ਸ਼ਾਨਦਾਰ ਵਾਧੇ ਦੇ ਵਕਤ ਸੇਵਾ
ਸ਼ਾਨਦਾਰ ਵਾਧੇ ਦੇ ਵਕਤ ਸੇਵਾ
ਹਾਰਲੀ ਹੈਰਿਸ ਦੀ ਜ਼ਬਾਨੀ
ਅਮਰੀਕਾ, ਮਿਸੂਰੀ ਦੇ ਕੈਨੈੱਟ ਸ਼ਹਿਰ ਵਿਚ 2 ਸਤੰਬਰ 1950 ਦਾ ਦਿਨ ਸੀ। ਅਸੀਂ ਆਪਣੇ ਸਰਕਟ ਸੰਮੇਲਨ ਦਾ ਆਨੰਦ ਮਾਣ ਰਹੇ ਸਾਂ ਜਦੋਂ ਲੋਕਾਂ ਦੇ ਇਕ ਟੋਲੇ ਨੇ ਆ ਕੇ ਸਾਨੂੰ ਘੇਰ ਲਿਆ। ਸ਼ਹਿਰ ਦੇ ਮੇਅਰ ਨੇ ਸਾਨੂੰ ਇਸ ਬੇਕਾਬੂ ਭੀੜ ਤੋਂ ਬਚਾਉਣ ਲਈ ਨੈਸ਼ਨਲ ਗਾਰਡ ਨੂੰ ਬੁਲਾ ਲਿਆ। ਬੰਦੂਕਾਂ ਤੇ ਚਾਕੂ ਵਾਲੀਆਂ ਰਫਲਾਂ ਨਾਲ ਤਾਇਨਾਤ ਸਿਪਾਹੀ ਸੜਕ ’ਤੇ ਪਹਿਰਾ ਦੇਣ ਲੱਗੇ। ਲੋਕਾਂ ਦੀਆਂ ਗਾਲ਼ਾਂ ਸੁਣਦੇ ਹੋਏ ਅਸੀਂ ਆਪੋ-ਆਪਣੀਆਂ ਕਾਰਾਂ ਵੱਲ ਤੁਰ ਪਏ। ਉੱਥੋਂ ਫਟਾਫਟ ਨਿਕਲ ਕੇ ਅਸੀਂ ਮਿਸੂਰੀ ਦੇ ਕੇਪ ਗੀਰਾਰਡੂ ਸ਼ਹਿਰ ਜਾ ਪਹੁੰਚੇ ਜਿੱਥੇ ਅਸੈਂਬਲੀ ਦੇ ਬਾਕੀ ਰਹਿੰਦੇ ਭਾਸ਼ਣ ਦਿੱਤੇ ਗਏ। ਇੱਥੇ ਹੀ ਮੈਂ 14 ਸਾਲਾਂ ਦੀ ਉਮਰ ਵਿਚ ਬਪਤਿਸਮਾ ਲਿਆ ਸੀ। ਪਰ ਪਹਿਲਾਂ ਮੈਨੂੰ ਦੱਸ ਲੈਣ ਦਿਓ ਕਿ ਮੈਂ ਇੰਨੇ ਹਲਚਲ ਭਰੇ ਸਮੇਂ ਦੌਰਾਨ ਯਹੋਵਾਹ ਦੀ ਸੇਵਾ ਕਿੱਦਾਂ ਕਰਨ ਲੱਗਾ।
ਸੰਨ 1930 ਦੇ ਦਹਾਕੇ ਦੇ ਸ਼ੁਰੂ-ਸ਼ੁਰੂ ਵਿਚ ਮੇਰੇ ਦਾਦਾ-ਦਾਦੀ ਜੀ ਅਤੇ ਉਨ੍ਹਾਂ ਦੇ ਅੱਠ ਬੱਚਿਆਂ ਨੇ ਭਰਾ ਰਦਰਫ਼ਰਡ ਦੇ ਭਾਸ਼ਣਾਂ ਦੀਆਂ ਰਿਕਾਰਡਿੰਗਜ਼ ਸੁਣੀਆਂ ਤੇ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਉਨ੍ਹਾਂ ਨੂੰ ਸੱਚਾਈ ਮਿਲ ਗਈ ਸੀ। ਮੇਰੇ ਪਿਤਾ ਬੇਅ ਅਤੇ ਮਾਂ ਮਿਲਡਰਿਡ ਹੈਰਿਸ ਦੋਵਾਂ ਨੇ 1935 ਨੂੰ ਵਾਸ਼ਿੰਗਟਨ ਡੀ. ਸੀ. ਵਿਚ ਹੋਏ ਸੰਮੇਲਨ ਵਿਚ ਬਪਤਿਸਮਾ ਲਿਆ ਸੀ। ਉਸ ਸੰਮੇਲਨ ਵਿਚ “ਵੱਡੀ ਭੀੜ” ਦੀ ਪਛਾਣ ਹੋਈ ਸੀ ਤੇ ਉਹ ਕਿੰਨੇ ਖ਼ੁਸ਼ ਸਨ ਕਿ ਉਹ ਇਸ ਭੀੜ ਦਾ ਹਿੱਸਾ ਸਨ!—ਪਰ. 7:9, 14.
ਉਸ ਤੋਂ ਅਗਲੇ ਸਾਲ ਮੇਰਾ ਜਨਮ ਹੋਇਆ। ਫਿਰ ਇਕ ਸਾਲ ਬਾਅਦ ਮੇਰੇ ਮਾਪੇ ਮਿਸਿਸਿਪੀ ਦੇ ਉਸ ਇਲਾਕੇ ਵਿਚ ਰਹਿਣ ਚਲੇ ਗਏ ਜਿੱਥੇ ਕੋਈ ਗਵਾਹ ਜਾਂ ਕਲੀਸਿਯਾ ਨਹੀਂ ਸੀ। ਸਾਡੇ ਉੱਥੇ ਰਹਿੰਦਿਆਂ ਕੋਈ ਸਫ਼ਰੀ ਨਿਗਾਹਬਾਨ ਨਹੀਂ ਆਇਆ। ਮੇਰਾ ਪਰਿਵਾਰ ਬੈਥਲ ਨੂੰ ਚਿੱਠੀਆਂ ਲਿਖਦਾ ਸੀ ਅਤੇ ਫਿਰ ਅਸੀਂ ਸੰਮੇਲਨਾਂ ਵਿਚ ਜਾਂਦੇ ਸਾਂ। ਕੁਝ ਸਮੇਂ ਤਕ ਭੈਣਾਂ-ਭਰਾਵਾਂ ਨਾਲ ਸਾਡੀ ਇੰਨੀ ਕੁ ਸੰਗਤ ਹੁੰਦੀ ਸੀ।
ਸਤਾਹਟਾਂ ਸਹਿਣੀਆਂ
ਦੂਜੇ ਵਿਸ਼ਵ-ਯੁੱਧ ਦੌਰਾਨ ਯਹੋਵਾਹ ਦੇ ਗਵਾਹਾਂ ਨੇ ਨਿਰਪੱਖ ਰਹਿਣ ਕਰਕੇ ਬਹੁਤ ਸਤਾਹਟਾਂ ਸਹੀਆਂ। ਅਸੀਂ ਉਸ ਸਮੇਂ ਅਰਕਾਂਸਾਸ ਦੇ ਮਾਉਂਟਨ ਹੋਮ ਸ਼ਹਿਰ ਚਲੇ ਗਏ ਸੀ। ਇਕ ਦਿਨ ਮੈਂ ਤੇ ਮੇਰੇ ਪਿਤਾ ਜੀ ਸੜਕ ਤੇ ਗਵਾਹੀ ਦੇ ਰਹੇ ਸੀ। ਅਚਾਨਕ ਇਕ ਆਦਮੀ ਨੇ ਮੇਰੇ ਪਿਤਾ ਦੇ ਹੱਥੋਂ ਰਸਾਲੇ ਖੋਹ ਕੇ ਉਨ੍ਹਾਂ ਨੂੰ ਸਾਡੀਆਂ ਅੱਖਾਂ ਸਾਮ੍ਹਣੇ ਅੱਗ ਲਾ ਦਿੱਤੀ। ਉਸ ਨੇ ਸਾਨੂੰ ਡਰਪੋਕ ਕਿਹਾ ਕਿਉਂਕਿ ਅਸੀਂ ਯੁੱਧ ਲੜਨ ਨਹੀਂ ਗਏ ਸਾਂ। ਮੈਂ ਉਦੋਂ ਅਜੇ ਪੰਜ ਕੁ ਸਾਲਾਂ ਦਾ ਸੀ ਤੇ ਰੋਣ ਲੱਗ ਪਿਆ। ਮੇਰੇ ਪਿਤਾ ਜੀ ਬਿਨਾਂ ਕੁਝ ਕਹੇ ਸ਼ਾਂਤੀ ਨਾਲ ਉਸ ਬੰਦੇ ਵੱਲ ਦੇਖਦੇ ਰਹੇ ਜਦ ਤਕ ਉਹ ਉੱਥੋਂ ਚਲਾ ਨਹੀਂ ਗਿਆ।
ਕੁਝ ਚੰਗੇ ਲੋਕਾਂ ਨਾਲ ਵੀ ਸਾਡਾ ਵਾਹ ਪਿਆ ਜਿਨ੍ਹਾਂ ਨੇ ਸਾਡਾ ਪੱਖ ਲਿਆ। ਇਕ ਵਾਰ ਇਕ ਟੋਲੇ ਨੇ ਸਾਡੀ ਗੱਡੀ ਨੂੰ ਘੇਰਿਆ ਹੋਇਆ ਸੀ ਤੇ ਕੋਲੋਂ ਦੀ ਲੰਘ ਰਹੇ ਇਕ ਵਕੀਲ ਨੇ ਉਨ੍ਹਾਂ ਨੂੰ ਦੇਖ ਲਿਆ। ਉਸ ਨੇ ਪੁੱਛਿਆ: “ਕੀ ਹੋ ਰਿਹਾ ਇੱਥੇ?” ਇਕ ਬੰਦੇ ਨੇ ਜਵਾਬ ਦਿੱਤਾ: “ਇਹ ਯਹੋਵਾਹ ਦੇ ਗਵਾਹ ਆਪਣੇ ਦੇਸ਼ ਲਈ ਨਹੀਂ ਲੜਦੇ!” ਇਹ ਸੁਣ ਕੇ ਉਹ ਵਕੀਲ ਸਾਡੀ ਕਾਰ ਦੇ ਇਕ ਪਾਸੇ ਚੜ੍ਹਨ ਲਈ ਲੱਗੇ ਪੌਡੇ ਉੱਤੇ ਚੜ੍ਹ ਕੇ ਚਿਲਾਇਆ: ਰਸੂ. 27:3.
“ਮੈਂ ਪਹਿਲੇ ਵਿਸ਼ਵ-ਯੁੱਧ ਵਿਚ ਲੜਿਆ ਸੀ ਤੇ ਇਸ ਯੁੱਧ ਵਿਚ ਵੀ ਜ਼ਰੂਰ ਲੜਾਂਗਾ! ਇਨ੍ਹਾਂ ਲੋਕਾਂ ਨੂੰ ਜਾਣ ਦਿਓ। ਉਹ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦੇ!” ਭੀੜ ਚੁੱਪ-ਚਾਪ ਤਿੱਤਰ-ਬਿੱਤਰ ਹੋ ਗਈ। ਇਨਸਾਨੀਅਤ ਦੇ ਨਾਤੇ ਮਦਦ ਕਰਨ ਵਾਲੇ ਅਜਿਹੇ ਲੋਕਾਂ ਦੇ ਅਸੀਂ ਕਿੰਨੇ ਸ਼ੁਕਰਗੁਜ਼ਾਰ ਸਾਂ!—ਸੰਮੇਲਨ ਸਾਨੂੰ ਮਜ਼ਬੂਤ ਕਰਦੇ ਹਨ
ਮਿਸੂਰੀ ਦੇ ਸੇਂਟ ਲੂਈ ਸ਼ਹਿਰ ਵਿਚ 1941 ਵਿਚ ਹੋਇਆ ਸੰਮੇਲਨ ਸਾਡੇ ਲਈ ਬਹੁਤ ਅਹਿਮ ਰਿਹਾ ਸੀ। ਇਕ ਅੰਦਾਜ਼ੇ ਅਨੁਸਾਰ ਉੱਥੇ 1,15,000 ਤੋਂ ਜ਼ਿਆਦਾ ਭੈਣ-ਭਰਾ ਹਾਜ਼ਰ ਸਨ। 3,903 ਜਣਿਆਂ ਨੂੰ ਬਪਤਿਸਮਾ ਲੈਂਦੇ ਦੇਖ ਕੇ ਅਸੀਂ ਕਿੰਨੇ ਹੈਰਾਨ ਹੋਏ! ਮੈਨੂੰ ਭਰਾ ਰਦਰਫ਼ਰਡ ਦਾ “ਰਾਜੇ ਦੇ ਬੱਚੇ” ਨਾਮਕ ਭਾਸ਼ਣ ਹਾਲੇ ਵੀ ਚੰਗੀ ਤਰ੍ਹਾਂ ਯਾਦ ਹੈ। ਉਸ ਨੇ ਸਿੱਧਾ ਸਾਨੂੰ ਬੱਚਿਆਂ ਨੂੰ ਸੰਬੋਧਨ ਕੀਤਾ ਤੇ ਬਾਅਦ ਵਿਚ ਸਾਨੂੰ ਸਾਰਿਆਂ ਨੂੰ “ਚਿਲਡ੍ਰਨ” ਨਾਂ ਦੀ ਨੀਲੇ ਰੰਗ ਦੀ ਸੋਹਣੀ ਕਿਤਾਬ ਦਿੱਤੀ ਗਈ। ਇਸ ਸੰਮੇਲਨ ਨੇ ਮੈਨੂੰ ਅਗਲੇ ਸਾਲ ਹੋਣ ਵਾਲੀਆਂ ਗੱਲਾਂ ਨੂੰ ਸਹਿਣ ਦੀ ਤਾਕਤ ਦਿੱਤੀ ਜਿਸ ਸਾਲ ਮੈਂ ਸਕੂਲ ਜਾਣਾ ਸ਼ੁਰੂ ਕਰਨਾ ਸੀ। ਝੰਡੇ ਨੂੰ ਸਲਾਮੀ ਨਾ ਦੇਣ ਕਰਕੇ ਮੈਨੂੰ ਤੇ ਮੇਰੇ ਚਾਚੇ ਦੀਆਂ ਕੁੜੀਆਂ ਨੂੰ ਸਕੂਲੋਂ ਕੱਢ ਦਿੱਤਾ ਗਿਆ। ਅਸੀਂ ਰੋਜ਼ ਇਸ ਉਮੀਦ ਨਾਲ ਸਕੂਲ ਜਾਂਦੇ ਸੀ ਕਿ ਸ਼ਾਇਦ ਸਕੂਲ ਦੇ ਡਾਇਰੈਕਟਰਾਂ ਨੇ ਸਾਡੇ ਬਾਰੇ ਆਪਣਾ ਮਨ ਬਦਲ ਲਿਆ ਹੋਵੇਗਾ। ਅਸੀਂ ਜੰਗਲੀ ਇਲਾਕੇ ਵਿੱਚੋਂ ਦੀ ਤੁਰ ਕੇ ਸਕੂਲ ਜਾਂਦੇ ਰਹੇ, ਪਰ ਉਹ ਸਾਨੂੰ ਰੋਜ਼ ਘਰ ਭੇਜ ਦਿੰਦੇ ਸਨ। ਪਰ ਮੈਂ ਸੋਚਿਆ ਕਿ ਇਹ ਪਰਮੇਸ਼ੁਰ ਦੇ ਰਾਜ ਪ੍ਰਤਿ ਸਾਡੀ ਵਫ਼ਾਦਾਰੀ ਦਾ ਸਬੂਤ ਸੀ।
ਥੋੜ੍ਹੀ ਹੀ ਦੇਰ ਬਾਅਦ ਅਮਰੀਕਾ ਦੀ ਸੁਪਰੀਮ ਕੋਰਟ ਨੇ ਫ਼ੈਸਲਾ ਕੀਤਾ ਕਿ ਝੰਡੇ ਨੂੰ ਸਲਾਮੀ ਦੇਣੀ ਜ਼ਰੂਰੀ ਨਹੀਂ ਹੈ। ਇਸ ਲਈ ਅਸੀਂ ਫਿਰ ਤੋਂ ਸਕੂਲ ਜਾਣ ਲੱਗ ਪਏ। ਸਾਡਾ ਅਧਿਆਪਕ ਬਹੁਤ ਹੀ ਚੰਗਾ ਸੀ ਅਤੇ ਉਸ ਨੇ ਸਾਨੂੰ ਉਹ ਸਾਰਾ ਕੰਮ ਕਰਨ ਲਈ ਸਮਾਂ ਦਿੱਤਾ ਜੋ ਦੂਸਰੇ ਬੱਚੇ ਹੁਣ ਤਕ ਕਰ ਚੁੱਕੇ ਸਨ। ਸਕੂਲ ਦੇ ਦੂਸਰੇ ਬੱਚਿਆਂ ਨੇ ਵੀ ਸਾਡੇ ਨਾਲ ਚੰਗਾ ਸਲੂਕ ਕੀਤਾ।
ਮੈਨੂੰ ਯਾਦ ਹੈ ਜਦੋਂ 1942 ਵਿਚ ਓਹੀਓ ਦੇ ਕਲੀਵਲੈਂਡ ਸ਼ਹਿਰ ਵਿਚ ਭਰਾ ਨੇਥਨ ਐੱਚ. ਨੌਰ ਨੇ “ਸ਼ਾਂਤੀ—ਕੀ ਇਹ ਸਦਾ ਲਈ ਮਿਲ ਸਕਦੀ ਹੈ?” ਨਾਂ ਦਾ ਭਾਸ਼ਣ ਦਿੱਤਾ ਸੀ। ਪਰਕਾਸ਼ ਦੀ ਪੋਥੀ ਦੇ 17ਵੇਂ ਅਧਿਆਇ ਦੀ ਜਾਂਚ ਕਰ ਕੇ ਪਤਾ ਚੱਲਿਆ ਕਿ ਦੂਜੇ ਵਿਸ਼ਵ-ਯੁੱਧ ਤੋਂ ਬਾਅਦ ਸੰਸਾਰ ਵਿਚ ਕੁਝ ਹੱਦ ਤਕ ਸ਼ਾਂਤੀ ਹੋਵੇਗੀ। ਇਸ ਕਰਕੇ ਭਵਿੱਖ ਵਿਚ ਭੈਣਾਂ-ਭਰਾਵਾਂ ਦੀ ਗਿਣਤੀ ਵਿਚ ਵਾਧਾ ਹੋਣ ਦੀ ਉਮੀਦ ਸੀ। ਇਸ ਵਾਧੇ ਵਾਸਤੇ ਤਿਆਰ ਹੋਣ ਲਈ 1943 ਵਿਚ ਗਿਲਿਅਡ ਸਕੂਲ ਸ਼ੁਰੂ ਕੀਤਾ ਗਿਆ। ਮੈਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਭਵਿੱਖ ਵਿਚ ਇਹ ਕਿਵੇਂ ਮੇਰੀ ਜ਼ਿੰਦਗੀ ’ਤੇ ਪ੍ਰਭਾਵ ਪਾਵੇਗਾ। ਯੁੱਧ ਤੋਂ ਬਾਅਦ ਵਾਕਈ ਸ਼ਾਂਤੀ ਹੋਈ ਅਤੇ ਸਤਾਹਟ ਵੀ ਘੱਟ ਗਈ। ਪਰ 1950 ਵਿਚ ਕੋਰੀਆ ਦੀ ਜੰਗ ਸ਼ੁਰੂ ਹੋਣ ਵੇਲੇ ਸਾਡੇ ਪ੍ਰਚਾਰ ਦੇ ਕੰਮ ਦਾ ਵਿਰੋਧ ਹੋਣ ਲੱਗ ਪਿਆ ਜਿਵੇਂ ਇਸ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਹੈ।
ਵਾਧੇ ਵਿਚ ਵਧ-ਚੜ੍ਹ ਕੇ ਹਿੱਸਾ ਪਾਇਆ
1954 ਵਿਚ ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਇਕ ਮਹੀਨੇ ਬਾਅਦ ਮੈਂ ਪਾਇਨੀਅਰਿੰਗ ਕਰਨ ਲੱਗ ਪਿਆ। ਮੈਂ ਮਿਸੂਰੀ ਦੇ ਕੈਨੈੱਟ ਸ਼ਹਿਰ ਵਿਚ ਸੇਵਾ ਕਰਦਾ ਸੀ ਜਿੱਥੇ 1950 ਵਿਚ ਸਾਨੂੰ ਇਕ ਟੋਲੇ ਨੇ ਘੇਰ ਲਿਆ ਸੀ। ਫਿਰ ਮੈਨੂੰ ਮਾਰਚ 1955 ਵਿਚ ਬੈਥਲ ਵਿਚ ਸੇਵਾ ਕਰਨ ਲਈ ਬੁਲਾਇਆ ਗਿਆ। ਜਿਸ ਕਲੀਸਿਯਾ ਵਿਚ ਮੈਨੂੰ ਭੇਜਿਆ ਗਿਆ ਸੀ, ਉਹ ਨਿਊਯਾਰਕ ਸ਼ਹਿਰ ਦੇ ਗੱਭੇ ਟਾਈਮਜ਼ ਸਕੁਏਰ ਵਿਚ ਪ੍ਰਚਾਰ ਕਰਦੀ ਸੀ। ਮੈਨੂੰ ਇਹ ਪੇਂਡੂ ਇਲਾਕਿਆਂ ਤੋਂ ਕਿੰਨਾ ਵੱਖਰਾ ਲੱਗਾ! ਮੈਂ ਉਨ੍ਹਾਂ ਮਸਰੂਫ ਸ਼ਹਿਰੀਆਂ ਦਾ ਧਿਆਨ ਖਿੱਚਣ ਲਈ ਰਸਾਲਾ ਖੋਲ੍ਹ ਕੇ ਕੋਈ ਵਧੀਆ ਲੇਖ ਦਿਖਾਉਂਦਾ ਸੀ ਤੇ ਕਹਿੰਦਾ ਸੀ, “ਕੀ ਤੁਸੀਂ ਆਪਣੇ ਆਪ ਨੂੰ ਕਦੇ ਇਹ ਸਵਾਲ ਪੁੱਛਿਆ ਹੈ?” ਇਸ ਤਰ੍ਹਾਂ ਕਈ ਲੋਕ ਰਸਾਲੇ ਲੈ ਲੈਂਦੇ ਸਨ।
ਬੈਥਲ ਵਿਚ ਸਵੇਰ ਦਾ ਉਹ ਵੇਲਾ ਮੈਨੂੰ ਬੜਾ ਪਸੰਦ ਸੀ ਜਦੋਂ ਭਰਾ ਨੌਰ ਬਾਈਬਲ ਦੇ ਹਵਾਲਿਆਂ ਉੱਤੇ ਚਰਚਾ ਕਰਦੇ ਸਨ। ਉਹ ਬਾਈਬਲ ਦੀਆਂ ਆਇਤਾਂ ਵਿਚ ਜਾਨ ਪਾ ਦਿੰਦੇ ਸਨ ਤੇ ਦਿਖਾਉਂਦੇ ਸਨ ਕਿ ਅਸੀਂ ਉਨ੍ਹਾਂ ਨੂੰ ਕਿੱਦਾਂ ਲਾਗੂ ਕਰ ਸਕਦੇ ਸਾਂ! ਉਹ ਸਾਰੇ ਕੁਆਰੇ ਭਰਾਵਾਂ ਨਾਲ ਪਿਤਾ ਵਾਂਗ ਗੱਲ ਕਰਦੇ ਸਨ ਤੇ ਅਕਸਰ ਸਾਨੂੰ ਵਧੀਆ ਸਲਾਹ ਦਿੰਦੇ ਸਨ ਕਿ ਸਾਨੂੰ ਭੈਣਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। 1960 ਵਿਚ ਮੈਂ ਵਿਆਹ ਕਰਾਉਣ ਦਾ ਫ਼ੈਸਲਾ ਕਰ ਲਿਆ।
ਮੈਂ ਬੈਥਲ ਛੱਡਣ ਲਈ 30 ਦਿਨਾਂ ਦਾ ਨੋਟਿਸ ਦੇ ਦਿੱਤਾ, ਪਰ ਮੈਨੂੰ ਕੋਈ ਜਵਾਬ ਨਹੀਂ ਆਇਆ। ਭਾਵੇਂ ਮੈਂ ਕਾਫ਼ੀ ਸ਼ਰਮਾਕਲ ਸੀ, ਪਰ 30 ਦਿਨਾਂ ਤੋਂ ਬਾਅਦ ਮੈਂ ਹਿੰਮਤ ਕਰ ਕੇ ਟੈਲੀਫ਼ੋਨ ’ਤੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਮੇਰਾ ਨੋਟਿਸ ਮਿਲਿਆ ਸੀ ਜਾਂ ਨਹੀਂ। ਭਰਾ ਰਾਬਰਟ ਵੌਲਨ ਨੇ ਟੈਲੀਫ਼ੋਨ ’ਤੇ ਮੇਰੇ ਨਾਲ ਗੱਲ ਕੀਤੀ ਤੇ ਜਿੱਥੇ ਮੈਂ ਕੰਮ ਕਰ ਰਿਹਾ ਸੀ ਉੱਥੇ ਮੈਨੂੰ ਮਿਲਣ ਲਈ ਆਏ। ਉਨ੍ਹਾਂ ਨੇ ਮੈਨੂੰ ਸਪੈਸ਼ਲ ਪਾਇਨੀਅਰਿੰਗ ਜਾਂ ਸਰਕਟ ਕੰਮ ਕਰਨ ਬਾਰੇ ਮੇਰਾ ਵਿਚਾਰ ਪੁੱਛਿਆ। ਪਰ ਮੈਂ ਉਨ੍ਹਾਂ ਨੂੰ ਕਿਹਾ ਕਿ “ਬੌਬ, ਮੇਰੀ ਉਮਰ ਅਜੇ ਸਿਰਫ਼ 24 ਸਾਲ ਹੈ ਤੇ ਮੈਨੂੰ ਕੋਈ ਤਜਰਬਾ ਨਹੀਂ।”
ਸਰਕਟ ਕੰਮ
ਉਸੇ ਰਾਤ ਮੇਰੇ ਕਮਰੇ ਵਿਚ ਇਕ ਵੱਡਾ ਸਾਰਾ ਲਿਫ਼ਾਫ਼ਾ ਪਿਆ ਸੀ। ਉਸ ਵਿਚ ਇਕ ਅਰਜ਼ੀ ਸਪੈਸ਼ਲ ਪਾਇਨੀਅਰਿੰਗ
ਲਈ ਤੇ ਦੂਸਰੀ ਸਰਕਟ ਕੰਮ ਲਈ ਸੀ। ਮੈਂ ਦੰਗ ਰਹਿ ਗਿਆ! ਇਸ ਤਰ੍ਹਾਂ ਮੈਨੂੰ ਦੱਖਣ-ਪੱਛਮੀ ਮਿਸੂਰੀ ਅਤੇ ਪੂਰਬੀ ਕੈਂਸਸ ਵਿਚ ਸਰਕਟ ਕੰਮ ਕਰਦਿਆਂ ਆਪਣੇ ਭਰਾਵਾਂ ਦੀ ਸੇਵਾ ਕਰਨ ਦਾ ਵੱਡਾ ਸਨਮਾਨ ਮਿਲਿਆ। ਪਰ ਬੈਥਲ ਛੱਡਣ ਤੋਂ ਪਹਿਲਾਂ ਮੈਂ ਸਫ਼ਰੀ ਨਿਗਾਹਬਾਨਾਂ ਲਈ ਇਕ ਮੀਟਿੰਗ ਵਿਚ ਹਾਜ਼ਰ ਹੋਇਆ। ਮੀਟਿੰਗ ਸਮਾਪਤ ਕਰਦਿਆਂ ਭਰਾ ਨੌਰ ਨੇ ਕਿਹਾ: “ਸਰਕਟ ਅਤੇ ਡਿਸਟ੍ਰਿਕਟ ਨਿਗਾਹਬਾਨ ਹੋਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਭੈਣਾਂ-ਭਰਾਵਾਂ ਨਾਲੋਂ ਜ਼ਿਆਦਾ ਜਾਣਦੇ ਹੋ। ਕਈ ਭੈਣਾਂ-ਭਰਾਵਾਂ ਨੂੰ ਤੁਹਾਡੇ ਨਾਲੋਂ ਜ਼ਿਆਦਾ ਤਜਰਬਾ ਹੈ। ਪਰ ਉਹ ਆਪਣੇ ਹਾਲਾਤਾਂ ਕਰਕੇ ਤੁਹਾਡੇ ਵਾਂਗ ਸਰਕਟ ਕੰਮ ਨਹੀਂ ਕਰ ਸਕਦੇ। ਤੁਸੀਂ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਦੇ ਹੋ।”ਇਹ ਗੱਲ ਕਿੰਨੀ ਸੱਚ ਸਾਬਤ ਹੋਈ! ਕੈਂਸਸ ਦੇ ਪਾਰਸਜ਼ ਸ਼ਹਿਰ ਵਿਚ ਭਰਾ ਚਾਰਲੀ, ਉਸ ਦਾ ਭਰਾ ਫ੍ਰੈੱਡ ਮੋਲਹਨ ਅਤੇ ਉਸ ਦੀ ਪਤਨੀ ਮੇਰੇ ਲਈ ਬਹੁਤ ਹੀ ਵਧੀਆ ਮਿਸਾਲਾਂ ਸਨ। ਉਨ੍ਹਾਂ ਨੇ 1900 ਦੇ ਦਹਾਕੇ ਦੇ ਸ਼ੁਰੂ ਵਿਚ ਸੱਚਾਈ ਸਿੱਖੀ ਸੀ। ਮੈਨੂੰ ਉਨ੍ਹਾਂ ਦੇ ਉਸ ਵੇਲੇ ਦੇ ਤਜਰਬੇ ਸੁਣ ਕੇ ਬਹੁਤ ਚੰਗਾ ਲੱਗਾ ਜਦੋਂ ਮੈਂ ਅਜੇ ਜੰਮਿਆ ਵੀ ਨਹੀਂ ਸੀ! ਇਕ ਹੋਰ ਭਰਾ ਜੌਨ ਰਿਸਟਨ ਸੀ ਅਤੇ ਇਹ ਪਿਆਰਾ ਬਿਰਧ ਭਰਾ ਮਿਸੂਰੀ ਦੇ ਜੌਪਨਿਲ ਸ਼ਹਿਰ ਦਾ ਸੀ ਜੋ ਕਈ ਦਹਾਕਿਆਂ ਤੋਂ ਪਾਇਨੀਅਰਿੰਗ ਕਰ ਰਿਹਾ ਸੀ। ਇਹ ਪਿਆਰੇ ਭਰਾ ਯਹੋਵਾਹ ਦੀ ਸੰਸਥਾ ਦਾ ਬਹੁਤ ਆਦਰ ਕਰਦੇ ਸਨ ਕਿ ਸੰਸਥਾ ਕਿੰਨੇ ਵਧੀਆ ਢੰਗ ਨਾਲ ਕੰਮ ਕਰਦੀ ਹੈ। ਉਨ੍ਹਾਂ ਨੇ ਸਰਕਟ ਨਿਗਾਹਬਾਨ ਵਜੋਂ ਮੇਰੀ ਬਹੁਤ ਕਦਰ ਕੀਤੀ ਭਾਵੇਂ ਮੈਂ ਉਨ੍ਹਾਂ ਤੋਂ ਬਹੁਤ ਛੋਟਾ ਸੀ।
1962 ਵਿਚ ਮੈਂ ਮਹਿੰਦੀ-ਰੰਗੇ ਵਾਲਾਂ ਵਾਲੀ ਇਕ ਪਾਇਨੀਅਰ ਭੈਣ ਕਲੋਰਿਸ ਕਨੋਕ ਨਾਲ ਵਿਆਹ ਕਰਾ ਲਿਆ। ਕਲੋਰਿਸ ਤੇ ਮੈਂ ਇਕੱਠੇ ਸਰਕਟ ਕੰਮ ਵਿਚ ਲੱਗੇ ਰਹੇ। ਭਰਾਵਾਂ ਦੇ ਘਰਾਂ ਵਿਚ ਰਹਿ ਕੇ ਸਾਡੀ ਉਨ੍ਹਾਂ ਨਾਲ ਚੰਗੀ ਵਾਕਫ਼ੀਅਤ ਹੋਈ। ਅਸੀਂ ਨੌਜਵਾਨ ਭੈਣਾਂ-ਭਰਾਵਾਂ ਨੂੰ ਫੁੱਲ-ਟਾਈਮ ਸੇਵਾ ਕਰਨ ਦਾ ਉਤਸ਼ਾਹ ਦਿੱਤਾ। ਸਾਡੇ ਸਰਕਟ ਵਿਚ ਦੋ ਨੌਜਵਾਨ, ਜੇਅ ਕੋਸਿੰਸਕੀ ਅਤੇ ਜੋਐਨ ਕ੍ਰੈਸੀਮਨ ਇਹ ਉਤਸ਼ਾਹ ਮਿਲਣ ਤੇ ਬਹੁਤ ਉਤਾਵਲੇ ਸਨ। ਅਸੀਂ ਉਨ੍ਹਾਂ ਨਾਲ ਪ੍ਰਚਾਰ ਕੀਤਾ ਅਤੇ ਉਨ੍ਹਾਂ ਖ਼ੁਸ਼ੀਆਂ ਬਾਰੇ ਦੱਸਿਆ ਜੋ ਯਹੋਵਾਹ ਦੀ ਸੇਵਾ ਵਿਚ ਆਪਾ ਵਾਰਨ ਨਾਲ ਮਿਲਦੀਆਂ ਹਨ। ਇਸ ਤੋਂ ਉਨ੍ਹਾਂ ਨੂੰ ਟੀਚੇ ਰੱਖਣ ਦੀ ਪ੍ਰੇਰਣਾ ਮਿਲੀ। ਜੋਐਨ ਸਪੈਸ਼ਲ ਪਾਇਨੀਅਰ ਬਣ ਗਈ ਅਤੇ ਜੇਅ ਬੈਥਲ ਵਿਚ ਸੇਵਾ ਕਰਨ ਲੱਗ ਪਿਆ। ਬਾਅਦ ਵਿਚ ਉਨ੍ਹਾਂ ਨੇ ਵਿਆਹ ਕਰਾ ਲਿਆ ਤੇ ਹੁਣ ਉਨ੍ਹਾਂ ਨੂੰ ਸਰਕਟ ਕੰਮ ਕਰਦਿਆਂ 30 ਸਾਲ ਹੋ ਚੁੱਕੇ ਹਨ।
ਮਿਸ਼ਨਰੀ ਸੇਵਾ
1966 ਵਿਚ ਭਰਾ ਨੌਰ ਨੇ ਸਾਨੂੰ ਪੁੱਛਿਆ ਕਿ ਕੀ ਅਸੀਂ ਵਿਦੇਸ਼ ਵਿਚ ਸੇਵਾ ਕਰਨੀ ਪਸੰਦ ਕਰਾਂਗੇ? ਅਸੀਂ ਜਵਾਬ ਦਿੱਤਾ ਕਿ “ਅਸੀਂ ਜਿੱਥੇ ਹਾਂ, ਉੱਥੇ ਖ਼ੁਸ਼ ਹਾਂ, ਪਰ ਜੇ ਸਾਡੀ ਕਿਤੇ ਹੋਰ ਲੋੜ ਹੈ, ਤਾਂ ਅਸੀਂ ਖ਼ੁਸ਼ੀ-ਖ਼ੁਸ਼ੀ ਜਾਣ ਲਈ ਤਿਆਰ ਹਾਂ।” ਇਕ ਹਫ਼ਤੇ ਬਾਅਦ ਸਾਨੂੰ ਗਿਲਿਅਡ ਸਕੂਲ ਜਾਣ ਦਾ ਸੱਦਾ ਆ ਗਿਆ। ਇਹ ਕਿੰਨੀ ਖ਼ੁਸ਼ੀ ਦੀ ਗੱਲ ਸੀ ਕਿ ਸਕੂਲ ਵਿਚ ਸਿਖਲਾਈ ਲੈਣ ਦੇ ਨਾਲ-ਨਾਲ ਮੈਂ ਬੈਥਲ ਵਿਚ ਉਨ੍ਹਾਂ ਕਈ ਪਿਆਰੇ ਭੈਣਾਂ-ਭਰਾਵਾਂ ਨੂੰ ਮਿਲ ਸਕਿਆ ਜਿਨ੍ਹਾਂ ਦਾ ਮੈਂ ਆਦਰ ਕਰਦਾ ਸੀ! ਅਸੀਂ ਆਪਣੀ ਕਲਾਸ ਦੇ ਵਿਦਿਆਰਥੀਆਂ ਨਾਲ ਵੀ ਦੋਸਤੀ ਕੀਤੀ ਜੋ ਹਾਲੇ ਵੀ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਹਨ।
ਕਲੋਰਿਸ ਤੇ ਮੈਨੂੰ, ਡੈਨਿਸ ਅਤੇ ਐਡਵੀਨਾ ਕ੍ਰਿਸਟ, ਆਨਾ ਰੋਡਰਿਗਜ਼ ਅਤੇ ਡੇਲੀਆ ਸੈਂਚੇਜ਼ ਦੇ ਨਾਲ ਦੱਖਣੀ ਅਮਰੀਕਾ ਵਿਚ ਇਕਵੇਡਾਰ ਭੇਜਿਆ ਗਿਆ। ਡੈਨਿਸ ਤੇ ਐਡਵੀਨਾ ਨੂੰ ਕੀਟੋ ਨਾਂ ਦੀ ਰਾਜਧਾਨੀ ਵਿਚ ਘੱਲਿਆ ਗਿਆ। ਸਾਡੇ ਵਾਂਗ ਆਨਾ ਅਤੇ ਡੇਲੀਆ ਨੂੰ ਇਕਵੇਡਾਰ ਦੇ ਤੀਜੇ ਵੱਡੇ ਸ਼ਹਿਰ ਕੁਏਨਕਾ ਵਿਚ ਘੱਲਿਆ ਗਿਆ। ਇਸ ਇਲਾਕੇ ਦੇ ਦੋ ਸੂਬੇ ਹਨ। ਕੁਏਨਕਾ ਸ਼ਹਿਰ ਦੀ ਪਹਿਲੀ ਕਲੀਸਿਯਾ ਸਾਡੇ ਘਰੋਂ ਸ਼ੁਰੂ ਹੋਈ। ਅਸੀਂ ਸਿਰਫ਼ ਚਾਰ ਜਣੇ ਸਾਂ ਤੇ ਸਾਡੇ ਨਾਲ ਹੋਰ ਦੋ ਕੁ ਜਣੇ ਸਨ। ਅਸੀਂ ਸੋਚ ਰਹੇ ਸੀ ਕਿ ਅਸੀਂ ਪ੍ਰਚਾਰ ਦਾ ਕੰਮ ਕਿੱਦਾਂ ਕਰ ਪਾਵਾਂਗੇ।
ਕੁਏਨਕਾ ਸ਼ਹਿਰ ਚਰਚਾਂ ਨਾਲ ਭਰਿਆ ਪਿਆ ਸੀ, ਉੱਥੇ ਦੇ ਲੋਕ ਤਰ੍ਹਾਂ-ਤਰ੍ਹਾਂ ਦੇ ਤਿਉਹਾਰ ਮਨਾਉਂਦੇ ਸਨ ਅਤੇ ਧਾਰਮਿਕ
ਜਲੂਸ ਕੱਢਦੇ ਸਨ। ਪਰ ਕੁਏਨਕਾ ਦੇ ਲੋਕਾਂ ਦੇ ਮਨਾਂ ਵਿਚ ਬਹੁਤ ਸਵਾਲ ਸਨ। ਮਿਸਾਲ ਲਈ, ਜਦੋਂ ਮੈਂ ਕੁਏਨਕਾ ਦੇ ਸਾਈਕਲਿਸਟ ਚੈਂਪੀਅਨ ਮਾਰੀਓ ਪੋਲੋ ਨੂੰ ਪਹਿਲੀ ਵਾਰ ਮਿਲਿਆ, ਤਾਂ ਉਸ ਨੇ ਮੈਨੂੰ ਇਹ ਸਵਾਲ ਪੁੱਛ ਕੇ ਹੈਰਾਨ ਕਰ ਦਿੱਤਾ ਕਿ “ਪਰਕਾਸ਼ ਦੀ ਪੋਥੀ ਵਿਚ ਜ਼ਿਕਰ ਕੀਤੀ ਕੰਜਰੀ ਕੌਣ ਹੈ?”ਇਕ ਹੋਰ ਵਾਰ ਮਾਰੀਓ ਰਾਤ ਨੂੰ ਸਾਡੇ ਘਰ ਬੜਾ ਘਬਰਾਇਆ ਹੋਇਆ ਆਇਆ। ਇਕ ਈਸਾਈ ਪਾਦਰੀ ਨੇ ਉਸ ਨੂੰ ਕੁਝ ਪੜ੍ਹਨ ਨੂੰ ਦਿੱਤਾ ਜਿਸ ਵਿਚ ਯਹੋਵਾਹ ਦੇ ਗਵਾਹਾਂ ਉੱਤੇ ਗੰਭੀਰ ਦੋਸ਼ ਲਾਏ ਹੋਏ ਸਨ। ਮੈਂ ਉਸ ਨੂੰ ਕਿਹਾ ਕਿ ਦੋਸ਼ੀ ਨੂੰ ਆਪਣੀ ਸਫ਼ਾਈ ਪੇਸ਼ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਸੋ ਅਗਲੇ ਦਿਨ ਮਾਰੀਓ ਨੇ ਉਸ ਪਾਦਰੀ ਨੂੰ ਤੇ ਮੈਨੂੰ ਆਪਣੇ ਘਰ ਬੁਲਾਇਆ ਤਾਂਕਿ ਮੈਂ ਲਗਾਏ ਇਲਜ਼ਾਮਾਂ ਦਾ ਉਸ ਨੂੰ ਜਵਾਬ ਦੇ ਸਕਾਂ। ਉਸ ਨੂੰ ਮਿਲਣ ਤੇ ਮੈਂ ਕਿਹਾ ਕਿ ਆਓ ਆਪਾਂ ਤ੍ਰਿਏਕ ਦੀ ਸਿੱਖਿਆ ਬਾਰੇ ਗੱਲ ਕਰੀਏ। ਜਦ ਪਾਦਰੀ ਨੇ ਯੂਹੰਨਾ 1:1 ਪੜ੍ਹਿਆ, ਤਾਂ ਮਾਰੀਓ ਨੇ ਖ਼ੁਦ ਇਸ ਆਇਤ ਦਾ ਮਤਲਬ ਸਮਝਾਇਆ। ਉਸ ਨੇ ਹੋਰ ਵੀ ਇਹੋ ਜਿਹੀਆਂ ਬਾਈਬਲ ਦੀਆਂ ਦੂਜੀਆਂ ਆਇਤਾਂ ਸਮਝਾਈਆਂ। ਅਸੀਂ ਸਮਝ ਸਕਦੇ ਸਾਂ ਕਿ ਪਾਦਰੀ ਤ੍ਰਿਏਕ ਦੀ ਸਿੱਖਿਆ ਨੂੰ ਸਹੀ ਸਾਬਤ ਕੀਤੇ ਬਗੈਰ ਕਿਉਂ ਚਲੇ ਗਿਆ। ਇਸ ਘਟਨਾ ਨੇ ਮਾਰੀਓ ਤੇ ਉਸ ਦੀ ਪਤਨੀ ਨੂੰ ਯਕੀਨ ਦਿਲਾ ਦਿੱਤਾ ਕਿ ਅਸੀਂ ਸੱਚਾਈ ਸਿਖਾਉਂਦੇ ਹਾਂ ਅਤੇ ਬਾਅਦ ਵਿਚ ਉਹ ਵੀ ਦੋਵੇਂ ਬਾਈਬਲ ਦੀਆਂ ਸਿੱਖਿਆਵਾਂ ਸਮਝਾਉਣ ਵਿਚ ਮਾਹਰ ਹੋ ਗਏ। ਅਸੀਂ ਕੁਏਨਕਾ ਸ਼ਹਿਰ ਯਾਨੀ ਉਸ ਵੱਡੇ ਇਲਾਕੇ ਵਿਚ 33 ਕਲੀਸਿਯਾਵਾਂ ਬਣਦੀਆਂ ਦੇਖੀਆਂ ਜੋ ਵਧ ਕੇ 63 ਹੋ ਗਈਆਂ। ਉੱਥੇ ਹੋ ਰਹੇ ਇਸ ਸ਼ਾਨਦਾਰ ਵਾਧੇ ਨੂੰ ਦੇਖ ਕੇ ਅਸੀਂ ਬੜੇ ਖ਼ੁਸ਼ ਹੁੰਦੇ ਹਾਂ ਜਿੱਥੇ ਸਾਨੂੰ ਸਭ ਤੋਂ ਪਹਿਲਾਂ ਘੱਲਿਆ ਗਿਆ ਸੀ!
ਹੋ ਰਹੇ ਵਾਧੇ ਦੀ ਬ੍ਰਾਂਚ ਤੋਂ ਨਿਗਰਾਨੀ
1970 ਵਿਚ ਮੈਨੂੰ ਤੇ ਐੱਲ ਸ਼ੂਲੋ ਨੂੰ ਗੁਆਕੁਇਲ ਦੀ ਬ੍ਰਾਂਚ ਵਿਚ ਘੱਲਿਆ ਗਿਆ। ਅਸੀਂ ਦੋਵੇਂ ਬ੍ਰਾਂਚ ਦੇ ਕੰਮ ਦੀ ਦੇਖ-ਰੇਖ ਕਰਦੇ ਸਾਂ। ਜੋਅ ਸੇਕੇਰੈਕ ਬ੍ਰਾਂਚ ਵਿਚ ਪਾਰਟ-ਟਾਈਮ ਕੰਮ ਕਰਦਿਆਂ ਪੂਰੇ ਦੇਸ਼ ਦੀਆਂ 46 ਕਲੀਸਿਯਾਵਾਂ ਲਈ ਸਾਹਿੱਤ ਪੈਕ ਕਰਦਾ ਸੀ। ਕੁਝ ਸਮੇਂ ਲਈ ਕਲੋਰਿਸ ਬਾਹਰ ਪ੍ਰਚਾਰ ਕਰਦੀ ਰਹੀ ਅਤੇ ਮੈਂ ਬੈਥਲ ਵਿਚ ਕੰਮ ਕਰਦਾ ਸੀ। ਉਸ ਨੇ 55 ਵਿਅਕਤੀਆਂ ਦੀ ਬਪਤਿਸਮਾ ਲੈਣ ਵਿਚ ਮਦਦ ਕੀਤੀ। ਸੰਮੇਲਨਾਂ ਵਿਚ ਅਕਸਰ ਤਿੰਨ ਜਾਂ ਪੰਜ ਜਣੇ ਬਪਤਿਸਮਾ ਲੈਂਦੇ ਸਨ ਜਿਨ੍ਹਾਂ ਨਾਲ ਉਸ ਨੇ ਸਟੱਡੀ ਕੀਤੀ ਸੀ।
ਮਿਸਾਲ ਲਈ, ਕਲੋਰਿਸ ਨੇ ਲੂਕ੍ਰੇਸ਼ੀਆ ਨਾਂ ਦੀ ਔਰਤ ਨਾਲ ਸਟੱਡੀ ਕੀਤੀ ਜਿਸ ਦੇ ਪਤੀ ਨੇ ਉਸ ਦਾ ਵਿਰੋਧ ਕੀਤਾ। ਫਿਰ ਵੀ ਲੂਕ੍ਰੇਸ਼ੀਆ ਨੇ ਬਪਤਿਸਮਾ ਲੈ ਲਿਆ ਤੇ ਰੈਗੂਲਰ ਪਾਇਨੀਅਰਿੰਗ ਕਰਨ ਲੱਗ ਪਈ। ਉਸ ਨੇ ਆਪਣੇ ਬੱਚਿਆਂ ਨੂੰ ਯਹੋਵਾਹ ਦੀ ਸਿੱਖਿਆ ਦਿੱਤੀ। ਉਸ ਦੇ ਦੋ ਲੜਕੇ ਹੁਣ ਬਜ਼ੁਰਗਾਂ ਵਜੋਂ ਸੇਵਾ ਕਰਦੇ ਹਨ ਤੇ ਇਕ ਸਪੈਸ਼ਲ ਪਾਇਨੀਅਰ ਹੈ। ਉਸ ਦੀ ਲੜਕੀ ਵੀ ਪਾਇਨੀਅਰ ਹੈ। ਉਸ ਦੀ ਦੋਹਤੀ ਨੇ ਇਕ ਚੰਗੇ ਭਰਾ ਨਾਲ ਵਿਆਹ ਕਰਾਇਆ ਤੇ ਉਹ ਵੀ ਦੋਵੇਂ ਸਪੈਸ਼ਲ ਪਾਇਨੀਅਰਿੰਗ ਕਰਦੇ ਹਨ। ਇਸ ਪਰਿਵਾਰ ਨੇ ਸੱਚਾਈ ਸਿੱਖਣ ਵਿਚ ਕਈਆਂ ਦੀ ਮਦਦ ਕੀਤੀ ਹੈ।
1980 ਵਿਚ ਇਕਵੇਡਾਰ ਵਿਚ ਤਕਰੀਬਨ 5,000 ਪਬਲੀਸ਼ਰ ਸਨ। ਸਾਨੂੰ ਹੁਣ ਵੱਡੇ ਬ੍ਰਾਂਚ ਆਫ਼ਿਸ ਦੀ ਲੋੜ ਸੀ। ਇਕ ਭਰਾ ਨੇ ਸਾਨੂੰ ਗੁਆਕੁਇਲ ਦੇ ਬਾਹਰ 80 ਏਕੜ ਜ਼ਮੀਨ ਦਿੱਤੀ। 1984 ਵਿਚ ਇਸ ਜ਼ਮੀਨ ਉੱਤੇ ਅਸੀਂ ਨਵਾਂ ਬ੍ਰਾਂਚ ਆਫ਼ਿਸ ਤੇ ਇਕ ਅਸੈਂਬਲੀ ਹਾਲ ਬਣਾਉਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੂੰ 1987 ਵਿਚ ਯਹੋਵਾਹ ਦੀ ਸੇਵਾ ਵਿਚ ਸਮਰਪਿਤ ਕੀਤਾ ਗਿਆ।
ਵਾਧੇ ਵਿਚ ਹੋਰਨਾਂ ਭੈਣਾਂ-ਭਰਾਵਾਂ ਨੇ ਪਾਇਆ ਯੋਗਦਾਨ
ਇਕਵੇਡਾਰ ਵਿਚ ਰਾਜ ਦੇ ਪ੍ਰਚਾਰਕਾਂ ਦੀ ਲੋੜ ਪੂਰੀ ਕਰਨ ਲਈ ਸਾਲਾਂ ਦੌਰਾਨ ਦੂਸਰੇ ਦੇਸ਼ਾਂ ਤੋਂ ਕਈ ਪਬਲੀਸ਼ਰ ਤੇ ਪਾਇਨੀਅਰ ਆਏ। ਇਕ ਵਧੀਆ ਮਿਸਾਲ ਜੋ ਮੇਰੇ ਮਨ ਵਿਚ ਆਉਂਦੀ ਹੈ, ਉਹ ਹੈ ਕੈਨੇਡਾ ਤੋਂ ਭਰਾ ਐਂਡੀ ਕਿੱਡ ਜੋ ਇਕ ਰੀਟਾਇਰ ਸਕੂਲ ਟੀਚਰ ਸੀ। ਉਹ 70 ਸਾਲ ਦੀ ਉਮਰ ਵਿਚ 1985 ਨੂੰ ਇਕਵੇਡਾਰ ਆਇਆ ਸੀ ਅਤੇ 93 ਸਾਲ ਦੀ ਉਮਰ ਵਿਚ 2008 ਵਿਚ ਆਪਣੀ ਮੌਤ ਤਾਈਂ ਵਫ਼ਾਦਾਰੀ ਨਾਲ ਸੇਵਾ ਕਰਦਾ ਰਿਹਾ। ਜਦੋਂ ਮੈਂ ਉਸ ਨੂੰ ਪਹਿਲੀ ਵਾਰ ਮਿਲਿਆ ਸੀ, ਉਦੋਂ ਉਹ ਆਪਣੀ ਛੋਟੀ ਜਿਹੀ ਕਲੀਸਿਯਾ ਵਿਚ ਇੱਕੋ-ਇਕ ਨਿਗਾਹਬਾਨ ਸੀ। ਉਹ ਨੂੰ ਬਹੁਤੀ ਸਪੇਨੀ ਭਾਸ਼ਾ ਨਹੀਂ ਆਉਂਦੀ ਸੀ, ਫਿਰ ਵੀ ਉਹ ਪਬਲਿਕ ਭਾਸ਼ਣ ਦਿੰਦਾ ਸੀ ਤੇ ਪਹਿਰਾਬੁਰਜ ਅਧਿਐਨ ਕਰਾਉਂਦਾ ਸੀ। ਉਹ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਚਲਾਉਂਦਾ ਸੀ ਅਤੇ ਸੇਵਾ ਸਭਾ ਦੇ ਤਕਰੀਬਨ ਸਾਰੇ ਭਾਗ ਆਪ ਹੀ ਕਰਦਾ ਸੀ! ਉਸ ਇਲਾਕੇ ਵਿਚ ਹੁਣ ਦੋ ਵਧ-ਫੁੱਲ ਰਹੀਆਂ ਕਲੀਸਿਯਾਵਾਂ ਹਨ ਜਿਨ੍ਹਾਂ ਵਿਚ ਤਕਰੀਬਨ 200 ਪਬਲੀਸ਼ਰ ਤੇ ਕਈ ਬਜ਼ੁਰਗ ਹਨ।
ਅਰਨੈਸਟੋ ਡਾਇਸ ਨਾਂ ਦਾ ਇਕ ਹੋਰ ਭਰਾ ਅਮਰੀਕਾ ਤੋਂ ਆਪਣੇ ਪਰਿਵਾਰ ਸਮੇਤ ਇਕਵੇਡਾਰ ਆਇਆ ਅਤੇ ਅੱਠ ਮਹੀਨਿਆਂ ਬਾਅਦ ਉਸ ਨੇ ਕਿਹਾ: “ਸਾਡੇ ਤਿੰਨ ਬੱਚਿਆਂ ਨੇ ਜਲਦੀ ਹੀ ਭਾਸ਼ਾ ਸਿੱਖ ਲਈ ਤੇ ਉਹ ਵਧੀਆ ਤਰੀਕੇ ਨਾਲ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦੇ ਰਹੇ ਹਨ। ਇਕ ਪਿਤਾ ਵਜੋਂ ਮੈਂ ਰੈਗੂਲਰ ਪਾਇਨੀਅਰਿੰਗ ਕਰਨ ਦਾ ਟੀਚਾ ਪੂਰਾ ਕਰ ਲਿਆ ਹੈ ਜੋ ਮੈਨੂੰ ਲੱਗਦਾ ਸੀ ਕਿ ਮੈਂ ਕਦੇ ਪੂਰਾ ਨਹੀਂ ਕਰ ਪਾਵਾਂਗਾ। ਹੁਣ ਮੈਂ ਆਪਣੇ ਪਰਿਵਾਰ ਨਾਲ ਪੂਰਾ ਸਮਾਂ ਪ੍ਰਚਾਰ ਕਰਦਾ ਹਾਂ।
ਅਸੀਂ ਕੁੱਲ ਮਿਲਾ ਕੇ 25 ਬਾਈਬਲ ਸਟੱਡੀਆਂ ਕਰਾ ਰਹੇ ਹਾਂ। ਇਸ ਤਰ੍ਹਾਂ ਸਾਡੇ ਪਰਿਵਾਰ ਦਾ ਆਪਸੀ ਪਿਆਰ ਵਧਿਆ ਹੈ ਤੇ ਮੈਂ ਪਹਿਲਾਂ ਨਾਲੋਂ ਜ਼ਿਆਦਾ ਯਹੋਵਾਹ ਦੇ ਨਜ਼ਦੀਕ ਮਹਿਸੂਸ ਕਰਦਾ ਹਾਂ।” ਅਸੀਂ ਇਨ੍ਹਾਂ ਭੈਣਾਂ-ਭਰਾਵਾਂ ਦੀ ਕਿੰਨੀ ਕਦਰ ਕਰਦੇ ਹਾਂ!ਸਾਡੇ ਬ੍ਰਾਂਚ ਆਫ਼ਿਸ ਨੂੰ 1994 ਵਿਚ ਹੋਰ ਵੀ ਵੱਡਾ ਕੀਤਾ ਗਿਆ। ਸਾਨੂੰ ਇਸ ਦਾ ਸਾਈਜ਼ ਦੁਗਣਾ ਕਰਨਾ ਪਿਆ। 2005 ਵਿਚ ਪਬਲੀਸ਼ਰਾਂ ਦੀ ਗਿਣਤੀ 50,000 ਤੋਂ ਵੀ ਜ਼ਿਆਦਾ ਹੋ ਗਈ, ਇਸ ਲਈ ਬ੍ਰਾਂਚ ਨੂੰ ਹੋਰ ਵੱਡਾ ਕਰਨ ਦੀ ਲੋੜ ਪਈ। ਸਾਨੂੰ ਅਸੈਂਬਲੀ ਹਾਲ ਵੱਡਾ ਕਰਨਾ ਪਿਆ ਅਤੇ ਰਹਿਣ ਲਈ ਇਕ ਨਵੀਂ ਇਮਾਰਤ ਅਤੇ ਟ੍ਰਾਂਸਲੇਸ਼ਨ ਆਫ਼ਿਸ ਵੀ ਬਣਾਉਣੇ ਪਏ। ਇਹ ਨਵੀਆਂ ਥਾਵਾਂ 31 ਅਕਤੂਬਰ 2009 ਨੂੰ ਯਹੋਵਾਹ ਦੀ ਸੇਵਾ ਵਿਚ ਸਮਰਪਿਤ ਕੀਤੀਆਂ ਗਈਆਂ।
ਜਦੋਂ ਮੈਨੂੰ 1942 ਵਿਚ ਸਕੂਲੋਂ ਕੱਢ ਦਿੱਤਾ ਗਿਆ ਸੀ, ਉਦੋਂ ਅਮਰੀਕਾ ਵਿਚ 60,000 ਗਵਾਹ ਸਨ। ਹੁਣ ਉੱਥੇ 10 ਲੱਖ ਤੋਂ ਵੀ ਜ਼ਿਆਦਾ ਗਵਾਹ ਹਨ। 1966 ਵਿਚ ਜਦੋਂ ਅਸੀਂ ਇਕਵੇਡਾਰ ਆਏ ਸਾਂ, ਤਾਂ ਇੱਥੇ 1,400 ਰਾਜ ਦੇ ਪ੍ਰਚਾਰਕ ਸਨ। ਹੁਣ ਇੱਥੇ 68,000 ਭੈਣ-ਭਰਾ ਹਨ। ਪਰ 1,20,000 ਬਾਈਬਲ ਸਟੱਡੀਆਂ ਵਿੱਚੋਂ ਅਤੇ 2009 ਵਿਚ ਮਸੀਹ ਦੀ ਮੌਤ ਦੀ ਵਰ੍ਹੇਗੰਢ ਮਨਾਉਣ ਲਈ ਹਾਜ਼ਰ 2,32,000 ਲੋਕਾਂ ਵਿੱਚੋਂ ਵੀ ਕਈ ਸੱਚਾਈ ਵਿਚ ਆਉਣਗੇ। ਵਾਕਈ, ਯਹੋਵਾਹ ਨੇ ਆਪਣੇ ਲੋਕਾਂ ਦੀਆਂ ਝੋਲੀਆਂ ਬਰਕਤਾਂ ਨਾਲ ਭਰ ਦਿੱਤੀਆਂ ਹਨ ਜਿਨ੍ਹਾਂ ਬਾਰੇ ਅਸੀਂ ਸੋਚਿਆ ਵੀ ਨਹੀਂ ਸੀ। ਸੱਚ-ਮੁੱਚ, ਅਜਿਹੇ ਵਕਤ ਵਿਚ ਅਤੇ ਅਜਿਹੀ ਜਗ੍ਹਾ ਰਹਿਣਾ ਸਾਡੇ ਲਈ ਕਿੰਨੀ ਖ਼ੁਸ਼ੀ ਦੀ ਗੱਲ ਹੈ ਜਿੱਥੇ ਸ਼ਾਨਦਾਰ ਵਾਧਾ ਹੋ ਰਿਹਾ ਹੈ! *
[ਫੁਟਨੋਟ]
^ ਪੈਰਾ 34 ਜਦ ਇਹ ਲੇਖ ਛਾਪਣ ਲਈ ਤਿਆਰ ਕੀਤਾ ਜਾ ਰਿਹਾ ਸੀ, ਤਾਂ ਭਰਾ ਹਾਰਲੀ ਹੈਰਿਸ ਗੁਜ਼ਰ ਗਏ। ਭਰਾ ਮਰਦੇ ਦਮ ਤਕ ਯਹੋਵਾਹ ਪ੍ਰਤਿ ਵਫ਼ਾਦਾਰ ਰਹੇ।
[ਸਫ਼ਾ 5 ਉੱਤੇ ਤਸਵੀਰਾਂ]
ਖੁੱਲ੍ਹੇ ਮੈਦਾਨ ਵਿਚ ਅਸੈਂਬਲੀ (1981) ਅਤੇ ਉਸੇ ਜ਼ਮੀਨ ਉੱਤੇ ਗੁਆਕੁਇਲ ਅਸੈਂਬਲੀ ਹਾਲ (2009)