ਦੂਤ ਕੌਣ ਹਨ?
ਦੂਤ ਕੌਣ ਹਨ?
ਦੋ ਹਜ਼ਾਰ ਸਾਲਾਂ ਤੋਂ ਜ਼ਿਆਦਾ ਸਮਾਂ ਪਹਿਲਾਂ ਦੀ ਗੱਲ ਹੈ ਕਿ ਇਕ ਬਾਬਲੀ ਰਾਜੇ ਨੇ ਗੁੱਸੇ ਵਿਚ ਆ ਕੇ ਤਿੰਨ ਇਬਰਾਨੀ ਬੰਦਿਆਂ ਨੂੰ ਬਲਦੀ ਭੱਠੀ ਵਿਚ ਸੁਟਵਾ ਦਿੱਤਾ। ਪਰ ਜਦ ਉਸ ਨੇ ਦੇਖਿਆ ਕਿ ਅੱਗ ਦੀਆਂ ਲਪਟਾਂ ਉਨ੍ਹਾਂ ਨੂੰ ਭਸਮ ਨਹੀਂ ਕਰ ਸਕੀਆਂ, ਤਾਂ ਉਹ ਹੱਕਾ-ਬੱਕਾ ਰਹਿ ਜਾਂਦਾ ਹੈ। ਇਨ੍ਹਾਂ ਬੰਦਿਆਂ ਨੂੰ ਮੌਤ ਦੇ ਮੂੰਹ ਵਿੱਚੋਂ ਬਚਾਉਣ ਵਾਲਾ ਕੌਣ ਸੀ? ਰਾਜੇ ਨੇ ਬਲਦੀ ਭੱਠੀ ਵਿਚ ਇਕ ਦੂਤ ਵੀ ਦੇਖਿਆ ਸੀ ਜਿਸ ਨੇ ਉਨ੍ਹਾਂ ਤਿੰਨਾਂ ਦੀ ਰੱਖਿਆ ਕੀਤੀ। ਇਸ ਲਈ ਰਾਜੇ ਨੇ ਉਨ੍ਹਾਂ ਬੰਦਿਆਂ ਨੂੰ ਆਖਿਆ ਕਿ ਤੁਹਾਡਾ “ਪਰਮੇਸ਼ੁਰ ਮੁਬਾਰਕ ਹੋਵੇ ਜਿਸ ਆਪਣੇ ਦੂਤ ਨੂੰ ਘੱਲਿਆ ਅਤੇ ਆਪਣੇ ਬੰਦਿਆਂ ਨੂੰ ਛੁਡਾ ਲਿਆ ਜਿਨ੍ਹਾਂ ਨੇ ਉਹ ਦੇ ਉੱਤੇ ਨਿਹਚਾ ਕੀਤੀ।” (ਦਾਨੀਏਲ 3:28) ਪੁਰਾਣੇ ਜ਼ਮਾਨੇ ਵਿਚ ਬਹੁਤ ਸਾਰੇ ਲੋਕ ਮੰਨਦੇ ਸਨ ਕਿ ਦੂਤ ਹਨ। ਉਸੇ ਤਰ੍ਹਾਂ ਅੱਜ ਵੀ ਲੋਕ ਮੰਨਦੇ ਹਨ ਕਿ ਦੂਤ ਹਨ ਅਤੇ ਉਹ ਉਨ੍ਹਾਂ ਦੀ ਜ਼ਿੰਦਗੀ ਉੱਤੇ ਅਸਰ ਪਾਉਂਦੇ ਹਨ। ਪਰ ਦੂਤ ਕੌਣ ਹਨ ਅਤੇ ਇਹ ਕਿੱਥੋਂ ਆਏ ਹਨ?
ਬਾਈਬਲ ਵਿਚ ਦੱਸਿਆ ਗਿਆ ਹੈ ਕਿ ਦੂਤਾਂ ਨੂੰ ਪਰਮੇਸ਼ੁਰ ਨੇ ਬਣਾਇਆ ਸੀ ਅਤੇ ਉਹ ਉਸ ਨਾਲ ਸਵਰਗ ਵਿਚ ਰਹਿੰਦੇ ਹਨ। ਅਸੀਂ ਦੂਤਾਂ ਨੂੰ ਦੇਖ ਨਹੀਂ ਸਕਦੇ ਜਿਵੇਂ ਅਸੀਂ ਪਰਮੇਸ਼ੁਰ ਨੂੰ ਨਹੀਂ ਦੇਖ ਸਕਦੇ। ਸਵਰਗ ਵਿਚ ਪਰਮੇਸ਼ੁਰ ਦੇ ਨਾਲ ਕਰੋੜਾਂ ਦੂਤ ਹਨ। (ਪਰਕਾਸ਼ ਦੀ ਪੋਥੀ 5:11) ਅਤੇ ਸਭ ਦੂਤ “ਸ਼ਕਤੀ ਵਿੱਚ ਬਲਵਾਨ” ਹਨ। (ਜ਼ਬੂਰਾਂ ਦੀ ਪੋਥੀ 103:20) ਇਹ ਸੱਚ ਹੈ ਕਿ ਦੂਤ ਕੁਝ ਹੱਦ ਤਕ ਇਨਸਾਨਾਂ ਵਰਗੇ ਹਨ ਯਾਨੀ ਇਨਸਾਨਾਂ ਵਾਂਗ ਉਨ੍ਹਾਂ ਸਾਰਿਆਂ ਦਾ ਆਪੋ-ਆਪਣਾ ਸੁਭਾਅ ਹੈ ਅਤੇ ਪਰਮੇਸ਼ੁਰ ਨੇ ਉਨ੍ਹਾਂ ਸਾਰਿਆਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਹੈ। ਪਰ ਦੂਤਾਂ ਦੀ ਜ਼ਿੰਦਗੀ ਇਨਸਾਨਾਂ ਵਾਂਗ ਧਰਤੀ ਉੱਤੇ ਸ਼ੁਰੂ ਨਹੀਂ ਹੋਈ ਸੀ। ਪਰਮੇਸ਼ੁਰ ਨੇ ਧਰਤੀ ਅਤੇ ਮਨੁੱਖਾਂ ਦੀ ਰਚਨਾ ਕਰਨ ਤੋਂ ਬਹੁਤ ਚਿਰ ਪਹਿਲਾਂ ਦੂਤਾਂ ਨੂੰ ਬਣਾਇਆ ਸੀ। ਬਾਈਬਲ ਸਾਨੂੰ ਦੱਸਦੀ ਹੈ ਕਿ ਜਦ ਧਰਤੀ ਬਣਾਈ ਗਈ ਸੀ ਤਦ “ਸਵੇਰ ਦੇ ਤਾਰੇ [ਦੂਤ] ਮਿਲ ਕੇ ਜੈਕਾਰੇ ਗਜਾਉਂਦੇ ਸਨ, ਅਤੇ ਪਰਮੇਸ਼ੁਰ ਦੇ ਸਾਰੇ ਪੁੱਤ੍ਰ ਨਾਰੇ ਮਾਰਦੇ ਸਨ।” (ਅੱਯੂਬ 38:4, 7) ਦੂਤਾਂ ਨੂੰ ਪਰਮੇਸ਼ੁਰ ਦੇ ਪੁੱਤਰ ਕਿਹਾ ਜਾਂਦਾ ਹੈ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਰਚਿਆ ਸੀ।
ਪਰਮੇਸ਼ੁਰ ਨੇ ਦੂਤਾਂ ਨੂੰ ਕਿਸ ਮਕਸਦ ਲਈ ਬਣਾਇਆ ਸੀ? ਕੀ ਇਨ੍ਹਾਂ ਨੇ ਇਨਸਾਨਾਂ ਲਈ ਕਦੇ ਕੁਝ ਕੀਤਾ ਹੈ? ਕੀ ਇਹ ਸਾਡੀ ਜ਼ਿੰਦਗੀ ਉੱਤੇ ਅਸਰ ਪਾਉਂਦੇ ਹਨ? ਜਦ ਕਿ ਪਰਮੇਸ਼ੁਰ ਨੇ ਇਨ੍ਹਾਂ ਨੂੰ ਆਪਣੇ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਹੈ, ਕੀ ਇਨ੍ਹਾਂ ਵਿੱਚੋਂ ਕਿਸੇ ਨੇ ਸ਼ਤਾਨ ਦੇ ਮਗਰ ਲੱਗ ਕੇ ਪਰਮੇਸ਼ੁਰ ਦਾ ਵਿਰੋਧ ਵੀ ਕੀਤਾ ਹੈ? ਇਨ੍ਹਾਂ ਸਵਾਲਾਂ ਦੇ ਸਹੀ-ਸਹੀ ਜਵਾਬ ਬਾਈਬਲ ਵਿਚ ਪਾਏ ਜਾਂਦੇ ਹਨ।