Skip to content

Skip to table of contents

ਸ਼ਤਾਨ ਦਾ ਰਾਜ ਅਸਫ਼ਲ ਹੋ ਕੇ ਰਹੇਗਾ

ਸ਼ਤਾਨ ਦਾ ਰਾਜ ਅਸਫ਼ਲ ਹੋ ਕੇ ਰਹੇਗਾ

ਸ਼ਤਾਨ ਦਾ ਰਾਜ ਅਸਫ਼ਲ ਹੋ ਕੇ ਰਹੇਗਾ

“ਪਾਪੀ ਦਾ ਭਲਾ ਕਦੀ ਨਾ ਹੋਵੇਗਾ।”—ਉਪ. 8:13.

1. ਇਹ ਖ਼ੁਸ਼ੀ ਦੀ ਗੱਲ ਕਿਉਂ ਹੈ ਕਿ ਬੁਰੇ ਲੋਕਾਂ ਨੂੰ ਸਜ਼ਾ ਮਿਲੇਗੀ?

ਬੁਰੇ ਕੰਮ ਕਰਨ ਵਾਲਿਆਂ ਨੂੰ ਇਕ-ਨਾ-ਇਕ ਦਿਨ ਤਾਂ ਸਜ਼ਾ ਮਿਲੇਗੀ। ਉਨ੍ਹਾਂ ਨੂੰ ਆਪਣੀ ਕਰਨੀ ਦਾ ਲੇਖਾ ਦੇਣਾ ਹੀ ਪਵੇਗਾ। (ਕਹਾ. 5:22; ਉਪ. 8:12, 13) ਇਹ ਉਨ੍ਹਾਂ ਧਰਮੀ ਲੋਕਾਂ ਲਈ ਕਿੰਨੀ ਖ਼ੁਸ਼ੀ ਦੀ ਗੱਲ ਹੈ ਜਿਨ੍ਹਾਂ ਨੇ ਬੁਰੇ ਲੋਕਾਂ ਦੇ ਹੱਥੋਂ ਬੇਇਨਸਾਫ਼ੀ ਅਤੇ ਬੁਰਾ ਸਲੂਕ ਸਹਿਆ ਹੈ। ਪਰ ਸਭ ਤੋਂ ਬੁਰਾ ਸ਼ਖ਼ਸ ਜਿਹ ਨੂੰ ਸਜ਼ਾ ਦਿੱਤੀ ਜਾਵੇਗੀ, ਉਹ ਹੈ ਬੁਰਾਈ ਦੀ ਜੜ੍ਹ ਸ਼ਤਾਨ। ਉਹ ਸਖ਼ਤ ਤੋਂ ਸਖ਼ਤ ਸਜ਼ਾ ਦੇ ਲਾਇਕ ਹੈ।—ਯੂਹੰ. 8:44.

2. ਅਦਨ ਦੇ ਬਾਗ਼ ਵਿਚ ਉੱਠੇ ਮਸਲੇ ਨੂੰ ਸੁਲਝਾਉਣ ਲਈ ਸਮਾਂ ਕਿਉਂ ਚਾਹੀਦਾ ਸੀ?

2 ਸ਼ਤਾਨ ਆਪਣੀ ਵਡਿਆਈ ਕਰਾਉਣ ਦਾ ਭੁੱਖਾ ਸੀ, ਇਸ ਲਈ ਉਸ ਨੇ ਆਦਮ ਅਤੇ ਹੱਵਾਹ ਨੂੰ ਯਹੋਵਾਹ ਦੀ ਹਕੂਮਤ ਦੇ ਖ਼ਿਲਾਫ਼ ਭੜਕਾਇਆ। ਉਨ੍ਹਾਂ ਨੇ ਸ਼ਤਾਨ ਨਾਲ ਮਿਲ ਕੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਲਲਕਾਰਿਆ। ਇਸ ਤਰ੍ਹਾਂ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਪਾਪੀ ਬਣ ਗਏ। (ਰੋਮੀ. 5:12-14) ਯਹੋਵਾਹ ਨੂੰ ਪਤਾ ਸੀ ਕਿ ਉਨ੍ਹਾਂ ਦੀ ਗੁਸਤਾਖ਼ੀ ਦਾ ਕੀ ਅੰਜਾਮ ਹੋਣਾ ਸੀ। ਪਰ ਕੀ ਦੂਤਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਅੰਜਾਮ ਬਾਰੇ ਪਤਾ ਸੀ? ਨਹੀਂ। ਇਸ ਲਈ ਸਮਾਂ ਚਾਹੀਦਾ ਸੀ ਤਾਂਕਿ ਸਾਰੇ ਦੇਖ ਸਕਣ ਕਿ ਪਰਮੇਸ਼ੁਰ ਹੀ ਰਾਜ ਕਰਨ ਦਾ ਹੱਕ ਰੱਖਦਾ ਹੈ ਅਤੇ ਤਿੰਨੇ ਬਾਗ਼ੀ ਬਿਲਕੁਲ ਗ਼ਲਤ ਸਨ।

3. ਮਨੁੱਖੀ ਸਰਕਾਰਾਂ ਪ੍ਰਤਿ ਸਾਡਾ ਕੀ ਨਜ਼ਰੀਆ ਹੈ?

3 ਲੋਕਾਂ ਨੇ ਯਹੋਵਾਹ ਦੀ ਨਿਗਰਾਨੀ ਹੇਠਾਂ ਰਹਿਣਾ ਨਹੀਂ ਚਾਹਿਆ, ਇਸ ਲਈ ਉਨ੍ਹਾਂ ਨੂੰ ਆਪਣੀਆਂ ਸਰਕਾਰਾਂ ਖੜ੍ਹੀਆਂ ਕਰਨੀਆਂ ਪੈਣੀਆਂ ਸਨ। ਰੋਮ ਵਿਚ ਆਪਣੇ ਭੈਣਾਂ-ਭਰਾਵਾਂ ਨੂੰ ਲਿਖਦਿਆਂ ਪੌਲੁਸ ਰਸੂਲ ਨੇ ਇਨ੍ਹਾਂ ਮਨੁੱਖੀ ਸਰਕਾਰਾਂ ਨੂੰ ਉੱਚ “ਹਕੂਮਤਾਂ” ਕਿਹਾ ਸੀ। ਪੌਲੁਸ ਦੇ ਜ਼ਮਾਨੇ ਵਿਚ ਇਹ ‘ਹਕੂਮਤ’ ਰੋਮੀ ਸਰਕਾਰ ਸੀ ਜਿਸ ਦੀ ਵਾਗਡੋਰ ਸਮਰਾਟ ਨੀਰੋ (54-68 ਈ.) ਦੇ ਹੱਥਾਂ ਵਿਚ ਸੀ। ਪੌਲੁਸ ਨੇ ਕਿਹਾ ਕਿ ਇਹ ਹਕੂਮਤਾਂ “ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ।” (ਰੋਮੀਆਂ 13:1, 2 ਪੜ੍ਹੋ।) ਕੀ ਪੌਲੁਸ ਇਹ ਕਹਿ ਰਿਹਾ ਸੀ ਕਿ ਮਨੁੱਖੀ ਸਰਕਾਰਾਂ ਪਰਮੇਸ਼ੁਰ ਦੀ ਹਕੂਮਤ ਨਾਲੋਂ ਵਧੀਆ ਹਨ? ਬਿਲਕੁਲ ਨਹੀਂ। ਉਹ ਸਿਰਫ਼ ਇੰਨਾ ਕਹਿ ਰਿਹਾ ਸੀ ਕਿ ਜਦ ਤਕ ਯਹੋਵਾਹ ਇਨ੍ਹਾਂ ਸਰਕਾਰਾਂ ਨੂੰ ਰਹਿਣ ਦਿੰਦਾ ਹੈ, ਤਦ ਤਕ ਮਸੀਹੀਆਂ ਨੂੰ “ਪਰਮੇਸ਼ੁਰ ਦੇ ਇੰਤਜ਼ਾਮ” ਦਾ ਆਦਰ ਕਰਨਾ ਚਾਹੀਦਾ ਹੈ ਅਤੇ ਹਾਕਮਾਂ ਦੀ ਮੰਨਣੀ ਚਾਹੀਦੀ ਹੈ।

ਤਬਾਹੀ ਵੱਲ ਲੈ ਜਾਣ ਵਾਲਾ ਰਾਹ

4. ਸਮਝਾਓ ਕਿ ਇਨਸਾਨਾਂ ਦਾ ਰਾਜ ਕਿਉਂ ਨਾਕਾਮ ਹੋ ਕੇ ਰਹੇਗਾ।

4 ਸ਼ਤਾਨ ਦੇ ਅਸਰ ਹੇਠ ਇਨਸਾਨਾਂ ਦਾ ਰਾਜ ਅਸਫ਼ਲ ਹੋ ਕੇ ਰਹਿਣਾ ਹੈ। ਕਿਉਂ? ਕਿਉਂਕਿ ਇਨਸਾਨ ਪਰਮੇਸ਼ੁਰ ਦੀ ਬੁੱਧ ਅਨੁਸਾਰ ਰਾਜ ਨਹੀਂ ਕਰਦੇ। ਸਿਰਫ਼ ਯਹੋਵਾਹ ਹੀ ਬੁੱਧੀਮਾਨ ਹੈ, ਇਸ ਲਈ ਸਿਰਫ਼ ਉਸ ਨੂੰ ਹੀ ਪਤਾ ਹੈ ਕਿ ਸਫ਼ਲਤਾ ਨਾਲ ਰਾਜ ਕਿਵੇਂ ਕੀਤਾ ਜਾਣਾ ਚਾਹੀਦਾ ਹੈ। (ਯਿਰ. 8:9; ਰੋਮੀ. 16:27) ਸਾਨੂੰ ਪਤਾ ਹੈ ਕਿ ਇਨਸਾਨ ਤਾਂ ਆਪਣੀਆਂ ਗ਼ਲਤੀਆਂ ਤੋਂ ਸਿੱਖਦੇ ਹਨ, ਪਰ ਯਹੋਵਾਹ ਜੋ ਵੀ ਕਰਦਾ ਹੈ, ਉਹ ਹਮੇਸ਼ਾ ਸਹੀ ਹੁੰਦਾ ਹੈ। ਇਸ ਲਈ ਜਿਹੜੀ ਵੀ ਸਰਕਾਰ ਉਸ ਦੀ ਸੇਧ ਅਨੁਸਾਰ ਨਹੀਂ ਚੱਲਦੀ, ਉਹ ਜ਼ਰੂਰ ਘਟੀਆ ਸਾਬਤ ਹੁੰਦੀ ਹੈ। ਇਸੇ ਕਾਰਨ ਇਨਸਾਨਾਂ ਦੇ ਜ਼ਰੀਏ ਸ਼ਤਾਨ ਵੱਲੋਂ ਕੀਤਾ ਜਾ ਰਿਹਾ ਰਾਜ ਨਾਕਾਮ ਹੋ ਕੇ ਰਹੇਗਾ। ਇਸ ਤੋਂ ਇਲਾਵਾ, ਸ਼ਤਾਨ ਸੁਆਰਥ ਨਾਲ ਰਾਜ ਕਰਦਾ ਹੈ ਜਿਸ ਕਰਕੇ ਬਗਾਵਤ ਦੇ ਸ਼ੁਰੂ ਵਿਚ ਹੀ ਇਹ ਗੱਲ ਸਪੱਸ਼ਟ ਸੀ ਕਿ ਉਸ ਦਾ ਰਾਜ ਨਾਕਾਮ ਹੋਵੇਗਾ।

5, 6. ਕਿਹੜੀ ਗੱਲ ਕਰਕੇ ਸ਼ਤਾਨ ਯਹੋਵਾਹ ਦੇ ਖ਼ਿਲਾਫ਼ ਗਿਆ?

5 ਆਮ ਤੌਰ ਤੇ ਇਕ ਅਕਲਮੰਦ ਬੰਦਾ ਉਹ ਕੰਮ ਕਰਨ ਤੋਂ ਦੂਰ ਰਹਿੰਦਾ ਹੈ ਜੋ ਸਿਰੇ ਨਹੀਂ ਚੜ੍ਹੇਗਾ। ਜੇ ਉਹ ਜ਼ਿੱਦ ਨਾਲ ਕੰਮ ਅੱਗੇ ਤੋਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਨੂੰ ਆਪਣੀ ਗ਼ਲਤੀ ਦਾ ਨਤੀਜਾ ਭੁਗਤਣਾ ਪਵੇਗਾ। ਇਤਿਹਾਸ ਦੌਰਾਨ ਇਹ ਕਈ ਵਾਰ ਸਾਬਤ ਹੋ ਚੁੱਕਾ ਹੈ ਕਿ ਸਰਬਸ਼ਕਤੀਮਾਨ ਦੇ ਖ਼ਿਲਾਫ਼ ਜਾਣਾ ਬੇਵਕੂਫ਼ੀ ਹੈ। (ਕਹਾਉਤਾਂ 21:30 ਪੜ੍ਹੋ।) ਘਮੰਡ ਵਿਚ ਅੰਨ੍ਹਾ ਹੋ ਕੇ ਸ਼ਤਾਨ ਆਪਣੇ ਆਪ ਨੂੰ ਕੁਝ ਜ਼ਿਆਦਾ ਹੀ ਵੱਡਾ ਸਮਝਣ ਲੱਗ ਪਿਆ ਅਤੇ ਯਹੋਵਾਹ ਤੋਂ ਮੂੰਹ ਮੋੜ ਲਿਆ। ਇਸ ਤਰ੍ਹਾਂ ਸ਼ਤਾਨ ਜਾਣ-ਬੁੱਝ ਕੇ ਉਸ ਰਾਹ ’ਤੇ ਤੁਰਿਆ ਜਿਸ ਦੇ ਅਖ਼ੀਰ ਵਿਚ ਜਾ ਕੇ ਉਹ ਤਬਾਹ ਹੀ ਹੋਵੇਗਾ।

6 ਬਾਅਦ ਵਿਚ ਸ਼ਤਾਨ ਦਾ ਇਹ ਗੁਸਤਾਖ਼ ਰਵੱਈਆ ਇਕ ਬਾਬਲੀ ਹਾਕਮ ਨੇ ਦਿਖਾਇਆ ਜਿਸ ਨੇ ਸ਼ੇਖ਼ੀ ਮਾਰੀ ਸੀ: “ਮੈਂ ਅਕਾਸ਼ ਉੱਤੇ ਚੱੜ੍ਹ ਜਾਵਾਂਗਾ, ਪਰਮੇਸ਼ੁਰ ਦੇ ਤਾਰਿਆਂ ਤੋਂ ਉਤਾਹਾਂ, ਮੈਂ ਆਪਣਾ ਸਿੰਘਾਸਣ ਉੱਚਾ ਧਰਾਂਗਾ, ਅਤੇ ਮੈਂ ਮੰਡਲੀ ਦੇ ਪਰਬਤ ਉੱਤੇ, ਉੱਤਰ ਦੀਆਂ ਹੱਦਾਂ ਵਿੱਚ ਬੈਠਾਂਗਾ। ਮੈਂ ਬੱਦਲਾਂ ਦੀਆਂ ਉੱਚਿਆਈਆਂ ਤੇ ਚੜ੍ਹ ਜਾਵਾਂਗਾ, ਮੈਂ ਆਪ ਨੂੰ ਅੱਤ ਮਹਾਨ ਜਿਹਾ ਬਣਾਵਾਂਗਾ!” (ਯਸਾ. 14:13-15) ਇਸ ਹਾਕਮ ਦਾ ਸੁਪਨਾ ਅਧੂਰਾ ਰਹਿ ਗਿਆ ਅਤੇ ਬਾਬਲ ਦੇ ਸ਼ਾਹੀ ਘਰਾਣੇ ਦਾ ਸ਼ਰਮਨਾਕ ਅੰਤ ਹੋਇਆ। ਇਸੇ ਤਰ੍ਹਾਂ, ਬਹੁਤ ਜਲਦੀ ਸ਼ਤਾਨ ਅਤੇ ਉਸ ਦੀ ਦੁਨੀਆਂ ਦਾ ਵੀ ਸ਼ਰਮਨਾਕ ਨਾਸ਼ ਹੋਵੇਗਾ।

ਯਹੋਵਾਹ ਨੇ ਇਜਾਜ਼ਤ ਕਿਉਂ ਦਿੱਤੀ?

7, 8. ਯਹੋਵਾਹ ਵੱਲੋਂ ਕੁਝ ਸਮੇਂ ਲਈ ਬੁਰਾਈ ਰਹਿਣ ਦੇਣ ਨਾਲ ਕਿਹੜੇ ਕੁਝ ਫ਼ਾਇਦੇ ਹੋਏ ਹਨ?

7 ਕੁਝ ਸ਼ਾਇਦ ਕਹਿਣ ਕਿ ਯਹੋਵਾਹ ਨੇ ਇਨਸਾਨਾਂ ਨੂੰ ਸ਼ਤਾਨ ਦਾ ਪੱਖ ਲੈਣ ਅਤੇ ਆਪਣੀਆਂ ਸਰਕਾਰਾਂ ਚਲਾਉਣ ਤੋਂ ਰੋਕਿਆ ਕਿਉਂ ਨਹੀਂ, ਜਦਕਿ ਉਸ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਅਸਫ਼ਲ ਹੋਣਗੀਆਂ। ਸਰਬਸ਼ਕਤੀਮਾਨ ਹੋਣ ਦੇ ਨਾਤੇ ਪਰਮੇਸ਼ੁਰ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਤੋਂ ਰੋਕ ਸਕਦਾ ਸੀ। (ਕੂਚ 6:3) ਪਰ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ। ਉਸ ਨੇ ਅਕਲਮੰਦੀ ਦਿਖਾਈ ਕਿ ਮਨੁੱਖੀ ਮਾਮਲਿਆਂ ਵਿਚ ਥੋੜ੍ਹੀ ਦੇਰ ਲਈ ਦਖ਼ਲ ਨਾ ਦੇਣ ਨਾਲ ਫ਼ਾਇਦਾ ਹੀ ਹੋਵੇਗਾ। ਪਰਮੇਸ਼ੁਰ ਦੇ ਇਸ ਫ਼ੈਸਲੇ ਕਾਰਨ ਅਖ਼ੀਰ ਵਿਚ ਯਹੋਵਾਹ ਹੀ ਧਰਮੀ ਅਤੇ ਪਿਆਰ ਕਰਨ ਵਾਲਾ ਹਾਕਮ ਸਾਬਤ ਹੋਵੇਗਾ ਅਤੇ ਵਫ਼ਾਦਾਰ ਇਨਸਾਨਾਂ ਨੂੰ ਵੀ ਫ਼ਾਇਦਾ ਹੋਵੇਗਾ।

8 ਇਨਸਾਨ ਦੁੱਖਾਂ ਤੋਂ ਬਚ ਸਕਦੇ ਸੀ ਜੇ ਉਹ ਸ਼ਤਾਨ ਦੇ ਪਿੱਛੇ ਨਾ ਲੱਗਦੇ ਅਤੇ ਪਰਮੇਸ਼ੁਰ ਦੀ ਹਕੂਮਤ ਨੂੰ ਨਾ ਠੁਕਰਾਉਂਦੇ! ਫਿਰ ਵੀ, ਇਨਸਾਨਾਂ ਨੂੰ ਯਹੋਵਾਹ ਵੱਲੋਂ ਕੁਝ ਸਮੇਂ ਲਈ ਰਾਜ ਕਰਨ ਦੀ ਇਜਾਜ਼ਤ ਦੇਣ ਨਾਲ ਫ਼ਾਇਦੇ ਹੋਏ ਹਨ। ਨੇਕਦਿਲ ਲੋਕ ਦੇਖ ਸਕਦੇ ਹਨ ਕਿ ਪਰਮੇਸ਼ੁਰ ਦੀ ਸੁਣਨੀ ਅਤੇ ਉਸ ’ਤੇ ਭਰੋਸਾ ਕਰਨਾ ਅਕਲਮੰਦੀ ਹੈ। ਸਦੀਆਂ ਦੌਰਾਨ ਇਨਸਾਨਾਂ ਨੇ ਹਰ ਤਰ੍ਹਾਂ ਦੀ ਸਰਕਾਰ ਅਜ਼ਮਾ ਕੇ ਦੇਖ ਲਈ ਹੈ, ਪਰ ਕੋਈ ਵੀ ਚੰਗੀ ਨਹੀਂ ਨਿਕਲੀ। ਇਸ ਕਰਕੇ ਪਰਮੇਸ਼ੁਰ ਦੇ ਭਗਤਾਂ ਨੂੰ ਹੋਰ ਵੀ ਯਕੀਨ ਹੋ ਗਿਆ ਹੈ ਕਿ ਯਹੋਵਾਹ ਦਾ ਰਾਜ ਹੀ ਸਭ ਤੋਂ ਵਧੀਆ ਹੈ। ਇਹ ਸੱਚ ਹੈ ਕਿ ਸ਼ਤਾਨ ਨੂੰ ਆਪਣੀ ਬੁਰੀ ਹਕੂਮਤ ਚਲਾਉਣ ਦੀ ਆਗਿਆ ਦੇਣ ਨਾਲ ਇਨਸਾਨਾਂ ਨੂੰ ਦੁੱਖ ਸਹਿਣੇ ਪਏ ਹਨ। ਯਹੋਵਾਹ ਦੀ ਸੇਵਾ ਕਰਨ ਵਾਲਿਆਂ ਨੂੰ ਵੀ ਦੁੱਖ ਸਹਿਣੇ ਪੈਂਦੇ ਹਨ। ਪਰ ਥੋੜ੍ਹੀ ਦੇਰ ਵਾਸਤੇ ਬੁਰਾਈ ਨੂੰ ਰਹਿਣ ਦੇਣ ਨਾਲ ਇਨ੍ਹਾਂ ਵਫ਼ਾਦਾਰ ਭਗਤਾਂ ਨੂੰ ਫ਼ਾਇਦੇ ਵੀ ਹੋਏ ਹਨ।

ਬਗਾਵਤ ਕਾਰਨ ਯਹੋਵਾਹ ਦੀ ਵਡਿਆਈ ਹੋਈ ਹੈ

9, 10. ਸਮਝਾਓ ਕਿ ਸ਼ਤਾਨ ਦੇ ਰਾਜ ਕਾਰਨ ਯਹੋਵਾਹ ਦੀ ਮਹਿਮਾ ਕਿਵੇਂ ਹੋਈ ਹੈ?

9 ਭਾਵੇਂ ਕਿ ਯਹੋਵਾਹ ਨੇ ਇਨਸਾਨਾਂ ਨੂੰ ਸ਼ਤਾਨ ਦੇ ਅਸਰ ਹੇਠ ਆਉਣ ਅਤੇ ਰਾਜ ਕਰਨ ਦੀ ਇਜਾਜ਼ਤ ਦਿੱਤੀ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਦਾ ਰਾਜ ਕਰਨ ਦਾ ਤਰੀਕਾ ਗ਼ਲਤ ਹੈ। ਇਤਿਹਾਸ ਗਵਾਹ ਹੈ ਕਿ ਯਿਰਮਿਯਾਹ ਦੇ ਕਹੇ ਸ਼ਬਦ ਸੋਲਾਂ ਆਨੇ ਸੱਚ ਸਾਬਤ ਹੋਏ ਹਨ ਕਿ ਇਨਸਾਨ ਰਾਜ ਕਰਨ ਦੇ ਲਾਇਕ ਨਹੀਂ ਹਨ। (ਯਿਰਮਿਯਾਹ 10:23 ਪੜ੍ਹੋ।) ਇਸ ਤੋਂ ਇਲਾਵਾ, ਸ਼ਤਾਨ ਦੀ ਬਗਾਵਤ ਕਾਰਨ ਯਹੋਵਾਹ ਨੂੰ ਮੌਕਾ ਮਿਲਿਆ ਕਿ ਉਹ ਆਪਣੇ ਗੁਣ ਹੋਰ ਵੀ ਸੋਹਣੇ ਤਰੀਕੇ ਨਾਲ ਦਿਖਾਏ। ਉਹ ਕਿਵੇਂ?

10 ਅਸੀਂ ਦੇਖਿਆ ਹੈ ਕਿ ਸ਼ਤਾਨ ਦਾ ਰਾਜ ਤਬਾਹਕੁਨ ਸਾਬਤ ਹੋਇਆ ਹੈ। ਪਰ ਇਸ ਦੇ ਨਾਲ-ਨਾਲ ਅਸੀਂ ਯਹੋਵਾਹ ਦੇ ਉਹ ਗੁਣ ਹੋਰ ਵੀ ਚੰਗੀ ਤਰ੍ਹਾਂ ਦੇਖ ਸਕੇ ਹਾਂ ਜੋ ਸ਼ਾਇਦ ਕਿਸੇ ਹੋਰ ਤਰੀਕੇ ਨਾਲ ਨਜ਼ਰ ਨਾ ਆਉਂਦੇ। ਇਸ ਕਰਕੇ ਉਸ ਨੂੰ ਪਿਆਰ ਕਰਨ ਵਾਲਿਆਂ ਨੇ ਉਸ ਦੀ ਹੋਰ ਵੀ ਵਡਿਆਈ ਕੀਤੀ ਹੈ। ਜੀ ਹਾਂ, ਭਾਵੇਂ ਇਹ ਗੱਲ ਅਜੀਬ ਲੱਗਦੀ ਹੈ, ਪਰ ਸ਼ਤਾਨ ਦੀ ਹਕੂਮਤ ਕਾਰਨ ਅਸਲ ਵਿਚ ਯਹੋਵਾਹ ਦੀ ਹੀ ਮਹਿਮਾ ਹੋਈ ਹੈ। ਇਸ ਗੱਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਆਪਣੀ ਹਕੂਮਤ ਬਾਰੇ ਉੱਠੇ ਮਸਲੇ ਨੂੰ ਕਿੰਨੇ ਵਧੀਆ ਤਰੀਕੇ ਨਾਲ ਸੁਲਝਾਇਆ ਹੈ। ਇਹ ਗੱਲ ਸਮਝਣ ਲਈ, ਆਓ ਆਪਾਂ ਥੋੜ੍ਹੇ ਸ਼ਬਦਾਂ ਵਿਚ ਯਹੋਵਾਹ ਦੇ ਕੁਝ ਗੁਣਾਂ ’ਤੇ ਗੌਰ ਕਰੀਏ ਅਤੇ ਦੇਖੀਏ ਕਿ ਸ਼ਤਾਨ ਦੇ ਮਾੜੇ ਰਾਜ ਕਾਰਨ ਯਹੋਵਾਹ ਨੇ ਹੋਰ ਕਿਹੜੇ ਤਰੀਕਿਆਂ ਨਾਲ ਇਹ ਗੁਣ ਦਿਖਾਏ ਹਨ।

11. ਯਹੋਵਾਹ ਨੇ ਆਪਣਾ ਪਿਆਰ ਕਿਵੇਂ ਜ਼ਾਹਰ ਕੀਤਾ?

11ਪਿਆਰ। ਬਾਈਬਲ ਸਾਨੂੰ ਦੱਸਦੀ ਹੈ ਕਿ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰ. 4:8) ਪਰਮੇਸ਼ੁਰ ਨੇ ਪਿਆਰ ਕਾਰਨ ਇਨਸਾਨਾਂ ਨੂੰ ਸਿਰਜਿਆ ਸੀ। ਇਸ ਤੋਂ ਇਲਾਵਾ, ਜਿਸ ਸੋਹਣੇ ਤੇ ਹੈਰਾਨੀਜਨਕ ਤਰੀਕੇ ਨਾਲ ਉਸ ਨੇ ਸਾਨੂੰ ਬਣਾਇਆ ਹੈ, ਉਸ ਤੋਂ ਵੀ ਉਸ ਦਾ ਪਿਆਰ ਝਲਕਦਾ ਹੈ। ਯਹੋਵਾਹ ਨੇ ਇਨਸਾਨਾਂ ਦੇ ਰਹਿਣ ਲਈ ਸੁੰਦਰ ਧਰਤੀ ਵੀ ਬਣਾਈ ਸੀ ਜਿੱਥੇ ਉਨ੍ਹਾਂ ਦੇ ਖ਼ੁਸ਼ ਰਹਿਣ ਲਈ ਸਭ ਕੁਝ ਸੀ। (ਉਤ. 1:29-31; 2:8, 9; ਜ਼ਬੂ. 139:14-16) ਪਰ ਜਦੋਂ ਇਨਸਾਨਾਂ ਨੇ ਪਾਪ ਕੀਤਾ, ਤਾਂ ਯਹੋਵਾਹ ਨੇ ਹੋਰ ਤਰੀਕਿਆਂ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਉਹ ਕਿਵੇਂ? ਯੂਹੰਨਾ ਰਸੂਲ ਯਿਸੂ ਦੀ ਇਹ ਗੱਲ ਦੱਸਦਾ ਹੈ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰ. 3:16) ਯਹੋਵਾਹ ਨੇ ਪਾਪੀਆਂ ਨੂੰ ਬਚਾਉਣ ਲਈ ਆਪਣੇ ਇਕਲੌਤੇ ਪੁੱਤਰ ਨੂੰ ਧਰਤੀ ’ਤੇ ਭੇਜਿਆ। ਕੀ ਪਰਮੇਸ਼ੁਰ ਕਿਸੇ ਹੋਰ ਬਿਹਤਰ ਤਰੀਕੇ ਨਾਲ ਇਨਸਾਨਾਂ ਨੂੰ ਪਿਆਰ ਕਰ ਸਕਦਾ ਸੀ? (ਯੂਹੰ. 15:13) ਯਹੋਵਾਹ ਨੇ ਇਨਸਾਨਾਂ ਲਈ ਪਿਆਰ ਦੀ ਵਧੀਆ ਮਿਸਾਲ ਕਾਇਮ ਕੀਤੀ ਤਾਂਕਿ ਉਹ ਵੀ ਹਰ ਰੋਜ਼ ਉਸ ਦੀ ਰੀਸ ਕਰਨ, ਜਿਵੇਂ ਯਿਸੂ ਨੇ ਕੀਤੀ ਸੀ।—ਯੂਹੰ. 17:25, 26.

12. ਯਹੋਵਾਹ ਆਪਣੀ ਤਾਕਤ ਕਿਵੇਂ ਦਿਖਾਵੇਗਾ?

12ਤਾਕਤ। ਸਿਰਫ਼ ‘ਸਰਬ ਸ਼ਕਤੀਮਾਨ ਪਰਮੇਸ਼ੁਰ’ ਹੀ ਜ਼ਿੰਦਗੀ ਦੇ ਸਕਦਾ ਹੈ। (ਪਰ. 11:17; ਜ਼ਬੂ. 36:9) ਜਦ ਇਨਸਾਨ ਪੈਦਾ ਹੁੰਦਾ ਹੈ, ਤਾਂ ਉਸ ਦੀ ਜ਼ਿੰਦਗੀ ਕੋਰੇ ਕਾਗਜ਼ ਵਾਂਗ ਹੁੰਦੀ ਹੈ। ਪਰ ਜਦ ਇਨਸਾਨ ਮਰਦਾ ਹੈ, ਤਾਂ ਇਹ ਕਾਗਜ਼ ਉਸ ਦੇ ਫ਼ੈਸਲਿਆਂ, ਕੰਮਾਂ ਤੇ ਤਜਰਬਿਆਂ ਨਾਲ ਭਰਿਆ ਹੁੰਦਾ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਿਹੋ ਜਿਹਾ ਇਨਸਾਨ ਸੀ। ਇਹ ਜਾਣਕਾਰੀ ਇਕ ਫਾਈਲ ਦੀ ਤਰ੍ਹਾਂ ਯਹੋਵਾਹ ਆਪਣੀ ਯਾਦਾਸ਼ਤ ਵਿਚ ਸੰਭਾਲ ਕੇ ਰੱਖ ਸਕਦਾ ਹੈ। ਸਮਾਂ ਆਉਣ ਤੇ ਯਹੋਵਾਹ ਉਸ ਇਨਸਾਨ ਨੂੰ ਪਹਿਲਾਂ ਵਰਗੇ ਸੁਭਾਅ ਨਾਲ ਮੁੜ ਜੀਉਂਦਾ ਕਰ ਸਕਦਾ ਹੈ। (ਯੂਹੰ. 5:28, 29) ਭਾਵੇਂ ਯਹੋਵਾਹ ਦਾ ਮਕਸਦ ਨਹੀਂ ਸੀ ਕਿ ਇਨਸਾਨ ਮਰਨ, ਪਰ ਫਿਰ ਵੀ ਇਨਸਾਨ ਮਰਦੇ ਹਨ। ਸੋ ਇਸ ਕਾਰਨ ਯਹੋਵਾਹ ਮਰੇ ਲੋਕਾਂ ਨੂੰ ਮੁੜ ਜ਼ਿੰਦਾ ਕਰ ਕੇ ਦਿਖਾ ਸਕਦਾ ਹੈ ਕਿ ਉਸ ਕੋਲ ਕਿੰਨੀ ਤਾਕਤ ਹੈ। ਹਾਂ, ਕੋਈ ਸ਼ੱਕ ਨਹੀਂ ਹੈ ਕਿ ਯਹੋਵਾਹ “ਪਰਮੇਸ਼ੁਰ, ਸਰਬ ਸ਼ਕਤੀਮਾਨ” ਹੈ।

13. ਯਿਸੂ ਦੀ ਕੁਰਬਾਨੀ ਯਹੋਵਾਹ ਦੇ ਇਨਸਾਫ਼ ਦਾ ਸਬੂਤ ਕਿਵੇਂ ਸੀ?

13ਇਨਸਾਫ਼। ਯਹੋਵਾਹ ਕਦੇ ਝੂਠ ਨਹੀਂ ਬੋਲਦਾ ਅਤੇ ਨਾ ਹੀ ਉਹ ਬੇਇਨਸਾਫ਼ੀ ਕਰਦਾ ਹੈ। (ਬਿਵ. 32:4; ਤੀਤੁ. 1:2) ਉਹ ਹਮੇਸ਼ਾ ਸੱਚਾਈ ਅਤੇ ਇਨਸਾਫ਼ ਦੇ ਉੱਚੇ-ਸੁੱਚੇ ਮਿਆਰਾਂ ’ਤੇ ਚੱਲਦਾ ਹੈ, ਭਾਵੇਂ ਕਿ ਇਸ ਵਿਚ ਉਸ ਦਾ ਹੀ ਨੁਕਸਾਨ ਕਿਉਂ ਨਾ ਹੋਵੇ। (ਰੋਮੀ. 8:32) ਯਹੋਵਾਹ ਨੂੰ ਕਿੰਨਾ ਦੁੱਖ ਹੋਇਆ ਹੋਣਾ ਜਦੋਂ ਉਸ ਨੇ ਆਪਣੇ ਪੁੱਤਰ ਨੂੰ ਸੂਲੀ ਉੱਤੇ ਕਾਫ਼ਰ ਦੀ ਮੌਤ ਮਰਦੇ ਦੇਖਿਆ! ਯਹੋਵਾਹ ਨੇ ਇਨਸਾਨਾਂ ਨਾਲ ਪਿਆਰ ਦੀ ਖ਼ਾਤਰ ਇਹ ਦੁੱਖ ਝੱਲ ਕੇ ਆਪਣੇ ਇਨਸਾਫ਼ ਦੇ ਮਿਆਰ ਦੀ ਪਾਲਣਾ ਕੀਤੀ। (ਰੋਮੀਆਂ 5:18-21 ਪੜ੍ਹੋ।) ਬੇਇਨਸਾਫ਼ੀ ਨਾਲ ਭਰੀ ਦੁਨੀਆਂ ਕਰਕੇ ਯਹੋਵਾਹ ਨੂੰ ਸਾਬਤ ਕਰਨ ਦਾ ਮੌਕਾ ਮਿਲਿਆ ਕਿ ਉਹ ਇਨਸਾਫ਼ ਦੀ ਮੂਰਤ ਹੈ।

14, 15. ਕਿਨ੍ਹਾਂ ਕੁਝ ਤਰੀਕਿਆਂ ਨਾਲ ਯਹੋਵਾਹ ਦੀ ਉੱਤਮ ਬੁੱਧ ਅਤੇ ਧੀਰਜ ਨਜ਼ਰ ਆਉਂਦਾ ਹੈ?

14ਬੁੱਧ। ਆਦਮ ਅਤੇ ਹੱਵਾਹ ਦੇ ਪਾਪ ਕਰਨ ਤੋਂ ਫ਼ੌਰਨ ਬਾਅਦ ਯਹੋਵਾਹ ਨੇ ਦੱਸਿਆ ਕਿ ਉਹ ਬਗਾਵਤ ਦੇ ਬੁਰੇ ਅਸਰਾਂ ਨੂੰ ਕਿਵੇਂ ਖ਼ਤਮ ਕਰੇਗਾ। (ਉਤ. 3:15) ਉਸ ਵੇਲੇ ਯਹੋਵਾਹ ਨੇ ਨਾ ਸਿਰਫ਼ ਫ਼ੌਰਨ ਕਦਮ ਚੁੱਕਿਆ, ਸਗੋਂ ਉਸ ਨੇ ਹੌਲੀ-ਹੌਲੀ ਆਪਣੇ ਸੇਵਕਾਂ ਨੂੰ ਆਪਣੇ ਮਕਸਦ ਬਾਰੇ ਵੀ ਦੱਸਿਆ। ਇਸ ਤਰ੍ਹਾਂ ਯਹੋਵਾਹ ਨੇ ਆਪਣੀ ਬੁੱਧ ਦਾ ਸਬੂਤ ਦਿੱਤਾ। (ਰੋਮੀ. 11:33) ਕੋਈ ਵੀ ਗੱਲ ਪਰਮੇਸ਼ੁਰ ਨੂੰ ਆਪਣਾ ਕੰਮ ਪੂਰਾ ਕਰਨ ਤੋਂ ਰੋਕ ਨਹੀਂ ਸਕਦੀ। ਦੁਨੀਆਂ ਵਿਚ ਅਸੀਂ ਦੇਖਦੇ ਹਾਂ ਕਿ ਕਿੰਨੇ ਗੰਦੇ-ਮੰਦੇ ਕੰਮ ਅਤੇ ਯੁੱਧ ਹੁੰਦੇ ਹਨ, ਲੋਕੀ ਰੁੱਖੇ ਤੇ ਜ਼ਿੱਦੀ, ਅਣਆਗਿਆਕਾਰ, ਬੇਰਹਿਮ, ਪੱਖਪਾਤੀ ਅਤੇ ਪਖੰਡੀ ਹਨ। ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਯਹੋਵਾਹ ਨੇ ਸਾਰਿਆਂ ਨੂੰ ਦਿਖਾ ਦਿੱਤਾ ਹੈ ਕਿ ਉੱਤਮ ਬੁੱਧ ਉਸ ਦੇ ਕੋਲ ਹੀ ਹੈ। ਯਾਕੂਬ ਨੇ ਕਿਹਾ: “ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ, ਫੇਰ ਮਿਲਣਸਾਰ, ਸ਼ੀਲ ਸੁਭਾਉ, ਹਠ ਤੋਂ ਰਹਿਤ, ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ, ਦੁਆਇਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ।”—ਯਾਕੂ. 3:17.

15ਧੀਰਜ ਅਤੇ ਸਹਿਣਸ਼ੀਲਤਾ। ਜੇ ਅਸੀਂ ਨਾਮੁਕੰਮਲ, ਪਾਪੀ ਅਤੇ ਭੁੱਲਣਹਾਰ ਨਾ ਹੁੰਦੇ, ਤਾਂ ਸਾਨੂੰ ਯਹੋਵਾਹ ਦਾ ਧੀਰਜ ਅਤੇ ਸਹਿਣਸ਼ੀਲਤਾ ਇੰਨੀ ਚੰਗੀ ਤਰ੍ਹਾਂ ਨਜ਼ਰ ਨਹੀਂ ਸੀ ਆਉਣੀ। ਇਹ ਗੁਣ ਯਹੋਵਾਹ ਹਜ਼ਾਰਾਂ ਸਾਲਾਂ ਤੋਂ ਦਿਖਾਉਂਦਾ ਆਇਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਗੁਣ ਉਸ ਦੀ ਰਗ-ਰਗ ਵਿਚ ਵੱਸੇ ਹੋਏ ਹਨ। ਇਸ ਲਈ ਸਾਨੂੰ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਪਤਰਸ ਰਸੂਲ ਨੇ ਠੀਕ ਹੀ ਕਿਹਾ ਸੀ ਕਿ ਸਾਨੂੰ ‘ਆਪਣੇ ਪ੍ਰਭੁ ਦੇ ਧੀਰਜ ਨੂੰ ਮੁਕਤੀ ਸਮਝਣਾ’ ਚਾਹੀਦਾ ਹੈ।—2 ਪਤ. 3:9, 15.

16. ਅਸੀਂ ਕਿਉਂ ਖ਼ੁਸ਼ ਹੋ ਸਕਦੇ ਹਾਂ ਕਿ ਯਹੋਵਾਹ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ?

16ਮਾਫ਼ ਕਰਨ ਨੂੰ ਤਿਆਰ। ਅਸੀਂ ਸਾਰੇ ਪਾਪੀ ਹਾਂ ਅਤੇ ਵਾਰ-ਵਾਰ ਗ਼ਲਤੀਆਂ ਕਰਦੇ ਹਾਂ। (ਯਾਕੂ. 3:2; 1 ਯੂਹੰ. 1:8, 9) ਇਸ ਲਈ ਸਾਨੂੰ ਕਿੰਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਯਹੋਵਾਹ “ਅੱਤ ਦਿਆਲੂ ਹੈ” ਜੋ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। (ਯਸਾ. 55:7) ਇਸ ਗੱਲ ’ਤੇ ਵੀ ਗੌਰ ਕਰੋ: ਜਨਮ ਤੋਂ ਪਾਪੀ ਹੋਣ ਕਰਕੇ ਅਸੀਂ ਗ਼ਲਤੀਆਂ ਕਰਦੇ ਹਾਂ, ਪਰ ਉਦੋਂ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਯਹੋਵਾਹ ਸਾਨੂੰ ਮਾਫ਼ ਕਰ ਦਿੰਦਾ ਹੈ। (ਜ਼ਬੂ. 51:5, 9, 17) ਮਾਫ਼ੀ ਮਿਲਣ ਤੇ ਸਾਡਾ ਉਸ ਲਈ ਪਿਆਰ ਵਧਦਾ ਹੈ ਅਤੇ ਅਸੀਂ ਵੀ ਉਸ ਦੀ ਰੀਸ ਕਰਦੇ ਹੋਏ ਹੋਰਨਾਂ ਨੂੰ ਮਾਫ਼ ਕਰਦੇ ਹਾਂ।—ਕੁਲੁੱਸੀਆਂ 3:13 ਪੜ੍ਹੋ।

ਦੁਨੀਆਂ ਬੀਮਾਰ ਕਿਉਂ ਹੈ?

17, 18. ਸ਼ਤਾਨ ਦਾ ਰਾਜ ਕਿਨ੍ਹਾਂ ਤਰੀਕਿਆਂ ਨਾਲ ਅਸਫ਼ਲ ਸਾਬਤ ਹੋਇਆ ਹੈ?

17 ਸਦੀਆਂ ਦੌਰਾਨ ਸ਼ਤਾਨ ਨੇ ਦੁਨੀਆਂ ’ਤੇ ਜਿਸ ਤਰ੍ਹਾਂ ਦਾ ਰਾਜ ਚਲਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ। 1991 ਵਿਚ ਦ ਯੂਰਪੀਅਨ ਅਖ਼ਬਾਰ ਨੇ ਕਿਹਾ: “ਕੀ ਦੁਨੀਆਂ ਬੀਮਾਰ ਹੈ? ਹਾਂ, ਪਰ ਦੁਨੀਆਂ ਦੀ ਬੀਮਾਰੀ ਦਾ ਜ਼ਿੰਮੇਵਾਰ ਪਰਮੇਸ਼ੁਰ ਨਹੀਂ, ਸਗੋਂ ਦੁਨੀਆਂ ਦੇ ਲੋਕ ਹਨ।” ਇਹ ਗੱਲ ਕਿੰਨੀ ਸੱਚ ਹੈ! ਸ਼ਤਾਨ ਦੇ ਪਿੱਛੇ ਲੱਗ ਕੇ ਸਾਡੇ ਪਹਿਲੇ ਮਾਂ-ਬਾਪ ਨੇ ਯਹੋਵਾਹ ਦੀ ਹਕੂਮਤ ਠੁਕਰਾਈ ਅਤੇ ਮਨੁੱਖੀ ਹਕੂਮਤ ਨੂੰ ਜ਼ਿਆਦਾ ਪਸੰਦ ਕੀਤਾ। ਉਦੋਂ ਤੋਂ ਹੀ ਅਜਿਹਾ ਰਾਜ ਸ਼ੁਰੂ ਹੋਇਆ ਜੋ ਅਸਫ਼ਲ ਹੋ ਕੇ ਹੀ ਰਹਿਣਾ ਸੀ। ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਇਸ ਗੱਲ ਦਾ ਸਬੂਤ ਹਨ ਕਿ ਇਨਸਾਨਾਂ ਦਾ ਰਾਜ ਭਿਆਨਕ ਬੀਮਾਰੀ ਤੋਂ ਪੀੜਿਤ ਹੈ।

18 ਸ਼ਤਾਨ ਦੇ ਰਾਜ ਵਿਚ ਸੁਆਰਥ ਦਾ ਬੋਲਬਾਲਾ ਹੈ। ਪਰ ਸੁਆਰਥ ਪਿਆਰ ਨੂੰ ਕਦੇ ਵੀ ਨਹੀਂ ਜਿੱਤ ਸਕਦਾ ਕਿਉਂਕਿ ਯਹੋਵਾਹ ਪਿਆਰ ਨਾਲ ਰਾਜ ਕਰਦਾ ਹੈ। ਸ਼ਤਾਨ ਦੇ ਰਾਜ ਕਾਰਨ ਦੁਨੀਆਂ ਡਾਵਾਂ-ਡੋਲ ਹੋਈ ਪਈ ਹੈ ਤੇ ਲੋਕ ਖ਼ੁਸ਼ ਅਤੇ ਸੁਰੱਖਿਅਤ ਨਹੀਂ ਹਨ। ਪਰ ਯਹੋਵਾਹ ਦਾ ਰਾਜ ਕਰਨ ਦਾ ਤਰੀਕਾ ਹਮੇਸ਼ਾ ਸਹੀ ਰਿਹਾ ਹੈ! ਕੀ ਇਸ ਦਾ ਅੱਜ ਸਬੂਤ ਦੇਖਣ ਨੂੰ ਮਿਲਦਾ ਹੈ? ਬਿਲਕੁਲ ਮਿਲਦਾ ਹੈ। ਇਸ ਬਾਰੇ ਅਸੀਂ ਅਗਲੇ ਲੇਖ ਵਿਚ ਦੇਖਾਂਗੇ।

ਅਸੀਂ ਹਕੂਮਤ ਬਾਰੇ ਇਨ੍ਹਾਂ ਹਵਾਲਿਆਂ ਤੋਂ ਕੀ ਕੁਝ ਸਿੱਖਿਆ?

ਰੋਮੀਆਂ 13:1, 2

ਕਹਾਉਤਾਂ 21:30

ਯਿਰਮਿਯਾਹ 10:23

ਕੁਲੁੱਸੀਆਂ 3:13

[ਸਵਾਲ]

[ਸਫ਼ਾ 25 ਉੱਤੇ ਤਸਵੀਰਾਂ]

ਸ਼ਤਾਨ ਦੇ ਰਾਜ ਦਾ ਮਨੁੱਖਜਾਤੀ ਨੂੰ ਕੋਈ ਫ਼ਾਇਦਾ ਨਹੀਂ ਹੋਇਆ

U.S. Army photo

WHO photo by P. Almasy

[ਸਫ਼ਾ 26 ਉੱਤੇ ਤਸਵੀਰ]

ਯਹੋਵਾਹ ਮਰੇ ਲੋਕਾਂ ਨੂੰ ਮੁੜ ਜ਼ਿੰਦਾ ਕਰ ਕੇ ਦਿਖਾਵੇਗਾ ਕਿ ਉਸ ਕੋਲ ਕਿੰਨੀ ਤਾਕਤ ਹੈ

[ਸਫ਼ਾ 27 ਉੱਤੇ ਤਸਵੀਰ]

ਆਪਣੇ ਪੁੱਤਰ ਦੀ ਕੁਰਬਾਨੀ ਦੇ ਕੇ ਯਹੋਵਾਹ ਨੇ ਆਪਣੇ ਪਿਆਰ ਅਤੇ ਇਨਸਾਫ਼ ਦਾ ਸਬੂਤ ਦਿੱਤਾ