰ ਮਿਲਣ ਜਾਂਦੇ ਹੋ? ਅਜਿਹੇ ਵਿਅਕਤੀ ਤਜਰਬੇ ਵਿਚ ਦੱਸੀਆਂ ਇਨ੍ਹਾਂ ਮਾਵਾਂ-ਧੀਆਂ ਵਾਂਗ ਬਣ ਸਕਦੇ ਹਨ ਕਿਉਂਕਿ ਸੱਚੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਸ਼ੁਰੂ ਕਰਨ ਵਿਚ ਅਜੇ ਵੀ ਦੇਰ ਨਹੀਂ ਹੋਈ।
[ਸਫ਼ਾ 25 ਉੱਤੇ ਸੁਰਖੀ]
“ਯਹੋਵਾਹ ਨੇ ਮੇਰੇ ਨਾਲ ਕਿੰਨੀ ਭਲਾਈ ਕੀਤੀ ਹੈ”
[ਸਫ਼ਾ 25 ਉੱਤੇ ਸੁਰਖੀ]
“ਨਵੀਂ ਦੁਨੀਆਂ ਆਉਣ ਤੋਂ ਪਹਿਲਾਂ ਮੈਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੀ ਹਾਂ”