ਯਹੋਵਾਹ ਹੋਵੇ ਸੰਗ, ਫਿਰ ਡਰ ਕਿਸ ਦਾ
ਯਹੋਵਾਹ ਹੋਵੇ ਸੰਗ, ਫਿਰ ਡਰ ਕਿਸ ਦਾ
ਏਯਿਪਤੀਆ ਪੇਤ੍ਰੀਦੂ ਦੀ ਜ਼ਬਾਨੀ
1972 ਵਿਚ ਸਾਈਪ੍ਰਸ ਦੇ ਕੋਨੇ-ਕੋਨੇ ਤੋਂ ਭੈਣ-ਭਰਾ ਨਿਕੋਸ਼ੀਆ ਸ਼ਹਿਰ ਵਿਚ ਭਰਾ ਨੇਥਨ ਨੌਰ ਦਾ ਭਾਸ਼ਣ ਸੁਣਨ ਆਏ ਸਨ। ਉਨ੍ਹਾਂ ਦਿਨਾਂ ਵਿਚ ਭਰਾ ਨੌਰ ਪ੍ਰਚਾਰ ਦੇ ਕੰਮ ਦੀ ਅਗਵਾਈ ਕਰ ਰਹੇ ਸਨ। ਮੈਂ ਉਨ੍ਹਾਂ ਨੂੰ ਪਹਿਲੀ ਵਾਰ ਇਸ ਤੋਂ 20 ਸਾਲ ਪਹਿਲਾਂ ਮਿਸਰ ਦੇ ਸਿਕੰਦਰੀਆ ਸ਼ਹਿਰ ਵਿਚ ਮਿਲੀ ਸੀ, ਫਿਰ ਵੀ ਉਨ੍ਹਾਂ ਨੇ ਮੈਨੂੰ ਝੱਟ ਪਛਾਣ ਲਿਆ ਤੇ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਪੁੱਛਿਆ: “ਮਿਸਰ ਤੋਂ ਕੋਈ ਖ਼ਬਰ ਮਿਲੀ?”
ਮੇਰਾ ਜਨਮ 23 ਜਨਵਰੀ 1914 ਵਿਚ ਸਿਕੰਦਰੀਆ ਵਿਚ ਹੋਇਆ ਸੀ ਤੇ ਮੈਂ ਚੌਹਾਂ ਭੈਣਾਂ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ। ਸਾਡਾ ਘਰ ਸਮੁੰਦਰ ਦੇ ਲਾਗੇ ਸੀ। ਉਦੋਂ ਸਿਕੰਦਰੀਆ ਬਹੁਤ ਹੀ ਸੋਹਣਾ ਸ਼ਹਿਰ ਹੋਇਆ ਕਰਦਾ ਸੀ ਜਿੱਥੇ ਕਈ ਦੇਸ਼ਾਂ ਦੇ ਲੋਕ ਰਹਿੰਦੇ ਸਨ। ਉੱਥੇ ਦਾ ਆਰਕੀਟੈਕਚਰ ਅਤੇ ਇਤਿਹਾਸ ਬਹੁਤ ਹੀ ਜਾਣਿਆ-ਮਾਣਿਆ ਸੀ। ਯੂਰਪ ਤੋਂ ਆਏ ਲੋਕ ਅਰਬੀ ਲੋਕਾਂ ਨਾਲ ਖੁੱਲ੍ਹ ਕੇ ਮਿਲਦੇ-ਵਰਤਦੇ ਸਨ, ਜਿਸ ਕਰਕੇ ਅਸੀਂ ਬੱਚੇ ਛੋਟੇ ਹੁੰਦਿਆਂ ਤੋਂ ਅਰਬੀ, ਅੰਗ੍ਰੇਜ਼ੀ, ਫਰਾਂਸੀਸੀ, ਇਤਾਲਵੀ ਅਤੇ ਸਾਡੀ ਆਪਣੀ ਬੋਲੀ ਯੂਨਾਨੀ ਚੰਗੀ ਤਰ੍ਹਾਂ ਬੋਲ ਲੈਂਦੇ ਸੀ।
ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮੈਨੂੰ ਫ੍ਰੈਂਚ ਫ਼ੈਸ਼ਨ ਹਾਊਸ ਨਾਲ ਚੰਗੀ ਨੌਕਰੀ ਮਿਲ ਗਈ ਸੀ। ਉੱਥੇ ਮੈਂ ਵੱਡੇ-ਵੱਡੇ ਲੋਕਾਂ ਲਈ ਬਿਹਤਰੀਨ ਕੱਪੜੇ ਡੀਜ਼ਾਈਨ ਕਰਦੀ ਅਤੇ ਸੀਉਂਦੀ ਸੀ। ਧਰਮ ਵਿਚ ਰੁਚੀ ਰੱਖਣ ਕਾਰਨ ਮੈਂ ਬਾਈਬਲ ਪੜ੍ਹਨੀ ਬਹੁਤ ਪਸੰਦ ਕਰਦੀ ਸੀ, ਪਰ ਇਹ ਮੇਰੇ ਲਈ ਸਮਝਣੀ ਬਹੁਤ ਔਖੀ ਸੀ।
ਉਨ੍ਹੀਂ ਦਿਨੀਂ ਮੇਰੀ ਮੁਲਾਕਾਤ ਇਕ ਮੁੰਡੇ ਨਾਲ ਹੋਈ ਜੋ ਸਾਈਪ੍ਰਸ ਦਾ ਜੰਮਪਲ ਸੀ। ਉਸ ਦਾ ਨਾਂ ਸੀ ਥੇਓਦੋਦੋਸ ਪੇਤ੍ਰੀਦੀਸ। ਉਹ ਚੰਗੀ ਕੁਸ਼ਤੀ ਕਰ ਲੈਂਦਾ ਸੀ। ਇਹੀ ਨਹੀਂ ਉਹ ਪੇਸਟਰੀ ਬਣਾਉਣ ਵਿਚ ਵੀ ਮਾਹਰ ਸੀ। ਉਹ ਇਕ ਬਹੁਤ ਹੀ ਮਸ਼ਹੂਰ ਬੇਕਰੀ ਵਿਚ ਕੰਮ ਕਰਦਾ ਸੀ। ਉਸ ਨੂੰ ਮੇਰੇ ਨਾਲ ਪਿਆਰ ਹੋ ਗਿਆ ਤੇ ਉਹ ਅਕਸਰ ਮੇਰੇ ਘਰ ਦੀ ਤਾਕੀ ਸਾਮ੍ਹਣੇ ਖੜ੍ਹ ਕੇ ਸ਼ਾਇਰੋ-ਸ਼ਾਇਰੀ ਤੋਂ ਇਲਾਵਾ ਯੂਨਾਨੀ ਭਾਸ਼ਾ ਵਿਚ ਪਿਆਰ-ਮੁਹੱਬਤ ਦੇ ਗੀਤ ਗਾਇਆ ਕਰਦਾ ਸੀ। ਸਾਡਾ ਵਿਆਹ 30 ਜੂਨ 1940 ਨੂੰ ਹੋਇਆ ਸੀ ਤੇ ਅਸੀਂ ਬਹੁਤ ਖ਼ੁਸ਼ ਸੀ। ਅਸੀਂ ਮੇਰੀ ਮਾਤਾ ਜੀ ਦੇ ਅਪਾਰਟਮੈਂਟ ਦੇ ਬਿਲਕੁਲ ਥੱਲੇ ਵਾਲੇ ਅਪਾਰਟਮੈਂਟ ਵਿਚ ਰਹਿੰਦੇ ਸੀ। ਫਿਰ 1941 ਵਿਚ ਸਾਡੇ ਪਹਿਲੇ ਲੜਕੇ ਦਾ ਜਨਮ ਹੋਇਆ ਤੇ ਅਸੀਂ ਉਸ ਦਾ ਨਾਂ ਜੌਨ ਰੱਖਿਆ।
ਬਾਈਬਲ ਦੀ ਸੱਚਾਈ ਸਿੱਖੀ
ਮੇਰੇ ਪਤੀ ਨੂੰ ਸਾਡੇ ਧਰਮ ਬਾਰੇ ਕਈ ਗੱਲਾਂ ਪਸੰਦ ਨਹੀਂ ਸਨ ਅਤੇ ਉਹ ਬਾਈਬਲ ਬਾਰੇ ਕਈ ਸਵਾਲ ਕਰਦੇ ਸਨ। ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰ ਰਹੇ ਸਨ। ਇਕ ਦਿਨ ਮੈਂ ਘਰੇ ਇਕੱਲੀ ਆਪਣੇ ਮੁੰਡੇ ਦੀ ਦੇਖ-ਰੇਖ ਵਿਚ ਜੁੱਟੀ ਹੋਈ ਸੀ ਤੇ ਕਿਸੇ ਨੇ ਸਾਡਾ ਦਰਵਾਜ਼ਾ ਖੜਕਾਇਆ। ਜਦ ਮੈਂ ਦੇਖਿਆ, ਤਾਂ ਦਰਵਾਜ਼ੇ ਤੇ ਖੜ੍ਹੀ ਇਕ ਤੀਵੀਂ ਨੇ ਮੈਨੂੰ ਇਕ ਕਾਰਡ ਫੜਾਇਆ ਜਿਸ ਤੇ ਬਾਈਬਲ ਦਾ ਸੰਦੇਸ਼ ਲਿਖਿਆ ਹੋਇਆ ਸੀ। ਮੈਂ ਕਾਰਡ ਫੜਿਆ ਤੇ ਉਹ ਦਾ ਦਿਲ ਰੱਖਣ ਲਈ ਸੰਦੇਸ਼ ਪੜ੍ਹਿਆ। ਫਿਰ ਉਸ ਨੇ ਮੈਨੂੰ ਕੁਝ ਕਿਤਾਬਾਂ ਦੀ ਪੇਸ਼ਕਸ਼ ਕੀਤੀ। ਮੈਂ ਉਨ੍ਹਾਂ ਕਿਤਾਬਾਂ ਨੂੰ ਦੇਖ ਕੇ ਹੈਰਾਨ ਰਹਿ ਗਈ ਕਿਉਂਕਿ ਇਹ ਉਹੀ ਕਿਤਾਬਾਂ ਸਨ ਜੋ ਮੇਰੇ ਪਤੀ ਘਰ ਲਿਆਏ ਸਨ!
ਮੈਂ ਉਸ ਤੀਵੀਂ ਨੂੰ ਕਿਹਾ: “ਇਹ ਕਿਤਾਬਾਂ ਤਾਂ ਸਾਡੇ ਕੋਲ ਪਹਿਲਾਂ ਹੀ ਹਨ। ਤੁਸੀਂ ਅੰਦਰ ਲੰਘ ਆਓ।” ਉਸ ਤੀਵੀਂ ਦਾ ਨਾਂ ਏਲੇਨੀ ਨਿਕੋਲਾਓ ਸੀ ਤੇ ਉਸ ਦੇ ਅੰਦਰ ਵੜਦਿਆਂ ਹੀ ਮੈਂ ਸਵਾਲਾਂ ਦੀ ਬੁਛਾੜ ਕਰ ਦਿੱਤੀ। ਉਸ ਨੇ ਬੜੇ ਧੀਰਜ ਨਾਲ ਮੇਰੇ ਹਰ ਸਵਾਲ ਦਾ ਜਵਾਬ ਬਾਈਬਲ ਵਿੱਚੋਂ ਦਿੱਤਾ। ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਕਿਉਂਕਿ ਹੁਣ ਮੈਨੂੰ ਬਾਈਬਲ ਦੀ ਸਮਝ ਆਉਣ ਲੱਗ ਪਈ ਸੀ। ਗੱਲਬਾਤ ਦੌਰਾਨ ਭੈਣ ਏਲੇਨੀ ਦੀ ਨਜ਼ਰ ਮੇਰੇ ਪਤੀ ਦੀ ਤਸਵੀਰ ਤੇ ਪਈ ਤੇ ਉਹ ਕਹਿਣ ਲੱਗੀ: “ਮੈਂ ਇਸ ਆਦਮੀ ਨੂੰ ਜਾਣਦੀ ਹਾਂ!” ਮੇਰੇ ਪਤੀ ਦਾ ਪੋਲ ਖੁੱਲ੍ਹ ਗਿਆ ਸੀ। ਇਹ ਜਾਣ ਕੇ ਮੈਂ ਹੱਕੀ-ਬੱਕੀ ਰਹਿ ਗਈ ਕਿ ਉਹ ਮੈਨੂੰ ਕੁਝ ਕਹੇ ਬਿਨਾਂ ਇਕੱਲੇ ਮੀਟਿੰਗਾਂ ਵਿਚ ਜਾ ਰਹੇ ਸਨ। ਉਸ ਦਿਨ ਜਦ ਉਹ ਘਰ ਆਏ, ਤਾਂ ਮੈਂ ਉਨ੍ਹਾਂ ਨੂੰ ਕਿਹਾ: “ਪਿਛਲੇ ਐਤਵਾਰ ਜਿਸ ਜਗ੍ਹਾ ਤੁਸੀਂ ਗਏ ਸੀ, ਇਸ ਹਫ਼ਤੇ ਮੈਂ ਵੀ ਤੁਹਾਡੇ ਨਾਲ ਜਾਵਾਂਗੀ!”
ਮੈਂ ਜਿਹੜੀ ਪਹਿਲੀ ਮੀਟਿੰਗ ਵਿਚ ਗਈ ਸੀ, ਉੱਥੇ ਤਕਰੀਬਨ 10 ਭੈਣ-ਭਰਾ ਸਨ ਜੋ ਬਾਈਬਲ ਵਿੱਚੋਂ ਮੀਕਾਹ ਦੀ ਕਿਤਾਬ ਦੀ ਸਟੱਡੀ ਕਰ ਰਹੇ ਸਨ। ਮੈਂ ਉਨ੍ਹਾਂ ਦੀ ਇਕ-ਇਕ ਗੱਲ ਬੜੇ ਧਿਆਨ ਨਾਲ ਸੁਣੀ! ਫਿਰ ਜੋਰਜ ਅਤੇ ਕਾਟਾਰੀਨੀ ਪੇਦਰਾਕੀ ਸਾਨੂੰ ਸਟੱਡੀ ਕਰਵਾਉਣ ਹਰ ਸ਼ੁੱਕਰਵਾਰ ਸਾਡੇ ਘਰ ਆਉਣ ਲੱਗ ਪਏ। ਮੇਰੇ ਘਰ ਦੇ ਕੁਝ ਜੀਆਂ ਨੂੰ ਇਹ ਗੱਲ ਚੰਗੀ ਨਾ ਲੱਗੀ ਤੇ ਉਨ੍ਹਾਂ ਨੇ ਸਾਡਾ ਕਾਫ਼ੀ ਵਿਰੋਧ ਕੀਤਾ। ਮੇਰੀ ਛੋਟੀ ਭੈਣ ਨੂੰ ਕੋਈ ਇਤਰਾਜ਼ ਨਹੀਂ ਸੀ, ਪਰ ਉਸ ਨੇ ਖ਼ੁਦ ਸਟੱਡੀ ਨਹੀਂ ਕੀਤੀ। ਪਰ ਮੇਰੇ ਮਾਤਾ ਜੀ ਨੇ ਸਟੱਡੀ ਕੀਤੀ ਤੇ 1942 ਵਿਚ ਉਨ੍ਹਾਂ ਦੇ ਨਾਲ-ਨਾਲ ਮੈਂ ਅਤੇ ਮੇਰੇ ਪਤੀ ਨੇ ਸਮੁੰਦਰ ਵਿਚ ਬਪਤਿਸਮਾ ਲਿਆ।
ਜ਼ਿੰਦਗੀ ਵਿਚ ਹਲਚਲ
1939 ਵਿਚ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਸੀ। ਦਿਨ-ਬ-ਦਿਨ ਹਾਲਾਤ ਇਸ ਹੱਦ ਤਕ ਖ਼ਰਾਬ ਹੁੰਦੇ ਗਏ ਕਿ 1940 ਦੇ ਦਹਾਕੇ ਦੇ ਸ਼ੁਰੂ ਵਿਚ ਜਰਮਨ ਜਰਨੈਲ ਅਰਵਿਨ ਰੌਮੱਲ ਦੀ ਫ਼ੌਜ ਆਪਣੇ ਟੈਂਕਾਂ ਨਾਲ ਸਿਕੰਦਰੀਆ ਦੇ ਲਾਗੇ ਅਲ ਅਲਾਮਾਇਨ ਪਹੁੰਚ ਗਈ ਸੀ। ਸਿਕੰਦਰੀਆ ਬਰਤਾਨਵੀ ਫ਼ੌਜ ਨਾਲ ਭਰਿਆ ਪਿਆ ਸੀ। ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਘਰ ਵਿਚ ਕਾਫ਼ੀ ਸੁੱਕੇ ਮੇਵੇ ਵਗੈਰਾ ਜਮ੍ਹਾ ਕਰ ਲਏ ਸਨ। ਮੇਰੇ ਪਤੀ ਦੇ ਮਾਲਕ ਨੇ ਪੋਰਟ ਟੈਉਫਿਕ ਵਿਚ ਨਵੀਂ ਬੇਕਰੀ ਖੋਲ੍ਹੀ ਸੀ ਤੇ ਉਸ ਦੀ ਦੇਖ-ਰੇਖ ਮੇਰੇ ਪਤੀ ਨੂੰ ਸੌਂਪ ਦਿੱਤੀ। ਇਸ ਲਈ ਸਾਨੂੰ ਉੱਥੇ ਸ਼ਿਫ਼ਟ ਹੋਣਾ ਪਿਆ। ਯੂਨਾਨੀ ਬੋਲਣ ਵਾਲਾ ਇਕ ਜੋੜਾ ਸਾਨੂੰ ਲੱਭਣ ਲਈ ਉੱਥੇ ਆਇਆ। ਉਨ੍ਹਾਂ ਕੋਲ ਸਾਡਾ ਕੋਈ ਅਤਾ-ਪਤਾ ਨਹੀਂ ਸੀ ਇਸ ਲਈ ਉਹ ਘਰ-ਘਰ ਪ੍ਰਚਾਰ ਕਰਦੇ ਹੋਏ ਸਾਡੀ ਤਲਾਸ਼ ਕਰਨ ਲੱਗੇ।
ਪੋਰਟ ਟੈਉਫਿਕ ਵਿਚ ਅਸੀਂ ਇਕ ਪਰਿਵਾਰ ਨਾਲ ਬਾਈਬਲ ਦੀ ਸਟੱਡੀ ਕਰਨ ਲੱਗੇ। ਉਸ ਆਦਮੀ-ਤੀਵੀਂ ਦਾ ਨਾਂ ਸੀ ਸਟਾਵਰੋਸ ਅਤੇ ਯੂਲਾ ਕਿਪਰੇਓਸ ਤੇ ਉਨ੍ਹਾਂ ਦੇ ਮੁੰਡੇ ਦਾ ਨਾਂ ਦੋਦੋਸ ਤੇ ਕੁੜੀ ਦਾ ਯੋਰਯਿਆ ਸੀ। ਇਸ ਪਰਿਵਾਰ ਨਾਲ ਸਾਡੀ ਚੰਗੀ ਦੋਸਤੀ ਹੋ ਗਈ ਸੀ। ਸਟਾਵਰੋਸ ਬਾਈਬਲ ਦੀ ਸਟੱਡੀ ਕਰਨੀ ਇੰਨੀ ਪਸੰਦ ਕਰਦਾ ਸੀ ਕਿ ਉਹ ਘਰ ਵਿਚ ਸਾਰੀਆਂ ਘੜੀਆਂ ਦੀਆਂ ਸੂਈਆਂ ਇਕ ਘੰਟਾ ਪਿੱਛੇ ਕਰ ਦਿੰਦਾ ਸੀ, ਤਾਂਕਿ ਸਾਡੀ ਅਖ਼ੀਰਲੀ ਟ੍ਰੇਨ ਛੁੱਟ ਜਾਵੇ। ਇਸ ਤਰ੍ਹਾਂ ਅਸੀਂ ਅੱਧੀ-ਅੱਧੀ ਰਾਤ ਤਕ ਸਟੱਡੀ ਕਰਦੇ ਰਹਿੰਦੇ ਸੀ।
ਅਸੀਂ ਪੋਰਟ ਟੈਉਫਿਕ ਵਿਚ 18 ਮਹੀਨੇ ਰਹੇ ਜਿਸ ਤੋਂ ਬਾਅਦ ਸਾਨੂੰ ਮਾਤਾ ਜੀ ਦੀ ਤਬੀਅਤ ਖ਼ਰਾਬ ਹੋਣ ਕਾਰਨ ਸਿਕੰਦਰੀਆ ਵਾਪਸ ਆਉਣਾ ਪਿਆ। 1947 ਵਿਚ ਉਹ ਆਪਣੀ ਮੌਤ ਤਕ
ਯਹੋਵਾਹ ਦੇ ਵਫ਼ਾਦਾਰ ਰਹੇ। ਉਸ ਔਖੀ ਘੜੀ ਦੌਰਾਨ ਯਹੋਵਾਹ ਸਾਡਾ ਸਹਾਰਾ ਬਣਿਆ ਤੇ ਉਸ ਨੇ ਭੈਣਾਂ-ਭਰਾਵਾਂ ਰਾਹੀਂ ਸਾਡੀ ਹੌਸਲਾ-ਅਫ਼ਜ਼ਾਈ ਕੀਤੀ। ਸਿਕੰਦਰੀਆ ਇਕ ਬੰਦਰਗਾਹ ਸ਼ਹਿਰ ਹੋਣ ਕਾਰਨ ਕਈ ਮਿਸ਼ਨਰੀ ਭੈਣ-ਭਰਾਵਾਂ ਦੇ ਜਹਾਜ਼ ਇੱਥੇ ਰੁਕਦੇ ਸਨ। ਨਤੀਜੇ ਵਜੋਂ ਸਾਨੂੰ ਕਈ ਵਾਰ ਉਨ੍ਹਾਂ ਦੀ ਪਰਾਹੁਣਚਾਰੀ ਕਰਨ ਦਾ ਸਨਮਾਨ ਮਿਲਿਆ।ਖ਼ੁਸ਼ੀਆਂ ਤੇ ਗਮ
1952 ਵਿਚ ਸਾਡੇ ਦੂਜੇ ਮੁੰਡੇ ਦਾ ਜਨਮ ਹੋਇਆ ਜਿਸ ਦਾ ਨਾਂ ਅਸੀਂ ਜੇਮਜ਼ ਰੱਖਿਆ। ਅਸੀਂ ਜਾਣਦੇ ਸੀ ਕਿ ਬੱਚਿਆਂ ਲਈ ਇਹੋ ਜਿਹਾ ਮਾਹੌਲ ਬਹੁਤ ਜ਼ਰੂਰੀ ਹੈ ਜਿੱਥੇ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਦੀ ਹੱਲਾਸ਼ੇਰੀ ਮਿਲੇ। ਇਸ ਲਈ ਅਸੀਂ ਬੁੱਕ ਸਟੱਡੀ ਕਰਨ ਲਈ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਤੇ ਅਕਸਰ ਪਾਇਨੀਅਰਾਂ ਤੇ ਸਫ਼ਰੀ ਨਿਗਾਹਬਾਨਾਂ ਨੂੰ ਘਰ ਬੁਲਾਉਂਦੇ ਸੀ। ਇਸ ਮਾਹੌਲ ਕਰਕੇ ਹੀ ਸਾਡੇ ਮੁੰਡੇ ਜੌਨ ਨੇ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਦਾ ਫ਼ੈਸਲਾ ਕੀਤਾ। ਜਦ ਉਹ 15-16 ਸਾਲਾਂ ਦਾ ਹੀ ਸੀ, ਤਾਂ ਉਹ ਪੜ੍ਹਾਈ ਪੂਰੀ ਕਰਨ ਲਈ ਸ਼ਾਮ ਨੂੰ ਸਕੂਲ ਜਾਂਦਾ ਸੀ ਅਤੇ ਇਸ ਦੇ ਨਾਲ-ਨਾਲ ਪਾਇਨੀਅਰੀ ਕਰ ਰਿਹਾ ਸੀ।
ਫਿਰ ਸਾਨੂੰ ਪਤਾ ਲੱਗਾ ਕਿ ਮੇਰੇ ਪਤੀ ਨੂੰ ਦਿਲ ਦਾ ਰੋਗ ਲੱਗ ਗਿਆ ਸੀ ਅਤੇ ਡਾਕਟਰ ਨੇ ਉਨ੍ਹਾਂ ਨੂੰ ਨੌਕਰੀ ਛੱਡਣ ਦੀ ਸਲਾਹ ਦਿੱਤੀ। ਉਦੋਂ ਜੇਮਜ਼ ਸਿਰਫ਼ ਚੌਹਾਂ ਸਾਲਾਂ ਦਾ ਸੀ। ਹੁਣ ਅਸੀਂ ਕੀ ਕਰਦੇ? ਸਾਨੂੰ ਦਿਲ ਛੱਡਣ ਦੀ ਲੋੜ ਨਹੀਂ ਸੀ ਕਿਉਂਕਿ ਯਹੋਵਾਹ ਨੇ ਵਾਅਦਾ ਕੀਤਾ ਹੈ: “ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ।” (ਯਸਾ. 41:10) ਜ਼ਰਾ ਸੋਚੋ ਅਸੀਂ ਕਿੰਨੇ ਹੈਰਾਨ ਹੋਏ ਜਦ ਸਾਨੂੰ 1956 ਵਿਚ ਸੁਏਜ਼ ਨਹਿਰ ਦੇ ਲਾਗੇ ਇਜ਼ਮੇਲੀਆ ਸ਼ਹਿਰ ਵਿਚ ਪਾਇਨੀਅਰੀ ਕਰਨ ਦਾ ਸੱਦਾ ਮਿਲਿਆ! ਅਗਲੇ ਕੁਝ ਸਾਲ ਮਿਸਰ ਵਿਚ ਰਹਿੰਦੇ ਲੋਕਾਂ ਲਈ ਕਾਫ਼ੀ ਮੁਸ਼ਕਲ ਭਰੇ ਸਨ ਤੇ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦੀ ਬਹੁਤ ਲੋੜ ਸੀ।
1960 ਵਿਚ ਸਾਨੂੰ ਮਿਸਰ ਛੱਡ ਕੇ ਜਾਣਾ ਪਿਆ ਤੇ ਅਸੀਂ ਸਿਰਫ਼ ਇਕ-ਇਕ ਸੂਟਕੇਸ ਨਾਲ ਲੈ ਜਾ ਸਕੇ। ਅਸੀਂ ਮੇਰੇ ਪਤੀ ਦੇ ਜੱਦੀ ਘਰ ਸਾਈਪ੍ਰਸ ਟਾਪੂ ਤੇ ਜਾ ਵੱਸੇ। ਮੇਰੇ ਪਤੀ ਦੀ ਤਬੀਅਤ ਬਹੁਤ ਹੀ ਖ਼ਰਾਬ ਹੋ ਗਈ ਸੀ ਤੇ ਉਹ ਹੁਣ ਕੋਈ ਕੰਮ ਨਹੀਂ ਕਰ ਸਕਦੇ ਸਨ। ਪਰ ਕਲੀਸਿਯਾ ਤੋਂ ਇਕ ਬਹੁਤ ਹੀ ਭਲੇ ਜੋੜੇ ਨੇ ਸਾਡੀ ਮਦਦ ਕੀਤੀ ਅਤੇ ਸਾਨੂੰ ਰਹਿਣ ਲਈ ਜਗ੍ਹਾ ਦਿੱਤੀ। ਅਫ਼ਸੋਸ ਦੀ ਗੱਲ ਹੈ ਕਿ ਦੋ ਸਾਲ ਬਾਅਦ ਮੇਰੇ ਪਤੀ ਗੁਜ਼ਰ ਗਏ। ਸਾਡਾ ਵੱਡਾ ਮੁੰਡਾ ਜੌਨ ਵੀ ਸਾਡੇ ਨਾਲ ਸਾਈਪ੍ਰਸ ਆਇਆ ਸੀ, ਪਰ ਉਸ ਦੇ ਸਿਰ ਤੇ ਉਸ ਦੇ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸਨ। ਇਸ ਲਈ ਮੈਨੂੰ ਇਕੱਲੀ ਨੂੰ ਆਪਣੇ ਛੋਟੇ ਮੁੰਡੇ ਦੀ ਦੇਖ-ਭਾਲ ਕਰਨੀ ਪਈ।
ਔਖੇ ਸਮਿਆਂ ਵਿਚ ਮਦਦ
ਫਿਰ ਸਟਾਵਰੋਸ ਅਤੇ ਦੋਰਾ ਕਈਰੀਸ ਨੇ ਸਾਨੂੰ ਆਪਣੇ ਘਰ ਰਹਿਣ ਲਈ ਜਗ੍ਹਾ ਦਿੱਤੀ। ਸਾਡੀ ਦੇਖ-ਭਾਲ ਕਰਨ ਲਈ ਮੈਂ ਗੋਡਿਆਂ ਭਾਰ ਡਿੱਗ ਕੇ ਤਹਿ ਦਿਲੋਂ ਯਹੋਵਾਹ ਪਰਮੇਸ਼ੁਰ ਦਾ ਧੰਨਵਾਦ ਕੀਤਾ। (ਜ਼ਬੂ. 145:16) ਫਿਰ ਉਨ੍ਹਾਂ ਨੇ ਆਪਣਾ ਘਰ ਵੇਚ ਕੇ ਆਪਣੇ ਲਈ ਨਵਾਂ ਘਰ ਬਣਾਇਆ ਜਿਸ ਦੀ ਪਹਿਲੀ ਮੰਜ਼ਲ ਤੇ ਕਿੰਗਡਮ ਹਾਲ ਬਣਾਇਆ ਅਤੇ ਉਸ ਦੇ ਨਾਲ ਲੱਗਦੇ ਦੋ ਕਮਰੇ ਮੇਰੇ ਤੇ ਜੇਮਜ਼ ਦੇ ਰਹਿਣ ਲਈ ਬਣਾਏ।
ਫਿਰ ਜੇਮਜ਼ ਨੇ ਵੱਡਾ ਹੋ ਕੇ ਵਿਆਹ ਕਰਾ ਲਿਆ ਤੇ ਉਨ੍ਹਾਂ ਦੇ ਘਰ ਚਾਰ ਬੱਚੇ ਹੋਏ। ਉਹ ਆਪਣੀ ਪਤਨੀ ਦੇ ਨਾਲ ਆਪਣੇ ਪਹਿਲੇ ਬੱਚੇ ਦੇ ਜਨਮ ਤਕ ਪਾਇਨੀਅਰੀ ਕਰਦਾ ਰਿਹਾ। 1974 ਵਿਚ ਸਾਈਪ੍ਰਸ ਦੇ ਰਾਜਨੀਤਿਕ ਮਾਹੌਲ ਵਿਚ ਕਾਫ਼ੀ ਉਥਲ-ਪੁਥਲ ਆ ਗਈ ਸੀ। ਇਸ ਕਾਰਨ ਕਈ ਲੋਕ ਅਤੇ ਕੁਝ ਭੈਣ-ਭਰਾ ਵੀ ਆਪਣਾ ਘਰ-ਬਾਰ ਛੱਡ ਕੇ ਹੋਰਨਾਂ ਦੇਸ਼ਾਂ ਵਿਚ ਜਾ ਵੱਸੇ। ਮੇਰਾ ਵੱਡਾ ਮੁੰਡਾ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਕੈਨੇਡਾ ਚਲਾ ਗਿਆ ਸੀ। ਇਸ ਸਮੇਂ ਦੌਰਾਨ ਮੁਸ਼ਕਲਾਂ ਦੇ ਬਾਵਜੂਦ ਸਾਈਪ੍ਰਸ ਵਿਚ ਕਾਫ਼ੀ ਲੋਕ ਸੱਚਾਈ ਵਿਚ ਆਏ ਸਨ।
ਪੈਨਸ਼ਨ ਲੱਗਣ ਤੇ ਮੈਂ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਹਿੱਸਾ ਲੈ ਪਾਈ। ਪਰ ਕੁਝ ਸਾਲ ਪਹਿਲਾਂ ਮੈਨੂੰ ਹਲਕਾ ਜਿਹਾ ਸਟ੍ਰੋਕ ਹੋ ਗਿਆ ਸੀ ਤੇ ਮੈਂ ਆਪਣੇ ਪੁੱਤ ਜੇਮਜ਼ ਨਾਲ ਰਹਿਣ ਚਲੀ ਗਈ। ਫਿਰ ਮੇਰੀ ਤਬੀਅਤ ਜ਼ਿਆਦਾ ਖ਼ਰਾਬ ਹੋਣ ਕਾਰਨ ਮੈਨੂੰ ਕੁਝ ਹਫ਼ਤਿਆਂ ਲਈ ਹਸਪਤਾਲ ਵਿਚ ਦਾਖ਼ਲ ਹੋਣਾ ਪਿਆ। ਇਸ ਤੋਂ ਬਾਅਦ ਮੈਨੂੰ ਨਰਸਿੰਗ ਹੋਮ ਵਿਚ ਰਹਿਣਾ ਪਿਆ। ਭਾਵੇਂ ਮੇਰੇ ਕਾਫ਼ੀ ਦਰਦ ਹੁੰਦਾ ਰਹਿੰਦਾ ਹੈ, ਫਿਰ ਵੀ ਮੈਂ ਡਾਕਟਰਾਂ-ਨਰਸਾਂ, ਮਰੀਜ਼ਾਂ ਅਤੇ ਨਰਸਿੰਗ ਹੋਮ ਵਿਚ ਆਉਣ-ਜਾਣ ਵਾਲਿਆਂ ਨੂੰ ਗਵਾਹੀ ਦਿੰਦੀ ਹਾਂ। ਮੈਂ ਕਾਫ਼ੀ ਸਮਾਂ ਸਟੱਡੀ ਕਰਨ ਵਿਚ ਵੀ ਗੁਜ਼ਾਰਦੀ ਹਾਂ ਅਤੇ ਭੈਣ-ਭਰਾਵਾਂ ਦੀ ਮਦਦ ਨਾਲ ਨੇੜੇ ਪੈਂਦੀ ਬੁੱਕ ਸਟੱਡੀ ਨੂੰ ਵੀ ਜਾਂਦੀ ਹਾਂ।
ਬੁਢਾਪੇ ਵਿਚ ਸਹਾਰਾ
ਉਨ੍ਹਾਂ ਭੈਣਾਂ-ਭਰਾਵਾਂ ਦੀ ਖ਼ਬਰ ਸੁਣ ਕੇ ਮੈਨੂੰ ਹਮੇਸ਼ਾ ਖ਼ੁਸ਼ੀ ਮਿਲਦੀ ਹੈ ਜਿਨ੍ਹਾਂ ਨਾਲ ਮੈਂ ਤੇ ਮੇਰੇ ਪਤੀ ਨੇ ਸਟੱਡੀ ਕੀਤੀ ਸੀ। ਇਨ੍ਹਾਂ ਭੈਣਾਂ-ਭਰਾਵਾਂ ਦੇ ਨਿਆਣਿਆਂ, ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਵਿੱਚੋਂ ਕਈ ਅੱਜ ਆਸਟ੍ਰੇਲੀਆ, ਕੈਨੇਡਾ, ਇੰਗਲੈਂਡ, ਯੂਨਾਨ ਅਤੇ ਸਵਿਟਜ਼ਰਲੈਂਡ ਵਿਚ ਪਾਇਨੀਅਰੀ ਕਰ ਰਹੇ ਹਨ। ਹੁਣ ਮੇਰਾ ਮੁੰਡਾ ਜੌਨ ਤੇ ਮੇਰੀ ਨੂੰਹ ਆਪਣੇ ਮੁੰਡੇ ਨਾਲ ਕੈਨੇਡਾ ਰਹਿੰਦੇ ਹਨ। ਉਨ੍ਹਾਂ ਦੀ ਵੱਡੀ ਕੁੜੀ ਤੇ ਜਵਾਈ ਪਾਇਨੀਅਰੀ ਕਰ ਰਹੇ ਹਨ। ਉਨ੍ਹਾਂ ਦੀ ਛੋਟੀ ਕੁੜੀ ਲਿੰਡਾ ਦਾ ਵਿਆਹ ਜੌਸ਼ੁਆ ਸਨੈੱਪ ਨਾਲ ਹੋਇਆ ਤੇ ਉਨ੍ਹਾਂ ਨੂੰ ਗਿਲਿਅਡ ਸਕੂਲ ਦੀ 124ਵੀਂ ਕਲਾਸ ਵਿਚ ਜਾਣ ਦਾ ਸਨਮਾਨ ਮਿਲਿਆ।
ਮੇਰਾ ਛੋਟਾ ਮੁੰਡਾ ਜੇਮਜ਼ ਤੇ ਉਸ ਦੀ ਪਤਨੀ ਹੁਣ ਜਰਮਨੀ ਵਿਚ ਰਹਿ ਰਹੇ ਹਨ। ਉਨ੍ਹਾਂ ਦੇ ਦੋ ਮੁੰਡੇ ਬੈਥਲ ਵਿਚ ਸੇਵਾ ਕਰਦੇ ਹਨ, ਇਕ ਯੂਨਾਨ ਦੇ ਐਥਿਨਜ਼ ਸ਼ਹਿਰ ਵਿਚ ਅਤੇ ਦੂਜਾ ਜਰਮਨੀ ਦੇ ਸੈਲਟਰਸ ਸ਼ਹਿਰ ਵਿਚ। ਉਨ੍ਹਾਂ ਦਾ ਸਭ ਤੋਂ ਛੋਟਾ ਮੁੰਡਾ ਅਤੇ ਧੀ-ਜੁਆਈ ਜਰਮਨੀ ਵਿਚ ਪਾਇਨੀਅਰੀ ਕਰ ਰਹੇ ਹਨ।
ਜਦ ਮੇਰੇ ਮਾਤਾ ਜੀ ਅਤੇ ਮੇਰੇ ਪਤੀ ਨਵੀਂ ਦੁਨੀਆਂ ਵਿਚ ਜੀ ਉਠਾਏ ਜਾਣਗੇ, ਉਹ ਇਹ ਸੁਣ ਕੇ ਕਿੰਨੇ ਖ਼ੁਸ਼ ਹੋਣਗੇ ਕਿ ਸਾਡੇ ਇੰਨੇ ਰਿਸ਼ਤੇਦਾਰ ਯਹੋਵਾਹ ਦੀ ਸੇਵਾ ਕਰ ਰਹੇ ਹਨ! ਉਨ੍ਹਾਂ ਦੀ ਕੀਤੀ ਗਈ ਮਿਹਨਤ ਦਾ ਕਿੰਨਾ ਸੋਹਣਾ ਫਲ! *
[ਫੁਟਨੋਟ]
^ ਪੈਰਾ 26 ਜਦ ਇਹ ਲੇਖ ਲਿਖਿਆ ਜਾ ਰਿਹਾ ਸੀ, ਤਾਂ ਭੈਣ ਪੇਤ੍ਰੀਦੂ 93 ਉਮਰ ਤੇ ਪੂਰੀ ਹੋ ਗਈ।
[ਸਫ਼ਾ 24 ਉੱਤੇ ਸੁਰਖੀ]
ਔਖੀਆਂ ਘੜੀਆਂ ਦੌਰਾਨ ਯਹੋਵਾਹ ਸਾਡਾ ਸਹਾਰਾ ਬਣਿਆ ਤੇ ਉਸ ਨੇ ਭੈਣਾਂ-ਭਰਾਵਾਂ ਰਾਹੀਂ ਸਾਡੀ ਹੌਸਲਾ-ਅਫ਼ਜ਼ਾਈ ਕੀਤੀ।
[ਸਫ਼ਾ 24 ਉੱਤੇ ਨਕਸ਼ਾ]
(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)
ਸਾਈਪ੍ਰਸ
ਨਿਕੋਸ਼ੀਆ
ਭੂਮੱਧ ਸਾਗਰ
ਮਿਸਰ
ਕਾਹਿਰਾ
ਅਲ ਅਲਾਮਾਇਨ
ਸਿਕੰਦਰੀਆ
ਇਜ਼ਮੇਲੀਆ
ਸੁਏਜ਼
ਪੋਰਟ ਟੈਉਫਿਕ
ਸੁਏਜ਼ ਨਹਿਰ
[ਕ੍ਰੈਡਿਟ ਲਾਈਨ]
Based on NASA/Visible Earth imagery
[ਸਫ਼ਾ 23 ਉੱਤੇ ਤਸਵੀਰ]
1938 ਵਿਚ ਆਪਣੇ ਪਤੀ ਨਾਲ
[ਸਫ਼ਾ 25 ਉੱਤੇ ਤਸਵੀਰ]
ਮੇਰਾ ਮੁੰਡਾ ਜੌਨ ਆਪਣੀ ਪਤਨੀ ਨਾਲ
[ਸਫ਼ਾ 25 ਉੱਤੇ ਤਸਵੀਰ]
ਮੇਰਾ ਮੁੰਡਾ ਜੇਮਜ਼ ਆਪਣੀ ਪਤਨੀ ਨਾਲ