ਕੀ ਸਾਨੂੰ ਸਿਰਫ਼ ਅੱਜ ਲਈ ਜੀਣਾ ਚਾਹੀਦਾ ਹੈ?
ਕੀ ਸਾਨੂੰ ਸਿਰਫ਼ ਅੱਜ ਲਈ ਜੀਣਾ ਚਾਹੀਦਾ ਹੈ?
“ਕੱਲ੍ਹ ਬਾਰੇ ਸੋਚਣ ਦਾ ਕੋਈ ਫ਼ਾਇਦਾ ਨਹੀਂ। ਕੱਲ੍ਹ ਜਲਦੀ ਆ ਜਾਂਦਾ ਹੈ।” ਮੰਨਿਆ ਜਾਂਦਾ ਹੈ ਕਿ ਇਹ ਸ਼ਬਦ ਮੰਨੇ-ਪ੍ਰਮੰਨੇ ਸਾਇੰਸਦਾਨ ਐਲਬਰਟ ਆਇਨਸਟਾਈਨ ਨੇ ਕਹੇ ਸਨ। ਅੱਜ ਵੀ ਕਈ ਲੋਕ ਉਸ ਦੀ ਗੱਲ ਨਾਲ ਸਹਿਮਤ ਹਨ। ਉਹ ਸ਼ਾਇਦ ਕਹਿਣ, “ਕੱਲ੍ਹ ਬਾਰੇ ਚਿੰਤਾ ਕਿਉਂ ਕਰੀਏ?” ਸ਼ਾਇਦ ਤੁਸੀਂ ਵੀ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇ ਕਿ “ਜ਼ਿੰਦਗੀ ਦਾ ਮਜ਼ਾ ਲਓ।” “ਅੱਜ ਲਈ ਜੀਓ। ਕੱਲ੍ਹ ਕਿਸ ਨੇ ਦੇਖਿਆ ਹੈ?”
ਅੱਜ ਹੀ ਨਹੀਂ ਸਗੋਂ ਪਹਿਲਾਂ ਵੀ ਲੋਕ ਇੱਦਾਂ ਕਹਿੰਦੇ ਹੁੰਦੇ ਸਨ। ਪੁਰਾਣੇ ਜ਼ਮਾਨੇ ਦੇ ਅਪਿਕੂਰੀ ਲੋਕਾਂ ਦਾ ਕਹਿਣਾ ਇਹੀ ਸੀ ਕਿ “ਖਾਓ, ਪੀਓ, ਐਸ਼ ਕਰੋ! ਇਹੀ ਜ਼ਿੰਦਗੀ ਹੈ।” ਪੌਲੁਸ ਰਸੂਲ ਦੇ ਜ਼ਮਾਨੇ ਵਿਚ ਲੋਕ ਵੀ ਅਜਿਹਾ ਮੰਨਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ “ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ।” (1 ਕੁਰਿੰਥੀਆਂ 15:32) ਉਨ੍ਹਾਂ ਦੇ ਭਾਣੇ ਜ਼ਿੰਦਗੀ ਚਾਰ ਦਿਨਾਂ ਦੀ ਸੀ। ਇਸ ਲਈ ਉਹ ਇਕ ਪਲ ਵੀ ਜ਼ਾਇਆ ਨਹੀਂ ਕਰਨਾ ਚਾਹੁੰਦੇ ਸਨ।
ਪਰ ਲੱਖਾਂ ਲੋਕਾਂ ਲਈ ਜ਼ਿੰਦਗੀ ਦਾ ਮਜ਼ਾ ਲੈਣ ਦਾ ਸਵਾਲ ਹੀ ਨਹੀਂ ਉੱਠਦਾ। ਉਹ ਦੁੱਖਾਂ ਦੀ ਚੱਕੀ ਵਿਚ ਪਿਸ ਰਹੇ ਹਨ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਕ ਡੰਗ ਦੀ ਰੋਟੀ ਮਿਲੇਗੀ ਕਿ ਨਹੀਂ। ਤਾਂ ਫਿਰ ਉਹ ਭਵਿੱਖ ਬਾਰੇ ਕਿਉਂ ਸੋਚਣ? ਉਨ੍ਹਾਂ ਦਾ ਕੱਲ੍ਹ ਤਾਂ ਦੁੱਖ-ਤਕਲੀਫ਼ਾਂ ਨਾਲ ਭਰਿਆ ਹੋਇਆ ਹੈ ਤੇ ਉਨ੍ਹਾਂ ਨੂੰ ਉਮੀਦ ਦੀ ਕੋਈ ਕਿਰਨ ਵੀ ਨਜ਼ਰ ਨਹੀਂ ਆਉਂਦੀ।
ਕੱਲ੍ਹ ਬਾਰੇ ਕਿਉਂ ਸੋਚੀਏ?
ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਵਿਚ ਕਿਸੇ ਹੱਦ ਤਕ ਸੁੱਖ ਹੈ ਉਹ ਵੀ ਕਹਿੰਦੇ ਹਨ ਕਿ “ਕੱਲ੍ਹ ਬਾਰੇ ਸੋਚਣ ਦਾ ਕੀ ਫ਼ਾਇਦਾ?” ਕਈ ਲੋਕ ਮੰਨਦੇ ਹਨ ਕਿ ਜੇ ਉਹ ਕੱਲ੍ਹ ਲਈ ਕੁਝ ਸੋਚਣ ਵੀ, ਫਿਰ ਵੀ ਤਾਂ ਉਨ੍ਹਾਂ ਦੇ ਹੱਥ ਸਿਰਫ਼ ਨਿਰਾਸ਼ਾ ਲੱਗੇਗੀ ਅਤੇ ਉਨ੍ਹਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਜਾਵੇਗਾ। ਪੁਰਾਣੇ ਜ਼ਮਾਨੇ ਦੇ ਅੱਯੂਬ ਨਾਂ ਦੇ ਬੰਦੇ ਨੂੰ ਵੀ ਨਿਰਾਸ਼ਾ ਦਾ ਸਾਮ੍ਹਣਾ ਕਰਨਾ ਪਿਆ ਸੀ ਜਦ ਉਸ ਨੇ ਦੇਖਿਆ ਕਿ ਉਸ ਦੀਆਂ “ਯੋਜਨਾਵਾਂ ਤਬਾਹ ਹੋ ਗਈਆਂ ਨੇ।” ਜੋ ਖ਼ੁਸ਼ੀਆਂ ਉਹ ਆਪਣੇ ਤੇ ਆਪਣੇ ਘਰ ਦਿਆਂ ਲਈ ਚਾਹੁੰਦਾ ਸੀ, ਉਹ ਉਸ ਦੀਆਂ ਹੋ ਹੀ ਨਹੀਂ ਸਕੀਆਂ।—ਅੱਯੂਬ 17:11, ਈਜ਼ੀ ਟੂ ਰੀਡ ਵਰਯਨ; ਉਪਦੇਸ਼ਕ ਦੀ ਪੋਥੀ 9:11.
ਸਕਾਟਲੈਂਡ ਦੇ ਕਵੀ ਰਾਬਰਟ ਬਰਨਜ਼ ਨੇ ਸਾਡੀ ਹਾਲਤ ਦੀ ਤੁਲਨਾ ਇਕ ਚੂਹੇ ਨਾਲ ਕੀਤੀ ਜੋ ਖੇਤਾਂ ਵਿਚ ਇਕ ਖੁੱਡ ਵਿਚ ਰਹਿੰਦਾ ਸੀ। ਇਕ ਦਿਨ ਇਹ ਕਵੀ ਹਲ ਚਲਾ ਰਿਹਾ ਸੀ ਤੇ ਚੂਹੇ ਦੀ ਖੁੱਡ ਤਬਾਹ ਹੋ ਗਈ। ਚੂਹੇ ਦੀ ਦੁਨੀਆਂ ਉੱਜੜ ਗਈ ਤੇ ਉਹ ਆਪਣੀ ਜਾਨ ਬਚਾ ਕੇ ਭੱਜਾ। ਇਸ ਕਵੀ ਨੇ ਸੋਚਿਆ
ਕਿ ‘ਸਾਡਾ ਹਾਲ ਵੀ ਕੁਝ ਇਸ ਤਰ੍ਹਾਂ ਦਾ ਹੈ। ਕੋਈ ਭਰੋਸਾ ਨਹੀਂ ਕਿ ਪਲ ਵਿਚ ਸਾਡੀ ਜ਼ਿੰਦਗੀ ਵਿਚ ਕੀ ਹੋ ਜਾਏ। ਸਾਡੀ ਸਾਰੀ ਮਿਹਨਤ ਉੱਤੇ ਪਾਣੀ ਫਿਰ ਸਕਦਾ ਹੈ।’ਸੋ ਸਵਾਲ ਉੱਠਦਾ ਹੈ ਕਿ ਕੀ ਕੱਲ੍ਹ ਬਾਰੇ ਸੋਚਣਾ ਫਜ਼ੂਲ ਹੈ? ਹਕੀਕਤ ਇਹ ਹੈ ਕਿ ਜੇ ਅਸੀਂ ਕੱਲ੍ਹ ਬਾਰੇ ਕੁਝ ਨਾ ਸੋਚੀਏ, ਤਾਂ ਇਸ ਦੇ ਬੁਰੇ ਨਤੀਜੇ ਨਿਕਲ ਸਕਦੇ ਹਨ। ਤੂਫ਼ਾਨ ਜਾਂ ਹੋਰ ਆਫ਼ਤਾਂ ਆਉਣ ਤੋਂ ਪਹਿਲਾਂ ਸਾਨੂੰ ਕੁਝ ਤਿਆਰੀ ਕਰਨ ਦੀ ਲੋੜ ਹੈ। ਮਿਸਾਲ ਲਈ, ਕਟਰੀਨਾ ਨਾਂ ਦੇ ਵੱਡੇ ਤੂਫ਼ਾਨ ਨੂੰ ਕੋਈ ਰੋਕ ਤਾਂ ਨਹੀਂ ਸਕਦਾ ਸੀ, ਪਰ ਕੀ ਥੋੜ੍ਹੀ-ਬਹੁਤੀ ਤਿਆਰੀ ਕਰਨ ਨਾਲ ਨਿਊ ਓਰਲੀਨਜ਼ ਸ਼ਹਿਰ ਤੇ ਇਸ ਦਾ ਨੁਕਸਾਨ ਕੁਝ ਹੱਦ ਤਕ ਰੋਕਿਆ ਜਾ ਸਕਦਾ ਸੀ?
ਤੁਹਾਡਾ ਕੀ ਖ਼ਿਆਲ ਹੈ, ਕੀ ਸਾਨੂੰ ਕੱਲ੍ਹ ਨੂੰ ਭੁੱਲ ਕੇ ਸਿਰਫ਼ ਅੱਜ ਲਈ ਜੀਣਾ ਚਾਹੀਦਾ ਹੈ? ਧਿਆਨ ਦਿਓ ਕਿ ਅਗਲੇ ਲੇਖ ਵਿਚ ਇਸ ਬਾਰੇ ਕੀ ਦੱਸਿਆ ਗਿਆ ਹੈ।
[ਸਫ਼ਾ 3 ਉੱਤੇ ਤਸਵੀਰਾਂ]
“ਖਾਓ, ਪੀਓ, ਐਸ਼ ਕਰੋ। ਇਹੀ ਜ਼ਿੰਦਗੀ ਹੈ”
[ਸਫ਼ਾ 4 ਉੱਤੇ ਤਸਵੀਰ]
ਕੀ ਕਟਰੀਨਾ ਨਾਂ ਦੇ ਵੱਡੇ ਤੂਫ਼ਾਨ ਦਾ ਨੁਕਸਾਨ ਕੁਝ ਹੱਦ ਤਕ ਰੋਕਿਆ ਜਾ ਸਕਦਾ ਸੀ?
[ਕ੍ਰੈਡਿਟ ਲਾਈਨ]
U.S. Coast Guard Digital