Skip to content

Skip to table of contents

‘ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਜੀਉਂਦੇ ਰਹੋ’

‘ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਜੀਉਂਦੇ ਰਹੋ’

‘ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਜੀਉਂਦੇ ਰਹੋ’

‘ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸਰਾਪ ਰੱਖਿਆ ਹੈ। ਏਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਜੀਉਂਦੇ ਰਹੋ।’—ਬਿਵਸਥਾ ਸਾਰ 30:19.

1, 2. ਇਨਸਾਨ ਕਿਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਇਆ ਗਿਆ ਹੈ?

“ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ।” ਪਰਮੇਸ਼ੁਰ ਦੀ ਇਹ ਗੱਲ ਅਸੀਂ ਬਾਈਬਲ ਦੇ ਪਹਿਲੇ ਅਧਿਆਇ ਵਿਚ ਪੜ੍ਹ ਸਕਦੇ ਹਾਂ। ਫਿਰ ਉਤਪਤ 1:26, 27 ਵਿਚ ਲਿਖਿਆ ਹੈ ਕਿ “ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ।” ਪਹਿਲਾ ਇਨਸਾਨ ਧਰਤੀ ਉੱਤੇ ਬਾਕੀ ਸਾਰੇ ਜੀਵ-ਜੰਤੂਆਂ ਤੋਂ ਵੱਖਰਾ ਸੀ। ਉਹ ਆਪਣੇ ਸਿਰਜਣਹਾਰ ਵਰਗਾ ਸੀ ਕਿਉਂਕਿ ਉਹ ਸੋਚ-ਵਿਚਾਰ ਕਰ ਸਕਦਾ ਸੀ ਅਤੇ ਉਸ ਵਿਚ ਪਿਆਰ, ਬੁੱਧ, ਨਿਆਂ ਅਤੇ ਸ਼ਕਤੀ ਵਰਗੇ ਗੁਣ ਸਨ। ਉਸ ਦੀ ਜ਼ਮੀਰ ਉਸ ਨੂੰ ਸਹੀ ਫ਼ੈਸਲੇ ਕਰਨ ਵਿਚ ਸੇਧ ਦੇ ਸਕਦੀ ਸੀ ਜਿਸ ਤੋਂ ਉਸ ਨੂੰ ਲਾਭ ਹੁੰਦਾ ਅਤੇ ਪਰਮੇਸ਼ੁਰ ਨੂੰ ਖ਼ੁਸ਼ੀ ਹੁੰਦੀ। (ਰੋਮੀਆਂ 2:15) ਕਹਿਣ ਦਾ ਭਾਵ ਕਿ ਆਦਮ ਕੋਲ ਆਪ ਫ਼ੈਸਲੇ ਕਰਨ ਦੀ ਆਜ਼ਾਦੀ ਸੀ। ਯਹੋਵਾਹ ਨੇ ਧਰਤੀ ਉੱਤੇ ਆਪਣੇ ਪੁੱਤਰ ਆਦਮ ਨੂੰ ਦੇਖ ਕੇ ਕਿਹਾ: ‘ਉਹ ਬਹੁਤ ਹੀ ਚੰਗਾ ਹੈ।’—ਉਤਪਤ 1:31; ਜ਼ਬੂਰਾਂ ਦੀ ਪੋਥੀ 95:6.

2 ਆਦਮ ਦੀ ਔਲਾਦ ਹੋਣ ਕਰਕੇ ਅਸੀਂ ਵੀ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਾਂ। ਪਰ ਕੀ ਅਸੀਂ ਸੱਚ-ਮੁੱਚ ਆਪਣੀ ਮਰਜ਼ੀ ਅਨੁਸਾਰ ਕੰਮ ਕਰ ਸਕਦੇ ਹਾਂ? ਭਾਵੇਂ ਯਹੋਵਾਹ ਜਾਣ ਸਕਦਾ ਹੈ ਕਿ ਅਗਾਹਾਂ ਨੂੰ ਕੀ ਹੋਵੇਗਾ, ਪਰ ਉਸ ਨੇ ਪਹਿਲਾਂ ਹੀ ਤੈ ਨਹੀਂ ਕੀਤਾ ਕਿ ਅਸੀਂ ਕੀ-ਕੀ ਕਰਾਂਗੇ। ਉਹ ਸਾਡੇ ਨਸੀਬ ਨਹੀਂ ਲਿਖਦਾ। ਆਪਣੇ ਫ਼ੈਸਲੇ ਆਪ ਕਰਨ ਦੀ ਜੋ ਆਜ਼ਾਦੀ ਉਸ ਨੇ ਸਾਨੂੰ ਦਿੱਤੀ ਹੈ, ਉਸ ਵਿਚ ਉਹ ਦਖ਼ਲ ਨਹੀਂ ਦਿੰਦਾ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਇਸ ਆਜ਼ਾਦੀ ਨੂੰ ਸਹੀ ਤਰੀਕੇ ਨਾਲ ਵਰਤਦੇ ਹੋਏ ਸਹੀ ਫ਼ੈਸਲੇ ਕਰੀਏ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਆਓ ਆਪਾਂ ਇਸਰਾਏਲ ਕੌਮ ਤੋਂ ਇਕ ਸਬਕ ਸਿੱਖੀਏ।—ਰੋਮੀਆਂ 15:4.

ਇਸਰਾਏਲ ਵਿਚ ਫ਼ੈਸਲੇ ਕਰਨ ਦੀ ਆਜ਼ਾਦੀ

3. ਦਸ ਹੁਕਮਾਂ ਵਿੱਚੋਂ ਪਹਿਲਾ ਹੁਕਮ ਕੀ ਸੀ ਅਤੇ ਇਸਰਾਏਲੀਆਂ ਨੇ ਕੀ ਫ਼ੈਸਲਾ ਕੀਤਾ ਸੀ?

3 ਯਹੋਵਾਹ ਨੇ ਇਸਰਾਏਲੀਆਂ ਨੂੰ ਕਿਹਾ: “ਮੈਂ ਯਹੋਵਾਹ [ਤੁਹਾਡਾ] ਪਰਮੇਸ਼ੁਰ ਹਾਂ ਜਿਹੜਾ [ਤੁਹਾਨੂੰ] ਮਿਸਰ ਦੇਸ ਤੋਂ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ ਹਾਂ।” (ਬਿਵਸਥਾ ਸਾਰ 5:6) ਇਸਰਾਏਲੀਆਂ ਕੋਲ ਯਹੋਵਾਹ ਦੇ ਇਨ੍ਹਾਂ ਸ਼ਬਦਾਂ ਉੱਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਸੀ ਕਿਉਂਕਿ ਸੰਨ 1513 ਈ. ਪੂ. ਵਿਚ ਯਹੋਵਾਹ ਨੇ ਉਨ੍ਹਾਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਇਆ ਸੀ। ਯਹੋਵਾਹ ਨੇ ਮੂਸਾ ਰਾਹੀਂ ਉਨ੍ਹਾਂ ਨੂੰ ਦਸ ਹੁਕਮ ਦਿੱਤੇ ਜਿਨ੍ਹਾਂ ਵਿੱਚੋਂ ਪਹਿਲਾ ਹੁਕਮ ਇਹ ਸੀ: “ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ।” (ਕੂਚ 20:1, 3) ਉਸ ਸਮੇਂ ਇਸਰਾਏਲੀਆਂ ਨੇ ਉਸ ਦਾ ਹੁਕਮ ਮੰਨਣਾ ਚੁਣਿਆ ਸੀ। ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਸਿਰਫ਼ ਯਹੋਵਾਹ ਦੀ ਹੀ ਭਗਤੀ ਕੀਤੀ।—ਕੂਚ 20:5; ਗਿਣਤੀ 25:11.

4. (ੳ) ਮੂਸਾ ਨੇ ਇਸਰਾਏਲੀਆਂ ਨੂੰ ਕਿਹੜਾ ਫ਼ੈਸਲਾ ਕਰਨ ਲਈ ਕਿਹਾ ਸੀ? (ਅ) ਅੱਜ ਸਾਨੂੰ ਕਿਹੜਾ ਫ਼ੈਸਲਾ ਕਰਨ ਦੀ ਲੋੜ ਹੈ?

4 ਤਕਰੀਬਨ 40 ਸਾਲ ਬਾਅਦ ਮੂਸਾ ਨੇ ਇਸਰਾਏਲੀਆਂ ਦੀ ਇਕ ਨਵੀਂ ਪੀੜ੍ਹੀ ਨੂੰ ਯਾਦ ਕਰਾਇਆ ਕਿ ਉਨ੍ਹਾਂ ਨੂੰ ਇਕ ਅਹਿਮ ਫ਼ੈਸਲਾ ਕਰਨ ਦੀ ਲੋੜ ਸੀ। ਉਸ ਨੇ ਕਿਹਾ: “ਮੈਂ ਅੱਜੋ ਤੁਹਾਡੇ ਵਿਰੁੱਧ ਅਕਾਸ਼ ਅਤੇ ਧਰਤੀ ਨੂੰ ਗਵਾਹ ਬਣਾਉਂਦਾ ਹਾਂ ਭਈ ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸਰਾਪ ਰੱਖਿਆ ਹੈ। ਏਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅਤੇ ਤੁਹਾਡੀ ਅੰਸ ਜੀਉਂਦੇ ਰਹੋ।” (ਬਿਵਸਥਾ ਸਾਰ 30:19) ਅੱਜ ਸਾਨੂੰ ਵੀ ਇਹੀ ਫ਼ੈਸਲਾ ਕਰਨ ਦੀ ਲੋੜ ਹੈ। ਅਸੀਂ ਜਾਂ ਤਾਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨੀ ਚੁਣ ਸਕਦੇ ਹਾਂ ਤਾਂਕਿ ਅਸੀਂ ਹਮੇਸ਼ਾ ਲਈ ਜੀ ਸਕੀਏ ਜਾਂ ਅਸੀਂ ਉਸ ਦੀ ਅਣਆਗਿਆਕਾਰੀ ਕਰਨ ਦਾ ਫ਼ੈਸਲਾ ਕਰ ਕੇ ਇਸ ਦੇ ਬੁਰੇ ਨਤੀਜੇ ਭੁਗਤ ਸਕਦੇ ਹਾਂ। ਇਹ ਫ਼ੈਸਲਾ ਸਾਡੇ ਹੱਥ ਵਿਚ ਹੈ। ਇਸ ਸੰਬੰਧ ਵਿਚ ਆਓ ਆਪਾਂ ਦੋ ਮਿਸਾਲਾਂ ਉੱਤੇ ਗੌਰ ਕਰੀਏ।

5, 6. ਯਹੋਸ਼ੁਆ ਨੇ ਕੀ ਫ਼ੈਸਲਾ ਕੀਤਾ ਸੀ ਅਤੇ ਇਸ ਦਾ ਨਤੀਜਾ ਕੀ ਨਿਕਲਿਆ?

5 ਸੰਨ 1473 ਈ. ਪੂ. ਵਿਚ ਯਹੋਸ਼ੁਆ ਇਸਰਾਏਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲੈ ਗਿਆ ਸੀ। ਫਿਰ ਮਰਨ ਤੋਂ ਪਹਿਲਾਂ ਉਸ ਨੇ ਸਾਰੀ ਕੌਮ ਨੂੰ ਤਾਕੀਦ ਕੀਤੀ: ‘ਜੇ ਤੁਹਾਡੀ ਨਿਗਾਹ ਵਿੱਚ ਯਹੋਵਾਹ ਦੀ ਉਪਾਸਨਾ ਬੁਰੀ ਹੈ ਤਾਂ ਅੱਜ ਤੁਸੀਂ ਉਸ ਨੂੰ ਚੁਣ ਲਓ ਜਿਹ ਦੀ ਉਪਾਸਨਾ ਤੁਸੀਂ ਕਰੋਗੇ ਭਾਵੇਂ ਓਹ ਦੇਵਤੇ ਜਿਨ੍ਹਾਂ ਦੀ ਤੁਹਾਡੇ ਪਿਉ ਦਾਦੇ ਜਦ ਓਹ ਦਰਿਆ ਪਾਰ ਸਨ ਉਪਾਸਨਾ ਕਰਦੇ ਸਨ, ਭਾਵੇਂ ਅਮੋਰੀਆਂ ਦੇ ਦੇਵਤਿਆਂ ਦੀ ਜਿਨ੍ਹਾਂ ਦੇ ਦੇਸ ਵਿੱਚ ਤੁਸੀਂ ਵੱਸਦੇ ਹੋ।’ ਫਿਰ ਆਪਣੇ ਪਰਿਵਾਰ ਬਾਰੇ ਉਸ ਨੇ ਕਿਹਾ: “ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ।”—ਯਹੋਸ਼ੁਆ 24:15.

6 ਇਸ ਤੋਂ ਪਹਿਲਾਂ ਯਹੋਵਾਹ ਨੇ ਯਹੋਸ਼ੁਆ ਨੂੰ ਤਕੜੇ ਹੋਣ, ਹੌਸਲਾ ਰੱਖਣ ਅਤੇ ਪਰਮੇਸ਼ੁਰ ਦੀ ਬਿਵਸਥਾ ਅਨੁਸਾਰ ਚੱਲਦੇ ਰਹਿਣ ਦੀ ਪ੍ਰੇਰਣਾ ਦਿੱਤੀ ਸੀ। ਬਿਵਸਥਾ ਦੀ ਪੋਥੀ ਪੜ੍ਹਦੇ ਰਹਿਣ ਨਾਲ ਯਹੋਸ਼ੁਆ ਆਪਣਾ ਰਾਹ ਸਫ਼ਲ ਬਣਾ ਸਕਦਾ ਸੀ। (ਯਹੋਸ਼ੁਆ 1:7, 8) ਯਹੋਸ਼ੁਆ ਨੇ ਇਸੇ ਤਰ੍ਹਾਂ ਕੀਤਾ ਤੇ ਇਸ ਫ਼ੈਸਲੇ ਕਾਰਨ ਉਸ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ। ਯਹੋਸ਼ੁਆ ਨੇ ਕਿਹਾ: “ਉਨ੍ਹਾਂ ਸਾਰਿਆਂ ਚੰਗਿਆਂ ਬਚਨਾਂ ਵਿੱਚੋਂ ਜਿਹੜੇ ਯਹੋਵਾਹ ਨੇ ਇਸਰਾਏਲ ਦੇ ਘਰਾਣੇ ਨਾਲ ਕੀਤੇ ਇੱਕ ਬਚਨ ਵੀ ਰਹਿ ਨਾ ਗਿਆ, ਸਾਰੇ ਪੂਰੇ ਹੋਏ।”—ਯਹੋਸ਼ੁਆ 21:45.

7. ਯਸਾਯਾਹ ਦੇ ਜ਼ਮਾਨੇ ਵਿਚ ਕਈ ਇਸਰਾਏਲੀਆਂ ਨੇ ਕੀ ਫ਼ੈਸਲਾ ਕੀਤਾ ਸੀ ਅਤੇ ਇਸ ਦਾ ਨਤੀਜਾ ਕੀ ਨਿਕਲਿਆ?

7 ਧਿਆਨ ਦਿਓ ਕਿ ਲਗਭਗ 700 ਸਾਲ ਬਾਅਦ ਯਹੋਸ਼ੁਆ ਤੋਂ ਉਲਟ ਇਸਰਾਏਲੀਆਂ ਨੇ ਕੀ ਫ਼ੈਸਲਾ ਕੀਤਾ ਸੀ। ਉਸ ਸਮੇਂ ਕਈ ਇਸਰਾਏਲੀ ਦੇਵੀ-ਦੇਵਤਿਆਂ ਦੀ ਪੂਜਾ ਕਰ ਰਹੇ ਸਨ। ਉਦਾਹਰਣ ਲਈ, ਸਾਲ ਦੇ ਆਖ਼ਰੀ ਦਿਨ ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਪਕਵਾਨ ਖਾਣ ਅਤੇ ਮਿੱਠੀ ਮੈ ਪੀਣ ਲਈ ਇਕੱਠੇ ਹੁੰਦੇ ਸਨ। ਉਹ ਸਿਰਫ਼ ਭੋਜਨ ਕਰਨ ਲਈ ਨਹੀਂ ਬੈਠਦੇ ਸਨ। ਦਰਅਸਲ ਉਹ ਦੋ ਦੇਵੀਆਂ ਦੇ ਸਨਮਾਨ ਵਿਚ ਤਿਉਹਾਰ ਮਨਾਉਂਦੇ ਸਨ। ਯਸਾਯਾਹ ਨਬੀ ਨੇ ਦੱਸਿਆ ਕਿ ਇਸਰਾਏਲੀਆਂ ਦੀ ਇਸ ਬੇਵਫ਼ਾਈ ਬਾਰੇ ਯਹੋਵਾਹ ਦਾ ਕੀ ਖ਼ਿਆਲ ਸੀ: “ਤੁਸੀਂ ਜੋ ਯਹੋਵਾਹ ਨੂੰ ਤਿਆਗਦੇ ਹੋ, ਜੋ ਮੇਰੇ ਪਵਿੱਤ੍ਰ ਪਰਬਤ ਨੂੰ ਭੁਲਾਉਂਦੇ ਹੋ, ਜੋ ਲਛਮੀ ਦੇਵੀ ਲਈ ਮੇਜ਼ ਸੁਆਰਦੇ ਹੋ, ਅਤੇ ਪਰਾਲਭਦ ਦੀ ਦੇਵੀ ਲਈ ਰਲਵੀਂ ਮਧ ਭਰਦੇ ਹੋ, ਮੈਂ ਤਲਵਾਰ ਨਾਲ ਤੁਹਾਡੀ ਪਰਾਲਭਦ ਬਣਾਵਾਂਗਾ, ਤੁਸੀਂ ਸੱਭੇ ਵੱਢੇ ਜਾਣ ਲਈ ਝੁੱਕ ਜਾਓਗੇ, ਕਿਉਂ ਜੋ ਮੈਂ ਬੁਲਾਇਆ ਪਰ ਤੁਸਾਂ ਉੱਤਰ ਨਾ ਦਿੱਤਾ, ਮੈਂ ਗੱਲ ਕੀਤੀ ਪਰ ਤੁਸਾਂ ਸੁਣੀ ਨਾ, ਤੁਸੀਂ ਮੇਰੀ ਨਿਗਾਹ ਵਿੱਚ ਬਦੀ ਕੀਤੀ, ਅਤੇ ਜੋ ਮੈਨੂੰ ਪਸੰਦ ਨਹੀਂ ਸੀ ਸੋ ਤੁਸਾਂ ਚੁਣਿਆ।” (ਯਸਾਯਾਹ 65:11, 12) ਲੋਕ ਮੰਨਦੇ ਸਨ ਕਿ ਚੰਗੀ ਫ਼ਸਲ ਲਈ ਯਹੋਵਾਹ ਦੀ ਬਰਕਤ ਨਹੀਂ, ਸਗੋਂ “ਲਛਮੀ ਦੇਵੀ” ਅਤੇ “ਪਰਾਲਭਦ ਦੀ ਦੇਵੀ” ਨੂੰ ਖ਼ੁਸ਼ ਕਰਨ ਦੀ ਲੋੜ ਸੀ। ਪਰ ਉਨ੍ਹਾਂ ਦੁਆਰਾ ਜਾਣ-ਬੁੱਝ ਕੇ ਯਹੋਵਾਹ ਦੀ ਅਣਆਗਿਆਕਾਰੀ ਤੇ ਬਗਾਵਤ ਕਰਨ ਦਾ ਨਤੀਜਾ ਬਹੁਤ ਬੁਰਾ ਨਿਕਲਿਆ। ਕਿਸਮਤ ਸੁਧਰਨ ਦੀ ਬਜਾਇ ਉਨ੍ਹਾਂ ਦਾ ਗ਼ਲਤ ਫ਼ੈਸਲਾ ਉਨ੍ਹਾਂ ਦੇ ਨਾਸ਼ ਦਾ ਕਾਰਨ ਬਣ ਗਿਆ ਤੇ ਇਹ ਦੋ ਦੇਵੀਆਂ ਉਨ੍ਹਾਂ ਨੂੰ ਨਾਸ਼ ਹੋਣ ਤੋਂ ਬਚਾਉਣ ਲਈ ਕੁਝ ਨਾ ਕਰ ਸਕੀਆਂ।

ਸਹੀ ਫ਼ੈਸਲੇ ਕਰਨੇ

8. ਬਿਵਸਥਾ ਸਾਰ 30:20 ਦੇ ਅਨੁਸਾਰ ਸਹੀ ਫ਼ੈਸਲਾ ਕਰਨ ਲਈ ਕਿਹੜੇ ਤਿੰਨ ਕੰਮ ਕਰਨੇ ਜ਼ਰੂਰੀ ਹਨ?

8 ਜਦ ਮੂਸਾ ਨੇ ਲੋਕਾਂ ਨੂੰ ਜੀਵਨ ਚੁਣਨ ਦੀ ਤਾਕੀਦ ਕੀਤੀ ਸੀ, ਤਾਂ ਉਸ ਨੇ ਤਿੰਨ ਕੰਮ ਦੱਸੇ ਜੋ ਉਨ੍ਹਾਂ ਨੂੰ ਕਰਨੇ ਚਾਹੀਦੇ ਸਨ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੀ ਅਵਾਜ਼ ਨੂੰ ਸੁਣੋ ਅਤੇ ਉਸ ਦੇ ਅੰਗ ਸੰਗ ਲੱਗੇ ਰਹੋ।” (ਬਿਵਸਥਾ ਸਾਰ 30:20) ਆਓ ਆਪਾਂ ਇਕ-ਇਕ ਕਰ ਕੇ ਇਨ੍ਹਾਂ ਦੀ ਜਾਂਚ ਕਰੀਏ ਤਾਂਕਿ ਅਸੀਂ ਸਹੀ ਫ਼ੈਸਲਾ ਕਰ ਸਕੀਏ।

9. ਅਸੀਂ ਯਹੋਵਾਹ ਲਈ ਆਪਣੇ ਪਿਆਰ ਦਾ ਸਬੂਤ ਕਿਵੇਂ ਦੇ ਸਕਦੇ ਹਾਂ?

9ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ: ਅਸੀਂ ਯਹੋਵਾਹ ਦੀ ਸੇਵਾ ਇਸ ਲਈ ਕਰਦੇ ਹਾਂ ਕਿਉਂਕਿ ਅਸੀਂ ਉਸ ਨਾਲ ਪਿਆਰ ਕਰਦੇ ਹਾਂ। ਇਸਰਾਏਲੀਆਂ ਦੇ ਗ਼ਲਤ ਕੰਮਾਂ ਵੱਲ ਧਿਆਨ ਦੇ ਕੇ ਅਸੀਂ ਵਿਭਚਾਰ ਕਰਨ ਅਤੇ ਦੁਨੀਆਂ ਦੇ ਲੋਕਾਂ ਵਾਂਗ ਪੈਸਿਆਂ ਦੇ ਮਗਰ ਦੌੜਨ ਵਰਗੀਆਂ ਗ਼ਲਤੀਆਂ ਨਹੀਂ ਕਰਾਂਗੇ। (1 ਕੁਰਿੰਥੀਆਂ 10:11; 1 ਤਿਮੋਥਿਉਸ 6:6-10) ਅਸੀਂ ਯਹੋਵਾਹ ਦਾ ਲੜ ਫੜੀ ਰੱਖਾਂਗੇ ਅਤੇ ਉਸ ਦਾ ਕਹਿਣਾ ਮੰਨਾਂਗੇ। (ਯਹੋਸ਼ੁਆ 23:8; ਜ਼ਬੂਰਾਂ ਦੀ ਪੋਥੀ 119:5, 8) ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਤੋਂ ਪਹਿਲਾਂ ਮੂਸਾ ਨੇ ਲੋਕਾਂ ਨੂੰ ਸਾਵਧਾਨ ਕੀਤਾ ਸੀ: “ਵੇਖੋ, ਮੈਂ ਤੁਹਾਨੂੰ ਬਿਧੀਆਂ ਅਤੇ ਕਨੂਨ ਸਿਖਾਏ ਹਨ ਜਿਵੇਂ ਯਹੋਵਾਹ ਮੇਰੇ ਪਰਮੇਸ਼ੁਰ ਨੇ ਮੈਨੂੰ ਹੁਕਮ ਦਿੱਤਾ ਸੀ ਕਿ ਤੁਸੀਂ ਉਸ ਧਰਤੀ ਵਿੱਚ ਜਿੱਥੇ ਤੁਸੀਂ ਕਬਜ਼ਾ ਕਰਨ ਜਾਂਦੇ ਹੋ ਐਉਂ ਐਉਂ ਕਰਿਓ। ਤੁਸੀਂ ਓਹਨਾਂ ਨੂੰ ਮੰਨੋ ਅਤੇ ਪੂਰੇ ਕਰੋ ਕਿਉਂ ਜੋ ਏਹ ਤੁਹਾਡੀ ਬੁੱਧੀ ਅਤੇ ਸਮਝ ਹੈ ਉਨ੍ਹਾਂ ਲੋਕਾਂ ਦੀ ਨਿਗਾਹ ਵਿੱਚ ਜਿਹੜੇ ਇਨ੍ਹਾਂ ਸਾਰੀਆਂ ਬਿਧੀਆਂ ਨੂੰ [ਸੁਣਨਗੇ]।” (ਬਿਵਸਥਾ ਸਾਰ 4:5, 6) ਹੁਣ ਸਮਾਂ ਹੈ ਕਿ ਅਸੀਂ ਯਹੋਵਾਹ ਦੀ ਮਰਜ਼ੀ ਪੂਰੀ ਕਰ ਕੇ ਉਸ ਲਈ ਆਪਣੇ ਪਿਆਰ ਦਾ ਸਬੂਤ ਦੇਈਏ। ਜੇ ਅਸੀਂ ਇਸ ਤਰ੍ਹਾਂ ਕਰਨਾ ਚੁਣਾਂਗੇ, ਤਾਂ ਸਾਡੀ ਝੋਲੀ ਬਰਕਤਾਂ ਨਾਲ ਭਰ ਜਾਵੇਗੀ।—ਮੱਤੀ 6:33.

10–12. ਨੂਹ ਦੇ ਜ਼ਮਾਨੇ ਵਿਚ ਜੋ ਕੁਝ ਹੋਇਆ, ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ?

10ਪਰਮੇਸ਼ੁਰ ਦੀ ਆਵਾਜ਼ ਸੁਣੋ: ਨੂਹ “ਧਰਮ ਦਾ ਪਰਚਾਰਕ ਸੀ।” (2 ਪਤਰਸ 2:5) ਜਲ-ਪਰਲੋ ਤੋਂ ਪਹਿਲਾਂ ਨੂਹ ਦੇ ਪਰਿਵਾਰ ਤੋਂ ਇਲਾਵਾ ਹੋਰ ਕਿਸੇ ਨੇ ਉਸ ਦੀ ਚੇਤਾਵਨੀ ਵੱਲ ਧਿਆਨ ਨਹੀਂ ਦਿੱਤਾ। ਇਸ ਦਾ ਸਿੱਟਾ ਕੀ ਨਿਕਲਿਆ? ‘ਪਰਲੋ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਗਈ।’ ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ ਸਾਡੇ ਜ਼ਮਾਨੇ ਵਿਚ “ਮਨੁੱਖ ਦੇ ਪੁੱਤ੍ਰ ਦਾ ਆਉਣਾ” ਵੀ ਇਸੇ ਤਰ੍ਹਾਂ ਹੋਵੇਗਾ। ਨੂਹ ਦੇ ਜ਼ਮਾਨੇ ਵਿਚ ਜੋ ਹੋਇਆ, ਉਹ ਅੱਜ ਉਨ੍ਹਾਂ ਲੋਕਾਂ ਲਈ ਚੇਤਾਵਨੀ ਹੈ ਜੋ ਪਰਮੇਸ਼ੁਰ ਦੇ ਸੰਦੇਸ਼ ਵੱਲ ਕੋਈ ਧਿਆਨ ਨਹੀਂ ਦਿੰਦੇ ਹਨ।—ਮੱਤੀ 24:39.

11 ਅੱਜ ਪਰਮੇਸ਼ੁਰ ਦੇ ਸੇਵਕ ਸਾਰਿਆਂ ਨੂੰ ਚੇਤਾਵਨੀ ਦੇ ਰਹੇ ਹਨ। ਇਨ੍ਹਾਂ ਦਾ ਮਖੌਲ ਕਰਨ ਵਾਲਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਸ ਦਾ ਮਤਲਬ ਕੀ ਹੋਵੇਗਾ। ਪਤਰਸ ਰਸੂਲ ਨੇ ਮਖੌਲ ਉਡਾਉਣ ਵਾਲਿਆਂ ਬਾਰੇ ਕਿਹਾ ਸੀ: “ਓਹ ਜਾਣ ਬੁੱਝ ਕੇ ਇਹ ਨੂੰ ਭੁਲਾ ਛੱਡਦੇ ਹਨ ਭਈ ਪਰਮੇਸ਼ੁਰ ਦੇ ਬਚਨ ਨਾਲ ਅਕਾਸ਼ ਪਰਾਚੀਨਕਾਲ ਤੋਂ ਹਨ ਅਤੇ ਧਰਤੀ ਪਾਣੀ ਵਿੱਚੋਂ ਅਤੇ ਪਾਣੀ ਦੇ ਵਿੱਚ ਇਸਥਿਰ ਹੈ। ਜਿਨ੍ਹਾਂ ਦੇ ਕਾਰਨ ਓਸ ਸਮੇਂ ਦਾ ਜਗਤ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ। ਪਰ ਅਕਾਸ਼ ਅਤੇ ਧਰਤੀ ਜਿਹੜੇ ਹੁਣ ਹਨ ਸਾੜੇ ਜਾਣ ਲਈ ਓਸੇ ਬਚਨ ਨਾਲ ਰੱਖ ਛੱਡੇ ਹੋਏ ਹਨ ਅਤੇ ਭਗਤੀਹੀਣ ਮਨੁੱਖਾਂ ਦੇ ਨਿਆਉਂ ਅਤੇ ਨਾਸ ਹੋਣ ਦੇ ਦਿਨ ਤੀਕ ਸਾਂਭੇ ਰਹਿਣਗੇ।”—2 ਪਤਰਸ 3:3-7.

12 ਇਨ੍ਹਾਂ ਲੋਕਾਂ ਤੋਂ ਉਲਟ, ਧਿਆਨ ਦਿਓ ਕਿ ਨੂਹ ਅਤੇ ਉਸ ਦੇ ਪਰਿਵਾਰ ਨੇ ਕੀ ਫ਼ੈਸਲਾ ਕੀਤਾ ਸੀ। “ਨਿਹਚਾ ਨਾਲ ਨੂਹ ਨੇ ਪਰਮੇਸ਼ੁਰ ਕੋਲੋਂ ਉਨ੍ਹਾਂ ਵਸਤਾਂ ਦੀ ਖਬਰ ਪਾ ਕੇ ਜਿਹੜੀਆਂ ਅਜੇ ਅਣਡਿੱਠ ਸਨ ਸਹਮ ਕੇ ਆਪਣੇ ਘਰ ਦੇ ਬਚਾਉ ਲਈ ਕਿਸ਼ਤੀ ਬਣਾਈ।” ਚੇਤਾਵਨੀ ਵੱਲ ਧਿਆਨ ਦੇਣ ਕਰਕੇ ਉਸ ਦੇ ਪਰਿਵਾਰ ਦੀ ਜਾਨ ਬਚ ਗਈ। (ਇਬਰਾਨੀਆਂ 11:7) ਆਓ ਆਪਾਂ ਵੀ ਬਿਨਾਂ ਦੇਰ ਕੀਤਿਆਂ ਪਰਮੇਸ਼ੁਰ ਦਾ ਸੰਦੇਸ਼ ਸੁਣੀਏ ਤੇ ਉਸ ਅਨੁਸਾਰ ਚੱਲੀਏ।—ਯਾਕੂਬ 1:19, 22-25.

13, 14. (ੳ) ਯਹੋਵਾਹ ਦੇ ‘ਅੰਗ ਸੰਗ ਲੱਗੇ ਰਹਿਣਾ’ ਜ਼ਰੂਰੀ ਕਿਉਂ ਹੈ? (ਅ) ਅਸੀਂ ਆਪਣੇ “ਘੁਮਿਆਰ” ਯਹੋਵਾਹ ਦੁਆਰਾ ਕਿਵੇਂ ਢਾਲ਼ੇ ਜਾ ਸਕਦੇ ਹਾਂ?

13ਯਹੋਵਾਹ ਦੇ ਅੰਗ-ਸੰਗ ਲੱਗੇ ਰਹੋ: ‘ਜੀਵਨ ਨੂੰ ਚੁਣਨ ਅਤੇ ਜੀਉਂਦੇ ਰਹਿਣ’ ਲਈ ਸਾਨੂੰ ਯਹੋਵਾਹ ਨੂੰ ਪਿਆਰ ਕਰਨ ਅਤੇ ਉਸ ਦੀ ਆਵਾਜ਼ ਸੁਣਨ ਤੋਂ ਇਲਾਵਾ ‘ਉਸ ਦੇ ਅੰਗ ਸੰਗ ਲੱਗੇ ਰਹਿਣ’ ਦੀ ਵੀ ਲੋੜ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਉਸ ਦੀ ਮਰਜ਼ੀ ਪੂਰੀ ਕਰਨ ਵਿਚ ਲੱਗੇ ਰਹਿਣਾ ਚਾਹੀਦਾ ਹੈ। ਯਿਸੂ ਨੇ ਕਿਹਾ ਸੀ: “ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਕਮਾਓਗੇ।” (ਲੂਕਾ 21:19) ਇਸ ਸੰਬੰਧ ਵਿਚ ਸਾਡਾ ਫ਼ੈਸਲਾ ਦਿਖਾਉਂਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ। ਕਹਾਉਤਾਂ 28:14 ਵਿਚ ਲਿਖਿਆ ਹੈ ਕਿ “ਧੰਨ ਹੈ ਉਹ ਮਨੁੱਖ ਜਿਹੜਾ ਸਦਾ ਭੈ ਮੰਨਦਾ ਹੈ, ਪਰ ਜੋ ਆਪਣੇ ਮਨ ਨੂੰ ਕਠੋਰ ਕਰ ਲੈਂਦਾ ਹੈ ਉਹ ਬਿਪਤਾ ਵਿੱਚ ਪੈ ਜਾਵੇਗਾ।” ਪ੍ਰਾਚੀਨ ਮਿਸਰ ਦਾ ਫ਼ਿਰਊਨ ਅਜਿਹਾ ਇਨਸਾਨ ਸੀ ਜਿਸ ਨੇ ਆਪਣਾ ਮਨ ਕਠੋਰ ਕੀਤਾ। ਜਿੱਦਾਂ-ਜਿੱਦਾਂ ਮਿਸਰ ਉੱਤੇ ਇਕ-ਇਕ ਕਰ ਕੇ ਦਸ ਬਵਾਂ ਆਈਆਂ, ਫ਼ਿਰਊਨ ਪਰਮੇਸ਼ੁਰ ਦਾ ਭੈ ਰੱਖਣ ਦੀ ਬਜਾਇ ਆਪਣਾ ਮਨ ਕਠੋਰ ਕਰਦਾ ਰਿਹਾ। ਯਹੋਵਾਹ ਨੇ ਫ਼ਿਰਊਨ ਨੂੰ ਅਣਆਗਿਆਕਾਰੀ ਦੇ ਰਾਹ ਤੇ ਚੱਲਣ ਲਈ ਮਜਬੂਰ ਨਹੀਂ ਕੀਤਾ ਸੀ, ਪਰ ਉਸ ਨੇ ਉਸ ਘਮੰਡੀ ਰਾਜੇ ਨੂੰ ਆਪਣਾ ਰਾਹ ਚੁਣਨ ਤੋਂ ਨਹੀਂ ਰੋਕਿਆ। ਪਰ ਇਸ ਦੇ ਬਾਵਜੂਦ ਵੀ ਯਹੋਵਾਹ ਦੀ ਮਰਜ਼ੀ ਪੂਰੀ ਹੋ ਕੇ ਰਹੀ। ਪੌਲੁਸ ਰਸੂਲ ਨੇ ਫ਼ਿਰਊਨ ਬਾਰੇ ਯਹੋਵਾਹ ਦਾ ਵਿਚਾਰ ਦੱਸਿਆ: “ਮੈਂ ਇਸੇ ਕਾਰਨ ਤੈਨੂੰ ਖੜਾ ਕੀਤਾ ਤਾਂ ਜੋ ਤੇਰੇ ਵਿੱਚ ਆਪਣੀ ਸਮਰੱਥਾ ਪਰਗਟ ਕਰਾਂ ਅਤੇ ਸਾਰੀ ਧਰਤੀ ਵਿੱਚ ਮੇਰਾ ਨਾਮ ਪਰਸਿੱਧ ਹੋਵੇ।”—ਰੋਮੀਆਂ 9:17.

14 ਫ਼ਿਰਊਨ ਦੀ ਗ਼ੁਲਾਮੀ ਵਿੱਚੋਂ ਇਸਰਾਏਲ ਨੂੰ ਛੁਡਾਉਣ ਤੋਂ ਕਈ ਸਦੀਆਂ ਬਾਅਦ ਯਸਾਯਾਹ ਨਬੀ ਨੇ ਕਿਹਾ: “ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ, ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈਂ, ਅਸੀਂ ਸੱਭੇ ਤੇਰੀ ਦਸਤਕਾਰੀ ਹਾਂ।” (ਯਸਾਯਾਹ 64:8) ਜਿਉਂ-ਜਿਉਂ ਅਸੀਂ ਬਾਈਬਲ ਪੜ੍ਹ ਕੇ ਅਤੇ ਇਸ ਦੀ ਸਿੱਖਿਆ ਅਨੁਸਾਰ ਚੱਲ ਕੇ ਯਹੋਵਾਹ ਦੁਆਰਾ ਢਾਲ਼ੇ ਜਾਂਦੇ ਹਾਂ, ਤਿਉਂ-ਤਿਉਂ ਅਸੀਂ ਆਪਣੇ ਸੁਭਾਅ ਵਿਚ ਨਵੇਂ ਬਣਦੇ ਜਾਂਦੇ ਹਾਂ। ਅਸੀਂ ਨਿਮਰ ਅਤੇ ਨਰਮ ਸੁਭਾਅ ਦੇ ਬਣ ਜਾਵਾਂਗੇ। ਫਿਰ ਸਾਡੇ ਲਈ ਯਹੋਵਾਹ ਦੇ ਅੰਗ-ਸੰਗ ਲੱਗੇ ਰਹਿਣਾ ਜ਼ਿਆਦਾ ਸੌਖਾ ਹੋਵੇਗਾ ਕਿਉਂਕਿ ਅਸੀਂ ਦਿਲੋਂ ਉਸ ਨੂੰ ਖ਼ੁਸ਼ ਕਰਨਾ ਚਾਹਾਂਗੇ।—ਅਫ਼ਸੀਆਂ 4:23, 24; ਕੁਲੁੱਸੀਆਂ 3:8-10.

‘ਤੁਸੀਂ ਉਹ ਦੱਸਿਓ’

15. ਬਿਵਸਥਾ ਸਾਰ 4:9 ਦੇ ਮੁਤਾਬਕ ਮੂਸਾ ਨੇ ਇਸਰਾਏਲੀਆਂ ਨੂੰ ਕਿਹੜੇ ਦੋ ਫ਼ਰਜ਼ ਯਾਦ ਕਰਾਏ ਸਨ?

15 ਜਦ ਇਸਰਾਏਲ ਕੌਮ ਵਾਅਦਾ ਕੀਤੇ ਗਏ ਕਨਾਨ ਦੇਸ਼ ਵਿਚ ਵੜਨ ਲਈ ਤਿਆਰ ਖੜ੍ਹੀ ਸੀ, ਤਾਂ ਲੋਕਾਂ ਨੂੰ ਮੂਸਾ ਨੇ ਕਿਹਾ: “ਕੇਵਲ ਚੌਕਸ ਰਹੋ ਅਤੇ ਆਪਣੇ ਮਨ ਦੀ ਬਹੁਤ ਰਾਖੀ ਕਰੋ ਮਤੇ ਤੁਸੀਂ ਉਨ੍ਹਾਂ ਗੱਲਾਂ ਨੂੰ ਭੁੱਲ ਜਾਓ ਜਿਹੜੀਆਂ ਤੁਹਾਡੀਆਂ ਅੱਖਾਂ ਨੇ ਵੇਖੀਆਂ ਹਨ ਅਤੇ ਓਹ ਤੁਹਾਡੇ ਹਿਰਦੇ ਵਿੱਚੋਂ ਤੁਹਾਡੇ ਜੀਵਨ ਭਰ ਨਿੱਕਲ ਜਾਣ ਪਰ ਤੁਸੀਂ ਓਹ ਆਪਣੇ ਪੁੱਤ੍ਰਾਂ ਅਤੇ ਪੋਤ੍ਰਿਆਂ ਨੂੰ ਦੱਸਿਓ।” (ਬਿਵਸਥਾ ਸਾਰ 4:9) ਕਨਾਨ ਦੇਸ਼ ਵਿਚ ਯਹੋਵਾਹ ਦੀ ਬਰਕਤ ਪਾਉਣ ਅਤੇ ਵਧਣ-ਫੁੱਲਣ ਲਈ ਲੋਕਾਂ ਨੂੰ ਦੋ ਫ਼ਰਜ਼ ਨਿਭਾਉਣੇ ਪੈਣੇ ਸਨ। ਇਕ ਉਨ੍ਹਾਂ ਨੂੰ ਯਹੋਵਾਹ ਦੇ ਅਸਚਰਜ ਕੰਮਾਂ ਨੂੰ ਭੁੱਲਣਾ ਨਹੀਂ ਚਾਹੀਦਾ ਸੀ ਜੋ ਉਸ ਨੇ ਉਨ੍ਹਾਂ ਦੀਆਂ ਅੱਖਾਂ ਸਾਮ੍ਹਣੇ ਕੀਤੇ ਸਨ ਤੇ ਦੂਜਾ ਉਨ੍ਹਾਂ ਨੇ ਇਹ ਗੱਲਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣੀਆਂ ਸਨ। ਅੱਜ ਪਰਮੇਸ਼ੁਰ ਦੇ ਲੋਕ ਹੋਣ ਦੇ ਨਾਤੇ ਜੇ ਅਸੀਂ ‘ਜੀਵਨ ਚੁਣ ਕੇ ਜੀਉਂਦੇ ਰਹਿਣਾ’ ਚਾਹੁੰਦੇ ਹਾਂ, ਤਾਂ ਸਾਨੂੰ ਵੀ ਇਸੇ ਤਰ੍ਹਾਂ ਕਰਨ ਦੀ ਲੋੜ ਹੈ। ਪਰ ਅਸੀਂ ਯਹੋਵਾਹ ਦੇ ਕਿਹੜੇ ਕੰਮਾਂ ਨੂੰ ਆਪਣੀ ਅੱਖੀਂ ਦੇਖਿਆ ਹੈ?

16, 17. (ੳ) ਗਿਲਿਅਡ ਸਕੂਲ ਗਏ ਮਿਸ਼ਨਰੀਆਂ ਦੀ ਮਿਹਨਤ ਬਾਰੇ ਅਸੀਂ ਕੀ ਕਹਿ ਸਕਦੇ ਹਾਂ? (ਅ) ਤੁਸੀਂ ਕਿਨ੍ਹਾਂ ਦੀ ਉਦਾਹਰਣ ਦੇ ਸਕਦੇ ਹੋ ਜਿਨ੍ਹਾਂ ਦਾ ਪ੍ਰਚਾਰ ਕਰਨ ਵਿਚ ਜੋਸ਼ ਠੰਢਾ ਨਹੀਂ ਪਿਆ ਹੈ?

16 ਅਸੀਂ ਇਹ ਦੇਖ ਕੇ ਕਿੰਨੇ ਖ਼ੁਸ਼ ਹੁੰਦੇ ਹਾਂ ਕਿ ਯਹੋਵਾਹ ਨੇ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਉੱਤੇ ਬਰਕਤ ਪਾਈ ਹੈ। ਸਾਲ 1943 ਵਿਚ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੇ ਸ਼ੁਰੂ ਹੋਣ ਤੋਂ ਲੈ ਕੇ ਅੱਜ ਤਕ ਮਿਸ਼ਨਰੀਆਂ ਨੇ ਕਈ ਦੇਸ਼ਾਂ ਵਿਚ ਪ੍ਰਚਾਰ ਦੇ ਕੰਮ ਵਿਚ ਵੱਡਾ ਹਿੱਸਾ ਲਿਆ ਹੈ। ਭਾਵੇਂ ਕਿ ਇਸ ਸਕੂਲ ਦੇ ਪਹਿਲੇ ਗ੍ਰੈਜੂਏਟ ਹੁਣ ਵੱਡੀ ਉਮਰ ਦੇ ਹੋ ਚੁੱਕੇ ਹਨ ਅਤੇ ਕਈ ਤਾਂ ਜ਼ਿਆਦਾ ਤੁਰ-ਫਿਰ ਵੀ ਨਹੀਂ ਸਕਦੇ, ਫਿਰ ਵੀ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਵਿਚ ਉਨ੍ਹਾਂ ਦਾ ਜੋਸ਼ ਠੰਢਾ ਨਹੀਂ ਪਿਆ ਹੈ। ਇਕ ਵਧੀਆ ਮਿਸਾਲ ਮੈਰੀ ਓਲਸਨ ਦੀ ਹੈ। ਉਹ 1944 ਵਿਚ ਗਿਲਿਅਡ ਸਕੂਲ ਗਈ ਸੀ। ਉਸ ਨੇ ਕੋਲੰਬੀਆ ਤੇ ਉਰੂਗਵਾਏ ਵਿਚ ਮਿਸ਼ਨਰੀ ਸੇਵਾ ਕੀਤੀ ਅਤੇ ਹੁਣ ਉਹ ਪੋਰਟੋ ਰੀਕੋ ਵਿਚ ਮਿਸ਼ਨਰੀ ਹੈ। ਬੁਢਾਪੇ ਕਾਰਨ ਭੈਣ ਓਲਸਨ ਦੀ ਸਿਹਤ ਇੰਨੀ ਠੀਕ ਨਹੀਂ ਰਹਿੰਦੀ। ਫਿਰ ਵੀ ਉਹ ਹਰ ਹਫ਼ਤੇ ਭੈਣਾਂ-ਭਰਾਵਾਂ ਨਾਲ ਮਿਲ ਕੇ ਪ੍ਰਚਾਰ ਕਰਨ ਜਾਂਦੀ ਹੈ।

17 ਨੈਨਸੀ ਪੋਰਟਰ 1947 ਵਿਚ ਗਿਲਿਅਡ ਸਕੂਲ ਗਈ ਸੀ। ਅੱਜ ਉਹ ਵਿਧਵਾ ਹੋਣ ਦੇ ਬਾਵਜੂਦ ਹਾਲੇ ਵੀ ਬਹਾਮਾ ਵਿਚ ਮਿਸ਼ਨਰੀ ਵਜੋਂ ਸੇਵਾ ਕਰਦੀ ਹੈ। ਉਹ ਪ੍ਰਚਾਰ ਦੇ ਕੰਮ ਵਿਚ ਰੁੱਝੀ ਰਹਿੰਦੀ ਹੈ। ਭੈਣ ਪੋਰਟਰ ਨੇ ਆਪਣੀ ਜੀਵਨੀ * ਵਿਚ ਕਿਹਾ: “ਦੂਜਿਆਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਉਣ ਨਾਲ ਮੈਨੂੰ ਬੜੀ ਖ਼ੁਸ਼ੀ ਮਿਲਦੀ ਹੈ। ਸੇਵਕਾਈ ਵਿਚ ਲੱਗੇ ਰਹਿਣ ਨਾਲ ਮੈਨੂੰ ਆਪਣੀ ਜ਼ਿੰਦਗੀ ਮਕਸਦ ਭਰੀ ਲੱਗਦੀ ਹੈ।” ਜਦ ਭੈਣ ਪੋਰਟਰ ਅਤੇ ਦੂਸਰੇ ਵਫ਼ਾਦਾਰ ਭੈਣ-ਭਰਾ ਆਪਣੀ ਜ਼ਿੰਦਗੀ ਬਾਰੇ ਸੋਚਦੇ ਹਨ, ਤਾਂ ਉਹ ਚੇਤੇ ਕਰਦੇ ਹਨ ਕਿ ਯਹੋਵਾਹ ਨੇ ਉਨ੍ਹਾਂ ਲਈ ਕਿੰਨਾ ਕੁਝ ਕੀਤਾ ਹੈ। ਸਾਡੇ ਬਾਰੇ ਕੀ? ਕੀ ਅਸੀਂ ਇਸ ਗੱਲ ਦੀ ਕਦਰ ਕਰਦੇ ਹਾਂ ਕਿ ਯਹੋਵਾਹ ਨੇ ਸਾਡੇ ਇਲਾਕੇ ਵਿਚ ਪ੍ਰਚਾਰ ਦੇ ਕੰਮ ਉੱਤੇ ਬਰਕਤ ਪਾਈ ਹੈ?—ਜ਼ਬੂਰਾਂ ਦੀ ਪੋਥੀ 68:11.

18. ਅਸੀਂ ਮਿਸ਼ਨਰੀ ਭੈਣਾਂ-ਭਰਾਵਾਂ ਦੀਆਂ ਜੀਵਨੀਆਂ ਪੜ੍ਹ ਕੇ ਕੀ ਸਿੱਖ ਸਕਦੇ ਹਾਂ?

18 ਅਸੀਂ ਇਹ ਦੇਖ ਕੇ ਬਹੁਤ ਖ਼ੁਸ਼ ਹਾਂ ਕਿ ਇਨ੍ਹਾਂ ਬਿਰਧ ਭੈਣਾਂ-ਭਰਾਵਾਂ ਨੇ ਕਿੰਨੀ ਮਿਹਨਤ ਕੀਤੀ ਹੈ ਅਤੇ ਹੁਣ ਵੀ ਕਰ ਰਹੇ ਹਨ। ਉਨ੍ਹਾਂ ਦੀਆਂ ਜੀਵਨੀਆਂ ਪੜ੍ਹ ਕੇ ਸਾਨੂੰ ਹੌਸਲਾ ਮਿਲਦਾ ਹੈ ਕਿਉਂਕਿ ਜਦ ਅਸੀਂ ਦੇਖਦੇ ਹਾਂ ਕਿ ਯਹੋਵਾਹ ਨੇ ਇਨ੍ਹਾਂ ਵਫ਼ਾਦਾਰ ਭੈਣਾਂ-ਭਰਾਵਾਂ ਨੂੰ ਕਿੰਨੀਆਂ ਸਾਰੀਆਂ ਅਸੀਸਾਂ ਦਿੱਤੀਆਂ ਹਨ, ਤਾਂ ਯਹੋਵਾਹ ਦੀ ਸੇਵਾ ਕਰਨ ਦਾ ਸਾਡਾ ਇਰਾਦਾ ਹੋਰ ਪੱਕਾ ਹੁੰਦਾ ਹੈ। ਕੀ ਤੁਸੀਂ ਪਹਿਰਾਬੁਰਜ ਵਿਚ ਛਪਦੀਆਂ ਦਿਲਚਸਪ ਜੀਵਨੀਆਂ ਪੜ੍ਹ ਕੇ ਉਨ੍ਹਾਂ ਉੱਤੇ ਸੋਚ-ਵਿਚਾਰ ਕਰਦੇ ਹੋ?

19. ਮਾਪੇ ਪਹਿਰਾਬੁਰਜ ਵਿਚ ਛਪਦੀਆਂ ਕਹਾਣੀਆਂ ਨੂੰ ਕਿਵੇਂ ਵਰਤ ਸਕਦੇ ਹਨ?

19 ਮੂਸਾ ਨੇ ਇਸਰਾਏਲੀਆਂ ਨੂੰ ਯਾਦ ਕਰਾਇਆ ਸੀ ਕਿ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਨਹੀਂ ਭੁੱਲਣੀਆਂ ਚਾਹੀਦੀਆਂ ਜੋ ਯਹੋਵਾਹ ਨੇ ਉਨ੍ਹਾਂ ਲਈ ਕੀਤੀਆਂ ਸਨ ਫਿਰ ਉਸ ਨੇ ਅੱਗੇ ਕਿਹਾ: “ਤੁਸੀਂ ਓਹ ਆਪਣੇ ਪੁੱਤ੍ਰਾਂ ਅਤੇ ਪੋਤ੍ਰਿਆਂ ਨੂੰ ਦੱਸਿਓ।” (ਬਿਵਸਥਾ ਸਾਰ 4:9) ਸੱਚੀਆਂ ਕਹਾਣੀਆਂ ਦਿਲ ਨੂੰ ਛੂਹ ਲੈਂਦੀਆਂ ਹਨ। ਬੱਚਿਆਂ ਨੂੰ ਚੰਗੀਆਂ ਮਿਸਾਲਾਂ ਦੀ ਲੋੜ ਹੁੰਦੀ ਹੈ ਤਾਂਕਿ ਵੱਡੇ ਹੋ ਕੇ ਉਹ ਵੀ ਯਹੋਵਾਹ ਦੇ ਵਫ਼ਾਦਾਰ ਸੇਵਕ ਬਣ ਸਕਣ। ਕੁਆਰੀਆਂ ਭੈਣਾਂ ਵੱਡੀ ਉਮਰ ਦੀਆਂ ਭੈਣਾਂ ਤੋਂ ਸਿੱਖ ਸਕਦੀਆਂ ਹਨ ਜਿਨ੍ਹਾਂ ਦੀਆਂ ਕਹਾਣੀਆਂ ਪਹਿਰਾਬੁਰਜ ਵਿਚ ਦੱਸੀਆਂ ਜਾਂਦੀਆਂ ਹਨ। ਭਾਵੇਂ ਅਸੀਂ ਮਿਸ਼ਨਰੀ ਨਾ ਵੀ ਹੋਈਏ, ਪਰ ਅਸੀਂ ਆਪਣੇ ਇਲਾਕਿਆਂ ਵਿਚ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਮੌਕੇ ਲੱਭ ਸਕਦੇ ਹਨ। ਮਾਪਿਓ, ਕਿਉਂ ਨਾ ਗਿਲਿਅਡ ਮਿਸ਼ਨਰੀਆਂ ਅਤੇ ਹੋਰਨਾਂ ਭੈਣਾਂ-ਭਰਾਵਾਂ ਦੇ ਤਜਰਬੇ ਆਪਣੇ ਬੱਚਿਆਂ ਨੂੰ ਦੱਸੋ ਜਿਸ ਤੋਂ ਉਨ੍ਹਾਂ ਵਿਚ ਵੀ ਵੱਡੇ ਹੋ ਕੇ ਆਪਣੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਲਾਉਣ ਦੀ ਪ੍ਰੇਰਣਾ ਮਿਲੇ?

20. ਅਸੀਂ “ਜੀਵਨ ਨੂੰ” ਕਿਵੇਂ ‘ਚੁਣ’ ਸਕਦੇ ਹਾਂ?

20 ਸੋ ਅਸੀਂ “ਜੀਵਨ ਨੂੰ” ਕਿਵੇਂ ‘ਚੁਣ’ ਸਕਦੇ ਹਾਂ? ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰ ਕੇ ਅਸੀਂ ਉਸ ਲਈ ਆਪਣੇ ਪਿਆਰ ਦਾ ਸਬੂਤ ਦੇ ਸਕਦੇ ਹਾਂ ਅਤੇ ਉਸ ਦੀ ਸੇਵਾ ਵਿਚ ਲੱਗੇ ਰਹਿ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਜੀਵਨ ਨੂੰ ਚੁਣਾਂਗੇ ਕਿਉਂਕਿ ਜਿਵੇਂ ਮੂਸਾ ਨੇ ਕਿਹਾ ਸੀ, ਯਹੋਵਾਹ “ਤੁਹਾਡਾ ਜੀਵਨ ਅਤੇ ਤੁਹਾਡੇ ਦਿਨਾਂ ਦੀ ਲਮਾਨ ਹੈ।”—ਬਿਵਸਥਾ ਸਾਰ 30:19, 20.

[ਫੁਟਨੋਟ]

^ ਪੈਰਾ 17 ਪਹਿਰਾਬੁਰਜ, 1 ਜੂਨ 2001, ਸਫ਼ੇ 23-27 ਉੱਤੇ “ਗਹਿਰਾ ਸਦਮਾ ਪਹੁੰਚਣ ਦੇ ਬਾਵਜੂਦ ਵੀ ਖ਼ੁਸ਼ ਤੇ ਸ਼ੁਕਰਗੁਜ਼ਾਰ” ਨਾਂ ਦਾ ਲੇਖ ਦੇਖੋ।

ਕੀ ਤੁਹਾਨੂੰ ਯਾਦ ਹੈ?

• ਫ਼ੈਸਲੇ ਕਰਨ ਦੇ ਸੰਬੰਧ ਵਿਚ ਵੱਖੋ-ਵੱਖਰੀਆਂ ਉਦਾਹਰਣਾਂ ਤੋਂ ਤੁਸੀਂ ਕੀ ਸਿੱਖਿਆ ਹੈ?

• ‘ਜੀਵਨ ਚੁਣਨ’ ਲਈ ਸਾਨੂੰ ਕਿਹੜੇ ਤਿੰਨ ਕੰਮ ਕਰਨ ਦੀ ਲੋੜ ਹੈ?

• ਸਾਨੂੰ ਕਿਹੜੇ ਦੋ ਫ਼ਰਜ਼ ਨਿਭਾਉਣ ਦੀ ਤਾਕੀਦ ਕੀਤੀ ਗਈ ਹੈ?

[ਸਵਾਲ]

[ਸਫ਼ਾ 26 ਉੱਤੇ ਤਸਵੀਰ]

‘ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ ਨੂੰ ਰੱਖਿਆ ਹੈ’

[ਸਫ਼ਾ 29 ਉੱਤੇ ਤਸਵੀਰ]

ਪਰਮੇਸ਼ੁਰ ਦੀ ਆਵਾਜ਼ ਸੁਣ ਕੇ ਨੂਹ ਤੇ ਉਸ ਦੇ ਪਰਿਵਾਰ ਦੀ ਜਾਨ ਬਚ ਗਈ

[ਸਫ਼ਾ 30 ਉੱਤੇ ਤਸਵੀਰ]

ਮੈਰੀ ਓਲਸਨ

[ਸਫ਼ਾ 30 ਉੱਤੇ ਤਸਵੀਰ]

ਨੈਨਸੀ ਪੋਰਟਰ