ਖ਼ੁਸ਼ੀ ਨਾਲ ਉੱਨਾ ਕਰੋ ਜਿੰਨਾ ਕਰ ਸਕਦੇ ਹੋ
ਖ਼ੁਸ਼ੀ ਨਾਲ ਉੱਨਾ ਕਰੋ ਜਿੰਨਾ ਕਰ ਸਕਦੇ ਹੋ
“ਮੇਰੇ ਤੋਂ ਫਿਰ ਨਹੀਂ ਇਹ ਹੋ ਸਕਿਆ।” ਤੁਸੀਂ ਕਿੰਨੀ ਕੁ ਵਾਰੀ ਇੱਦਾਂ ਕਿਹਾ ਜਦ ਤੁਸੀਂ ਕੋਈ ਕੰਮ ਪੂਰਾ ਕਰਨਾ ਚਾਹੁੰਦੇ ਸੀ, ਪਰ ਤੁਹਾਡੇ ਤੋਂ ਹੋਇਆ ਨਹੀਂ? ਮਿਸਾਲ ਲਈ, ਇਕ ਮਾਂ ਸ਼ਾਇਦ ਇੱਦਾਂ ਮਹਿਸੂਸ ਕਰੇ ਜਿਸ ਦਾ ਜ਼ਿਆਦਾਤਰ ਸਮਾਂ ਆਪਣੇ ਨਵਜੰਮੇ ਬੱਚੇ ਦੀ ਦੇਖ-ਭਾਲ ਕਰਨ ਵਿਚ ਲੱਗ ਜਾਂਦਾ ਹੈ। ਉਹ ਸ਼ਾਇਦ ਪਰਮੇਸ਼ੁਰ ਦੀ ਉੱਨੀ ਸੇਵਾ ਨਾ ਕਰ ਸਕੇ ਜਿੰਨੀ ਉਹ ਕਰਨਾ ਚਾਹੁੰਦੀ ਹੈ। ਇਕ ਭਰਾ ਨੂੰ ਸ਼ਾਇਦ ਲੱਗੇ ਕਿ ਉਹ ਕਲੀਸਿਯਾ ਵਿਚ ਜਿੰਨਾ ਕਰਦਾ ਹੈ, ਉਹ ਕਾਫ਼ੀ ਨਹੀਂ। ਇੱਦਾਂ ਉਹ ਸ਼ਾਇਦ ਇਸ ਲਈ ਸੋਚਦਾ ਹੈ ਕਿਉਂਕਿ ਬਚਪਨ ਵਿਚ ਉਸ ਦੇ ਮਾਪਿਆਂ ਨੇ ਉਸ ਨਾਲ ਸਖ਼ਤੀ ਵਰਤੀ ਹੋਵੇਗੀ। ਇਕ ਬਿਰਧ ਭੈਣ ਸ਼ਾਇਦ ਨਿਰਾਸ਼ ਹੋ ਜਾਵੇ ਕਿਉਂਕਿ ਉਹ ਯਹੋਵਾਹ ਦੇ ਕੰਮਾਂ ਵਿਚ ਉੱਨਾ ਹਿੱਸਾ ਨਹੀਂ ਲੈ ਸਕਦੀ ਜਿੰਨਾ ਪਹਿਲਾਂ ਲੈਂਦੀ ਹੁੰਦੀ ਸੀ। ਉਸ ਵੇਲੇ ਉਸ ਵਿਚ ਜ਼ਿਆਦਾ ਤਾਕਤ ਹੁੰਦੀ ਸੀ ਤੇ ਉਹ ਤੁਰ-ਫਿਰ ਸਕਦੀ ਸੀ। ਕ੍ਰਿਸਟੀਐਨ ਨਾਂ ਦੀ ਇਕ ਭੈਣ ਨੇ ਕਿਹਾ: “ਜਦ ਵੀ ਮੈਂ ਪਾਇਨੀਅਰੀ ਕਰਨ ਬਾਰੇ ਕੋਈ ਭਾਸ਼ਣ ਸੁਣਦੀ ਹਾਂ, ਤਾਂ ਮੇਰਾ ਰੋਣਾ ਨਿਕਲ ਜਾਂਦਾ ਹੈ।” ਕ੍ਰਿਸਟੀਐਨ ਆਪਣੇ ਪਰਿਵਾਰ ਦੇ ਹਾਲਾਤਾਂ ਕਰਕੇ ਪਾਇਨੀਅਰੀ ਨਹੀਂ ਕਰ ਸਕਦੀ ਭਾਵੇਂ ਉਹ ਪਾਇਨੀਅਰੀ ਕਰਨਾ ਚਾਹੁੰਦੀ ਹੈ।
ਇਸ ਤਰ੍ਹਾਂ ਦੇ ਖ਼ਿਆਲ ਮਨ ਵਿਚ ਆਉਣ ’ਤੇ ਅਸੀਂ ਕੀ ਕਰ ਸਕਦੇ ਹਾਂ? ਕੁਝ ਭੈਣ-ਭਰਾ ਆਪਣੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਹੀ ਨਜ਼ਰੀਆ ਕਿਵੇਂ ਰੱਖ ਸਕੇ ਹਨ? ਸਮਝਦਾਰੀ ਨਾਲ ਆਪਣੇ ਤੋਂ ਉਮੀਦਾਂ ਰੱਖਣ ਦੇ ਕੀ ਲਾਭ ਹਨ?
ਉੱਨਾ ਕਰੋ ਜਿੰਨਾ ਕਰ ਸਕਦੇ ਹੋ
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਸੇਵਾ ਖ਼ੁਸ਼ੀ ਨਾਲ ਕਰੀਏ। ਪਰ ਖ਼ੁਸ਼ੀ ਪਾਉਣ ਲਈ ਸਾਨੂੰ ਸਮਝਦਾਰੀ ਵਰਤਣ ਦੀ ਲੋੜ ਹੈ। ਕਿਉਂ? ਕਿਉਂਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੀਆਂ ਕਾਬਲੀਅਤਾਂ ਅਤੇ ਹਾਲਾਤਾਂ ਅਨੁਸਾਰ ਉਸ ਦੀ ਭਗਤੀ ਕਰੀਏ। ਜੇ ਅਸੀਂ ਹੱਦੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਆਪਣਾ ਹੀ ਨੁਕਸਾਨ ਕਰਾਂਗੇ। ਪਰ ਇੱਦਾਂ ਵੀ ਨਾ ਹੋਵੇ ਕਿ ਅਸੀਂ ਹੱਥ ’ਤੇ ਹੱਥ ਧਰ ਕੇ ਬੈਠ ਜਾਈਏ ਤੇ ਆਪਣੀ ਕਿਸੇ ਕਮਜ਼ੋਰੀ ਨੂੰ ਬਹਾਨਾ ਬਣਾ ਕੇ ਪਰਮੇਸ਼ੁਰ ਦੀ ਸੇਵਾ ਵਿਚ ਢਿੱਲੇ ਪੈ ਜਾਈਏ।
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਭਗਤੀ ਵਿਚ ਜੋ ਵੀ ਕਰੀਏ, ਉਹ ਦਿਲੋਂ ਹੋਵੇ। (ਕੁਲੁ. 3:23, 24) ਜੇ ਅਸੀਂ ਉਸ ਦੀ ਸੇਵਾ ਦਿਲੋਂ ਨਹੀਂ ਕਰਦੇ, ਤਾਂ ਅਸੀਂ ਉਸ ਨੂੰ ਕੀਤੇ ਆਪਣੇ ਸਮਰਪਣ ’ਤੇ ਖਰੇ ਨਹੀਂ ਉਤਰਦੇ। (ਰੋਮੀ. 12:1) ਇਸ ਤੋਂ ਇਲਾਵਾ ਅਸੀਂ ਆਪਣੇ ਆਪ ਨੂੰ ਉਨ੍ਹਾਂ ਖ਼ੁਸ਼ੀਆਂ ਅਤੇ ਬਰਕਤਾਂ ਤੋਂ ਵਾਂਝੇ ਕਰਦੇ ਹਾਂ ਜੋ ਸਾਨੂੰ ਦਿਲੋਂ ਯਹੋਵਾਹ ਦੀ ਸੇਵਾ ਕਰਨ ਨਾਲ ਮਿਲ ਸਕਦੀਆਂ ਹਨ।—ਕਹਾ. 10:22.
ਬਾਈਬਲ ਵਿਚ ਲਿਖਿਆ ਹੈ: ‘ਉੱਪਰਲੀ ਬੁੱਧ ਸ਼ੀਲ ਸੁਭਾਉ ਹੈ।’ (ਯਾਕੂ. 3:17) ਇੱਥੇ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਸ਼ੀਲ ਸੁਭਾਉ” ਕੀਤਾ ਗਿਆ ਹੈ ਉਸ ਦਾ ਅਰਥ ਹੈ “ਝੁੱਕਣਾ।” ਇਸ ਸ਼ਬਦ ਦੇ ਹੋਰ ਵੀ ਕਈ ਅਰਥ ਹੋ ਸਕਦੇ ਹਨ ਜਿਵੇਂ ਜ਼ਿਆਦਾ ਸਖ਼ਤੀ ਨਾ ਵਰਤਣੀ ਜਾਂ ਕਿਸੇ ਗੱਲ ਉੱਤੇ ਅੜੇ ਨਹੀਂ ਰਹਿਣਾ। ਜੇ ਅਸੀਂ ਸਮਝਦਾਰੀ ਵਰਤਾਂਗੇ, ਤਾਂ ਅਸੀਂ ਆਪਣੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਆਪ ਨਾਲ ਜ਼ਿਆਦਾ ਸਖ਼ਤੀ ਨਹੀਂ ਵਰਤਾਂਗੇ। ਹੋ ਸਕਦਾ ਕਿ ਸਾਡੇ ਲਈ ਇੱਦਾਂ ਕਰਨਾ ਮੁਸ਼ਕਲ ਹੋਵੇ, ਪਰ ਅਸੀਂ ਦੂਜਿਆਂ ਨੂੰ ਦੇਖ ਕੇ ਝੱਟ ਚੰਗੀ ਸਲਾਹ ਦੇਣ ਲਈ ਤਿਆਰ ਹੋ ਜਾਂਦੇ ਹਾਂ। ਮਿਸਾਲ ਲਈ, ਜੇ ਤੁਹਾਡਾ ਦੋਸਤ-ਮਿੱਤਰ ਹੱਦੋਂ ਵੱਧ ਕੰਮ ਕਰਨ ਕਰਕੇ ਥੱਕਿਆ-ਥੱਕਿਆ ਲੱਗਦਾ ਹੈ, ਤਾਂ ਤੁਸੀਂ ਉਸ ਨੂੰ ਸਲਾਹ-ਮਸ਼ਵਰਾ ਦਿਓਗੇ ਕਿ ਉਹ ਇੰਨਾ ਜ਼ਿਆਦਾ ਕੰਮ ਨਾ ਕਰੇ, ਹੈ ਨਾ? ਇਸੇ ਤਰ੍ਹਾਂ ਸਾਨੂੰ ਵੀ ਦੇਖਣਾ ਚਾਹੀਦਾ ਹੈ ਕਿ ਅਸੀਂ ਤਾਂ ਨਹੀਂ ਕੁਝ ਜ਼ਿਆਦਾ ਕਰ ਰਹੇ ਜਿਸ ਨਾਲ ਸਾਡਾ ਹੀ ਨੁਕਸਾਨ ਹੋ ਰਿਹਾ ਹੈ।—ਕਹਾ. 11:17.
ਆਪਣੀਆਂ ਹੱਦਾਂ ਵਿਚ ਰਹਿ ਕੇ ਕੋਈ ਕੰਮ ਕਰਨਾ ਉਨ੍ਹਾਂ ਲਈ ਮੁਸ਼ਕਲ ਹੋ ਸਕਦਾ ਹੈ ਜਿਨ੍ਹਾਂ ਦੇ ਮਾਂ-ਬਾਪ ਉਨ੍ਹਾਂ ਤੋਂ ਹੱਦੋਂ ਵੱਧ ਉਮੀਦਾਂ ਰੱਖਦੇ ਸਨ। ਕਈਆਂ ਨੂੰ ਲੱਗਾ ਕਿ ਬਚਪਨ ਵਿਚ ਆਪਣੇ ਮਾਂ-ਬਾਪ ਦਾ ਪਿਆਰ ਪਾਉਣ ਲਈ ਉਨ੍ਹਾਂ ਨੂੰ ਉਨ੍ਹਾਂ ਦੀ ਹਰ ਵੱਡੀ ਉਮੀਦ ਪੂਰੀ ਕਰਨੀ ਪੈਂਦੀ ਸੀ। ਜੇ ਸਾਡੇ ਨਾਲ ਇੱਦਾਂ ਹੋਇਆ ਹੈ, ਤਾਂ ਅਸੀਂ ਸ਼ਾਇਦ ਸੋਚੀਏ ਕਿ ਯਹੋਵਾਹ ਵੀ ਸਾਡੇ ਤੋਂ ਕੁਝ ਜ਼ਿਆਦਾ ਹੀ ਉਮੀਦਾਂ ਰੱਖਦਾ ਹੈ। ਪਰ ਸੱਚ ਤਾਂ ਇਹ ਹੈ ਕਿ ਯਹੋਵਾਹ ਸਾਨੂੰ ਬੇਹੱਦ ਪਿਆਰ ਕਰਦਾ ਹੈ ਕਿਉਂਕਿ ਅਸੀਂ ਉਸ ਦੀ ਦਿਲੋਂ ਭਗਤੀ ਕਰਦੇ ਹਾਂ। ਬਾਈਬਲ ਸਾਨੂੰ ਯਕੀਨ ਦਿਵਾਉਂਦੀ ਹੈ ਕਿ ਯਹੋਵਾਹ “ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” (ਜ਼ਬੂ. 103:14) ਹਾਂ, ਯਹੋਵਾਹ ਨੂੰ ਪਤਾ ਹੈ ਕਿ ਅਸੀਂ ਕਿੰਨਾ ਕੁ ਕਰ ਸਕਦੇ ਹਾਂ ਅਤੇ ਜਿੰਨਾ ਕੁ ਅਸੀਂ ਜੋਸ਼ ਨਾਲ ਕਰਦੇ ਹਾਂ, ਉਸੇ ਨਾਲ ਯਹੋਵਾਹ ਖ਼ੁਸ਼ ਹੈ। ਯਹੋਵਾਹ ਸਾਡੇ ਨਾਲ ਸਖ਼ਤੀ ਨਹੀਂ ਵਰਤਦਾ ਕਿ ਸਾਨੂੰ ਕਿੰਨਾ ਕੁ ਕਰਨਾ ਚਾਹੀਦਾ ਹੈ, ਇਸ ਲਈ ਸਾਨੂੰ ਉੱਨਾ ਹੀ ਕਰਨਾ ਚਾਹੀਦਾ ਹੈ ਜਿੰਨਾ ਕੁ ਸਾਡੇ ਵਿਚ ਕਰਨ ਦੀ ਤਾਕਤ ਹੈ।—ਮੀਕਾ. 6:8.
ਜੇ ਤੁਹਾਨੂੰ ਇਸ ਤਰ੍ਹਾਂ ਕਰਨਾ ਮੁਸ਼ਕਲ ਲੱਗਦਾ ਹੈ, ਤਾਂ ਕਿਉਂ ਨਾ ਤੁਸੀਂ ਕਿਸੇ ਤਜਰਬੇਕਾਰ ਭੈਣ ਜਾਂ ਭਰਾ ਦੀ ਮਦਦ ਲਵੋ? (ਕਹਾ. 27:9) ਮਿਸਾਲ ਲਈ, ਕੀ ਤੁਸੀਂ ਰੈਗੂਲਰ ਪਾਇਨੀਅਰ ਬਣਨਾ ਚਾਹੁੰਦੇ ਹੋ? ਇਹ ਇਕ ਵਧੀਆ ਟੀਚਾ ਹੈ! ਪਰ ਕੀ ਤੁਹਾਨੂੰ ਇਸ ਟੀਚੇ ਨੂੰ ਹਾਸਲ ਕਰਨਾ ਮੁਸ਼ਕਲ ਲੱਗਦਾ ਹੈ? ਹੋ ਸਕਦਾ ਹੈ ਕਿ ਤੁਹਾਨੂੰ ਆਪਣੀ ਜ਼ਿੰਦਗੀ ਸਾਦੀ ਕਰਨ ਦੀ ਲੋੜ ਹੋਵੇ। ਜਾਂ ਫਿਰ ਤੁਸੀਂ ਉਸ ਤਜਰਬੇਕਾਰ ਭੈਣ ਜਾਂ ਭਰਾ ਦੀ ਮਦਦ ਲੈ ਸਕਦੇ ਹੋ ਕਿ ਤੁਸੀਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਪਾਇਨੀਅਰੀ ਕਰ ਸਕੋਗੇ ਜਾਂ ਨਹੀਂ। ਉਹ ਤੁਹਾਨੂੰ ਸੱਚ-ਸੱਚ ਦੱਸੇਗਾ ਕਿ ਤੁਸੀਂ ਇਹ ਕਰ ਪਾਓਗੇ ਜਾਂ ਨਹੀਂ। ਜਾਂ ਫਿਰ ਉਹ ਤੁਹਾਨੂੰ ਕੁਝ ਤਬਦੀਲੀਆਂ ਕਰਨ ਦੀ ਸਲਾਹ ਦੇਵੇਗਾ। ਪਤੀ ਵੀ ਆਪਣੀ ਪਤਨੀ ਨੂੰ ਉੱਨਾ ਹੀ ਕੰਮ ਕਰਨ ਦੀ ਸਲਾਹ ਦੇ ਸਕਦਾ ਹੈ ਜਿੰਨਾ ਕੁ ਉਹ ਕਰ ਸਕਦੀ ਹੈ। ਉਦਾਹਰਣ ਲਈ, ਜੇ ਪਤਨੀ ਨੇ ਕਿਸੇ ਮਹੀਨੇ ਵਿਚ ਵੱਧ-ਚੜ੍ਹ ਕੇ ਪ੍ਰਚਾਰ ਕਰਨ ਦਾ ਟੀਚਾ ਰੱਖਿਆ ਹੈ, ਤਾਂ ਇਹ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਪਤੀ ਸ਼ਾਇਦ ਆਪਣੀ ਪਤਨੀ ਨੂੰ ਥੋੜ੍ਹਾ ਕੁ ਆਰਾਮ ਕਰਨ ਲਈ ਕਹੇ। ਇਸ ਤਰ੍ਹਾਂ ਪਤਨੀ ਖ਼ੁਸ਼ੀ-ਖ਼ੁਸ਼ੀ ਪ੍ਰਚਾਰ ਕਰ ਸਕੇਗੀ ਤੇ ਜ਼ਿਆਦਾ ਥੱਕੇਗੀ ਨਹੀਂ।
ਦੇਖੋ ਕਿ ਤੁਸੀਂ ਕਰ ਕੀ ਸਕਦੇ ਹੋ
ਬੁਢਾਪਾ ਜਾਂ ਮਾੜੀ ਸਿਹਤ ਕਰਕੇ ਹੋ ਸਕਦਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਨਹੀਂ ਕਰ ਪਾਉਂਦੇ। ਜੇ ਤੁਹਾਡੇ ਛੋਟੇ-ਛੋਟੇ ਬੱਚੇ ਹਨ, ਤਾਂ ਤੁਹਾਨੂੰ ਸ਼ਾਇਦ ਲੱਗੇ ਕਿ ਜ਼ਿਆਦਾਤਰ ਸਮਾਂ ਤੇ ਤਾਕਤ ਬੱਚਿਆਂ ਦੀ ਦੇਖ-ਭਾਲ ਕਰਨ ਵਿਚ ਹੀ ਲੱਗ ਜਾਂਦੀ ਹੈ। ਇਸ ਦੇ ਕਾਰਨ ਤੁਸੀਂ ਮੀਟਿੰਗਾਂ ਤੋਂ ਬਹੁਤਾ ਲਾਭ ਨਹੀਂ ਉਠਾ ਪਾਉਂਦੇ ਜਾਂ ਤੁਹਾਨੂੰ ਬਾਈਬਲ ਪੜ੍ਹਨ ਲਈ ਇੰਨਾ ਸਮਾਂ ਨਹੀਂ ਮਿਲਦਾ। ਪਰ ਇਹ ਨਾ ਦੇਖੋ ਕਿ ਤੁਸੀਂ ਕੀ ਨਹੀਂ ਕਰ ਸਕਦੇ, ਸਗੋਂ ਦੇਖੋ ਕਿ ਤੁਸੀਂ ਕਰ ਕੀ ਸਕਦੇ ਹੋ।
ਹਜ਼ਾਰਾਂ ਸਾਲ ਪਹਿਲਾਂ ਇਕ ਲੇਵੀ ਅਜਿਹਾ ਕੁਝ ਕਰਨਾ ਚਾਹੁੰਦਾ ਸੀ ਜੋ ਉਸ ਦੇ ਵੱਸ ਦੀ ਗੱਲ ਨਹੀਂ ਸੀ। ਭਾਵੇਂ ਉਸ ਨੂੰ ਹੈਕਲ ਵਿਚ ਹਰ ਸਾਲ ਦੋ ਹਫ਼ਤੇ ਸੇਵਾ ਕਰਨ ਦਾ ਮੌਕਾ ਮਿਲਦਾ ਸੀ, ਪਰ ਉਹ ਹਮੇਸ਼ਾ ਜਗਵੇਦੀ ਦੇ ਨੇੜੇ ਸੇਵਾ ਕਰਨ ਜ਼ਬੂ. 84:1-3) ਭਾਵੇਂ ਉਸ ਦੀ ਇਹ ਤਮੰਨਾ ਪੂਰੀ ਨਹੀਂ ਹੋਈ, ਫਿਰ ਵੀ ਉਹ ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰਦਾ ਰਿਹਾ। ਇੱਦਾਂ ਕਰਨ ਵਿਚ ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ? ਉਸ ਨੇ ਇਸ ਗੱਲ ’ਤੇ ਗੌਰ ਕੀਤਾ ਕਿ ਯਹੋਵਾਹ ਦੀ ਹੈਕਲ ਵਿਚ ਇਕ ਦਿਨ ਵੀ ਸੇਵਾ ਕਰਨੀ ਬਹੁਤ ਵੱਡਾ ਸਨਮਾਨ ਸੀ! (ਜ਼ਬੂ. 84:4, 5, 10) ਸਾਨੂੰ ਵੀ ਉਸ ਲੇਵੀ ਵਾਂਗ ਯਹੋਵਾਹ ਦੀ ਸੇਵਾ ਵਿਚ ਬਿਤਾਏ ਹਰ ਪਲ ਨੂੰ ਕੀਮਤੀ ਸਮਝਣਾ ਚਾਹੀਦਾ ਹੈ।
ਲਈ ਤਰਸਦਾ ਸੀ। (ਨੇਰਲੈਂਡ ਨਾਂ ਦੀ ਭੈਣ ਦੀ ਮਿਸਾਲ ’ਤੇ ਗੌਰ ਕਰੋ। ਉਹ ਵੀਲ੍ਹਚੇਅਰ ਤੋਂ ਬਿਨਾਂ ਕਿਤੇ ਜਾ ਨਹੀਂ ਸਕਦੀ ਜਿਸ ਕਰਕੇ ਉਸ ਲਈ ਪ੍ਰਚਾਰ ਕਰਨਾ ਮੁਸ਼ਕਲ ਹੈ। ਪਰ ਉਸ ਨੇ ਇਸ ਗੱਲ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ, ਸਗੋਂ ਨੇੜੇ ਹੀ ਇਕ ਸ਼ੌਪਿੰਗ ਮਾਲ ਵਿਚ ਪ੍ਰਚਾਰ ਕਰਨ ਦੀ ਸੋਚੀ। ਉਸ ਨੇ ਕਿਹਾ: “ਮੈਂ ਸ਼ੌਪਿੰਗ ਮਾਲ ਅੰਦਰ ਇਕ ਬੈਂਚ ਦੇ ਨੇੜੇ ਆਪਣੀ ਵੀਲ੍ਹਚੇਅਰ ਲੈ ਜਾਂਦੀ ਹਾਂ। ਫਿਰ ਜਦ ਕੋਈ ਬੈਂਚ ’ਤੇ ਆ ਕੇ ਬੈਠਦਾ ਹੈ, ਤਾਂ ਮੈਂ ਉਸ ਨੂੰ ਪ੍ਰਚਾਰ ਕਰਦੀ ਹਾਂ। ਇਸ ਤੋਂ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ” ਨੇਰਲੈਂਡ ਖ਼ੁਸ਼ ਹੈ ਕਿ ਉਹ ਇਸ ਢੰਗ ਨਾਲ ਪ੍ਰਚਾਰ ਕਰ ਪਾਉਂਦੀ ਹੈ।
ਜ਼ਰੂਰਤ ਪੈਣ ਤੇ ਤਬਦੀਲੀਆਂ ਕਰੋ
ਜੇ ਬੇੜੇ ਦੇ ਬਾਦਬਾਨ ਸਹੀ ਤਰ੍ਹਾਂ ਤਾਣੇ ਹੋਏ ਹੋਣ, ਤਾਂ ਹਵਾ ਨਾਲ ਬੇੜਾ ਤੇਜ਼ੀ ਨਾਲ ਸਮੁੰਦਰ ਨੂੰ ਚੀਰਦਾ ਜਾਵੇਗਾ। ਪਰ ਤੂਫ਼ਾਨ ਆਉਣ ਤੇ ਬੇੜਾ ਚਲਾਉਣ ਵਾਲਾ ਸ਼ਾਇਦ ਬਾਦਬਾਨਾਂ ਨੂੰ ਉੱਪਰ-ਥੱਲੇ ਕਰਨ ਲਈ ਕੁਝ ਫੇਰ-ਬਦਲ ਕਰੇ। ਉਹ ਤੂਫ਼ਾਨ ਬਾਰੇ ਤਾਂ ਕੁਝ ਨਹੀਂ ਕਰ ਸਕਦਾ, ਪਰ ਸਾਵਧਾਨੀ ਵਰਤ ਕੇ ਉਹ ਬੇੜੇ ਨੂੰ ਕੰਟ੍ਰੋਲ ਵਿਚ ਜ਼ਰੂਰ ਰੱਖ ਸਕਦਾ ਹੈ। ਸਾਡੀ ਜ਼ਿੰਦਗੀ ਵਿਚ ਵੀ ਤੂਫ਼ਾਨ ਵਰਗੀਆਂ ਮੁਸ਼ਕਲਾਂ ਆ ਸਕਦੀਆਂ ਹਨ ਜਿਨ੍ਹਾਂ ਉੱਤੇ ਸਾਡਾ ਕੋਈ ਵੱਸ ਨਹੀਂ ਚੱਲਦਾ। ਪਰ ਜੇ ਅਸੀਂ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਆਪਣੀ ਜ਼ਿੰਦਗੀ ਵਿਚ ਕੁਝ ਫੇਰ-ਬਦਲ ਕਰੀਏ, ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਸਹੀ ਤਰ੍ਹਾਂ ਚਲਾ ਸਕਦੇ ਹਾਂ। ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਆਪਣੀ ਖ਼ੁਸ਼ੀ ਬਰਕਰਾਰ ਰੱਖ ਪਾਵਾਂਗੇ।—ਕਹਾ. 11:2.
ਆਓ ਅਸੀਂ ਕੁਝ ਮਿਸਾਲਾਂ ’ਤੇ ਧਿਆਨ ਦੇਈਏ। ਮੰਨ ਲਓ ਕਿ ਕਿਸੇ ਬੀਮਾਰੀ ਕਰਕੇ ਅਸੀਂ ਜਲਦੀ ਥੱਕ ਜਾਂਦੇ ਹਾਂ। ਇਸ ਲਈ ਚੰਗਾ ਹੋਵੇਗਾ ਕਿ ਜਿਸ ਦਿਨ ਅਸੀਂ ਸ਼ਾਮ ਨੂੰ ਮੀਟਿੰਗ ਤੇ ਜਾਣਾ ਹੈ, ਉਸ ਦਿਨ ਉਹ ਕੰਮ ਨਾ ਕਰੀਏ ਜੋ ਸਾਨੂੰ ਥਕਾ ਸਕਦੇ ਹਨ। ਇਸ ਤਰ੍ਹਾਂ ਅਸੀਂ ਮੀਟਿੰਗ ਦਾ ਆਨੰਦ ਲੈ ਸਕਾਂਗੇ ਤੇ ਭੈਣਾਂ-ਭਰਾਵਾਂ ਨਾਲ ਗੱਲਬਾਤ ਵੀ ਕਰ ਸਕਾਂਗੇ। ਇਕ ਹੋਰ ਉਦਾਹਰਣ ’ਤੇ ਗੌਰ ਕਰੋ। ਜੇ ਕਿਸੇ ਭੈਣ ਦਾ ਬੱਚਾ ਠੀਕ ਨਹੀਂ ਹੈ ਜਿਸ ਕਰਕੇ ਉਹ ਘਰ-ਘਰ ਪ੍ਰਚਾਰ ਕਰਨ ਨਹੀਂ ਜਾ ਸਕਦੀ, ਤਾਂ ਉਹ ਕਿਸੇ ਹੋਰ ਭੈਣ ਨੂੰ ਆਪਣੇ ਘਰ ਬੁਲਾ ਸਕਦੀ ਹੈ। ਉਹ ਬੱਚੇ ਦੇ ਸੁੱਤਿਆਂ-ਸੁੱਤਿਆਂ ਦੋਵੇਂ ਮਿਲ ਕੇ ਫ਼ੋਨ ਤੇ ਪ੍ਰਚਾਰ ਕਰ ਸਕਦੀਆਂ ਹਨ।
ਉਦੋਂ ਕੀ ਕੀਤਾ ਜਾ ਸਕਦਾ ਹੈ ਜੇ ਤੁਸੀਂ ਆਪਣੇ ਹਾਲਾਤਾਂ ਦੇ ਕਾਰਨ ਮੀਟਿੰਗਾਂ ਦੀ ਤਿਆਰੀ ਨਹੀਂ ਕਰ ਸਕਦੇ? ਤੁਹਾਨੂੰ ਦੇਖਣਾ ਹੋਵੇਗਾ ਕਿ ਤੁਸੀਂ ਕਿੰਨੀ ਕੁ ਤਿਆਰੀ ਕਰ ਸਕਦੇ ਹੋ।
ਪਰ ਜਿੰਨੀ ਕੁ ਹੁੰਦੀ ਹੈ ਉਸ ਨੂੰ ਚੰਗੀ ਤਰ੍ਹਾਂ ਕਰੋ। ਇਸ ਤਰ੍ਹਾਂ ਛੋਟੀਆਂ-ਛੋਟੀਆਂ ਤਬਦੀਲੀਆਂ ਕਰ ਕੇ ਅਸੀਂ ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰਦੇ ਰਹਿ ਸਕਾਂਗੇ।ਕਈ ਵਾਰ ਜ਼ਿੰਦਗੀ ਵਿਚ ਸਾਨੂੰ ਵੱਡੀਆਂ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ ਜੋ ਕਿ ਹਮੇਸ਼ਾ ਸੌਖਾ ਨਹੀਂ ਹੁੰਦਾ। ਸਰਜ਼ ਅਤੇ ਅਨੇਸ ਦੀ ਹੀ ਮਿਸਾਲ ਲੈ ਲਓ ਜੋ ਫ਼ਰਾਂਸ ਵਿਚ ਰਹਿੰਦੇ ਹਨ। ਸਰਜ਼ ਨੇ ਕਿਹਾ: “ਜਦੋਂ ਸਾਨੂੰ ਪਤਾ ਲੱਗਾ ਕਿ ਅਨੇਸ ਮਾਂ ਬਣਨ ਵਾਲੀ ਹੈ, ਸਾਡੇ ਮਿਸ਼ਨਰੀ ਬਣਨ ਦੇ ਸੁਪਨੇ ਚਕਨਾਚੂਰ ਹੋ ਗਏ।” ਹੁਣ ਉਨ੍ਹਾਂ ਦੀਆਂ ਦੋ ਕੁੜੀਆਂ ਹਨ। ਸਰਜ਼ ਅਤੇ ਅਨੇਸ ਨੇ ਆਪਣੇ ਨਵੇਂ ਟੀਚੇ ਬਾਰੇ ਦੱਸਿਆ: “ਹੋਰ ਦੇਸ਼ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰਨ ਦੀ ਬਜਾਇ, ਅਸੀਂ ਆਪਣੇ ਦੇਸ਼ ਵਿਚ ਮਿਸ਼ਨਰੀ ਬਣਨ ਦਾ ਮਨ ਬਣਾਇਆ। ਇਸ ਲਈ ਅਸੀਂ ਹੋਰ ਭਾਸ਼ਾ ਦੇ ਗਰੁੱਪ ਵਿਚ ਜਾਣ ਲੱਗ ਪਏ।” ਕੀ ਉਨ੍ਹਾਂ ਨੂੰ ਇਹ ਨਵਾਂ ਟੀਚਾ ਰੱਖਣ ਦਾ ਕੋਈ ਫ਼ਾਇਦਾ ਹੋਇਆ? ਸਰਜ਼ ਨੇ ਕਿਹਾ: “ਅਸੀਂ ਆਪਣੀ ਨਵੀਂ ਕਲੀਸਿਯਾ ਵਿਚ ਸੇਵਾ ਕਰ ਕੇ ਬਹੁਤ ਖ਼ੁਸ਼ ਹਾਂ।”
ਫ਼ਰਾਂਸ ਵਿਚ ਰਹਿੰਦੀ ਭੈਣ ਓਡੀਲ 70 ਸਾਲਾਂ ਦੀ ਹੈ ਅਤੇ ਉਸ ਨੂੰ ਗਠੀਆ ਹੈ ਜਿਸ ਕਰਕੇ ਉਹ ਜ਼ਿਆਦਾ ਦੇਰ ਖੜ੍ਹੀ ਨਹੀਂ ਰਹਿ ਸਕਦੀ। ਉਹ ਨਿਰਾਸ਼ ਹੋ ਗਈ ਕਿ ਉਹ ਘਰ-ਘਰ ਜਾ ਕੇ ਪ੍ਰਚਾਰ ਨਹੀਂ ਸੀ ਕਰ ਸਕਦੀ। ਪਰ ਉਸ ਨੇ ਹਿੰਮਤ ਨਹੀਂ ਹਾਰੀ। ਉਸ ਨੇ ਫ਼ੋਨ ’ਤੇ ਪ੍ਰਚਾਰ ਕਰਨ ਦਾ ਮਨ ਬਣਾਇਆ। ਉਸ ਨੇ ਕਿਹਾ: “ਇਸ ਤਰ੍ਹਾਂ ਪ੍ਰਚਾਰ ਕਰਨਾ ਇੰਨਾ ਔਖਾ ਨਹੀਂ ਜਿੰਨਾ ਮੈਂ ਸੋਚਿਆ ਸੀ, ਸਗੋਂ ਇਸ ਤੋਂ ਮੈਨੂੰ ਮਜ਼ਾ ਆ ਰਿਹਾ ਹੈ!” ਓਡੀਲ ਨੇ ਆਪਣੇ ਪ੍ਰਚਾਰ ਕਰਨ ਦੇ ਤਰੀਕੇ ਵਿਚ ਕੁਝ ਫੇਰ-ਬਦਲ ਕੀਤਾ ਜਿਸ ਕਰਕੇ ਉਹ ਖ਼ੁਸ਼ੀ ਨਾਲ ਪ੍ਰਚਾਰ ਕਰ ਸਕਦੀ ਹੈ।
ਹੈਸੀਅਤ ਅਨੁਸਾਰ ਆਪਣੇ ਤੋਂ ਉਮੀਦਾਂ ਰੱਖਣ ਨਾਲ ਬਰਕਤਾਂ
ਆਪਣੀ ਹੈਸੀਅਤ ਅਨੁਸਾਰ ਉਮੀਦਾਂ ਰੱਖਣ ਨਾਲ ਅਸੀਂ ਕਈ ਮੁਸ਼ਕਲਾਂ ਤੋਂ ਬਚ ਪਾਵਾਂਗੇ। ਆਪਣੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਅਸੀਂ ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰ ਪਾਵਾਂਗੇ ਭਾਵੇਂ ਅਸੀਂ ਥੋੜ੍ਹਾ ਹੀ ਕਿਉਂ ਨਾ ਕਰ ਪਾਈਏ।—ਗਲਾ. 6:4.
ਜੇ ਅਸੀਂ ਆਪਣੇ ਤੋਂ ਜ਼ਿਆਦਾ ਉਮੀਦਾਂ ਨਹੀਂ ਰੱਖਾਂਗੇ, ਤਾਂ ਅਸੀਂ ਦੂਜਿਆਂ ਤੋਂ ਵੀ ਹੱਦੋਂ ਵੱਧ ਉਮੀਦਾਂ ਨਹੀਂ ਰੱਖਾਂਗੇ। ਅਸੀਂ ਧਿਆਨ ਵਿਚ ਰੱਖਾਂਗੇ ਕਿ ਉਹ ਕਿੰਨਾ ਕੁ ਕਰ ਸਕਦੇ ਹਨ ਅਤੇ ਜਿੰਨਾ ਕੁ ਉਹ ਸਾਡੇ ਲਈ ਕਰਦੇ ਹਨ, ਉਸ ਲਈ ਅਸੀਂ ਸ਼ੁਕਰਗੁਜ਼ਾਰ ਹੋਵਾਂਗੇ। ਨਾਲੇ ਇਕ-ਦੂਜੇ ਨੂੰ ਸਮਝਣ ਨਾਲ ਕਲੀਸਿਯਾ ਵਿਚ ਪਿਆਰ ਤੇ ਏਕਤਾ ਵਧੇਗੀ। (1 ਪਤ. 3:8) ਯਾਦ ਰੱਖੋ ਕਿ ਯਹੋਵਾਹ ਸਾਡੇ ਤੋਂ ਕਦੇ ਵੀ ਜ਼ਿਆਦਾ ਕਰਨ ਦੀ ਮੰਗ ਨਹੀਂ ਕਰਦਾ। ਇਸ ਲਈ ਜੇ ਅਸੀਂ ਉਹ ਉਮੀਦਾਂ ਤੇ ਟੀਚੇ ਰੱਖਾਂਗੇ ਜੋ ਅਸੀਂ ਪੂਰੇ ਕਰ ਸਕਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੀ ਭਗਤੀ ਜ਼ੋਰਾਂ-ਸ਼ੋਰਾਂ ਨਾਲ ਕਰ ਪਾਵਾਂਗੇ!
[ਸਫ਼ਾ 29 ਉੱਤੇ ਸੁਰਖੀ]
ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀ ਪਾਉਣ ਲਈ ਸਾਨੂੰ ਆਪਣੇ ਤੋਂ ਉੱਨਾ ਕੁ ਕਰਨ ਦੀ ਉਮੀਦ ਰੱਖਣੀ ਚਾਹੀਦੀ ਹੈ ਜਿੰਨਾ ਕੁ ਅਸੀਂ ਆਪਣੀਆਂ ਕਾਬਲੀਅਤਾਂ ਅਤੇ ਹਾਲਾਤਾਂ ਅਨੁਸਾਰ ਕਰ ਸਕਦੇ ਹਾਂ
[ਸਫ਼ਾ 30 ਉੱਤੇ ਤਸਵੀਰ]
ਨੇਰਲੈਂਡ ਜਿੰਨਾ ਕੁ ਪ੍ਰਚਾਰ ਕਰ ਸਕਦੀ ਹੈ, ਉੱਨਾ ਕੁ ਕਰ ਕੇ ਖ਼ੁਸ਼ ਰਹਿੰਦੀ ਹੈ
[ਸਫ਼ਾ 31 ਉੱਤੇ ਤਸਵੀਰ]
ਤਬਦੀਲੀਆਂ ਕਰਨੀਆਂ ਸਿੱਖੋ
[ਕ੍ਰੈਡਿਟ ਲਾਈਨ]
© Wave Royalty Free/age fotostock
[ਸਫ਼ਾ 32 ਉੱਤੇ ਤਸਵੀਰ]
ਸਰਜ਼ ਅਤੇ ਅਨੇਸ ਨੂੰ ਨਵਾਂ ਟੀਚਾ ਰੱਖਣ ਦਾ ਫ਼ਾਇਦਾ ਹੋਇਆ