Skip to content

Skip to table of contents

ਯਹੋਵਾਹ ਦੁਖਿਆਰਾਂ ਨੂੰ ਛੁਡਾਉਂਦਾ ਹੈ

ਯਹੋਵਾਹ ਦੁਖਿਆਰਾਂ ਨੂੰ ਛੁਡਾਉਂਦਾ ਹੈ

ਯਹੋਵਾਹ ਦੁਖਿਆਰਾਂ ਨੂੰ ਛੁਡਾਉਂਦਾ ਹੈ

“ਧਰਮੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ, ਪਰ ਯਹੋਵਾਹ ਉਨ੍ਹਾਂ ਸਭਨਾਂ ਤੋਂ ਉਸ ਨੂੰ ਛੁਡਾਉਂਦਾ ਹੈ।”—ਜ਼ਬੂਰਾਂ ਦੀ ਪੋਥੀ 34:19.

1, 2. ਇਕ ਵਫ਼ਾਦਾਰ ਮਸੀਹੀ ਭੈਣ ਤੇ ਕੀ ਬੀਤੀ ਸੀ ਅਤੇ ਅਸੀਂ ਵੀ ਸ਼ਾਇਦ ਉਸ ਵਾਂਗ ਕਿਉਂ ਨਿਰਾਸ਼ਾ ਮਹਿਸੂਸ ਕਰੀਏ?

ਕੇਕੋ * ਨਾਂ ਦੀ ਭੈਣ ਲਗਭਗ 20 ਸਾਲ ਤੋਂ ਯਹੋਵਾਹ ਦੀ ਗਵਾਹ ਹੈ। ਉਸ ਨੇ ਕੁਝ ਸਮਾਂ ਨਿਯਮਿਤ ਪਾਇਨੀਅਰ ਵਜੋਂ ਸੇਵਾ ਵੀ ਕੀਤੀ ਹੈ ਜਿਸ ਤੋਂ ਉਹ ਬਹੁਤ ਖ਼ੁਸ਼ ਹੋਈ। ਪਰ ਹਾਲ ਹੀ ਵਿਚ ਕੇਕੋ ਬਹੁਤ ਹੀ ਉਦਾਸ ਰਹਿਣ ਲੱਗੀ। ਉਸ ਨੇ ਆਪਣੇ ਆਪ ਨੂੰ ਬਹੁਤ ਇਕੱਲੀ ਮਹਿਸੂਸ ਕੀਤਾ। ਉਹ ਕਹਿੰਦੀ ਹੈ: “ਮੈਂ ਬੱਸ ਰੋਂਦੀ ਰਹਿੰਦੀ ਸੀ।” ਨਿਰਾਸ਼ ਕਰਨ ਵਾਲੀਆਂ ਗੱਲਾਂ ਬਾਰੇ ਸੋਚਦੇ ਰਹਿਣ ਦੀ ਬਜਾਇ ਕੇਕੋ ਨੇ ਬਾਈਬਲ ਦਾ ਅਧਿਐਨ ਕਰਨ ਵਿਚ ਹੋਰ ਜ਼ਿਆਦਾ ਸਮਾਂ ਲਾਇਆ। ਪਰ ਫਿਰ ਵੀ ਉਸ ਦੀ ਉਦਾਸੀ ਵਧਦੀ ਚਲੀ ਗਈ। ਉਹ ਜ਼ਿੰਦਗੀ ਤੋਂ ਇੰਨੀ ਮਾਯੂਸ ਹੋ ਗਈ ਕਿ ਉਹ ਮਰਨਾ ਚਾਹੁੰਦੀ ਸੀ।

2 ਕੀ ਤੁਸੀਂ ਵੀ ਕਦੀ ਇੰਨੇ ਨਿਰਾਸ਼ ਹੋਏ ਹੋ? ਯਹੋਵਾਹ ਦੀ ਭਗਤੀ ਕਰਨ ਵਾਲਿਆਂ ਕੋਲ ਖ਼ੁਸ਼ ਰਹਿਣ ਦਾ ਹਰ ਕਾਰਨ ਹੈ ਕਿਉਂਕਿ ਉਨ੍ਹਾਂ ਨਾਲ “ਹੁਣ ਦਾ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ” ਕੀਤਾ ਗਿਆ ਹੈ। (1 ਤਿਮੋਥਿਉਸ 4:8) ਸਾਡੀ ਝੋਲੀ ਬਰਕਤਾਂ ਨਾਲ ਭਰੀ ਹੋਈ ਹੈ! ਪਰ ਕੀ ਇਸ ਦਾ ਮਤਲਬ ਇਹ ਹੈ ਕਿ ਸਾਡੇ ਉੱਤੇ ਕਦੀ ਦੁੱਖ ਨਹੀਂ ਆਉਣਗੇ? ਬਿਲਕੁਲ ਨਹੀਂ! ਬਾਈਬਲ ਕਹਿੰਦੀ ਹੈ: “ਧਰਮੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ।” (ਜ਼ਬੂਰਾਂ ਦੀ ਪੋਥੀ 34:19) ਸਾਨੂੰ ਇਸ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ ਕਿਉਂਕਿ “ਸਾਰਾ ਸੰਸਾਰ ਉਸ ਦੁਸ਼ਟ [ਸ਼ਤਾਨ] ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਇਸ ਗੱਲ ਦਾ ਸਾਡੇ ਸਾਰਿਆਂ ਉੱਤੇ ਅਸਰ ਪੈਂਦਾ ਹੈ।—ਅਫ਼ਸੀਆਂ 6:12.

ਮੁਸੀਬਤਾਂ ਦਾ ਅਸਰ

3. ਪਰਮੇਸ਼ੁਰ ਦੇ ਕੁਝ ਸੇਵਕਾਂ ਬਾਰੇ ਦੱਸੋ ਜਿਹੜੇ ਦੁੱਖਾਂ ਤੇ ਮਾਨਸਿਕ ਪੀੜ ਵਿੱਚੋਂ ਗੁਜ਼ਰੇ ਸਨ।

3 ਲੰਬੇ ਸਮੇਂ ਤਕ ਦੁੱਖ ਸਹਿਣ ਕਰਕੇ ਅਸੀਂ ਨਿਰਾਸ਼ਾ ਵਿਚ ਡੁੱਬ ਸਕਦੇ ਹਾਂ। (ਕਹਾਉਤਾਂ 15:15) ਜ਼ਰਾ ਅੱਯੂਬ ਨਾਂ ਦੇ ਧਰਮੀ ਬੰਦੇ ਬਾਰੇ ਸੋਚੋ। ਡਾਢੇ ਦੁੱਖ ਸਹਿੰਦਿਆਂ ਉਸ ਨੇ ਕਿਹਾ: “ਆਦਮੀ ਜੋ ਤੀਵੀਂ ਤੋਂ ਜੰਮਦਾ ਹੈ ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ।” (ਅੱਯੂਬ 14:1) ਅੱਯੂਬ ਦੀ ਖ਼ੁਸ਼ੀ ਮਰ ਚੁੱਕੀ ਸੀ। ਉਸ ਨੂੰ ਲੱਗਾ ਕਿ ਯਹੋਵਾਹ ਨੇ ਉਸ ਦਾ ਸਾਥ ਛੱਡ ਦਿੱਤਾ ਸੀ। (ਅੱਯੂਬ 29:1-5) ਸਿਰਫ਼ ਅੱਯੂਬ ਨੇ ਹੀ ਇਸ ਤਰ੍ਹਾਂ ਮਹਿਸੂਸ ਨਹੀਂ ਕੀਤਾ। ਬਾਈਬਲ ਦੱਸਦੀ ਹੈ ਕਿ ਹੰਨਾਹ ਦਾ “ਮਨ ਬਹੁਤ ਉਦਾਸ ਹੋਇਆ” ਕਿਉਂਕਿ ਉਹ ਬੇਔਲਾਦ ਸੀ। (1 ਸਮੂਏਲ 1:9-11) ਰਿਬਕਾਹ ਨੇ ਆਪਣੇ ਘਰ ਦੀ ਹਾਲਤ ਕਰਕੇ ਕਿਹਾ: ‘ਮੈਂ ਅੱਕ ਗਈ ਹਾਂ।’ (ਉਤਪਤ 27:46) ਦਾਊਦ ਆਪਣੀਆਂ ਗ਼ਲਤੀਆਂ ਬਾਰੇ ਸੋਚ-ਸੋਚ ਕੇ ਦੁਖੀ ਹੁੰਦਾ ਸੀ: “ਮੈਂ ਸਾਰਾ ਦਿਨ ਵਿਰਲਾਪ ਕਰਦਾ ਫਿਰਦਾ ਹਾਂ।” (ਜ਼ਬੂਰਾਂ ਦੀ ਪੋਥੀ 38:6) ਇਨ੍ਹਾਂ ਉਦਾਹਰਣਾਂ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਜ਼ਮਾਨਿਆਂ ਵਿਚ ਯਹੋਵਾਹ ਦੇ ਕਈ ਵਫ਼ਾਦਾਰ ਸੇਵਕ ਦੁੱਖਾਂ ਤੇ ਮਾਨਸਿਕ ਪੀੜ ਵਿੱਚੋਂ ਗੁਜ਼ਰੇ ਸਨ।

4. ਇਹ ਹੈਰਾਨੀ ਦੀ ਗੱਲ ਕਿਉਂ ਨਹੀਂ ਹੈ ਕਿ ਅੱਜ ਕਈ ਮਸੀਹੀ ਨਿਰਾਸ਼ਾ ਵਿਚ ਡੁੱਬ ਜਾਂਦੇ ਹਨ?

4 ਪਹਿਲੀ ਸਦੀ ਦੇ ਮਸੀਹੀਆਂ ਬਾਰੇ ਕੀ? ਪੌਲੁਸ ਰਸੂਲ ਨੇ ਥੱਸਲੁਨੀਕੇ ਦੇ ਭੈਣਾਂ-ਭਰਾਵਾਂ ਨੂੰ ਇਹ ਸਲਾਹ ਦਿੱਤੀ ਸੀ ਕਿ “ਕਮਦਿਲਿਆਂ ਨੂੰ ਦਿਲਾਸਾ ਦਿਓ।” (1 ਥੱਸਲੁਨੀਕੀਆਂ 5:14) ਇਕ ਪੁਸਤਕ ਕਹਿੰਦੀ ਹੈ ਕਿ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਕਮਦਿਲਿਆਂ” ਕੀਤਾ ਗਿਆ ਹੈ ਉਸ ਦਾ ਮਤਲਬ ਹੈ “ਉਹ ਲੋਕ ਜੋ ਜ਼ਿੰਦਗੀ ਵਿਚ ਆਉਂਦੀਆਂ ਸਮੱਸਿਆਵਾਂ ਕਾਰਨ ਥੋੜ੍ਹੇ ਸਮੇਂ ਲਈ ਨਿਰਾਸ਼ਾ ਵਿਚ ਡੁੱਬ ਜਾਂਦੇ ਹਨ।” ਪੌਲੁਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਥੱਸਲੁਨੀਕੇ ਦੀ ਕਲੀਸਿਯਾ ਵਿਚ ਕੁਝ ਮਸਹ ਕੀਤੇ ਹੋਏ ਮਸੀਹੀ ਉਦਾਸ ਸਨ। ਅੱਜ ਵੀ ਕਈ ਮਸੀਹੀ ਨਿਰਾਸ਼ਾ ਵਿਚ ਡੁੱਬ ਜਾਂਦੇ ਹਨ। ਪਰ ਕਿਉਂ? ਆਓ ਆਪਾਂ ਤਿੰਨ ਕਾਰਨ ਦੇਖੀਏ।

ਪਾਪੀ ਸੁਭਾਅ ਕਰਕੇ ਦੁਖੀ

5, 6. ਸਾਨੂੰ ਰੋਮੀਆਂ 7:22-25 ਤੋਂ ਕੀ ਦਿਲਾਸਾ ਮਿਲਦਾ ਹੈ?

5 ਅੱਜ ਦੀ ਦੁਨੀਆਂ ਵਿਚ ਬਦਕਾਰ ਲੋਕਾਂ ਨੇ “ਹਰ ਤਰ੍ਹਾਂ ਦੀ ਸ਼ਰਮ ਤੋਂ ਹੱਥ ਧੋ ਲਏ ਹਨ।” ਪਰ ਸੱਚੇ ਮਸੀਹੀ ਆਪਣੇ ਪਾਪੀ ਸੁਭਾਅ ਕਰਕੇ ਦੁਖੀ ਹੁੰਦੇ ਹਨ। (ਅਫਸੀਆਂ 4:19, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਹ ਸ਼ਾਇਦ ਪੌਲੁਸ ਵਾਂਗ ਮਹਿਸੂਸ ਕਰਨ ਜਿਸ ਨੇ ਲਿਖਿਆ: “ਮੈਂ ਤਾਂ ਅੰਦਰਲੇ ਪੁਰਸ਼ ਅਨੁਸਾਰ ਪਰਮੇਸ਼ੁਰ ਦੇ ਕਾਨੂਨ ਵਿੱਚ ਅਨੰਦ ਹੁੰਦਾ ਹਾਂ। ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਾਨੂਨ ਵੀ ਵੇਖਦਾ ਹਾਂ ਜੋ ਮੇਰੀ ਬੁੱਧ ਦੇ ਕਾਨੂਨ ਨਾਲ ਲੜਦਾ ਹੈ ਅਤੇ ਮੈਨੂੰ ਓਸ ਪਾਪ ਦੇ ਕਾਨੂਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ ਬੰਧਨ ਵਿੱਚ ਲੈ ਆਉਂਦਾ ਹੈ।” ਫਿਰ ਪੌਲੁਸ ਨੇ ਕਿਹਾ: “ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ!”—ਰੋਮੀਆਂ 7:22-24.

6 ਕੀ ਤੁਸੀਂ ਕਦੀ ਪੌਲੁਸ ਵਾਂਗ ਮਹਿਸੂਸ ਕੀਤਾ ਹੈ? ਆਪਣੇ ਪਾਪਾਂ ਕਰਕੇ ਦੁਖੀ ਹੋਣਾ ਗ਼ਲਤ ਨਹੀਂ ਹੈ। ਦਰਅਸਲ ਇਹ ਤੁਹਾਡੇ ਇਰਾਦੇ ਨੂੰ ਹੋਰ ਵੀ ਪੱਕਾ ਕਰ ਸਕਦਾ ਹੈ ਕਿ ਤੁਸੀਂ ਅੱਗੋਂ ਬੁਰਾਈ ਨਾ ਕਰਨ ਦੀ ਪੂਰੀ ਕੋਸ਼ਿਸ਼ ਕਰੋਗੇ। ਪਰ ਤੁਹਾਨੂੰ ਆਪਣੀਆਂ ਗ਼ਲਤੀਆਂ ਕਰਕੇ ਹਰ ਵਕਤ ਮੂੰਹ ਲਟਕਾਈ ਰੱਖਣ ਦੀ ਲੋੜ ਨਹੀਂ ਹੈ। ਭਾਵੇਂ ਪੌਲੁਸ ਨੇ ਕਿਹਾ ਕਿ ਉਹ ਮੰਦਭਾਗਾ ਮਨੁੱਖ ਸੀ, ਪਰ ਅੱਗੇ ਉਸ ਨੇ ਕਿਹਾ: “ਮਸੀਹ ਸਾਡੇ ਪ੍ਰਭੁ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ!” (ਰੋਮੀਆਂ 7:25) ਜੀ ਹਾਂ, ਪੌਲੁਸ ਨੂੰ ਭਰੋਸਾ ਸੀ ਕਿ ਯਿਸੂ ਦਾ ਲਹੂ ਉਸ ਦੇ ਪਾਪਾਂ ਨੂੰ ਧੋ ਸਕਦਾ ਸੀ।—ਰੋਮੀਆਂ 5:18.

7. ਜੇ ਅਸੀਂ ਆਪਣੇ ਪਾਪਾਂ ਕਰਕੇ ਦੁਖੀ ਹਾਂ, ਤਾਂ ਕਿਹੜੀ ਗੱਲ ਤੋਂ ਸਾਨੂੰ ਦਿਲਾਸਾ ਮਿਲ ਸਕਦਾ ਹੈ?

7 ਜੇ ਤੁਸੀਂ ਆਪਣੇ ਪਾਪੀ ਸੁਭਾਅ ਕਰਕੇ ਦੁਖੀ ਹੋ, ਤਾਂ ਤੁਹਾਨੂੰ ਯੂਹੰਨਾ ਰਸੂਲ ਦੇ ਸ਼ਬਦਾਂ ਤੋਂ ਦਿਲਾਸਾ ਮਿਲ ਸਕਦਾ ਹੈ। ਉਸ ਨੇ ਲਿਖਿਆ: “ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ। ਅਤੇ ਉਹ ਸਾਡਿਆਂ ਪਾਪਾਂ ਦਾ ਪਰਾਸਚਿੱਤ ਹੈ ਪਰ ਨਿਰੇ ਸਾਡਿਆਂ ਹੀ ਦਾ ਨਹੀਂ ਸਗੋਂ ਸਾਰੇ ਸੰਸਾਰ ਦਾ ਵੀ ਹੈ।” (1 ਯੂਹੰਨਾ 2:1, 2) ਜੇ ਤੁਸੀਂ ਆਪਣੀਆਂ ਗ਼ਲਤੀਆਂ ਕਰਕੇ ਦੁਖੀ ਹੋ, ਤਾਂ ਹਮੇਸ਼ਾ ਯਾਦ ਰੱਖੋ ਕਿ ਯਿਸੂ ਧਰਮੀ ਲੋਕਾਂ ਲਈ ਨਹੀਂ, ਸਗੋਂ ਪਾਪੀਆਂ ਦੀ ਖ਼ਾਤਰ ਮਰਿਆ ਸੀ। ਸੱਚ ਤਾਂ ਇਹ ਹੈ ਕਿ ‘ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।’—ਰੋਮੀਆਂ 3:23.

8, 9. ਸਾਨੂੰ ਕਿਸ ਤਰ੍ਹਾਂ ਦੀ ਸੋਚਣੀ ਨੂੰ ਰੱਦ ਕਰਨਾ ਚਾਹੀਦਾ ਹੈ ਅਤੇ ਕਿਉਂ?

8 ਫ਼ਰਜ਼ ਕਰੋ ਕਿ ਤੁਸੀਂ ਬੀਤੇ ਸਮੇਂ ਵਿਚ ਵੱਡਾ ਪਾਪ ਕੀਤਾ ਹੈ। ਤੁਸੀਂ ਸ਼ਾਇਦ ਇਸ ਬਾਰੇ ਯਹੋਵਾਹ ਨੂੰ ਕਈ ਵਾਰ ਪ੍ਰਾਰਥਨਾ ਕਰ ਚੁੱਕੇ ਹੋ। ਤੁਹਾਨੂੰ ਸ਼ਾਇਦ ਬਜ਼ੁਰਗਾਂ ਤੋਂ ਵੀ ਮਦਦ ਮਿਲੀ ਹੋਵੇ। (ਯਾਕੂਬ 5:14, 15) ਤੁਸੀਂ ਸੱਚੇ ਦਿਲੋਂ ਤੋਬਾ ਕੀਤੀ ਅਤੇ ਇਸ ਲਈ ਕਲੀਸਿਯਾ ਦੇ ਮੈਂਬਰ ਬਣੇ ਰਹੇ। ਜਾਂ ਸ਼ਾਇਦ ਤੁਸੀਂ ਪਰਮੇਸ਼ੁਰ ਦੇ ਸੰਗਠਨ ਨੂੰ ਛੱਡ ਗਏ ਸੀ, ਪਰ ਫਿਰ ਤੁਸੀਂ ਤੋਬਾ ਕੀਤੀ ਅਤੇ ਦੁਬਾਰਾ ਕਲੀਸਿਯਾ ਵਿਚ ਆ ਗਏ। ਭਾਵੇਂ ਜੋ ਵੀ ਹੋਇਆ ਹੋਵੇ, ਸ਼ਾਇਦ ਉਸ ਪਾਪ ਬਾਰੇ ਸੋਚ-ਸੋਚ ਕੇ ਤੁਹਾਡਾ ਮਨ ਹੁਣ ਵੀ ਬਹੁਤ ਦੁਖੀ ਹੁੰਦਾ ਹੋਣਾ। ਜੇ ਇਸ ਤਰ੍ਹਾਂ ਹੁੰਦਾ ਹੈ, ਤਾਂ ਯਾਦ ਰੱਖੋ ਕਿ ਯਹੋਵਾਹ “ਅੱਤ ਦਿਆਲੂ ਹੈ” ਅਤੇ ਦਿਲੋਂ ਪਛਤਾਵਾ ਕਰਨ ਵਾਲਿਆਂ ਨੂੰ ਮਾਫ਼ ਕਰ ਦਿੰਦਾ ਹੈ। (ਯਸਾਯਾਹ 55:7) ਇਸ ਤੋਂ ਇਲਾਵਾ ਉਹ ਨਹੀਂ ਚਾਹੁੰਦਾ ਕਿ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਦੋਸ਼ੀ ਸਮਝਦੇ ਰਹੋ। ਇਸ ਤਰ੍ਹਾਂ ਦੀ ਸੋਚਣੀ ਸ਼ਤਾਨ ਨੂੰ ਖ਼ੁਸ਼ ਕਰਦੀ ਹੈ, ਪਰਮੇਸ਼ੁਰ ਨੂੰ ਨਹੀਂ। (2 ਕੁਰਿੰਥੀਆਂ 2:7, 10, 11) ਸ਼ਤਾਨ ਦਾ ਨਾਸ਼ ਕੀਤਾ ਜਾਵੇਗਾ ਕਿਉਂਕਿ ਉਹ ਇਸ ਸਜ਼ਾ ਦੇ ਲਾਇਕ ਹੈ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਵੀ ਆਪਣੇ ਆਪ ਨੂੰ ਇਸ ਸਜ਼ਾ ਦੇ ਲਾਇਕ ਸਮਝੋ। (ਪਰਕਾਸ਼ ਦੀ ਪੋਥੀ 20:10) ਪਰ ਇਹ ਗੱਲ ਝੂਠੀ ਹੈ। ਸ਼ਤਾਨ ਦੇ ਧੋਖੇ ਵਿਚ ਆ ਕੇ ਆਪਣੀ ਨਿਹਚਾ ਟੁੱਟਣ ਨਾ ਦਿਓ। (ਅਫ਼ਸੀਆਂ 6:11) ਇਸ ਦੀ ਬਜਾਇ ਇਸ ਮਾਮਲੇ ਵਿਚ ਡੱਟ ਕੇ “ਉਹ ਦਾ ਸਾਹਮਣਾ ਕਰੋ” ਜਿਵੇਂ ਤੁਸੀਂ ਹੋਰਨਾਂ ਮਾਮਲਿਆਂ ਵਿਚ ਕਰਦੇ ਹੋ।—1 ਪਤਰਸ 5:9.

9ਪਰਕਾਸ਼ ਦੀ ਪੋਥੀ 12:10 ਵਿਚ ਸ਼ਤਾਨ ਨੂੰ “ਸਾਡੇ ਭਰਾਵਾਂ [ਯਾਨੀ ਮਸਹ ਕੀਤੇ ਹੋਏ ਮਸੀਹੀਆਂ] ਨੂੰ ਦੋਸ਼ ਲਾਉਣ ਵਾਲਾ” ਕਿਹਾ ਗਿਆ ਹੈ। ਉਹ ਪਰਮੇਸ਼ੁਰ ਅੱਗੇ “ਓਹਨਾਂ ਉੱਤੇ ਰਾਤ ਦਿਨ ਦੋਸ਼ ਲਾਉਂਦਾ ਹੈ।” ਇਸ ਆਇਤ ਉੱਤੇ ਸੋਚ-ਵਿਚਾਰ ਕਰ ਕੇ ਤੁਸੀਂ ਦੇਖ ਸਕਦੇ ਹੋ ਕਿ ਸ਼ਤਾਨ ਝੂਠੇ ਦੋਸ਼ ਲਾਉਣ ਵਾਲਾ ਹੈ। ਭਾਵੇਂ ਯਹੋਵਾਹ ਤੁਹਾਨੂੰ ਦੋਸ਼ੀ ਨਹੀਂ ਸਮਝਦਾ, ਸ਼ਤਾਨ ਚਾਹੁੰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਦੋਸ਼ੀ ਸਮਝੋ। (1 ਯੂਹੰਨਾ 3:19-22) ਆਪਣੀਆਂ ਕਮੀਆਂ-ਕਮਜ਼ੋਰੀਆਂ ਬਾਰੇ ਇਸ ਹੱਦ ਤਕ ਦੁਖੀ ਹੋਣ ਦਾ ਕੀ ਫ਼ਾਇਦਾ ਹੈ ਕਿ ਤੁਸੀਂ ਹਿੰਮਤ ਹੀ ਹਾਰ ਬੈਠੋ? ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਤੋੜ ਕੇ ਸ਼ਤਾਨ ਨੂੰ ਜਿੱਤਣ ਨਾ ਦਿਓ। ਸ਼ਤਾਨ ਚਾਹੁੰਦਾ ਹੈ ਕਿ ਤੁਸੀਂ ਭੁੱਲ ਜਾਓ ਕਿ “ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ।” ਪਰ ਤੁਸੀਂ ਸ਼ਤਾਨ ਦੇ ਇਸ ਧੋਖੇ ਵਿਚ ਨਾ ਆਓ।—ਕੂਚ 34:6.

ਹਾਲਾਤਾਂ ਦੇ ਹੱਥੋਂ ਮਜਬੂਰ

10. ਅਸੀਂ ਕਿਹੜੀ ਗੱਲ ਕਰਕੇ ਨਿਰਾਸ਼ ਹੋ ਸਕਦੇ ਹਾਂ?

10 ਕਈ ਮਸੀਹੀ ਇਸ ਲਈ ਨਿਰਾਸ਼ ਹੋ ਜਾਂਦੇ ਹਨ ਕਿਉਂਕਿ ਉਹ ਪਹਿਲਾਂ ਵਾਂਗ ਯਹੋਵਾਹ ਦੀ ਸੇਵਾ ਵਿਚ ਬਹੁਤਾ ਨਹੀਂ ਕਰ ਸਕਦੇ। ਕੀ ਇਹ ਤੁਹਾਡੇ ਬਾਰੇ ਸੱਚ ਹੈ? ਹੋ ਸਕਦਾ ਹੈ ਕਿ ਬੀਮਾਰੀ, ਵਧਦੀ ਉਮਰ ਜਾਂ ਹੋਰ ਗੱਲਾਂ ਕਾਰਨ ਤੁਸੀਂ ਸ਼ਾਇਦ ਉੱਨਾ ਪ੍ਰਚਾਰ ਨਹੀਂ ਕਰ ਸਕਦੇ ਜਿੰਨਾ ਤੁਸੀਂ ਪਹਿਲਾਂ ਕਰਦੇ ਸੀ। ਇਹ ਸੱਚ ਹੈ ਕਿ ਮਸੀਹੀਆਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਲਈ ਸਮੇਂ ਦਾ ਪੂਰਾ-ਪੂਰਾ ਲਾਭ ਉਠਾਉਣ ਦੀ ਸਲਾਹ ਦਿੱਤੀ ਗਈ ਹੈ। (ਅਫ਼ਸੀਆਂ 5:15, 16) ਪਰ ਜੇ ਤੁਸੀਂ ਇਸ ਲਈ ਨਿਰਾਸ਼ ਹੋ ਕਿਉਂਕਿ ਤੁਸੀਂ ਹੋਰ ਜ਼ਿਆਦਾ ਸੇਵਾ ਕਰਨੀ ਚਾਹੁੰਦੇ ਹੋ ਤੇ ਨਹੀਂ ਕਰ ਸਕਦੇ, ਫਿਰ ਕੀ?

11. ਗਲਾਤੀਆਂ 6:4 ਵਿਚ ਪੌਲੁਸ ਦੀ ਸਲਾਹ ਤੋਂ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

11 ਬਾਈਬਲ ਸਾਨੂੰ ਸਲਾਹ ਦਿੰਦੀ ਹੈ ਕਿ ਅਸੀਂ ਆਲਸੀ ਨਾ ਬਣੀਏ, ਪਰ ‘ਉਨ੍ਹਾਂ ਦੀ ਰੀਸ ਕਰੀਏ ਜਿਹੜੇ ਨਿਹਚਾ ਅਤੇ ਧੀਰਜ ਦੇ ਰਾਹੀਂ ਵਾਇਦਿਆਂ ਦੇ ਅਧਕਾਰੀ ਹੁੰਦੇ ਹਨ।’ (ਇਬਰਾਨੀਆਂ 6:12) ਅਸੀਂ ਇਹ ਸਿਰਫ਼ ਉਦੋਂ ਕਰ ਸਕਦੇ ਹਾਂ ਜਦੋਂ ਅਸੀਂ ਉਨ੍ਹਾਂ ਦੀ ਮਿਸਾਲ ਵੱਲ ਚੰਗੀ ਤਰ੍ਹਾਂ ਧਿਆਨ ਦਿੰਦੇ ਹਾਂ ਅਤੇ ਉਨ੍ਹਾਂ ਦੀ ਨਿਹਚਾ ਦੀ ਰੀਸ ਕਰਦੇ ਹਾਂ। ਪਰ ਜੇ ਅਸੀਂ ਆਪਣੀ ਤੁਲਨਾ ਦੂਸਰਿਆਂ ਨਾਲ ਕਰੀਏ ਜੋ ਸਾਡੇ ਨਾਲੋਂ ਜ਼ਿਆਦਾ ਕਰ ਰਹੇ ਹਨ, ਤਾਂ ਇਸ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਪੌਲੁਸ ਦੀ ਗੱਲ ਮੰਨੀਏ: “ਹਰੇਕ ਆਪਣੇ ਹੀ ਕੰਮ ਨੂੰ ਪਰਖੇ ਤਦ ਉਹ ਨੂੰ ਨਿਰੇ ਆਪਣੀ ਹੀ ਵੱਲ, ਨਾ ਦੂਏ ਦੀ ਵੱਲ ਅਭਮਾਨ ਪਰਾਪਤ ਹੋਵੇਗਾ।”—ਗਲਾਤੀਆਂ 6:4.

12. ਅਸੀਂ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ ਕਿਉਂ ਹੋ ਸਕਦੇ ਹਾਂ?

12 ਭਾਵੇਂ ਕਈ ਮਸੀਹੀ ਬਹੁਤ ਬੀਮਾਰ ਹਨ, ਫਿਰ ਵੀ ਉਨ੍ਹਾਂ ਕੋਲ ਖ਼ੁਸ਼ ਹੋਣ ਦਾ ਕਾਰਨ ਹੈ। ਬਾਈਬਲ ਸਾਨੂੰ ਭਰੋਸਾ ਦਿਲਾਉਂਦੀ ਹੈ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।” (ਇਬਰਾਨੀਆਂ 6:10) ਹੋ ਸਕਦਾ ਹੈ ਕਿ ਤੁਹਾਡੇ ਹਾਲਾਤ ਇੰਨੇ ਬਦਲ ਗਏ ਹਨ ਕਿ ਤੁਸੀਂ ਪਹਿਲਾਂ ਵਾਂਗ ਵਧ-ਚੜ੍ਹ ਕੇ ਪਰਮੇਸ਼ੁਰ ਦੀ ਸੇਵਾ ਨਹੀਂ ਕਰ ਸਕਦੇ ਹੋ। ਪਰ ਯਹੋਵਾਹ ਦੀ ਮਦਦ ਨਾਲ ਤੁਸੀਂ ਸ਼ਾਇਦ ਹੋਰਨਾਂ ਤਰੀਕਿਆਂ ਨਾਲ ਪ੍ਰਚਾਰ ਕਰ ਸਕੋ ਜਿਵੇਂ ਕਿ ਟੈਲੀਫ਼ੋਨ ਤੇ ਲੋਕਾਂ ਨਾਲ ਗੱਲਾਂ ਕਰ ਕੇ ਜਾਂ ਚਿੱਠੀਆਂ ਲਿਖ ਕੇ। ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਪਰਮੇਸ਼ੁਰ ਤੁਹਾਨੂੰ ਉਸ ਦੀ ਸੇਵਾ ਤਨ-ਮਨ ਨਾਲ ਕਰਨ ਲਈ ਬਰਕਤਾਂ ਦੇਵੇਗਾ।—ਮੱਤੀ 22:36-40.

“ਭੈੜੇ ਸਮੇਂ” ਕਰਕੇ ਮਾਯੂਸ

13, 14. (ੳ) ‘ਭੈੜੇ ਸਮਿਆਂ’ ਦਾ ਸ਼ਾਇਦ ਸਾਡੇ ਉੱਤੇ ਕੀ ਅਸਰ ਪਵੇ? (ਅ) ਇਸ ਗੱਲ ਦਾ ਕੀ ਸਬੂਤ ਹੈ ਕਿ ਅੱਜ ਲੋਕ ਨਿਰਮੋਹ ਹਨ?

13 ਭਾਵੇਂ ਅਸੀਂ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਜੀਉਣ ਦੀ ਉਮੀਦ ਰੱਖਦੇ ਹਾਂ, ਪਰ ਇਸ ਸਮੇਂ ਅਸੀਂ ‘ਭੈੜੇ ਸਮਿਆਂ’ ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1) ਸਾਨੂੰ ਇਸ ਗੱਲ ਤੋਂ ਹੌਸਲਾ ਮਿਲਦਾ ਹੈ ਕਿ ਦੁਨੀਆਂ ਦੇ ਵਿਗੜਦੇ ਹਾਲਾਤ ਇਸ ਗੱਲ ਦਾ ਸਬੂਤ ਹਨ ਕਿ ਸਾਡਾ ਛੁਟਕਾਰਾ ਬਹੁਤ ਨੇੜੇ ਹੈ। ਪਰ ਫਿਰ ਵੀ ਦੁਨੀਆਂ ਦੇ ਭੈੜੇ ਹਾਲਾਤਾਂ ਦਾ ਅਸਰ ਸਾਡੇ ਉੱਤੇ ਪੈਂਦਾ ਹੈ। ਮਿਸਾਲ ਲਈ, ਸ਼ਾਇਦ ਤੁਸੀਂ ਬੇਰੋਜ਼ਗਾਰ ਹੋ। ਨੌਕਰੀ ਲੱਭਣੀ ਮੁਸ਼ਕਲ ਹੈ ਤੇ ਜਿੱਦਾਂ-ਜਿੱਦਾਂ ਮਹੀਨੇ ਬੀਤਦੇ ਜਾਂਦੇ ਹਨ, ਤੁਸੀਂ ਸ਼ਾਇਦ ਸੋਚੋ ਕਿ ਕੀ ਯਹੋਵਾਹ ਮੇਰੀ ਹਾਲਤ ਦੇਖ ਰਿਹਾ ਹੈ ਜਾਂ ਨਹੀਂ ਤੇ ਕੀ ਉਹ ਮੇਰੀਆਂ ਪ੍ਰਾਰਥਨਾਵਾਂ ਸੁਣੇਗਾ ਵੀ ਕਿ ਨਹੀਂ। ਜਾਂ ਸ਼ਾਇਦ ਤੁਸੀਂ ਪੱਖਪਾਤ ਦੇ ਸ਼ਿਕਾਰ ਹੋ ਜਾਂ ਤੁਹਾਡੇ ਨਾਲ ਕੋਈ ਬੇਇਨਸਾਫ਼ੀ ਹੋਈ ਹੈ। ਹੋ ਸਕਦਾ ਹੈ ਕਿ ਅਖ਼ਬਾਰਾਂ ਵਿਚ ਸਮਾਚਾਰ ਪੜ੍ਹ ਕੇ ਤੁਸੀਂ ਵੀ ਲੂਤ ਵਾਂਗ ਮਹਿਸੂਸ ਕਰੋ ਜਿਸ ਨੂੰ “ਲੋਕਾਂ ਦੇ ਬੁਰੇ ਕੰਮਾਂ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਸੀ।”—2 ਪਤਰਸ 2:7, ਨਵਾਂ ਅਨੁਵਾਦ।

14 ਅਸੀਂ ਆਖ਼ਰੀ ਦਿਨਾਂ ਦੀ ਇਕ ਨਿਸ਼ਾਨੀ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਬਾਈਬਲ ਨੇ ਪਹਿਲਾਂ ਹੀ ਦੱਸਿਆ ਸੀ ਕਿ ਲੋਕ “ਨਿਰਮੋਹ” ਹੋਣਗੇ। (2 ਤਿਮੋਥਿਉਸ 3:3) ਕਈ ਪਰਿਵਾਰਾਂ ਵਿਚ ਪਿਆਰ ਨਹੀਂ ਰਿਹਾ। ਘਰੇਲੂ ਹਿੰਸਾ ਨਾਂ ਦੀ ਅੰਗ੍ਰੇਜ਼ੀ ਕਿਤਾਬ ਕਹਿੰਦੀ ਹੈ ਕਿ “ਸਬੂਤ ਦਿਖਾਉਂਦਾ ਹੈ ਕਿ ਬਾਹਰ ਦੇ ਲੋਕਾਂ ਨਾਲੋਂ ਘਰ ਦੇ ਜੀਆਂ ਦੇ ਹੱਥੋਂ ਜਾਨੋਂ ਮਾਰੇ ਜਾਣ, ਮਾਰੇ-ਕੁੱਟੇ ਜਾਣ, ਬੇਇੱਜ਼ਤ ਕੀਤੇ ਜਾਣ ਜਾਂ ਬਲਾਤਕਾਰ ਕੀਤੇ ਜਾਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। . . . ਜਿੱਥੇ ਲੋਕਾਂ ਨੂੰ ਪਿਆਰ ਅਤੇ ਪਨਾਹ ਮਿਲਣੀ ਚਾਹੀਦੀ ਹੈ ਉਹੋ ਜਗ੍ਹਾ ਬੱਚਿਆਂ ਅਤੇ ਵੱਡਿਆਂ ਲਈ ਸਭ ਤੋਂ ਖ਼ਤਰਨਾਕ ਜਗ੍ਹਾ ਬਣ ਗਈ ਹੈ।” ਜਿਨ੍ਹਾਂ ਨੂੰ ਕਦੇ ਆਪਣੇ ਘਰਦਿਆਂ ਦਾ ਪਿਆਰ ਨਾ ਮਿਲਿਆ ਹੋਵੇ, ਉਹ ਬਾਅਦ ਵਿਚ ਜਾ ਕੇ ਚਿੰਤਾ-ਰੋਗ ਦੇ ਸ਼ਿਕਾਰ ਹੋ ਸਕਦੇ ਹਨ। ਜੇ ਸਾਡੀ ਬੇਚੈਨੀ ਤੇ ਉਦਾਸੀ ਦਾ ਇਹੋ ਕਾਰਨ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ?

15. ਯਹੋਵਾਹ ਦਾ ਪਿਆਰ ਮਾਪਿਆਂ ਦੇ ਪਿਆਰ ਨਾਲੋਂ ਗਹਿਰਾ ਕਿਵੇਂ ਹੈ?

15 ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ: “ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸਾਂਭੇਗਾ।” (ਜ਼ਬੂਰਾਂ ਦੀ ਪੋਥੀ 27:10) ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਦਾ ਪਿਆਰ ਮਾਂ-ਬਾਪ ਦੇ ਪਿਆਰ ਨਾਲੋਂ ਕਿਤੇ ਗਹਿਰਾ ਹੈ! ਬਹੁਤ ਦੁੱਖ ਹੁੰਦਾ ਹੈ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਕਰਦੇ ਹਨ ਜਾਂ ਛੱਡ ਦਿੰਦੇ ਹਨ ਜਾਂ ਉਨ੍ਹਾਂ ਨਾਲ ਬਦਸਲੂਕੀ ਕਰਦੇ ਹਨ। ਜੇ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਹੈ, ਤਾਂ ਹਮੇਸ਼ਾ ਯਾਦ ਰੱਖੋ ਕਿ ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਤੁਹਾਨੂੰ ਆਪਣੇ ਵੱਲ ਖਿੱਚਦਾ ਹੈ।—ਰੋਮੀਆਂ 8:38, 39; ਯੂਹੰਨਾ 3:16; 6:44.

ਨਿਰਾਸ਼ ਲੋਕਾਂ ਲਈ ਮਦਦ

16, 17. ਨਿਰਾਸ਼ ਹੋਣ ਦੇ ਬਾਵਜੂਦ ਨਿਹਚਾ ਵਿਚ ਪੱਕੇ ਰਹਿਣ ਦੀ ਤਾਕਤ ਸਾਨੂੰ ਕਿੱਥੋਂ ਮਿਲ ਸਕਦੀ ਹੈ?

16 ਤੁਸੀਂ ਨਿਰਾਸ਼ਾ ਦਾ ਮੁਕਾਬਲਾ ਕਰਨ ਲਈ ਠੋਸ ਕਦਮ ਚੁੱਕ ਸਕਦੇ ਹੋ। ਮਿਸਾਲ ਲਈ, ਪਰਮੇਸ਼ੁਰ ਦੀ ਸੇਵਾ ਵਿਚ ਰੁੱਝੇ ਰਹੋ। ਉਸ ਦੇ ਬਚਨ ਉੱਤੇ ਮਨਨ ਕਰੋ, ਖ਼ਾਸ ਕਰਕੇ ਜਦ ਮਾਯੂਸ ਕਰਨ ਵਾਲੇ ਵਿਚਾਰ ਤੁਹਾਨੂੰ ਅੰਦਰੋਂ-ਅੰਦਰੀਂ ਖਾਈ ਜਾਂਦੇ ਹਨ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਜਦ ਮੈਂ ਆਖਿਆ, ਮੇਰਾ ਪੈਰ ਡੋਲਦਾ ਹੈ, ਤਾਂ, ਹੇ ਯਹੋਵਾਹ, ਤੇਰੀ ਦਯਾ ਮੈਨੂੰ ਸਮਾਲ੍ਹਦੀ ਸੀ। ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।” (ਜ਼ਬੂਰਾਂ ਦੀ ਪੋਥੀ 94:18, 19) ਰੋਜ਼ ਬਾਈਬਲ ਪੜ੍ਹਨ ਨਾਲ ਤੁਸੀਂ ਪਰਮੇਸ਼ੁਰ ਦੀਆਂ ਤਸੱਲੀਆਂ ਤੋਂ ਦਿਲਾਸਾ ਪਾ ਸਕਦੇ ਹੋ।

17 ਪ੍ਰਾਰਥਨਾ ਕਰਨੀ ਲਾਜ਼ਮੀ ਹੈ। ਭਾਵੇਂ ਤੁਸੀਂ ਆਪਣੇ ਦਿਲ ਦੀ ਗੱਲ ਸ਼ਬਦਾਂ ਵਿਚ ਬਿਆਨ ਨਾ ਕਰ ਸਕੋ, ਪਰ ਯਹੋਵਾਹ ਜਾਣਦਾ ਹੈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। (ਰੋਮੀਆਂ 8:26, 27) ਜ਼ਬੂਰਾਂ ਦੇ ਲਿਖਾਰੀ ਨੇ ਸਾਨੂੰ ਭਰੋਸਾ ਦਿਲਾਇਆ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।”—ਜ਼ਬੂਰਾਂ ਦੀ ਪੋਥੀ 55:22.

18. ਨਿਰਾਸ਼ ਵਿਅਕਤੀ ਆਪਣੀ ਨਿਰਾਸ਼ਾ ਵਿੱਚੋਂ ਨਿਕਲਣ ਲਈ ਕੀ-ਕੀ ਕਰ ਸਕਦਾ ਹੈ?

18 ਕਈ ਲੋਕਾਂ ਦੀ ਉਦਾਸੀ ਕਲਿਨਿਕਲ ਡਿਪਰੈਸ਼ਨ ਕਰਕੇ ਹੁੰਦੀ ਹੈ। * ਜੇ ਤੁਹਾਨੂੰ ਇਹ ਸਮੱਸਿਆ ਹੈ, ਤਾਂ ਪਰਮੇਸ਼ੁਰ ਦੇ ਨਵੇਂ ਸੰਸਾਰ ਬਾਰੇ ਸੋਚਣ ਦੀ ਕੋਸ਼ਿਸ਼ ਕਰੋ ਜਦ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:24) ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹਮੇਸ਼ਾ ਉਦਾਸ ਤੇ ਨਿਰਾਸ਼ ਰਹਿੰਦੇ ਹੋ, ਤਾਂ ਚੰਗੀ ਗੱਲ ਹੋਵੇਗੀ ਜੇ ਤੁਸੀਂ ਡਾਕਟਰ ਕੋਲ ਜਾਓ। (ਮੱਤੀ 9:12) ਇਹ ਵੀ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਿਹਤ ਦਾ ਖ਼ਿਆਲ ਰੱਖੋ। ਆਪਣਾ ਖਾਣਾ-ਪੀਣਾ ਸਹੀ ਰੱਖਣ ਅਤੇ ਕਸਰਤ ਕਰਨ ਨਾਲ ਵੀ ਫ਼ਾਇਦਾ ਹੋ ਸਕਦਾ ਹੈ। ਚੰਗੀ ਤਰ੍ਹਾਂ ਆਰਾਮ ਕਰੋ। ਰਾਤ ਦੇਰ ਤਕ ਟੈਲੀਵਿਯਨ ਨਾ ਦੇਖੋ ਤੇ ਅਜਿਹਾ ਮਨੋਰੰਜਨ ਨਾ ਕਰੋ ਜੋ ਤੁਹਾਨੂੰ ਪੂਰੀ ਤਰ੍ਹਾਂ ਥਕਾ ਦੇਵੇ। ਸਭ ਤੋਂ ਵੱਧ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹੋ। ਭਾਵੇਂ ਅਜੇ ਉਹ ਸਮਾਂ ਨਹੀਂ ਆਇਆ ਜਦ ਯਹੋਵਾਹ “ਹਰੇਕ ਅੰਝੂ ਪੂੰਝੇਗਾ,” ਪਰ ਉਹ ਤੁਹਾਨੂੰ ਹਰ ਦੁੱਖ ਸਹਿਣ ਦੀ ਤਾਕਤ ਦੇਵੇਗਾ।—ਪਰਕਾਸ਼ ਦੀ ਪੋਥੀ 21:4; 1 ਕੁਰਿੰਥੀਆਂ 10:13.

“ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ” ਰਹੋ

19. ਯਹੋਵਾਹ ਦੁਖਿਆਰਾਂ ਨਾਲ ਕੀ ਵਾਅਦਾ ਕਰਦਾ ਹੈ?

19 ਬਾਈਬਲ ਸਾਨੂੰ ਹੌਸਲਾ ਦਿੰਦੀ ਹੈ ਕਿ ਭਾਵੇਂ ਧਰਮੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਹਨ, ਪਰ “ਯਹੋਵਾਹ ਉਨ੍ਹਾਂ ਸਭਨਾਂ ਤੋਂ ਉਸ ਨੂੰ ਛੁਡਾਉਂਦਾ ਹੈ।” (ਜ਼ਬੂਰਾਂ ਦੀ ਪੋਥੀ 34:19) ਪਰਮੇਸ਼ੁਰ ਸਾਨੂੰ ਕਿਵੇਂ ਛੁਡਾਉਂਦਾ ਹੈ? ਜਦ ਪੌਲੁਸ ਰਸੂਲ ਨੇ ਆਪਣੇ “ਸਰੀਰ ਵਿੱਚ ਇੱਕ ਕੰਡਾ” ਦੂਰ ਕਰਨ ਬਾਰੇ ਵਾਰ-ਵਾਰ ਪ੍ਰਾਰਥਨਾ ਕੀਤੀ ਸੀ, ਤਾਂ ਯਹੋਵਾਹ ਨੇ ਉਸ ਨੂੰ ਕਿਹਾ: “ਮੇਰੀ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ।” (2 ਕੁਰਿੰਥੀਆਂ 12:7-9) ਯਹੋਵਾਹ ਪੌਲੁਸ ਨਾਲ ਕੀ ਵਾਅਦਾ ਕਰ ਰਿਹਾ ਸੀ ਅਤੇ ਉਹ ਤੁਹਾਡੇ ਨਾਲ ਕੀ ਵਾਅਦਾ ਕਰਦਾ ਹੈ? ਇਹ ਨਹੀਂ ਕਿ ਉਹ ਤੁਹਾਡੇ ਦੁੱਖਾਂ ਨੂੰ ਦੂਰ ਕਰ ਦੇਵੇਗਾ, ਪਰ ਇਹ ਕਿ ਉਹ ਤੁਹਾਨੂੰ ਹਰ ਦੁੱਖ ਸਹਿਣ ਦੀ ਤਾਕਤ ਦੇਵੇਗਾ।

20. ਮੁਸੀਬਤਾਂ ਦੇ ਬਾਵਜੂਦ ਸਾਨੂੰ 1 ਪਤਰਸ 5:6, 7 ਤੋਂ ਕੀ ਹੌਸਲਾ ਮਿਲਦਾ ਹੈ?

20 ਪਤਰਸ ਰਸੂਲ ਨੇ ਲਿਖਿਆ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ ਭਈ ਉਹ ਤੁਹਾਨੂੰ ਵੇਲੇ ਸਿਰ ਉੱਚਿਆ ਕਰੇ। ਅਤੇ ਆਪਣੀ ਸਾਰੀ ਚਿੰਤਾ ਓਸ ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:6, 7) ਯਹੋਵਾਹ ਨੂੰ ਤੁਹਾਡਾ ਫ਼ਿਕਰ ਹੈ ਇਸ ਲਈ ਉਹ ਤੁਹਾਨੂੰ ਕਦੇ ਨਹੀਂ ਤਿਆਗੇਗਾ। ਉਹ ਹਰ ਮੁਸੀਬਤ ਵਿਚ ਤੁਹਾਡਾ ਸਾਥ ਦੇਵੇਗਾ। ਯਾਦ ਰੱਖੋ ਕਿ ਵਫ਼ਾਦਾਰ ਮਸੀਹੀ “ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ” ਹਨ। ਜਦ ਅਸੀਂ ਯਹੋਵਾਹ ਦੀ ਸੇਵਾ ਕਰਦੇ ਹਾਂ, ਤਾਂ ਉਹ ਸਾਨੂੰ ਹਰ ਮੁਸੀਬਤ ਸਹਿਣ ਦੀ ਤਾਕਤ ਦਿੰਦਾ ਹੈ। ਜੇ ਅਸੀਂ ਉਸ ਪ੍ਰਤੀ ਵਫ਼ਾਦਾਰ ਰਹੀਏ, ਤਾਂ ਕੋਈ ਵੀ ਚੀਜ਼ ਸਾਡੀ ਨਿਹਚਾ ਨੂੰ ਤੋੜ ਨਹੀਂ ਸਕੇਗੀ। ਇਸ ਲਈ ਆਓ ਆਪਾਂ ਯਹੋਵਾਹ ਪ੍ਰਤੀ ਵਫ਼ਾਦਾਰ ਰਹੀਏ ਤਾਂਕਿ ਅਸੀਂ ਉਸ ਦੇ ਨਵੇਂ ਸੰਸਾਰ ਵਿਚ ਹਮੇਸ਼ਾ ਲਈ ਜੀ ਸਕੀਏ ਅਤੇ ਉਹ ਦਿਨ ਦੇਖੀਏ ਜਦ ਯਹੋਵਾਹ ਵਾਕਈ ਦੁਖਿਆਰਾਂ ਨੂੰ ਉਨ੍ਹਾਂ ਦੇ ਦੁੱਖਾਂ ਤੋਂ ਛੁਡਾਵੇਗਾ!

[ਫੁਟਨੋਟ]

^ ਪੈਰਾ 1 ਅਸਲੀ ਨਾਂ ਨਹੀਂ।

^ ਪੈਰਾ 18 ਕਲਿਨਿਕਲ ਡਿਪਰੈਸ਼ਨ ਸਿਰਫ਼ ਨਿਰਾਸ਼ਾ ਨਹੀਂ ਹੈ, ਸਗੋਂ ਇਹ ਅਜਿਹੀ ਬੀਮਾਰੀ ਹੈ ਜਿਸ ਵਿਚ ਵਿਅਕਤੀ ਲੰਬੇ ਸਮੇਂ ਲਈ ਬਹੁਤ ਉਦਾਸ ਰਹਿੰਦਾ ਹੈ।

ਕੀ ਤੁਹਾਨੂੰ ਯਾਦ ਹੈ?

• ਯਹੋਵਾਹ ਦੇ ਸੇਵਕ ਕਿਹੜੀ ਗੱਲੋਂ ਦੁਖੀ ਹੁੰਦੇ ਹਨ?

• ਪਰਮੇਸ਼ੁਰ ਦੇ ਕੁਝ ਲੋਕ ਕਿਨ੍ਹਾਂ ਗੱਲਾਂ ਕਰਕੇ ਨਿਰਾਸ਼ ਹੋ ਸਕਦੇ ਹਨ?

• ਯਹੋਵਾਹ ਸਾਨੂੰ ਮੁਸ਼ਕਲਾਂ ਸਹਿਣ ਵਿਚ ਮਦਦ ਕਿਵੇਂ ਦਿੰਦਾ ਹੈ?

• ਅਸੀਂ “ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ” ਕਿਵੇਂ ਹਾਂ?

[ਸਵਾਲ]

[ਸਫ਼ਾ 25 ਉੱਤੇ ਤਸਵੀਰਾਂ]

ਮੁਸ਼ਕਲਾਂ ਦੇ ਬਾਵਜੂਦ ਯਹੋਵਾਹ ਦੇ ਲੋਕ ਖ਼ੁਸ਼ ਹੋ ਸਕਦੇ ਹਨ

[ਸਫ਼ਾ 28 ਉੱਤੇ ਤਸਵੀਰ]

ਟੈਲੀਫ਼ੋਨ ਰਾਹੀਂ ਲੋਕਾਂ ਨੂੰ ਪ੍ਰਚਾਰ ਕਰ ਕੇ ਅਸੀਂ ਤਨ-ਮਨ ਨਾਲ ਯਹੋਵਾਹ ਦੀ ਸੇਵਾ ਕਰ ਸਕਦੇ ਹਾਂ