ਜ਼ਬੂਰਾਂ ਦੀ ਪੋਥੀ ਦੇ ਤੀਜੇ ਤੇ ਚੌਥੇ ਭਾਗ ਦੇ ਕੁਝ ਖ਼ਾਸ ਨੁਕਤੇ
ਯਹੋਵਾਹ ਦਾ ਬਚਨ ਜੀਉਂਦਾ ਹੈ
ਜ਼ਬੂਰਾਂ ਦੀ ਪੋਥੀ ਦੇ ਤੀਜੇ ਤੇ ਚੌਥੇ ਭਾਗ ਦੇ ਕੁਝ ਖ਼ਾਸ ਨੁਕਤੇ
ਜ਼ਬੂਰ 88:11 ਦੇ ਲਿਖਾਰੀ ਨੇ ਪ੍ਰਾਰਥਨਾ ਵਿਚ ਪਰਮੇਸ਼ੁਰ ਨੂੰ ਕਿਹਾ: “ਕੀ ਕਬਰ ਵਿੱਚ ਤੇਰੀ ਦਯਾ, ਅਤੇ ਨਰਕ ਕੁੰਡ ਵਿੱਚ ਤੇਰੀ ਸਚਿਆਈ ਦਾ ਵਰਨਣ ਹੋਵੇਗਾ?” ਅਸੀਂ ਜਾਣਦੇ ਹਾਂ ਕਿ ਅਸੀਂ ਜੀਉਂਦੇ-ਜੀ ਹੀ ਯਹੋਵਾਹ ਦੀ ਵਡਿਆਈ ਕਰ ਸਕਦੇ ਹਾਂ ਤੇ ਮਰ ਕੇ ਨਹੀਂ। ਇਸ ਲਈ ਸਾਡੀ ਜ਼ਿੰਦਗੀ ਦਾ ਇਸ ਤੋਂ ਚੰਗਾ ਮਕਸਦ ਕੁਝ ਨਹੀਂ ਕਿ ਅਸੀਂ ਯਹੋਵਾਹ ਦੇ ਜਸ ਗਾਈਏ।
ਜ਼ਬੂਰਾਂ ਦੀ ਪੋਥੀ ਦੇ ਤੀਜੇ ਤੇ ਚੌਥੇ ਭਾਗ (ਜ਼ਬੂਰ 73–106) ਵਿਚ ਯਹੋਵਾਹ ਦੇ ਗੁਣ ਗਾਉਣ ਅਤੇ ਉਸ ਦੇ ਨਾਂ ਦੀ ਮਹਿਮਾ ਕਰਨ ਦੇ ਕਈ ਕਾਰਨ ਦੱਸੇ ਗਏ ਹਨ। ਇਨ੍ਹਾਂ ਜ਼ਬੂਰਾਂ ਤੇ ਗੌਰ ਕਰ ਕੇ ‘ਪਰਮੇਸ਼ੁਰ ਦੇ ਬਚਨ’ ਲਈ ਸਾਡੀ ਕਦਰ ਵਧੇਗੀ ਅਤੇ ਅਸੀਂ ਹੋਰ ਵੀ ਸੋਹਣੇ ਸ਼ਬਦਾਂ ਨਾਲ ਯਹੋਵਾਹ ਦੀ ਵਧ-ਚੜ੍ਹ ਕੇ ਮਹਿਮਾ ਕਰਨੀ ਚਾਹਾਂਗੇ। (ਇਬਰਾਨੀਆਂ 4:12) ਪਹਿਲਾਂ ਆਓ ਆਪਾਂ ਜ਼ਬੂਰਾਂ ਦੀ ਪੋਥੀ ਦੇ ਤੀਜੇ ਭਾਗ ਉੱਤੇ ਚਰਚਾ ਕਰੀਏ।
“ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ”
ਇਸ ਭਾਗ ਦੇ ਪਹਿਲੇ 11 ਜ਼ਬੂਰ ਆਸਾਫ਼ ਨੇ ਜਾਂ ਉਸ ਦੇ ਖ਼ਾਨਦਾਨ ਦੇ ਮੈਂਬਰਾਂ ਨੇ ਲਿਖੇ ਸਨ। 73ਵੇਂ ਜ਼ਬੂਰ ਵਿਚ ਆਸਾਫ਼ ਨੇ ਦੱਸਿਆ ਕਿ ਉਹ ਗ਼ਲਤ ਸੋਚ ਕਰਕੇ ਕੁਰਾਹੇ ਪੈਣ ਤੋਂ ਕਿਵੇਂ ਵਾਲ-ਵਾਲ ਬਚਿਆ ਸੀ। ਉਸ ਨੇ ਸਹੀ ਸਿੱਟਾ ਕੱਢਦੇ ਹੋਏ ਲਿਖਿਆ: “ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ।” (ਜ਼ਬੂਰਾਂ ਦੀ ਪੋਥੀ 73:28) 74ਵੇਂ ਜ਼ਬੂਰ ਵਿਚ ਯਰੂਸ਼ਲਮ ਦੀ ਤਬਾਹੀ ਤੇ ਅਫ਼ਸੋਸ ਕੀਤਾ ਗਿਆ ਹੈ। ਅਗਲੇ ਤਿੰਨ ਜ਼ਬੂਰਾਂ ਵਿਚ ਯਹੋਵਾਹ ਨੂੰ ਸੱਚਾ ਨਿਆਂਕਾਰ, ਮਸਕੀਨਾਂ ਦਾ ਰਖਵਾਲਾ ਅਤੇ ਪ੍ਰਾਰਥਨਾ ਦਾ ਸੁਣਨ ਵਾਲਾ ਕਿਹਾ ਗਿਆ ਹੈ। 78ਵੇਂ ਜ਼ਬੂਰ ਵਿਚ ਮੂਸਾ ਦੇ ਜ਼ਮਾਨੇ ਤੋਂ ਦਾਊਦ ਦੇ ਸਮੇਂ ਤਕ ਦੇ ਇਸਰਾਏਲ ਦੇ ਇਤਿਹਾਸ ਬਾਰੇ ਦੱਸਿਆ ਗਿਆ ਹੈ। 79ਵੇਂ ਜ਼ਬੂਰ ਵਿਚ ਯਰੂਸ਼ਲਮ ਦੀ ਤਬਾਹੀ ਤੇ ਅਫ਼ਸੋਸ ਕੀਤਾ ਗਿਆ ਹੈ। ਅਗਲੇ ਜ਼ਬੂਰ ਵਿਚ ਪਰਮੇਸ਼ੁਰ ਦੇ ਲੋਕਾਂ ਦੇ ਮੁੜ ਵਸੇਬੇ ਲਈ ਪ੍ਰਾਰਥਨਾ ਕੀਤੀ ਗਈ ਹੈ। 81ਵੇਂ ਜ਼ਬੂਰ ਵਿਚ ਯਹੋਵਾਹ ਦੀ ਆਗਿਆ ਦੀ ਪਾਲਣਾ ਕਰਨ ਦੀ ਪ੍ਰੇਰਣਾ ਦਿੱਤੀ ਗਈ ਹੈ। ਅਗਲੇ ਦੋ ਜ਼ਬੂਰਾਂ (82 ਤੇ 83) ਵਿਚ ਦੁਆ ਕੀਤੀ ਗਈ ਹੈ ਕਿ ਪਰਮੇਸ਼ੁਰ ਆਪਣੇ ਲੋਕਾਂ ਦੇ ਦੁਸ਼ਮਣਾਂ ਦਾ ਨਿਆਂ ਕਰੇ।
ਕੋਰਹ ਦੇ ਪੁੱਤਰਾਂ ਨੇ ਜ਼ਬੂਰ 84:2 ਵਿਚ ਕਿਹਾ: “ਮੇਰਾ ਜੀ ਯਹੋਵਾਹ ਦੀਆਂ ਦਰਗਾਹਾਂ ਲਈ ਤਰਸਦਾ ਸਗੋਂ ਖੁੱਸਦਾ ਜਾਂਦਾ ਹੈ।” 85ਵੇਂ ਜ਼ਬੂਰ ਵਿਚ ਪਰਮੇਸ਼ੁਰ ਨੂੰ ਯਰੂਸ਼ਲਮ ਵਾਪਸ ਮੁੜੇ ਜਲਾਵਤਨੀਆਂ ਉੱਤੇ ਮਿਹਰ ਕਰਨ ਦੀ ਬੇਨਤੀ ਕੀਤੀ ਗਈ ਹੈ। ਇਸ ਜ਼ਬੂਰ ਵਿਚ ਜ਼ੋਰ ਦਿੱਤਾ ਗਿਆ ਹੈ ਕਿ ਪਰਮੇਸ਼ੁਰ ਦੀ ਬਰਕਤ ਹੋਣੀ ਧਨ-ਦੌਲਤ ਹੋਣ ਨਾਲੋਂ ਕਿਤੇ ਵੱਧ ਜ਼ਰੂਰੀ ਹੈ। ਅਗਲੇ ਜ਼ਬੂਰ ਵਿਚ ਦਾਊਦ ਨੇ ਦੁਆ ਕੀਤੀ ਕਿ ਯਹੋਵਾਹ ਉਸ ਨੂੰ ਬਚਾਵੇ ਤੇ ਸਿਖਾਵੇ। 87ਵਾਂ ਜ਼ਬੂਰ ਇਕ ਗੀਤ ਹੈ ਜਿਸ ਵਿਚ ਸੀਯੋਨ ਅਤੇ ਉਸ ਦੇ ਜੰਮਪਲਾਂ ਬਾਰੇ ਦੱਸਿਆ ਗਿਆ ਹੈ ਅਤੇ 88ਵੇਂ ਜ਼ਬੂਰ ਵਿਚ ਯਹੋਵਾਹ ਨੂੰ ਦੁਆ ਕੀਤੀ ਗਈ ਹੈ। ਇਸ ਤੋਂ ਅਗਲੇ ਜ਼ਬੂਰ ਵਿਚ ਦਾਊਦ ਨਾਲ ਬੰਨ੍ਹੇ ਗਏ ਨੇਮ ਦੇ ਆਧਾਰ ਤੇ ਕੀਤੀਆਂ ਯਹੋਵਾਹ ਦੀਆਂ ਮਿਹਰਬਾਨੀਆਂ ਤੇ ਜ਼ੋਰ ਦਿੱਤਾ ਗਿਆ ਹੈ। ਇਹ ਜ਼ਬੂਰ ਏਥਾਨ ਨੇ ਲਿਖਿਆ ਸੀ ਜੋ ਸ਼ਾਇਦ ਸੁਲੇਮਾਨ ਦੇ ਜ਼ਮਾਨੇ ਦੇ ਚਾਰ ਬੁੱਧਵਾਨ ਆਦਮੀਆਂ ਵਿੱਚੋਂ ਇਕ ਸੀ।—1 ਰਾਜਿਆਂ 4:31.
ਕੁਝ ਸਵਾਲਾਂ ਦੇ ਜਵਾਬ:
73:9—ਦੁਸ਼ਟ ਲੋਕਾਂ ਨੇ ਕਿਵੇਂ “ਆਪਣਾ ਮੂੰਹ ਅਕਾਸ਼ ਵਿੱਚ ਧਰਿਆ, ਪਰ ਉਨ੍ਹਾਂ ਦੀ ਜੀਭ ਧਰਤੀ ਉੱਤੇ ਫਿਰਦੀ ਹੈ”? ਦੁਸ਼ਟ ਲੋਕ ਕਿਸੇ ਦਾ ਆਦਰ ਕਰਨਾ ਨਹੀਂ ਜਾਣਦੇ, ਨਾ ਪਰਮੇਸ਼ੁਰ ਦਾ, ਨਾ ਫ਼ਰਿਸ਼ਤਿਆਂ ਦਾ ਤੇ ਨਾ ਹੀ ਇਨਸਾਨਾਂ ਦਾ। ਉਹ ਆਪਣਾ ਮੂੰਹ ਖੋਲ੍ਹ ਕੇ ਪਰਮੇਸ਼ੁਰ ਦੀ ਬੇਅਦਬੀ ਕਰਨ ਤੋਂ ਨਹੀਂ ਡਰਦੇ ਅਤੇ ਇਨਸਾਨਾਂ ਖ਼ਿਲਾਫ਼ ਆਪਣੀ ਜੀਭ ਚਲਾ ਕੇ ਬੁਰਾ-ਭਲਾ ਕਹਿੰਦੇ ਹਨ।
74:13, 14—ਯਹੋਵਾਹ ਨੇ ਕਦੋਂ ‘ਪਾਣੀ ਵਿੱਚ ਜਲ ਜੰਤੂਆਂ ਦੇ ਸਿਰਾਂ ਅਤੇ ਲਿਵਯਾਥਾਨ ਦਿਆਂ ਸਿਰਾਂ ਨੂੰ ਫਿਹ ਸੁੱਟਿਆ ਸੀ’? “ਮਿਸਰ ਦੇ ਰਾਜਾ ਫ਼ਿਰਊਨ” ਬਾਰੇ ਕਿਹਾ ਗਿਆ ਕਿ ਉਹ ‘ਵੱਡਾ ਜਲ ਜੰਤੂ ਹੈ ਜਿਹੜਾ ਆਪਣਿਆਂ ਦਰਿਆਵਾਂ ਵਿੱਚ ਲੇਟਿਆ ਰਹਿੰਦਾ।’ (ਹਿਜ਼ਕੀਏਲ 29:3) ਤਾਂ ਫਿਰ ਲਿਵਯਾਥਾਨ ਸ਼ਾਇਦ ਫ਼ਿਰਊਨ ਦੇ ਸੂਰਮਿਆਂ ਨੂੰ ਦਰਸਾਉਂਦਾ ਸੀ। ਇਨ੍ਹਾਂ ਆਇਤਾਂ ਵਿਚ ਸ਼ਾਇਦ ਉਸ ਸਮੇਂ ਦੀ ਗੱਲ ਕੀਤੀ ਗਈ ਹੈ ਜਦ ਯਹੋਵਾਹ ਨੇ ਫ਼ਿਰਊਨ ਤੇ ਉਸ ਦੀ ਫ਼ੌਜ ਨੂੰ ਹਰਾ ਕੇ ਇਸਰਾਏਲ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਇਆ ਸੀ।
75:4, 5, 10—“ਸਿੰਙ” ਦਾ ਇੱਥੇ ਕੀ ਮਤਲਬ ਹੈ? ਜਾਨਵਰ ਦੇ ਸਿੰਗਾਂ ਵਿਚ ਬਹੁਤ ਤਾਕਤ ਹੁੰਦੀ ਹੈ ਜਿਨ੍ਹਾਂ ਨੂੰ ਉਹ ਦੂਸਰਿਆਂ ਤੇ ਹਮਲਾ ਕਰਨ ਲਈ ਵਰਤਦਾ ਹੈ। ਇਸ ਲਈ ਇੱਥੇ “ਸਿੰਙ” ਦਾ ਮਤਲਬ ਤਾਕਤ ਜਾਂ ਸ਼ਕਤੀ ਹੈ। ਯਹੋਵਾਹ ਆਪਣੇ ਲੋਕਾਂ ਦੇ ਸਿੰਗਾਂ ਨੂੰ ਯਾਨੀ ਉਨ੍ਹਾਂ ਨੂੰ ਉੱਚੇ ਕਰਦਾ ਹੈ, ਪਰ ਉਹ ‘ਦੁਸ਼ਟਾਂ ਦੇ ਸਾਰੇ ਸਿੰਙ ਵੱਢ ਸੁੱਟਦਾ ਹੈ।’ ਸਾਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਅਸੀਂ ‘ਆਪਣਾ ਸਿੰਙ ਉਤਾਹਾਂ ਨਾ ਉਠਾਈਏ’ ਜਿਸ ਦਾ ਮਤਲਬ ਹੈ ਕਿ ਅਸੀਂ ਘਮੰਡ ਨਾ ਕਰੀਏ। ਕਲੀਸਿਯਾ ਵਿਚ ਜਦ ਸਾਨੂੰ ਕੋਈ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਤਾਂ ਸਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਦੀ ਹੀ ਮਿਹਰ ਨਾਲ ਸਾਨੂੰ ਜ਼ਿੰਮੇਵਾਰੀਆਂ ਮਿਲਦੀਆਂ ਹਨ।—ਜ਼ਬੂਰਾਂ ਦੀ ਪੋਥੀ 75:7.
76:10—‘ਆਦਮੀ ਦੇ ਗੁੱਸੇ’ ਨਾਲ ਯਹੋਵਾਹ ਦੀ ਵਡਿਆਈ ਕਿਵੇਂ ਹੋ ਸਕਦੀ ਹੈ? ਭਾਵੇਂ ਕੋਈ ਸਾਡੇ ਤੇ ਆਪਣਾ ਗੁੱਸਾ ਕੱਢੇ ਕਿਉਂਕਿ ਅਸੀਂ ਯਹੋਵਾਹ ਦੇ ਗਵਾਹ ਹਾਂ, ਫਿਰ ਵੀ ਇਸ ਦਾ ਚੰਗਾ ਨਤੀਜਾ ਨਿਕਲ ਸਕਦਾ ਹੈ। ਦੁੱਖ ਸਹਿਣ ਨਾਲ ਅਸੀਂ ਹੋਰ ਮਜ਼ਬੂਤ ਬਣ ਸਕਦੇ ਹਾਂ। ਪਰ ਯਹੋਵਾਹ ਸਾਨੂੰ ਸਿਰਫ਼ ਉੱਨਾ ਹੀ ਦੁੱਖ ਭੋਗਣ ਦਿੰਦਾ ਹੈ ਜਿੰਨੇ ਨਾਲ ਸਾਡੀ ਨਿਹਚਾ ਮਜ਼ਬੂਤ ਹੋ ਸਕੇ। (1 ਪਤਰਸ 5:10) ‘ਆਦਮੀ ਦੇ ਗੁੱਸੇ ਦੇ ਬਕੀਏ ਨਾਲ ਪਰਮੇਸ਼ੁਰ ਕਮਰ ਕੱਸਦਾ ਹੈ’ ਯਾਨੀ ਉਹ ਦੁਸ਼ਟਾਂ ਨੂੰ ਹੱਦ ਪਾਰ ਨਹੀਂ ਕਰਨ ਦਿੰਦਾ। ਪਰ ਜੇ ਸਾਨੂੰ ਆਪਣੀ ਵਫ਼ਾਦਾਰੀ ਦੀ ਖ਼ਾਤਰ ਦੁੱਖ ਸਹਿੰਦਿਆਂ ਮਰਨਾ ਵੀ ਪਵੇ ਤਾਂ ਕੀ ਇਸ ਦਾ ਕੋਈ ਫ਼ਾਇਦਾ ਹੈ? ਜੀ ਹਾਂ, ਇਸ ਤੋਂ ਵੀ ਯਹੋਵਾਹ ਦੀ ਵਡਿਆਈ ਹੋ ਸਕਦੀ ਹੈ ਕਿਉਂਕਿ ਸ਼ਾਇਦ ਸਾਡੀ ਵਫ਼ਾਦਾਰੀ ਦੇਖ ਕੇ ਦੂਸਰੇ ਲੋਕ ਵੀ ਯਹੋਵਾਹ ਦੇ ਜਸ ਗਾਉਣ ਲੱਗ ਪੈਣ।
78:24, 25—ਮੰਨ ਨੂੰ “ਸੁਰਗੀ ਅੰਨ” ਅਤੇ “ਬਲਵੰਤਾਂ ਦੀ ਰੋਟੀ” ਕਿਉਂ ਕਿਹਾ ਗਿਆ ਹੈ? ਇੱਥੇ ਇਹ ਨਹੀਂ ਕਿਹਾ ਗਿਆ ਕਿ ਮੰਨ ਸਵਰਗੀ ਦੂਤਾਂ ਦੀ ਖ਼ੁਰਾਕ ਸੀ। ਇਸ ਨੂੰ “ਸੁਰਗੀ ਰੋਟੀ” ਕਿਹਾ ਗਿਆ ਹੈ ਕਿਉਂਕਿ ਇਸ ਦਾ ਇੰਤਜ਼ਾਮ ਯਹੋਵਾਹ ਨੇ ਕੀਤਾ ਸੀ। (ਜ਼ਬੂਰਾਂ ਦੀ ਪੋਥੀ 105:40) ਯਹੋਵਾਹ ਸਵਰਗ ਵਿਚ ਰਹਿੰਦਾ ਹੈ ਅਤੇ ਹੋ ਸਕਦਾ ਹੈ ਕਿ ਉਸ ਨੇ ਆਪਣੇ ‘ਬਲਵੰਤ’ ਦੂਤਾਂ ਦੇ ਜ਼ਰੀਏ ਇਸ ਰੋਟੀ ਦਾ ਪ੍ਰਬੰਧ ਕੀਤਾ ਹੋਵੇ।—ਜ਼ਬੂਰਾਂ ਦੀ ਪੋਥੀ 11:4.
82:1, 6—“ਦਿਓਤੇ” ਅਤੇ “ਅੱਤ ਮਹਾਨ ਦੇ ਪੁੱਤ੍ਰ” ਕੌਣ ਹਨ? ਇੱਥੇ ਇਸਰਾਏਲ ਦੇ ਇਨਸਾਨੀ ਨਿਆਂਕਾਰਾਂ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਨੂੰ “ਦਿਓਤੇ” ਅਤੇ “ਅੱਤ ਮਹਾਨ ਦੇ ਪੁੱਤ੍ਰ” ਕਹਿਣਾ ਠੀਕ ਸੀ ਕਿਉਂਕਿ ਉਹ ਪਰਮੇਸ਼ੁਰ ਦੇ ਬੁਲਾਰਿਆਂ ਅਤੇ ਪ੍ਰਤਿਨਿਧਾਂ ਦੇ ਤੌਰ ਤੇ ਕੰਮ ਕਰਦੇ ਸਨ।—ਯੂਹੰਨਾ 10:33-36.
83:2—‘ਸਿਰ ਉਠਾਉਣ’ ਦਾ ਇੱਥੇ ਕੀ ਮਤਲਬ ਹੈ? ਸਿਰ ਉਠਾਉਣ ਦਾ ਮਤਲਬ ਹੈ ਕਿ ਕੋਈ ਕਿਸੇ ਦਾ ਵਿਰੋਧ ਕਰਨ, ਲੜਨ ਜਾਂ ਜ਼ੁਲਮ ਕਰਨ ਲਈ ਆਪਣੀ ਤਾਕਤ ਵਰਤਣ ਲਈ ਤਿਆਰ ਹੈ।
ਸਾਡੇ ਲਈ ਸਬਕ:
73:2-5, 18-20, 25, 28. ਦੁਸ਼ਟਾਂ ਦੀ ਖ਼ੁਸ਼ਹਾਲੀ ਦੇਖ ਕੇ ਸਾਨੂੰ ਨਾ ਸੜਨਾ ਚਾਹੀਦਾ ਤੇ ਨਾ ਹੀ ਉਨ੍ਹਾਂ ਦੀ ਨਕਲ ਕਰ ਕੇ ਪੁੱਠੇ ਰਾਹ ਤੁਰਨਾ ਚਾਹੀਦਾ ਹੈ। ਉਹ ਤਿਲਕਵੀਆਂ ਥਾਵਾਂ ਤੇ ਹਨ ਤੇ ‘ਬਰਬਾਦੀ ਵਿਚ ਸੁੱਟੇ ਜਾਣਗੇ।’ ਅਸੀਂ ਜਾਣਦੇ ਹਾਂ ਕਿ ਜਦ ਤਕ ਪਾਪੀ ਇਨਸਾਨਾਂ ਦਾ ਰਾਜ ਹੈ, ਤਦ ਤਕ ਦੁਸ਼ਟਤਾ ਖ਼ਤਮ ਨਹੀਂ ਕੀਤੀ ਜਾ ਸਕਦੀ, ਇਸ ਲਈ ਬੁਰਾਈ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰਨੀਆਂ ਫਜ਼ੂਲ ਹਨ। ਇਸ ਦੀ ਬਜਾਇ ਅਸੀਂ ਆਸਾਫ਼ ਵਾਂਗ ‘ਪਰਮੇਸ਼ੁਰ ਦੇ ਨੇੜੇ ਰਹਾਂਗੇ’ ਅਤੇ ਉਸ ਵੱਲ ਧਿਆਨ ਲਗਾਈ ਰੱਖਾਂਗੇ।
73:3, 6, 8, 27. ਸਾਨੂੰ ਹੰਕਾਰ ਕਰਨ, ਠੱਠਾ ਕਰਨ ਤੇ ਅਨ੍ਹੇਰ ਦੇ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ, ਭਾਵੇਂ ਸਾਨੂੰ ਲੱਗੇ ਕਿ ਇਸ ਤਰ੍ਹਾਂ ਕਰ ਕੇ ਸਾਨੂੰ ਲਾਭ ਹੋਵੇਗਾ।
73:15-17. ਜਦ ਸਾਡੇ ਮਨ ਵਿਚ ਕੋਈ ਸ਼ੱਕ ਹੁੰਦਾ ਹੈ, ਤਾਂ ਸਾਨੂੰ ਆਪਣੇ ਖ਼ਿਆਲ ਸਾਂਝੇ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਹੀਂ ਤਾਂ ਆਪਣੇ ਸ਼ੱਕ ਬਾਰੇ ਦੂਸਰਿਆਂ ਨੂੰ ‘ਇਸੇ ਤਰ੍ਹਾਂ ਦੱਸ ਕੇ’ ਅਸੀਂ ਉਨ੍ਹਾਂ ਦੀ ਨਿਹਚਾ ਢਾਹ ਸਕਦੇ ਹਾਂ। ਸਾਨੂੰ ਆਰਾਮ ਨਾਲ ਬੈਠ ਕੇ ਸੋਚਣਾ ਚਾਹੀਦਾ ਕਿ ਸਾਨੂੰ ਕਿਹੜੀ ਗੱਲ ਖਾਈ ਜਾਂਦੀ ਹੈ ਤੇ ਫਿਰ ਕਲੀਸਿਯਾ ਵਿਚ ਭੈਣਾਂ-ਭਰਾਵਾਂ ਨਾਲ ਸੰਗਤ ਕਰ ਕੇ ਆਪਣੇ ਸ਼ੱਕ ਦੂਰ ਕਰਨੇ ਚਾਹੀਦੇ ਹਨ।—ਕਹਾਉਤਾਂ 18:1.
73:21-24. ਦੁਸ਼ਟਾਂ ਦੀ ਖ਼ੁਸ਼ਹਾਲੀ ਦੇਖ ਕੇ ਜੇ ਕਿਸੇ ਦਾ ਮਨ “ਕੌੜਾ” ਹੁੰਦਾ ਹੈ, ਤਾਂ ਉਹ ਬੇਸਮਝ ਜਾਨਵਰ ਵਾਂਗ ਹੈ। ਉਹ ਝੱਟ ਈਰਖਾ ਨਾਲ ਸੜ-ਬਲ ਜਾਂਦਾ ਹੈ ਅਤੇ ਆਪਣੀ ਅਕਲ ਤੋਂ ਕੰਮ ਨਹੀਂ ਲੈਂਦਾ। ਅਜਿਹੇ ਲੋਕਾਂ ਤੋਂ ਉਲਟ ਸਾਨੂੰ ਯਹੋਵਾਹ ਦੀ ਸਲਾਹ ਮੰਨਣੀ ਚਾਹੀਦੀ ਹੈ ਤੇ ਪੱਕਾ ਭਰੋਸਾ ਰੱਖਣਾ ਚਾਹੀਦਾ ਹੈ ਕਿ ਉਹ ‘ਸਾਡੇ ਸੱਜੇ ਹੱਥ ਨੂੰ ਫੜ ਕੇ’ ਸਾਨੂੰ ਸਹਾਰਾ ਦੇਵੇਗਾ। ਇਸ ਤੋਂ ਇਲਾਵਾ ਅਸੀਂ ਇਹ ਜਾਣਦੇ ਹਾਂ ਕਿ ਯਹੋਵਾਹ ‘ਸਾਨੂੰ ਤੇਜ ਵਿੱਚ ਰੱਖੇਗਾ’ ਯਾਨੀ ਸਾਨੂੰ ਆਪਣੇ ਨਜ਼ਦੀਕ ਰੱਖੇਗਾ।
77:6. ਬਾਈਬਲ ਦੀ ਸੱਚਾਈ ਦੀ ਗਹਿਰੀ ਕਦਰ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਸਮਾਂ ਕੱਢ ਕੇ ਅਧਿਐਨ ਕਰੀਏ ਅਤੇ ਇਕਾਂਤ ਵਿਚ ਬੈਠ ਕੇ ਸਿੱਖੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰੀਏ।
79:9. ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ, ਖ਼ਾਸਕਰ ਜਦ ਅਸੀਂ ਉਸ ਦੇ ਨਾਂ ਤੋਂ ਹਰ ਦਾਗ਼ ਮਿਟਾਏ ਜਾਣ ਬਾਰੇ ਦੁਆ ਕਰਦੇ ਹਾਂ।
81:13, 16. ਯਹੋਵਾਹ ਦੀ ਗੱਲ ਸੁਣ ਕੇ ਅਤੇ ਉਸ ਦੇ ਮਾਰਗਾਂ ਤੇ ਚੱਲ ਕੇ ਅਸੀਂ ਬਹੁਤ ਸਾਰੀਆਂ ਬਰਕਤਾਂ ਪਾਵਾਂਗੇ।—ਕਹਾਉਤਾਂ 10:22.
82:2, 5. ਦੁਨੀਆਂ ਵਿਚ ਹੁੰਦੀ ਬੇਇਨਸਾਫ਼ੀ ਦੇ ਕਾਰਨ “ਧਰਤੀ ਦੀਆਂ ਸਾਰੀਆਂ ਨੀਹਾਂ” ਹਿੱਲ ਜਾਂਦੀਆਂ ਹਨ। ਅਨਿਆਂ ਸਮਾਜ ਵਿਚ ਅਸ਼ਾਂਤੀ ਫੈਲਾਉਂਦਾ ਹੈ।
84:1-4, 10-12. ਜ਼ਬੂਰਾਂ ਦੇ ਲਿਖਾਰੀਆਂ ਦੇ ਦਿਲਾਂ ਵਿਚ ਯਹੋਵਾਹ ਦੇ ਭਵਨ ਲਈ ਡੂੰਘੀ ਸ਼ਰਧਾ ਸੀ ਤੇ ਉਹ ਉੱਥੇ ਸੇਵਾ ਕਰ ਕੇ ਖ਼ੁਸ਼ ਸਨ। ਸਾਡੇ ਲਈ ਇਹ ਕਿੰਨੀ ਵਧੀਆ ਮਿਸਾਲ ਹੈ।
86:5. ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ “ਦਿਆਲੂ” ਪਰਮੇਸ਼ੁਰ ਹੈ। ਜਦ ਕਿਸੇ ਤੋਂ ਗ਼ਲਤੀ ਹੋ ਜਾਂਦੀ ਹੈ, ਤਾਂ ਯਹੋਵਾਹ ਇਸੇ ਤਲਾਸ਼ ਵਿਚ ਰਹਿੰਦਾ ਹੈ ਕਿ ਕਦੋਂ ਉਹ ਵਿਅਕਤੀ ਤੋਬਾ ਕਰੇ ਤੇ ਉਹ ਉਸ ਨੂੰ ਮਾਫ਼ ਕਰੇ।
87:5, 6. ਕੀ ਪਰਮੇਸ਼ੁਰ ਦੇ ਰਾਜ ਅਧੀਨ ਧਰਤੀ ਤੇ ਰਹਿਣ ਵਾਲੇ ਇਨਸਾਨ ਕਦੇ ਉਨ੍ਹਾਂ ਲੋਕਾਂ ਦੇ ਨਾਂ ਜਾਣਨਗੇ ਜੋ ਸਵਰਗ ਵਿਚ ਰਾਜ ਕਰਨ ਲਈ ਜੀ ਉਠਾਏ ਗਏ ਹਨ? ਇਨ੍ਹਾਂ ਆਇਤਾਂ ਤੋਂ ਲੱਗਦਾ ਕਿ ਇਨਸਾਨਾਂ ਨੂੰ ਇਹ ਜਾਣਕਾਰੀ ਦਿੱਤੀ ਜਾਵੇਗੀ।
88:13, 14. ਜੇ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਦਾ ਜਲਦੀ ਜਵਾਬ ਨਹੀਂ ਮਿਲਦਾ, ਤਾਂ ਹੋ ਸਕਦਾ ਹੈ ਕਿ ਯਹੋਵਾਹ ਦੇਖਣਾ ਚਾਹੁੰਦਾ ਹੈ ਕਿ ਅਸੀਂ ਉਸ ਉੱਤੇ ਕਿੰਨਾ ਭਰੋਸਾ ਰੱਖਦੇ ਹਾਂ।
“ਉਹ ਦਾ ਧੰਨਵਾਦ ਕਰੋ ਅਤੇ ਉਹ ਦੇ ਨਾਮ ਨੂੰ ਮੁਬਾਰਕ ਆਖੋ”
ਜ਼ਬੂਰਾਂ ਦੀ ਪੋਥੀ ਦੇ ਚੌਥੇ ਭਾਗ ਵਿਚ ਯਹੋਵਾਹ ਦੇ ਜਸ ਗਾਉਣ ਦੇ ਕਈ ਕਾਰਨ ਦਿੱਤੇ ਗਏ ਹਨ। ਆਓ ਹੁਣ ਆਪਾਂ ਉਨ੍ਹਾਂ ਤੇ ਗੌਰ ਕਰੀਏ। 90ਵੇਂ ਜ਼ਬੂਰ ਵਿਚ ਮੂਸਾ ਨੇ ਇਕ ਪਾਸੇ “ਜੁੱਗਾਂ ਦੇ ਮਹਾਰਾਜ” ਯਹੋਵਾਹ ਦੀ ਗੱਲ ਕੀਤੀ ਤੇ ਦੂਜੇ ਪਾਸੇ ਇਨਸਾਨਾਂ ਦੀ ਪਲ ਭਰ ਦੀ ਜ਼ਿੰਦਗੀ ਦਾ ਜ਼ਿਕਰ ਕੀਤਾ। (1 ਤਿਮੋਥਿਉਸ 1:17) ਜ਼ਬੂਰ 91:2 ਵਿਚ ਮੂਸਾ ਨੇ ਯਹੋਵਾਹ ਨੂੰ ‘ਆਪਣੀ ਪਨਾਹ ਅਤੇ ਆਪਣਾ ਗੜ੍ਹ’ ਯਾਨੀ ਆਪਣਾ ਰਖਵਾਲਾ ਕਿਹਾ। ਅਗਲੇ ਕੁਝ ਜ਼ਬੂਰਾਂ ਵਿਚ ਯਹੋਵਾਹ ਦੇ ਸ਼ਾਨਦਾਰ ਗੁਣਾਂ, ਉਸ ਦੀ ਉੱਚੀ ਸੋਚ ਅਤੇ ਉਸ ਦੇ ਅਸਚਰਜ ਕੰਮਾਂ ਬਾਰੇ ਗੱਲ ਕੀਤੀ ਗਈ ਹੈ। ਤਿੰਨ ਜ਼ਬੂਰ “ਯਹੋਵਾਹ ਰਾਜ ਕਰਦਾ ਹੈ” ਸ਼ਬਦਾਂ ਨਾਲ ਸ਼ੁਰੂ ਹੁੰਦੇ ਹਨ। (ਜ਼ਬੂਰਾਂ ਦੀ ਪੋਥੀ 93:1; 97:1; 99:1) ਜ਼ਬੂਰ 100:4 ਵਿਚ ਸਾਨੂੰ ਆਪਣੇ ਸਿਰਜਣਹਾਰ ਯਹੋਵਾਹ ਦਾ ‘ਧੰਨਵਾਦ ਕਰਨ ਅਤੇ ਉਹ ਦੇ ਨਾਮ ਨੂੰ ਮੁਬਾਰਕ ਆਖਣ’ ਦੀ ਤਾਕੀਦ ਕੀਤੀ ਗਈ ਹੈ।
ਦਾਊਦ ਬਾਦਸ਼ਾਹ ਨੇ ਜ਼ਬੂਰ 101 ਵਿਚ ਦੱਸਿਆ ਕਿ ਯਹੋਵਾਹ ਦਾ ਭੈ ਰੱਖਣ ਵਾਲੇ ਰਾਜੇ ਨੂੰ ਹਕੂਮਤ ਕਿਵੇਂ ਕਰਨੀ ਚਾਹੀਦੀ ਹੈ। ਅਗਲੇ ਜ਼ਬੂਰ ਵਿਚ ਕਿਹਾ ਗਿਆ ਕਿ ਯਹੋਵਾਹ ਨੇ “ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕੀਤਾ, ਅਤੇ ਉਨ੍ਹਾਂ ਦੀ ਪ੍ਰਾਰਥਨਾ ਨੂੰ ਤੁੱਛ ਨਾ ਜਾਤਾ।” (ਜ਼ਬੂਰਾਂ ਦੀ ਪੋਥੀ 102:17) ਜ਼ਬੂਰ 103 ਵਿਚ ਯਹੋਵਾਹ ਦੀ ਦਇਆ ਅਤੇ ਉਸ ਦੇ ਰਹਿਮ ਵੱਲ ਧਿਆਨ ਖਿੱਚਿਆ ਗਿਆ ਹੈ। ਅਗਲੇ ਜ਼ਬੂਰ ਦੇ ਲਿਖਾਰੀ ਨੇ ਪਰਮੇਸ਼ੁਰ ਦੀ ਸ੍ਰਿਸ਼ਟੀ ਦਾ ਜ਼ਿਕਰ ਕਰਦੇ ਹੋਏ ਕਿਹਾ: “ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੈਂ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ।” (ਜ਼ਬੂਰਾਂ ਦੀ ਪੋਥੀ 104:24) ਚੌਥੇ ਭਾਗ ਦੇ ਆਖ਼ਰੀ ਦੋ ਜ਼ਬੂਰਾਂ ਵਿਚ ਯਹੋਵਾਹ ਦੇ ਅਚੰਭਿਆਂ ਲਈ ਉਸ ਦੇ ਜਸ ਗਾਏ ਗਏ ਹਨ।—ਜ਼ਬੂਰਾਂ ਦੀ ਪੋਥੀ 105:2, 5; 106:7, 22.
ਕੁਝ ਸਵਾਲਾਂ ਦੇ ਜਵਾਬ:
91:1, 2—ਅਸੀਂ “ਅੱਤ ਮਹਾਨ ਦੀ ਓਟ” ਵਿਚ ਕਿਵੇਂ ‘ਵੱਸਦੇ’ ਹਾਂ? ਅਸੀਂ ਯਹੋਵਾਹ ਨੂੰ ਆਪਣੀ ਓਟ ਬਣਾਉਂਦੇ ਹਾਂ ਜਦ ਅਸੀਂ ਉਸ ਨੂੰ ਆਪਣੀ ਪਨਾਹ ਅਤੇ ਗੜ੍ਹ ਮੰਨਦੇ ਹਾਂ, ਉਸ ਦੇ ਗੁਣ ਗਾਉਂਦੇ ਹਾਂ ਕਿ ਉਹ ਸਾਰੀ ਦੁਨੀਆਂ ਦਾ ਮਾਲਕ ਹੈ ਅਤੇ ਉਸ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ। ਯਹੋਵਾਹ ਨਾਲ ਮਜ਼ਬੂਤ ਰਿਸ਼ਤੇ ਦਾ ਅਸੀਂ ਆਨੰਦ ਮਾਣਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਡੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ।—ਜ਼ਬੂਰਾਂ ਦੀ ਪੋਥੀ 90:1.
92:12—ਧਰਮੀ ਕਿਵੇਂ “ਖਜੂਰ ਦੇ ਬਿਰਛ ਵਾਂਙੁ ਫਲਿਆ ਰਹੇਗਾ”? ਖਜੂਰਾਂ ਦੇ ਦਰਖ਼ਤ ਹਰ ਸਾਲ ਫਲ ਦਿੰਦੇ ਹਨ। ਯਹੋਵਾਹ ਦੀਆਂ ਨਜ਼ਰਾਂ ਵਿਚ ਧਰਮੀ ਇਨਸਾਨ ਨੈਤਿਕ ਤੌਰ ਤੇ ਸਿੱਧਾ ਤੇ ਖਰਾ ਹੈ ਤੇ ਉਹ ਚੰਗੇ ਕੰਮ ਕਰ ਕੇ “ਚੰਗਾ ਫਲ” ਦਿੰਦਾ ਰਹਿੰਦਾ ਹੈ।—ਮੱਤੀ 7:17-20.
ਸਾਡੇ ਲਈ ਸਬਕ:
90:7, 8, 13, 14. ਜਦ ਅਸੀਂ ਪੁੱਠੇ ਰਾਹ ਤੁਰਦੇ ਹਾਂ, ਤਾਂ ਸਾਡਾ ਪਰਮੇਸ਼ੁਰ ਨਾਲ ਰਿਸ਼ਤਾ ਖ਼ਰਾਬ ਹੁੰਦਾ ਹੈ। ਉਸ ਦੀਆਂ ਨਜ਼ਰਾਂ ਤੋਂ ਸਾਡਾ ਕੋਈ ਵੀ ਪਾਪ ਲੁਕਿਆ ਹੋਇਆ ਨਹੀਂ ਹੈ। ਪਰ ਜੇ ਅਸੀਂ ਸੁਧਰ ਕੇ ਤੋਬਾ ਕਰਦੇ ਹਾਂ, ਤਾਂ ਯਹੋਵਾਹ ਸਾਡੇ ਤੇ ਫਿਰ ਤੋਂ ਮਿਹਰਬਾਨ ਹੁੰਦਾ ਹੈ ਤੇ ‘ਆਪਣੀ ਦਯਾ ਨਾਲ ਸਾਡੀ ਨਿਸ਼ਾ ਕਰਦਾ ਹੈ।’
90:10, 12. ਸਾਡੀ ਉਮਰ ਲੰਮੀ ਨਹੀਂ ਹੈ, ਇਸ ਲਈ ਸਾਨੂੰ ਆਪਣੇ ‘ਦਿਨ ਗਿਣਨੇ’ ਚਾਹੀਦੇ ਹਨ। ਕਿਵੇਂ? ‘ਹਿਕਮਤ ਵਾਲਾ ਮਨ ਪਰਾਪਤ ਕਰ ਕੇ’ ਯਾਨੀ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਇ ਉਸ ਨੂੰ ਸਮਝਦਾਰੀ ਨਾਲ ਵਰਤ ਕੇ। ਸਾਨੂੰ ਯਹੋਵਾਹ ਦੀ ਭਗਤੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣ ਅਤੇ ਉਹ ਕੰਮ ਕਰਨ ਦੀ ਲੋੜ ਹੈ ਜਿਨ੍ਹਾਂ ਤੋਂ ਉਸ ਦਾ ਜੀ ਖ਼ੁਸ਼ ਹੁੰਦਾ ਹੈ।—ਅਫ਼ਸੀਆਂ 5:15, 16; ਫ਼ਿਲਿੱਪੀਆਂ 1:10.
90:17. ਇਸ ਤਰ੍ਹਾਂ ਪ੍ਰਾਰਥਨਾ ਕਰਨੀ ਸਹੀ ਹੈ ਕਿ ਯਹੋਵਾਹ ‘ਸਾਡੇ ਹੱਥਾਂ ਦੇ ਕੰਮ ਕਾਇਮ ਕਰੇ’ ਅਤੇ ਉਸ ਦੀ ਸੇਵਾ ਵਿਚ ਕੀਤੇ ਸਾਡੇ ਜਤਨਾਂ ਨੂੰ ਬਰਕਤ ਦੇਵੇ।
92:14, 15. ਲਗਨ ਨਾਲ ਬਾਈਬਲ ਦੀ ਸਟੱਡੀ ਕਰ ਕੇ ਅਤੇ ਯਹੋਵਾਹ ਦੇ ਲੋਕਾਂ ਨਾਲ ਸੰਗਤ ਕਰ ਕੇ ਪੱਕੀ ਉਮਰ ਵਾਲੇ ਵੀ “ਹਰੇ ਤੇ ਰਸ ਭਰੇ” ਰਹਿੰਦੇ ਹਨ। ਕਹਿਣ ਦਾ ਮਤਲਬ ਹੈ ਕਿ ਉਹ ਪੂਰੇ ਜੋਸ਼ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਹਨ ਅਤੇ ਕਲੀਸਿਯਾ ਲਈ ਚੰਗੀ ਮਿਸਾਲ ਸਾਬਤ ਹੁੰਦੇ ਹਨ।
94:19. ਸਾਨੂੰ ਭਾਵੇਂ ਕਿਸੇ ਵੀ ਗੱਲ ਦੀ “ਚਿੰਤਾ” ਹੋਵੇ, ਅਸੀਂ ਬਾਈਬਲ ਵਿਚ ਪਰਮੇਸ਼ੁਰ ਦੀਆਂ “ਤਸੱਲੀਆਂ” ਪੜ੍ਹ ਕੇ ਅਤੇ ਉਨ੍ਹਾਂ ਤੇ ਮਨਨ ਕਰ ਕੇ ਹੌਸਲਾ ਪਾ ਸਕਦੇ ਹਾਂ।
95:7, 8. ਜੇ ਅਸੀਂ ਬਾਈਬਲ ਵਿੱਚੋਂ ਪਰਮੇਸ਼ੁਰ ਦੀ ਆਵਾਜ਼ ਸੁਣਾਂਗੇ ਅਤੇ ਉਸ ਤੇ ਅਮਲ ਕਰਾਂਗੇ, ਤਾਂ ਸਾਡੇ ਦਿਲ ਕਠੋਰ ਨਹੀਂ ਬਣਨਗੇ।—ਇਬਰਾਨੀਆਂ 3:7, 8.
106:36, 37. ਇਨ੍ਹਾਂ ਆਇਤਾਂ ਵਿਚ ਬੁੱਤਾਂ ਦੀ ਪੂਜਾ ਦਾ ਸੰਬੰਧ ਭੂਤਨਿਆਂ ਯਾਨੀ ਸ਼ਤਾਨ ਦੇ ਦੂਤਾਂ ਨਾਲ ਜੋੜਿਆ ਗਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਜੇ ਕੋਈ ਮੂਰਤੀ-ਪੂਜਾ ਕਰਦਾ ਹੈ, ਤਾਂ ਉਹ ਸ਼ਤਾਨ ਦੇ ਪ੍ਰਭਾਵ ਹੇਠ ਆ ਸਕਦਾ ਹੈ। ਇਸ ਲਈ ਬਾਈਬਲ ਵਿਚ ਜ਼ੋਰ ਦਿੱਤਾ ਗਿਆ ਹੈ: “ਤੁਸੀਂ ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਈ ਰੱਖੋ।”—1 ਯੂਹੰਨਾ 5:21.
ਯਹੋਵਾਹ ਦੀ ਉਸਤਤ ਕਰੋ
ਜ਼ਬੂਰਾਂ ਦੀ ਪੋਥੀ ਦੇ ਚੌਥੇ ਭਾਗ ਦੇ ਆਖ਼ਰੀ ਤਿੰਨ ਜ਼ਬੂਰ “ਹਲਲੂਯਾਹ!” ਨਾਲ ਮੁੱਕਦੇ ਹਨ ਤੇ ਆਖ਼ਰੀ ਜ਼ਬੂਰ “ਹਲਲੂਯਾਹ!” ਨਾਲ ਸ਼ੁਰੂ ਵੀ ਹੁੰਦਾ ਹੈ। (ਜ਼ਬੂਰਾਂ ਦੀ ਪੋਥੀ 104:35; 105:45; 106:1, 48) ਹਲਲੂਯਾਹ ਦਾ ਮਤਲਬ ਹੈ ਯਹੋਵਾਹ ਦੀ ਉਸਤਤ ਕਰੋ। ਜ਼ਬੂਰਾਂ ਦੀ ਪੋਥੀ ਦੇ ਚੌਥੇ ਭਾਗ ਵਿਚ “ਹਲਲੂਯਾਹ” ਸ਼ਬਦ ਕਈ ਵਾਰ ਆਉਂਦਾ ਹੈ।
ਜ਼ਬੂਰਾਂ ਦੀ ਪੋਥੀ ਦੇ ਤੀਜੇ ਤੇ ਚੌਥੇ ਭਾਗ (73-106) ਵਿਚ ਅਸੀਂ ਯਹੋਵਾਹ ਦੀ ਉਸਤਤ ਕਰਨ ਦੇ ਕਈ ਕਾਰਨ ਦੇਖੇ ਹਨ। ਇਨ੍ਹਾਂ ਕਾਰਨਾਂ ਤੇ ਸੋਚ-ਵਿਚਾਰ ਕਰ ਕੇ ਅਸੀਂ ਦਿਲੋਂ ਆਪਣੇ ਪਿਤਾ ਯਹੋਵਾਹ ਦਾ ਧੰਨਵਾਦ ਕਰਨਾ ਚਾਹਾਂਗੇ। ਜਦ ਅਸੀਂ ਉਨ੍ਹਾਂ ਬਰਕਤਾਂ ਬਾਰੇ ਸੋਚਦੇ ਹਾਂ ਜੋ ਯਹੋਵਾਹ ਨੇ ਸਾਨੂੰ ਹੁਣ ਦਿੱਤੀਆਂ ਹਨ ਜਾਂ ਭਵਿੱਖ ਵਿਚ ਦੇਣ ਦਾ ਵਾਅਦਾ ਕੀਤਾ ਹੈ, ਤਾਂ ਅਸੀਂ ਆਪਣੇ ਪੂਰੇ ਜ਼ੋਰ ਨਾਲ “ਹਲਲੂਯਾਹ” ਕਹਿਣ ਲਈ ਪ੍ਰੇਰਿਤ ਹੁੰਦੇ ਹਾਂ।
[ਸਫ਼ਾ 10 ਉੱਤੇ ਤਸਵੀਰ]
ਆਸਾਫ਼ ਵਾਂਗ ਅਸੀਂ ਵੀ ‘ਪਰਮੇਸ਼ੁਰ ਦੇ ਨੇੜੇ ਰਹਿ ਕੇ’ ਦੁਸ਼ਟਤਾ ਕਾਰਨ ਨਿਰਾਸ਼ ਨਹੀਂ ਹੋਵਾਂਗੇ
[ਸਫ਼ਾ 11 ਉੱਤੇ ਤਸਵੀਰ]
ਲਾਲ ਸਮੁੰਦਰ ਵਿਚ ਫ਼ਿਰਊਨ ਦੀ ਹਾਰ
[ਸਫ਼ਾ 11 ਉੱਤੇ ਤਸਵੀਰ]
ਮੰਨ ਨੂੰ “ਬਲਵੰਤਾਂ ਦੀ ਰੋਟੀ” ਕਿਉਂ ਕਿਹਾ ਗਿਆ ਹੈ?
[ਸਫ਼ਾ 13 ਉੱਤੇ ਤਸਵੀਰ]
ਅਸੀਂ ਆਪਣੀ “ਚਿੰਤਾ” ਨੂੰ ਦੂਰ ਕਰਨ ਲਈ ਕੀ ਕਰ ਸਕਦੇ ਹਾਂ?