ਘਰਦਿਆਂ ਦੀ ਵਫ਼ਾਦਾਰੀ ਤੋਂ ਮੈਂ ਬਹੁਤ ਕੁਝ ਸਿੱਖਿਆ
ਜੀਵਨੀ
ਘਰਦਿਆਂ ਦੀ ਵਫ਼ਾਦਾਰੀ ਤੋਂ ਮੈਂ ਬਹੁਤ ਕੁਝ ਸਿੱਖਿਆ
ਕੈਥਲੀਨ ਕੁੱਕ ਦੀ ਜ਼ਬਾਨੀ
ਮੇਰੇ ਨਾਨੀ ਜੀ ਦਾ ਨਾਂ ਮੇਰੀ ਐਲਨ ਟੌਮਸਨ ਸੀ। ਸੰਨ 1911 ਵਿਚ ਉਹ ਦੱਖਣੀ ਅਫ਼ਰੀਕਾ ਤੋਂ ਸਕਾਟਲੈਂਡ ਦੇ ਗਲਾਸਗੋ ਸ਼ਹਿਰ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ। ਉੱਥੇ ਉਹ ਬਾਈਬਲ ਸਟੂਡੈਂਟਸ (ਬਾਅਦ ਵਿਚ ਯਹੋਵਾਹ ਦੇ ਗਵਾਹ) ਦੇ ਉੱਘੇ ਮੈਂਬਰ ਭਰਾ ਚਾਰਲਸ ਟੇਜ਼ ਰਸਲ ਦਾ ਭਾਸ਼ਣ ਸੁਣਨ ਗਏ। ਨਾਨੀ ਜੀ ਨੂੰ ਇਹ ਭਾਸ਼ਣ ਬਹੁਤ ਹੀ ਚੰਗਾ ਲੱਗਾ। ਦੱਖਣੀ ਅਫ਼ਰੀਕਾ ਵਾਪਸ ਪਹੁੰਚ ਕੇ ਉਨ੍ਹਾਂ ਨੇ ਉੱਥੇ ਰਹਿਣ ਵਾਲੇ ਬਾਈਬਲ ਸਟੂਡੈਂਟਸ ਨਾਲ ਸੰਪਰਕ ਕੀਤਾ। ਸੰਨ 1914 ਦੇ ਅਪ੍ਰੈਲ ਮਹੀਨੇ ਵਿਚ ਦੱਖਣੀ ਅਫ਼ਰੀਕਾ ਵਿਚ ਬਾਈਬਲ ਸਟੂਡੈਂਟਸ ਦਾ ਪਹਿਲਾ ਸੰਮੇਲਨ ਹੋਇਆ ਸੀ। ਉੱਥੇ ਨਾਨੀ ਜੀ ਨੇ ਅਤੇ 15 ਹੋਰ ਜਣਿਆਂ ਨੇ ਬਪਤਿਸਮਾ ਲਿਆ। ਉਸ ਸਮੇਂ ਨਾਨੀ ਜੀ ਦੀ ਬੇਟੀ ਈਡਿਥ ਮੇਰੇ ਮੰਮੀ ਜੀ ਛੇ ਸਾਲਾਂ ਦੇ ਸਨ।
ਭਰਾ ਰਸਲ ਦੀ ਮੌਤ 1916 ਵਿਚ ਹੋ ਗਈ ਸੀ ਜਿਸ ਤੋਂ ਬਾਅਦ ਦੁਨੀਆਂ ਭਰ ਦੇ ਬਾਈਬਲ ਸਟੂਡੈਂਟਸ ਵਿਚ ਫੁੱਟ ਪੈ ਗਈ ਸੀ। ਡਰਬਨ ਸ਼ਹਿਰ ਦੇ 60 ਬਾਈਬਲ ਸਟੂਡੈਂਟਸ ਵਿੱਚੋਂ ਤਕਰੀਬਨ 12 ਹੀ ਸੱਚਾਈ ਦੇ ਪੱਖ ਵਿਚ ਖੜ੍ਹੇ ਰਹੇ। ਉਨ੍ਹਾਂ 12 ਵਿਚ ਮੇਰੇ ਦਾਦੀ ਜੀ, ਇੰਗਬੋਰਗ ਮਰਡਾਲ, ਅਤੇ ਉਨ੍ਹਾਂ ਦਾ ਨੌਜਵਾਨ ਬੇਟਾ ਹੈਨਰੀ ਸੀ ਜਿਸ ਨੇ ਅਜੇ ਬਪਤਿਸਮਾ ਲਿਆ ਹੀ ਸੀ। ਸੰਨ 1924 ਵਿਚ ਹੈਨਰੀ ਨੇ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਅਫ਼ਰੀਕਾ ਦੇ ਕਈ ਦੱਖਣੀ ਦੇਸ਼ਾਂ ਵਿਚ ਪ੍ਰਚਾਰ ਕੀਤਾ। ਫਿਰ 1930 ਵਿਚ ਉਸ ਨੇ ਨਾਨੀ ਜੀ ਦੀ ਬੇਟੀ ਈਡਿਥ ਨਾਲ ਵਿਆਹ ਕਰਵਾ ਲਿਆ ਤੇ ਤਿੰਨ ਸਾਲ ਬਾਅਦ ਮੇਰਾ ਜਨਮ ਹੋ ਗਿਆ।
ਸਾਡਾ ਪਰਿਵਾਰ
ਕੁਝ ਸਾਲ ਅਸੀਂ ਮੋਜ਼ਾਮਬੀਕ ਦੇਸ਼ ਵਿਚ ਰਹੇ, ਪਰ ਫਿਰ 1939 ਵਿਚ ਅਸੀਂ ਨਾਨਾ-ਨਾਨੀ ਦੇ ਘਰ ਜੋਹਾਨਸਬਰਗ ਸ਼ਹਿਰ
ਵਿਚ ਰਹਿਣ ਲੱਗ ਪਏ। ਇੱਥੇ ਮੇਰੀ ਭੈਣ ਥੈਲਮਾ ਦਾ ਜਨਮ 1940 ਵਿਚ ਹੋਇਆ। ਨਾਨਾ-ਨਾਨੀ ਜੀ ਨਾਲ ਰਹਿ ਕੇ ਅਸੀਂ ਵੱਡੀ ਉਮਰ ਵਾਲਿਆਂ ਦੀ ਦੇਖ-ਭਾਲ ਕਰਨੀ ਸਿੱਖੀ। ਪਰ ਅਫ਼ਸੋਸ ਦੀ ਗੱਲ ਹੈ ਕਿ ਨਾਨਾ ਜੀ ਬਾਈਬਲ ਵਿਚ ਕੋਈ ਦਿਲਚਸਪੀ ਨਹੀਂ ਲੈਂਦੇ ਸਨ ਤੇ ਕਦੀ-ਕਦੀ ਨਾਨੀ ਜੀ ਨੂੰ ਤੰਗ ਵੀ ਕਰਿਆ ਕਰਦੇ ਸਨ। ਪਰ ਫਿਰ ਵੀ ਉਹ ਬਹੁਤ ਹੀ ਖੁੱਲ੍ਹੇ ਦਿਲ ਵਾਲੇ ਇਨਸਾਨ ਸਨ। ਅਸੀਂ ਰਾਤ ਦੀ ਰੋਟੀ ਖਾਣ ਮਗਰੋਂ ਸਾਰੇ ਕਿੰਨੀ ਦੇਰ ਤਕ ਬੈਠ ਕੇ ਦਿਨ ਭਰ ਦੀਆਂ ਜਾਂ ਬੀਤੇ ਸਮੇਂ ਦੀਆਂ ਗੱਲਾਂ-ਬਾਤਾਂ ਕਰਦੇ ਰਹਿੰਦੇ ਸੀ।ਸਾਡੇ ਘਰ ਬਹੁਤ ਸਾਰੇ ਭੈਣ-ਭਰਾਵਾਂ ਦਾ ਆਉਣਾ-ਜਾਣਾ ਰਹਿੰਦਾ ਸੀ, ਖ਼ਾਸਕਰ ਉਨ੍ਹਾਂ ਦਾ ਜੋ ਪਾਇਨੀਅਰੀ ਕਰ ਰਹੇ ਸਨ। ਉਹ ਵੀ ਰਾਤ ਦੀ ਰੋਟੀ ਖਾਣ ਮਗਰੋਂ ਸਾਡੇ ਨਾਲ ਬੈਠ ਕੇ ਆਪਣੇ ਤਜਰਬੇ ਸੁਣਾਇਆ ਕਰਦੇ ਸਨ। ਇਸ ਤਰ੍ਹਾਂ ਦੇ ਮਾਹੌਲ ਸਦਕਾ ਮੇਰੇ ਤੇ ਥੈਲਮਾ ਦੇ ਦਿਲ ਵਿਚ ਯਹੋਵਾਹ ਦੀ ਸੇਵਾ ਕਰਨ ਦੀ ਤਾਂਘ ਪੈਦਾ ਹੋ ਗਈ ਤੇ ਅਸੀਂ ਵੀ ਪਾਇਨੀਅਰੀ ਕਰਨ ਬਾਰੇ ਸੋਚਣ ਲੱਗੀਆਂ।
ਛੋਟੀਆਂ ਹੁੰਦੀਆਂ ਤੋਂ ਹੀ ਸਾਨੂੰ ਸਿਖਾਇਆ ਗਿਆ ਸੀ ਕਿ ਪੜ੍ਹਨ ਤੋਂ ਕਿੰਨਾ ਆਨੰਦ ਮਿਲਦਾ ਹੈ। ਮੰਮੀ-ਡੈਡੀ ਤੇ ਨਾਨੀ ਜੀ ਸਾਨੂੰ ਕਹਾਣੀਆਂ ਜਾਂ ਬਾਈਬਲ ਤੋਂ ਪੜ੍ਹ ਕੇ ਸੁਣਾਇਆ ਕਰਦੇ ਸਨ। ਅਸੀਂ ਬਾਕਾਇਦਾ ਮੀਟਿੰਗਾਂ ਵਿਚ ਤੇ ਪ੍ਰਚਾਰ ਕਰਨ ਜਾਇਆ ਕਰਦੇ ਸੀ। ਡੈਡੀ ਜੀ ਜੋਹਾਨਸਬਰਗ ਦੀ ਕਲੀਸਿਯਾ ਦੇ ਪ੍ਰਧਾਨ ਨਿਗਾਹਬਾਨ ਸਨ, ਇਸ ਲਈ ਅਸੀਂ ਮੀਟਿੰਗਾਂ ਦੇ ਸ਼ੁਰੂ ਹੋਣ ਤੋਂ ਕਾਫ਼ੀ ਸਮਾਂ ਪਹਿਲਾਂ ਆਉਂਦੇ ਹੁੰਦੇ ਸੀ। ਸੰਮੇਲਨਾਂ ਦੇ ਸਮੇਂ ਡੈਡੀ ਜੀ ਸੰਮੇਲਨ ਦੇ ਬੰਦੋਬਸਤ ਵਿਚ ਲੱਗੇ ਹੁੰਦੇ ਸਨ ਤੇ ਮੰਮੀ ਜੀ ਦੂਜੇ ਸ਼ਹਿਰੋਂ ਆਏ ਭੈਣ-ਭਰਾਵਾਂ ਦੇ ਰਹਿਣ ਦਾ ਇੰਤਜ਼ਾਮ ਕਰਦੇ ਹੁੰਦੇ ਸਨ।
ਸਾਡੇ ਲਈ ਖ਼ਾਸ ਸੰਮੇਲਨ
ਸੰਨ 1948 ਵਿਚ ਜੋਹਾਨਸਬਰਗ ਵਿਚ ਇਕ ਸੰਮੇਲਨ ਹੋਇਆ ਸੀ ਜੋ ਸਾਡੇ ਲਈ ਖ਼ਾਸ ਸਾਬਤ ਹੋਇਆ। ਉਸ ਸੰਮੇਲਨ ਵਿਚ ਬਰੁਕਲਿਨ, ਨਿਊਯਾਰਕ ਤੋਂ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਤੋਂ ਪਹਿਲੀ ਵਾਰ ਕੁਝ ਭਰਾ ਆਏ ਸਨ। ਡੈਡੀ ਜੀ ਨੂੰ ਭਰਾ ਨੇਥਨ ਨੌਰ ਅਤੇ ਭਰਾ ਮਿਲਟਨ ਹੈੱਨਸ਼ਲ ਨੂੰ ਆਪਣੀ ਗੱਡੀ ਵਿਚ ਥਾਂ-ਥਾਂ ਲੈ ਜਾਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਸੇ ਸੰਮੇਲਨ ਤੇ ਮੈਂ ਬਪਤਿਸਮਾ ਲਿਆ।
ਮੇਰੇ ਦਾਦਾ ਜੀ ਉਨ੍ਹਾਂ ਲੋਕਾਂ ਵਿੱਚੋਂ ਸਨ ਜਿਨ੍ਹਾਂ ਨੇ ਭਰਾ ਰਸਲ ਦੀ ਮੌਤ ਤੋਂ ਬਾਅਦ ਬਾਈਬਲ ਸਟੂਡੈਂਟਸ ਨਾਲ ਮਿਲਣਾ-ਗਿਲਣਾ ਛੱਡ ਦਿੱਤਾ ਸੀ। ਸੰਮੇਲਨ ਤੋਂ ਕੁਝ ਸਮੇਂ ਬਾਅਦ ਦਾਦਾ ਜੀ ਨੇ ਡੈਡੀ ਜੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਵੱਡਾ ਪਛਤਾਵਾ ਸੀ ਕਿ ਉਹ ਲੋਕਾਂ ਦੀ ਗੱਲ ਵਿਚ ਆ ਕੇ ਸੱਚਾਈ ਨੂੰ ਛੱਡ ਗਏ ਸਨ। ਕੁਝ ਮਹੀਨੇ ਬਾਅਦ ਦਾਦਾ ਜੀ ਪੂਰੇ ਹੋ ਗਏ। ਪਰ, ਦਾਦੀ ਜੀ ਯਹੋਵਾਹ ਦੇ ਵਫ਼ਾਦਾਰ ਰਹੇ ਅਤੇ 1955 ਵਿਚ ਸਵਰਗਵਾਸ ਹੋਏ।
ਜ਼ਿੰਦਗੀ ਨੂੰ ਬਦਲਣ ਵਾਲੀਆਂ ਘਟਨਾਵਾਂ
ਮੈਂ 1 ਫਰਵਰੀ 1949 ਵਿਚ ਰੈਗੂਲਰ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਫਿਰ ਅਸੀਂ ਸੁਣਿਆ ਕਿ ਅਗਲੇ ਸਾਲ ਨਿਊਯਾਰਕ ਸਿਟੀ ਵਿਚ ਇਕ ਸੰਮੇਲਨ ਹੋਵੇਗਾ ਜਿਸ ਵਿਚ ਹਰ ਦੇਸ਼ ਤੋਂ ਭੈਣ-ਭਰਾ ਆਉਣਗੇ। ਅਸੀਂ ਜਾਣਾ ਤਾਂ ਬਹੁਤ ਚਾਹੁੰਦੇ ਸੀ, ਪਰ ਸਾਡੇ ਕੋਲ ਜਾਣ ਜੋਗੇ ਪੈਸੇ ਨਹੀਂ ਸਨ। ਫਿਰ ਫਰਵਰੀ 1950 ਵਿਚ ਨਾਨਾ ਜੀ ਪੂਰੇ ਹੋ ਗਏ ਤੇ ਜਿੰਨੇ ਪੈਸੇ ਉਹ ਨਾਨੀ ਜੀ ਲਈ ਛੱਡ ਕੇ ਗਏ ਸਨ, ਉਨ੍ਹਾਂ ਨਾਲ ਨਾਨੀ ਜੀ ਨੇ ਸਾਡੇ ਪੰਜਾਂ ਜਣਿਆਂ ਲਈ ਟਿਕਟਾਂ ਖ਼ਰੀਦ ਲਈਆਂ।
ਸੰਮੇਲਨ ਨੂੰ ਜਾਣ ਤੋਂ ਕੁਝ ਹਫ਼ਤੇ ਪਹਿਲਾਂ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਤੋਂ ਸਾਨੂੰ ਇਕ ਚਿੱਠੀ ਆਈ। ਇਹ
ਮੇਰੇ ਲਈ ਗਿਲਿਅਡ ਦੇ ਮਿਸ਼ਨਰੀ ਸਕੂਲ ਦੀ 16ਵੀਂ ਕਲਾਸ ਵਿਚ ਜਾਣ ਦਾ ਸੱਦਾ ਸੀ। ਮੇਰੀ ਖ਼ੁਸ਼ੀ ਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਮੈਂ ਤਾਂ ਅਜੇ 17 ਦੀ ਵੀ ਨਹੀਂ ਹੋਈ ਸੀ! ਮੇਰੀ ਕਲਾਸ ਵਿਚ ਦੱਖਣੀ ਅਫ਼ਰੀਕਾ ਦੇ ਨੌਂ ਜਣੇ ਸਨ।ਫਰਵਰੀ 1951 ਵਿਚ ਸਾਡੀ ਕਲਾਸ ਗ੍ਰੈਜੂਏਟ ਹੋ ਗਈ। ਕਲਾਸ ਦੇ ਅੱਠ ਮੈਂਬਰਾਂ ਨੂੰ ਦੱਖਣੀ ਅਫ਼ਰੀਕਾ ਵਿਚ ਮਿਸ਼ਨਰੀ ਸੇਵਾ ਲਈ ਭੇਜਿਆ ਗਿਆ। ਅਗਲੇ ਕੁਝ ਸਾਲਾਂ ਦੌਰਾਨ ਮੈਂ ਤੇ ਇਕ ਹੋਰ ਭੈਣ ਨੇ ਛੋਟੇ-ਛੋਟੇ ਸ਼ਹਿਰਾਂ ਵਿਚ ਪ੍ਰਚਾਰ ਕੀਤਾ ਜਿੱਥੇ ਅਫ਼ਰੀਕਾਨਜ਼ ਭਾਸ਼ਾ ਬੋਲੀ ਜਾਂਦੀ ਸੀ। ਪਹਿਲਾਂ-ਪਹਿਲ ਮੇਰੇ ਲਈ ਇਹ ਭਾਸ਼ਾ ਬੋਲਣੀ ਬਹੁਤ ਮੁਸ਼ਕਲ ਸੀ। ਮੈਨੂੰ ਯਾਦ ਹੈ ਇਸੇ ਹੀ ਗੱਲ ਤੇ ਇਕ ਦਿਨ ਸਾਈਕਲ ਤੇ ਘਰ ਵਾਪਸ ਆਉਂਦੀ ਹੋਈ ਮੈਂ ਬਹੁਤ ਰੋਈ। ਮੈਨੂੰ ਲੱਗਦਾ ਸੀ ਕਿ ਮੈਂ ਲੋਕਾਂ ਨੂੰ ਇਸ ਭਾਸ਼ਾ ਵਿਚ ਬਾਈਬਲ ਬਾਰੇ ਨਹੀਂ ਸਿਖਾ ਪਾਵਾਂਗੀ। ਪਰ ਸਮੇਂ ਦੇ ਬੀਤਣ ਨਾਲ ਮੈਂ ਤਰੱਕੀ ਕੀਤੀ ਤੇ ਯਹੋਵਾਹ ਨੇ ਮੈਨੂੰ ਬਰਕਤਾਂ ਦਿੱਤੀਆਂ।
ਵਿਆਹ ਤੋਂ ਬਾਅਦ ਸਫ਼ਰੀ ਕੰਮ ਵਿਚ ਕਦਮ
ਸੰਨ 1955 ਵਿਚ ਮੈਂ ਜੌਨ ਕੁੱਕ ਨੂੰ ਮਿਲੀ। ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਤੇ ਬਾਅਦ ਵਿਚ ਫਰਾਂਸ, ਪੁਰਤਗਾਲ ਅਤੇ ਸਪੇਨ ਵਿਚ ਪ੍ਰਚਾਰ ਦੇ ਕੰਮ ਵਿਚ ਵੱਡਾ ਹਿੱਸਾ ਲਿਆ ਸੀ। ਫਿਰ 1955 ਵਿਚ ਉਨ੍ਹਾਂ ਨੂੰ ਮਿਸ਼ਨਰੀ ਸੇਵਾ ਲਈ ਅਫ਼ਰੀਕਾ ਭੇਜਿਆ ਗਿਆ। ਬਾਅਦ ਵਿਚ ਉਨ੍ਹਾਂ ਨੇ ਲਿਖਿਆ: ‘ਇੱਕੋ ਹਫ਼ਤੇ ਵਿਚ ਤਿੰਨ ਗੱਲਾਂ ਤੋਂ ਮੈਂ ਹੈਰਾਨ ਰਹਿ ਗਿਆ। ਇਕ ਵੱਡੇ ਦਿਲ ਵਾਲੇ ਭਰਾ ਨੇ ਮੈਨੂੰ ਗੱਡੀ ਦਿੱਤੀ, ਮੈਨੂੰ ਜ਼ਿਲ੍ਹਾ ਨਿਗਾਹਬਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਤੇ ਮੈਨੂੰ ਇਕ ਕੁੜੀ ਨਾਲ ਪਿਆਰ ਹੋ ਗਿਆ।’ ਦਸੰਬਰ 1957 ਵਿਚ ਸਾਡਾ ਵਿਆਹ ਹੋ ਗਿਆ।
ਸ਼ਾਦੀ ਤੋਂ ਪਹਿਲਾਂ ਜੌਨ ਨੇ ਮੈਨੂੰ ਯਕੀਨ ਦਿਲਾਇਆ ਸੀ ਕਿ ਉਨ੍ਹਾਂ ਨਾਲ ਜ਼ਿੰਦਗੀ ਗੁਜ਼ਾਰ ਕੇ ਮੈਂ ਕਦੇ ਬੋਰ ਨਹੀਂ ਹੋਵਾਂਗੀ, ਸੱਚ ਦਸਾਂ ਤੇ ਉਨ੍ਹਾਂ ਦੀ ਗੱਲ ਸੋਲਾਂ ਆਨੇ ਸੱਚ ਨਿਕਲੀ! ਅਸੀਂ ਦੱਖਣੀ ਅਫ਼ਰੀਕਾ ਦੀਆਂ ਕਈ ਕਲੀਸਿਯਾਵਾਂ ਨੂੰ ਮਿਲਣ ਗਏ, ਖ਼ਾਸਕਰ ਉਨ੍ਹਾਂ ਇਲਾਕਿਆਂ ਵਿਚ ਜਿੱਥੇ ਕਾਲੇ ਲੋਕ ਰਹਿੰਦੇ ਸਨ। ਸਰਕਾਰੀ ਪਾਬੰਦੀਆਂ ਕਰਕੇ ਅਸੀਂ ਮਸੀਂ ਇਜਾਜ਼ਤ ਲੈ ਕੇ ਉਨ੍ਹਾਂ ਇਲਾਕਿਆਂ ਵਿਚ ਜਾ ਸਕਦੇ ਸੀ। ਕਦੀ-ਕਦੀ ਅਸੀਂ ਨਾਲ ਲੱਗਦੇ ਗੋਰਿਆਂ ਦੇ ਇਲਾਕੇ ਵਿਚ ਕਿਸੇ ਦੁਕਾਨ ਦੀ ਫ਼ਰਸ਼ ਤੇ ਸੌਂ ਜਾਂਦੇ ਸੀ ਤਾਂਕਿ ਸਾਨੂੰ ਕੋਈ ਦੇਖ ਨਾ ਲਵੇ। ਪਰ ਆਮ ਕਰਕੇ ਅਸੀਂ ਗੋਰੇ ਭੈਣ-ਭਾਈਆਂ ਦੇ ਘਰ ਠਹਿਰਦੇ ਸੀ, ਭਾਵੇਂ ਉਹ ਕਈ ਮੀਲ ਦੂਰ ਰਹਿੰਦੇ ਸਨ।
ਉਨ੍ਹੀਂ ਦਿਨੀਂ ਉਜਾੜ ਵਿਚ ਸੰਮੇਲਨਾਂ ਲਈ ਥਾਂ ਲੱਭ ਕੇ ਹੀ ਸਾਨੂੰ ਕੰਮ ਸਾਰਨਾ ਪੈਂਦਾ ਸੀ। ਅਸੀਂ ਯਹੋਵਾਹ ਦੇ ਗਵਾਹਾਂ
ਦੁਆਰਾ ਤਿਆਰ ਕੀਤੀਆਂ ਗਈਆਂ ਫਿਲਮਾਂ ਦਿਖਾਇਆ ਕਰਦੇ ਸੀ ਤਾਂਕਿ ਲੋਕ ਜਾਣ ਸਕਣ ਕਿ ਯਹੋਵਾਹ ਦੇ ਗਵਾਹਾਂ ਦਾ ਭਾਈਚਾਰਾ ਦੁਨੀਆਂ ਦੇ ਹਰ ਕੋਣੇ ਵਿਚ ਸੀ। ਉਨ੍ਹਾਂ ਇਲਾਕਿਆਂ ਵਿਚ ਬਿਜਲੀ ਨਾ ਹੋਣ ਕਰਕੇ ਸਾਨੂੰ ਆਪਣਾ ਜੈਨਰੇਟਰ ਨਾਲ ਲੈ ਕੇ ਜਾਣਾ ਪੈਂਦਾ ਸੀ। ਸਾਨੂੰ ਬਰਤਾਨਵੀ ਰਾਜ ਅਧੀਨ ਆਏ ਦੇਸ਼ਾਂ ਵਿਚ ਵੀ ਧਿਆਨ ਰੱਖਣਾ ਪੈਂਦਾ ਸੀ ਕਿਉਂਕਿ ਉੱਥੇ ਯਹੋਵਾਹ ਦੇ ਗਵਾਹਾਂ ਦੀਆਂ ਕਿਤਾਬਾਂ ਤੇ ਪਾਬੰਦੀ ਲੱਗੀ ਹੋਈ ਸੀ। ਇਸ ਤੋਂ ਇਲਾਵਾ ਸਾਨੂੰ ਜ਼ੂਲੂ ਭਾਸ਼ਾ ਵੀ ਸਿੱਖਣੀ ਪਈ ਸੀ। ਇਸ ਸਭ ਦੇ ਬਾਵਜੂਦ ਉਨ੍ਹਾਂ ਭੈਣ-ਭਰਾਵਾਂ ਦੀ ਸੇਵਾ ਕਰ ਕੇ ਸਾਨੂੰ ਬਹੁਤ ਖ਼ੁਸ਼ੀ ਮਿਲੀ।ਅਗਸਤ 1961 ਵਿਚ ਦੱਖਣੀ ਅਫ਼ਰੀਕਾ ਵਿਚ ਕਲੀਸਿਯਾ ਦੇ ਬਜ਼ੁਰਗਾਂ ਦੀ ਸਿਖਲਾਈ ਵਾਸਤੇ ਪਹਿਲਾ ਕਿੰਗਡਮ ਮਿਨਿਸਟ੍ਰੀ ਸਕੂਲ ਸ਼ੁਰੂ ਹੋਇਆ ਅਤੇ ਜੌਨ ਇਸ ਸਕੂਲ ਦੇ ਪਹਿਲੇ ਇੰਸਟ੍ਰਕਟਰ ਬਣਾਏ ਗਏ ਸਨ। ਜੌਨ ਦਾ ਸਿੱਖਿਆ ਦੇਣ ਦਾ ਤਰੀਕਾ ਬਹੁਤ ਹੀ ਵਧੀਆ ਸੀ। ਉਹ ਸਾਦੀ ਭਾਸ਼ਾ ਵਿਚ ਗੱਲ ਚੰਗੀ ਤਰ੍ਹਾਂ ਸਮਝਾਉਂਦੇ ਸਨ ਤਾਂਕਿ ਸੁਣਨ ਵਾਲੇ ਦੇ ਦਿਲ ਤੇ ਡੂੰਘਾ ਅਸਰ ਪਵੇ। ਤਕਰੀਬਨ ਡੇਢ ਸਾਲ ਲਈ ਅਸੀਂ ਇਨ੍ਹਾਂ ਕਲਾਸਾਂ ਦੇ ਸਿਲਸਿਲੇ ਵਿਚ ਇਕ ਤੋਂ ਦੂਜੀ ਥਾਂ ਨੂੰ ਜਾਂਦੇ ਰਹੇ। ਜੌਨ ਕਲਾਸ ਸਿਖਾਇਆ ਕਰਦੇ ਸਨ ਤੇ ਮੈਂ ਉੱਥੇ ਦੇ ਭੈਣ-ਭਰਾਵਾਂ ਨਾਲ ਪ੍ਰਚਾਰ ਕਰਨ ਜਾਂਦੀ ਸੀ। ਫਿਰ ਅਚਾਨਕ ਸਾਨੂੰ ਚਿੱਠੀ ਰਾਹੀਂ ਜੋਹਾਨਸਬਰਗ ਦੇ ਲਾਗੇ ਦੱਖਣੀ ਅਫ਼ਰੀਕਾ ਦੇ ਬ੍ਰਾਂਚ ਆਫ਼ਿਸ ਵਿਚ ਕੰਮ ਕਰਨ ਲਈ ਬੁਲਾਇਆ ਗਿਆ। ਅਸੀਂ ਉੱਥੇ 1 ਜੁਲਾਈ 1964 ਵਿਚ ਪਹੁੰਚੇ।
ਉਸ ਸਮੇਂ ਤਕ ਸਾਨੂੰ ਜੌਨ ਦੀ ਸਿਹਤ ਦਾ ਬਹੁਤ ਫ਼ਿਕਰ ਲੱਗਾ ਹੋਇਆ ਸੀ। 1948 ਵਿਚ ਉਨ੍ਹਾਂ ਨੂੰ ਟੀ. ਬੀ. ਦੀ ਬੀਮਾਰੀ ਲੱਗ ਗਈ ਸੀ ਜਿਸ ਤੋਂ ਬਾਅਦ ਉਹ ਅਕਸਰ ਕਮਜ਼ੋਰ ਮਹਿਸੂਸ ਕਰਦੇ ਸਨ। ਇਸ ਤਰ੍ਹਾਂ ਲੱਗਦਾ ਹੁੰਦਾ ਸੀ ਕਿ ਉਨ੍ਹਾਂ ਨੂੰ ਫਲੂ ਹੋ ਗਿਆ ਹੈ ਤੇ ਫਿਰ ਉਹ ਕਈ ਦਿਨ ਬਿਸਤਰੇ ਤੋਂ ਨਹੀਂ ਉੱਠਦੇ ਸਨ ਤੇ ਨਾ ਕਿਸੇ ਨੂੰ ਮਿਲਣਾ ਚਾਹੁੰਦੇ ਸਨ ਤੇ ਨਾ ਕੁਝ ਕਰਨਾ। ਬ੍ਰਾਂਚ ਆਫ਼ਿਸ ਪਹੁੰਚਣ ਤੋਂ ਥੋੜ੍ਹੀ ਦੇਰ ਪਹਿਲਾਂ ਇਕ ਡਾਕਟਰ ਨੇ ਕਿਹਾ ਕਿ ਉਨ੍ਹਾਂ ਨੂੰ ਡਿਪਰੈਸ਼ਨ ਦੀ ਸ਼ਿਕਾਇਤ ਸੀ।
ਡਾਕਟਰ ਨੇ ਕਿਹਾ ਸੀ ਕਿ ਸਾਨੂੰ ਨੱਠ-ਭੱਜ ਦੀ ਜ਼ਿੰਦਗੀ ਛੱਡਣੀ ਪਵੇਗੀ ਕਿਉਂਕਿ ਮੇਰੇ ਪਤੀ ਨੂੰ ਆਰਾਮ ਦੀ ਲੋੜ ਸੀ। ਬ੍ਰਾਂਚ ਵਿਚ ਜੌਨ ਨੂੰ ਸਰਵਿਸ ਡਿਪਾਰਟਮੈਂਟ ਵਿਚ ਲਾ ਦਿੱਤਾ ਗਿਆ ਤੇ ਮੈਨੂੰ ਪਰੂਫ-ਰੀਡਿੰਗ ਕਰਨ ਲਈ। ਇੰਨੇ ਸਾਲ ਸਫ਼ਰੀ ਕੰਮ ਕਰਨੋਂ ਬਾਅਦ ਆਪਣੇ ਕਮਰੇ ਵਿਚ ਸੌਣਾ ਕਿੰਨਾ ਚੰਗਾ ਸੀ। ਸਾਡੇ ਵਿਆਹ ਤੋਂ ਪਹਿਲਾਂ ਜੌਨ ਨੇ ਉਨ੍ਹਾਂ ਦੇਸ਼ਾਂ ਵਿਚ ਸੇਵਾ ਕੀਤੀ ਸੀ ਜਿੱਥੇ ਪੁਰਤਗਾਲੀ ਭਾਸ਼ਾ ਬੋਲੀ ਜਾਂਦੀ ਸੀ। ਇਸੇ ਕਰਕੇ 1967 ਵਿਚ ਸਾਨੂੰ ਇਕ ਪਰਿਵਾਰ ਦੀ ਮਦਦ ਕਰਨ ਲਈ ਭੇਜਿਆ ਗਿਆ ਜੋ ਇਕੱਲਾ ਜੋਹਾਨਸਬਰਗ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਪੁਰਤਗਾਲੀ ਭਾਸ਼ਾ ਬੋਲਣ ਵਾਲਿਆਂ ਨੂੰ ਪ੍ਰਚਾਰ ਕਰ ਰਿਹਾ ਸੀ। ਮੇਰੇ ਲਈ ਇਸ ਦਾ ਮਤਲਬ ਸੀ ਕਿ ਮੈਨੂੰ ਫਿਰ ਤੋਂ ਇਕ ਹੋਰ ਨਵੀਂ ਭਾਸ਼ਾ ਸਿੱਖਣੀ ਪਵੇਗੀ।
ਪੁਰਤਗਾਲੀ ਲੋਕ ਦੂਰ-ਦੂਰ ਰਹਿੰਦੇ ਸਨ ਤੇ ਕਦੇ-ਕਦੇ ਸਾਨੂੰ 300 ਕਿਲੋਮੀਟਰ ਤਕ ਸਫ਼ਰ ਕਰਨਾ ਪੈਂਦਾ ਸੀ। ਇਸ ਸਮੇਂ ਤਕ ਮੋਜ਼ਾਮਬੀਕ ਤੋਂ ਪੁਰਤਗਾਲੀ ਬੋਲਣ ਵਾਲੇ ਭੈਣ-ਭਰਾ ਸਾਡੇ ਸੰਮੇਲਨਾਂ ਵਿਚ ਆਉਣ ਲੱਗ ਪਏ ਸਨ ਜਿਸ ਤੋਂ ਉਨ੍ਹਾਂ ਲੋਕਾਂ ਦੀ ਬਹੁਤ ਮਦਦ ਹੋਈ ਜੋ ਅਜੇ ਬਾਈਬਲ ਵਿਚ ਦਿਲਚਸਪੀ ਲੈਣ ਹੀ ਲੱਗੇ ਸਨ। ਅਸੀਂ 11 ਸਾਲ ਪੁਰਤਗਾਲੀਆਂ ਨਾਲ ਸੇਵਾ ਕੀਤੀ ਤੇ ਉਨ੍ਹਾਂ ਸਾਲਾਂ ਦੌਰਾਨ ਅਸੀਂ 30 ਜਣਿਆਂ ਦੇ ਗਰੁੱਪ ਤੋਂ ਚਾਰ ਕਲੀਸਿਯਾਵਾਂ ਬਣ ਗਏ।
ਪਿੱਛੇ ਘਰ ਕੀ ਹੋ ਰਿਹਾ ਸੀ
ਪਿੱਛੇ ਮੇਰੇ ਮੰਮੀ-ਡੈਡੀ ਦੇ ਘਰ ਵਿਚ ਵੀ ਕਾਫ਼ੀ ਤਬਦੀਲੀਆਂ ਹੋ ਗਈਆਂ ਸਨ। 1960 ਵਿਚ ਮੇਰੀ ਭੈਣ ਥੈਲਮਾ ਨੇ ਜੌਨ ਅਰਬਨ ਨਾਂ ਦੇ ਪਾਇਨੀਅਰ ਨਾਲ ਵਿਆਹ ਕਰਵਾ ਲਿਆ ਜੋ ਅਮਰੀਕਾ ਤੋਂ ਸੀ। 1965 ਵਿਚ ਉਹ ਦੋਵੇਂ ਗਿਲਿਅਡ ਦੀ 40ਵੀਂ ਕਲਾਸ ਵਿਚ ਗਏ ਤੇ ਫਿਰ ਅਗਲੇ 25 ਸਾਲਾਂ ਲਈ ਉਨ੍ਹਾਂ ਨੇ ਬ੍ਰਾਜ਼ੀਲ ਵਿਚ ਮਿਸ਼ਨਰੀ ਸੇਵਾ ਕੀਤੀ। 1990 ਵਿਚ ਉਨ੍ਹਾਂ ਨੂੰ ਅਮਰੀਕਾ ਵਾਪਸ ਆਉਣਾ ਪਿਆ ਕਿਉਂਕਿ ਜੌਨ ਦੇ ਮਾਤਾ-ਪਿਤਾ ਠੀਕ ਨਹੀਂ ਰਹਿੰਦੇ ਸਨ। ਭਾਵੇਂ ਉਨ੍ਹਾਂ ਨੂੰ ਦਿਨ-ਰਾਤ ਉਨ੍ਹਾਂ ਦੀ ਦੇਖ-ਭਾਲ ਕਰਨੀ ਪੈਂਦੀ ਸੀ ਫਿਰ ਵੀ ਜੌਨ ਤੇ ਥੈਲਮਾ ਨੇ ਪਾਇਨੀਅਰੀ ਕਰਨੀ ਜਾਰੀ ਰੱਖੀ।
1965 ਵਿਚ 98 ਸਾਲਾਂ ਦੀ ਉਮਰ ਤੇ ਨਾਨੀ ਜੀ ਸਵਰਗਵਾਸ ਹੋ ਗਏ। ਉਸੇ ਸਾਲ ਡੈਡੀ ਜੀ ਆਪਣੀ ਨੌਕਰੀ ਤੋਂ ਰੀਟਾਇਰ ਹੋ ਗਏ। ਜਦੋਂ ਮੈਂ ਤੇ ਜੌਨ 1967 ਵਿਚ ਪੁਰਤਗਾਲੀਆਂ ਦੀ ਮਦਦ ਕਰਨ ਲੱਗੇ ਤਾਂ ਮੇਰੇ ਮੰਮੀ-ਡੈਡੀ ਵੀ ਸਾਡੇ ਨਾਲ ਜਾਣ ਲੱਗ ਪਏ। ਉਨ੍ਹਾਂ ਦੇ ਲੰਬੇ ਤਜਰਬੇ ਦਾ ਭਰਾਵਾਂ ਤੇ ਚੰਗਾ ਪ੍ਰਭਾਵ ਪਿਆ ਤੇ ਕੁਝ ਹੀ ਮਹੀਨਿਆਂ ਵਿਚ ਸਾਡਾ ਛੋਟਾ ਜਿਹਾ ਗਰੁੱਪ ਕਲੀਸਿਯਾ ਬਣ ਗਿਆ। ਕੁਝ ਸਮੇਂ ਬਾਅਦ ਮੰਮੀ ਜੀ ਨੂੰ ਕੈਂਸਰ ਹੋ ਗਿਆ ਤੇ 1971 ਵਿਚ ਉਹ ਪੂਰੇ ਹੋ ਗਏ। ਸੱਤ ਸਾਲ ਬਾਅਦ ਡੈਡੀ ਜੀ ਵੀ ਦਮ ਤੋੜ ਗਏ।
ਜੌਨ ਦੀ ਬੀਮਾਰੀ
1970 ਦੇ ਦਹਾਕੇ ਤਕ ਸਾਨੂੰ ਪਤਾ ਚੱਲ ਗਿਆ ਸੀ ਕਿ ਜੌਨ ਦੀ ਬੀਮਾਰੀ ਪਿੱਛਾ ਨਹੀਂ ਛੱਡਣ ਵਾਲੀ। ਹੌਲੀ-ਹੌਲੀ ਉਨ੍ਹਾਂ ਨੂੰ ਉਹ ਜ਼ਿੰਮੇਵਾਰੀਆਂ ਕਿਸੇ ਹੋਰ ਨੂੰ ਦੇਣੀਆਂ ਪਈਆਂ ਜੋ ਉਹ ਆਪ ਕਰਨੀਆਂ ਬਹੁਤ ਪਸੰਦ ਕਰਦੇ ਸਨ ਜਿਵੇਂ ਬੈਥਲ ਪਰਿਵਾਰ ਨਾਲ
ਪਹਿਰਾਬੁਰਜ ਰਸਾਲੇ ਦਾ ਅਧਿਐਨ ਕਰਨਾ ਤੇ ਨਾਸ਼ਤੇ ਤੋਂ ਪਹਿਲਾਂ ਬਾਈਬਲ ਤੇ ਚਰਚਾ ਕਰਨੀ। ਉਨ੍ਹਾਂ ਨੂੰ ਸਰਵਿਸ ਡਿਪਾਰਟਮੈਂਟ ਦੀ ਥਾਂ ਡਾਕਖ਼ਾਨੇ ਵਿਚ ਕੰਮ ਕਰਨ ਲਈ ਲਾ ਦਿੱਤਾ ਗਿਆ ਤੇ ਫਿਰ ਬਾਹਰ ਬਾਗ਼ਬਾਨੀ ਕਰਨ ਲਈ।ਮੇਰੇ ਪਤੀ ਜਲਦੀ ਕੀਤੇ ਹਾਰ ਨਹੀਂ ਸਨ ਮੰਨਦੇ, ਇਸ ਲਈ ਉਨ੍ਹਾਂ ਲਈ ਤਬਦੀਲੀਆਂ ਕਰਨੀਆਂ ਬਹੁਤ ਔਖੀਆਂ ਸਨ। ਜਦ ਮੈਂ ਉਨ੍ਹਾਂ ਨੂੰ ਵਾਰ-ਵਾਰ ਆਰਾਮ ਕਰਨ ਲਈ ਕਹਿੰਦੀ ਸੀ, ਤਾਂ ਉਹ ਪਿਆਰ ਨਾਲ ਮੈਨੂੰ ਕਹਿੰਦੇ ਸਨ ਕਿ ਮੈਂ ਉਨ੍ਹਾਂ ਦੇ ਪੈਰਾਂ ਲਈ ਬੇੜੀ ਬਣ ਰਹੀ ਸੀ ਤੇ ਫਿਰ ਹੱਸ ਕੇ ਮੈਨੂੰ ਜੱਫੀ ਪਾ ਲੈਂਦੇ ਸਨ। ਜੌਨ ਦੀ ਸਿਹਤ ਕਾਰਨ ਅਸੀਂ ਦੂਰ ਪੈਂਦੀ ਪੁਰਤਗਾਲੀ ਕਲੀਸਿਯਾ ਨੂੰ ਛੱਡ ਕੇ ਬ੍ਰਾਂਚ ਵਿਚਲੀ ਕਲੀਸਿਯਾ ਵਿਚ ਜਾਣ ਲੱਗ ਪਏ।
ਭਾਵੇਂ ਜੌਨ ਦਾ ਡਿਪਰੈਸ਼ਨ ਵੱਧਦਾ ਗਿਆ, ਫਿਰ ਵੀ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਰਿਹਾ। ਕਈ ਵਾਰ ਜਦ ਰਾਤ ਨੂੰ ਉਨ੍ਹਾਂ ਦੀ ਅੱਖ ਖੁੱਲ੍ਹ ਜਾਂਦੀ ਸੀ, ਤਾਂ ਅਸੀਂ ਆਪਸ ਵਿਚ ਉਦੋਂ ਤਕ ਗੱਲਾਂ ਕਰਦੇ ਸੀ ਜਦ ਤਕ ਉਹ ਸ਼ਾਂਤੀ ਨਾਲ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਸਨ। ਹੌਲੀ-ਹੌਲੀ ਉਨ੍ਹਾਂ ਨੇ ਮੇਰੀ ਮਦਦ ਤੋਂ ਬਿਨਾਂ ਸ਼ਾਂਤ ਹੋਣਾ ਸਿੱਖ ਲਿਆ। ਉਹ ਵਾਰ-ਵਾਰ ਫ਼ਿਲਿੱਪੀਆਂ 4:6, 7 ਦੇ ਇਨ੍ਹਾਂ ਸ਼ਬਦਾਂ ਨੂੰ ਦੁਹਰਾਉਂਦੇ ਹੁੰਦੇ ਸਨ: ‘ਕਿਸੇ ਗੱਲ ਦੀ ਚਿੰਤਾ ਨਾ ਕਰੋ।’ ਫਿਰ ਉਹ ਆਪੇ ਸ਼ਾਂਤ ਹੋ ਕੇ ਪ੍ਰਾਰਥਨਾ ਕਰਦੇ ਸਨ। ਮੈਂ ਅਕਸਰ ਜਾਗਦੀ ਹੁੰਦੀ ਸੀ ਤੇ ਉਨ੍ਹਾਂ ਨੂੰ ਪ੍ਰਾਰਥਨਾ ਕਰਦੇ ਦੇਖਦੀ ਹੁੰਦੀ ਸੀ।
ਦੱਖਣੀ ਅਫ਼ਰੀਕਾ ਦੀ ਨਿਗਰਾਨੀ ਕਰਨ ਲਈ ਸਾਡਾ ਬ੍ਰਾਂਚ ਆਫ਼ਿਸ ਛੋਟਾ ਸੀ, ਇਸ ਲਈ ਜੋਹਾਨਸਬਰਗ ਤੋਂ ਬਾਹਰ ਇਕ ਨਵੇਂ ਬ੍ਰਾਂਚ ਆਫ਼ਿਸ ਦੀ ਉਸਾਰੀ ਸ਼ੁਰੂ ਹੋ ਗਈ। ਇਹ ਜਗ੍ਹਾ ਸ਼ਹਿਰ ਦੇ ਭੀੜ-ਭੜਕੇ ਤੇ ਪ੍ਰਦੂਸ਼ਣ ਤੋਂ ਦੂਰ ਸੀ ਅਤੇ ਮੈਂ ਤੇ ਜੌਨ ਕਈ ਵਾਰ ਉਸ ਸ਼ਾਂਤ ਇਲਾਕੇ ਵਿਚ ਗਏ। ਨਵੇਂ ਬ੍ਰਾਂਚ ਆਫ਼ਿਸ ਦੀ ਉਸਾਰੀ ਪੂਰੀ ਹੋਣ ਤੋਂ ਪਹਿਲਾਂ ਹੀ ਸਾਡੇ ਉੱਥੇ ਰਹਿਣ ਲਈ ਪ੍ਰਬੰਧ ਕਰ ਦਿੱਤਾ ਗਿਆ ਜਿਸ ਤੋਂ ਜੌਨ ਨੂੰ ਕਾਫ਼ੀ ਰਾਹਤ ਮਿਲੀ।
ਨਵੀਆਂ ਚੁਣੌਤੀਆਂ
ਜਿਉਂ-ਜਿਉਂ ਜੌਨ ਦੀ ਸੋਚਣ-ਸਮਝਣ ਦੀ ਸ਼ਕਤੀ ਜਾਣ ਲੱਗੀ, ਤਿਉਂ-ਤਿਉਂ ਉਨ੍ਹਾਂ ਲਈ ਛੋਟੇ-ਮੋਟੇ ਕੰਮ ਕਰਨੇ ਵੀ ਔਖੇ ਹੋ ਗਏ। ਪਰ ਦੂਜੇ ਭਰਾ ਜੌਨ ਦੀ ਮਦਦ ਕਰਦੇ ਹੁੰਦੇ ਸਨ। ਮਿਸਾਲ ਲਈ ਜਦ ਕੋਈ ਭਰਾ ਰਿਸਰਚ ਕਰਨ ਲਈ ਲਾਇਬ੍ਰੇਰੀ ਨੂੰ ਜਾਂਦਾ ਸੀ, ਤਾਂ ਉਹ ਜੌਨ ਨੂੰ ਨਾਲ ਲੈ ਜਾਂਦਾ ਸੀ। ਪੂਰਾ ਦਿਨ ਬਾਹਰ ਗੁਜ਼ਾਰਨ ਦੀ ਤਿਆਰੀ ਵਿਚ ਉਹ ਆਪਣੀਆਂ ਜੇਬਾਂ ਨੂੰ ਟ੍ਰੈਕਟਾਂ ਤੇ ਰਸਾਲਿਆਂ ਨਾਲ ਤੁੰਨ ਲੈਂਦੇ ਸਨ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਲਾਚਾਰ ਤੇ ਬੇਬੱਸ ਨਹੀਂ ਸਮਝਦੇ ਸਨ। ਮੈਂ ਬਹੁਤ ਖ਼ੁਸ਼ ਹਾਂ ਕਿ ਇਨ੍ਹਾਂ ਭਰਾਵਾਂ ਨੇ ਸਮਾਂ ਕੱਢ ਕੇ ਮੇਰੇ ਪਤੀ ਦੀ ਮਦਦ ਕੀਤੀ।
ਆਖ਼ਰਕਾਰ, ਅਲਜ਼ਹਾਏਮੀਰ ਦੇ ਰੋਗ ਕਾਰਨ ਜੌਨ ਕੁਝ ਪੜ੍ਹ-ਲਿਖ ਨਹੀਂ ਸਕਦੇ ਸਨ। ਇਸ ਲਈ ਸਾਨੂੰ ਇਸ ਗੱਲ ਦੀ ਖ਼ੁਸ਼ੀ ਸੀ ਕਿ ਅਸੀਂ ਕਿੰਗਡਮ ਹਾਲ ਵਿਚ ਗਾਏ ਜਾਣ ਵਾਲੇ ਗੀਤ ਅਤੇ ਬਾਕੀ ਸਭ ਕੁਝ ਕੈਸਟਾਂ ਤੇ ਸੁਣ ਸਕਦੇ ਸੀ। ਅਸੀਂ ਉਨ੍ਹਾਂ ਕੈਸਟਾਂ ਨੂੰ ਵਾਰ-ਵਾਰ ਸੁਣਿਆ। ਜੇ ਮੈਂ ਨਾਲ ਨਾ ਬੈਠੀ ਹੁੰਦੀ, ਤਾਂ ਉਹ ਪਰੇਸ਼ਾਨ ਹੋ ਜਾਂਦੇ ਸਨ। ਇਸੇ ਕਰਕੇ ਮੈਂ ਘੰਟਿਆਂ ਬੱਧੀ ਉਨ੍ਹਾਂ ਨਾਲ ਬੈਠ ਕੇ ਬੁਣਿਆ ਕਰਦੀ ਸੀ। ਇਕ ਤਰ੍ਹਾਂ ਇਹ ਵੀ ਚੰਗਾ ਹੀ ਸੀ ਕਿਉਂਕਿ ਸਾਨੂੰ ਬਾਹਰੋਂ ਕਦੇ ਵੀ ਸਵੈਟਰ ਤੇ ਕੰਬਲ ਖ਼ਰੀਦਣ ਦੀ ਲੋੜ ਨਹੀਂ ਪਈ।
ਫਿਰ ਉਹ ਸਮਾਂ ਆਇਆ ਜਦ ਮੈਨੂੰ ਜੌਨ ਦੀ ਹੋਰ ਵੀ ਦੇਖ-ਭਾਲ ਕਰਨ ਦੀ ਲੋੜ ਪਈ। ਭਾਵੇਂ ਮੈਂ ਥੱਕੀ-ਟੁੱਟੀ ਹੁੰਦੀ ਸੀ, ਫਿਰ ਵੀ ਮੈਂ ਉਨ੍ਹਾਂ ਦੀ ਦੇਖ-ਭਾਲ ਕਰਨ ਲਈ ਤਿਆਰ ਸੀ। ਜੌਨ ਨੇ ਆਪਣੇ ਆਖ਼ਰੀ ਸੁਆਸ ਮੇਰੀਆਂ ਬਾਹਾਂ ਵਿਚ ਹੀ ਲਏ ਸਨ। 85 ਸਾਲ ਪੂਰੇ ਕਰਨ ਤੋਂ ਥੋੜ੍ਹਾ ਸਮਾਂ ਬਾਅਦ ਹੀ ਉਹ ਮੌਤ ਦੀ ਨੀਂਦ ਸੌਂ ਗਏ ਤੇ ਅਖ਼ੀਰ ਤਕ ਯਹੋਵਾਹ ਦੇ ਵਫ਼ਾਦਾਰ ਰਹੇ। ਹੁਣ ਮੈਂ ਉਸ ਸਮੇਂ ਦੀ ਉਡੀਕ ਵਿਚ ਹਾਂ ਜਦ ਉਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਜ਼ਿੰਦਾ ਕੀਤਾ ਜਾਵੇਗਾ ਤੇ ਉਹ ਬਿਲਕੁਲ ਤੰਦਰੁਸਤ ਹੋਣਗੇ।
ਹੌਸਲੇ ਦੀ ਲੋੜ
ਜੌਨ ਦੀ ਮੌਤ ਤੋਂ ਬਾਅਦ ਮੇਰੇ ਲਈ ਇਕੱਲਿਆਂ ਜ਼ਿੰਦਗੀ ਗੁਜ਼ਾਰਨੀ ਆਸਾਨ ਨਹੀਂ ਸੀ। ਇਸ ਕਰਕੇ ਮੈਂ ਮਈ 1999 ਵਿਚ ਆਪਣੀ ਭੈਣ ਥੈਲਮਾ ਨੂੰ ਅਮਰੀਕਾ ਮਿਲਣ ਗਈ। ਉੱਥੇ ਅਸੀਂ ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਨੂੰ ਗਈਆਂ। ਪੁਰਾਣੇ ਸਮੇਂ ਤੋਂ ਵਫ਼ਾਦਾਰ ਭੈਣ-ਭਰਾਵਾਂ ਨੂੰ ਮਿਲ ਕੇ ਮੇਰਾ ਜੀਅ ਕਿੰਨਾ ਖ਼ੁਸ਼ ਹੋਇਆ। ਹਾਂ ਮੈਨੂੰ ਉਹ ਹੌਸਲਾ ਮਿਲਿਆ ਜਿਸ ਦੀ ਮੈਨੂੰ ਸਖ਼ਤ ਲੋੜ ਸੀ।
ਆਪਣੇ ਘਰਦਿਆਂ ਦੀ ਵਫ਼ਾਦਾਰੀ ਨੂੰ ਯਾਦ ਕਰ ਕੇ ਮੈਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਉਨ੍ਹਾਂ ਤੋਂ ਕਿੰਨਾ ਕੁਝ ਸਿੱਖਿਆ। ਉਨ੍ਹਾਂ ਦੀ ਤਾਲੀਮ, ਮਿਸਾਲ ਅਤੇ ਮਦਦ ਸਦਕਾ ਮੈਂ ਹੋਰਨਾਂ ਦੇਸ਼ਾਂ ਤੇ ਨਸਲਾਂ ਦੇ ਲੋਕਾਂ ਨਾਲ ਪਿਆਰ ਕਰਨਾ ਸਿੱਖਿਆ। ਮੈਂ ਧੀਰਜ ਰੱਖਣਾ, ਸਬਰ ਕਰਨਾ ਤੇ ਆਪਣੇ ਆਪ ਨੂੰ ਸਮੇਂ ਤੇ ਹਾਲਾਤ ਅਨੁਸਾਰ ਢਾਲ਼ਣਾ ਸਿੱਖਿਆ। ਸਭ ਤੋਂ ਵੱਧ ਮੈਂ ਪ੍ਰਾਰਥਨਾ ਦੇ ਸੁਣਨ ਵਾਲੇ ਪਰਮੇਸ਼ੁਰ ਯਹੋਵਾਹ ਦੀ ਮਿਹਰਬਾਨੀ ਅਨੁਭਵ ਕੀਤੀ। ਮੈਂ ਜ਼ਬੂਰਾਂ ਦੇ ਲਿਖਾਰੀ ਵਾਂਗ ਕਹਿਣਾ ਚਾਹੁੰਦੀ ਹਾਂ: “ਧੰਨ ਹੈ ਉਹ ਜਿਹ ਨੂੰ ਤੂੰ ਚੁਣਦਾ ਤੇ ਆਪਣੇ ਨੇੜੇ ਲਿਆਉਂਦਾ ਹੈਂ, ਭਈ ਉਹ ਤੇਰੇ ਦਰਬਾਰ ਵਿੱਚ ਰਹੇ,—ਅਸੀਂ ਤੇਰੇ ਭਵਨ . . . ਦੀ ਭਲਿਆਈ ਨਾਲ ਤ੍ਰਿਪਤ ਹੋਵਾਂਗੇ।”—ਜ਼ਬੂਰਾਂ ਦੀ ਪੋਥੀ 65:4.
[ਸਫ਼ਾ 8 ਉੱਤੇ ਤਸਵੀਰ]
ਨਾਨੀ ਜੀ ਤੇ ਉਨ੍ਹਾਂ ਦੀਆਂ ਬੇਟੀਆਂ
[ਸਫ਼ਾ 9 ਉੱਤੇ ਤਸਵੀਰ]
1948 ਵਿਚ ਆਪਣੇ ਬਪਤਿਸਮੇ ਵੇਲੇ ਮੰਮੀ-ਡੈਡੀ ਨਾਲ
[ਸਫ਼ਾ 10 ਉੱਤੇ ਤਸਵੀਰ]
ਗਿਲਿਅਡ ਦੇ ਰਜਿਸਟਰਾਰ ਐਲਬਰਟ ਸ਼੍ਰੋਡਰ ਅਤੇ ਦੱਖਣੀ ਅਫ਼ਰੀਕਾ ਦੇ ਨੌਂ ਦੂਸਰੇ ਸਟੂਡੈਂਟਾਂ ਦੇ ਨਾਲ
[ਸਫ਼ਾ 10 ਉੱਤੇ ਤਸਵੀਰ]
1984 ਵਿਚ ਆਪਣੇ ਪਤੀ ਜੌਨ ਨਾਲ