Skip to content

Skip to table of contents

ਦੁੱਖ ਵੀ ਯਹੋਵਾਹ ਨਾਲ ਸਾਡਾ ਰਿਸ਼ਤਾ ਤੋੜ ਨਾ ਪਾਏ

ਦੁੱਖ ਵੀ ਯਹੋਵਾਹ ਨਾਲ ਸਾਡਾ ਰਿਸ਼ਤਾ ਤੋੜ ਨਾ ਪਾਏ

ਜੀਵਨੀ

ਦੁੱਖ ਵੀ ਯਹੋਵਾਹ ਨਾਲ ਸਾਡਾ ਰਿਸ਼ਤਾ ਤੋੜ ਨਾ ਪਾਏ

ਰੌਲਫ ਬਰੁਗਾਮਾਯਰ ਦੀ ਜ਼ਬਾਨੀ

ਜੇਲ੍ਹ ਵਿਚ ਪਹਿਲੀ ਚਿੱਠੀ ਮੈਨੂੰ ਮੇਰੇ ਦੋਸਤ ਨੇ ਲਿਖੀ ਸੀ। ਉਸ ਨੇ ਲਿਖਿਆ ਕਿ ਮੇਰੀ ਮਾਂ ਅਤੇ ਛੋਟੇ ਭਰਾਵਾਂ ਪੀਟਰ, ਯੋਕਨ ਅਤੇ ਮੌਨਫਰਾਟ ਨੂੰ ਵੀ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਸੀ। ਮੇਰੀਆਂ ਦੋ ਛੋਟੀਆਂ ਭੈਣਾਂ ਇਕੱਲੀਆਂ ਰਹਿ ਗਈਆਂ ਸਨ। ਪੂਰਬੀ ਜਰਮਨੀ ਦੀ ਸਰਕਾਰ ਨੇ ਮੇਰੇ ਪਰਿਵਾਰ ਤੇ ਇੰਨਾ ਅਤਿਆਚਾਰ ਕਿਉਂ ਕੀਤਾ? ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਦੀ ਸਾਨੂੰ ਹਿੰਮਤ ਕਿੱਥੋਂ ਮਿਲੀ?

ਦੂਜੇ ਵਿਸ਼ਵ ਯੁੱਧ ਦੇ ਕਹਿਰ ਨੇ ਸਾਡੇ ਬਚਪਨ ਦੀ ਮਾਸੂਮੀਅਤ ਨੂੰ ਖ਼ਤਮ ਕਰ ਦਿੱਤਾ। ਸਾਨੂੰ ਇਕੱਲੇ-ਇਕੱਲੇ ਨੂੰ ਯੁੱਧ ਦਾ ਕਹਿਰ ਸਹਿਣਾ ਪਿਆ। ਪਿਤਾ ਜੀ ਜਰਮਨ ਫ਼ੌਜ ਵਿਚ ਸਨ। ਉਹ ਲੜਾਈ ਵਿਚ ਦੁਸ਼ਮਣਾਂ ਦੀ ਕੈਦ ਵਿਚ ਹੁੰਦਿਆਂ ਮਾਰੇ ਗਏ। ਮੇਰੀ ਮਾਂ ਬਰਟਾ ਉੱਤੇ ਛੇ ਨਿਆਣਿਆਂ, ਜਿਨ੍ਹਾਂ ਦੀ ਉਮਰ ਇਕ ਤੋਂ ਸੋਲਾਂ ਦੇ ਵਿਚਕਾਰ ਸੀ, ਦੀ ਜ਼ਿੰਮੇਵਾਰੀ ਆਣ ਪਈ।

ਇਸ ਦੁੱਖ ਦੀ ਘੜੀ ਵਿਚ ਜਿਸ ਚਰਚ ਵਿਚ ਮਾਂ ਜਾਂਦੀ ਹੁੰਦੀ ਸੀ ਉੱਥੋਂ ਵੀ ਉਸ ਨੂੰ ਕੋਈ ਦਿਲਾਸਾ ਨਾ ਮਿਲਿਆ। ਉਸ ਦਾ ਰੱਬ ਤੋਂ ਹੀ ਭਰੋਸਾ ਉੱਠ ਗਿਆ। ਸਾਲ 1949 ਵਿਚ ਇਕ ਦਿਨ ਇਕ ਮਧਰੀ ਜਿਹੀ ਸਮਝਦਾਰ ਔਰਤ ਇਲਸੀ ਫੁਕਸ ਸਾਡੇ ਘਰ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕਰਨ ਆਈ। ਉਸ ਦੀਆਂ ਗੱਲਾਂ ਤੇ ਦਲੀਲਾਂ ਸੁਣ ਕੇ ਮਾਂ ਦੇ ਦਿਲ ਵਿਚ ਹੋਰ ਜਾਣਨ ਦੀ ਤਾਂਘ ਉੱਠੀ। ਮਾਂ ਨੇ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ।

ਪਹਿਲਾਂ-ਪਹਿਲ ਇਕੱਲੀ ਮਾਂ ਹੀ ਸਟੱਡੀ ਕਰਿਆ ਕਰਦੀ ਸੀ ਅਤੇ ਅਸੀਂ ਸਾਰੇ ਨਿਆਣੇ ਬੈਠ ਕੇ ਸੁਣਿਆ ਕਰਦੇ ਸੀ। ਸਾਡੇ ਲਈ ਇਲਸੀ ਦੀਆਂ ਗੱਲਾਂ ਤੇ ਯਕੀਨ ਕਰਨਾ ਔਖਾ ਸੀ ਕਿਉਂਕਿ ਅਸੀਂ ਪਹਿਲਾਂ ਵੀ ਨਾਜ਼ੀਆਂ ਅਤੇ ਕਮਿਊਨਿਸਟਾਂ ਦੇ ਫੋਕੇ ਵਾਅਦਿਆਂ ਤੇ ਭਰੋਸਾ ਕਰ ਕੇ ਧੋਖਾ ਖਾ ਚੁੱਕੇ ਸੀ। ਪਰ ਸਾਨੂੰ ਇਹ ਜਾਣ ਕੇ ਉਸ ਦੀਆਂ ਗੱਲਾਂ ਤੇ ਯਕੀਨ ਹੋਣ ਲੱਗਾ ਕਿ ਯਹੋਵਾਹ ਦੇ ਕਈ ਗਵਾਹਾਂ ਨੇ ਤਸ਼ੱਦਦ ਕੈਂਪਾਂ ਵਿਚ ਇਸ ਲਈ ਸਜ਼ਾ ਭੁਗਤੀ ਸੀ ਕਿਉਂਕਿ ਉਨ੍ਹਾਂ ਨੇ ਯੁੱਧ ਵਿਚ ਨਾਜ਼ੀਆਂ ਦਾ ਸਾਥ ਨਹੀਂ ਦਿੱਤਾ ਸੀ। ਫਿਰ ਆਉਂਦੇ ਸਾਲ ਮੈਂ, ਮਾਂ ਅਤੇ ਪੀਟਰ ਨੇ ਬਪਤਿਸਮਾ ਲੈ ਲਿਆ।

ਸਾਡੇ ਛੋਟੇ ਭਰਾ ਮੌਨਫਰਾਟ ਨੇ ਵੀ ਬਪਤਿਸਮਾ ਲਿਆ ਸੀ, ਪਰ ਉਸ ਨੇ ਪਰਮੇਸ਼ੁਰ ਦੇ ਬਚਨ ਨੂੰ ਆਪਣੇ ਦਿਲ ਵਿਚ ਨਹੀਂ ਬਿਠਾਇਆ ਸੀ। ਇਸ ਲਈ ਜਦੋਂ 1950 ਵਿਚ ਕਮਿਊਨਿਸਟਾਂ ਨੇ ਸਾਡੇ ਪ੍ਰਚਾਰ ਕੰਮ ਤੇ ਪਾਬੰਦੀ ਲਾ ਦਿੱਤੀ, ਤਾਂ ਉਸ ਨੇ ਖੁਫੀਆ ਪੁਲਸ ਸ਼ਟਾਜ਼ੀ ਦੇ ਦਬਾਅ ਥੱਲੇ ਆ ਕੇ ਉਨ੍ਹਾਂ ਨੂੰ ਗਵਾਹਾਂ ਦੀਆਂ ਮੀਟਿੰਗਾਂ ਦਾ ਪਤਾ ਦੱਸ ਦਿੱਤਾ। ਉਸ ਦੀ ਇਸ ਗ਼ਲਤੀ ਕਰਕੇ ਮਾਂ ਅਤੇ ਮੇਰੇ ਦੋ ਭਰਾਵਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ।

ਪਾਬੰਦੀ ਦੇ ਹੁੰਦਿਆਂ ਯਹੋਵਾਹ ਦੀ ਭਗਤੀ

ਪ੍ਰਚਾਰ ਸੇਵਾ ਤੇ ਪਾਬੰਦੀ ਲੱਗੀ ਹੋਣ ਕਰਕੇ ਅਸੀਂ ਬਾਈਬਲ-ਆਧਾਰਿਤ ਸਾਹਿੱਤ ਪੂਰਬੀ ਜਰਮਨੀ ਵਿਚ ਚੋਰੀ-ਛਿਪੇ ਲਿਆਉਂਦੇ ਸੀ। ਪੱਛਮੀ ਬਰਲਿਨ ਵਿਚ ਸਾਡੇ ਕੰਮ ਤੇ ਪਾਬੰਦੀ ਨਹੀਂ ਲੱਗੀ ਸੀ। ਮੈਂ ਸਾਹਿੱਤ ਪੱਛਮੀ ਬਰਲਿਨ ਤੋਂ ਪੂਰਬੀ ਜਰਮਨੀ ਲਿਆਉਣ ਦਾ ਕੰਮ ਕਰਦਾ ਸੀ। ਮੈਂ ਕਈ ਵਾਰੀ ਪੁਲਸ ਨੂੰ ਚਕਮਾ ਦਿੱਤਾ, ਪਰ ਆਖ਼ਰ ਨਵੰਬਰ 1950 ਵਿਚ ਉਨ੍ਹਾਂ ਮੈਨੂੰ ਫੜ ਹੀ ਲਿਆ।

ਸ਼ਟਾਜ਼ੀ ਪੁਲਸ ਨੇ ਮੈਨੂੰ ਇਕ ਭੋਰੇ ਵਿਚ ਸੁੱਟ ਦਿੱਤਾ। ਦਿਨੇ ਮੈਨੂੰ ਸੌਣ ਦੀ ਇਜਾਜ਼ਤ ਨਹੀਂ ਸੀ ਅਤੇ ਰਾਤ ਨੂੰ ਮੈਥੋਂ ਪੁੱਛ-ਗਿੱਛ ਕੀਤੀ ਜਾਂਦੀ ਸੀ ਅਤੇ ਕੁੱਟਿਆ-ਮਾਰਿਆ ਵੀ ਜਾਂਦਾ ਸੀ। ਮੈਨੂੰ ਆਪਣੇ ਪਰਿਵਾਰ ਨਾਲ ਗੱਲ ਕਰਨ ਦੀ ਇਜਾਜ਼ਤ ਵੀ ਨਹੀਂ ਸੀ। ਮਾਰਚ 1951 ਵਿਚ ਮੈਂ ਪੀਟਰ, ਯੋਕਨ ਅਤੇ ਮਾਂ ਨੂੰ ਪਹਿਲੀ ਵਾਰੀ ਅਦਾਲਤ ਵਿਚ ਮਿਲਿਆ। ਅਦਾਲਤ ਨੇ ਮੈਨੂੰ ਛੇ ਸਾਲਾਂ ਦੀ ਸਜ਼ਾ ਸੁਣਾਈ।

ਸਜ਼ਾ ਤੋਂ ਛੇ ਦਿਨਾਂ ਬਾਅਦ ਪੀਟਰ, ਯੋਕਨ ਤੇ ਮਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ। ਮਾਂ ਤੇ ਅਸੀਂ ਭਰਾ ਜੇਲ੍ਹ ਵਿਚ ਹੋਣ ਕਰਕੇ ਕਲੀਸਿਯਾ ਦੀ ਇਕ ਭੈਣ ਨੇ ਮੇਰੀ 11 ਸਾਲਾਂ ਦੀ ਭੈਣ ਹਾਨਾਲੋਰ ਦੀ ਦੇਖ-ਭਾਲ ਕੀਤੀ। ਮੇਰੀ ਦੂਜੀ ਭੈਣ ਸਾਬੀਨ, ਜੋ 7 ਸਾਲਾਂ ਦੀ ਸੀ, ਦੀ ਜ਼ਿੰਮੇਵਾਰੀ ਮੇਰੀ ਮਾਸੀ ਨੇ ਸਾਂਭ ਲਈ। ਮੇਰੀ ਮਾਂ ਅਤੇ ਭਰਾਵਾਂ ਨਾਲ ਸ਼ਟਾਜ਼ੀ ਪੁਲਸ ਨੇ ਖ਼ਤਰਨਾਕ ਅਪਰਾਧੀਆਂ ਵਾਲਾ ਸਲੂਕ ਕੀਤਾ। ਉਨ੍ਹਾਂ ਦੇ ਬੂਟਾਂ ਦੇ ਤਸਮੇ ਤਕ ਉਤਾਰ ਦਿੱਤੇ ਗਏ। ਪੁੱਛ-ਗਿੱਛ ਦੌਰਾਨ ਪੁਲਸ ਨੇ ਉਨ੍ਹਾਂ ਨੂੰ ਖੜ੍ਹੇ ਕਰੀ ਰੱਖਿਆ। ਮੇਰੇ ਵਾਂਗ ਉਨ੍ਹਾਂ ਨੂੰ ਵੀ ਛੇ-ਛੇ ਸਾਲ ਦੀ ਸਜ਼ਾ ਹੋਈ।

ਜੇਲ੍ਹ ਵਿਚ ਮੈਨੂੰ ਤੇ ਦੂਜੇ ਗਵਾਹਾਂ ਨੂੰ 1953 ਵਿਚ ਫ਼ੌਜੀ ਜਹਾਜ਼ਾਂ ਲਈ ਰਨ-ਵੇ ਬਣਾਉਣ ਦਾ ਹੁਕਮ ਮਿਲਿਆ। ਅਸੀਂ ਸਾਰਿਆਂ ਨੇ ਇਹ ਕੰਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਲਈ ਸਾਨੂੰ 21 ਦਿਨਾਂ ਲਈ ਕਾਲ ਕੋਠੜੀ ਵਿਚ ਬੰਦ ਕਰ ਦਿੱਤਾ ਗਿਆ। ਕਾਲ ਕੋਠੜੀ ਵਿਚ ਨਾ ਤਾਂ ਸਾਡੇ ਕੋਲ ਕੋਈ ਕੰਮ ਕਰਨ ਨੂੰ ਸੀ ਤੇ ਨਾ ਹੀ ਚਿੱਠੀ ਲਿਖਣ-ਪੜ੍ਹਨ ਦੀ ਇਜਾਜ਼ਤ ਸੀ। ਖਾਣਾ ਵੀ ਥੋੜ੍ਹਾ ਹੀ ਦਿੱਤਾ ਜਾਂਦਾ ਸੀ। ਕੁਝ ਭੈਣਾਂ ਆਪਣੇ ਖਾਣੇ ਵਿੱਚੋਂ ਥੋੜ੍ਹਾ ਹਿੱਸਾ ਬਚਾ ਕੇ ਸਾਡੇ ਤਕ ਚੋਰੀ-ਛਿਪੇ ਪਹੁੰਚਾਉਂਦੀਆਂ ਸਨ। ਇੱਦਾਂ ਮੇਰੀ ਮੁਲਾਕਾਤ ਐਨੀ ਨਾਲ ਹੋਈ। ਐਨੀ 1956 ਅਤੇ ਮੈਂ 1957 ਵਿਚ ਰਿਹਾ ਹੋਇਆ ਜਿਸ ਤੋਂ ਬਾਅਦ ਅਸੀਂ ਦੋਹਾਂ ਨੇ ਵਿਆਹ ਕਰਵਾ ਲਿਆ। ਵਿਆਹ ਤੋਂ ਇਕ ਸਾਲ ਬਾਅਦ ਸਾਡੀ ਕੁੜੀ ਰੂਥ ਦਾ ਜਨਮ ਹੋਇਆ। ਉਨ੍ਹਾਂ ਦਿਨਾਂ ਵਿਚ ਹੀ ਹਾਨਾਲੋਰ, ਪੀਟਰ ਅਤੇ ਯੋਕਨ ਦਾ ਵੀ ਵਿਆਹ ਹੋ ਗਿਆ।

ਮੇਰੀ ਰਿਹਾਈ ਤੋਂ ਲਗਭਗ ਤਿੰਨ ਸਾਲ ਬਾਅਦ ਮੈਨੂੰ ਫਿਰ ਗਿਰਫ਼ਤਾਰ ਕਰ ਲਿਆ ਗਿਆ। ਸ਼ਟਾਜ਼ੀ ਅਫ਼ਸਰ ਨੇ ਮੈਨੂੰ ਆਪਣਾ ਸੂਹੀਆ ਬਣਾਉਣ ਦੀ ਕੋਸ਼ਿਸ਼ ਕੀਤਾ। ਉਸ ਨੇ ਕਿਹਾ: “ਭਈ ਬਰੁਗਾਮਾਯਰ ਜ਼ਰਾ ਸਮਝ ਤੋਂ ਕੰਮ ਲੈ। ਤੂੰ ਜੇਲ੍ਹ ਦੀ ਜ਼ਿੰਦਗੀ ਤੋਂ ਤਾਂ ਚੰਗੀ ਤਰ੍ਹਾਂ ਵਾਕਫ਼ ਹੈ ਤੇ ਅਸੀਂ ਨਹੀਂ ਚਾਹੁੰਦੇ ਕਿ ਤੈਨੂੰ ਫੇਰ ਜੇਲ੍ਹ ਵਿਚ ਸੜਨਾ ਪਵੇ। ਤੂੰ ਗਵਾਹ ਬਣਿਆ ਰਹਿ, ਤੂੰ ਸਟੱਡੀ ਵੀ ਕਰੀ ਜਾ ਅਤੇ ਨਿਸ਼ਚਿੰਤ ਹੋ ਕੇ ਬਾਈਬਲ ਬਾਰੇ ਦੂਜਿਆਂ ਨੂੰ ਦੱਸਦਾ ਵੀ ਰਹਿ। ਪਰ ਤੂੰ ਸਾਡਾ ਸੂਹੀਆ ਬਣ ਜਾ। ਜ਼ਰਾ ਆਪਣੀ ਤੀਵੀਂ ਤੇ ਬੱਚੇ ਬਾਰੇ ਸੋਚ।” ਉਸ ਦੀ ਇਸ ਗੱਲ ਨੇ ਮੈਨੂੰ ਅੰਦਰ ਤਕ ਹਲੂਣ ਕੇ ਰੱਖ ਦਿੱਤਾ। ਪਰ ਮੈਨੂੰ ਪੂਰਾ ਯਕੀਨ ਸੀ ਕਿ ਮੇਰੇ ਜੇਲ੍ਹ ਵਿਚ ਹੁੰਦਿਆਂ ਵੀ ਯਹੋਵਾਹ ਮੇਰੇ ਪਰਿਵਾਰ ਦੀ ਦੇਖ-ਭਾਲ ਮੇਰੇ ਨਾਲੋਂ ਕਿਤੇ ਬਿਹਤਰ ਕਰ ਸਕਦਾ ਸੀ।

ਸ਼ਟਾਜ਼ੀ ਐਨੀ ਨੂੰ ਰੂਥ ਤੋਂ ਦੂਰ ਰੱਖਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਐਨੀ ਉੱਤੇ ਫੁਲ-ਟਾਈਮ ਕੰਮ ਕਰਨ ਦਾ ਦਬਾਅ ਪਾਇਆ। ਐਨੀ ਉਨ੍ਹਾਂ ਦੇ ਦਬਾਅ ਥੱਲੇ ਨਾ ਆਈ। ਉਸ ਨੇ ਰਾਤ ਨੂੰ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂਕਿ ਉਹ ਖ਼ੁਦ ਦਿਨੇ ਰੂਥ ਦੀ ਦੇਖ-ਭਾਲ ਕਰ ਸਕੇ। ਮੈਂ ਛੇ ਸਾਲ ਜੇਲ੍ਹ ਵਿਚ ਰਿਹਾ ਤੇ ਇਸ ਸਮੇਂ ਦੌਰਾਨ ਕਲੀਸਿਯਾ ਦੇ ਭੈਣ-ਭਰਾਵਾਂ ਨੇ ਐਨੀ ਦੀ ਕਾਫ਼ੀ ਮਦਦ ਕੀਤੀ। ਉਨ੍ਹਾਂ ਨੇ ਉਸ ਨੂੰ ਇੰਨਾ ਕੁਝ ਦਿੱਤਾ ਕਿ ਉਹ ਉਸ ਦੀ ਜ਼ਰੂਰਤ ਤੋਂ ਜ਼ਿਆਦਾ ਸੀ। ਇਸ ਲਈ ਐਨੀ ਨੇ ਇਹ ਚੀਜ਼ਾਂ ਦੂਸਰੇ ਲੋੜਵੰਦ ਭੈਣਾਂ-ਭਰਾਵਾਂ ਨਾਲ ਸਾਂਝੀਆਂ ਕੀਤੀਆਂ।

ਜੇਲ੍ਹ ਵਿਚ ਵੀ ਆਪਣੀ ਨਿਹਚਾ ਪੱਕੀ ਰੱਖੀ

ਦੁਬਾਰਾ ਜੇਲ੍ਹ ਜਾਂਦਿਆਂ ਹੀ ਮੈਨੂੰ ਦੂਜੇ ਗਵਾਹਾਂ ਨੇ ਇਹ ਸਵਾਲ ਪੁੱਛਿਆ, ‘ਕੀ ਕੋਈ ਨਵੀਂ ਕਿਤਾਬ ਵਗੈਰਾ ਛਪੀ ਹੈ?’ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਮੈਂ ਖ਼ੁਸ਼ੀ-ਖ਼ੁਸ਼ੀ ਉਹ ਸਭ ਗੱਲਾਂ ਦੱਸੀਆਂ ਜੋ ਮੈਂ ਪਹਿਰਾਬੁਰਜ ਦਾ ਧਿਆਨ ਨਾਲ ਅਧਿਐਨ ਕਰ ਕੇ ਤੇ ਮੀਟਿੰਗਾਂ ਵਿਚ ਬਾਕਾਇਦਾ ਜਾ ਕੇ ਸਿੱਖੀਆਂ ਸਨ।

ਜਦ ਅਸੀਂ ਇਕ ਸਿਪਾਹੀ ਤੋਂ ਬਾਈਬਲ ਮੰਗੀ, ਤਾਂ ਉਸ ਨੇ ਕਿਹਾ: “ਯਹੋਵਾਹ ਦੇ ਗਵਾਹਾਂ ਨੂੰ ਬਾਈਬਲ ਦੇਣੀ ਉੱਨੀ ਹੀ ਖ਼ਤਰਨਾਕ ਹੈ ਜਿੰਨੀ ਕਿਸੇ ਡਾਕੂ ਦੇ ਹੱਥ ਵਿਚ ਜੇਲ੍ਹ ਤੋੜਨ ਦੇ ਸੰਦ ਦੇਣੇ।” ਅਗਵਾਈ ਕਰ ਰਹੇ ਭਰਾ ਰੋਜ਼ ਬਾਈਬਲ ਦੀ ਇਕ ਆਇਤ ਚੁਣਦੇ ਸਨ ਜਿਸ ਤੇ ਬਾਅਦ ਵਿਚ ਸਾਰੇ ਚਰਚਾ ਕਰਦੇ ਸਨ। ਰੋਜ਼ਾਨਾ ਅੱਧੇ ਘੰਟੇ ਲਈ ਕੈਦੀਆਂ ਨੂੰ ਜੇਲ੍ਹ ਦੇ ਮਦਾਨ ਵਿਚ ਸੈਰ ਕਰਨ ਦੀ ਇਜਾਜ਼ਤ ਸੀ। ਅਸੀਂ ਸੈਰ ਕੋਈ ਹਵਾ ਖਾਣ ਜਾਂ ਕਸਰਤ ਕਰਨ ਲਈ ਨਹੀਂ, ਸਗੋਂ ਦਿਨ ਦੀ ਆਇਤ ਸੁਣਨ ਲਈ ਜਾਇਆ ਕਰਦੇ ਸੀ। ਸੈਰ ਦੌਰਾਨ ਸਾਨੂੰ ਇਕ ਦੂਜੇ ਤੋਂ 15 ਫੁੱਟ ਦੇ ਫ਼ਾਸਲੇ ਤੇ ਰੱਖਿਆ ਜਾਂਦਾ ਸੀ ਤਾਂਕਿ ਅਸੀਂ ਇਕ ਦੂਜੇ ਨਾਲ ਗੱਲ ਨਾ ਕਰ ਸਕੀਏ। ਅਸੀਂ ਫਿਰ ਵੀ ਕਿਸੇ-ਨ-ਕਿਸੇ ਤਰੀਕੇ ਚੁਣੀ ਹੋਈ ਆਇਤ ਇਕ-ਦੂਜੇ ਤਕ ਪਹੁੰਚਾ ਹੀ ਦਿੰਦੇ ਸੀ। ਵਾਪਸ ਆਪਣੀ-ਆਪਣੀ ਕੋਠੜੀ ਵਿਚ ਆ ਕੇ ਅਸੀਂ ਇਕ-ਦੂਜੇ ਨੂੰ ਦੱਸਦੇ ਸੀ ਕਿ ਅਸੀਂ ਕੀ ਸੁਣਿਆ, ਫਿਰ ਅਸੀਂ ਸਾਰੇ ਬਾਈਬਲ ਤੇ ਚਰਚਾ ਕਰਦੇ ਸੀ।

ਪਰ ਕਿਸੇ ਭੇਤੀ ਨੇ ਸਾਡਾ ਪੋਲ ਖੋਲ੍ਹ ਦਿੱਤਾ ਜਿਸ ਕਰਕੇ ਮੈਨੂੰ ਕਾਲ ਕੋਠੜੀ ਵਿਚ ਬੰਦ ਕਰ ਦਿੱਤਾ ਗਿਆ। ਯਹੋਵਾਹ ਦੀ ਮਿਹਰ ਨਾਲ ਮੈਂ ਉਦੋਂ ਤਕ ਬਾਈਬਲ ਦੀਆਂ ਸੈਂਕੜੇ ਆਇਤਾਂ ਮੂੰਹ-ਜ਼ਬਾਨੀ ਯਾਦ ਕਰ ਚੁੱਕਾ ਸੀ! ਹੁਣ ਮੈਂ ਕਾਲ ਕੋਠੜੀ ਅੰਦਰ ਇਕਾਂਤ ਵਿਚ ਬਾਈਬਲ ਦੇ ਵੱਖ-ਵੱਖ ਵਿਸ਼ਿਆਂ ਉੱਤੇ ਮਨਨ ਕਰ ਸਕਦਾ ਸੀ। ਕੁਝ ਸਮੇਂ ਬਾਅਦ ਮੈਨੂੰ ਦੂਜੀ ਜੇਲ੍ਹ ਵਿਚ ਭੇਜ ਦਿੱਤਾ ਗਿਆ। ਇੱਥੇ ਉਨ੍ਹਾਂ ਨੇ ਮੈਨੂੰ ਦੋ ਹੋਰ ਗਵਾਹਾਂ ਨਾਲ ਜੇਲ੍ਹ ਵਿਚ ਬੰਦ ਕਰ ਦਿੱਤਾ। ਸਾਡੀ ਖ਼ੁਸ਼ੀ ਦਾ ਉਦੋਂ ਕੋਈ ਠਿਕਾਣਾ ਨਾ ਰਿਹਾ ਜਦ ਇਕ ਸਿਪਾਹੀ ਨੇ ਸਾਡੇ ਹੱਥ ਇਕ ਬਾਈਬਲ ਫੜਾ ਦਿੱਤੀ। ਛੇ ਮਹੀਨੇ ਇਕੱਲਾ ਕਾਲ ਕੋਠੜੀ ਵਿਚ ਰਹਿਣ ਤੋਂ ਬਾਅਦ ਹੁਣ ਮੈਂ ਫਿਰ ਦੂਜੇ ਗਵਾਹਾਂ ਨਾਲ ਬਾਈਬਲ ਬਾਰੇ ਗੱਲ ਕਰ ਸਕਦਾ ਸੀ।

ਮੇਰਾ ਭਰਾ ਪੀਟਰ ਇਕ ਹੋਰ ਜੇਲ੍ਹ ਵਿਚ ਕੈਦ ਸੀ। ਉਹ ਦੱਸਦਾ ਹੈ ਕਿ ਉਸ ਨੇ ਕਿਵੇਂ ਕੈਦ ਵਿਚ ਦਿਨ ਕੱਟੇ: “ਮੈਂ ਆਪਣਾ ਧਿਆਨ ਆਉਣ ਵਾਲੇ ਨਵੇਂ ਸੰਸਾਰ ਅਤੇ ਬਾਈਬਲ ਤੇ ਲਾਈ ਰੱਖਿਆ। ਆਪਣੀ ਨਿਹਚਾ ਨੂੰ ਮਜ਼ਬੂਤ ਰੱਖਣ ਲਈ ਅਸੀਂ ਇਕ-ਦੂਜੇ ਨੂੰ ਬਾਈਬਲ ਤੇ ਆਧਾਰਿਤ ਸਵਾਲ ਪੁੱਛਦੇ ਸੀ। ਜੇਲ੍ਹ ਦੀ ਜ਼ਿੰਦਗੀ ਆਸਾਨ ਨਹੀਂ ਸੀ। ਕਦੇ-ਕਦੇ ਸਾਨੂੰ 11 ਜਣਿਆਂ ਨੂੰ 130 ਵਰਗ ਫੁੱਟ ਛੋਟੇ ਜਿਹੇ ਕਮਰੇ ਵਿਚ ਬੰਦ ਰੱਖਿਆ ਜਾਂਦਾ ਸੀ। ਖਾਣਾ-ਪੀਣਾ, ਨਹਾਉਣ-ਧੋਣਾ, ਸੌਣਾ ਤੇ ਜੰਗਲ-ਪਾਣੀ ਵੀ ਸਾਨੂੰ ਇਸੇ ਕਮਰੇ ਵਿਚ ਕਰਨਾ ਪੈਂਦਾ ਸੀ। ਅਜਿਹੇ ਗੰਦੇ ਮਾਹੌਲ ਵਿਚ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਸੀ ਤੇ ਸਾਰੇ ਚਿੜਚਿੜੇ ਹੋ ਗਏ ਸਨ।”

ਮੇਰਾ ਭਰਾ ਯੋਕਨ ਦੱਸਦਾ ਹੈ ਕਿ ਉਸ ਨੇ ਜੇਲ੍ਹ ਵਿਚ ਦਿਨ ਕਿਵੇਂ ਬਿਤਾਏ: “ਗੀਤਾਂ ਦੀ ਕਿਤਾਬ ਵਿੱਚੋਂ ਜੋ ਵੀ ਗੀਤ ਮੈਨੂੰ ਯਾਦ ਸਨ, ਮੈਂ ਉਨ੍ਹਾਂ ਨੂੰ ਗਾਇਆ ਕਰਦਾ ਸੀ। ਜਿਹੜੀਆਂ ਆਇਤਾਂ ਮੈਨੂੰ ਮੂੰਹ-ਜ਼ਬਾਨੀ ਯਾਦ ਸਨ, ਉਨ੍ਹਾਂ ਤੇ ਮੈਂ ਸੋਚ-ਵਿਚਾਰ ਕਰਦਾ ਸੀ। ਰਿਹਾ ਹੋਣ ਤੋਂ ਬਾਅਦ ਵੀ ਮੈਂ ਇੰਜ ਕਰਦਾ ਰਿਹਾ। ਹਰ ਰੋਜ਼ ਮੈਂ ਆਪਣੇ ਪਰਿਵਾਰ ਨਾਲ ਬਾਈਬਲ ਦੀ ਇਕ ਆਇਤ ਤੇ ਚਰਚਾ ਕਰਦਾ ਹਾਂ ਤੇ ਅਸੀਂ ਸਾਰੀਆਂ ਮੀਟਿੰਗਾਂ ਦੀ ਪੂਰੀ ਤਿਆਰੀ ਕਰਦੇ ਹਾਂ।”

ਮਾਂ ਨੂੰ ਜੇਲ੍ਹ ਤੋਂ ਆਜ਼ਾਦੀ ਮਿਲੀ

ਤਕਰੀਬਨ ਦੋ ਸਾਲ ਕੈਦ ਕੱਟਣ ਤੋਂ ਬਾਅਦ ਮਾਂ ਨੂੰ ਰਿਹਾ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਮਾਂ ਨੇ ਹਾਨਾਲੋਰ ਤੇ ਸਾਬੀਨ ਨਾਲ ਬਾਈਬਲ ਦੀ ਸਟੱਡੀ ਕੀਤੀ ਤਾਂਕਿ ਉਹ ਨਿਹਚਾ ਦੀ ਪੱਕੀ ਨੀਂਹ ਧਰ ਸਕਣ। ਮਾਂ ਨੇ ਉਨ੍ਹਾਂ ਨੂੰ ਇਹ ਵੀ ਸਿਖਾਇਆ ਕਿ ਜੇ ਸਕੂਲੇ ਕੋਈ ਬਾਈਬਲ ਬਾਰੇ ਸਵਾਲ ਕਰੇ, ਤਾਂ ਜਵਾਬ ਕਿਵੇਂ ਦੇਣਾ ਹੈ। ਹਾਨਾਲੋਰ ਕਹਿੰਦੀ ਹੈ: “ਸਾਨੂੰ ਇਸ ਗੱਲ ਦੀ ਜ਼ਰਾ ਵੀ ਪਰਵਾਹ ਨਹੀਂ ਸੀ ਕਿ ਲੋਕ ਸਾਡੇ ਬਾਰੇ ਕੀ ਕਹਿੰਦੇ ਹਨ ਕਿਉਂਕਿ ਅਸੀਂ ਘਰੇ ਇਕ-ਦੂਜੇ ਨੂੰ ਹੌਸਲਾ ਦਿੰਦੇ ਹੁੰਦੇ ਸੀ। ਸਾਡਾ ਸਾਰਿਆਂ ਦਾ ਆਪਸ ਵਿਚੀਂ ਪਿਆਰ ਇੰਨਾ ਗੂੜ੍ਹਾ ਸੀ ਕਿ ਜੇ ਕੋਈ ਬਾਹਰਲਾ ਸਾਨੂੰ ਭਲਾ-ਬੁਰਾ ਕਹਿ ਵੀ ਜਾਂਦਾ, ਤਾਂ ਸਾਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ।”

ਹਾਨਾਲੋਰ ਅੱਗੇ ਦੱਸਦੀ ਹੈ: “ਜੇਲ੍ਹ ਵਿਚ ਆਪਣੇ ਭਰਾਵਾਂ ਨੂੰ ਅਸੀਂ ਅਧਿਆਤਮਿਕ ਭੋਜਨ ਵੀ ਪਹੁੰਚਾਉਂਦੇ ਸੀ। ਅਸੀਂ ਪੂਰੇ ਪਹਿਰਾਬੁਰਜ ਦੇ ਰਸਾਲੇ ਨੂੰ ਛੋਟੇ-ਛੋਟੇ ਅੱਖਰਾਂ ਵਿਚ ਮੋਮੀ ਕਾਗਜ਼ ਉੱਤੇ ਲਿਖ ਲੈਂਦੇ ਸੀ। ਫਿਰ ਇਨ੍ਹਾਂ ਕਾਗਜ਼ਾਂ ਨੂੰ ਵਾਟਰ-ਪਰੂਫ ਕਾਗਜ਼ ਵਿਚ ਲਪੇਟ ਕੇ ਤੇ ਸੁੱਕੇ ਅਲੂਚਿਆਂ ਵਿਚ ਰੱਖ ਕੇ ਹਰ ਮਹੀਨੇ ਇਕ ਪੈਕਟ ਭਰਾਵਾਂ ਨੂੰ ਜੇਲ੍ਹ ਵਿਚ ਭੇਜ ਦਿੰਦੇ ਸੀ। ਸਾਨੂੰ ਉਦੋਂ ਬੜੀ ਖ਼ੁਸ਼ੀ ਹੁੰਦੀ ਸੀ ਜਦ ਭਰਾ ਚਿੱਠੀ ਰਾਹੀਂ ਸਾਡੇ ਤਾਈਂ ਇਹ ਸੰਦੇਸ਼ ਭੇਜਦੇ ਸਨ ਕਿ ਸੁੱਕੇ ਅਲੂਚੇ ਯਾਨੀ ਪਰਮੇਸ਼ੁਰ ਦੇ ਸ਼ਬਦ ਬਹੁਤ ਹੀ ਮਿੱਠੇ ਸਨ। ਪਰਮੇਸ਼ੁਰ ਦੇ ਕੰਮ ਵਿਚ ਲੱਗੇ ਹੋਣ ਕਰਕੇ ਅਸੀਂ ਬਹੁਤ ਖ਼ੁਸ਼ੀਆਂ ਮਾਣੀਆਂ।”

ਪਾਬੰਦੀ ਥੱਲੇ ਜੀਵਨ

ਪੀਟਰ ਉਸ ਸਮੇਂ ਬਾਰੇ ਦੱਸਦਾ ਹੈ ਜਦ ਪੂਰਬੀ ਜਰਮਨੀ ਵਿਚ ਪ੍ਰਚਾਰ ਕੰਮ ਤੇ ਪਾਬੰਦੀ ਲੱਗੀ ਹੋਈ ਸੀ: “ਮੀਟਿੰਗਾਂ ਭੈਣ-ਭਰਾਵਾਂ ਦੇ ਘਰਾਂ ਵਿਚ ਕੀਤੀਆਂ ਜਾਂਦੀਆਂ ਸੀ। ਅਸੀਂ ਨਾ ਹੀ ਇੱਕੋ ਸਮੇਂ ਤੇ ਮੀਟਿੰਗਾਂ ਨੂੰ ਇਕੱਠੇ ਆਉਂਦੇ ਸੀ ਤੇ ਨਾ ਹੀ ਕਦੇ ਮੀਟਿੰਗ ਖ਼ਤਮ ਹੋਣ ਤੇ ਇੱਕੋ ਸਮੇਂ ਤੇ ਇਕੱਠੇ ਬਾਹਰ ਨਿਕਲਦੇ ਸੀ। ਸ਼ਟਾਜ਼ੀ ਪੁਲਸ ਲੁਕ-ਛੁਪ ਕੇ ਸਾਡੀ ਗੱਲ ਨਾ ਸੁਣ ਰਹੀ ਹੋਵੇ, ਇਸ ਲਈ ਸਾਨੂੰ ਹਰ ਮੀਟਿੰਗ ਦੌਰਾਨ ਇਸ਼ਾਰਿਆਂ ਜਾਂ ਕਾਗਜ਼ ਤੇ ਲਿਖ ਕੇ ਦੱਸਿਆ ਜਾਂਦਾ ਸੀ ਕਿ ਅਗਲੀ ਮੀਟਿੰਗ ਕਿਸ ਦੇ ਘਰ ਹੋਵੇਗੀ।”

ਹਾਨਾਲੋਰ ਦੱਸਦੀ ਹੈ: “ਕਈ ਵਾਰ ਸਾਨੂੰ ਅਸੈਂਬਲੀ ਦੇ ਪ੍ਰੋਗ੍ਰਾਮ ਦੀ ਟੇਪ ਰਿਕਾਰਡਿੰਗ ਮਿਲ ਜਾਂਦੀ ਸੀ। ਸਾਨੂੰ ਸਾਰਿਆਂ ਨੂੰ ਬੜਾ ਚਾਅ ਚੜ੍ਹ ਜਾਂਦਾ ਸੀ। ਅਸੀਂ ਲਾਗੇ-ਲਾਗੇ ਬੈਠ ਕੇ ਕਈ-ਕਈ ਘੰਟਿਆਂ ਤਕ ਪ੍ਰੋਗ੍ਰਾਮ ਸੁਣਦੇ ਸੀ। ਅਸੀਂ ਭਾਸ਼ਣ ਦੇ ਰਹੇ ਭਰਾ ਨੂੰ ਦੇਖ ਤਾਂ ਨਹੀਂ ਸਕਦੇ ਸੀ, ਪਰ ਉਸ ਦੇ ਕਹੇ ਹਰ ਸ਼ਬਦ ਨੂੰ ਬੜੇ ਧਿਆਨ ਨਾਲ ਸੁਣਦੇ ਸੀ ਤੇ ਨੋਟ ਲੈਂਦੇ ਸੀ।”

ਪੀਟਰ ਕਹਿੰਦਾ: “ਦੂਸਰਿਆਂ ਦੇਸ਼ਾਂ ਦੇ ਭੈਣਾਂ-ਭਰਾਵਾਂ ਨੇ ਸਾਡੇ ਤਕ ਬਾਈਬਲ ਤੇ ਆਧਾਰਿਤ ਕਿਤਾਬਾਂ ਪਹੁੰਚਾਉਣ ਲਈ ਕਈ ਕੁਝ ਕੀਤਾ। ਸੰਨ 1989 ਵਿਚ ਬਰਲਿਨ ਦੀ ਦੀਵਾਰ ਦੇ ਢਾਏ ਜਾਣ ਤੋਂ ਪਹਿਲਾਂ ਉਹ ਸਾਡੇ ਲਈ ਖ਼ਾਸ ਤੌਰ ਤੇ ਛੋਟੇ-ਛੋਟੇ ਅੱਖਰਾਂ ਵਿਚ ਕਿਤਾਬਾਂ ਛਾਪਦੇ ਸਨ। ਪੂਰਬੀ ਜਰਮਨੀ ਵਿਚ ਸਾਡੇ ਤਕ ਇਹ ਕਿਤਾਬਾਂ ਪਹੁੰਚਾਉਣ ਲਈ ਕਈ ਭੈਣ-ਭਰਾਵਾਂ ਨੇ ਆਪਣੀਆਂ ਕਾਰਾਂ, ਪੈਸਾ ਇੱਥੋਂ ਤਕ ਕਿ ਆਪਣੀ ਆਜ਼ਾਦੀ ਵੀ ਦਾਅ ਤੇ ਲਾਈ। ਇਕ ਰਾਤ ਅਸੀਂ ਇਕ ਜੋੜੇ ਦੇ ਇੰਤਜ਼ਾਰ ਵਿਚ ਬੈਠੇ ਸੀ, ਪਰ ਉਹ ਸਾਡੇ ਤਕ ਨਹੀਂ ਪਹੁੰਚ ਪਾਏ ਕਿਉਂਕਿ ਪੁਲਸ ਨੇ ਰਾਹ ਵਿਚ ਹੀ ਉਨ੍ਹਾਂ ਨੂੰ ਫੜ ਲਿਆ ਅਤੇ ਕਿਤਾਬਾਂ ਤੇ ਕਾਰ ਨੂੰ ਜ਼ਬਤ ਕਰ ਲਿਆ। ਇੱਦਾਂ ਦੇ ਖ਼ਤਰਿਆਂ ਤੋਂ ਬਚਣ ਲਈ ਜਾਂ ਫਿਰ ਜ਼ਿੰਦਗੀ ਸੌਖੀ ਬਣਾਉਣ ਲਈ ਅਸੀਂ ਕਦੇ ਵੀ ਪਰਮੇਸ਼ੁਰ ਦੇ ਕੰਮ ਤੋਂ ਮੂੰਹ ਫੇਰਨ ਬਾਰੇ ਨਹੀਂ ਸੋਚਿਆ।”

ਮੌਨਫਰਾਟ, ਜੋ ਸਾਨੂੰ 1950 ਵਿਚ ਧੋਖਾ ਦੇ ਗਿਆ ਸੀ, ਦੱਸਦਾ ਹੈ ਕਿ ਸੱਚਾਈ ਵਿਚ ਵਾਪਸ ਆਉਣ ਅਤੇ ਆਪਣੀ ਨਿਹਚਾ ਪੱਕੀ ਕਰਨ ਲਈ ਉਸ ਨੂੰ ਕਿੱਥੋਂ ਮਦਦ ਮਿਲੀ: “ਕੁਝ ਮਹੀਨੇ ਜੇਲ੍ਹ ਵਿਚ ਰਹਿਣ ਤੋਂ ਬਾਅਦ ਮੈਂ ਪੱਛਮੀ ਜਰਮਨੀ ਵਿਚ ਰਹਿਣ ਲੱਗ ਪਿਆ ਅਤੇ ਸੱਚਾਈ ਤੇ ਚੱਲਣਾ ਛੱਡ ਦਿੱਤਾ। 1954 ਵਿਚ ਮੈਂ ਵਾਪਸ ਪੂਰਬੀ ਜਰਮਨੀ ਵਿਚ ਰਹਿਣ ਲੱਗ ਪਿਆ ਤੇ ਆਉਂਦੇ ਸਾਲ ਮੇਰਾ ਵਿਆਹ ਹੋ ਗਿਆ। ਫਿਰ ਕੁਝ ਸਮੇਂ ਬਾਅਦ ਮੇਰੀ ਪਤਨੀ ਬਾਈਬਲ ਬਾਰੇ ਸਿੱਖਣ ਲੱਗ ਪਈ ਅਤੇ 1957 ਵਿਚ ਉਸ ਨੇ ਬਪਤਿਸਮਾ ਲੈ ਲਿਆ। ਹੌਲੀ-ਹੌਲੀ ਮੇਰੀ ਜ਼ਮੀਰ ਮੈਨੂੰ ਤੰਗ ਕਰਨ ਲੱਗ ਪਈ ਤੇ ਮੇਰੀ ਪਤਨੀ ਨੇ ਸੱਚੇ ਪਰਮੇਸ਼ੁਰ ਦੇ ਰਾਹ ਨੂੰ ਅਪਣਾਉਣ ਵਿਚ ਮੇਰੀ ਮਦਦ ਕੀਤੀ।”

“ਸੱਚਾਈ ਨੂੰ ਛੱਡਣ ਤੋਂ ਪਹਿਲਾਂ ਜੋ ਭੈਣ-ਭਰਾ ਮੈਨੂੰ ਜਾਣਦੇ ਸਨ, ਉਨ੍ਹਾਂ ਸਭਨਾਂ ਨੇ ਮੇਰਾ ਨਿੱਘਾ ਸੁਆਗਤ ਕੀਤਾ। ਉਹ ਮੇਰੇ ਨਾਲ ਇਵੇਂ ਪੇਸ਼ ਆਏ ਜਿਵੇਂ ਮੈਂ ਸੱਚਾਈ ਨੂੰ ਛੱਡਿਆ ਹੀ ਨਾ ਹੋਵੇ ਤੇ ਇਹ ਗੱਲ ਮੇਰੇ ਦਿਲ ਨੂੰ ਛੂਹ ਗਈ। ਮੈਂ ਹੁਣ ਬਹੁਤ ਖ਼ੁਸ਼ ਹਾਂ ਕਿਉਂਕਿ ਮੈਂ ਭੈਣਾਂ-ਭਰਾਵਾਂ ਨਾਲ ਮਿਲ-ਵਰਤ ਸਕਦਾ ਹਾਂ ਅਤੇ ਮੈਂ ਯਹੋਵਾਹ ਪਰਮੇਸ਼ੁਰ ਨਾਲ ਰਿਸ਼ਤਾ ਮੁੜ ਜੋੜ ਲਿਆ ਹੈ।”

ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਰਹਿਣ ਦੀ ਲੜਾਈ ਅੱਜ ਵੀ ਜਾਰੀ ਹੈ

ਸਾਡੇ ਪਰਿਵਾਰ ਦੇ ਹਰ ਜੀ ਨੂੰ ਸੱਚਾਈ ਲਈ ਲੜਨਾ ਪਿਆ। ਪੀਟਰ ਦੱਸਦਾ ਹੈ: “ਅੱਜ ਸਾਨੂੰ ਭਰਮਾਉਣ ਲਈ ਸ਼ਤਾਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੱਥਕੰਡੇ ਵਰਤਦਾ ਹੈ। ਉਹ ਸਾਨੂੰ ਧਨ-ਦੌਲਤ ਪਿੱਛੇ ਲੱਗਣ ਲਈ ਉਕਸਾਉਂਦਾ ਹੈ। ਜਦ ਸਾਡੇ ਤੇ ਪਾਬੰਦੀਆਂ ਲੱਗੀਆਂ ਸਨ, ਤਾਂ ਸਾਡੇ ਕੋਲ ਜਿੰਨਾ ਸੀ ਅਸੀਂ ਉਸੇ ਵਿਚ ਖ਼ੁਸ਼ ਸੀ। ਅਸੀਂ ਕਦੇ ਵੀ ਇਸ ਗੱਲ ਤੇ ਇਤਰਾਜ਼ ਨਹੀਂ ਕੀਤਾ ਕਿ ਅਸੀਂ ਕਿਸ ਬੁੱਕ ਸਟੱਡੀ ਗਰੁੱਪ ਵਿਚ ਸੀ। ਜਿੱਥੇ ਭਰਾ ਕਹਿ ਦਿੰਦਾ ਸੀ ਉੱਥੇ ਚਲੇ ਜਾਈਦਾ ਸੀ। ਅਸੀਂ ਇਸ ਗੱਲ ਦੀ ਵੀ ਸ਼ਿਕਾਇਤ ਨਹੀਂ ਕੀਤੀ ਕਿ ਮੀਟਿੰਗਾਂ ਸਵੇਰੇ ਜਾਂ ਰਾਤ ਨੂੰ ਦੇਰ ਨਾਲ ਕਿਉਂ ਕੀਤੀਆਂ ਜਾਂਦੀਆਂ ਸਨ। ਸਾਨੂੰ ਤਾਂ ਬਸ ਇਸ ਗੱਲ ਦੀ ਖ਼ੁਸ਼ੀ ਸੀ ਕਿ ਅਸੀਂ ਭੈਣ-ਭਰਾਵਾਂ ਨੂੰ ਮਿਲ ਸਕਦੇ ਸੀ। ਜੇ ਮੀਟਿੰਗ ਤੋਂ ਬਾਅਦ ਘਰ ਜਾਣ ਦੀ ਸਾਡੀ ਵਾਰੀ ਰਾਤ ਦੇ 11 ਵਜੇ ਵੀ ਆਉਂਦੀ ਸੀ, ਤਾਂ ਅਸੀਂ ਬੁੜ-ਬੁੜ ਨਹੀਂ ਕਰਦੇ ਸੀ।”

ਸਾਲ 1959 ਵਿਚ ਮਾਂ ਤੇ ਸਾਬੀਨ, ਜੋ ਉਦੋਂ 16 ਸਾਲਾਂ ਦੀ ਸੀ, ਪੱਛਮੀ ਜਰਮਨੀ ਵਿਚ ਰਹਿਣ ਲੱਗ ਪਈਆਂ। ਕਿਉਂਕਿ ਉਹ ਦੋਵੇਂ ਐਸੀ ਜਗ੍ਹਾ ਪ੍ਰਚਾਰ ਕਰਨਾ ਚਾਹੁੰਦੀਆਂ ਸਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਜ਼ਰੂਰਤ ਸੀ, ਇਸ ਲਈ ਬ੍ਰਾਂਚ ਆਫ਼ਿਸ ਨੇ ਉਨ੍ਹਾਂ ਨੂੰ ਬਾਡਨ-ਵੁਰਟੈਮਬਰਗ ਦੇ ਐਲਵਾਗਨ ਸ਼ਹਿਰ ਭੇਜ ਦਿੱਤਾ। ਮਾਂ ਬੀਮਾਰ ਸੀ, ਪਰ ਫਿਰ ਵੀ ਉਹ ਪ੍ਰਚਾਰ ਦੇ ਕੰਮ ਵਿਚ ਜੋਸ਼ੀਲੀ ਸੀ। ਉਸ ਦੀ ਇਹ ਲਗਨ ਦੇਖ ਕੇ ਸਾਬੀਨ ਨੇ ਵੀ 18 ਸਾਲਾਂ ਦੀ ਉਮਰ ਤੇ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਸਾਬੀਨ ਦੇ ਵਿਆਹ ਤੋਂ ਬਾਅਦ ਮਾਂ ਨੇ 58 ਸਾਲਾਂ ਦੀ ਉਮਰ ਵਿਚ ਗੱਡੀ ਚਲਾਉਣੀ ਸਿੱਖੀ ਤਾਂਕਿ ਉਹ ਪ੍ਰਚਾਰ ਸੇਵਾ ਵਿਚ ਜ਼ਿਆਦਾ ਸਮਾਂ ਲਗਾ ਸਕੇ। 1974 ਵਿਚ ਆਪਣੀ ਮੌਤ ਤਕ ਮਾਂ ਨੇ ਪ੍ਰਚਾਰ ਦੇ ਕੰਮ ਨੂੰ ਜ਼ਿੰਦਗੀ ਵਿਚ ਪਹਿਲ ਦਿੱਤੀ।

ਦੁਬਾਰਾ ਕੈਦ ਵਿਚ ਤਕਰੀਬਨ ਛੇ ਸਾਲ ਕੱਟਣ ਤੋਂ ਬਾਅਦ ਮੈਨੂੰ 1965 ਵਿਚ ਦੇਸ਼ ਨਿਕਾਲਾ ਦੇ ਕੇ ਪੱਛਮੀ ਜਰਮਨੀ ਭੇਜ ਦਿੱਤਾ ਗਿਆ ਤੇ ਇਸ ਗੱਲ ਦੀ ਪੁਲਸ ਨੇ ਮੇਰੇ ਪਰਿਵਾਰ ਨੂੰ ਖ਼ਬਰ ਨਹੀਂ ਹੋਣ ਦਿੱਤੀ। ਸਮਾਂ ਪਾ ਕੇ ਇਕ ਦਿਨ ਮੇਰਾ ਮਿਲਾਪ ਮੇਰੀ ਪਤਨੀ ਐਨੀ ਤੇ ਧੀ ਰੂਥ ਨਾਲ ਹੋ ਹੀ ਗਿਆ। ਮੈਂ ਬ੍ਰਾਂਚ ਆਫ਼ਿਸ ਤੋਂ ਪਤਾ ਕੀਤਾ ਕਿ ਜ਼ਿਆਦਾ ਪ੍ਰਚਾਰਕਾਂ ਦੀ ਕਿੱਥੇ ਲੋੜ ਸੀ। ਉਨ੍ਹਾਂ ਨੇ ਸਾਨੂੰ ਬਾਵੇਰੀਆ ਦੇ ਨੋਰਡਲਿੰਗਨ ਸ਼ਹਿਰ ਭੇਜ ਦਿੱਤਾ। ਮੇਰੀ ਧੀ ਰੂਥ ਤੇ ਮੇਰਾ ਮੁੰਡਾ ਯੋਹਾਨਿਸ ਇੱਥੇ ਹੀ ਵੱਡੇ ਹੋਏ। ਐਨੀ ਨੇ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਮਿਸਾਲ ਦੇਖ ਕੇ ਸਕੂਲੀ ਪੜ੍ਹਾਈ ਖ਼ਤਮ ਹੁੰਦਿਆਂ ਹੀ ਰੂਥ ਨੇ ਵੀ ਪਾਇਨੀਅਰੀ ਸ਼ੁਰੂ ਕਰ ਦਿੱਤੀ। ਸਾਡੇ ਦੋਵਾਂ ਬੱਚਿਆਂ ਨੇ ਪਾਇਨੀਅਰਾਂ ਨਾਲ ਵਿਆਹ ਕਰਵਾਇਆ। ਹੁਣ ਉਨ੍ਹਾਂ ਦੇ ਆਪਣੇ ਪਰਿਵਾਰ ਹਨ ਅਤੇ ਸਾਡੇ ਦੋ ਪੋਤੇ, ਦੋ ਪੋਤੀਆਂ ਅਤੇ ਦੋ ਦੋਹਤੀਆਂ ਹਨ।

ਐਨੀ ਨਾਲ ਮਿਲ ਕੇ ਪਾਇਨੀਅਰੀ ਕਰਨ ਲਈ ਮੈਂ 1987 ਵਿਚ ਸਮੇਂ ਤੋਂ ਪਹਿਲਾਂ ਰੀਟਾਇਰਮੈਂਟ ਲੈ ਲਈ। ਤਿੰਨ ਸਾਲਾਂ ਬਾਅਦ ਮੈਨੂੰ ਬ੍ਰਾਂਚ ਆਫ਼ਿਸ ਵਿਚ ਕੰਮ ਕਰਨ ਦਾ ਸੱਦਾ ਮਿਲਿਆ। ਇੱਥੇ ਮੈਂ ਉਸਾਰੀ ਦੇ ਕੰਮ ਵਿਚ ਮਦਦ ਕੀਤੀ। ਫਿਰ ਸਾਨੂੰ ਪੂਰਬੀ ਜਰਮਨੀ ਦੇ ਗਲਾਕਾਓ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦਾ ਪਹਿਲਾ ਅਸੈਂਬਲੀ ਹਾਲ ਬਣਾਉਣ ਦਾ ਸਨਮਾਨ ਮਿਲਿਆ ਜਿਸ ਦੀ ਸਾਂਭ-ਸੰਭਾਲ ਕਰਨ ਦੀ ਜ਼ਿੰਮੇਵਾਰੀ ਵੀ ਸਾਨੂੰ ਸੌਂਪੀ ਗਈ ਸੀ। ਸਿਹਤ ਢਿੱਲੀ ਹੋਣ ਕਰਕੇ ਅਸੀਂ ਹੁਣ ਆਪਣੀ ਧੀ ਨਾਲ ਨੋਰਡਲਿੰਗਨ ਕਲੀਸਿਯਾ ਵਿਚ ਹਾਂ ਤੇ ਪਾਇਨੀਅਰੀ ਕਰ ਰਹੇ ਹਾਂ।

ਮੈਂ ਬਹੁਤ ਖ਼ੁਸ਼ ਹਾਂ ਕਿ ਮੇਰੇ ਸਾਰੇ ਭੈਣ-ਭਰਾ ਤੇ ਸਾਡਾ ਤਕਰੀਬਨ ਸਾਰਾ ਪਰਿਵਾਰ ਅੱਤ ਮਹਾਨ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰ ਰਿਹਾ ਹੈ। ਮੈਂ ਆਪਣੀ ਜ਼ਿੰਦਗੀ ਵਿਚ ਇਕ ਗੱਲ ਸਿੱਖੀ ਹੈ ਕਿ ਜਿੰਨਾ ਚਿਰ ਅਸੀਂ ਯਹੋਵਾਹ ਪਰਮੇਸ਼ੁਰ ਨਾਲ ਆਪਣੇ ਰਿਸ਼ਤਾ ਨੂੰ ਮਜ਼ਬੂਤ ਰੱਖਾਂਗੇ, ਉੱਨਾ ਚਿਰ ਅਸੀਂ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦਾਂ ਦੀ ਹਕੀਕਤ ਨੂੰ ਅਨੁਭਵ ਕਰਾਂਗੇ: “ਯਹੋਵਾਹ ਨੇ ਸਾਡੇ ਲਈ ਵੱਡੇ ਵੱਡੇ ਕੰਮ ਕੀਤੇ ਹਨ, ਅਸੀਂ ਆਨੰਦ ਹੋਏ ਹਾਂ!”—ਜ਼ਬੂਰਾਂ ਦੀ ਪੋਥੀ 126:3.

[ਸਫ਼ਾ 13 ਉੱਤੇ ਤਸਵੀਰ]

1957 ਵਿਚ ਆਪਣੇ ਵਿਆਹ ਵਾਲੇ ਦਿਨ

[ਸਫ਼ਾ 13 ਉੱਤੇ ਤਸਵੀਰ]

1948 ਵਿਚ ਆਪਣੇ ਪਰਿਵਾਰ ਨਾਲ: (ਮੁਹਰੇ, ਖੱਬਿਓਂ ਸੱਜੇ) ਮੌਨਫਰਾਟ, ਮਾਂ ਬਰਟਾ, ਸਾਬੀਨ, ਹਾਨਾਲੋਰ ਅਤੇ ਪੀਟਰ; (ਪਿੱਛੇ, ਖੱਬਿਓਂ ਸੱਜੇ) ਮੈਂ ਤੇ ਯੋਕਨ

[ਸਫ਼ਾ 15 ਉੱਤੇ ਤਸਵੀਰਾਂ]

ਪਾਬੰਦੀ ਦੌਰਾਨ ਛਾਪੀ ਗਈ ਛੋਟੇ ਅੱਖਰਾਂ ਵਾਲੀ ਕਿਤਾਬ; ਖ਼ਬਰ ਲੈਣ ਲਈ ਵਰਤੇ ਗਏ “ਸ਼ਟਾਜ਼ੀ” ਦਾ ਸਾਜ਼-ਸਾਮਾਨ

[ਤਸਵੀਰ ਦੀ ਕ੍ਰੈਡਿਟ ਲਾਈਨ]

Forschungs- und Gedenkstätte NORMANNENSTRASSE

[ਸਫ਼ਾ 16 ਉੱਤੇ ਤਸਵੀਰ]

ਆਪਣੇ ਭੈਣ-ਭਰਾਵਾਂ ਨਾਲ: (ਮੁਹਰੇ, ਖੱਬਿਓਂ ਸੱਜੇ) ਹਾਨਾਲੋਰ ਤੇ ਸਾਬੀਨ; (ਪਿੱਛੇ, ਖੱਬਿਓਂ ਸੱਜੇ) ਮੈਂ, ਯੋਕਨ, ਪੀਟਰ ਅਤੇ ਮੌਨਫਰਾਟ