ਰੰਗੀਲੇ ਦੇਸ਼ ਹੈਟੀ ਵਿਚ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ
ਰੰਗੀਲੇ ਦੇਸ਼ ਹੈਟੀ ਵਿਚ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ
ਹੈਟੀ ਤੇ ਡਮਿਨੀਕਨ ਗਣਰਾਜ ਗਰਮ ਪੌਣ-ਪਾਣੀ ਵਾਲੇ ਹਿਸਪੈਨੀਓਲਾ ਟਾਪੂ ਵਿਚ ਪੈਂਦੇ ਹਨ। ਇੱਥੇ ਹੀ ਕੈਰਿਬ ਦੇ ਸਭ ਤੋਂ ਉੱਚੇ ਪਹਾੜ ਹਨ। ਕੁਝ ਇਕ ਪਹਾੜ 2,400 ਮੀਟਰ (8,000 ਫੁੱਟ) ਤੋਂ ਉੱਚੇ ਹਨ। “ਸਰਦੀਆਂ ਦੇ ਮਹੀਨੇ” ਵਿਚ ਉੱਚੀਆਂ ਥਾਵਾਂ ਅਤੇ ਤਲਾਬ ਕੋਰੇ ਜਾਂ ਬਰਫ਼ ਦੀ ਪਤਲੀ ਜਿਹੀ ਪਰਤ ਨਾਲ ਢਕੇ ਨਜ਼ਰ ਆਉਂਦੇ ਹਨ।
ਦੱਖਣ ਵਿਚ ਪੈਂਦੀਆਂ ਵਾਦੀਆਂ ਤੇ ਪਹਾੜੀਆਂ ਸੰਘਣੇ ਜੰਗਲਾਂ ਨਾਲ ਭਰੀਆਂ ਹਨ। ਪਰ ਹੋਰਨਾਂ ਇਲਾਕਿਆਂ ਵਿਚ ਜੰਗਲਾਂ ਦੀ ਕਟਾਈ ਕਰ ਕੇ ਪਹਾੜੀਆਂ ਰੋਡੀਆਂ ਕਰ ਦਿੱਤੀਆਂ ਗਈਆਂ ਹਨ। ਹੈਟੀ ਦਾ ਉੱਤਰੀ ਤੇ ਦੱਖਣੀ ਇਲਾਕਾ ਵੀ ਦੇਖਣ ਵਾਲਾ ਹੈ। ਸੱਪ ਵਾਂਗ ਵਲ਼-ਵਲ਼ੇਵੇਂ ਖਾਂਦੀਆਂ ਪਹਾੜੀ ਸੜਕਾਂ ਦੇ ਹਰ ਮੋੜ ਤੇ ਦਿਲਕਸ਼ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਫੁੱਲਾਂ ਦਾ ਤਾਂ ਇੱਥੇ ਭੰਡਾਰ ਹੈ ਤੇ ਰੰਗਾਂ ਦੀ ਤਾਂ ਤੁਸੀਂ ਗੱਲ ਹੀ ਨਾ ਪੁੱਛੋ!
ਇਸ ਰੰਗੀਲੇ ਦੇਸ਼ ਵਿਚ 83 ਲੱਖ ਲੋਕ ਰਹਿੰਦੇ ਹਨ, ਜ਼ਿਆਦਾਤਰ ਲੋਕ ਅਫ਼ਰੀਕਾ ਤੋਂ ਆ ਕੇ ਇੱਥੇ ਵੱਸੇ ਹਨ। ਭਾਵੇਂ ਇਹ ਲੋਕ ਗ਼ਰੀਬ ਹਨ, ਪਰ ਹੈ ਚੰਗੇ ਤੇ ਦੋਸਤਾਨਾ ਸੁਭਾਅ ਦੇ। ਤਕਰੀਬਨ 60 ਸਾਲਾਂ ਤੋਂ ਯਹੋਵਾਹ ਦੇ ਗਵਾਹ ਇਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦਾ ਸੰਦੇਸ਼ ਸੁਣਾਉਂਦੇ ਆ ਰਹੇ ਹਨ ਅਤੇ ਇਸ ਦੇ ਚੰਗੇ ਨਤੀਜੇ ਨਿਕਲੇ ਹਨ।—ਮੱਤੀ 24:14.
ਛੋਟੇ ਜਿਹੇ ਸ਼ਹਿਰ ਵਿਚ ਪ੍ਰਚਾਰ
ਸ਼ਹਿਰ ਵਿਚ ਪ੍ਰਚਾਰ ਕਰਨ ਗਏ ਇਕ ਮਿਸ਼ਨਰੀ ਦਾ ਤਜਰਬਾ। ਮਿਸ਼ਨਰੀ ਭੈਣ ਨੇ ਲਿਖਿਆ:
“ਇਕ ਦਿਨ ਮਾਰਚ 2003 ਵਿਚ ਅਸੀਂ ਕਾਜ਼ਾਲ ਵਿਚ ਪ੍ਰਚਾਰ ਕਰਨ ਗਏ। ਇਹ ਛੋਟਾ ਜਿਹਾ ਸ਼ਹਿਰ ਹੈ ਅਤੇ ਕਾਬਾਰੇ ਤੋਂ ਕੁਝ ਅੱਧੇ ਘੰਟੇ ਦੀ ਵਾਟ ਤੇ ਹੈ। ਸਾਡਾ ਮਿਸ਼ਨਰੀ ਘਰ ਰਾਜਧਾਨੀ ਪੋਰਟ-ਓ-ਪ੍ਰਿੰਸ ਤੋਂ 30 ਕਿਲੋਮੀਟਰ ਉੱਤਰ ਵਿਚ ਹੈ। ਕਾਜ਼ਾਲ ਵਿਚ 1999 ਤੋਂ ਪ੍ਰਚਾਰ ਨਹੀਂ ਹੋਇਆ ਸੀ ਜਿਸ ਕਰਕੇ ਅਸੀਂ ਸਾਰੇ ਹੀ ਕਾਜ਼ਾਲ ਨੂੰ ਜਾਣ ਲਈ ਉਤਾਵਲੇ ਸੀ। ਦੋ ਵੈਨਾਂ ਵਿਚ ਅਸੀਂ 22 ਜਣੇ ਸੁਵਖਤੇ ਸੱਤ ਵਜੇ ਘਰੋਂ ਨਿਕਲ ਤੁਰੇ। ਹੱਸਦੇ-ਖੇਡਦੇ ਤੇ ਗੱਲਾਂ ਮਾਰਦੇ ਤੇ ਉੱਚੀਆਂ-ਨੀਵੀਆਂ ਕੱਚੀਆਂ ਸੜਕਾਂ ਤੋਂ ਲੰਘਦੇ ਹੋਏ ਅਸੀਂ ਵੱਡੇ-ਵੱਡੇ ਦਰਖ਼ਤਾਂ ਨਾਲ ਭਰੀ ਇਕ ਵਾਦੀ ਵਿਚ ਪਹੁੰਚੇ। ਹੁਣ ਅਸੀਂ ਕਾਜ਼ਾਲ ਵਿਚ ਪਹੁੰਚ ਚੁੱਕੇ ਸੀ ਜੋ ਦਰਿਆ ਕੰਢੇ ਵੱਸਿਆ ਹੋਇਆ ਹੈ।”
“ਇਸ ਛੋਟੇ ਜਿਹੇ ਸ਼ਹਿਰ ਦਾ ਇਤਿਹਾਸ 1800 ਸਦੀ ਤਕ ਜਾਂਦਾ ਹੈ ਜਦ ਪੋਲਿਸ਼ ਫ਼ੌਜੀ ਹੈਟੀ ਦੇ ਗ਼ੁਲਾਮਾਂ ਨੂੰ ਇੱਥੇ ਆਜ਼ਾਦੀ ਦਿਲਾਉਣ ਆਏ ਸਨ। ਉਨ੍ਹਾਂ ਨੇ ਇਸ ਵਾਦੀ ਦੀ ਉਪਜਾਊ ਧਰਤੀ ਨੂੰ ਆਪਣਾ ਘਰ ਬਣਾ ਲਿਆ ਅਤੇ ਹੈਟੀ ਤੀਵੀਆਂ ਨਾਲ ਵਿਆਹ ਕਰਵਾ ਕੇ ਇੱਥੇ ਹੀ ਵਸ ਗਏ। ਇਨ੍ਹਾਂ ਦੇ ਅੱਗੋਂ ਸੋਹਣੇ ਨੈਣ-ਨਕਸ਼ਾਂ ਵਾਲੇ ਨਿਆਣੇ ਹੋਏ। ਕਿਸੇ ਦਾ ਰੰਗ ਗੋਰਾ ਹੈ ਤੇ ਕਿਸੇ ਦਾ ਹਲਕਾ ਭੂਰਾ, ਕਿਸੇ ਦੀਆਂ ਅੱਖਾਂ ਹਰੀਆਂ ਹਨ ਤੇ ਕਿਸੇ ਦੀਆਂ ਭੂਰੀਆਂ।”
“ਪ੍ਰਚਾਰ ਵਿਚ ਪਹਿਲੇ ਘਰ ਤਾਂ ਸਾਡੀ ਕਿਸੇ ਨੇ ਗੱਲ ਨਾ ਸੁਣੀ। ਜਦੋਂ ਅਸੀਂ ਅੱਗੇ ਜਾ ਰਹੇ ਸੀ, ਤਾਂ ਪਿੱਛੋਂ ਦੀ ਕਿਸੇ ਨੇ ਸਾਨੂੰ ਆਵਾਜ਼ ਮਾਰੀ। ਉਸ ਨੇ ਸਾਨੂੰ ਪੁੱਛਿਆ ਕਿ ਕੀ ਯਿਸੂ ਤੇ ਯਹੋਵਾਹ ਵਿਚ ਕੋਈ ਫ਼ਰਕ ਹੈ। ਸਾਡੇ ਕਹਿਣ ਤੇ ਉਹ ਆਪਣੀ ਬਾਈਬਲ ਲਿਆਇਆ ਤੇ ਅਸੀਂ ਉਸ ਨੂੰ ਉਸ ਦੀ ਬਾਈਬਲ ਵਿੱਚੋਂ ਆਇਤਾਂ ਖੋਲ੍ਹ ਕੇ ਦਿਖਾਈਆਂ ਤੇ ਉਸ ਦੇ ਸਵਾਲ ਦਾ ਜਵਾਬ ਦਿੱਤਾ। ਗੱਲਬਾਤ ਦੇ ਅੰਤ ਵਿਚ ਉਸ ਨੂੰ ਯਕੀਨ ਹੋ ਗਿਆ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ ਤੇ ਯਹੋਵਾਹ ‘ਸੱਚਾ ਵਾਹਿਦ ਪਰਮੇਸ਼ੁਰ ਹੈ।’ (ਯੂਹੰਨਾ 17:3) ਕਈਆਂ ਨੇ ਸਾਨੂੰ ਆਪਣੇ ਘਰ ਅੰਦਰ ਬੁਲਾਇਆ ਅਤੇ ਅਸੀਂ ਬੈਠ ਕੇ ਉਨ੍ਹਾਂ ਨਾਲ ਗੱਲ ਕੀਤੀ। ਕਈਆਂ ਕੁ ਨੇ ਤਾਂ ਇਹ ਵੀ ਪੁੱਛਿਆ ਕਿ ਤੁਸੀਂ ‘ਸਾਡੇ ਨਾਲ ਬਾਈਬਲ ਦੀ ਸਟੱਡੀ ਕਰਨ ਕਦੋਂ ਵਾਪਸ ਆਓਗੇ?’”
“ਦੁਪਹਿਰ ਨੂੰ ਅਸੀਂ ਦਰਖ਼ਤਾਂ ਦੀ ਛਾਵੇਂ ਬੈਠ ਕੇ ਰੋਟੀ ਖਾਧੀ। ਦੋ ਭੈਣਾਂ ਨੇ ਸਾਰਿਆਂ ਲਈ ਮੱਛੀ ਬਣਾਈ ਸੀ। ਖਾ ਕੇ ਮਜ਼ਾ ਆ ਗਿਆ! ਖਾਣ-ਪੀਣ ਤੇ ਗੱਲਾਂ ਮਾਰਨ ਤੋਂ ਇਲਾਵਾ ਅਸੀਂ ਰਾਹ ਜਾਂਦੇ ਲੋਕਾਂ ਨੂੰ ਪ੍ਰਚਾਰ ਵੀ ਕੀਤਾ। ਫਿਰ ਦਰਿਆ ਪਾਰ ਕਰ ਕੇ ਅਸੀਂ ਸ਼ਹਿਰ ਦੇ ਦੂਜੇ ਪਾਸੇ ਗਏ। ਘਰਾਂ ਦੇ ਬਾਹਰ ਦਰਖ਼ਤਾਂ ਦੀ ਛਾਵੇਂ ਬੈਠੇ ਲੋਕਾਂ ਨਾਲ ਅਸੀਂ ਗੱਲਾਂ-ਬਾਤਾਂ ਕੀਤੀਆਂ। ਕਿੰਨਾ ਸੋਹਣਾ ਨਜ਼ਾਰਾ ਸੀ—ਗਲੀਆਂ ਵਿਚ ਖੇਡ ਰਹੇ ਨਿਆਣਿਆਂ ਦੀਆਂ ਕਿਲਕਾਰੀਆਂ, ਦਰਿਆ ਕੰਢੇ ਕੱਪੜੇ ਧੋ ਰਹੀਆਂ ਔਰਤਾਂ, ਕੂੰਡੇ ਵਿਚ ਕਾਫ਼ੀ ਦੀਆਂ ਫਲੀਆਂ ਕੁੱਟ ਰਹੀਆਂ ਬਜ਼ੁਰਗ ਔਰਤਾਂ।
“ਚਾਰ ਵਜੇ ਸਾਡਾ ਗਰੁੱਪ ਵਾਪਸ ਕਾਬਾਰੇ ਨੂੰ ਚੱਲ ਪਿਆ। ਮੈਂ ਤੇ ਮੇਰੇ ਪਤੀ ਨੇ ਕਾਜ਼ਾਲ ਦੇ ਦੋਸਤਾਨਾ ਸੁਭਾਅ ਵਾਲੇ ਲੋਕਾਂ ਨੂੰ ਮਿਲਣ ਦਾ ਬੇਹੱਦ ਆਨੰਦ ਮਾਣਿਆ।”
ਸਾਲ 1945 ਵਿਚ ਪਹਿਲੇ ਮਿਸ਼ਨਰੀਆਂ ਦੇ ਆਉਣ ਤੋਂ ਬਾਅਦ ਹੌਲੀ-ਹੌਲੀ ਇੱਥੇ ਪ੍ਰਚਾਰਕਾਂ ਦੀ ਗਿਣਤੀ ਵਿਚ ਵਾਧਾ ਹੋਇਆ। ਅੱਜ ਹੈਟੀ ਵਿਚ ਤਕਰੀਬਨ 14,000 ਭੈਣ-ਭਰਾ ਪ੍ਰਚਾਰ ਵਿਚ ਹਿੱਸਾ ਲੈਂਦੇ ਹਨ ਅਤੇ 22,000 ਤੋਂ ਉੱਪਰ ਬਾਈਬਲ ਸਟੱਡੀਆਂ ਕਰਵਾਉਂਦੇ ਹਨ। ਭੈਣਾਂ-ਭਰਾਵਾਂ ਦੇ ਪ੍ਰਚਾਰ ਕੰਮ ਸਦਕਾ ਮਾਰਚ 2005 ਵਿਚ ਮਸੀਹ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ 59,372 ਲੋਕ ਹਾਜ਼ਰ ਹੋਏ ਸਨ। ਆਓ ਆਪਾਂ ਦੇਖੀਏ ਕਿ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਕੰਮ ਦਾ ਅਸਰ ਹੈਟੀ ਦੇ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਕਿਵੇਂ ਪਿਆ ਹੈ।
ਚਿੱਤਰਕਾਰੀ ਤੇ ਖ਼ੁਸ਼ ਖ਼ਬਰੀ ਦਾ ਅਸਰ
ਹੈਟੀ ਲੋਕਾਂ ਦੇ ਪਹਿਰਾਵੇ, ਘਰਾਂ, ਬਗ਼ੀਚਿਆਂ ਵਿਚ ਲੱਗੇ ਫੁੱਲਾਂ ਤੇ ਚਿੱਤਰਕਾਰੀ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉਹ ਰੰਗਾਂ ਦੇ ਸ਼ੌਕੀਨ ਹਨ। ਪੋਰਟ-ਓ-ਪ੍ਰਿੰਸ ਦੀਆਂ ਗਲੀਆਂ ਵਿਚ ਕੈਨਵਸਾਂ ਤੇ ਹੈਟੀ ਚਿੱਤਰਕਾਰੀ ਦੀ ਝਲਕ ਦੇਖੀ ਜਾ ਸਕਦੀ ਹੈ। ਦੁਨੀਆਂ ਦੇ ਕੋਨੇ-ਕੋਨੇ ਤੋਂ ਲੋਕ ਖ਼ੂਬਸੂਰਤ ਚਿੱਤਰ ਖ਼ਰੀਦਣ ਆਉਂਦੇ ਹਨ।
ਹੈਟੀ ਲੋਕ ਸਿਰਫ਼ ਕੈਨਵਸ ਉੱਤੇ ਹੀ ਚਿੱਤਰਕਾਰੀ ਨਹੀਂ ਕਰਦੇ। ਇਨ੍ਹਾਂ ਦੀ ਕਲਾਕਾਰੀ ਦਾ ਸਬੂਤ ਤਾਂ ਪੋਰਟ-ਓ-ਪ੍ਰਿੰਸ ਦੀਆਂ ਸੜਕਾਂ ਤੇ ਚੱਲਦੀਆਂ ਗੱਡੀਆਂ, ਜਿਨ੍ਹਾਂ ਨੂੰ ਹੈਟੀ ਭਾਸ਼ਾ ਵਿਚ ਕੈਮਯੁਨੈੱਟ ਜਾਂ ਟੈੱਪ-ਟੈੱਪਸ ਕਿਹਾ ਜਾਂਦਾ ਹੈ, ਤੇ ਵੀ ਦੇਖਿਆ ਜਾ ਸਕਦਾ ਹੈ। ਇਨ੍ਹਾਂ ਗੱਡੀਆਂ ਤੇ ਤਰ੍ਹਾਂ-ਤਰ੍ਹਾਂ ਦੀਆਂ ਤਸਵੀਰਾਂ ਬਣਾਈਆਂ ਹੋਈਆਂ ਹੁੰਦੀਆਂ ਹਨ। ਕਈ ਗੱਡੀਆਂ ਤੇ ਤੁਹਾਨੂੰ ਅਜਿਹੀਆਂ ਤਸਵੀਰਾਂ ਵੀ ਦੇਖਣ ਨੂੰ ਮਿਲਣਗੀਆਂ ਜੋ ਬਾਈਬਲ ਤੇ ਆਧਾਰਿਤ ਹਨ।
ਗਲੀਆਂ ਵਿਚ ਸੈਰ ਕਰਦੇ ਹੋਏ ਤੁਹਾਨੂੰ ਬਾਈਬਲ ਦੇ ਜਾਣੇ-ਪਛਾਣੇ ਸੀਨ ਵੀ ਦੇਖਣ ਨੂੰ ਮਿਲਣਗੇ ਜਿਵੇਂ ਅਦਨ ਦੇ ਬਾਗ਼ ਵਿਚ ਆਦਮ ਤੇ ਹੱਵਾਹ। ਇੱਦਾਂ ਦੀਆਂ ਤਸਵੀਰਾਂ ਕੈਮਯੁਨੈੱਟ ਦੇ ਪਿੱਛਲੇ ਪਾਸੇ ਆਮ ਦੇਖਣ ਨੂੰ ਮਿਲਦੀਆਂ ਹਨ।
ਗੱਡੀਆਂ ਦੇ ਪਿੱਛੇ ਜਾਂ ਕੰਪਨੀਆਂ ਦੇ ਇਸ਼ਤਿਹਾਰਾਂ ਵਿਚ ਬਾਈਬਲ ਦੀਆਂ ਆਇਤਾਂ ਜਾਂ ਯਹੋਵਾਹ ਪਰਮੇਸ਼ੁਰ ਦਾ ਨਾਮ ਇਸਤੇਮਾਲ ਕੀਤਾ ਜਾਂਦਾ ਹੈ।ਸਕੂਲਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ
ਹੈਟੀ ਦੇ ਨੌਜਵਾਨ ਗਵਾਹ ਸਕੂਲਾਂ ਵਿਚ ਵੀ ਗਵਾਹੀ ਦੇ ਰਹੇ ਹਨ। ਅੱਗੇ 17 ਸਾਲਾਂ ਦੀ ਭੈਣ ਦੱਸਦੀ ਹੈ ਕਿ ਉਸ ਦੇ ਸਕੂਲੇ ਕੀ ਹੋਇਆ:
“ਇਕ ਦਿਨ ਮੇਰੇ ਇਕ ਜਮਾਤੀ ਨੇ ਮੈਨੂੰ ‘ਵਿਭਚਾਰ’ ਦਾ ਮਤਲਬ ਪੁੱਛਿਆ। ਇਹ ਸੋਚ ਕੇ ਕਿ ਉਹ ਮੇਰੇ ਨਾਲ ਛੇੜਖਾਨੀ ਕਰ ਰਿਹਾ ਸੀ, ਮੈਂ ਉਸ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ। ਪਰ ਜਦ ਉਸ ਨੇ ਇਹੀ ਸਵਾਲ ਇਕ ਹੋਰ ਮੁੰਡੇ ਨੂੰ ਪੁੱਛਿਆ, ਤਾਂ ਸਾਰੀ ਕਲਾਸ ਇਸ ਸਵਾਲ ਦਾ ਜਵਾਬ ਸੁਣਨ ਲਈ ਉਤਸੁਕ ਹੋ ਗਈ। ਇਸ ਵਿਸ਼ੇ ਤੇ ਕੁਝ ਰਿਸਰਚ ਕਰਨ ਤੋਂ ਬਾਅਦ ਅਗਲੇ ਹਫ਼ਤੇ ਮੈਂ ਆਪਣੀ ਕਲਾਸ ਨੂੰ ਸਮਝਾਇਆ ਕਿ ਯਹੋਵਾਹ ਦੇ ਗਵਾਹ ਕਿਉਂ ਆਪਣੇ ਆਪ ਨੂੰ ਨੈਤਿਕ, ਰੂਹਾਨੀ ਅਤੇ ਸਰੀਰਕ ਤੌਰ ਤੇ ਸ਼ੁੱਧ ਰੱਖਦੇ ਹਨ।”
“ਕਈ ਵਿਦਿਆਰਥੀਆਂ ਨੇ ਮੈਨੂੰ ਸਵਾਲ ਪੁੱਛੇ। ਬਾਈਬਲ ਵਿੱਚੋਂ ਦਿੱਤੇ ਮੇਰੇ ਜਵਾਬਾਂ ਨੂੰ ਉਨ੍ਹਾਂ ਨੇ ਬੜੇ ਧਿਆਨ ਨਾਲ ਸੁਣਿਆ। ਹੈੱਡ ਮਾਸਟਰ ਪਹਿਲਾਂ ਤਾਂ ਇਸ ਬਾਰੇ ਗੱਲ ਕਰਨ ਤੋਂ ਥੋੜ੍ਹਾ ਝਿਜਕ ਰਿਹਾ ਸੀ, ਪਰ ਫਿਰ ਉਸ ਨੇ ਵੀ ਮੈਨੂੰ ਕਈ ਸਵਾਲ ਪੁੱਛੇ। ਉਸ ਨੇ ਮੈਨੂੰ ਦੂਸਰੀਆਂ ਕਲਾਸਾਂ ਨਾਲ ਵੀ ਇਸ ਵਿਸ਼ੇ ਤੇ ਗੱਲ ਕਰਨ ਲਈ ਕਿਹਾ। ਮੈਂ ਉਨ੍ਹਾਂ ਨੂੰ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ * ਕਿਤਾਬ ਦਿਖਾਈ ਤੇ ਉਨ੍ਹਾਂ ਸਾਰਿਆਂ ਨੇ ਇਸ ਕਿਤਾਬ ਨੂੰ ਪੜ੍ਹਨ ਵਿਚ ਦਿਲਚਸਪੀ ਦਿਖਾਈ। ਅਗਲੇ ਦਿਨ ਮੈਂ 45 ਕਿਤਾਬਾਂ ਆਪਣੇ ਜਮਾਤੀਆਂ ਨੂੰ ਦਿੱਤੀਆਂ। ਕਈਆਂ ਨੇ ਇਕ ਦਮ ਕਿਤਾਬ ਨੂੰ ਪੜ੍ਹ ਲਿਆ ਤੇ ਉਨ੍ਹਾਂ ਵਿੱਚੋਂ ਕਈ ਹੁਣ ਬਾਈਬਲ ਸਟੱਡੀ ਕਰ ਰਹੇ ਹਨ। ਮੇਰਾ ਇਕ ਜਮਾਤੀ ਜੋ ਸਾਡੇ ਘਰ ਦੇ ਕਰੀਬ ਰਹਿੰਦਾ ਹੈ ਹੁਣ ਸਾਰੀਆਂ ਮੀਟਿੰਗਾਂ ਵਿਚ ਆਉਂਦਾ ਹੈ।”
ਕ੍ਰੀਓਲ ਭਾਸ਼ਾ
ਲੋਕਾਂ ਅਤੇ ਇਸ ਦੇਸ਼ ਦੀ ਤਰ੍ਹਾਂ ਹੈਟੀ ਭਾਸ਼ਾ ਕ੍ਰੀਓਲ ਵੀ ਬੜੀ ਰੰਗੀਲੀ ਹੈ। ਇਸ ਭਾਸ਼ਾ ਵਿਚ ਫਰਾਂਸੀਸੀ ਸ਼ਬਦ ਹਨ ਤੇ ਵਿਆਕਰਣ ਪੱਛਮੀ ਅਫ਼ਰੀਕਾ ਦੀ ਭਾਸ਼ਾ ਤੇ ਆਧਾਰਿਤ ਹੈ। ਇਹ ਹੈਟੀ ਲੋਕਾਂ ਦੀ ਮਾਂ ਬੋਲੀ ਹੈ ਤੇ ਇਸ ਨੂੰ ਉਨ੍ਹਾਂ ਦੇ ਦਿਲਾਂ ਦੀ ਬੋਲੀ ਵੀ ਕਿਹਾ ਜਾਂਦਾ ਹੈ। ਯਹੋਵਾਹ ਦੇ ਗਵਾਹ ਲੋਕਾਂ ਨੂੰ ਪਰਮੇਸ਼ੁਰ ਦਾ ਸੰਦੇਸ਼ ਵੀ ਇਸੇ ਭਾਸ਼ਾ ਵਿਚ ਸੁਣਾਉਂਦੇ ਹਨ ਤੇ ਇਸ ਭਾਸ਼ਾ ਵਿਚ ਕਿਤਾਬਾਂ ਵੀ ਛਾਪਦੇ ਹਨ।
ਸਾਲ 1987 ਵਿਚ ਹੈਟੀ ਕ੍ਰੀਓਲ ਵਿਚ ਧਰਤੀ ਉਤੇ ਸਦਾ ਦੇ ਜੀਵਨ ਦਾ ਅਨੰਦ ਮਾਣੋ! ਬ੍ਰੋਸ਼ਰ ਰਿਲੀਸ ਕੀਤਾ ਗਿਆ ਸੀ ਅਤੇ ਆਉਂਦੇ ਸਾਲਾਂ ਵਿਚ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਤੇ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਬ੍ਰੋਸ਼ਰ ਰਿਲੀਸ ਕੀਤਾ ਗਿਆ ਸੀ। ਇਨ੍ਹਾਂ ਕਿਤਾਬਾਂ ਦੀ ਮਦਦ ਨਾਲ ਕਈ ਲੋਕ ਪਰਮੇਸ਼ੁਰ ਦੇ ਬਚਨ ਨੂੰ ਸਮਝ ਸਕੇ ਹਨ। 1 ਸਤੰਬਰ 2002 ਵਿਚ ਪਹਿਰਾਬੁਰਜ ਰਸਾਲਾ ਹੈਟੀ ਕ੍ਰੀਓਲ ਭਾਸ਼ਾ ਵਿਚ ਛਪਣਾ ਸ਼ੁਰੂ ਹੋਇਆ। ਪ੍ਰਚਾਰ ਕੰਮ ਵਿਚ ਅਜੇ ਵੀ ਫਰਾਂਸੀਸੀ ਭਾਸ਼ਾ ਵਿਚ ਸਾਹਿੱਤ ਵਰਤਿਆ ਜਾਂਦਾ ਹੈ, ਪਰ ਜ਼ਿਆਦਾਤਰ ਲੋਕ ਆਪਣੀ ਮਾਂ ਬੋਲੀ ਵਿਚ ਸਾਹਿੱਤ ਪੜ੍ਹਨਾ ਪਸੰਦ ਕਰਦੇ ਹਨ।
ਜੇਲ੍ਹਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ
ਹਾਲ ਹੀ ਵਿਚ ਯਹੋਵਾਹ ਦੇ ਗਵਾਹਾਂ ਨੇ ਜੇਲ੍ਹਾਂ ਵਿਚ ਬੰਦ ਕੈਦੀਆਂ ਨੂੰ ਵੀ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੈ। ਇਨ੍ਹਾਂ ਦੁਖੀ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਦਿਲਾਸਾ ਦੇ ਕੇ ਗਵਾਹਾਂ ਨੂੰ ਖ਼ੁਸ਼ੀ ਮਿਲਦੀ ਹੈ। ਇਕ ਪ੍ਰਚਾਰਕ ਦੱਸਦਾ ਹੈ:
“ਜਦ ਅਸੀਂ ਪਹਿਲੀ ਵਾਰ ਕੈਦੀਆਂ ਨੂੰ ਪ੍ਰਚਾਰ ਕਰਨ ਗਏ, ਤਾਂ ਉਨ੍ਹਾਂ ਨੂੰ ਸਾਡੇ ਨਾਲ ਗੱਲ ਕਰਨ ਵਾਸਤੇ ਇਕ ਵੱਡੇ ਕਮਰੇ ਵਿਚ ਲਿਆਂਦਾ ਗਿਆ। ਮਨ ਹੀ ਮਨ ਅਸੀਂ ਸੋਚ ਰਹੇ ਸੀ ਕਿ ਹੁਣ ਕੀ ਹੋਵੇਗਾ। ਸਾਡੀ ਸਿਰਫ਼ ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਅਸੀਂ ਇੱਥੇ ਉਨ੍ਹਾਂ ਨੂੰ ਬਾਈਬਲ ਬਾਰੇ ਸਿਖਾਉਣ ਆਏ ਹਾਂ ਕਿ ਸਾਰੇ 50 ਦੇ 50 ਜਣਿਆਂ ਨੇ ਸਾਡਾ ਨਿੱਘਾ ਸੁਆਗਤ ਕੀਤਾ। ਅਸੀਂ ਉਨ੍ਹਾਂ ਨੂੰ ਕ੍ਰੀਓਲ ਵਿਚ ਲਗਨ ਨਾਲ ਪੜ੍ਹਨਾ ਅਤੇ ਲਿਖਣਾ ਅਤੇ ਧਰਤੀ ਉਤੇ ਸਦਾ ਦੇ ਜੀਵਨ ਦਾ ਅਨੰਦ ਮਾਣੋ! ਬ੍ਰੋਸ਼ਰ ਦਿੱਤੇ। 50 ਵਿੱਚੋਂ 26 ਕੈਦੀਆਂ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਦਸ ਜਣੇ ਅਨਪੜ੍ਹ ਸਨ, ਪਰ ਜਦ ਅਸੀਂ ਉਨ੍ਹਾਂ ਨੂੰ ਦਿਖਾਇਆ ਕਿ ਉਹ ਕਿਵੇਂ ਬ੍ਰੋਸ਼ਰ ਦੀਆਂ ਤਸਵੀਰਾਂ ਰਾਹੀਂ ਬ੍ਰੋਸ਼ਰ ਨੂੰ ਸਮਝ ਸਕਦੇ ਹਨ, ਤਾਂ ਉਨ੍ਹਾਂ ਨੇ ਸਾਡੀ ਗੱਲ ਬੜੇ ਧਿਆਨ ਨਾਲ ਸੁਣੀ।”
ਜਦ ਗਵਾਹ ਮੁੜ ਕੈਦੀਆਂ ਨੂੰ ਮਿਲਣ ਆਏ, ਤਾਂ ਇਕ ਕੈਦੀ ਨੇ ਕਿਹਾ: “ਮੈਂ ਪੂਰੇ ਦਾ ਪੂਰਾ ਬ੍ਰੋਸ਼ਰ ਦੋ ਵਾਰ ਪੜ੍ਹ ਚੁੱਕਾ ਹਾਂ। ਇਸ ਵਿਚ ਜੋ ਲਿਖਿਆ ਹੈ, ਮੈਂ ਉਸ ਬਾਰੇ ਹੀ ਸੋਚਦਾ ਰਹਿੰਦਾ ਹਾਂ ਤੇ ਮੈਂ ਤੁਹਾਨੂੰ ਮਿਲਣ ਲਈ ਬਹੁਤ ਉਤਾਵਲਾ ਸੀ।” ਇਕ ਆਦਮੀ ਜੋ ਡਕੈਤੀ ਦੀ ਸਜ਼ਾ ਭੁਗਤ ਰਿਹਾ ਸੀ, ਨੇ ਕਿਹਾ ਕਿ ਮੈਂ ਬਦਲਣਾ ਚਾਹੁੰਦਾ ਹਾਂ। ਉਸ ਨੇ ਗਵਾਹਾਂ ਨੂੰ ਬੇਨਤੀ ਕੀਤੀ ਕਿ ਉਹ ਉਸ ਦੀ ਪਤਨੀ ਨੂੰ ਵੀ ਸਟੱਡੀ ਕਰਵਾਉਣ। ਦੋ ਬੱਚਿਆਂ ਦਾ ਬਾਪ ਜੋ ਜੇਲ੍ਹ ਵਿਚ ਸਜ਼ਾ ਭੁਗਤ ਰਿਹਾ ਸੀ, ਨੇ ਵੀ ਉਸ ਦੀ ਪਤਨੀ ਨਾਲ ਸਟੱਡੀ ਕਰਨ ਦੀ ਬੇਨਤੀ ਕੀਤੀ, ਤਾਂਕਿ ਉਹ ਵੀ ਸੱਚੇ ਪਰਮੇਸ਼ੁਰ ਦਾ ਗਿਆਨ ਹਾਸਲ ਕਰ ਸਕੇ। ਪੈਸੇ ਵਿਚ ਹੇਰਾ-ਫੇਰੀ ਕਰਨ ਕਰਕੇ ਜੇਲ੍ਹ ਵਿਚ ਸਜ਼ਾ ਭੁਗਤ ਰਹੇ ਪ੍ਰੋਟੈਸਟੈਂਟ ਚਰਚ ਦੇ ਪਾਦਰੀ ਨੇ ਕਿਹਾ ਕਿ ਉਸ ਨੇ ਹੁਣ ਸੱਚੇ ਪਰਮੇਸ਼ੁਰ ਨੂੰ ਜਾਣ ਲਿਆ ਹੈ ਤੇ ਰਿਹਾ ਹੋਣ ਤੋਂ ਬਾਅਦ ਉਹ ਆਪਣੇ ਚਰਚ ਦੇ ਮੈਂਬਰਾਂ ਨੂੰ ਯਹੋਵਾਹ ਦੇ ਗਵਾਹ ਬਣਨ ਵਿਚ ਮਦਦ ਕਰੇਗਾ।
ਇਕ ਕੈਦੀ ਨੂੰ ਮੰਗ ਬ੍ਰੋਸ਼ਰ ਦੀ ਕਾਪੀ ਨਹੀਂ ਮਿਲੀ ਸੀ ਜਿਸ ਕਰਕੇ ਉਸ ਨੇ ਕਿਸੇ ਹੋਰ ਕੈਦੀ ਤੋਂ ਕਾਪੀ ਲੈ ਕੇ ਇਸ ਦੀ ਨਕਲ ਉਤਾਰੀ ਅਤੇ ਸਾਰਾ ਬ੍ਰੋਸ਼ਰ ਮੂੰਹ-ਜ਼ਬਾਨੀ ਯਾਦ ਕਰ ਲਿਆ। ਔਰਤਾਂ ਦੀ ਜੇਲ੍ਹ ਵਿਚ ਇਕ ਕੈਦਣ ਨੇ ਨੌਂ ਹੋਰ ਕੈਦਣਾਂ ਨਾਲ ਸਿੱਖੀਆਂ ਗੱਲਾਂ ਸਾਂਝੀਆਂ ਕੀਤੀਆਂ ਤੇ ਉਨ੍ਹਾਂ ਨਾਲ ਬਾਈਬਲ ਦੀ ਸਟੱਡੀ ਵੀ ਕੀਤੀ। ਦੂਸਰੇ ਪਾਸੇ ਬੰਦਿਆਂ ਦੀ ਜੇਲ੍ਹ ਵਿਚ ਇਕ ਕੈਦੀ ਮੰਗ ਬ੍ਰੋਸ਼ਰ ਖ਼ਤਮ ਕਰ ਕੇ ਗਿਆਨ ਕਿਤਾਬ ਸਟੱਡੀ ਕਰ ਰਿਹਾ ਸੀ। ਉਸ ਨੇ ਜੇਲ੍ਹ ਵਿਚ ਦੂਜੇ ਕੈਦੀਆਂ ਨੂੰ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਹੁਣ ਉਹ ਚਾਰ ਕੈਦੀਆਂ ਨਾਲ ਸਟੱਡੀ ਕਰ ਰਿਹਾ ਹੈ।
ਮਰਕੋਨੀ * ਪਹਿਲਾਂ ਬਾਈਬਲ ਦੀ ਸਟੱਡੀ ਕਰਿਆ ਕਰਦਾ ਸੀ ਤੇ ਉਸ ਦੇ ਕਈ ਰਿਸ਼ਤੇਦਾਰ ਯਹੋਵਾਹ ਦੇ ਗਵਾਹ ਹਨ। ਉਸ ਦੇ ਰਿਸ਼ਤੇਦਾਰ ਉਸ ਨੂੰ ਜੇਲ੍ਹ ਵਿਚ ਬਾਈਬਲ ਤੇ ਆਧਾਰਿਤ ਕਿਤਾਬਾਂ ਦੇ ਕੇ ਜਾਂਦੇ ਸਨ। ਉਹ ਇਹ ਕਿਤਾਬਾਂ ਹੋਰਨਾਂ ਕੈਦੀਆਂ ਨੂੰ ਵੀ ਪੜ੍ਹਨ ਲਈ ਦਿੰਦਾ ਹੁੰਦਾ ਸੀ। ਉਹ ਦੱਸਦਾ ਹੈ: “ਮੈਂ ਕੈਦੀਆਂ ਨੂੰ ਕਿਤਾਬਾਂ ਪੜ੍ਹਨ ਲਈ ਦਿੰਦਾ ਸੀ, ਇਸ ਲਈ ਉਹ ਮੈਨੂੰ ਯਹੋਵਾਹ ਦਾ ਗਵਾਹ ਸਮਝਦੇ ਸਨ। ਪਰ ਮੈਨੂੰ ਪਤਾ ਸੀ ਕਿ ਗਵਾਹ ਹੋਣ ਦਾ ਮਤਲਬ ਕੀ ਹੈ, ਇਸ ਲਈ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਗਵਾਹ ਨਹੀਂ ਹਾਂ। ਮੈਂ ਲਗਨ ਨਾਲ ਸਟੱਡੀ ਕਰਨ ਅਤੇ ਬਪਤਿਸਮਾ ਲੈਣ ਦਾ ਫ਼ੈਸਲਾ ਕੀਤਾ। ਜੇ ਮੈਂ ਛੋਟੇ ਹੁੰਦਿਆਂ ਉਹ ਰਸਤਾ ਚੁਣਿਆ ਹੁੰਦਾ ਜੋ ਮੇਰੇ ਭਰਾਵਾਂ ਨੇ ਚੁਣਿਆ ਸੀ, ਤਾਂ ਅੱਜ ਮੈਂ ਜੇਲ੍ਹ ਵਿਚ ਨਾ ਹੁੰਦਾ।”
ਮਰਕੋਨੀ ਨੇ ਇਕ ਕੈਦੀ ਨੂੰ ਕਿਤਾਬਾਂ ਦਿੱਤੀਆਂ ਸਨ, ਉਸ ਕੈਦੀ ਨੇ ਇਕ ਗਵਾਹ ਨੂੰ ਦੱਸਿਆ: “ਪਿੱਛਲੇ ਸੋਮਵਾਰ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਬਹੁਤ ਹੀ ਨਿਰਾਸ਼ ਸਾਂ ਅਤੇ ਆਤਮ-ਹੱਤਿਆ ਕਰਨੀ ਚਾਹੁੰਦਾ ਸੀ। ਪਰ ਰਸਾਲੇ ਪੜ੍ਹਨ ਤੋਂ ਬਾਅਦ ਮੈਂ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਕਿ ਉਹ ਮੈਨੂੰ ਮੇਰੇ ਬੁਰੇ ਕੰਮਾਂ ਲਈ ਮਾਫ਼ ਕਰੇ ਅਤੇ ਮੈਨੂੰ ਸਹੀ ਰਸਤਾ ਦਿਖਾਵੇ। ਮੇਰੀ ਖ਼ੁਸ਼ੀ ਦਾ ਉਦੋਂ ਕੋਈ ਅੰਤ ਨਾ ਰਿਹਾ ਜਦੋਂ ਤੁਸੀਂ ਅਗਲੇ ਦਿਨ ਕੈਦੀਆਂ ਨੂੰ ਸਟੱਡੀ ਕਰਵਾਉਣ ਲਈ ਆਏ! ਹੁਣ ਤੁਸੀਂ ਮੈਨੂੰ ਯਹੋਵਾਹ ਦੀ ਭਗਤੀ ਕਰਨੀ ਸਿਖਾਓ।”
ਜਾਗਰੂਕ ਬਣੋ! ਰਾਹੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ
ਜਾਗਰੂਕ ਬਣੋ! ਰਸਾਲੇ ਦਾ 8 ਨਵੰਬਰ 2000 ਦਾ ਅੰਕ ਨਰਸਾਂ ਤੇ ਸੀ। ਇਕ ਔਰਤ ਨੇ ਇਸ ਰਸਾਲੇ ਦੀਆਂ 2,000 ਕਾਪੀਆਂ ਲਈਆਂ ਅਤੇ ਪੋਰਟ-ਓ-ਪ੍ਰਿੰਸ ਵਿਚ ਹੋ ਰਹੇ ਨਰਸਾਂ ਦੇ ਸੈਮੀਨਾਰ ਵਿਚ ਵੰਡੀਆਂ। 8 ਜੁਲਾਈ 2002 ਦੇ ਅੰਕ ਵਿਚ ਪੁਲਸ ਬਾਰੇ ਗੱਲ ਕੀਤੀ ਗਈ ਸੀ ਅਤੇ ਇਹ ਰਸਾਲਾ ਪੋਰਟ-ਓ-ਪ੍ਰਿੰਸ ਦੇ ਕਈ ਸਿਪਾਹੀਆਂ ਤਕ ਪਹੁੰਚਾਇਆ ਗਿਆ। ਬਹੁਤ ਸਾਰੇ ਸਿਪਾਹੀਆਂ ਨੂੰ ਇਸ ਰਸਾਲੇ ਦੇ ਲੇਖ ਪਸੰਦ ਆਏ ਅਤੇ ਹਾਲੇ ਵੀ ਕਈ ਸਿਪਾਹੀ ਗਵਾਹਾਂ ਤੋਂ ਇਸ ਰਸਾਲੇ ਦੀਆਂ ਹੋਰ ਕਾਪੀਆਂ ਮੰਗਦੇ ਹਨ।
ਹਾਲ ਹੀ ਵਿਚ ਵਿਸ਼ਵ ਸਿਹਤ ਸੰਗਠਨ ਨੇ ਲੋਕਾਂ ਨੂੰ ਏਡਜ਼ ਬਾਰੇ ਸਮਝਾਉਣ ਲਈ ਇਕ ਪ੍ਰੋਗ੍ਰਾਮ ਕੀਤਾ। ਪ੍ਰੋਗ੍ਰਾਮ ਦਾ ਸੰਚਾਲਨ ਕਰ ਰਹੀ ਔਰਤ ਨੂੰ ਯਹੋਵਾਹ ਦੇ ਗਵਾਹਾਂ ਨੇ ਬ੍ਰਾਂਚ ਆਫ਼ਿਸ ਆਉਣ ਦਾ ਸੱਦਾ ਦਿੱਤਾ। ਉਸ ਨੂੰ ਜਾਗਰੂਕ ਬਣੋ! ਰਸਾਲੇ ਵਿਚ ਏਡਜ਼ ਉੱਤੇ ਛਪਿਆ ਲੇਖ ਦਿਖਾਇਆ ਗਿਆ। ਉਹ ਇਹ ਦੇਖ ਕੇ ਬੜੀ ਖ਼ੁਸ਼ ਹੋਈ ਕਿ ਰਸਾਲੇ ਵਿਚ ਬਾਈਬਲ ਵਿੱਚੋਂ ਹਿਦਾਇਤਾਂ ਦੇ ਕੇ ਸਮਝਾਇਆ ਗਿਆ ਸੀ ਕਿ ਏਡਜ਼ ਦੇ ਰੋਗ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਅਤੇ ਰੋਗੀ ਇਸ ਬੀਮਾਰੀ ਨਾਲ ਕਿਵੇਂ ਨਜਿੱਠ ਸਕਦਾ ਹੈ। ਉਸ ਨੇ ਕਿਹਾ ਕਿ ਜਾਗਰੂਕ ਬਣੋ! ਰਸਾਲਾ ਲੋਕਾਂ ਨੂੰ ਏਡਜ਼ ਬਾਰੇ ਜਾਣਕਾਰੀ ਦੇਣ ਵਿਚ ਸਭ ਤੋਂ ਅੱਗੇ ਹੈ।
ਜੀ ਹਾਂ, ਯਹੋਵਾਹ ਦੇ ਗਵਾਹ ਦੁਨੀਆਂ ਦੇ 234 ਦੇਸ਼ਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ। ਰੰਗੀਲਾ ਦੇਸ਼ ਹੈਟੀ ਵੀ ਇਨ੍ਹਾਂ ਵਿੱਚੋਂ ਇਕ ਹੈ।। ਬਹੁਤ ਸਾਰੇ ਲੋਕ ਇਸ ਖ਼ੁਸ਼ ਖ਼ਬਰੀ ਨੂੰ ਸੁਣ ਰਹੇ ਹਨ ਅਤੇ ਆਪਣੇ ਦੁੱਖਾਂ ਦੇ ਬਾਵਜੂਦ ਉਸ ਜ਼ਮਾਨੇ ਦਾ ਇੰਤਜ਼ਾਰ ਕਰ ਰਹੇ ਹਨ ਜਦ ਸਾਰੇ ਹੀ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨਗੇ ਅਤੇ ਹਮੇਸ਼ਾ-ਹਮੇਸ਼ਾ ਲਈ ਜੀਉਣਗੇ।—ਪਰਕਾਸ਼ ਦੀ ਪੋਥੀ 21:4.
[ਫੁਟਨੋਟ]
^ ਪੈਰਾ 20 ਇਸ ਲੇਖ ਵਿਚ ਜੋ ਕਿਤਾਬਾਂ ਦੇ ਨਾਮ ਦਿੱਤੇ ਗਏ ਹਨ, ਉਹ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਗਈਆਂ ਹਨ।
^ ਪੈਰਾ 29 ਨਾਂ ਬਦਲਿਆ ਗਿਆ ਹੈ।
[ਸਫ਼ਾ 9 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Background: ©Adalberto Rios Szalay/photodisc/age fotostock