Skip to content

Skip to table of contents

ਪਰਮੇਸ਼ੁਰ ਦਾ ਭੈ ਅਤੇ ਨਿਹਚਾ ਰੱਖ ਕੇ ਹਿੰਮਤੀ ਬਣੋ

ਪਰਮੇਸ਼ੁਰ ਦਾ ਭੈ ਅਤੇ ਨਿਹਚਾ ਰੱਖ ਕੇ ਹਿੰਮਤੀ ਬਣੋ

ਪਰਮੇਸ਼ੁਰ ਦਾ ਭੈ ਅਤੇ ਨਿਹਚਾ ਰੱਖ ਕੇ ਹਿੰਮਤੀ ਬਣੋ

‘ਤਕੜਾ ਹੋ ਅਤੇ ਹੌਸਲਾ ਰੱਖ, ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਸੰਗ ਹੈ।’—ਯਹੋਸ਼ੁਆ 1:9.

1, 2, (ੳ) ਇਨਸਾਨੀ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ ਕੀ ਇਸਰਾਏਲੀਆਂ ਦੀ ਕਨਾਨੀ ਲੋਕਾਂ ਨੂੰ ਜਿੱਤਣ ਦੀ ਕੋਈ ਉਮੀਦ ਸੀ? (ਅ) ਯਹੋਵਾਹ ਨੇ ਯਹੋਸ਼ੁਆ ਨੂੰ ਕੀ ਹੌਸਲਾ ਦਿੱਤਾ ਸੀ?

ਸਾਲ 1473 ਈ. ਪੂ. ਵਿਚ ਇਸਰਾਏਲ ਕੌਮ ਵਾਅਦਾ ਕੀਤੇ ਹੋਏ ਕਨਾਨ ਦੇਸ਼ ਵਿਚ ਜਾਣ ਲਈ ਸਰਹੱਦ ਉੱਤੇ ਤਿਆਰ ਖੜ੍ਹੀ ਸੀ। ਆਉਣ ਵਾਲੀਆਂ ਮੁਸ਼ਕਲਾਂ ਬਾਰੇ ਗੱਲ ਕਰਦਿਆਂ ਮੂਸਾ ਨੇ ਲੋਕਾਂ ਨੂੰ ਯਾਦ ਕਰਾਇਆ: “ਤੁਸਾਂ ਅੱਜ ਯਰਦਨ ਤੋਂ ਪਾਰ ਲੰਘਣਾ ਹੈ ਤਾਂ ਜੋ ਤੁਸੀਂ ਅੰਦਰ ਜਾ ਕੇ ਉਨ੍ਹਾਂ ਕੌਮਾਂ ਉੱਤੇ ਕਬਜ਼ਾ ਕਰੋ ਜਿਹੜੀਆਂ ਤੁਹਾਥੋਂ ਵੱਡੀਆਂ ਅਤੇ ਬਲਵੰਤ ਹਨ ਅਤੇ ਸ਼ਹਿਰ ਜਿਹੜੇ ਵੱਡੇ ਅਤੇ ਉਨ੍ਹਾਂ ਦੀਆਂ ਕੰਧਾਂ ਅਕਾਸ਼ ਤੀਕ ਹਨ। ਉਹ ਉੱਮਤ ਵੱਡੀ ਅਤੇ ਉਚੇਰੀ ਹੈ, ਅਨਾਕੀ . . . ਜਿਨ੍ਹਾਂ ਵਿਖੇ ਤੁਸੀਂ ਸੁਣਿਆ ਹੈ ਕਿ ਅਨਾਕੀਆਂ ਅੱਗੇ ਕੌਣ ਖੜੋ ਸੱਕਦਾ ਹੈ?” (ਬਿਵਸਥਾ ਸਾਰ 9:1, 2) ਜੀ ਹਾਂ, ਇਨ੍ਹਾਂ ਅਨਾਕੀ ਸੂਰਮਿਆਂ ਦੀ ਹਰ ਪਾਸੇ ਚਰਚਾ ਸੀ! ਇਸ ਤੋਂ ਇਲਾਵਾ, ਕਨਾਨੀ ਲੋਕਾਂ ਦੀਆਂ ਵੱਡੀਆਂ-ਵੱਡੀਆਂ ਫ਼ੌਜਾਂ ਸਨ। ਉਨ੍ਹਾਂ ਕੋਲ ਘੋੜੇ ਤੇ ਲੋਹੇ ਦੇ ਰਥ ਸਨ ਜਿਨ੍ਹਾਂ ਦੇ ਪਹਿਆਂ ਤੇ ਤੇਜ਼ਧਾਰ ਦਾਤੀਆਂ ਲੱਗੀਆਂ ਹੋਈਆਂ ਸਨ।—ਨਿਆਈਆਂ 4:13.

2 ਦੂਜੇ ਪਾਸੇ, ਇਸਰਾਏਲੀ ਬਹੁਤ ਸਾਲ ਮਿਸਰ ਵਿਚ ਗ਼ੁਲਾਮ ਰਹੇ ਸਨ ਤੇ ਉਨ੍ਹਾਂ ਨੇ ਪਿਛਲੇ 40 ਸਾਲ ਉਜਾੜ ਵਿਚ ਕੱਟੇ ਸਨ। ਜੇ ਇਨਸਾਨੀ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ ਉਨ੍ਹਾਂ ਦੇ ਜਿੱਤਣ ਦੀ ਸੰਭਾਵਨਾ ਬਹੁਤ ਘੱਟ ਸੀ। ਪਰ ਮੂਸਾ ਦੀ ਨਿਹਚਾ ਪੱਕੀ ਸੀ। ਉਹ ਦੇਖ ਸਕਦਾ ਸੀ ਕਿ ਯਹੋਵਾਹ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ। (ਇਬਰਾਨੀਆਂ 11:27) ਉਸ ਨੇ ਲੋਕਾਂ ਨੂੰ ਕਿਹਾ: ‘ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ ਅੱਗੇ ਲੰਘਣ ਵਾਲਾ ਹੈ। ਉਹ ਓਹਨਾਂ ਦਾ ਨਾਸ ਕਰੇਗਾ ਅਤੇ ਓਹਨਾਂ ਨੂੰ ਤੁਹਾਡੇ ਅੱਗੇ ਨੀਵਾਂ ਕਰੇਗਾ।’ (ਬਿਵਸਥਾ ਸਾਰ 9:3; ਜ਼ਬੂਰਾਂ ਦੀ ਪੋਥੀ 33:16, 17) ਮੂਸਾ ਦੀ ਮੌਤ ਤੋਂ ਬਾਅਦ ਯਹੋਵਾਹ ਨੇ ਯਹੋਸ਼ੁਆ ਨੂੰ ਹੌਸਲਾ ਦਿੱਤਾ: “ਤੂੰ ਉੱਠ ਅਤੇ ਏਸ ਯਰਦਨ ਦੇ ਪਾਰ ਲੰਘ, ਤੂੰ ਅਤੇ ਏਹ ਸਾਰੇ ਲੋਕ ਉਸ ਦੇਸ ਨੂੰ ਜਾਓ ਜਿਹੜਾ ਮੈਂ ਉਨ੍ਹਾਂ ਨੂੰ ਅਰਥਾਤ ਇਸਰਾਏਲੀਆਂ ਨੂੰ ਦਿੰਦਾ ਹਾਂ। . . . ਤੇਰੀ ਸਾਰੀ ਅਵਸਥਾ ਵਿੱਚ ਕੋਈ ਮਨੁੱਖ ਤੇਰੇ ਸਾਹਮਣੇ ਨਾ ਆਕੜੇਗਾ। ਜਿਵੇਂ ਮੈਂ ਮੂਸਾ ਦੇ ਸੰਗ ਰਿਹਾ ਤਿਵੇਂ ਤੇਰੇ ਸੰਗ ਵੀ ਰਹਾਂਗਾ।”—ਯਹੋਸ਼ੁਆ 1:2, 5.

3. ਯਹੋਸ਼ੁਆ ਦਲੇਰ ਤੇ ਨਿਹਚਾਵਾਨ ਕਿਉਂ ਸੀ?

3 ਯਹੋਵਾਹ ਦੀ ਮਦਦ ਅਤੇ ਅਗਵਾਈ ਪਾਉਣ ਲਈ ਯਹੋਸ਼ੁਆ ਨੂੰ ਪਰਮੇਸ਼ੁਰ ਦੀ ਬਿਵਸਥਾ ਪੜ੍ਹਨ ਅਤੇ ਉਸ ਉੱਤੇ ਮਨਨ ਕਰਨ ਤੇ ਚੱਲਣ ਦੀ ਲੋੜ ਸੀ। ਇੱਦਾਂ ਕਰਨ ਦੇ ਨਤੀਜਿਆਂ ਬਾਰੇ ਦੱਸਦੇ ਹੋਏ ਯਹੋਵਾਹ ਨੇ ਕਿਹਾ: “ਤੂੰ ਆਪਣੇ ਮਾਰਗ ਨੂੰ ਸੁਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ। ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ ਭਈ ਤਕੜਾ ਹੋ ਅਤੇ ਹੌਸਲਾ ਰੱਖ? ਨਾ ਕੰਬ ਅਤੇ ਨਾ ਘਾਬਰ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ।” (ਯਹੋਸ਼ੁਆ 1:8, 9) ਯਹੋਸ਼ੁਆ ਨੇ ਯਹੋਵਾਹ ਦੀ ਸੁਣੀ ਜਿਸ ਕਰਕੇ ਉਹ ਦਲੇਰ, ਤਕੜਾ ਤੇ ਸਫ਼ਲ ਹੋਇਆ। ਪਰ ਬਾਕੀ ਲੋਕਾਂ ਨੇ ਯਹੋਵਾਹ ਦੀ ਨਹੀਂ ਸੁਣੀ। ਨਤੀਜੇ ਵਜੋਂ ਉਹ ਸਫ਼ਲ ਹੋਣ ਦੀ ਬਜਾਇ ਉਜਾੜ ਵਿਚ ਦਮ ਤੋੜ ਗਏ।

ਨਿਹਚਾ ਅਤੇ ਦਲੇਰੀ ਦੀ ਘਾਟ

4, 5. (ੳ) ਦਸਾਂ ਜਾਸੂਸਾਂ ਦੇ ਰਵੱਈਏ ਵਿਚ ਅਤੇ ਯਹੋਸ਼ੁਆ ਤੇ ਕਾਲੇਬ ਦੇ ਰਵੱਈਏ ਵਿਚ ਕੀ ਫ਼ਰਕ ਸੀ? (ਅ) ਯਹੋਵਾਹ ਨੇ ਆਪਣੇ ਲੋਕਾਂ ਵਿਚ ਨਿਹਚਾ ਦੀ ਕਮੀ ਦੇਖ ਕੇ ਕਿਵੇਂ ਮਹਿਸੂਸ ਕੀਤਾ?

4 ਚਾਲੀ ਸਾਲ ਪਹਿਲਾਂ ਜਦ ਇਸਰਾਏਲੀ ਕਨਾਨ ਦੇਸ਼ ਦੀ ਸਰਹੱਦ ਨੇੜੇ ਆਏ ਸਨ, ਤਾਂ ਮੂਸਾ ਨੇ ਕਨਾਨ ਦੇਸ਼ ਦੀ ਜਾਸੂਸੀ ਕਰਨ ਲਈ 12 ਬੰਦੇ ਭੇਜੇ ਸਨ। ਦਸ ਜਣੇ ਕਨਾਨੀ ਲੋਕਾਂ ਨੂੰ ਦੇਖ ਕੇ ਬਹੁਤ ਡਰ ਗਏ ਸਨ। ਉਨ੍ਹਾਂ ਨੇ ਕਿਹਾ: “ਸਾਰੇ ਲੋਕ ਜਿਨ੍ਹਾਂ ਨੂੰ ਅਸਾਂ ਉਸ ਵਿੱਚ ਵੇਖਿਆ ਵੱਡੇ ਵੱਡੇ ਕੱਦਾਂ ਵਾਲੇ ਮਨੁੱਖ ਹਨ ਅਤੇ ਉੱਥੇ ਅਸਾਂ ਨਫੀਲੀਮ ਤੋਂ ਜਿਹੜੀ ਅਨਾਕ ਦੀ ਅੰਸ ਹੈ ਦੈਂਤ ਵੇਖੇ ਅਤੇ ਅਸੀਂ ਆਪਣੀ ਨਿਗਾਹ ਵਿੱਚ ਟਿੱਡਿਆਂ ਵਰਗੇ ਸਾਂ।” ਕੀ ਵਾਕਈ “ਸਾਰੇ ਲੋਕ” ਦੈਂਤ ਸਨ? ਨਹੀਂ, ਸਗੋਂ ਸਿਰਫ਼ ਅਨਾਕੀ ਹੀ ਵੱਡੇ ਕੱਦ-ਕਾਠ ਦੇ ਮਾਲਕ ਸਨ। ਕੀ ਅਨਾਕੀ ਜਲ-ਪਰਲੋ ਤੋਂ ਪਹਿਲਾਂ ਰਹਿਣ ਵਾਲੇ ਨਫੀਲੀਮ ਦੀ ਅੰਸ ਸਨ? ਨਹੀਂ! ਫਿਰ ਵੀ ਦਸ ਜਾਸੂਸਾਂ ਦੁਆਰਾ ਗੱਲਾਂ ਨੂੰ ਵਧਾ-ਚੜ੍ਹਾ ਕੇ ਦੱਸਣ ਕਰਕੇ ਸਾਰੀ ਕੌਮ ਵਿਚ ਡਰ ਫੈਲ ਗਿਆ। ਲੋਕ ਇੰਨੇ ਡਰ ਗਏ ਸਨ ਕਿ ਉਹ ਮਿਸਰ ਨੂੰ ਵਾਪਸ ਮੁੜ ਜਾਣਾ ਚਾਹੁੰਦੇ ਹਨ ਜਿੱਥੇ ਉਹ ਪਹਿਲਾਂ ਗ਼ੁਲਾਮ ਸਨ!—ਗਿਣਤੀ 13:31–14:4.

5 ਪਰ ਬਾਕੀ ਦੋ ਜਾਸੂਸ ਯਹੋਸ਼ੁਆ ਤੇ ਕਾਲੇਬ ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਲਈ ਉਤਾਵਲੇ ਸਨ। ਉਨ੍ਹਾਂ ਨੇ ਕਿਹਾ ਕਿ ਕਨਾਨੀ “ਤਾਂ ਸਾਡੀ ਇੱਕ ਬੁਰਕੀ ਹੀ ਹਨ। ਓਹਨਾਂ ਦੀ ਰੱਛਿਆ ਓਹਨਾਂ ਦੇ ਉੱਤੋਂ ਜਾਂਦੀ ਰਹੀ ਹੈ ਅਤੇ ਯਹੋਵਾਹ ਸਾਡੇ ਨਾਲ ਹੈ। ਓਹਨਾਂ ਤੋਂ ਤੁਸੀਂ ਨਾ ਡਰੋ!” (ਗਿਣਤੀ 14:9) ਕੀ ਯਹੋਸ਼ੁਆ ਤੇ ਕਾਲੇਬ ਉਨ੍ਹਾਂ ਨੂੰ ਝੂਠੇ ਧਰਵਾਸੇ ਦੇ ਰਹੇ ਸਨ? ਬਿਲਕੁਲ ਨਹੀਂ! ਉਨ੍ਹਾਂ ਨੇ ਦੇਖਿਆ ਸੀ ਕਿ ਯਹੋਵਾਹ ਨੇ ਦਸ ਬਵਾਂ ਲਿਆ ਕੇ ਮਿਸਰ ਦੇ ਦੇਵੀ-ਦੇਵਤਿਆਂ ਦਾ ਅਪਮਾਨ ਕਿਵੇਂ ਕੀਤਾ ਸੀ। ਉਨ੍ਹਾਂ ਨੇ ਦੇਖਿਆ ਸੀ ਕਿ ਯਹੋਵਾਹ ਨੇ ਫ਼ਿਰਊਨ ਤੇ ਉਸ ਦੀ ਵੱਡੀ ਫ਼ੌਜ ਨੂੰ ਲਾਲ ਸਮੁੰਦਰ ਵਿਚ ਕਿਵੇਂ ਖ਼ਤਮ ਕੀਤਾ ਸੀ। (ਜ਼ਬੂਰਾਂ ਦੀ ਪੋਥੀ 136:15) ਇਹੋ ਗੱਲਾਂ ਬਾਕੀ ਇਸਰਾਏਲੀਆਂ ਨੇ ਵੀ ਆਪਣੀ ਅੱਖੀਂ ਦੇਖੀਆਂ ਸੀ। ਤਾਂ ਫਿਰ ਦਸ ਜਾਸੂਸਾਂ ਅਤੇ ਉਨ੍ਹਾਂ ਦੀਆਂ ਗੱਲਾਂ ਵਿਚ ਆਉਣ ਵਾਲੇ ਲੋਕਾਂ ਦੇ ਡਰਨ ਦਾ ਕੋਈ ਬਹਾਨਾ ਨਹੀਂ ਸੀ। ਉਨ੍ਹਾਂ ਦੀ ਬੇਪਰਤੀਤੀ ਦੇਖ ਕੇ ਯਹੋਵਾਹ ਨੂੰ ਬਹੁਤ ਦੁੱਖ ਹੋਇਆ ਅਤੇ ਉਸ ਨੇ ਮੂਸਾ ਨੂੰ ਕਿਹਾ ਕਿ ਇਹ ਪਰਜਾ “ਕਦ ਤੀਕ ਮੇਰੇ ਉੱਤੇ ਉਨ੍ਹਾਂ ਸਾਰਿਆਂ ਨਿਸ਼ਾਨਾਂ ਦੇ ਹੁੰਦਿਆਂ ਹੋਇਆਂ ਵੀ ਜਿਹੜੇ ਮੈਂ ਉਨ੍ਹਾਂ ਵਿੱਚ ਕੀਤੇ ਪਰਤੀਤ ਨਾ ਕਰੇਗੀ?”—ਗਿਣਤੀ 14:11.

6. ਹਿੰਮਤ ਦਾ ਨਿਹਚਾ ਨਾਲ ਕੀ ਸੰਬੰਧ ਹੈ ਅਤੇ ਇਸ ਦੀ ਮਿਸਾਲ ਅੱਜ ਕਿਵੇਂ ਦੇਖੀ ਜਾ ਸਕਦੀ ਹੈ?

6 ਯਹੋਵਾਹ ਦੇ ਸ਼ਬਦਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਸਰਾਏਲੀਆਂ ਦੀ ਬੁਜ਼ਦਿਲੀ ਦਾ ਕਾਰਨ ਉਨ੍ਹਾਂ ਵਿਚ ਨਿਹਚਾ ਦੀ ਘਾਟ ਸੀ। ਜੀ ਹਾਂ, ਨਿਹਚਾ ਅਤੇ ਹਿੰਮਤ ਦਾ ਆਪਸ ਵਿਚ ਗਹਿਰਾ ਸੰਬੰਧ ਹੈ। ਯੂਹੰਨਾ ਰਸੂਲ ਨੇ ਸੱਚੇ ਮਸੀਹੀਆਂ ਦੀ ਸੰਸਾਰ ਨਾਲ ਲੜਾਈ ਬਾਰੇ ਲਿਖਿਆ: “ਫ਼ਤਹ ਇਹ ਹੈ ਜਿਹ ਨੇ ਸੰਸਾਰ ਉੱਤੇ ਫ਼ਤਹ ਪਾਈ ਅਰਥਾਤ ਸਾਡੀ ਨਿਹਚਾ।” (1 ਯੂਹੰਨਾ 5:4) ਅੱਜ ਯਹੋਸ਼ੁਆ ਤੇ ਕਾਲੇਬ ਵਰਗੀ ਨਿਹਚਾ ਹੋਣ ਕਰਕੇ 60 ਲੱਖ ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾ ਰਹੇ ਹਨ, ਚਾਹੇ ਉਹ ਜਵਾਨ ਹੋਣ ਜਾਂ ਬੁੱਢੇ, ਤਕੜੇ ਹੋਣ ਜਾਂ ਕਮਜ਼ੋਰ। ਕੋਈ ਵੀ ਦੁਸ਼ਮਣ ਇਸ ਬਲਵਾਨ ਤੇ ਦਲੇਰ ਫ਼ੌਜ ਨੂੰ ਰੋਕ ਨਹੀਂ ਸਕਿਆ ਹੈ।—ਰੋਮੀਆਂ 8:31.

‘ਪਿਛਾਹਾਂ ਨਾ ਹਟੋ’

7. ‘ਪਿਛਾਹਾਂ ਹਟਣ’ ਦਾ ਕੀ ਮਤਲਬ ਹੈ?

7 ਅੱਜ ਯਹੋਵਾਹ ਦੇ ਸੇਵਕ ਖ਼ੁਸ਼ ਖ਼ਬਰੀ ਦਾ ਪ੍ਰਚਾਰ ਹਿੰਮਤ ਨਾਲ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਰਵੱਈਆ ਪੌਲੁਸ ਰਸੂਲ ਵਰਗਾ ਹੈ ਜਿਸ ਨੇ ਲਿਖਿਆ: “ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ ਸਗੋਂ ਓਹਨਾਂ ਵਿੱਚੋਂ ਜਿਹੜੇ ਨਿਹਚਾ ਕਰ ਕੇ ਜਾਨ ਬਚਾ ਰੱਖਦੇ ਹਨ।” (ਇਬਰਾਨੀਆਂ 10:39) ਇਸ ਆਇਤ ਵਿਚ ‘ਪਿਛਾਹਾਂ ਹਟਣ’ ਦਾ ਮਤਲਬ ਕਿਸੇ ਚੀਜ਼ ਦੇ ਡਰੋਂ ਪਲ ਭਰ ਲਈ ਸਹਿਮ ਜਾਣਾ ਨਹੀਂ ਹੈ ਕਿਉਂਕਿ ਪਰਮੇਸ਼ੁਰ ਦੇ ਬਹੁਤ ਸਾਰੇ ਵਫ਼ਾਦਾਰ ਸੇਵਕ ਕਿਸੇ-ਨ-ਕਿਸੇ ਸਮੇਂ ਤੇ ਡਰ ਦੇ ਸ਼ਿਕਾਰ ਹੋਏ ਹਨ। (1 ਸਮੂਏਲ 21:12; 1 ਰਾਜਿਆਂ 19:1-4) ਬਾਈਬਲ ਦੇ ਇਕ ਕੋਸ਼ ਮੁਤਾਬਕ ਇੱਥੇ ‘ਪਿਛਾਹਾਂ ਹਟਣ’ ਦਾ ਮਤਲਬ ਹੈ “ਸੱਚਾਈ ਉੱਤੇ ਟਿਕੇ ਨਾ ਰਹਿਣਾ” ਜਾਂ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਢਿੱਲੇ ਪੈ ਜਾਣਾ। ਇਹ ਕੋਸ਼ ਅੱਗੇ ਕਹਿੰਦਾ ਹੈ ਕਿ ਇਹ ਸ਼ਬਦ ਸਮੁੰਦਰੀ ਬੇੜੇ ਦੀ ਮਿਸਾਲ ਉੱਤੇ ਆਧਾਰਿਤ ਹਨ ਜਿਸ ਦੀ ‘ਰਫ਼ਤਾਰ ਘਟਾਉਣ ਲਈ ਬਾਦਬਾਨ ਨੂੰ ਇਕੱਠਾ ਕੀਤਾ ਜਾਂਦਾ ਹੈ।’ ਪਰ ਯਹੋਵਾਹ ਵਿਚ ਪੱਕੀ ਨਿਹਚਾ ਰੱਖਣ ਵਾਲੇ ਲੋਕ ਇੱਦਾਂ ਕਰਨ ਬਾਰੇ ਸੋਚ ਵੀ ਨਹੀਂ ਸਕਦੇ, ਭਾਵੇਂ ਉਹ ਅਤਿਆਚਾਰ, ਬੀਮਾਰੀਆਂ ਜਾਂ ਹੋਰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਰਹੇ ਹੋਣ। ਇਸ ਦੀ ਬਜਾਇ ਉਹ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿੰਦੇ ਹਨ, ਇਹ ਜਾਣਦੇ ਹੋਏ ਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। (ਜ਼ਬੂਰਾਂ ਦੀ ਪੋਥੀ 55:22; 103:14) ਕੀ ਤੁਹਾਡੀ ਨਿਹਚਾ ਇੰਨੀ ਪੱਕੀ ਹੈ?

8, 9. (ੳ) ਯਹੋਵਾਹ ਨੇ ਪਹਿਲੀ ਸਦੀ ਦੇ ਮਸੀਹੀਆਂ ਦੀ ਨਿਹਚਾ ਕਿਵੇਂ ਮਜ਼ਬੂਤ ਕੀਤੀ ਸੀ? (ਅ) ਅਸੀਂ ਆਪਣੀ ਨਿਹਚਾ ਮਜ਼ਬੂਤ ਕਰਨ ਲਈ ਕੀ ਕਰ ਸਕਦੇ ਹਾਂ?

8 ਇਕ ਵਾਰ ਜਦ ਰਸੂਲਾਂ ਨੂੰ ਲੱਗਾ ਕਿ ਉਨ੍ਹਾਂ ਵਿਚ ਨਿਹਚਾ ਦੀ ਘਾਟ ਸੀ, ਤਾਂ ਉਨ੍ਹਾਂ ਨੇ ਯਿਸੂ ਨੂੰ ਕਿਹਾ: “ਸਾਡੀ ਨਿਹਚਾ ਵਧਾ।” (ਲੂਕਾ 17:5) ਉਨ੍ਹਾਂ ਦੀ ਇਹ ਬੇਨਤੀ ਖ਼ਾਸ ਕਰਕੇ 33 ਈ. ਵਿਚ ਪੰਤੇਕੁਸਤ ਦੇ ਦਿਨ ਤੇ ਸੁਣੀ ਗਈ ਸੀ ਜਦ ਪਵਿੱਤਰ ਆਤਮਾ ਚੇਲਿਆਂ ਉੱਤੇ ਵਹਾਈ ਗਈ ਸੀ। ਪਵਿੱਤਰ ਆਤਮਾ ਦੀ ਮਦਦ ਨਾਲ ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਅਤੇ ਮਕਸਦ ਬਾਰੇ ਹੋਰ ਸਮਝ ਹਾਸਲ ਕੀਤੀ ਅਤੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਈ। (ਯੂਹੰਨਾ 14:26; ਰਸੂਲਾਂ ਦੇ ਕਰਤੱਬ 2:1-4) ਨਤੀਜੇ ਵਜੋਂ, ਯਿਸੂ ਦੇ ਚੇਲਿਆਂ ਨੇ ਸਖ਼ਤ ਵਿਰੋਧਤਾ ਦੇ ਬਾਵਜੂਦ ਖ਼ੁਸ਼ ਖ਼ਬਰੀ ਦਾ ਪ੍ਰਚਾਰ “ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ ਕੀਤਾ।”—ਕੁਲੁੱਸੀਆਂ 1:23; ਰਸੂਲਾਂ ਦੇ ਕਰਤੱਬ 1:8; 28:22.

9 ਆਪਣੀ ਨਿਹਚਾ ਮਜ਼ਬੂਤ ਕਰਨ ਲਈ ਅਤੇ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣ ਲਈ ਸਾਨੂੰ ਵੀ ਪਵਿੱਤਰ ਆਤਮਾ ਲਈ ਪ੍ਰਾਰਥਨਾ ਕਰਨ, ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਤੇ ਉਸ ਉੱਤੇ ਮਨਨ ਕਰਨ ਦੀ ਲੋੜ ਹੈ। ਯਹੋਸ਼ੁਆ, ਕਾਲੇਬ ਤੇ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਸਾਨੂੰ ਪਰਮੇਸ਼ੁਰ ਦੀ ਸੱਚਾਈ ਆਪਣੇ ਦਿਲ ਤੇ ਮਨ ਵਿਚ ਬਿਠਾਉਣੀ ਚਾਹੀਦੀ ਹੈ ਤਾਂਕਿ ਅਸੀਂ ਧੀਰਜ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਰਹੀਏ।—ਰੋਮੀਆਂ 10:17.

ਰੱਬ ਨੂੰ ਮੰਨਣਾ ਕਾਫ਼ੀ ਨਹੀਂ

10. ਯਹੋਵਾਹ ਉੱਤੇ ਨਿਹਚਾ ਕਰਨ ਦਾ ਕੀ ਮਤਲਬ ਹੈ?

10 ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਸੇਵਕ ਆਪਣੀ ਪੱਕੀ ਨਿਹਚਾ ਕਰਕੇ ਹਿੰਮਤ ਤੇ ਧੀਰਜ ਨਾਲ ਪਰਮੇਸ਼ੁਰ ਦੀ ਸੇਵਾ ਕਰ ਸਕੇ ਸਨ। ਪਰ ਨਿਹਚਾ ਕਰਨ ਦਾ ਕੀ ਮਤਲਬ ਹੈ? ਨਿਹਚਾ ਕਰਨ ਦਾ ਮਤਲਬ ਸਿਰਫ਼ ਇਹ ਮੰਨਣਾ ਨਹੀਂ ਕਿ ਰੱਬ ਹੈ। (ਯਾਕੂਬ 2:19) ਸਾਨੂੰ ਯਹੋਵਾਹ ਨੂੰ ਜਾਣਨ ਅਤੇ ਉਸ ਉੱਤੇ ਪੱਕਾ ਭਰੋਸਾ ਰੱਖਣ ਦੀ ਲੋੜ ਹੈ। (ਜ਼ਬੂਰਾਂ ਦੀ ਪੋਥੀ 78:5-8; ਕਹਾਉਤਾਂ 3:5, 6) ਸਾਨੂੰ ਪੂਰੇ ਦਿਲ ਨਾਲ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਨਾਲ ਤੇ ਬਾਈਬਲ ਦੇ ਅਸੂਲਾਂ ਉੱਤੇ ਚੱਲਣ ਨਾਲ ਸਾਡਾ ਹੀ ਫ਼ਾਇਦਾ ਹੋਵੇਗਾ। (ਯਸਾਯਾਹ 48:17, 18) ਸਾਨੂੰ ਇਹ ਵੀ ਨਿਹਚਾ ਹੋਣੀ ਚਾਹੀਦੀ ਹੈ ਕਿ ਯਹੋਵਾਹ ਆਪਣੇ ਸਾਰੇ ਵਾਅਦੇ ਪੂਰੇ ਕਰੇਗਾ ਅਤੇ “ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।”—ਇਬਰਾਨੀਆਂ 11:1, 6; ਯਸਾਯਾਹ 55:11.

11. ਪੱਕੀ ਨਿਹਚਾ ਤੇ ਹਿੰਮਤ ਰੱਖਣ ਕਰਕੇ ਯਹੋਸ਼ੁਆ ਤੇ ਕਾਲੇਬ ਨੂੰ ਕਿਹੜੀਆਂ ਬਰਕਤਾਂ ਮਿਲੀਆਂ?

11 ਜਦੋਂ ਅਸੀਂ ਯਹੋਵਾਹ ਦੇ ਰਾਹਾਂ ਤੇ ਚੱਲਦੇ ਹਾਂ, ਇਸ ਦੇ ਲਾਭਾਂ ਨੂੰ ‘ਚੱਖ ਕੇ ਵੇਖਦੇ ਹਾਂ,’ ਆਪਣੀਆਂ ਪ੍ਰਾਰਥਨਾਵਾਂ ਦਾ ਜਵਾਬ ਪਾਉਂਦੇ ਹਾਂ ਅਤੇ ਹੋਰ ਤਰੀਕਿਆਂ ਨਾਲ ਯਹੋਵਾਹ ਦੀ ਅਗਵਾਈ ‘ਵੇਖਦੇ’ ਹਾਂ, ਤਾਂ ਸਾਡੀ ਨਿਹਚਾ ਹੋਰ ਪੱਕੀ ਹੁੰਦੀ ਹੈ। (ਜ਼ਬੂਰਾਂ ਦੀ ਪੋਥੀ 34:8; 1 ਯੂਹੰਨਾ 5:14, 15) ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਯਹੋਸ਼ੁਆ ਤੇ ਕਾਲੇਬ ਦੀ ਨਿਹਚਾ ਉਦੋਂ ਹੋਰ ਵੀ ਪੱਕੀ ਹੋਈ ਹੋਣੀ ਜਦ ਉਨ੍ਹਾਂ ਨੇ ਯਹੋਵਾਹ ਦੀ ਭਲਾਈ ਦੇਖੀ। (ਯਹੋਸ਼ੁਆ 23:14) ਇਨ੍ਹਾਂ ਗੱਲਾਂ ਉੱਤੇ ਵਿਚਾਰ ਕਰੋ: ਯਹੋਵਾਹ ਦੇ ਵਾਅਦੇ ਮੁਤਾਬਕ 40 ਸਾਲ ਉਜਾੜ ਵਿਚ ਘੁੰਮਣ ਤੋਂ ਬਾਅਦ ਉਹ ਜੀਉਂਦੇ ਰਹੇ। (ਗਿਣਤੀ 14:27-30; 32:11, 12) ਅਗਲੇ ਛੇ ਸਾਲਾਂ ਦੌਰਾਨ ਉਨ੍ਹਾਂ ਨੇ ਕਨਾਨ ਉੱਤੇ ਕਬਜ਼ਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਅਖ਼ੀਰ ਵਿਚ ਉਨ੍ਹਾਂ ਨੂੰ ਲੰਬੀ ਜ਼ਿੰਦਗੀ, ਤੰਦਰੁਸਤੀ ਅਤੇ ਆਪੋ-ਆਪਣੀ ਵਿਰਾਸਤ ਮਿਲੀ। ਜੀ ਹਾਂ, ਯਹੋਵਾਹ ਉਨ੍ਹਾਂ ਨੂੰ ਬੇਸ਼ੁਮਾਰ ਬਰਕਤਾਂ ਦਿੰਦਾ ਹੈ ਜੋ ਵਫ਼ਾਦਾਰੀ ਤੇ ਹਿੰਮਤ ਨਾਲ ਉਸ ਦੀ ਸੇਵਾ ਕਰਦੇ ਹਨ!—ਯਹੋਸ਼ੁਆ 14:6, 9-14; 19:49, 50; 24:29.

12. ਯਹੋਵਾਹ ਆਪਣੇ ਬਚਨ ਨੂੰ ਕਿਵੇਂ ‘ਵਡਿਆਉਂਦਾ’ ਹੈ?

12 ਯਹੋਸ਼ੁਆ ਤੇ ਕਾਲੇਬ ਉੱਤੇ ਪਰਮੇਸ਼ੁਰ ਦੀ ਦਇਆ ਬਾਰੇ ਪੜ੍ਹ ਕੇ ਸਾਨੂੰ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦ ਯਾਦ ਆਉਂਦੇ ਹਨ: “ਤੈਂ ਸਭ ਦੇ ਉੱਤੇ ਆਪਣੇ ਨਾਮ ਨੂੰ, ਆਪਣੇ ਬਚਨ ਨੂੰ ਵਡਿਆਇਆ!” (ਜ਼ਬੂਰਾਂ ਦੀ ਪੋਥੀ 138:2) ਜਦੋਂ ਯਹੋਵਾਹ ਆਪਣੇ ਨਾਂ ਦੀ ਸਹੁੰ ਚੁੱਕ ਕੇ ਕੋਈ ਵਾਅਦਾ ਕਰਦਾ ਹੈ, ਤਾਂ ਉਹ ਆਸ ਨਾਲੋਂ ਕਿਤੇ ਵਧ ਉਸ ਨੂੰ ਪੂਰਾ ਕਰਦਾ ਹੈ। ਇਸ ਤਰ੍ਹਾਂ ਉਹ ਆਪਣੇ ਬਚਨ ਨੂੰ ‘ਵਡਿਆਉਂਦਾ’ ਹੈ। (ਅਫ਼ਸੀਆਂ 3:20) “ਯਹੋਵਾਹ ਉੱਤੇ ਨਿਹਾਲ” ਰਹਿਣ ਵਾਲੇ ਕਦੀ ਨਿਰਾਸ਼ ਨਹੀਂ ਹੋਣਗੇ।—ਜ਼ਬੂਰਾਂ ਦੀ ਪੋਥੀ 37:3, 4.

‘ਪਰਮੇਸ਼ੁਰ ਦਾ ਮਨ ਭਾਉਣ’ ਵਾਲਾ ਬੰਦਾ

13, 14. ਹਨੋਕ ਨੂੰ ਨਿਹਚਾ ਅਤੇ ਹਿੰਮਤ ਦੀ ਕਿਉਂ ਲੋੜ ਸੀ?

13 ਅਸੀਂ ਹਨੋਕ ਦੀ ਮਿਸਾਲ ਤੋਂ ਵੀ ਨਿਹਚਾ ਅਤੇ ਦਲੇਰੀ ਬਾਰੇ ਕਾਫ਼ੀ ਕੁਝ ਸਿੱਖ ਸਕਦੇ ਹਾਂ। ਲੋਕਾਂ ਨੂੰ ਯਹੋਵਾਹ ਦਾ ਬਚਨ ਸੁਣਾਉਣ ਤੋਂ ਪਹਿਲਾਂ ਹੀ ਹਨੋਕ ਸ਼ਾਇਦ ਜਾਣਦਾ ਸੀ ਕਿ ਉਸ ਦੀ ਨਿਹਚਾ ਅਤੇ ਦਲੇਰੀ ਪਰਖੀ ਜਾਵੇਗੀ। ਉਹ ਕਿਵੇਂ? ਯਹੋਵਾਹ ਨੇ ਅਦਨ ਦੇ ਬਾਗ਼ ਵਿਚ ਕਿਹਾ ਸੀ ਕਿ ਉਸ ਦੀ ਸੇਵਾ ਕਰਨ ਵਾਲਿਆਂ ਅਤੇ ਸ਼ਤਾਨ ਦੀ ਸੇਵਾ ਕਰਨ ਵਾਲਿਆਂ ਵਿਚ ਨਫ਼ਰਤ ਤੇ ਵੈਰ ਹੋਵੇਗਾ। (ਉਤਪਤ 3:15) ਹਨੋਕ ਜਾਣਦਾ ਸੀ ਕਿ ਇਹ ਨਫ਼ਰਤ ਉਦੋਂ ਸ਼ੁਰੂ ਹੋ ਗਈ ਸੀ ਜਦ ਕਇਨ ਨੇ ਆਪਣੇ ਭਰਾ ਹਾਬਲ ਦਾ ਖ਼ੂਨ ਕਰ ਦਿੱਤਾ ਸੀ। ਹਨੋਕ ਨੂੰ ਇਹ ਗੱਲਾਂ ਕਿੱਦਾਂ ਪਤਾ ਲੱਗੀਆਂ ਸਨ? ਹਨੋਕ ਦੇ ਪੈਦਾ ਹੋਣ ਤੋਂ ਬਾਅਦ ਆਦਮ ਲਗਭਗ 310 ਸਾਲ ਜੀਉਂਦਾ ਰਿਹਾ।—ਉਤਪਤ 5:3-18.

14 ਪਰ ਇਨ੍ਹਾਂ ਗੱਲਾਂ ਦੇ ਬਾਵਜੂਦ ਹਨੋਕ ਹਿੰਮਤ ਨਾਲ “ਪਰਮੇਸ਼ੁਰ ਦੇ ਸੰਗ ਚਲਦਾ ਰਿਹਾ” ਅਤੇ ਉਨ੍ਹਾਂ ਲੋਕਾਂ ਦੀ ਨਿੰਦਾ ਕੀਤੀ ਜੋ ਯਹੋਵਾਹ ਦੇ ਖ਼ਿਲਾਫ਼ “ਕਰਖਤ ਗੱਲਾਂ” ਕਹਿ ਰਹੇ ਸਨ। (ਉਤਪਤ 5:22; ਯਹੂਦਾਹ 14, 15) ਹਨੋਕ ਦੁਆਰਾ ਦਲੇਰੀ ਨਾਲ ਯਹੋਵਾਹ ਦਾ ਸੰਦੇਸ਼ ਸੁਣਾਉਣ ਕਰਕੇ ਬਹੁਤ ਸਾਰੇ ਲੋਕ ਉਸ ਦੀ ਜਾਨ ਦੇ ਦੁਸ਼ਮਣ ਬਣ ਗਏ ਸਨ। ਪਰ ਯਹੋਵਾਹ ਨੇ ਆਪਣੇ ਨਬੀ ਨੂੰ ਦਰਦਨਾਕ ਮੌਤ ਮਰਨ ਤੋਂ ਬਚਾਇਆ। ਉਸ ਨੇ ਹਨੋਕ ਨੂੰ ਸ਼ਾਇਦ ਸੋਹਣੇ ਭਵਿੱਖ ਦਾ ਦਰਸ਼ਨ ਦਿਖਾ ਕੇ ਭਰੋਸਾ ਦਿਵਾਇਆ ਕਿ ਉਹ ‘ਪਰਮੇਸ਼ੁਰ ਦਾ ਮਨ ਭਾਉਂਦਾ ਸੀ।’ ਹੋ ਸਕਦਾ ਕਿ ਦਰਸ਼ਨ ਦਿਖਾਉਂਦੇ-ਦਿਖਾਉਂਦੇ ਹੀ ਯਹੋਵਾਹ ਨੇ ਉਸ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਸੀ।—ਇਬਰਾਨੀਆਂ 11:5, 13; ਉਤਪਤ 5:24.

15. ਹਨੋਕ ਨੇ ਅੱਜ ਯਹੋਵਾਹ ਦੇ ਲੋਕਾਂ ਲਈ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ?

15 ਹਨੋਕ ਦੀ ਮੌਤ ਦਾ ਜ਼ਿਕਰ ਕਰਨ ਤੋਂ ਬਾਅਦ ਪੌਲੁਸ ਨੇ ਫਿਰ ਤੋਂ ਨਿਹਚਾ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਜਦ ਉਸ ਨੇ ਕਿਹਾ: “ਨਿਹਚਾ ਬਾਝੋਂ [ਪਰਮੇਸ਼ੁਰ] ਦੇ ਮਨ ਨੂੰ ਭਾਉਣਾ ਅਣਹੋਣਾ ਹੈ।” (ਇਬਰਾਨੀਆਂ 11:6) ਜੀ ਹਾਂ, ਨਿਹਚਾ ਹੋਣ ਕਰਕੇ ਹਨੋਕ ਨੂੰ ਯਹੋਵਾਹ ਨਾਲ ਚੱਲਣ ਅਤੇ ਉਸ ਦਾ ਸੰਦੇਸ਼ ਅਧਰਮੀ ਲੋਕਾਂ ਨੂੰ ਸੁਣਾਉਣ ਦੀ ਹਿੰਮਤ ਮਿਲੀ। ਇਸ ਵਿਚ ਹਨੋਕ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ। ਅੱਜ ਸਾਨੂੰ ਵੀ ਇਸ ਬੁਰੀ ਦੁਨੀਆਂ ਵਿਚ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰਨਾ ਪੈਂਦਾ ਹੈ ਜੋ ਯਹੋਵਾਹ ਦੀ ਭਗਤੀ ਕਰਨ ਵਾਲਿਆਂ ਦਾ ਵਿਰੋਧ ਕਰਦੇ ਹਨ।—ਜ਼ਬੂਰਾਂ ਦੀ ਪੋਥੀ 92:7; ਮੱਤੀ 24:14; ਪਰਕਾਸ਼ ਦੀ ਪੋਥੀ 12:17.

ਪਰਮੇਸ਼ੁਰ ਦਾ ਡਰ ਰੱਖਣ ਕਰਕੇ ਹਿੰਮਤ ਮਿਲਦੀ ਹੈ

16, 17. ਓਬਦਿਆਹ ਕੌਣ ਸੀ ਅਤੇ ਉਸ ਦੇ ਹਾਲਾਤਾਂ ਬਾਰੇ ਤੁਸੀਂ ਕੀ ਦੱਸ ਸਕਦੇ ਹੋ?

16 ਨਿਹਚਾ ਤੋਂ ਇਲਾਵਾ ਪਰਮੇਸ਼ੁਰ ਦਾ ਡਰ ਵੀ ਸਾਨੂੰ ਹਿੰਮਤੀ ਬਣਾਉਂਦਾ ਹੈ। ਆਓ ਆਪਾਂ ਇਸ ਦੀ ਇਕ ਵਧੀਆ ਮਿਸਾਲ ਦੇਖੀਏ। ਓਬਦਿਆਹ ਏਲੀਯਾਹ ਨਬੀ ਦੇ ਦਿਨਾਂ ਵਿਚ ਰਹਿੰਦਾ ਸੀ ਜਦ ਉੱਤਰੀ ਰਾਜ ਇਸਰਾਏਲ ਦਾ ਰਾਜਾ ਅਹਾਬ ਸੀ। ਅਹਾਬ ਦੇ ਰਾਜ ਦੌਰਾਨ ਪੂਰੇ ਦੇਸ਼ ਵਿਚ ਲੋਕ ਬਆਲ ਦੇਵਤੇ ਨੂੰ ਪੂਜਦੇ ਸਨ। ਹਾਲਾਤ ਇਸ ਹੱਦ ਤਕ ਖ਼ਰਾਬ ਸਨ ਕਿ ਬਆਲ ਦੇ 450 ਨਬੀ ਅਤੇ ਅਸ਼ੇਰਾਹ ਦੇਵੀ ਦੇ 400 ਨਬੀ “ਈਜ਼ਬਲ ਦੇ ਲੰਗਰ ਵਿੱਚੋਂ ਖਾਂਦੇ” ਸਨ।—1 ਰਾਜਿਆਂ 16:30-33; 18:19.

17 ਈਜ਼ਬਲ ਰਾਣੀ ਯਹੋਵਾਹ ਦੀ ਵੱਡੀ ਵੈਰਨ ਸੀ ਤੇ ਉਸ ਨੇ ਦੇਸ਼ ਵਿੱਚੋਂ ਯਹੋਵਾਹ ਦੀ ਭਗਤੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਯਹੋਵਾਹ ਦੇ ਕੁਝ ਨਬੀਆਂ ਨੂੰ ਮਰਵਾ ਦਿੱਤਾ ਤੇ ਏਲੀਯਾਹ ਨੂੰ ਵੀ ਮਾਰਨ ਦਾ ਜਤਨ ਕੀਤਾ। ਪਰ ਉਹ ਬਚ ਗਿਆ ਕਿਉਂਕਿ ਯਹੋਵਾਹ ਦੇ ਕਹਿਣੇ ਤੇ ਉਹ ਯਰਦਨ ਪਾਰ ਭੱਜ ਗਿਆ ਸੀ। (1 ਰਾਜਿਆਂ 17:1-3; 18:13) ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਸ ਸਮੇਂ ਉੱਤਰੀ ਰਾਜ ਵਿਚ ਯਹੋਵਾਹ ਦੀ ਸੇਵਾ ਕਰਨੀ ਕਿੰਨੀ ਮੁਸ਼ਕਲ ਸੀ? ਪਰ ਜ਼ਰਾ ਸੋਚੋ ਉਦੋਂ ਕੀ ਹੁੰਦਾ ਜੇ ਯਹੋਵਾਹ ਦਾ ਭਗਤ ਹੋਣ ਦੇ ਨਾਲ-ਨਾਲ ਤੁਹਾਨੂੰ ਰਾਜਾ ਅਹਾਬ ਦੇ ਮਹਿਲ ਵਿਚ ਕੰਮ ਕਰਨਾ ਪੈਂਦਾ? ਇਹੋ ਹਾਲਤ ਓਬਦਿਆਹ * ਦੀ ਸੀ ਜੋ ਅਹਾਬ ਦੇ ਮਹਿਲ ਦਾ ਦੀਵਾਨ ਸੀ।—1 ਰਾਜਿਆਂ 18:3.

18. ਯਹੋਵਾਹ ਦੇ ਭਗਤ ਵਜੋਂ ਓਬਦਿਆਹ ਨੇ ਵਧੀਆ ਮਿਸਾਲ ਕਿਵੇਂ ਕਾਇਮ ਕੀਤੀ?

18 ਇਸ ਵਿਚ ਕੋਈ ਸ਼ੱਕ ਨਹੀਂ ਕਿ ਓਬਦਿਆਹ ਨੂੰ ਯਹੋਵਾਹ ਦੀ ਸੇਵਾ ਕਰਦਿਆਂ ਬੜੀ ਹੁਸ਼ਿਆਰੀ ਤੇ ਸਾਵਧਾਨੀ ਵਰਤਣੀ ਪੈਂਦੀ ਸੀ। ਫਿਰ ਵੀ ਉਹ ਯਹੋਵਾਹ ਦਾ ਵਫ਼ਾਦਾਰ ਰਿਹਾ। ਅਸੀਂ 1 ਰਾਜਿਆਂ 18:3 ਵਿਚ ਪੜ੍ਹਦੇ ਹਾਂ: ‘ਓਬਦਿਆਹ ਯਹੋਵਾਹ ਕੋਲੋਂ ਬਹੁਤ ਡਰਦਾ ਸੀ।’ ਜੀ ਹਾਂ, ਉਹ ਕਿਸੇ ਵੀ ਕੀਮਤ ਤੇ ਯਹੋਵਾਹ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ। ਪਰਮੇਸ਼ੁਰ ਦਾ ਡਰ ਰੱਖਣ ਕਰਕੇ ਉਸ ਨੂੰ ਸਹੀ ਕੰਮ ਕਰਨ ਦੀ ਹਿੰਮਤ ਮਿਲੀ। ਇਸ ਦਾ ਸਬੂਤ ਉਦੋਂ ਮਿਲਿਆ ਜਦ ਈਜ਼ਬਲ ਨੇ ਯਹੋਵਾਹ ਦੇ ਕੁਝ ਨਬੀਆਂ ਨੂੰ ਮਰਵਾ ਦਿੱਤਾ ਸੀ।

19. ਓਬਦਿਆਹ ਨੇ ਕੀ ਕਰਨ ਦੀ ਹਿੰਮਤ ਕੀਤੀ ਸੀ?

19 ਅਸੀਂ ਬਾਈਬਲ ਵਿਚ ਪੜ੍ਹਦੇ ਹਾਂ: “ਐਉਂ ਹੋਇਆ ਜਦ ਈਜ਼ਬਲ ਯਹੋਵਾਹ ਦੇ ਨਬੀਆਂ ਨੂੰ ਵੱਢਦੀ ਪਈ ਸੀ ਤਾਂ ਓਬਦਿਆਹ ਨੇ ਸੌ ਨਬੀ ਲੈ ਕੇ ਉਨ੍ਹਾਂ ਨੂੰ ਪੰਜਾਹ ਪੰਜਾਹ ਕਰ ਕੇ ਇੱਕ ਖੁੰਧਰ ਵਿੱਚ ਲੁਕਾ ਲਿਆ ਅਤੇ ਉਨ੍ਹਾਂ ਨੂੰ ਅੰਨ ਪਾਣੀ ਦਿੱਤਾ।” (1 ਰਾਜਿਆਂ 18:4) ਤੁਸੀਂ ਸਮਝ ਸਕਦੇ ਹੋ ਕਿ 100 ਬੰਦਿਆਂ ਨੂੰ ਲੁਕਾਉਣਾ ਅਤੇ ਉਨ੍ਹਾਂ ਦੇ ਰੋਟੀ-ਪਾਣੀ ਦਾ ਇੰਤਜ਼ਾਮ ਕਰਨਾ ਓਬਦਿਆਹ ਲਈ ਕਿੰਨਾ ਖ਼ਤਰਨਾਕ ਸੀ। ਉਸ ਨੂੰ ਨਾ ਸਿਰਫ਼ ਅਹਾਬ ਤੇ ਈਜ਼ਬਲ ਤੋਂ ਬਚ ਕੇ ਰਹਿਣਾ ਪੈਣਾ ਸੀ, ਸਗੋਂ ਬਆਲ ਦੇਵਤਾ ਅਤੇ ਅਸ਼ੇਰਾਹ ਦੇਵੀ ਦੇ 850 ਨਬੀਆਂ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਸੀ ਜਿਨ੍ਹਾਂ ਦਾ ਮਹਿਲ ਵਿਚ ਅਕਸਰ ਆਉਣਾ-ਜਾਣਾ ਰਹਿੰਦਾ ਸੀ। ਇਸ ਤੋਂ ਇਲਾਵਾ ਗ਼ਰੀਬਾਂ ਤੋਂ ਲੈ ਕੇ ਰਾਜਕੁਮਾਰਾਂ ਤਕ ਦੇਸ਼ ਵਿਚ ਬਹੁਤ ਸਾਰੇ ਲੋਕ ਬਆਲ ਤੇ ਅਸ਼ੇਰਾਹ ਦੇ ਭਗਤ ਸਨ ਤੇ ਉਹ ਰਾਜੇ-ਰਾਣੀ ਦੀ ਮਿਹਰ ਪਾਉਣ ਲਈ ਓਬਦਿਆਹ ਦੇ ਇਸ ਭੇਤ ਬਾਰੇ ਦੱਸਣ ਦਾ ਮੌਕਾ ਹੱਥੋਂ ਕਦੀ ਨਾ ਜਾਣ ਦਿੰਦੇ। ਫਿਰ ਵੀ ਓਬਦਿਆਹ ਨੇ ਹਿੰਮਤ ਨਾਲ ਯਹੋਵਾਹ ਦੇ ਨਬੀਆਂ ਦੀ ਦੇਖ-ਭਾਲ ਕੀਤੀ। ਪਰਮੇਸ਼ੁਰ ਦਾ ਡਰ ਰੱਖਣ ਨਾਲ ਉਸ ਨੂੰ ਕਿੰਨੀ ਦਲੇਰੀ ਮਿਲੀ ਸੀ!

20. ਪਰਮੇਸ਼ੁਰ ਦਾ ਭੈ ਰੱਖਣ ਦਾ ਓਬਦਿਆਹ ਨੂੰ ਕੀ ਫ਼ਾਇਦਾ ਹੋਇਆ ਤੇ ਤੁਸੀਂ ਉਸ ਦੀ ਮਿਸਾਲ ਤੋਂ ਕੀ ਸਿੱਖਿਆ?

20 ਓਬਦਿਆਹ ਨੇ ਪਰਮੇਸ਼ੁਰ ਦਾ ਭੈ ਰੱਖ ਕੇ ਹਿੰਮਤ ਨਾਲ ਕੰਮ ਕੀਤਾ ਜਿਸ ਕਰਕੇ ਯਹੋਵਾਹ ਨੇ ਉਸ ਨੂੰ ਉਸ ਦੇ ਦੁਸ਼ਮਣਾਂ ਤੋਂ ਬਚਾਇਆ। ਕਹਾਉਤਾਂ 29:25 ਵਿਚ ਲਿਖਿਆ ਹੈ: “ਮਨੁੱਖ ਦਾ ਭੈ ਫਾਹੀ ਲਿਆਉਂਦਾ ਹੈ, ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਸੁਖ ਸਾਂਦ ਨਾਲ ਰਹੇਗਾ।” ਓਬਦਿਆਹ ਕੋਈ ਮਹਾਂਬਲੀ ਨਹੀਂ ਸੀ। ਉਸ ਨੂੰ ਵੀ ਫੜੇ ਜਾਣ ਅਤੇ ਮਾਰੇ ਜਾਣ ਤੋਂ ਡਰ ਸੀ। (1 ਰਾਜਿਆਂ 18:7-9, 12) ਫਿਰ ਵੀ, ਉਹ ਬੰਦਿਆਂ ਤੋਂ ਜ਼ਿਆਦਾ ਪਰਮੇਸ਼ੁਰ ਤੋਂ ਡਰਦਾ ਸੀ। ਓਬਦਿਆਹ ਸਾਡੇ ਸਾਰਿਆਂ ਲਈ ਇਕ ਚੰਗੀ ਮਿਸਾਲ ਹੈ, ਖ਼ਾਸ ਕਰਕੇ ਉਨ੍ਹਾਂ ਲਈ ਜੋ ਕੈਦ ਕੀਤੇ ਜਾਣ ਦਾ ਖ਼ਤਰਾ ਮੁੱਲ ਲੈ ਕੇ ਜਾਂ ਆਪਣੀ ਜਾਨ ਦੀ ਬਾਜ਼ੀ ਲਾ ਕੇ ਯਹੋਵਾਹ ਦੀ ਭਗਤੀ ਕਰਦੇ ਹਨ। (ਮੱਤੀ 24:9) ਆਓ ਆਪਾਂ ਸਾਰੇ “ਭੈ ਨਾਲ” ਯਹੋਵਾਹ ਦੀ ਸੇਵਾ ਕਰੀਏ।—ਇਬਰਾਨੀਆਂ 12:28.

21. ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?

21 ਪੱਕੀ ਨਿਹਚਾ ਅਤੇ ਪਰਮੇਸ਼ੁਰ ਦਾ ਡਰ ਰੱਖਣ ਤੋਂ ਇਲਾਵਾ ਪਿਆਰ ਵੀ ਸਾਨੂੰ ਹਿੰਮਤ ਦੇ ਸਕਦਾ ਹੈ। ਪੌਲੁਸ ਨੇ ਲਿਖਿਆ: “ਪਰਮੇਸ਼ੁਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਸਗੋਂ ਸਮਰੱਥਾ ਅਤੇ ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ।” (2 ਤਿਮੋਥਿਉਸ 1:7) ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਇਨ੍ਹਾਂ ਆਖ਼ਰੀ ਦਿਨਾਂ ਦੇ ਭੈੜੇ ਹਾਲਾਤਾਂ ਵਿਚ ਰਹਿੰਦਿਆਂ ਪਿਆਰ ਸਾਨੂੰ ਯਹੋਵਾਹ ਦੀ ਸੇਵਾ ਕਰਨ ਦੀ ਕਿਵੇਂ ਹਿੰਮਤ ਦੇ ਸਕਦਾ ਹੈ।—2 ਤਿਮੋਥਿਉਸ 3:1.

[ਫੁਟਨੋਟ]

^ ਪੈਰਾ 17 ਇਹ ਓਬਦਯਾਹ ਨਬੀ ਨਹੀਂ ਸੀ।

ਕੀ ਤੁਸੀਂ ਜਵਾਬ ਦੇ ਸਕਦੇ ਹੋ?

• ਯਹੋਸ਼ੁਆ ਤੇ ਕਾਲੇਬ ਨੂੰ ਹਿੰਮਤ ਕਿੱਥੋਂ ਮਿਲੀ ਸੀ?

• ਯਹੋਵਾਹ ਉੱਤੇ ਨਿਹਚਾ ਕਰਨ ਦਾ ਕੀ ਮਤਲਬ ਹੈ?

• ਹਨੋਕ ਹਿੰਮਤ ਨਾਲ ਪਰਮੇਸ਼ੁਰ ਦਾ ਬਚਨ ਕਿਉਂ ਸੁਣਾ ਸਕਿਆ?

• ਪਰਮੇਸ਼ੁਰ ਦਾ ਡਰ ਸਾਨੂੰ ਹਿੰਮਤੀ ਕਿਵੇਂ ਬਣਾਉਂਦਾ ਹੈ?

[ਸਵਾਲ]

[ਸਫ਼ੇ 16, 17 ਉੱਤੇ ਤਸਵੀਰ]

ਯਹੋਵਾਹ ਨੇ ਯਹੋਸ਼ੁਆ ਨੂੰ ਹੁਕਮ ਦਿੱਤਾ: “ਤਕੜਾ ਹੋ ਅਤੇ ਹੌਸਲਾ ਰੱਖ”

[ਸਫ਼ਾ 18 ਉੱਤੇ ਤਸਵੀਰ]

ਓਬਦਿਆਹ ਨੇ ਪਰਮੇਸ਼ੁਰ ਦੇ ਨਬੀਆਂ ਦੀ ਰਾਖੀ ਤੇ ਦੇਖ-ਭਾਲ ਕੀਤੀ

[ਸਫ਼ਾ 19 ਉੱਤੇ ਤਸਵੀਰਾਂ]

ਹਨੋਕ ਨੇ ਦਲੇਰੀ ਨਾਲ ਪਰਮੇਸ਼ੁਰ ਦਾ ਬਚਨ ਸੁਣਾਇਆ