ਇਸਰਾਏਲੀਆਂ ਦੀਆਂ ਗ਼ਲਤੀਆਂ ਤੋਂ ਸਿੱਖੋ
ਇਸਰਾਏਲੀਆਂ ਦੀਆਂ ਗ਼ਲਤੀਆਂ ਤੋਂ ਸਿੱਖੋ
ਜਦ ਇਸਰਾਏਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਏ, ਤਾਂ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਯਹੋਵਾਹ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਸੀ। ਮੂਸਾ ਰਾਹੀਂ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ: “ਤੁਸੀਂ ਉਸ ਧਰਤੀ ਦੇ ਸਾਰੇ ਵਸਨੀਕਾਂ ਨੂੰ ਆਪਣੇ ਅੱਗਿਓਂ ਕੱਢ ਦਿਓ, ਨਾਲੇ ਉਨ੍ਹਾਂ ਦੇ ਸਾਰੇ ਉੱਕਰੇ ਹੋਏ ਪੱਥਰਾਂ ਨੂੰ ਨਾਸ ਕਰੋ ਅਤੇ ਉਨ੍ਹਾਂ ਦੇ ਢਾਲੇ ਹੋਏ ਬੁੱਤਾਂ ਨੂੰ ਵੀ ਨਾਸ ਕਰੋ ਅਤੇ ਉਨ੍ਹਾਂ ਦੇ ਸਾਰੇ ਉੱਚੇ ਅਸਥਾਨਾਂ ਨੂੰ ਢਾਹ ਸੁੱਟੋ।”—ਗਿਣ. 33:52.
ਇਸਰਾਏਲੀਆਂ ਨੂੰ ਇਹ ਵੀ ਹੁਕਮ ਦਿੱਤਾ ਗਿਆ ਸੀ ਕਿ ਉਹ ਆਪਣੇ ਆਂਢ-ਗੁਆਂਢ ਦੀਆਂ ਕੌਮਾਂ ਨਾਲ ਕੋਈ ਨੇਮ ਨਾ ਬੰਨ੍ਹਣ ਤੇ ਨਾ ਹੀ ਉਨ੍ਹਾਂ ਨਾਲ ਵਿਆਹ ਦੇ ਬੰਧਨ ਵਿਚ ਬੱਝਣ। (ਬਿਵ. 7:2, 3) ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਸਾਫ਼ ਚੇਤਾਵਨੀ ਦਿੱਤੀ: ‘ਸੁਚੇਤ ਰਹੁ ਮਤੇ ਤੁਸੀਂ ਉਸ ਧਰਤੀ ਦੇ ਵਸਨੀਕਾਂ ਨਾਲ ਨੇਮ ਬੰਨ੍ਹੋ ਜਿੱਥੇ ਤੁਸੀਂ ਜਾਂਦੇ ਹੋ ਅਜੇਹਾ ਨਾ ਹੋਵੇ ਜੋ ਉਹ ਤੁਹਾਡੇ ਵਿਚਕਾਰ ਇੱਕ ਫਾਹੀ ਹੋਵੇ।’ (ਕੂਚ 34:12) ਪਰ ਇਸਰਾਏਲੀਆਂ ਨੇ ਪਰਮੇਸ਼ੁਰ ਦੀ ਇਕ ਨਾ ਮੰਨੀ ਅਤੇ ਉਹ ਉਸ ਫਾਹੀ ਵਿਚ ਫੱਸ ਗਏ। ਉਨ੍ਹਾਂ ਦੀ ਬਰਬਾਦੀ ਦਾ ਕਾਰਨ ਕੀ ਸੀ? ਇਸਰਾਏਲੀਆਂ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ? ਆਓ ਦੇਖੀਏ।—1 ਕੁਰਿੰ. 10:11.
ਦੋਸਤੀ ਕਰਦਿਆਂ ਮੂਰਤੀ ਪੂਜਾ ਦੇ ਜਾਲ ਵਿਚ ਫਸੇ
ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੁੰਦਿਆਂ ਇਸਰਾਏਲੀਆਂ ਨੇ ਸ਼ੁਰੂ-ਸ਼ੁਰੂ ਵਿਚ ਆਪਣੇ ਦੁਸ਼ਮਣਾਂ ਉੱਤੇ ਕਈ ਜਿੱਤਾਂ ਹਾਸਲ ਕੀਤੀਆਂ ਸਨ। ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਆਪਣੇ ਦੁਸ਼ਮਣਾਂ ਨੂੰ ਦੇਸ਼ ਵਿੱਚੋਂ ਕੱਢ ਦੇਣ। ਪਰ ਉਨ੍ਹਾਂ ਨੇ ਇੱਦਾਂ ਨਹੀਂ ਕੀਤਾ। (ਨਿਆ. 1:1–2:10) ਇਸ ਤੋਂ ਉਲਟ ਉਹ ਉਨ੍ਹਾਂ “ਸੱਤ ਕੌਮਾਂ” ਦੇ ਗ਼ੈਰ-ਇਸਰਾਏਲੀ ਲੋਕਾਂ ਨਾਲ ਵੱਸਣ ਲੱਗ ਪਏ। ਇੱਦਾਂ ਉਨ੍ਹਾਂ ਦਾ ਦੂਸਰੀਆਂ ਕੌਮਾਂ ਦੇ ਲੋਕਾਂ ਨਾਲ ਵਾਹ ਪੈਣ ਲੱਗ ਪਿਆ ਤੇ ਉਹ ਉਨ੍ਹਾਂ ਨਾਲ ਦੋਸਤੀ ਕਰ ਬੈਠੇ। (ਬਿਵ. 7:1) ਇਸ ਦਾ ਕੀ ਨਤੀਜਾ ਨਿਕਲਿਆ? ਬਾਈਬਲ ਇਸ ਬਾਰੇ ਕਹਿੰਦੀ ਹੈ: “ਉਨ੍ਹਾਂ ਨੇ ਓਹਨਾਂ ਦੀਆਂ ਧੀਆਂ ਨਾਲ ਆਪ ਵਿਆਹ ਕੀਤੇ, ਅਰ ਆਪਣੀਆਂ ਧੀਆਂ ਓਹਨਾਂ ਦੇ ਪੁੱਤ੍ਰਾਂ ਨੂੰ ਦਿੱਤੀਆਂ ਅਤੇ ਓਹਨਾਂ ਦੇ ਦਿਓਤਿਆਂ ਦੀ ਪੂਜਾ ਕੀਤੀ। ਸੋ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਵਿਸਾਰਿਆ ਅਤੇ ਬਆਲਾਂ ਤੇ ਅਸੇਰਾਹ ਦੇਵੀ ਦੀ ਪੂਜਾ ਕੀਤੀ।” (ਨਿਆ. 3:5-7) ਜੀ ਹਾਂ, ਉਨ੍ਹਾਂ ਦੀ ਦੋਸਤੀ ਵਧਦੀ-ਵਧਦੀ ਰਿਸ਼ਤੇਦਾਰੀ ਵਿਚ ਬਦਲ ਗਈ ਤੇ ਉਹ ਉਨ੍ਹਾਂ ਦੇ ਦੇਵਤਿਆਂ ਦੀ ਪੂਜਾ ਵੀ ਕਰਨ ਲੱਗ ਪਏ। ਜਦ ਉਹ ਰਿਸ਼ਤੇਦਾਰ ਹੀ ਬਣ ਗਏ ਸਨ, ਤਾਂ ਹੁਣ ਉਨ੍ਹਾਂ ਨੂੰ ਦੇਸ਼ ਵਿੱਚੋਂ ਕੱਢਣ ਦਾ ਸਵਾਲ ਹੀ ਨਹੀਂ ਉੱਠਦਾ ਸੀ। ਇੱਦਾਂ ਇਸਰਾਏਲੀ ਆਪਣੇ ਪਰਮੇਸ਼ੁਰ ਯਹੋਵਾਹ ਤੋਂ ਦੂਰ ਹੋ ਗਏ ਅਤੇ ਦੇਵੀ-ਦੇਵਤਿਆਂ ਪਿੱਛੇ ਲੱਗ ਗਏ।
ਇਨ੍ਹਾਂ ਕੌਮਾਂ ਦੀ ਦੋਸਤੀ ਦੁਸ਼ਮਣੀ ਤੋਂ ਵੀ ਜ਼ਿਆਦਾ ਖ਼ਤਰਨਾਕ ਸੀ। ਇਨ੍ਹਾਂ ਨਾਲ ਦੋਸਤੀ ਕਰ ਕੇ ਇਸਰਾਏਲੀਆਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਖ਼ਤਰੇ ਵਿਚ ਪੈ ਗਿਆ ਸੀ। ਆਓ ਆਪਾਂ ਦੇਖੀਏ ਕਿ ਹੋਰ ਕਿਨ੍ਹਾਂ ਤਰੀਕਿਆਂ ਨਾਲ ਇਸਰਾਏਲੀ ਪਰਮੇਸ਼ੁਰ ਤੋਂ ਦੂਰ ਹੋ ਰਹੇ ਸਨ।
ਖੇਤੀ-ਬਾੜੀ ਕਰਦਿਆਂ ਮੂਰਤੀ ਪੂਜਾ ਦੇ ਜਾਲ ਵਿਚ ਫਸੇ
ਉਜਾੜ ਵਿਚ ਇਸਰਾਏਲੀਆਂ ਦਾ ਕੋਈ ਥਾਂ-ਟਿਕਣਾ ਨਹੀਂ ਸੀ। ਪਰ ਵਾਅਦਾ ਕੀਤੇ ਹੋਏ ਦੇਸ਼ ਵਿਚ ਆ ਕੇ ਉਹ ਕਿਸਾਨ ਬਣ ਗਏ ਅਤੇ ਖੇਤੀ-ਬਾੜੀ ਕਰਨ ਲੱਗ ਪਏ। ਉਨ੍ਹਾਂ ਨੇ ਉੱਥੇ ਰਹਿ ਰਹੇ ਲੋਕਾਂ ਤੋਂ ਖੇਤੀ-ਬਾੜੀ ਕਰਨੀ ਸਿੱਖੀ। ਪਰ ਗੱਲ ਸਿਰਫ਼ ਖੇਤੀ ਕਰਨ ਦੇ ਤਰੀਕਿਆਂ ਤਕ ਹੀ ਨਹੀਂ ਰਹੀ। ਆਓ ਆਪਾਂ ਦੇਖੀਏ ਕਿ ਕਨਾਨੀਆਂ ਨਾਲ ਮਿਲਣ-ਗਿਲਣ ਕਰਕੇ ਗੱਲ ਕਿਸ ਹੱਦ ਤਕ ਪਹੁੰਚ ਗਈ ਸੀ।
ਕਨਾਨੀ ਲੋਕ ਬਆਲ ਦੇ ਕਈ ਦੇਵਤਿਆਂ ਦੀ ਪੂਜਾ ਕਰਦੇ ਸਨ। ਕਨਾਨੀਆਂ ਦਾ ਮੰਨਣਾ ਸੀ ਕਿ ਇਹ ਦੇਵੀ-ਦੇਵਤੇ ਉਨ੍ਹਾਂ ਦੀ ਜ਼ਮੀਨ ਅਤੇ ਫ਼ਸਲ ਉੱਤੇ ਬਰਕਤਾਂ ਪਾਉਂਦੇ ਸਨ। ਇਨ੍ਹਾਂ ਲੋਕਾਂ ਨਾਲ ਖੇਤੀ ਕਰਦੇ-ਕਰਦੇ ਇਸਰਾਏਲੀ ਵੀ ਮੰਨਣ ਲੱਗ ਪਏ ਕਿ ਬਆਲ ਦੇਵਤੇ ਹੀ ਉਨ੍ਹਾਂ ਦੀ ਫ਼ਸਲ ਨੂੰ ਬਰਕਤ ਦਿੰਦੇ ਹਨ। ਇਸਰਾਏਲ ਵਿਚ ਕਈ ਲੋਕ ਇਕ ਪਾਸੇ ਇਨ੍ਹਾਂ ਦੇਵਤਿਆਂ ਅੱਗੇ ਸਿਰ ਝੁਕਾਉਂਦੇ ਸਨ ਤੇ ਦੂਜੇ ਪਾਸੇ ਯਹੋਵਾਹ ਦੀ ਭਗਤੀ ਕਰਨ ਦਾ ਦਿਖਾਵਾ ਕਰਦੇ ਸਨ।
ਸਾਡੇ ਲਈ ਜ਼ੋਰਦਾਰ ਚੇਤਾਵਨੀ!
ਸ਼ਾਇਦ ਪਹਿਲਾਂ-ਪਹਿਲ ਜਦ ਇਸਰਾਏਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਆਏ ਸਨ, ਤਾਂ ਉਹ ਬਆਲ ਦੀ ਪੂਜਾ ਤੋਂ ਘਿਣ ਕਰਦੇ ਸਨ। ਪਰ ਸਮੇਂ ਦੇ ਬੀਤਣ ਨਾਲ ਆਪਣੇ ਦੋਸਤਾਂ ਕਰਕੇ ਉਹ ਇਹੋ ਜਿਹੇ ਕੰਮ ਕਰ ਬੈਠੇ ਜੋ ਪਹਿਲਾਂ ਉਨ੍ਹਾਂ ਦੀਆਂ ਨਜ਼ਰਾਂ ਵਿਚ ਘਿਣਾਉਣੇ ਸਨ। ਸਾਡੇ ਲਈ ਇਹ ਜ਼ੋਰਦਾਰ ਚੇਤਾਵਨੀ ਹੈ। ਜਿਨ੍ਹਾਂ ਲੋਕਾਂ ਨਾਲ ਅਸੀਂ ਉੱਠਦੇ-ਬੈਠਦੇ ਹਾਂ ਸ਼ਾਇਦ ਉਹ ਸਾਡੇ ਭਾਣੇ ਚੰਗੇ ਲੋਕ ਹੋਣ। ਪਰ ਜੇ ਉਨ੍ਹਾਂ ਦੇ ਵਿਸ਼ਵਾਸ ਅਤੇ ਅਸੂਲ ਸਾਡੇ ਜਿਹੇ ਨਹੀਂ ਹਨ, ਤਾਂ ਸਾਡਾ ਵੀ ਉਹੀ ਹਾਲ ਹੋਵੇਗਾ ਜੋ ਇਸਰਾਏਲੀਆਂ ਦਾ ਹੋਇਆ ਸੀ। ਮੰਨਿਆ ਕਿ ਕੰਮ ਤੇ, ਸਕੂਲੇ ਜਾਂ ਸ਼ਾਇਦ ਆਪਣੇ ਘਰ ਵਿਚ ਵੀ ਸਾਡਾ ਵਾਹ ਅਜਿਹੇ ਲੋਕਾਂ ਨਾਲ ਪੈਂਦਾ ਰਹਿੰਦਾ ਹੈ ਜੋ ਯਹੋਵਾਹ ਪਰਮੇਸ਼ੁਰ ਨੂੰ ਨਹੀਂ ਮੰਨਦੇ। ਪਰ ਅਸੀਂ ਇਸਰਾਏਲੀਆਂ ਦੀ ਮਿਸਾਲ ਤੋਂ ਸਾਫ਼ ਦੇਖ ਸਕਦੇ ਹਾਂ ਕਿ ਅਜਿਹੇ ਲੋਕਾਂ ਨਾਲ ਹੱਦੋਂ ਵਧ ਮਿਲਣ-ਗਿਲਣ ਨਾਲ ਅਸੀਂ ਆਪਣੇ ਲਈ ਮੁਸ਼ਕਲਾਂ ਮੁੱਲ ਲੈਂਦੇ ਹਾਂ। ਬਾਈਬਲ ਵਿਚ ਸਾਫ਼ ਲਿਖਿਆ ਹੈ ਕਿ “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।”—1 ਕੁਰਿੰ. 15:33.
ਅੱਜ ਸਾਨੂੰ ਵੀ ਅਜਿਹੀਆਂ ਕਈ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਨ੍ਹਾਂ ਦਾ ਇਸਰਾਏਲੀਆਂ ਨੇ ਕੀਤਾ ਸੀ। ਅੱਜ ਦੇ ਜ਼ਮਾਨੇ ਵਿਚ ਮੂਰਤੀ ਪੂਜਕਾਂ ਦੀ ਕੋਈ ਘਾਟ ਨਹੀਂ। ਚਾਰੇ ਪਾਸੇ ਦੇਖੋ ਤਾਂ ਕੋਈ ਪੈਸੇ ਨੂੰ ਪੂਜਦਾ ਹੈ ਤੇ ਕੋਈ ਫ਼ਿਲਮੀ ਸਿਤਾਰਿਆਂ ਜਾਂ ਖਿਡਾਰੀਆਂ ਨੂੰ ਰੱਬ ਬਣਾਈ ਬੈਠਾ ਹੈ। ਇਹੀ ਨਹੀਂ, ਸਿਆਸੀ ਅਤੇ ਧਾਰਮਿਕ ਆਗੂਆਂ ਦਾ ਵੀ ਲੋਕਾਂ ਉੱਤੇ ਘੱਟ ਜਾਦੂ ਨਹੀਂ ਛਾਇਆ ਹੋਇਆ। ਹੋਰ ਤਾਂ ਹੋਰ ਕਈ ਲੋਕ ਆਪਣੇ ਪਰਿਵਾਰ ਦੇ ਜੀਆਂ ਦੀ ਵੀ ਆਰਤੀ ਉਤਾਰਦੇ ਹਨ। ਜੇ ਅਸੀਂ ਅਜਿਹੇ ਲੋਕਾਂ ਨਾਲ ਉੱਠਣੀ-ਬੈਠਣੀ ਰੱਖਾਂਗੇ, ਤਾਂ ਯਹੋਵਾਹ ਦੀ ਸੇਵਾ ਤੋਂ ਸਾਡਾ ਧਿਆਨ ਭਟਕ ਸਕਦਾ ਹੈ ਅਤੇ ਉਸ ਨਾਲ ਸਾਡਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ।
ਬਆਲ ਦੀ ਪੂਜਾ ਦਾ ਅਹਿਮ ਹਿੱਸਾ ਸੈਕਸ ਸੀ। ਇਹ ਇਸਰਾਏਲੀਆਂ ਲਈ ਇਕ ਫਾਹੀ ਸਾਬਤ ਹੋਇਆ ਜਿਸ ਵਿਚ ਕਈ ਫਸ ਗਏ ਸਨ। ਅੱਜ ਵੀ ਯਹੋਵਾਹ ਦੇ ਕਈ ਸੇਵਕ ਸੈਕਸ ਦੀ ਫਾਹੀ ਵਿਚ ਫਸ ਰਹੇ ਹਨ। ਕਿਵੇਂ? ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨੀ ਨਾਲ ਲੋਕ ਸੈਕਸ ਦੇ ਗੰਦੇ ਕੰਮਾਂ ਵਿਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਨੂੰ ਸਿਰਫ਼ ਇਕ ਕੰਪਿਊਟਰ ਹੀ ਚਾਹੀਦਾ ਹੈ। ਕੋਈ ਜਾਣੇ-ਅਣਜਾਣੇ ਵਿਚ ਇਕੱਲਾ ਘਰ ਬੈਠਾ ਕੰਪਿਊਟਰ ਦੇ ਕੁਝ ਹੀ ਬਟਨ ਦਬਾਉਣ ਨਾਲ ਤਰ੍ਹਾਂ-ਤਰ੍ਹਾਂ ਦਾ ਅਜਿਹਾ ਗੰਦ-ਮੰਦ ਦੇਖ ਸਕਦਾ ਹੈ ਜੋ ਉਸ ਦੀ ਬੁੱਧੀ ਨੂੰ ਭ੍ਰਿਸ਼ਟ ਕਰ ਦੇਵੇਗਾ। ਕਿੰਨੇ ਦੁੱਖ ਦੀ ਗੱਲ ਹੁੰਦੀ ਹੈ ਜਦ ਸਾਡਾ ਕੋਈ ਭੈਣ-ਭਰਾ ਇਸ ਫਾਹੀ ਵਿਚ ਫਸ ਜਾਂਦਾ ਹੈ!
ਯਹੋਵਾਹ ਦੀ ਆਗਿਆ ਮੰਨੋ ਤੇ ਖ਼ੁਸ਼ੀ ਪਾਓ
ਦੋਸਤੀ ਕਰਨ ਦੇ ਮਾਮਲੇ ਵਿਚ ਯਹੋਵਾਹ ਦੀ ਆਗਿਆ ਮੰਨਣੀ ਜਾਂ ਨਾ ਮੰਨਣੀ ਇਹ ਸਾਡੇ ਹਰ ਇਕ ਦੀ ਆਪਣੀ ਚੋਣ ਹੈ। (ਬਿਵ. 30:19, 20) ਸਾਨੂੰ ਆਪਣੇ ਆਪ ਨੂੰ ਇਹ ਸਵਾਲ ਪੁੱਛਣ ਦੀ ਜ਼ਰੂਰਤ ਹੈ: ‘ਮੈਂ ਆਪਣਾ ਵਿਹਲਾ ਸਮਾਂ ਕਿਨ੍ਹਾਂ ਨਾਲ ਗੁਜ਼ਾਰਦਾ ਹਾਂ? ਦੁਨੀਆਂ ਦੇ ਗੰਦਿਆਂ ਕੰਮਾਂ ਬਾਰੇ ਉਨ੍ਹਾਂ ਲੋਕਾਂ ਦੇ ਕੀ ਵਿਚਾਰ ਹਨ? ਕੀ ਉਹ ਯਹੋਵਾਹ ਨੂੰ ਮੰਨਦੇ ਹਨ? ਕੀ ਮੈਨੂੰ ਉਨ੍ਹਾਂ ਦੀ ਸੰਗਤੀ ਤੋਂ ਯਹੋਵਾਹ ਦੇ ਅਸੂਲਾਂ ਤੇ ਚੱਲਦੇ ਰਹਿਣ ਦੀ ਹੱਲਾਸ਼ੇਰੀ ਮਿਲਦੀ ਹੈ?’
ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਧੰਨ ਓਹ ਹਨ ਜਿਹੜੇ ਪਰਮ ਚਾਲ ਹਨ, ਜਿਹੜੇ ਯਹੋਵਾਹ ਦੀ ਬਿਵਸਥਾ ਉੱਤੇ ਚੱਲਦੇ ਹਨ! ਧੰਨ ਓਹ ਹਨ ਜਿਹੜੇ ਉਹ ਦੀਆਂ ਸਾਖੀਆਂ ਨੂੰ ਮੰਨਦੇ, ਅਤੇ ਮਨੋਂ ਤਨੋਂ ਉਹ ਨੂੰ ਭਾਲਦੇ ਹਨ!” (ਜ਼ਬੂ. 119:1, 2) ਵਾਕਈ, “ਧੰਨ ਹੈ ਹਰੇਕ ਜੋ ਯਹੋਵਾਹ ਦਾ ਭੈ ਮੰਨਦਾ ਹੈ, ਅਤੇ ਉਸ ਦਿਆਂ ਰਾਹਾਂ ਉੱਤੇ ਚੱਲਦਾ ਹੈ!” (ਜ਼ਬੂ. 128:1) ਤਾਂ ਫਿਰ ਕਿਸੇ ਨਾਲ ਦੋਸਤੀ ਕਰਨ ਤੋਂ ਪਹਿਲਾਂ ਇਸਰਾਏਲੀਆਂ ਦੀਆਂ ਗ਼ਲਤੀਆਂ ਤੋਂ ਸਿੱਖੋ ਅਤੇ ਹਰ ਗੱਲ ਵਿਚ ਯਹੋਵਾਹ ਦੀ ਸੁਣੋ।—ਕਹਾ. 13:20.
[ਸਫ਼ਾ 26 ਉੱਤੇ ਤਸਵੀਰ]
ਮੂਰਤੀ ਪੂਜਕਾਂ ਨਾਲ ਦੋਸਤੀ ਕਰ ਕੇ ਅਸੀਂ ਫਾਹੀ ਵਿਚ ਫਸ ਸਕਦੇ ਹਾਂ