Skip to content

Skip to table of contents

“ਤੁਸਾਂ ਸਭਨਾਂ ਦਾ ਪ੍ਰੇਮ ਇੱਕ ਦੂਏ ਨਾਲ ਬਹੁਤਾ ਹੁੰਦਾ ਜਾਂਦਾ ਹੈ”

“ਤੁਸਾਂ ਸਭਨਾਂ ਦਾ ਪ੍ਰੇਮ ਇੱਕ ਦੂਏ ਨਾਲ ਬਹੁਤਾ ਹੁੰਦਾ ਜਾਂਦਾ ਹੈ”

“ਤੁਸਾਂ ਸਭਨਾਂ ਦਾ ਪ੍ਰੇਮ ਇੱਕ ਦੂਏ ਨਾਲ ਬਹੁਤਾ ਹੁੰਦਾ ਜਾਂਦਾ ਹੈ”

ਜਪਾਨ ਵਿਚ, 2004 ਦੌਰਾਨ ਕਈ ਕੁਦਰਤੀ ਆਫ਼ਤਾਂ ਨੇ ਕਹਿਰ ਢਾਹਿਆ। ਉੱਥੇ ਦੇ ਲੋਕਾਂ ਨੂੰ ਤੂਫ਼ਾਨਾਂ, ਹੜ੍ਹਾਂ ਅਤੇ ਭੁਚਾਲਾਂ ਦਾ ਸਾਮ੍ਹਣਾ ਕਰਨਾ ਪਿਆ। ਇਨ੍ਹਾਂ ਆਫ਼ਤਾਂ ਦਾ ਅਸਰ ਬਹੁਤ ਸਾਰੇ ਲੋਕਾਂ ਦੇ ਨਾਲ-ਨਾਲ ਯਹੋਵਾਹ ਦੇ ਗਵਾਹਾਂ ਤੇ ਵੀ ਪਿਆ। ਇਹ ਘਟਨਾਵਾਂ ਦੁਖਦਾਇਕ ਤਾਂ ਜ਼ਰੂਰ ਸਨ, ਪਰ ਇਨ੍ਹਾਂ ਨੇ ਗਵਾਹਾਂ ਨੂੰ ਇਕ-ਦੂਜੇ ਲਈ ਆਪਣਾ ਪਿਆਰ ਜ਼ਾਹਰ ਕਰਨ ਦਾ ਮੌਕਾ ਵੀ ਦਿੱਤਾ।—1 ਪਤਰਸ 1:22.

ਮਿਸਾਲ ਲਈ, ਜੁਲਾਈ ਮਹੀਨੇ ਜ਼ੋਰਦਾਰ ਮੀਂਹ ਪੈਣ ਕਰਕੇ ਮੱਧ ਜਪਾਨ ਦੀ ਇਕ ਨਹਿਰ ਵਿਚ ਆਏ ਹੜ੍ਹ ਨੇ ਯਹੋਵਾਹ ਦੇ ਗਵਾਹਾਂ ਦੇ 20 ਤੋਂ ਜ਼ਿਆਦਾ ਘਰਾਂ ਦਾ ਨੁਕਸਾਨ ਕੀਤਾ। ਉਨ੍ਹਾਂ ਦੇ ਇਕ ਕਿੰਗਡਮ ਹਾਲ ਵਿਚ ਵੀ ਕੁਝ ਤਿੰਨ ਫੁੱਟ ਤਕ ਪਾਣੀ ਚੜ੍ਹ ਆਇਆ। ਲਾਗੇ ਦੀਆਂ ਕਲੀਸਿਯਾਵਾਂ ਦੇ ਸੈਂਕੜੇ ਗਵਾਹ ਝੱਟ ਉੱਥੇ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਆ ਗਏ। ਇਨ੍ਹਾਂ ਗਵਾਹਾਂ ਨੇ ਗਾਰੇ ਨਾਲ ਭਰੇ ਆਪਣੇ ਭਰਾਵਾਂ ਦੇ ਘਰਾਂ ਦੀ ਸਫ਼ਾਈ ਕੀਤੀ ਅਤੇ ਕਿੰਗਡਮ ਹਾਲ ਦੀ ਵੀ ਦੋ ਹਫ਼ਤਿਆਂ ਦੇ ਅੰਦਰ-ਅੰਦਰ ਸਫ਼ਾਈ ਤੇ ਮੁਰੰਮਤ ਕਰ ਦਿੱਤੀ।

ਇਸ ਹੜ੍ਹ ਤੋਂ ਕੁਝ ਹੀ ਮਹੀਨਿਆਂ ਬਾਅਦ, 23 ਅਕਤੂਬਰ ਨੂੰ ਇਸੇ ਇਲਾਕੇ ਵਿਚ ਇਕ ਭਿਆਨਕ ਭੁਚਾਲ ਆਇਆ। ਇਸ ਭੁਚਾਲ ਦੀ ਰਫ਼ਤਾਰ ਰਿਕਟਰ ਪੈਮਾਨੇ ਤੇ 6.8 ਦੱਸੀ ਗਈ ਸੀ। ਘੱਟੋ-ਘੱਟ 40 ਲੋਕ ਮਾਰੇ ਗਏ ਸਨ, ਜਦ ਕਿ 1,00,000 ਤੋਂ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਖੇਤਰਾਂ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਉਣਾ ਪਿਆ। ਪਾਣੀ, ਗੈਸ ਤੇ ਬਿਜਲੀ ਦੀ ਸਪਲਾਈ ਠੱਪ ਹੋ ਗਈ ਸੀ। ਜਿਸ ਕਿੰਗਡਮ ਹਾਲ ਦਾ ਅਸੀਂ ਪਹਿਲਾਂ ਜ਼ਿਕਰ ਕੀਤਾ ਸੀ, ਉਹ ਭੁਚਾਲ ਦੁਆਰਾ ਸਭ ਤੋਂ ਪ੍ਰਭਾਵਿਤ ਇਲਾਕੇ ਤੋਂ ਸਿਰਫ਼ 50 ਕਿਲੋਮੀਟਰ ਦੀ ਦੂਰੀ ਤੇ ਸੀ, ਪਰ ਇਸ ਹਾਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਭਰਾਵਾਂ ਨੇ ਹਾਲ ਨੂੰ ਰਾਹਤ-ਸਾਮੱਗਰੀ ਵੰਡਣ ਦਾ ਸੈਂਟਰ ਬਣਾ ਲਿਆ। ਕਲੀਸਿਯਾ ਦੇ ਬਜ਼ੁਰਗਾਂ ਨੇ ਕਲੀਸਿਯਾ ਦੇ ਸਾਰੇ ਮੈਂਬਰਾਂ ਬਾਰੇ ਪੁੱਛ-ਗਿੱਛ ਕੀਤੀ ਕਿ ਉਹ ਸਹੀ-ਸਲਾਮਤ ਸਨ ਕਿ ਨਹੀਂ। ਉਨ੍ਹਾਂ ਨੇ ਉਦੋਂ ਸੁੱਖ ਦਾ ਸਾਹ ਲਿਆ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਸਾਰੇ ਹੀ ਸਹੀ-ਸਲਾਮਤ ਸਨ। ਅਗਲੇ ਦਿਨ, ਸਵੇਰੇ-ਸਵੇਰੇ ਛੇ ਗਵਾਹ ਮਦਦ ਕਰਨ ਲਈ ਉੱਥੇ ਆਏ। ਇਨ੍ਹਾਂ ਛੇ ਜਣਿਆਂ ਨੂੰ ਜੁਲਾਈ ਵਿਚ ਆਏ ਹੜ੍ਹ ਕਾਰਨ ਖ਼ੁਦ ਸਹਾਇਤਾ ਦੀ ਲੋੜ ਪਈ ਸੀ। ਹੁਣ ਹੋਰਾਂ ਦੀ ਮਦਦ ਕਰਨ ਦੁਆਰਾ ਉਹ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰਨੀ ਚਾਹੁੰਦੇ ਸਨ। ਉਨ੍ਹਾਂ ਨੇ ਪ੍ਰਭਾਵਿਤ ਇਲਾਕੇ ਵਿਚ ਜਲਦੀ-ਜਲਦੀ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾਉਣ ਦਾ ਪ੍ਰਬੰਧ ਕੀਤਾ। ਭੁਚਾਲ ਤੋਂ ਕੁਝ ਹੀ ਘੰਟਿਆਂ ਬਾਅਦ ਸਾਰੇ ਪ੍ਰਭਾਵਿਤ ਭੈਣਾਂ-ਭਰਾਵਾਂ ਨੂੰ ਰਾਹਤ ਸਾਮੱਗਰੀ ਵੰਡੀ ਗਈ।

ਇਕ ਬਜ਼ੁਰਗ ਦੱਸਦਾ ਹੈ: “ਜਿਨ੍ਹਾਂ ਨੂੰ ਹੜ੍ਹ ਦੌਰਾਨ ਮਦਦ ਮਿਲੀ ਸੀ, ਉਹ ਭੁਚਾਲ ਦੁਆਰਾ ਪ੍ਰਭਾਵਿਤ ਭੈਣਾਂ-ਭਰਾਵਾਂ ਦੀ ਮਦਦ ਕਰ ਕੇ ਦਿਖਾਉਣਾ ਚਾਹੁੰਦੇ ਸਨ ਕਿ ਉਹ ਹੜ੍ਹ ਵੇਲੇ ਮਿਲੀ ਮਦਦ ਲਈ ਕਿੰਨੇ ਧੰਨਵਾਦੀ ਸਨ। ਉਹ ਦਿਨ-ਰਾਤ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਵਿਚ ਜੁਟੇ ਰਹੇ। ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰ ਕੇ ਉਨ੍ਹਾਂ ਦੇ ਚਿਹਰੇ ਖ਼ੁਸ਼ੀ ਨਾਲ ਖਿੜ ਉੱਠੇ ਸਨ!”

ਇਸ ਤੋਂ ਪਤਾ ਲੱਗਦਾ ਹੈ ਕਿ ਭਾਵੇਂ ਆਵੇਂ ਹੜ੍ਹ ਭਾਵੇਂ ਆਵੇਂ ਭੁਚਾਲ, ਕੋਈ ਵੀ ਗੱਲ ਯਹੋਵਾਹ ਦੇ ਗਵਾਹਾਂ ਵਿਚਕਾਰ ਪਿਆਰ ਦੇ ਬੰਧਨ ਨੂੰ ਤੋੜ ਨਹੀਂ ਸਕਦੀ। ਇਸ ਦੀ ਬਜਾਇ ਜਦ ਕਦੇ ਇਸ ਤਰ੍ਹਾਂ ਦੀ ਆਫ਼ਤ ਦਾ ਕਹਿਰ ਗਵਾਹਾਂ ਤੇ ਟੁੱਟਦਾ ਹੈ, ਤਾਂ ਉਹ ਪੌਲੁਸ ਦੇ ਥੱਸਲੁਨੀਕੀ ਮਸੀਹੀਆਂ ਨੂੰ ਕਹੇ ਸ਼ਬਦਾਂ ਦੀ ਸੱਚਾਈ ਅਨੁਭਵ ਕਰਦੇ ਹਨ: “ਤੁਸਾਂ ਸਭਨਾਂ ਦਾ ਪ੍ਰੇਮ ਇੱਕ ਦੂਏ ਨਾਲ ਬਹੁਤਾ ਹੁੰਦਾ ਜਾਂਦਾ ਹੈ।”—2 ਥੱਸਲੁਨੀਕੀਆਂ 1:3.