ਮਿਲ ਕੇ ਉਸਾਰੀ ਕਰਨ ਨਾਲ ਪਰਮੇਸ਼ੁਰ ਦੀ ਵਡਿਆਈ ਹੋ ਰਹੀ ਹੈ
ਮਿਲ ਕੇ ਉਸਾਰੀ ਕਰਨ ਨਾਲ ਪਰਮੇਸ਼ੁਰ ਦੀ ਵਡਿਆਈ ਹੋ ਰਹੀ ਹੈ
ਕੁਝ ਲੋਕ ਸੋਲਮਨ ਦੀਪ-ਸਮੂਹ ਦੇ ਇਕ ਟਾਪੂ ਤੇ ਯਹੋਵਾਹ ਦੇ ਗਵਾਹਾਂ ਦੇ ਨਵੇਂ ਕਿੰਗਡਮ ਹਾਲ ਨੂੰ ਦੇਖ ਰਹੇ ਸਨ। ਇਕ ਤੀਵੀਂ ਨੇ ਸਾਡੀ ਭੈਣ ਨੂੰ ਕਿਹਾ: “ਅਸੀਂ ਚਰਚ ਵਿਚ ਫ਼ੰਡ ਇਕੱਠਾ ਕਰਨ ਲਈ ਕਿੰਨਾ ਕੁਝ ਕਰਦੇ ਹਾਂ। ਭਾਵੇਂ ਅਸੀਂ ਆਪਣੇ ਮੈਂਬਰਾਂ ਤੋਂ ਚੰਦਾ ਮੰਗਦੇ ਹਾਂ, ਪਰ ਅਜੇ ਤਕ ਸਾਡੇ ਕੋਲ ਇੰਨਾ ਪੈਸਾ ਇਕੱਠਾ ਨਹੀਂ ਹੋਇਆ ਕਿ ਅਸੀਂ ਇਕ ਨਵਾਂ ਚਰਚ ਬਣਾ ਸਕੀਏ। ਤੁਹਾਨੂੰ ਪੈਸੇ ਕਿੱਥੋਂ ਮਿਲਦੇ ਹਨ?” ਜਵਾਬ ਵਿਚ ਸਾਡੀ ਭੈਣ ਨੇ ਕਿਹਾ: “ਯਹੋਵਾਹ ਦੇ ਗਵਾਹ ਦੁਨੀਆਂ ਦੇ ਕੋਨੇ-ਕੋਨੇ ਵਿਚ ਉਸ ਦੀ ਭਗਤੀ ਕਰਦੇ ਹਨ। ਦੁਨੀਆਂ ਭਰ ਦੇ ਸਾਡੇ ਭੈਣ-ਭਾਈਆਂ ਨੇ ਸਾਡੇ ਨਵੇਂ ਕਿੰਗਡਮ ਹਾਲ ਲਈ ਪੈਸੇ ਦਾਨ ਕੀਤੇ ਸਨ। ਯਹੋਵਾਹ ਨੇ ਸਾਨੂੰ ਸਭ ਕੰਮ ਮਿਲ ਕੇ ਕਰਨ ਦੀ ਸਿੱਖਿਆ ਦਿੱਤੀ ਹੈ।”
ਸਾਡੀ ਯਹੋਵਾਹ ਦੇ ਗਵਾਹਾਂ ਦੀ ਏਕਤਾ ਸਾਡੀਆਂ ਸਾਰੀਆਂ ਕਾਰਵਾਈਆਂ ਵਿਚ ਦੇਖੀ ਜਾ ਸਕਦੀ ਹੈ, ਉਦੋਂ ਵੀ ਜਦ ਅਸੀਂ ਭਗਤੀ ਕਰਨ ਲਈ ਆਪਣੇ ਕਿੰਗਡਮ ਹਾਲ ਬਣਾਉਂਦੇ ਹਾਂ। ਅਜਿਹੀ ਏਕਤਾ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਕਈ ਹਜ਼ਾਰ ਸਾਲ ਪਹਿਲਾਂ ਵੀ ਪਰਮੇਸ਼ੁਰ ਦੇ ਲੋਕ ਏਕਤਾ ਨਾਲ ਕੰਮ ਕਰਦੇ ਸਨ। ਅਸੀਂ ਇਹ ਕਿਉਂ ਕਹਿ ਸਕਦੇ ਹਾਂ?
ਯਹੋਵਾਹ ਦੀ ਭਗਤੀ ਵਾਸਤੇ ਡੇਹਰੇ ਤੇ ਭਵਨ ਦੀ ਉਸਾਰੀ
ਯਹੋਵਾਹ ਪਰਮੇਸ਼ੁਰ ਨੇ ਸਾਢੇ ਤਿੰਨ ਹਜ਼ਾਰ ਸਾਲ ਪਹਿਲਾਂ ਇਸਰਾਏਲ ਬਾਰੇ ਮੂਸਾ ਨੂੰ ਕਿਹਾ: “ਓਹ ਮੇਰੇ ਲਈ ਇੱਕ ਪਵਿੱਤ੍ਰ ਅਸਥਾਨ ਬਣਾਉਣ।” (ਕੂਚ 25:8) ਉਸਾਰੀ ਦੇ ਨਮੂਨੇ ਬਾਰੇ ਯਹੋਵਾਹ ਨੇ ਅੱਗੇ ਕਿਹਾ: “ਜਿਵੇਂ ਮੈਂ ਤੈਨੂੰ [ਮੂਸਾ ਨੂੰ] ਸਭ ਕੁਝ ਵਿਖਾਉਂਦਾ ਹਾਂ ਡੇਹਰੇ ਦੇ ਨਮੂਨੇ ਉੱਤੇ ਅਤੇ ਉਸ ਦੇ ਸਾਰੇ ਸਮਾਨ ਦੇ ਨਮੂਨੇ ਉੱਤੇ ਓਵੇਂ ਹੀ [ਪੂਰੀ ਕੌਮ ਮਿਲ ਕੇ] ਬਣਾਇਓ।” (ਕੂਚ 25:9) ਫਿਰ ਯਹੋਵਾਹ ਨੇ ਡੇਹਰੇ ਅਤੇ ਉਸ ਦੇ ਸਾਰੇ ਸਾਜ਼ੋ-ਸਮਾਨ ਦੇ ਨਮੂਨੇ ਬਾਰੇ ਵਿਸਤਾਰ ਨਾਲ ਦੱਸਿਆ। (ਕੂਚ 25:10–27:19) ਇਹ “ਡੇਹਰਾ” ਯਾਨੀ ਤੰਬੂ ਇਸਰਾਏਲ ਦੀ ਸਾਰੀ ਕੌਮ ਵਾਸਤੇ ਸੀ ਜਿੱਥੇ ਉਹ ਯਹੋਵਾਹ ਦੀ ਭਗਤੀ ਕਰ ਸਕਦੇ ਸਨ।
ਅਸੀਂ ਇਹ ਨਹੀਂ ਜਾਣਦੇ ਕਿ ਕਿੰਨੇ ਲੋਕਾਂ ਨੇ ਡੇਹਰੇ ਦੀ ਉਸਾਰੀ ਵਿਚ ਹੱਥ ਵਟਾਇਆ ਸੀ, ਪਰ ਪੂਰੀ ਕੌਮ ਕੋਲ ਉਸ ਵਿਚ ਯੋਗਦਾਨ ਪਾਉਣ ਦਾ ਮੌਕਾ ਸੀ। ਮੂਸਾ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣਿਆਂ ਵਿੱਚੋਂ ਯਹੋਵਾਹ ਲਈ ਭੇਟ ਲਿਓ। ਜਿਹ ਦੇ ਮਨ ਦੀ ਭਾਉਣੀ ਹੋਵੇ ਉਹ ਯਹੋਵਾਹ ਲਈ ਭੇਟ ਲਿਆਵੇ।” (ਕੂਚ 35:4-9) ਮੂਸਾ ਦੀ ਗੱਲ ਸੁਣ ਕੇ ਇਸਰਾਏਲੀਆਂ ਨੇ ਕੀ ਕੀਤਾ ਸੀ? ਵਿਚ ਸਾਨੂੰ ਦੱਸਿਆ ਗਿਆ ਕਿ “ਮੂਸਾ ਨੇ ਲੋਕਾਂ ਤੋਂ ਪਵਿੱਤਰ ਥਾਂ ਦੇ ਬਣਾਉਣ ਲਈ ਮਿਲੀਆਂ ਸਭ ਭੇਟਾਂ ਉਹਨਾਂ ਕੰਮ ਕਰਨ ਵਾਲੇ ਲੋਕਾਂ ਨੂੰ ਦੇ ਦਿੱਤੀਆਂ। ਪਰ ਲੋਕ ਅਜੇ ਵੀ ਹੋਰ ਭੇਟਾਂ ਹਰ ਸਵੇਰ ਨੂੰ ਲਈ ਆ ਰਹੇ ਸਨ।”—ਕੂਚ 36:3, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਕੁਝ ਹੀ ਦਿਨਾਂ ਵਿਚ ਦਾਨ ਕੀਤੀਆਂ ਚੀਜ਼ਾਂ ਦੇ ਢੇਰ ਲੱਗ ਗਏ, ਪਰ ਲੋਕ ਅਜੇ ਵੀ ਹੋਰ ਚੀਜ਼ਾਂ ਲਿਆਈ ਜਾ ਰਹੇ ਸਨ। ਆਖ਼ਰਕਾਰ ਕਾਰੀਗਰਾਂ ਨੇ ਮੂਸਾ ਨੂੰ ਕਿਹਾ: “ਲੋਕ ਪ੍ਰਭੂ ਦੇ ਦਸੇ ਕੰਮ ਦੇ ਲਈ ਲੋੜੀ ਦੀਆਂ ਚੀਜ਼ਾਂ ਤੋਂ ਵੱਧ ਲਿਆ ਰਹੇ ਹਨ।” ਫਿਰ ਮੂਸਾ ਨੇ ਕਿਹਾ: “ਕੋਈ ਵੀ ਆਦਮੀ ਜਾਂ ਔਰਤ ਹੋਰ ਭੇਟ ਪਵਿੱਤਰ ਥਾਂ ਦੀ ਉਸਾਰੀ ਲਈ ਲੈ ਕੇ ਨਾ ਆਵੇ।” ਇਸ ਦਾ ਨਤੀਜਾ ਕੀ ਨਿਕਲਿਆ? “ਉਹਨਾਂ ਦੀਆਂ ਲਿਆਂਦੀਆਂ ਪਹਿਲੀਆਂ ਭੇਟਾਂ ਹੀ ਲੋੜ ਤੋਂ ਅਧਿਕ ਸਨ।”—ਕੂਚ 36:4-7, ਨਵਾਂ ਅਨੁਵਾਦ।
ਕੂਚ 19:1; 40:1, 2) ਸੱਚੀ ਭਗਤੀ ਵਾਸਤੇ ਦਾਨ ਦੇ ਕੇ ਲੋਕਾਂ ਨੇ ਯਹੋਵਾਹ ਦੀ ਵਡਿਆਈ ਕੀਤੀ। (ਕਹਾਉਤਾਂ 3:9) ਬਾਅਦ ਵਿਚ ਉਨ੍ਹਾਂ ਨੇ ਡੇਹਰੇ ਦੀ ਉਸਾਰੀ ਤੋਂ ਵੀ ਵੱਡੇ ਪ੍ਰਾਜੈਕਟ ਤੇ ਕੰਮ ਕਰਨਾ ਸੀ ਜਿਸ ਵਿਚ ਕੋਈ ਵੀ ਹਿੱਸਾ ਲੈ ਸਕਦਾ ਸੀ, ਭਾਵੇਂ ਉਹ ਉਸਾਰੀ ਦਾ ਕੰਮ ਕਰਨਾ ਜਾਣਦਾ ਸੀ ਜਾਂ ਨਹੀਂ।
ਇਸਰਾਏਲੀਆਂ ਦੀ ਦਰਿਆ-ਦਿਲੀ ਸਦਕਾ ਡੇਹਰਾ ਇਕ ਸਾਲ ਦੇ ਅੰਦਰ-ਅੰਦਰ ਤਿਆਰ ਹੋ ਗਿਆ। (ਡੇਹਰੇ ਦੇ ਬਣਨ ਤੋਂ ਤਕਰੀਬਨ 500 ਸਾਲ ਬਾਅਦ ਇਸਰਾਏਲੀਆਂ ਨੇ ਯਰੂਸ਼ਲਮ ਵਿਚ ਯਹੋਵਾਹ ਦੀ ਹੈਕਲ ਯਾਨੀ ਭਵਨ ਦੀ ਉਸਾਰੀ ਸ਼ੁਰੂ ਕਰ ਦਿੱਤੀ। (1 ਰਾਜਿਆਂ 6:1) ਇਹ ਲੱਕੜ ਅਤੇ ਪੱਥਰ ਨਾਲ ਬਣਾਇਆ ਜਾਣ ਵਾਲਾ ਸ਼ਾਨਦਾਰ ਭਵਨ ਹੋਣਾ ਸੀ। (1 ਰਾਜਿਆਂ 5:17, 18) ਯਹੋਵਾਹ ਨੇ ਆਪਣੀ ਪਵਿੱਤਰ ਆਤਮਾ ਦੇ ਜ਼ਰੀਏ ਦਾਊਦ ਨੂੰ ਇਸ ਭਵਨ ਦਾ ਨਕਸ਼ਾ ਦਿੱਤਾ ਸੀ। (1 ਇਤਹਾਸ 28:11-19) ਪਰ ਯਹੋਵਾਹ ਨੇ ਭਵਨ ਦੀ ਉਸਾਰੀ ਲਈ ਦਾਊਦ ਦੇ ਪੁੱਤਰ ਸੁਲੇਮਾਨ ਨੂੰ ਚੁਣਿਆ ਸੀ। (1 ਇਤਹਾਸ 22:6-10) ਫਿਰ ਵੀ ਦਾਊਦ ਨੇ ਇਸ ਪ੍ਰਾਜੈਕਟ ਦੀ ਤਿਆਰੀ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਉਸ ਨੇ ਪੱਥਰ, ਸ਼ਤੀਰ ਅਤੇ ਹੋਰ ਸਾਮੱਗਰੀ ਇਕੱਠੀ ਕੀਤੀ ਅਤੇ ਆਪਣੇ ਪੱਲਿਓਂ ਢੇਰ ਸਾਰਾ ਸੋਨਾ ਤੇ ਚਾਂਦੀ ਵੀ ਦਾਨ ਕੀਤੇ। ਇਸ ਤੋਂ ਇਲਾਵਾ ਉਸ ਨੇ ਇਸਰਾਏਲੀਆਂ ਨੂੰ ਵੀ ਖੁੱਲ੍ਹੇ ਦਿਲ ਵਾਲੇ ਹੋਣ ਲਈ ਕਿਹਾ: “ਕਿਹੜਾ ਹੈ ਜੋ ਮਨ ਦੇ ਪ੍ਰੇਮ ਨਾਲ ਭੇਟਾਂ ਚੜ੍ਹਾ ਕੇ ਯਹੋਵਾਹ ਦੇ ਲਈ ਆਪਣੇ ਆਪ ਨੂੰ ਅਰਪਣ ਕਰੇ?” ਉਸ ਦੀ ਗੱਲ ਸੁਣ ਕੇ ਲੋਕਾਂ ਨੇ ਕੀ ਕੀਤਾ?—1 ਇਤਹਾਸ 29:1-5.
ਭਵਨ ਦੀ ਉਸਾਰੀ ਸ਼ੁਰੂ ਕਰਨ ਤਕ ਸੁਲੇਮਾਨ ਕੋਲ ਕਈ ਹਜ਼ਾਰ ਟਨ ਸੋਨਾ ਤੇ ਚਾਂਦੀ ਸੀ। ਉਸ ਸਮੇਂ ਇੰਨਾ ਜ਼ਿਆਦਾ ਪਿੱਤਲ ਅਤੇ ਲੋਹਾ ਦਾਨ ਹੋ ਚੁੱਕਾ ਸੀ ਕਿ ਉਸ ਨੂੰ ਤੋਲਿਆ ਨਹੀਂ ਜਾ ਸਕਦਾ ਸੀ। (1 ਇਤਹਾਸ 22:14-16) ਯਹੋਵਾਹ ਦੀ ਮਦਦ ਅਤੇ ਇਸਰਾਏਲੀਆਂ ਦੀ ਖੁੱਲ੍ਹ-ਦਿਲੀ ਨਾਲ ਭਵਨ ਸਾਢੇ-ਸੱਤ ਸਾਲ ਵਿਚ ਬਣ ਕੇ ਤਿਆਰ ਹੋ ਗਿਆ।—1 ਰਾਜਿਆਂ 6:1, 37, 38.
“ਪਰਮੇਸ਼ੁਰ ਦਾ ਘਰ”
ਡੇਹਰੇ ਅਤੇ ਹੈਕਲ ਦੋਹਾਂ ਨੂੰ “ਪਰਮੇਸ਼ੁਰ ਦਾ ਘਰ” ਕਿਹਾ ਗਿਆ ਸੀ। (ਨਿਆਈਆਂ 18:31; 2 ਇਤਹਾਸ 24:7) ਯਹੋਵਾਹ ਨੂੰ ਰਹਿਣ ਲਈ ਕਦੇ ਕਿਸੇ ਘਰ ਦੀ ਲੋੜ ਨਹੀਂ ਪਈ। (ਯਸਾਯਾਹ 66:1) ਡੇਹਰਾ ਅਤੇ ਭਵਨ ਯਹੋਵਾਹ ਨੇ ਲੋਕਾਂ ਦੇ ਫ਼ਾਇਦੇ ਲਈ ਬਣਵਾਏ ਸਨ। ਭਵਨ ਦੇ ਉਦਘਾਟਨ ਵੇਲੇ ਸੁਲੇਮਾਨ ਨੇ ਪੁੱਛਿਆ: “ਭਲਾ, ਪਰਮੇਸ਼ੁਰ ਸੱਚ ਮੁੱਚ ਧਰਤੀ ਉੱਤੇ ਵਾਸ ਕਰੇਗਾ? ਵੇਖ, ਸੁਰਗ ਸਗੋਂ ਸੁਰਗਾਂ ਦੇ ਸੁਰਗ ਤੈਨੂੰ ਨਹੀਂ ਸੰਭਾਲ ਸੱਕੇ, ਫਿਰ ਕਿਵੇਂ ਏਹ ਭਵਨ ਜੋ ਮੈਂ ਬਣਾਇਆ?”—1 ਰਾਜਿਆਂ 8:27.
ਯਹੋਵਾਹ ਨੇ ਆਪਣੇ ਨਬੀ ਯਸਾਯਾਹ ਦੇ ਜ਼ਰੀਏ ਕਿਹਾ: ਯਸਾਯਾਹ 56:7) ਉਸ ਭਵਨ ਵਿਚ ਚੜ੍ਹਾਵੇ ਚੜ੍ਹਾ ਕੇ, ਪ੍ਰਾਰਥਨਾਵਾਂ ਕਰ ਕੇ ਅਤੇ ਹੋਰ ਰਸਮਾਂ ਪੂਰੀਆਂ ਕਰ ਕੇ ਯਹੂਦੀ ਅਤੇ ਗ਼ੈਰ-ਯਹੂਦੀ ਲੋਕ ਦਿਲ ਵਿਚ ਯਹੋਵਾਹ ਲਈ ਸ਼ਰਧਾ ਪੈਦਾ ਕਰਨ ਦੁਆਰਾ ਯਹੋਵਾਹ ਦੇ ਨੇੜੇ ਆ ਸਕਦੇ ਸਨ। ਪਰਮੇਸ਼ੁਰ ਦੇ ਘਰ ਭਗਤੀ ਕਰ ਕੇ ਉਹ ਉਸ ਨਾਲ ਦੋਸਤੀ ਕਰ ਸਕਦੇ ਸਨ ਅਤੇ ਸੁਰੱਖਿਅਤ ਰਹਿ ਸਕਦੇ ਸਨ। ਇਹ ਅਸੀਂ ਭਵਨ ਦੇ ਉਦਘਾਟਨ ਵੇਲੇ ਕੀਤੀ ਸੁਲੇਮਾਨ ਦੀ ਪ੍ਰਾਰਥਨਾ ਤੋਂ ਦੇਖ ਸਕਦੇ ਹਾਂ ਜਿਸ ਨੂੰ ਤੁਸੀਂ 1 ਰਾਜਿਆਂ 8:22-53 ਅਤੇ 2 ਇਤਹਾਸ 6:12-42 ਵਿਚ ਪੜ੍ਹ ਸਕਦੇ ਹੋ।
“ਮੇਰਾ ਘਰ ਤਾਂ ਸਾਰਿਆਂ ਲੋਕਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ।” (ਭਾਵੇਂ ਕਈ ਸਦੀਆਂ ਪਹਿਲਾਂ ਇਸ ਭਵਨ ਨੂੰ ਨਾਸ਼ ਕਰ ਦਿੱਤਾ ਗਿਆ ਸੀ, ਫਿਰ ਵੀ ਬਾਈਬਲ ਵਿਚ ਇਕ ਅਜਿਹੇ ਸਮੇਂ ਬਾਰੇ ਦੱਸਿਆ ਗਿਆ ਹੈ ਜਦੋਂ ਸਾਰੀਆਂ ਕੌਮਾਂ ਦੇ ਲੋਕ ਯਹੋਵਾਹ ਦੀ ਭਗਤੀ ਕਰਨ ਲਈ ਉਸ ਦੇ ਰੂਹਾਨੀ ਭਵਨ ਵਿਚ ਇਕੱਠੇ ਹੋਣਗੇ। (ਯਸਾਯਾਹ 2:2) ਇਸ ਭਵਨ ਵਿਚ ਲੋਕ ਪਹਿਲਾਂ ਵਾਂਗ ਜਾਨਵਰਾਂ ਦੇ ਬਲੀਦਾਨਾਂ ਦੇ ਜ਼ਰੀਏ ਨਹੀਂ, ਸਗੋਂ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਦੇ ਬਲੀਦਾਨ ਦੇ ਜ਼ਰੀਏ ਯਹੋਵਾਹ ਦੀ ਭਗਤੀ ਕਰ ਸਕਣਗੇ। (ਯੂਹੰਨਾ 14:6; ਇਬਰਾਨੀਆਂ 7:27; 9:12) ਯਹੋਵਾਹ ਦੇ ਗਵਾਹ ਅੱਜ ਇਸ ਤਰੀਕੇ ਨਾਲ ਪਰਮੇਸ਼ੁਰ ਦੀ ਭਗਤੀ ਕਰ ਰਹੇ ਹਨ ਅਤੇ ਉਹ ਹੋਰਨਾਂ ਲੋਕਾਂ ਦੀ ਵੀ ਇਸ ਤਰ੍ਹਾਂ ਕਰਨ ਵਿਚ ਮਦਦ ਕਰ ਰਹੇ ਹਨ।
ਅੱਜ ਵੀ ਭਗਤੀ ਦੀਆਂ ਥਾਵਾਂ ਦੀ ਉਸਾਰੀ ਕੀਤੀ ਜਾਂਦੀ ਹੈ
ਦੁਨੀਆਂ ਦੇ ਕੋਨੇ-ਕੋਨੇ ਵਿਚ ਯਹੋਵਾਹ ਦੇ ਗਵਾਹ ਉਸ ਦੀ ਭਗਤੀ ਕਰਦੇ ਹਨ। ਉਹ “ਇੱਕ ਬਲਵੰਤ ਕੌਮ” ਹਨ ਤੇ ਉਨ੍ਹਾਂ ਦੀ ਗਿਣਤੀ ਵਿਚ ਦਿਨ-ਰਾਤ ਵਾਧਾ ਹੋ ਰਿਹਾ ਹੈ। (ਯਸਾਯਾਹ 60:22) ਆਮ ਕਰਕੇ ਯਹੋਵਾਹ ਦੇ ਗਵਾਹ ਆਪਣੀ ਭਗਤੀ ਦੀ ਥਾਂ ਨੂੰ ਕਿੰਗਡਮ ਹਾਲ ਕਹਿੰਦੇ ਹਨ। ਦੁਨੀਆਂ ਭਰ ਵਿਚ ਕਈ ਹਜ਼ਾਰ ਕਿੰਗਡਮ ਹਾਲ ਭਗਤੀ ਕਰਨ ਲਈ ਵਰਤੇ ਜਾ ਰਹੇ ਹਨ, ਪਰ ਅਜੇ ਵੀ ਹਜ਼ਾਰਾਂ ਹੀ ਨਵੇਂ ਕਿੰਗਡਮ ਹਾਲ ਬਣਾਉਣ ਦੀ ਲੋੜ ਹੈ।
ਇਨ੍ਹਾਂ ਕਿੰਗਡਮ ਹਾਲਾਂ ਦੀ ਉਸਾਰੀ ਕਰਨ ਵਾਸਤੇ ਯਹੋਵਾਹ ਦੇ ਗਵਾਹ “ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ।” (ਜ਼ਬੂਰਾਂ ਦੀ ਪੋਥੀ 110:3) ਪਰ ਕਈ ਵਾਰ ਇੱਦਾਂ ਹੁੰਦਾ ਹੈ ਕਿ ਜਿਨ੍ਹਾਂ ਇਲਾਕਿਆਂ ਵਿਚ ਇਨ੍ਹਾਂ ਹਾਲਾਂ ਦੀ ਡਾਢੀ ਲੋੜ ਹੁੰਦੀ ਹੈ, ਉੱਥੇ ਗ਼ਰੀਬੀ ਵੀ ਬਹੁਤ ਹੁੰਦੀ ਹੈ ਤੇ ਉੱਥੇ ਰਹਿਣ ਵਾਲੇ ਭੈਣ-ਭਰਾਵਾਂ ਵਿਚ ਉਸਾਰੀ ਕਰਨ ਦੇ ਹੁਨਰਾਂ ਦੀ ਵੀ ਘਾਟ ਹੁੰਦੀ ਹੈ। ਇਸੇ ਕਰਕੇ 1999 ਵਿਚ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਨੇ ਇਨ੍ਹਾਂ ਮੁਸ਼ਕਲਾਂ ਦਾ ਹੱਲ ਕਰਨ ਲਈ ਕਿੰਗਡਮ ਹਾਲ ਉਸਾਰੀ ਪ੍ਰੋਗ੍ਰਾਮ ਸ਼ੁਰੂ ਕੀਤਾ ਸੀ। ਜਿਹੜੇ ਭੈਣ-ਭਰਾ ਉਸਾਰੀ ਦੇ ਕੰਮ ਵਿਚ ਕੁਸ਼ਲ ਹਨ, ਉਹ ਇਸ ਪ੍ਰੋਗ੍ਰਾਮ ਦੇ ਜ਼ਰੀਏ ਹੋਰਨਾਂ ਭੈਣ-ਭਰਾਵਾਂ ਨੂੰ ਸਿਖਲਾਈ ਦੇਣ ਲਈ ਦੂਰ-ਦੂਰ ਤਕ ਗਏ ਹਨ। ਫਿਰ ਜਿਨ੍ਹਾਂ ਨੇ ਇਹ ਨਵੀਂ ਕਾਰੀਗਰੀ ਸਿੱਖੀ, ਉਹ ਆਪਣੇ ਇਲਾਕੇ ਵਿਚ ਕਿੰਗਡਮ ਹਾਲਾਂ ਦੀ ਉਸਾਰੀ ਦਾ ਕੰਮ ਕਰਨ ਵਿਚ ਰੁੱਝ ਗਏ। ਇਸ ਜਤਨ ਦਾ ਕਿਹੋ ਜਿਹਾ ਨਤੀਜਾ ਨਿਕਲਿਆ ਹੈ?
ਫਰਵਰੀ 2006 ਤਕ ਯਹੋਵਾਹ ਦੇ ਗਵਾਹਾਂ ਨੇ ਗ਼ਰੀਬ ਦੇਸ਼ਾਂ ਵਿਚ 13,000 ਤੋਂ ਜ਼ਿਆਦਾ ਕਿੰਗਡਮ ਹਾਲ ਬਣਾ ਲਏ ਸਨ। ਆਓ ਆਪਾਂ ਦੇਖੀਏ ਕਿ ਇਨ੍ਹਾਂ ਹਾਲਾਂ ਵਿਚ ਭਗਤੀ ਕਰਨ ਵਾਸਤੇ ਜਾਣ ਵਾਲੇ ਲੋਕ ਕੀ ਕਹਿੰਦੇ ਹਨ।
“ਆਮ ਤੌਰ ਤੇ ਸਾਡੀਆਂ ਮੀਟਿੰਗਾਂ ਵਿਚ ਪਹਿਲਾਂ 160 ਕੁ ਲੋਕ ਆਇਆ ਕਰਦੇ ਸਨ। ਪਰ ਨਵੇਂ ਕਿੰਗਡਮ ਹਾਲ ਦੀ ਉਸਾਰੀ ਤੋਂ ਬਾਅਦ ਹੋਈ ਪਹਿਲੀ ਮੀਟਿੰਗ ਵਿਚ 200 ਲੋਕ ਹਾਜ਼ਰ ਹੋਏ। ਹੁਣ ਛੇ ਮਹੀਨਿਆਂ ਬਾਅਦ ਤਕਰੀਬਨ 230 ਲੋਕ ਆਉਂਦੇ ਹਨ। ਅਸੀਂ ਇਨ੍ਹਾਂ ਸਾਦੇ ਤੇ ਉਪਯੋਗੀ ਹਾਲਾਂ ਉੱਤੇ ਸੱਚ-ਮੁੱਚ ਯਹੋਵਾਹ ਦੀ ਬਰਕਤ ਦੇਖ ਸਕਦੇ ਹਾਂ।”—ਇਕਵੇਡਾਰ ਦਾ ਇਕ ਸਰਕਟ ਨਿਗਾਹਬਾਨ।
“ਕਈ ਸਾਲਾਂ ਤੋਂ ਲੋਕ ਸਾਨੂੰ ਪੁੱਛਦੇ ਆ ਰਹੇ ਸਨ ਕਿ ‘ਤੁਹਾਡੇ ਕੋਲ ਉਸ ਤਰ੍ਹਾਂ ਦਾ ਕਿੰਗਡਮ ਹਾਲ ਕਦੋਂ ਹੋਵੇਗਾ ਜਿਹੋ ਜਿਹੇ ਤੁਹਾਡੇ ਰਸਾਲਿਆਂ ਵਿਚ ਦਿਖਾਏ ਗਏ ਹਨ?’ ਅਸੀਂ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕਰਦੇ ਹਾਂ ਕਿ ਹੁਣ ਸਾਡੇ ਕੋਲ ਵੀ ਉਸ ਦੀ ਭਗਤੀ ਕਰਨ ਲਈ ਇਕ ਸੋਹਣੀ ਜਗ੍ਹਾ ਹੈ। ਪਹਿਲਾਂ ਅਸੀਂ ਇਕ ਭਰਾ ਦੀ ਦੁਕਾਨ ਵਿਚ ਮੀਟਿੰਗਾਂ ਕਰਿਆ ਕਰਦੇ ਸੀ ਤੇ ਉੱਥੇ ਔਸਤਨ 30 ਕੁ ਲੋਕ ਆਇਆ ਕਰਦੇ ਸਨ। ਪਰ ਨਵੇਂ ਕਿੰਗਡਮ ਹਾਲ ਵਿਚ ਹੋਈ ਪਹਿਲੀ ਮੀਟਿੰਗ ਵਿਚ ਹੀ 110 ਲੋਕ ਹਾਜ਼ਰ ਹੋਏ।”—ਯੂਗਾਂਡਾ ਦੀ ਇਕ ਕਲੀਸਿਯਾ।
“ਪਾਇਨੀਅਰੀ ਕਰ ਰਹੀਆਂ ਦੋ ਭੈਣਾਂ ਨੇ ਰਿਪੋਰਟ ਕੀਤਾ ਕਿ ਜਦ ਤੋਂ ਉਨ੍ਹਾਂ ਦਾ ਨਵਾਂ ਕਿੰਗਡਮ ਹਾਲ ਬਣਿਆ ਹੈ, ਉਨ੍ਹਾਂ ਨੂੰ ਪ੍ਰਚਾਰ ਕਰਨਾ ਬਹੁਤ ਹੀ ਚੰਗਾ ਲੱਗਦਾ ਹੈ। ਉਹ ਦੱਸਦੀਆਂ ਹਨ
ਕਿ ਜਦੋਂ ਉਹ ਘਰ-ਘਰ ਪ੍ਰਚਾਰ ਕਰਦੀਆਂ ਹਨ ਜਾਂ ਹੋਰ ਕਿਤੇ ਲੋਕਾਂ ਨਾਲ ਪਰਮੇਸ਼ੁਰ ਬਾਰੇ ਗੱਲ ਕਰਦੀਆਂ ਹਨ, ਤਾਂ ਲੋਕ ਪਹਿਲਾਂ ਨਾਲੋਂ ਜ਼ਿਆਦਾ ਉਨ੍ਹਾਂ ਦੀ ਗੱਲ ਸੁਣਦੇ ਹਨ। ਇਹ ਭੈਣਾਂ 17 ਲੋਕਾਂ ਨੂੰ ਬਾਈਬਲ ਸਟੱਡੀਆਂ ਕਰਾ ਰਹੀਆਂ ਹਨ ਜਿਨ੍ਹਾਂ ਵਿੱਚੋਂ ਕਈ ਜਣੇ ਹੁਣ ਮੀਟਿੰਗਾਂ ਵਿਚ ਆ ਰਹੇ ਹਨ।”—ਸੋਲਮਨ ਦੀਪ-ਸਮੂਹ ਦਾ ਬ੍ਰਾਂਚ ਆਫ਼ਿਸ।“ਨਵੇਂ ਕਿੰਗਡਮ ਹਾਲ ਦੇ ਲਾਗੇ ਰਹਿਣ ਵਾਲੇ ਇਕ ਪਾਦਰੀ ਨੇ ਕਿਹਾ ਕਿ ਇਸ ਹਾਲ ਦੇ ਬਣਨ ਨਾਲ ਉਨ੍ਹਾਂ ਦੇ ਇਲਾਕੇ ਦੀ ਸ਼ਾਨ ਵਧ ਗਈ ਹੈ ਅਤੇ ਆਂਢ-ਗੁਆਂਢ ਦੇ ਲੋਕ ਇਸ ਕਾਰਨ ਬਹੁਤ ਖ਼ੁਸ਼ ਹਨ। ਜਿਹੜਾ ਵੀ ਹਾਲ ਦੇ ਲਾਗਿਓਂ ਲੰਘਦਾ ਹੈ, ਉਹ ਇਹੋ ਕਹਿੰਦਾ ਹੈ ਕਿ ਇਹ ਹਾਲ ਕਿੰਨਾ ਸੋਹਣਾ ਹੈ। ਇੰਜ ਸਾਡੇ ਭੈਣ-ਭਾਈਆਂ ਨੂੰ ਯਹੋਵਾਹ ਬਾਰੇ ਗਵਾਹੀ ਦੇਣ ਦਾ ਮੌਕਾ ਮਿਲ ਜਾਂਦਾ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਹੁਣ ਸਾਡੇ ਵਿਸ਼ਵ-ਵਿਆਪੀ ਭਾਈਚਾਰੇ ਬਾਰੇ ਜਾਣਨਾ ਚਾਹੁੰਦੇ ਹਨ। ਕਈ ਜਿਨ੍ਹਾਂ ਨੇ ਸਾਲਾਂ ਤੋਂ ਮੀਟਿੰਗਾਂ ਵਿਚ ਆਉਣਾ ਛੱਡ ਦਿੱਤਾ ਸੀ, ਹੁਣ ਦੁਬਾਰਾ ਮੀਟਿੰਗਾਂ ਵਿਚ ਆਉਣ ਲੱਗ ਪਏ ਹਨ।”—ਮਨਮਾਰ ਦਾ ਬ੍ਰਾਂਚ ਆਫ਼ਿਸ।
“ਪ੍ਰਚਾਰ ਕਰਦੇ ਵੇਲੇ ਇਕ ਭੈਣ ਨੇ ਇਕ ਆਦਮੀ ਨੂੰ ਕਿੰਗਡਮ ਹਾਲ ਦੀ ਉਸਾਰੀ ਹੁੰਦੀ ਦੇਖਣ ਲਈ ਕਿਹਾ ਕਿਉਂਕਿ ਉਹ ਉਸ ਥਾਂ ਦੇ ਲਾਗੇ ਹੀ ਰਹਿੰਦਾ ਸੀ। ਬਾਅਦ ਵਿਚ ਉਸ ਆਦਮੀ ਨੇ ਕਿਹਾ: ‘ਮੈਂ ਸੋਚਿਆ ਸੀ ਕਿ ਉੱਥੇ ਕੰਮ ਕਰਨ ਵਾਲੇ ਮੈਨੂੰ ਅੰਦਰ ਨਹੀਂ ਵੜਨ ਦੇਣਗੇ। ਪਰ ਮੈਂ ਹੈਰਾਨ ਰਹਿ ਗਿਆ ਕਿਉਂਕਿ ਉਹ ਮੈਨੂੰ ਖਿੜੇ-ਮੱਥੇ ਮਿਲੇ। ਆਦਮੀ ਅਤੇ ਔਰਤਾਂ ਸਮਾਂ ਬਰਬਾਦ ਕਰਨ ਦੀ ਬਜਾਇ ਮਿਹਨਤ ਨਾਲ ਕੰਮ ਕਰ ਰਹੇ ਸਨ। ਸਾਰੇ ਬੜੇ ਖ਼ੁਸ਼ ਨਜ਼ਰ ਆ ਰਹੇ ਸਨ ਤੇ ਕੋਈ ਝਗੜ ਨਹੀਂ ਰਿਹਾ ਸੀ।’ ਬਾਅਦ ਵਿਚ ਉਹ ਆਦਮੀ ਬਾਈਬਲ ਦੀ ਸਟੱਡੀ ਕਰਨ ਲੱਗ ਪਿਆ ਤੇ ਫਿਰ ਮੀਟਿੰਗਾਂ ਵਿਚ ਵੀ ਆਉਣ ਲੱਗ ਪਿਆ। ਫਿਰ ਉਸ ਨੇ ਕਿਹਾ: ‘ਮੇਰੀ ਸੋਚ ਬਦਲ ਗਈ ਹੈ। ਹੁਣ ਮੈਨੂੰ ਰੱਬ ਮਿਲ ਗਿਆ ਹੈ ਤੇ ਉਸ ਨੂੰ ਮੈਂ ਛੱਡਣ ਵਾਲਾ ਨਹੀਂ ਹਾਂ।’”—ਕੋਲੰਬੀਆ ਦਾ ਬ੍ਰਾਂਚ ਆਫ਼ਿਸ।
ਅਸੀਂ ਸਾਰੇ ਹਿੱਸਾ ਲੈ ਸਕਦੇ ਹਾਂ
ਕਿੰਗਡਮ ਹਾਲਾਂ ਦੀ ਉਸਾਰੀ ਕਰਨੀ ਸਾਡੀ ਪਵਿੱਤਰ ਭਗਤੀ ਦਾ ਇਕ ਜ਼ਰੂਰੀ ਹਿੱਸਾ ਹੈ। ਦੁਨੀਆਂ ਭਰ ਵਿਚ ਸਾਡੇ ਭੈਣ-ਭਾਈਆਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਦਾਨ ਦੇ ਕੇ ਜਾਂ ਹੋਰ ਤਰੀਕਿਆਂ ਨਾਲ ਇਸ ਕੰਮ ਵਿਚ ਹਿੱਸਾ ਲਿਆ ਹੈ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੀ ਭਗਤੀ ਵਿਚ ਹੋਰ ਵੀ ਬਹੁਤ ਕੁਝ ਕਰਨਾ ਸ਼ਾਮਲ ਹੈ। ਕਈ ਵਾਰ ਸਾਡੇ ਭੈਣ-ਭਾਈ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਹੋ ਜਾਂਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੁੰਦੀ ਹੈ। ਬਾਈਬਲ ਦੇ ਸਾਹਿੱਤ ਦੀ ਛਪਾਈ ਵੀ ਸਾਡੀ ਭਗਤੀ ਦਾ ਹਿੱਸਾ ਹੈ। ਸਾਡੇ ਵਿੱਚੋਂ ਕਈਆਂ ਨੇ ਦੇਖਿਆ ਹੈ ਕਿ ਜਦ ਕਿਸੇ ਰੂਹਾਨੀ ਤੌਰ ਤੇ ਭੁੱਖੇ ਇਨਸਾਨ ਨੂੰ ਬਾਈਬਲ ਬਾਰੇ ਰਸਾਲਾ ਜਾਂ ਕਿਤਾਬ ਮਿਲਦੀ ਹੈ, ਤਾਂ ਬਾਈਬਲ ਦੇ ਸੰਦੇਸ਼ ਦਾ ਉਸ ਉੱਤੇ ਜ਼ਬਰਦਸਤ ਅਸਰ ਹੁੰਦਾ ਹੈ। ਇਸ ਤੋਂ ਇਲਾਵਾ, ਭੈਣ-ਭਰਾਵਾਂ ਦੁਆਰਾ ਦਿੱਤੇ ਦਾਨ ਨਾਲ ਮਿਸ਼ਨਰੀਆਂ, ਸਫ਼ਰੀ ਨਿਗਾਹਬਾਨਾਂ ਤੇ ਬੈਥਲ ਵਿਚ ਸੇਵਾ ਕਰਨ ਵਾਲੇ ਭੈਣ-ਭਾਈਆਂ ਦੀਆਂ ਲੋੜਾਂ ਵੀ ਪੂਰੀਆਂ ਕੀਤੀਆਂ ਜਾਂਦੀਆਂ ਹਨ। ਅਜਿਹੇ ਆਤਮ-ਤਿਆਗੀ ਭੈਣ-ਭਾਈਆਂ ਸਦਕਾ ਅੱਜ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਦੂਰ-ਦੂਰ ਤਕ ਹੋ ਰਿਹਾ ਹੈ।
ਪ੍ਰਾਚੀਨ ਸਮੇਂ ਵਿਚ ਯਹੋਵਾਹ ਦੇ ਭਵਨ ਦੀ ਉਸਾਰੀ ਕਰਨ ਵਿਚ ਹਿੱਸਾ ਲੈਣ ਵਾਲਿਆਂ ਨੇ ਬੜਾ ਆਨੰਦ ਮਾਣਿਆ ਸੀ। (1 ਇਤਹਾਸ 29:9) ਅੱਜ ਅਸੀਂ ਵੀ ਦਾਨ ਦੇ ਕੇ ਸੱਚੀ ਭਗਤੀ ਵਿਚ ਯੋਗਦਾਨ ਪਾਉਂਦੇ ਹਾਂ ਜਿਸ ਨਾਲ ਸਾਨੂੰ ਵੀ ਖ਼ੁਸ਼ੀ ਮਿਲਦੀ ਹੈ। (ਰਸੂਲਾਂ ਦੇ ਕਰਤੱਬ 20:35) ਅਸੀਂ ਕਿੰਗਡਮ ਹਾਲ ਫ਼ੰਡ ਲਈ ਅਤੇ ਦੁਨੀਆਂ ਭਰ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਲਈ ਹਾਲ ਵਿਚ ਰੱਖੀਆਂ ਦਾਨ-ਪੇਟੀਆਂ ਵਿਚ ਦਾਨ ਪਾ ਸਕਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਖ਼ੁਸ਼ ਹੋ ਸਕਦੇ ਹਾਂ ਕਿਉਂਕਿ ਇਹ ਦਾਨ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਫੈਲਾਉਣ ਦੇ ਕੰਮ ਵਾਸਤੇ ਵਰਤਿਆ ਜਾਂਦਾ ਹੈ। ਯਹੋਵਾਹ ਦੇ ਗਵਾਹ ਇਕ ਹੋ ਕੇ ਸ਼ਾਨਦਾਰ ਤਰੀਕੇ ਨਾਲ ਆਪਣੇ ਪਰਮੇਸ਼ੁਰ ਦੀ ਭਗਤੀ ਕਰ ਰਹੇ ਹਨ। ਇਸ ਪਵਿੱਤਰ ਭਗਤੀ ਵਿਚ ਯੋਗਦਾਨ ਪਾ ਕੇ ਆਓ ਆਪਾਂ ਸਾਰੇ ਖ਼ੁਸ਼ੀ ਮਨਾਈਏ।
[ਸਫ਼ੇ 20, 21 ਉੱਤੇ ਡੱਬੀ/ਤਸਵੀਰ]
ਕੁਝ ਲੋਕ ਇਨ੍ਹਾਂ ਤਰੀਕਿਆਂ ਨਾਲ ਦਾਨ ਦੇਣਾ ਪਸੰਦ ਕਰਦੇ ਹਨ
ਦੁਨੀਆਂ ਭਰ ਵਿਚ ਕੀਤੇ ਜਾਂਦੇ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਲਈ ਦਾਨ
ਕਈ ਲੋਕ ਦਾਨ ਦੇਣ ਲਈ ਕੁਝ ਪੈਸਾ ਵੱਖਰਾ ਰੱਖਦੇ ਹਨ। ਉਹ ਇਹ ਪੈਸਾ ਦਾਨ-ਪੇਟੀਆਂ ਵਿਚ ਪਾਉਂਦੇ ਹਨ ਜਿਨ੍ਹਾਂ ਉੱਤੇ ਲਿਖਿਆ ਹੁੰਦਾ ਹੈ: “ਦੁਨੀਆਂ ਭਰ ਵਿਚ ਕੀਤੇ ਜਾਂਦੇ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਲਈ ਦਾਨ—ਮੱਤੀ 24:14.”
ਹਰ ਮਹੀਨੇ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨੂੰ ਇਹ ਦਾਨ ਭੇਜ ਦਿੰਦੀਆਂ ਹਨ। ਜੇ ਕੋਈ ਚਾਹੇ, ਤਾਂ ਉਹ ਆਪ ਪੈਸੇ ਬ੍ਰਾਂਚ ਆਫ਼ਿਸ ਨੂੰ ਭੇਜ ਸਕਦਾ ਹੈ। ਬ੍ਰਾਂਚ ਆਫ਼ਿਸਾਂ ਦੇ ਪਤੇ ਇਸ ਰਸਾਲੇ ਦੇ ਦੂਜੇ ਸਫ਼ੇ ਤੇ ਦਿੱਤੇ ਗਏ ਹਨ। ਚੈੱਕ “Watch Tower” ਦੇ ਨਾਂ ਤੇ ਬਣਾਏ ਜਾਣੇ ਚਾਹੀਦੇ ਹਨ। ਗਹਿਣੇ ਜਾਂ ਹੋਰ ਕੀਮਤੀ ਵਸਤਾਂ ਵੀ ਦਾਨ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਚੀਜ਼ਾਂ ਦੇ ਨਾਲ ਇਕ ਛੋਟੀ ਜਿਹੀ ਚਿੱਠੀ ਵਿਚ ਦੱਸਿਆ ਜਾਣਾ ਚਾਹੀਦਾ ਹੈ ਕਿ ਇਹ ਸ਼ਰਤ-ਰਹਿਤ ਤੋਹਫ਼ੇ ਹਨ।
ਸ਼ਰਤੀਆ ਦਾਨ ਪ੍ਰਬੰਧ
ਇਸ ਖ਼ਾਸ ਪ੍ਰਬੰਧ ਅਧੀਨ ਕੋਈ ਵੀ ਭੈਣ-ਭਰਾ ਆਪਣੇ ਪੈਸੇ Watch Tower ਦੀ ਅਮਾਨਤ ਦੇ ਤੌਰ ਤੇ ਟ੍ਰੱਸਟ ਵਿਚ ਰਖਵਾ ਸਕਦਾ ਹੈ। ਪਰ ਉਹ ਜਦੋਂ ਚਾਹੇ, ਆਪਣੇ ਪੈਸੇ ਵਾਪਸ ਲੈ ਸਕਦਾ ਹੈ। ਹੋਰ ਜਾਣਕਾਰੀ ਲਈ, ਕਿਰਪਾ ਕਰ ਕੇ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰੋ।
ਦਾਨ ਦੇਣ ਦੇ ਤਰੀਕੇ
ਆਪਣੀ ਇੱਛਾ ਨਾਲ ਰੁਪਏ-ਪੈਸੇ ਦਾਨ ਕਰਨ ਤੋਂ ਇਲਾਵਾ, ਰਾਜ ਦੇ ਵਿਸ਼ਵ-ਵਿਆਪੀ ਪ੍ਰਚਾਰ ਦੇ ਕੰਮ ਲਈ ਦਾਨ ਦੇਣ ਦੇ ਹੋਰ ਵੀ ਕਈ ਤਰੀਕੇ ਹਨ। ਇਨ੍ਹਾਂ ਵਿੱਚੋਂ ਕੁਝ ਤਰੀਕੇ ਹੇਠਾਂ ਦੱਸੇ ਗਏ ਹਨ:
ਬੀਮਾ: Watch Tower ਨੂੰ ਜੀਵਨ ਬੀਮਾ ਪਾਲਸੀ ਜਾਂ ਰੀਟਾਇਰਮੈਂਟ/ਪੈਨਸ਼ਨ ਯੋਜਨਾ ਦਾ ਲਾਭ-ਪਾਤਰ ਬਣਾਇਆ ਜਾ ਸਕਦਾ ਹੈ।
ਬੈਂਕ ਖਾਤੇ: ਸਥਾਨਕ ਬੈਂਕ ਦੇ ਨਿਯਮਾਂ ਮੁਤਾਬਕ ਬੈਂਕ ਖਾਤੇ, ਫ਼ਿਕਸਡ ਡਿਪਾਜ਼ਿਟ ਖਾਤੇ ਜਾਂ ਰੀਟਾਇਰਮੈਂਟ ਖਾਤੇ Watch Tower ਲਈ ਟ੍ਰੱਸਟ ਵਿਚ ਰੱਖੇ ਜਾ ਸਕਦੇ ਹਨ ਜਾਂ Watch Tower ਦੇ ਨਾਂ ਲਿਖਵਾਏ ਜਾ ਸਕਦੇ ਹਨ।
ਸਟਾਕ ਅਤੇ ਬਾਂਡ: ਸਟਾਕ ਅਤੇ ਬਾਂਡ Watch Tower ਨੂੰ ਬਿਨਾਂ ਕਿਸੇ ਸ਼ਰਤ ਦੇ ਤੋਹਫ਼ੇ ਵਜੋਂ ਦਾਨ ਕੀਤੇ ਜਾ ਸਕਦੇ ਹਨ।
ਜ਼ਮੀਨ-ਜਾਇਦਾਦ: ਵਿਕਾਊ ਜ਼ਮੀਨ-ਜਾਇਦਾਦ ਬਿਨਾਂ ਸ਼ਰਤ ਤੋਹਫ਼ੇ ਵਜੋਂ ਦਾਨ ਕੀਤੀ ਜਾ ਸਕਦੀ ਹੈ ਜਾਂ ਫਿਰ ਦਾਨਕਰਤਾ ਆਪਣਾ ਮਕਾਨ ਇਸ ਸ਼ਰਤ ਤੇ ਦਾਨ ਕਰ ਸਕਦਾ ਹੈ ਕਿ ਉਹ ਆਪਣੇ ਜੀਉਂਦੇ-ਜੀ ਉੱਥੇ ਹੀ ਰਹੇਗਾ। ਇਸ ਮਾਮਲੇ ਵਿਚ ਕੁਝ ਵੀ ਕਰਨ ਤੋਂ ਪਹਿਲਾਂ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰੋ।
ਗਿਫ਼ਟ ਐਨਯੂਟੀ: ਇਸ ਪ੍ਰਬੰਧ ਅਧੀਨ ਕੋਈ ਵੀ ਭੈਣ-ਭਰਾ ਆਪਣਾ ਪੈਸਾ ਜਾਂ ਸਟਾਕ ਤੇ ਬਾਂਡਸ Watch Tower ਦੇ ਨਾਂ ਲਿਖਵਾ ਦਿੰਦਾ ਹੈ। ਇਸ ਦੇ ਬਦਲੇ ਵਿਚ ਉਸ ਨੂੰ ਜਾਂ ਉਸ ਵੱਲੋਂ ਨਿਯੁਕਤ ਕੀਤੇ ਗਏ ਵਿਅਕਤੀ ਨੂੰ ਜ਼ਿੰਦਗੀ ਭਰ ਲਈ ਹਰ ਸਾਲ ਇਕ ਬੱਝਵੀਂ ਰਕਮ ਦਿੱਤੀ ਜਾਵੇਗੀ। ਜਿਸ ਸਾਲ ਇਹ ਪ੍ਰਬੰਧ ਸ਼ੁਰੂ ਹੋਵੇਗਾ, ਉਸੇ ਸਾਲ ਤੋਂ ਦਾਨ ਦੇਣ ਵਾਲੇ ਨੂੰ ਇਨਕਮ ਟੈਕਸ ਵਿਚ ਛੋਟ ਮਿਲਣੀ ਸ਼ੁਰੂ ਹੋ ਜਾਵੇਗੀ।
ਵਸੀਅਤ ਅਤੇ ਟ੍ਰੱਸਟ: ਕਾਨੂੰਨੀ ਵਸੀਅਤ ਰਾਹੀਂ ਜ਼ਮੀਨ-ਜਾਇਦਾਦ ਜਾਂ ਪੈਸੇ Watch Tower ਦੇ ਨਾਂ ਲਿਖਵਾਏ ਜਾ ਸਕਦੇ ਹਨ ਜਾਂ Watch Tower ਨੂੰ ਟ੍ਰੱਸਟ ਦੇ ਇਕਰਾਰਨਾਮੇ ਦਾ ਲਾਭ-ਪਾਤਰ ਬਣਾਇਆ ਜਾ ਸਕਦਾ ਹੈ। ਕੁਝ ਦੇਸ਼ਾਂ ਵਿਚ ਕਿਸੇ ਧਾਰਮਿਕ ਸੰਗਠਨ ਨੂੰ ਪੈਸੇ ਦਾਨ ਕਰਨ ਵਾਲੇ ਟ੍ਰੱਸਟ ਨੂੰ ਟੈਕਸ ਵਿਚ ਛੋਟ ਮਿਲ ਸਕਦੀ ਹੈ, ਪਰ ਭਾਰਤ ਵਿਚ ਛੋਟ ਨਹੀਂ ਮਿਲਦੀ।
ਇਨ੍ਹਾਂ ਤਰੀਕਿਆਂ ਨਾਲ ਦਾਨ ਕਰਨ ਲਈ ਇਕ ਵਿਅਕਤੀ ਨੂੰ ਸੋਚ-ਸਮਝ ਕੇ ਯੋਜਨਾ ਬਣਾਉਣੀ ਪਵੇਗੀ। ਜਿਹੜੇ ਵਿਅਕਤੀ ਯਹੋਵਾਹ ਦੇ ਗਵਾਹਾਂ ਦੇ ਵਿਸ਼ਵ-ਵਿਆਪੀ ਕੰਮ ਵਿਚ ਇਨ੍ਹਾਂ ਤਰੀਕਿਆਂ ਨਾਲ ਮਦਦ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਅੰਗ੍ਰੇਜ਼ੀ ਅਤੇ ਸਪੇਨੀ ਭਾਸ਼ਾਵਾਂ ਵਿਚ Charitable Planning to Benefit Kingdom Service Worldwide ਨਾਮਕ ਬਰੋਸ਼ਰ ਤਿਆਰ ਕੀਤਾ ਗਿਆ ਹੈ। ਇਸ ਬਰੋਸ਼ਰ ਵਿਚ ਵੱਖ-ਵੱਖ ਤਰੀਕਿਆਂ ਨਾਲ ਦਾਨ ਕਰਨ ਜਾਂ ਵਸੀਅਤ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਬਰੋਸ਼ਰ ਨੂੰ ਪੜ੍ਹਨ ਮਗਰੋਂ ਅਤੇ ਆਪਣੇ ਵਕੀਲਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਦਾਨ ਦੇ ਕੇ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਕੀਤੇ ਜਾਂਦੇ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਵਿਚ ਮਦਦ ਕੀਤੀ ਹੈ ਤੇ ਨਾਲੋ-ਨਾਲ ਉਨ੍ਹਾਂ ਨੂੰ ਟੈਕਸ ਵਿਚ ਛੋਟ ਮਿਲੀ ਹੈ।
ਹੋਰ ਜਾਣਕਾਰੀ ਲਈ ਆਪਣੇ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਜਾਂ ਹੇਠਾਂ ਦਿੱਤੇ ਗਏ ਪਤੇ ਤੇ ਲਿਖੋ ਜਾਂ ਟੈਲੀਫ਼ੋਨ ਕਰੋ।
Jehovah’s Witnesses,
Post Box 6440,
Yelahanka,
Bangalore 560 064, Karnataka.
Telephone: (080) 28468072
[ਸਫ਼ਾ 18 ਉੱਤੇ ਤਸਵੀਰ]
ਸਾਡੇ ਸਾਰਿਆਂ ਦੇ ਜਤਨਾਂ ਸਦਕਾ ਦੁਨੀਆਂ ਭਰ ਵਿਚ ਸੋਹਣੇ ਕਿੰਗਡਮ ਹਾਲ ਬਣਾਏ ਜਾਂਦੇ ਹਨ
[ਸਫ਼ਾ 18 ਉੱਤੇ ਤਸਵੀਰ]
ਘਾਨਾ ਵਿਚ ਇਕ ਨਵਾਂ ਕਿੰਗਡਮ ਹਾਲ