ਭੈੜੇ ਸਲੂਕ ਤੇ ਲਾਪਰਵਾਹੀ ਦੇ ਸ਼ਿਕਾਰ ਬਿਰਧ
ਭੈੜੇ ਸਲੂਕ ਤੇ ਲਾਪਰਵਾਹੀ ਦੇ ਸ਼ਿਕਾਰ ਬਿਰਧ
ਰਾਤ ਦਾ ਵੇਲਾ ਸੀ। ਇਕ ਆਲੀਸ਼ਾਨ ਅਪਾਰਟਮੈਂਟ ਬਿਲਡਿੰਗ ਦਾ ਚੌਕੀਦਾਰ ਬਿਲਡਿੰਗ ਦੇ ਇਰਦ-ਗਿਰਦ ਚੱਕਰ ਲਾ ਰਿਹਾ ਸੀ। ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦ ਉਸ ਦੀ ਨਜ਼ਰ ਇਕ ਬਜ਼ੁਰਗ ਜੋੜੇ ਦੇ ਮੁਰਦਾ ਸਰੀਰਾਂ ਉੱਤੇ ਪਈ। ਇਸ ਬਿਰਧ ਤੀਵੀਂ-ਆਦਮੀ ਨੇ ਖਿੜਕੀ ਰਾਹੀਂ ਅੱਠਵੀਂ ਮੰਜ਼ਲ ਤੋਂ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਉਨ੍ਹਾਂ ਦੀ ਮੌਤ ਦਾ ਕਾਰਨ ਇਸ ਤੋਂ ਵੀ ਦੁਖਦਾਈ ਸੀ। ਆਦਮੀ ਦੀ ਜੇਬ ਵਿੱਚੋਂ ਮਿਲੀ ਚਿੱਠੀ ਵਿਚ ਲਿਖਿਆ ਸੀ: “ਅਸੀਂ ਆਪਣੀ ਜ਼ਿੰਦਗੀ ਇਸ ਲਈ ਖ਼ਤਮ ਕਰ ਰਹੇ ਹਾਂ ਕਿਉਂਕਿ ਹੁਣ ਸਾਡੇ ਕੋਲੋਂ ਹੋਰ ਜ਼ੁਲਮ ਅਤੇ ਆਪਣੇ ਨੂੰਹ-ਪੁੱਤ ਦੇ ਤਾਅਨੇ-ਮਿਹਣੇ ਸਹੇ ਨਹੀਂ ਜਾਂਦੇ।”
ਇਸ ਘਟਨਾ ਬਾਰੇ ਪੜ੍ਹ ਕੇ ਸ਼ਾਇਦ ਸਾਨੂੰ ਯਕੀਨ ਨਾ ਹੋਵੇ ਕਿ ਕੋਈ ਆਪਣੇ ਬਿਰਧ ਮਾਪਿਆਂ ਨਾਲ ਇੰਨਾ ਬੁਰਾ ਸਲੂਕ ਕਰ ਸਕਦਾ ਹੈ ਕਿ ਮਾਪੇ ਆਪਣੀ ਜਾਨ ਹੀ ਦੇ ਦੇਣ। ਪਰ ਦੁੱਖ ਦੀ ਗੱਲ ਹੈ ਕਿ ਇਹ ਸਮੱਸਿਆ ਦੁਨੀਆਂ ਭਰ ਵਿਚ ਵਧ ਚੁੱਕੀ ਹੈ। ਕੁਝ ਉਦਾਹਰਣਾਂ ਵੱਲ ਧਿਆਨ ਦਿਓ:
• ਇਕ ਅਧਿਐਨ ਅਨੁਸਾਰ, ਕੈਨੇਡਾ ਵਿਚ ਸਿਰਫ਼ 4 ਫੀ ਸਦੀ ਬਿਰਧ ਰਿਪੋਰਟ ਦਰਜ ਕਰਵਾਉਂਦੇ ਹਨ ਜਦ ਉਨ੍ਹਾਂ ਨੂੰ ਕੋਈ ਮਾਰਦਾ-ਕੁੱਟਦਾ ਜਾਂ ਉਨ੍ਹਾਂ ਦੇ ਨਾਲ ਬੁਰਾ ਸਲੂਕ ਕਰਦਾ ਹੈ। ਆਮ ਤੌਰ ਤੇ ਉਨ੍ਹਾਂ ਉੱਤੇ ਜ਼ੁਲਮ ਢਾਹੁਣ ਵਾਲੇ ਉਨ੍ਹਾਂ ਦੇ ਆਪਣੇ ਪਰਿਵਾਰ ਦੇ ਜੀਅ ਹੀ ਹੁੰਦੇ ਹਨ। ਲੇਕਿਨ ਕਈ ਬਿਰਧ ਸ਼ਰਮ ਦੇ ਮਾਰੇ ਜਾਂ ਡਰ ਕਾਰਨ ਕਿਸੇ ਨੂੰ ਕੁਝ ਨਹੀਂ ਦੱਸਦੇ। ਮਾਹਰਾਂ ਦੇ ਅੰਦਾਜ਼ੇ ਅਨੁਸਾਰ ਤਕਰੀਬਨ 10 ਫੀ ਸਦੀ ਬਿਰਧਾਂ ਨਾਲ ਅਜਿਹਾ ਬੁਰਾ ਸਲੂਕ ਕੀਤਾ ਜਾਂਦਾ ਹੈ।
• ਇੰਡੀਆ ਟੂਡੇ ਰਸਾਲਾ ਰਿਪੋਰਟ ਕਰਦਾ ਹੈ: “ਮੰਨਿਆ ਜਾਂਦਾ ਹੈ ਕਿ ਭਾਰਤ ਵਿਚ ਪਰਿਵਾਰਕ ਬੰਧਨ ਬਹੁਤ ਮਜ਼ਬੂਤ ਹੁੰਦੇ ਹਨ, ਪਰ ਸੱਚਾਈ ਤਾਂ ਇਹ ਹੈ ਕਿ ਪਰਿਵਾਰ ਟੁੱਟ ਕੇ ਬਿਖ਼ਰ ਰਹੇ ਹਨ। ਅਜਿਹੇ ਬਿਰਧਾਂ ਦੀ ਗਿਣਤੀ ਵਧ ਰਹੀ ਹੈ ਜਿਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਬੇਕਾਰ ਸਮਝਦੇ ਹਨ।”
• ਅਮਰੀਕਾ ਵਿਚ ਬਿਰਧਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੀ ਇਕ ਸੰਸਥਾ ਨੇ ਅਨੁਮਾਨ ਲਗਾਇਆ ਹੈ ਕਿ “ਉੱਥੇ ਦੇ 65 ਜਾਂ ਇਸ ਤੋਂ ਜ਼ਿਆਦਾ ਉਮਰ ਵਾਲੇ ਲਗਭਗ 10 ਤੋਂ 20 ਲੱਖ ਬਿਰਧਾਂ ਨੂੰ ਮਾਰਿਆ-ਕੁੱਟਿਆ ਜਾਂ ਉਨ੍ਹਾਂ ਦੇ ਨਾਲ ਹੋਰ ਕਈ ਤਰ੍ਹਾਂ ਦੀ ਬਦਸਲੂਕੀ ਕੀਤੀ ਜਾਂਦੀ ਹੈ। ਉਨ੍ਹਾਂ ਨਾਲ ਅਜਿਹਾ ਸਲੂਕ ਕਰਨ ਵਾਲੇ ਉਹੀ ਹੁੰਦੇ ਹਨ ਜੋ ਉਨ੍ਹਾਂ ਦੀ ਦੇਖ-ਭਾਲ ਕਰਦੇ ਹਨ ਜਾਂ ਜਿਨ੍ਹਾਂ ਦੇ ਸਹਾਰੇ ਤੇ ਬਿਰਧ ਨਿਰਭਰ ਕਰਦੇ ਹਨ।” ਕੈਲੇਫ਼ੋਰਨੀਆ ਦੇ ਸੈਨ ਡਿਏਗੋ ਸ਼ਹਿਰ ਦਾ ਇਕ ਵਕੀਲ ਦੱਸਦਾ ਹੈ ਕਿ ਬਿਰਧਾਂ ਨਾਲ ਹੁੰਦੀ ਬਦਸਲੂਕੀ “ਪੁਲਸ ਲਈ ਹੁਣ ਇਕ ਬਹੁਤ ਵੱਡੀ ਸਮੱਸਿਆ ਬਣ ਗਈ ਹੈ।” ਇਹ ਵਕੀਲ ਕਹਿੰਦਾ ਹੈ: “ਮੈਨੂੰ ਲੱਗਦਾ ਹੈ ਕਿ ਅਗਲੇ ਕੁਝ ਸਾਲਾਂ ਦੌਰਾਨ ਇਹ ਸਮੱਸਿਆ ਹੋਰ ਵੀ ਵਧ ਜਾਵੇਗੀ।”
• ਨਿਊਜ਼ੀਲੈਂਡ ਦੇ ਕੈਂਟ੍ਰਬਰੀ ਸ਼ਹਿਰ ਵਿਚ ਇਸ ਗੱਲ ਦੀ ਚਿੰਤਾ ਵਧ ਰਹੀ ਹੈ ਕਿ ਕੁਝ ਲੋਕ ਜਿਨ੍ਹਾਂ ਨੂੰ ਨਸ਼ੇ ਕਰਨ, ਜ਼ਿਆਦਾ ਸ਼ਰਾਬ ਪੀਣ ਜਾਂ ਜੂਆ ਖੇਡਣ ਦੀ ਲਤ ਲੱਗੀ ਹੋਈ ਹੈ, ਉਹ ਪੈਸਿਆਂ ਖ਼ਾਤਰ ਆਪਣੇ ਹੀ ਪਰਿਵਾਰ ਦੇ ਬਿਰਧ ਮੈਂਬਰਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਇਸ ਸ਼ਹਿਰ ਵਿਚ ਬਦਸਲੂਕੀ ਦੇ ਸ਼ਿਕਾਰ ਬਿਰਧਾਂ ਦੀ ਗਿਣਤੀ 2002 ਤੋਂ 2003 ਵਿਚ 65 ਤੋਂ 107 ਤਕ ਵਧ ਗਈ ਸੀ। ਬਿਰਧਾਂ ਨਾਲ ਕੀਤੀ ਜਾ ਰਹੀ ਬਦਸਲੂਕੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਇਕ ਏਜੰਸੀ ਦੇ ਮੁੱਖ ਪ੍ਰਬੰਧਕ ਦਾ ਕਹਿਣਾ ਹੈ ਕਿ “ਅਸਲ ਵਿਚ ਅਜਿਹੇ ਬਿਰਧਾਂ ਦੀ ਗਿਣਤੀ ਇਸ ਨਾਲੋਂ ਕਿਤੇ ਜ਼ਿਆਦਾ ਹੈ।”
• ਦ ਜਪਾਨ ਟਾਈਮਜ਼ ਅਖ਼ਬਾਰ ਨੇ ਲਿਖਿਆ ਕਿ ਜਪਾਨ
ਦੇ ਵਕੀਲ-ਵਰਗ ਅਨੁਸਾਰ “ਘਰੇਲੂ ਹਿੰਸਾ ਦੇ ਸ਼ਿਕਾਰ ਬੱਚਿਆਂ ਨਾਲੋਂ ਹਿੰਸਾ ਦੇ ਸ਼ਿਕਾਰ ਬਿਰਧਾਂ ਨੂੰ ਜ਼ਿਆਦਾ ਮਦਦ ਦੀ ਲੋੜ ਹੁੰਦੀ ਹੈ।” ਟਾਈਮਜ਼ ਅਖ਼ਬਾਰ ਮੁਤਾਬਕ ਇਸ ਦਾ ਇਕ ਕਾਰਨ ਇਹ ਹੈ ਕਿ “ਬੱਚਿਆਂ ਜਾਂ ਜੀਵਨ-ਸਾਥੀ ਨਾਲ ਹੁੰਦੀ ਬਦਸਲੂਕੀ ਦੀ ਤੁਲਨਾ ਵਿਚ ਬਜ਼ੁਰਗਾਂ ਨਾਲ ਹੁੰਦੇ ਬੁਰੇ ਸਲੂਕ ਦਾ ਲੋਕਾਂ ਨੂੰ ਜਲਦੀ ਪਤਾ ਨਹੀਂ ਲੱਗਦਾ। ਇਸ ਦਾ ਇਕ ਤਾਂ ਕਾਰਨ ਇਹ ਹੈ ਕਿ ਜਦ ਬਿਰਧਾਂ ਨੂੰ ਉਨ੍ਹਾਂ ਦੇ ਬੱਚੇ ਮਾਰਦੇ-ਕੁੱਟਦੇ ਹਨ, ਤਾਂ ਬਿਰਧ ਆਪਣੇ ਆਪ ਨੂੰ ਇਸ ਲਈ ਜ਼ਿੰਮੇਵਾਰ ਸਮਝਦੇ ਹਨ। ਅਤੇ ਦੂਜਾ ਕਾਰਨ ਇਹ ਹੈ ਕਿ ਸਰਕਾਰ ਅਤੇ ਸਥਾਨਕ ਅਧਿਕਾਰੀ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਅਸਫ਼ਲ ਰਹੇ ਹਨ।”ਦੁਨੀਆਂ ਭਰ ਵਿਚ ਬਜ਼ੁਰਗਾਂ ਨਾਲ ਹੁੰਦੀ ਬਦਸਲੂਕੀ ਦੀਆਂ ਇਨ੍ਹਾਂ ਕੁਝ ਉਦਾਹਰਣਾਂ ਬਾਰੇ ਜਾਣ ਕੇ ਸ਼ਾਇਦ ਅਸੀਂ ਇਹ ਸਵਾਲ ਪੁੱਛੀਏ: ਬਿਰਧਾਂ ਨੂੰ ਅਣਗੌਲਿਆ ਕਿਉਂ ਕੀਤਾ ਜਾਂਦਾ ਹੈ? ਪਿਆਰ ਦੀ ਬਜਾਇ ਉਨ੍ਹਾਂ ਨਾਲ ਬੁਰਾ ਸਲੂਕ ਕਿਉਂ ਕੀਤਾ ਜਾਂਦਾ ਹੈ? ਕੀ ਇਸ ਸਮੱਸਿਆ ਨੂੰ ਕਦੇ ਹੱਲ ਕੀਤਾ ਜਾਵੇਗਾ? ਬਿਰਧਾਂ ਨੂੰ ਦਿਲਾਸਾ ਕਿੱਥੋਂ ਮਿਲ ਸਕਦਾ ਹੈ?