ਆਦਮ ਨੂੰ ਕਿਸ ਅਰਥ ਵਿਚ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਇਆ ਗਿਆ ਸੀ?
ਆਦਮ ਨੂੰ ਕਿਸ ਅਰਥ ਵਿਚ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਇਆ ਗਿਆ ਸੀ?
ਪਰਮੇਸ਼ੁਰ ਨੇ ਕਿਹਾ: ‘ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਬਣਾਈਏ।’ (ਉਤ. 1:26) ਇਹ ਇਤਿਹਾਸ ਵਿਚ ਕਿੰਨੀ ਮਹੱਤਵਪੂਰਣ ਗੱਲ ਸੀ! ਉਸ ਵੇਲੇ ‘ਪਰਮੇਸ਼ੁਰ ਦੇ ਪੁੱਤ੍ਰ’ ਆਦਮ ਨੂੰ ਪਹਿਲਾ ਇਨਸਾਨ ਬਣਨ ਦਾ ਮਾਣ ਹਾਸਲ ਹੋਇਆ ਸੀ! (ਲੂਕਾ 3:38) ਆਦਮ ਧਰਤੀ ਉੱਤੇ ਯਹੋਵਾਹ ਦੀ ਸਭ ਤੋਂ ਉੱਤਮ ਸ੍ਰਿਸ਼ਟੀ ਸੀ, ਸਿਰਫ਼ ਇਸ ਲਈ ਨਹੀਂ ਕਿ ਉਹ ਸ੍ਰਿਸ਼ਟੀ ਦੇ ਛੇ “ਦਿਨਾਂ” ਦੇ ਆਖ਼ਰ ਵਿਚ ਰਚਿਆ ਗਿਆ ਸੀ, ਸਗੋਂ ਮਹੱਤਵਪੂਰਣ ਗੱਲ ਤਾਂ ਇਹ ਸੀ ਕਿ “ਪਰਮੇਸ਼ੁਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ” ਗਿਆ ਸੀ। (ਉਤ. 1:27) ਤਾਂ ਫਿਰ ਇਸ ਦਾ ਕੀ ਮਤਲਬ ਹੈ ਕਿ ਆਦਮ ਪਰਮੇਸ਼ੁਰ ਦੇ ਸਰੂਪ ਉੱਤੇ ਜਾਂ ਉਸ ਵਰਗਾ ਬਣਾਇਆ ਗਿਆ ਸੀ?
ਮੁਕੰਮਲ ਇਨਸਾਨ ਆਦਮ ਵਿਚ ਧਰਤੀ ਉਤਲੇ ਬਾਕੀ ਸਾਰੇ ਜੀਵ-ਜੰਤੂਆਂ ਨਾਲੋਂ ਕਿਤੇ ਜ਼ਿਆਦਾ ਉੱਤਮ ਦਿਮਾਗ਼ੀ ਯੋਗਤਾਵਾਂ ਅਤੇ ਕਾਬਲੀਅਤਾਂ ਸਨ। ਉਸ ਦੀ ਔਲਾਦ ਵਿਚ ਵੀ ਇਹ ਯੋਗਤਾਵਾਂ ਅਤੇ ਕਾਬਲੀਅਤਾਂ ਹਨ, ਪਰ ਇਹ ਉੱਨੀਆਂ ਉੱਤਮ ਨਹੀਂ ਹਨ ਜਿੰਨੀਆਂ ਆਦਮ ਦੀਆਂ ਸਨ। ਆਪਣੇ ਮਹਾਨ ਸਿਰਜਣਹਾਰ ਦੇ ਸਰੂਪ ਉੱਤੇ ਬਣੇ ਹੋਣ ਦਾ ਮਤਲਬ ਸੀ ਕਿ ਪਰਮੇਸ਼ੁਰ ਵਾਂਗ ਆਦਮ ਵਿਚ ਪਿਆਰ, ਬੁੱਧ, ਨਿਆਂ ਅਤੇ ਤਾਕਤ ਦੇ ਗੁਣ ਸਨ। ਇਸ ਲਈ ਉਹ ਆਪਣਾ ਭਲਾ-ਬੁਰਾ ਸੋਚ ਸਕਦਾ ਸੀ ਕਿਉਂਕਿ ਉਸ ਕੋਲ ਜ਼ਮੀਰ ਸੀ ਜੋ ਧਰਤੀ ਉੱਤੇ ਹੋਰ ਕਿਸੇ ਪ੍ਰਾਣੀ ਵਿਚ ਨਹੀਂ ਸੀ। ਪਰਮੇਸ਼ੁਰ ਵਰਗਾ ਹੋਣ ਕਰਕੇ ਸਾਰੀ ਧਰਤੀ ਦਾ ਇਖ਼ਤਿਆਰ ਆਦਮ ਨੂੰ ਮਿਲਣਾ ਸੀ ਅਤੇ ਸਮੁੰਦਰ ਵਿਚਲੇ ਤੇ ਧਰਤੀ ਉਤਲੇ ਜਾਨਵਰ ਅਤੇ ਆਕਾਸ਼ ਵਿਚ ਉੱਡਣ ਵਾਲੇ ਪੰਛੀ ਉਸ ਦੇ ਅਧੀਨ ਹੋਣੇ ਸਨ।
ਪਰਮੇਸ਼ੁਰ ਵਰਗੇ ਗੁਣ ਦਿਖਾਉਣ ਲਈ ਜ਼ਰੂਰੀ ਨਹੀਂ ਸੀ ਕਿ ਆਦਮ ਦਾ ਸਰੀਰ ਪਰਮੇਸ਼ੁਰ ਵਰਗਾ ਹੁੰਦਾ। ਯਹੋਵਾਹ ਨੇ ਉਸ ਨੂੰ ਮਿੱਟੀ ਦੇ ਤੱਤਾਂ ਤੋਂ ਬਣਾਇਆ ਸੀ, ਉਸ ਵਿਚ ਜੀਵਨ ਦਾ ਸਾਹ ਪਾਇਆ ਤਾਂਕਿ ਉਹ ਜੀਉਂਦੀ ਜਾਨ ਬਣ ਜਾਵੇ ਅਤੇ ਉਸ ਨੂੰ ਉਹ ਯੋਗਤਾ ਦਿੱਤੀ ਜਿਸ ਨਾਲ ਉਹ ਆਪਣੇ ਸਿਰਜਣਹਾਰ ਦੇ ਗੁਣ ਦਿਖਾ ਸਕਦਾ ਸੀ। “ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ” ਗਿਆ ਸੀ। “ਪਹਿਲਾ ਮਨੁੱਖ ਆਦਮ ਜੀਉਂਦੀ ਜਾਨ ਹੋਇਆ।” (ਉਤ. 2:7; 1 ਕੁਰਿੰ. 15:45, 47) ਭਾਵੇਂ ਕਿ ਉਹ ਪੂਰੀ ਤਰ੍ਹਾਂ ਇਨਸਾਨ ਸੀ ਤੇ ਮਿੱਟੀ ਤੋਂ ਬਣਿਆ ਹੋਇਆ ਸੀ, ਪਰ ਇਹ ਯਹੋਵਾਹ ਦੀ ਇੱਛਾ ਸੀ ਕਿ ਆਦਮੀ ਪਰਮੇਸ਼ੁਰ ਦੇ ਸ਼ਾਨਦਾਰ ਗੁਣਾਂ ਅਤੇ ਸ਼ਖ਼ਸੀਅਤ ਨੂੰ ਜ਼ਾਹਰ ਕਰੇ ਅਤੇ ਇਨ੍ਹਾਂ ਉੱਤਮ ਯੋਗਤਾਵਾਂ ਨੂੰ ਆਪਣੇ ਸਿਰਜਣਹਾਰ ਦੀ ਵਡਿਆਈ ਕਰਨ ਲਈ ਵਰਤੇ।