Skip to content

Skip to table of contents

ਯਹੋਵਾਹ ਦੁਸ਼ਟ ਲੋਕਾਂ ਨੂੰ ਸਜ਼ਾ ਜ਼ਰੂਰ ਦੇਵੇਗਾ

ਯਹੋਵਾਹ ਦੁਸ਼ਟ ਲੋਕਾਂ ਨੂੰ ਸਜ਼ਾ ਜ਼ਰੂਰ ਦੇਵੇਗਾ

ਯਹੋਵਾਹ ਦੁਸ਼ਟ ਲੋਕਾਂ ਨੂੰ ਸਜ਼ਾ ਜ਼ਰੂਰ ਦੇਵੇਗਾ

“ਆਪਣੇ ਪਰਮੇਸ਼ੁਰ ਦੇ ਮਿਲਣ ਦੀ ਤਿਆਰੀ ਕਰ!”—ਆਮੋਸ 4:12.

1, 2. ਅਸੀਂ ਪੂਰਾ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਯਹੋਵਾਹ ਬੁਰਾਈ ਨੂੰ ਖ਼ਤਮ ਕਰੇਗਾ?

ਕੀਯਹੋਵਾਹ ਕਦੇ ਵੀ ਇਸ ਧਰਤੀ ਤੋਂ ਬੁਰਾਈ ਅਤੇ ਦੁੱਖ-ਦਰਦ ਨੂੰ ਮਿਟਾਵੇਗਾ? ਅੱਜ ਇਹ ਸਵਾਲ ਬਹੁਤ ਹੀ ਢੁਕਵਾਂ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਜਿੱਥੇ ਮਰਜ਼ੀ ਵੀ ਦੇਖੀਏ ਇਨਸਾਨ ਇਕ-ਦੂਜੇ ਨੂੰ ਨਫ਼ਰਤ ਕਰਦੇ ਹਨ। ਅਸੀਂ ਸਾਰੇ ਉਸ ਸਮੇਂ ਜੀਉਣ ਲਈ ਕਿੰਨੇ ਉਤਾਵਲੇ ਹਾਂ ਜਦੋਂ ਹਿੰਸਾ, ਆਤੰਕਵਾਦ ਅਤੇ ਦੁਸ਼ਟਤਾ ਨਹੀਂ ਹੋਣਗੇ!

2 ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਬੁਰਾਈ ਨੂੰ ਖ਼ਤਮ ਕਰੇਗਾ। ਪਰਮੇਸ਼ੁਰ ਦੇ ਗੁਣ ਸਾਨੂੰ ਭਰੋਸਾ ਦਿਵਾਉਂਦੇ ਹਨ ਕਿ ਉਹ ਦੁਸ਼ਟ ਲੋਕਾਂ ਖ਼ਿਲਾਫ਼ ਕਦਮ ਚੁੱਕੇਗਾ। ਹਾਂ, ਯਹੋਵਾਹ ਪਰਮੇਸ਼ੁਰ ਧਰਮੀ ਹੈ ਅਤੇ ਉਹ ਨਿਆਂ ਕਰਦਾ ਹੈ। ਜ਼ਬੂਰਾਂ ਦੀ ਪੋਥੀ 33:5 ਵਿਚ ਸਾਨੂੰ ਦੱਸਿਆ ਜਾਂਦਾ ਹੈ: “ਉਹ ਧਰਮ ਅਤੇ ਨਿਆਉਂ ਨਾਲ ਪ੍ਰੀਤ ਰੱਖਦਾ ਹੈ।” ਇਕ ਹੋਰ ਜ਼ਬੂਰ ਯਹੋਵਾਹ ਬਾਰੇ ਕਹਿੰਦਾ ਹੈ ਕਿ “ਉਹ ਹਿੰਸਾ ਪਰਸਤਾਂ ਨੂੰ ਦਿਲੋਂ ਘਿਰਣਾ ਕਰਦਾ ਹੈ।” (ਭਜਨ 11:5, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਇਨਸਾਫ਼ ਜ਼ਰੂਰ ਕਰੇਗਾ ਅਤੇ ਉਨ੍ਹਾਂ ਗੱਲਾਂ ਨੂੰ ਸਦਾ ਲਈ ਬਰਦਾਸ਼ਤ ਨਹੀਂ ਕਰੇਗਾ ਜਿਨ੍ਹਾਂ ਨਾਲ ਉਹ ਘਿਣ ਕਰਦਾ ਹੈ।

3. ਆਮੋਸ ਦੀ ਪੋਥੀ ਤੋਂ ਅਸੀਂ ਪਰਮੇਸ਼ੁਰ ਦੇ ਨਿਆਂ ਬਾਰੇ ਕੀ ਸਿੱਖ ਸਕਦੇ ਹਾਂ?

3 ਇਕ ਹੋਰ ਕਾਰਨ ਕਰਕੇ ਵੀ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਬੁਰਾਈ ਨੂੰ ਖ਼ਤਮ ਕਰੇਗਾ। ਬੀਤੇ ਸਮਿਆਂ ਦਾ ਰਿਕਾਰਡ ਇਸ ਗੱਲ ਦੀ ਗਾਰੰਟੀ ਦਿੰਦਾ ਹੈ। ਆਮੋਸ ਦੀ ਪੋਥੀ ਵਿਚ ਬਹੁਤ ਹੀ ਵਧੀਆ ਮਿਸਾਲਾਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੁਸ਼ਟ ਲੋਕਾਂ ਨਾਲ ਕਿਵੇਂ ਪੇਸ਼ ਆਉਂਦਾ ਹੈ। ਆਮੋਸ ਦੀ ਭਵਿੱਖਬਾਣੀ ਤੋਂ ਅਸੀਂ ਪਰਮੇਸ਼ੁਰ ਦੇ ਨਿਆਂ ਬਾਰੇ ਤਿੰਨ ਗੱਲਾਂ ਸਿੱਖ ਸਕਦੇ ਹਾਂ। ਪਹਿਲੀ ਗੱਲ, ਸਜ਼ਾ ਭੋਗਣ ਵਾਲੇ ਹਮੇਸ਼ਾ ਉਸ ਦੇ ਲਾਇਕ ਹੁੰਦੇ ਹਨ। ਦੂਜੀ ਗੱਲ, ਸਜ਼ਾ ਤੋਂ ਉਹ ਬਚ ਨਹੀਂ ਸਕਦੇ। ਅਤੇ ਤੀਜੀ ਗੱਲ, ਯਹੋਵਾਹ ਸਿਰਫ਼ ਦੁਸ਼ਟ ਲੋਕਾਂ ਨੂੰ ਸਜ਼ਾ ਦਿੰਦਾ, ਪਰ ਤੋਬਾ ਕਰਨ ਵਾਲੇ ਨੇਕ ਲੋਕਾਂ ਉੱਤੇ ਦਇਆ ਕਰਦਾ ਹੈ।—ਰੋਮੀਆਂ 9:17-26.

ਸਜ਼ਾ ਭੋਗਣ ਵਾਲੇ ਹਮੇਸ਼ਾ ਉਸ ਦੇ ਲਾਇਕ ਹੁੰਦੇ ਹਨ

4. ਯਹੋਵਾਹ ਨੇ ਆਮੋਸ ਨੂੰ ਕਿੱਥੇ ਅਤੇ ਕਿਸ ਕੰਮ ਲਈ ਭੇਜਿਆ ਸੀ?

4 ਆਮੋਸ ਦੇ ਦਿਨਾਂ ਵਿਚ ਇਸਰਾਏਲ ਦੀ ਕੌਮ ਪਹਿਲਾਂ ਹੀ ਦੋ ਹਿੱਸਿਆਂ ਵਿਚ ਵੰਡੀ ਗਈ ਸੀ। ਦੱਖਣ ਵਿਚ ਯਹੂਦਾਹ ਦਾ ਦੋ-ਗੋਤੀ ਰਾਜ ਅਤੇ ਉੱਤਰ ਵਿਚ ਇਸਰਾਏਲ ਦਾ ਦਸ-ਗੋਤੀ ਰਾਜ ਸੀ। ਯਹੋਵਾਹ ਨੇ ਆਮੋਸ ਨੂੰ ਨਬੀ ਬਣਾ ਕੇ ਯਹੂਦਾਹ ਤੋਂ ਇਸਰਾਏਲ ਨੂੰ ਭੇਜਿਆ ਸੀ ਜਿੱਥੇ ਉਸ ਨੇ ਯਹੋਵਾਹ ਦੀ ਸਜ਼ਾ ਸੁਣਾਈ।

5. ਆਮੋਸ ਨੇ ਪਹਿਲਾਂ ਕਿਨ੍ਹਾਂ ਕੌਮਾਂ ਦੇ ਖ਼ਿਲਾਫ਼ ਭਵਿੱਖਬਾਣੀ ਕੀਤੀ ਸੀ ਅਤੇ ਇਕ ਕਾਰਨ ਕੀ ਸੀ ਕਿ ਉਹ ਕੌਮਾਂ ਪਰਮੇਸ਼ੁਰ ਦੀ ਸਜ਼ਾ ਦੇ ਲਾਇਕ ਸਨ?

5 ਆਮੋਸ ਨੇ ਯਹੋਵਾਹ ਦੀ ਸਜ਼ਾ ਸੁਣਾਉਣ ਦਾ ਕੰਮ ਉੱਤਰੀ ਰਾਜ ਵਿਚ ਨਹੀਂ ਸ਼ੁਰੂ ਕੀਤਾ ਸੀ। ਇਸ ਦੀ ਬਜਾਇ ਉਸ ਨੇ ਪਹਿਲਾਂ ਇਸਰਾਏਲ ਦੇ ਆਲੇ-ਦੁਆਲੇ ਦੀਆਂ ਛੇ ਕੌਮਾਂ ਦੇ ਖ਼ਿਲਾਫ਼ ਭਵਿੱਖਬਾਣੀ ਕੀਤੀ ਸੀ। ਇਹ ਛੇ ਕੌਮਾਂ ਸੀਰੀਆ, ਫਲਿਸਤ, ਸੂਰ, ਅਦੋਮ, ਅੰਮੋਨ ਅਤੇ ਮੋਆਬ ਸਨ। ਪਰ ਕੀ ਇਹ ਕੌਮਾਂ ਸਜ਼ਾ ਦੇ ਸੱਚ-ਮੁੱਚ ਲਾਇਕ ਸਨ? ਬਿਲਕੁਲ! ਇਕ ਕਾਰਨ ਇਹ ਸੀ ਕਿ ਉਹ ਲੋਕ ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣ ਸਨ।

6. ਸੀਰੀਆ, ਫਲਿਸਤ ਅਤੇ ਸੂਰ ਉੱਤੇ ਤਬਾਹੀ ਲਿਆਉਣ ਦਾ ਐਲਾਨ ਕਿਉਂ ਕੀਤਾ ਗਿਆ ਸੀ?

6 ਮਿਸਾਲ ਲਈ, ਯਹੋਵਾਹ ਨੇ ਦੱਸਿਆ ਕਿ ਸੀਰੀਆ ਦੇ ਲੋਕ ਸਜ਼ਾ ਦੇ ਲਾਇਕ ਕਿਉਂ ਸਨ: ‘ਕਿਉਂ ਜੋ ਓਹਨਾਂ ਨੇ ਗਿਲਆਦ ਨੂੰ ਗਾਹਿਆ ਸੀ।’ (ਆਮੋਸ 1:3) ਗਿਲਆਦ, ਯਰਦਨ ਨਦੀ ਦੇ ਪੂਰਬ ਵੱਲ ਇਸਰਾਏਲ ਦਾ ਇਕ ਇਲਾਕਾ ਸੀ। ਸੀਰੀਆ ਦੇ ਲੋਕਾਂ ਨੇ ਗਿਲਆਦ ਦੇ ਕੁਝ ਸ਼ਹਿਰਾਂ ਉੱਤੇ ਕਬਜ਼ਾ ਕਰ ਕੇ ਪਰਮੇਸ਼ੁਰ ਦੇ ਲੋਕਾਂ ਉੱਤੇ ਬਹੁਤ ਜ਼ੁਲਮ ਕੀਤੇ ਸਨ। ਫਲਿਸਤ ਅਤੇ ਸੂਰ ਬਾਰੇ ਕੀ? ਫਿਲਿਸਤੀਆਂ ਦਾ ਦੋਸ਼ ਇਹ ਸੀ ਕਿ ਉਨ੍ਹਾਂ ਨੇ ਇਸਰਾਏਲੀਆਂ ਨੂੰ ਕੈਦੀ ਬਣਾ ਕੇ ਅਦੋਮੀਆਂ ਦੇ ਹੱਥੀਂ ਵੇਚ ਦਿੱਤਾ ਸੀ। ਕੁਝ ਇਸਰਾਏਲੀ ਸੂਰ ਦੇ ਲੋਕਾਂ ਦੇ ਹੱਥੀਂ ਪੈ ਗਏ ਅਤੇ ਉਨ੍ਹਾਂ ਨੂੰ ਵੀ ਗ਼ੁਲਾਮਾਂ ਵਜੋਂ ਵੇਚਿਆ ਗਿਆ। (ਆਮੋਸ 1:6, 9) ਜ਼ਰਾ ਇਸ ਦੀ ਕਲਪਨਾ ਕਰੋ—ਯਹੋਵਾਹ ਦੇ ਲੋਕ ਗ਼ੁਲਾਮਾਂ ਵਜੋਂ ਵੇਚੇ ਗਏ! ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਯਹੋਵਾਹ ਨੇ ਸੀਰੀਆ, ਫਲਿਸਤ ਅਤੇ ਸੂਰ ਉੱਤੇ ਤਬਾਹੀ ਲਿਆਉਣ ਦਾ ਐਲਾਨ ਕਰਵਾਇਆ ਸੀ।

7. ਅਦੋਮ, ਅੰਮੋਨ ਅਤੇ ਮੋਆਬ ਦਾ ਇਸਰਾਏਲ ਨਾਲ ਕੀ ਰਿਸ਼ਤਾ ਸੀ, ਪਰ ਉਨ੍ਹਾਂ ਨੇ ਇਸਰਾਏਲੀਆਂ ਨਾਲ ਕਿਹੋ ਜਿਹਾ ਸਲੂਕ ਕੀਤਾ ਸੀ?

7 ਅਦੋਮੀ, ਅੰਮੋਨੀ ਅਤੇ ਮੋਆਬੀ ਲੋਕ ਇਸਰਾਏਲੀਆਂ ਦੇ ਰਿਸ਼ਤੇਦਾਰ ਸਨ। ਅਦੋਮੀ, ਯਾਕੂਬ ਦੇ ਜੌੜੇ ਭਰਾ ਏਸਾਓ ਰਾਹੀਂ ਅਬਰਾਹਾਮ ਦੀ ਨਸਲ ਵਿੱਚੋਂ ਸਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਉਹ ਇਸਰਾਏਲ ਦੇ ਭਰਾਵਾਂ ਵਰਗੇ ਸਨ। ਅੰਮੋਨ ਅਤੇ ਮੋਆਬ ਦੇ ਲੋਕ ਅਬਰਾਹਾਮ ਦੇ ਭਤੀਜੇ ਲੂਤ ਦੀ ਨਸਲ ਵਿੱਚੋਂ ਸਨ। ਪਰ ਕੀ ਅਦੋਮ, ਅੰਮੋਨ ਅਤੇ ਮੋਆਬ ਆਪਣੇ ਇਸਰਾਏਲੀ ਰਿਸ਼ਤੇਦਾਰਾਂ ਨੂੰ ਭਰਾ ਸਮਝਦੇ ਸਨ? ਬਿਲਕੁਲ ਨਹੀਂ! ਬੇਰਹਿਮ ਅਦੋਮੀਆਂ ਨੇ ਤਲਵਾਰ ਨਾਲ “ਆਪਣੇ ਭਰਾ” ਦਾ ਪਿੱਛਾ ਕੀਤਾ ਅਤੇ ਅੰਮੋਨੀ ਲੋਕਾਂ ਨੇ ਇਸਰਾਏਲੀ ਕੈਦੀਆਂ ਨਾਲ ਬਹੁਤ ਹੀ ਬੁਰਾ ਸਲੂਕ ਕੀਤਾ ਸੀ। (ਆਮੋਸ 1:11, 13) ਭਾਵੇਂ ਕਿ ਆਮੋਸ ਨੇ ਮੋਆਬ ਦੀ ਬਦਸਲੂਕੀ ਦੀ ਗੱਲ ਨਹੀਂ ਕੀਤੀ, ਪਰ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਉਹ ਇਸਰਾਏਲ ਦਾ ਵਿਰੋਧ ਕਰਦੇ ਆਏ ਸਨ। ਇਨ੍ਹਾਂ ਤਿੰਨ ਸਾਕ-ਸੰਬੰਧੀ ਕੌਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਸੀ। ਜੀ ਹਾਂ, ਯਹੋਵਾਹ ਨੇ ਇਨ੍ਹਾਂ ਨੂੰ ਨਾਸ਼ ਕਰ ਦੇਣਾ ਸੀ।

ਪਰਮੇਸ਼ੁਰ ਦੀ ਸਜ਼ਾ ਤੋਂ ਬਚਣਾ ਨਾਮੁਮਕਿਨ ਹੈ

8. ਇਹ ਛੇ ਕੌਮਾਂ ਪਰਮੇਸ਼ੁਰ ਦੀ ਸਜ਼ਾ ਤੋਂ ਬਚ ਕਿਉਂ ਨਹੀਂ ਸਕੀਆਂ ਸਨ?

8 ਇਹ ਗੱਲ ਸਾਫ਼ ਹੈ ਕਿ ਆਮੋਸ ਦੀ ਭਵਿੱਖਬਾਣੀ ਵਿਚ ਜ਼ਿਕਰ ਕੀਤੀਆਂ ਗਈਆਂ ਇਹ ਛੇ ਕੌਮਾਂ ਪਰਮੇਸ਼ੁਰ ਦੀ ਸਜ਼ਾ ਦੇ ਲਾਇਕ ਸਨ। ਕੀ ਉਹ ਇਸ ਸਜ਼ਾ ਤੋਂ ਕਿਸੇ ਵੀ ਤਰ੍ਹਾਂ ਬਚ ਸਕਦੀਆਂ ਸਨ? ਨਹੀਂ! ਆਮੋਸ ਦੇ ਪਹਿਲੇ ਅਧਿਆਇ ਦੀ ਤੀਸਰੀ ਆਇਤ ਤੋਂ ਲੈ ਕੇ ਦੂਸਰੇ ਅਧਿਆਇ ਦੀ ਪਹਿਲੀ ਆਇਤ ਤਕ ਯਹੋਵਾਹ ਨੇ ਛੇ ਵਾਰ ਕਿਹਾ: “ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ।” ਉਸ ਦੀ ਗੱਲ ਬਿਲਕੁਲ ਸੱਚ ਸਾਬਤ ਹੋਈ ਕਿਉਂਕਿ ਉਹ ਉਨ੍ਹਾਂ ਨੂੰ ਸਜ਼ਾ ਦੇਣ ਤੋਂ ਨਹੀਂ ਰੁਕਿਆ। ਇਤਿਹਾਸ ਗਵਾਹ ਹੈ ਕਿ ਇਹ ਸਾਰੀਆਂ ਕੌਮਾਂ ਤਬਾਹ ਹੋਈਆਂ ਸਨ। ਇਨ੍ਹਾਂ ਵਿੱਚੋਂ ਘੱਟ ਤੋਂ ਘੱਟ ਚਾਰ ਕੌਮਾਂ ਯਾਨੀ ਫਲਿਸਤ, ਮੋਆਬ, ਅੰਮੋਨ ਅਤੇ ਅਦੋਮ ਦਾ ਨਾਮੋ-ਨਿਸ਼ਾਨ ਤਕ ਮਿਟ ਗਿਆ!

9. ਯਹੂਦਾਹ ਦੇ ਵਾਸੀ ਕਿਸ ਚੀਜ਼ ਦੇ ਲਾਇਕ ਸਨ ਅਤੇ ਕਿਉਂ?

9 ਅੱਗੇ ਆਮੋਸ ਨੇ ਆਪਣਾ ਧਿਆਨ ਸੱਤਵੀਂ ਕੌਮ ਵੱਲ ਦਿੱਤਾ ਯਾਨੀ ਆਪਣੇ ਦੇਸ਼ ਯਹੂਦਾਹ ਵੱਲ। ਇਸਰਾਏਲ ਦੇ ਲੋਕ ਆਮੋਸ ਨੂੰ ਯਹੂਦਾਹ ਦੇ ਵਿਰੁੱਧ ਸਜ਼ਾ ਦਾ ਐਲਾਨ ਕਰਦੇ ਸੁਣ ਕੇ ਸ਼ਾਇਦ ਹੈਰਾਨ ਹੋਏ ਹੋਣ। ਯਹੂਦਾਹ ਦੇ ਵਾਸੀ ਸਜ਼ਾ ਦੇ ਲਾਇਕ ਕਿਉਂ ਸਨ? ਆਮੋਸ 2:4 ਕਹਿੰਦਾ ਹੈ: “ਕਿਉਂ ਜੋ ਓਹਨਾਂ ਨੇ ਯਹੋਵਾਹ ਦੀ ਬਿਵਸਥਾ ਨੂੰ ਰੱਦ ਕੀਤਾ।” ਯਹੋਵਾਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ ਕਿ ਉਸ ਦੀ ਬਿਵਸਥਾ ਦੀ ਜਾਣ-ਬੁੱਝ ਕੇ ਉਲੰਘਣਾ ਕੀਤੀ ਜਾ ਰਹੀ ਸੀ। ਆਮੋਸ 2:5 ਦੇ ਅਨੁਸਾਰ ਉਸ ਨੇ ਕਿਹਾ: “ਮੈਂ ਯਹੂਦਾਹ ਉੱਤੇ ਅੱਗ ਘੱਲਾਂਗਾ, ਅਤੇ ਉਹ ਯਰੂਸ਼ਲਮ ਦੀਆਂ ਮਾੜੀਆਂ ਨੂੰ ਭਸਮ ਕਰੇਗੀ।”

10. ਯਹੂਦਾਹ ਸਜ਼ਾ ਤੋਂ ਕਿਉਂ ਨਹੀਂ ਬਚ ਸਕਿਆ?

10 ਕੀ ਯਹੂਦਾਹ ਦੇ ਬੇਵਫ਼ਾ ਲੋਕ ਇਸ ਕਸ਼ਟ ਤੋਂ ਬਚ ਸਕਦੇ ਸਨ? ਯਹੋਵਾਹ ਨੇ ਸੱਤਵੀਂ ਵਾਰ ਕਿਹਾ: “ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ।” (ਆਮੋਸ 2:4) ਯਹੂਦਾਹ ਨੂੰ ਇਹ ਸਜ਼ਾ 607 ਸਾ.ਯੁ.ਪੂ. ਵਿਚ ਭੁਗਤਣੀ ਪਈ ਜਦੋਂ ਬਾਬਲੀਆਂ ਨੇ ਉਸ ਨੂੰ ਨਾਸ਼ ਕੀਤਾ ਸੀ। ਅਸੀਂ ਫਿਰ ਤੋਂ ਦੇਖ ਸਕਦੇ ਹਾਂ ਕਿ ਦੁਸ਼ਟਾਂ ਲਈ ਪਰਮੇਸ਼ੁਰ ਦੀ ਸਜ਼ਾ ਤੋਂ ਬਚਣ ਦਾ ਕੋਈ ਚਾਰਾ ਨਹੀਂ ਹੁੰਦਾ।

11-13. ਆਮੋਸ ਨੇ ਮੁੱਖ ਤੌਰ ਤੇ ਕਿਸ ਕੌਮ ਦੇ ਖ਼ਿਲਾਫ਼ ਸਜ਼ਾ ਸੁਣਾਈ ਸੀ ਅਤੇ ਉਸ ਕੌਮ ਵਿਚ ਕਿਹੋ ਜਿਹੇ ਅਪਰਾਧ ਹੋ ਰਹੇ ਸਨ?

11 ਆਮੋਸ ਨਬੀ ਨੇ ਸੱਤਾਂ ਕੌਮਾਂ ਉੱਤੇ ਯਹੋਵਾਹ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਸੀ। ਕਈਆਂ ਨੇ ਸ਼ਾਇਦ ਸੋਚਿਆ ਹੋਣਾ ਕਿ ਆਮੋਸ ਨੇ ਭਵਿੱਖਬਾਣੀ ਕਰਨੀ ਪੂਰੀ ਕਰ ਲਈ ਸੀ। ਪਰ ਉਨ੍ਹਾਂ ਨੂੰ ਬਹੁਤ ਵੱਡੀ ਗ਼ਲਤਫ਼ਹਿਮੀ ਹੋਈ ਸੀ ਕਿਉਂਕਿ ਆਮੋਸ ਨੇ ਹਾਲੇ ਕਈ ਹੋਰ ਗੱਲਾਂ ਦੱਸਣੀਆਂ ਸਨ! ਆਮੋਸ ਨੂੰ ਮੁੱਖ ਤੌਰ ਤੇ ਉੱਤਰ ਵਿਚ ਇਸਰਾਏਲ ਦੇ ਦਸ-ਗੋਤੀ ਰਾਜ ਖ਼ਿਲਾਫ਼ ਸਜ਼ਾ ਦਾ ਸਖ਼ਤ ਸੰਦੇਸ਼ ਐਲਾਨ ਕਰਨ ਲਈ ਭੇਜਿਆ ਗਿਆ ਸੀ। ਇਸਰਾਏਲ ਪਰਮੇਸ਼ੁਰ ਦੀ ਸਜ਼ਾ ਦੇ ਲਾਇਕ ਕਿਉਂ ਸੀ? ਕਿਉਂਕਿ ਕੌਮ ਦੀ ਨੈਤਿਕ ਅਤੇ ਧਾਰਮਿਕ ਹਾਲਤ ਬਹੁਤ ਹੀ ਭੈੜੀ ਸੀ।

12 ਆਮੋਸ ਦੇ ਐਲਾਨ ਨੇ ਇਸਰਾਏਲ ਦੇ ਅਪਰਾਧਾਂ ਦਾ ਪਰਦਾ ਫ਼ਾਸ਼ ਕੀਤਾ। ਇਸ ਬਾਰੇ ਅਸੀਂ ਆਮੋਸ 2:6, 7 ਵਿਚ ਪੜ੍ਹਦੇ ਹਾਂ: “ਯਹੋਵਾਹ ਇਉਂ ਫ਼ਰਮਾਉਂਦਾ ਹੈ,—ਇਸਰਾਏਲ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਓਹਨਾਂ ਨੇ ਧਰਮੀ ਨੂੰ ਚਾਂਦੀ ਲਈ, ਅਤੇ ਕੰਗਾਲ ਨੂੰ ਜੁੱਤੀਆਂ ਦੇ ਜੋੜੇ ਲਈ ਵੇਚ ਦਿੱਤਾ, ਓਹ ਗਰੀਬਾਂ ਦੇ ਸਿਰ ਦੀ ਕਰ ਦਾ ਵੀ ਲਾਲਚ ਕਰਦੇ ਹਨ, ਓਹ ਮਸਕੀਨਾਂ ਦਾ ਰਾਹ ਮਾਰਦੇ ਹਨ।”

13 ਧਰਮੀ ਲੋਕਾਂ ਨੂੰ “ਚਾਂਦੀ” ਲਈ ਵੇਚਿਆ ਜਾਂਦਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਨਿਆਂਕਾਰ ਚਾਂਦੀ ਦੀ ਰਿਸ਼ਵਤ ਲੈ ਕੇ ਮਾਸੂਮ ਤੇ ਨਿਰਦੋਸ਼ ਲੋਕਾਂ ਨਾਲ ਬੇਇਨਸਾਫ਼ੀ ਕਰ ਰਹੇ ਸਨ। ਲੈਣਦਾਰ ਕੰਗਾਲਾਂ ਨੂੰ “ਜੁੱਤੀਆਂ ਦੇ ਜੋੜੇ” ਬਰਾਬਰ ਸਮਝ ਕੇ ਛੋਟੇ ਜਿਹੇ ਕਰਜ਼ੇ ਕਾਰਨ ਉਨ੍ਹਾਂ ਨੂੰ ਗ਼ੁਲਾਮਾਂ ਵਜੋਂ ਵੇਚ ਦਿੰਦੇ ਸਨ। ਬੇਰਹਿਮ ਆਦਮੀ “ਗਰੀਬਾਂ ਦੇ ਸਿਰ ਦੀ ਕਰ ਦਾ ਵੀ ਲਾਲਚ ਕਰਦੇ” ਸਨ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਗ਼ਰੀਬ ਲੋਕਾਂ ਕੋਲ ਕਾਣੀ ਕੌਡੀ ਨਹੀਂ ਛੱਡੀ। ਗ਼ਰੀਬ ਇੰਨੇ ਦੁਖੀ ਸਨ ਕਿ ਉਹ ਆਪਣੇ ਸਿਰਾਂ ਵਿਚ ਖੇਹ ਪਾਉਂਦੇ ਸਨ। ਬੁਰਾਈ ਇੰਨੀ ਫੈਲੀ ਹੋਈ ਸੀ ਕਿ “ਮਸਕੀਨਾਂ” ਕੋਲ ਇਨਸਾਫ਼ ਪਾਉਣ ਦੀ ਕੋਈ ਉਮੀਦ ਨਹੀਂ ਸੀ।

14. ਇਸਰਾਏਲ ਵਿਚ ਕਿਨ੍ਹਾਂ ਨਾਲ ਬੁਰਾ ਸਲੂਕ ਕੀਤਾ ਜਾ ਰਿਹਾ ਸੀ?

14 ਧਿਆਨ ਦਿਓ ਕਿ ਬੁਰਾ ਸਲੂਕ ਕਿਨ੍ਹਾਂ ਨਾਲ ਕੀਤਾ ਜਾ ਰਿਹਾ ਸੀ। ਦੇਸ਼ ਦੇ ਧਰਮੀ, ਕੰਗਾਲ, ਗ਼ਰੀਬ ਅਤੇ ਮਸਕੀਨ ਲੋਕਾਂ ਨਾਲ। ਯਹੋਵਾਹ ਦੇ ਨੇਮ-ਬੱਧ ਲੋਕਾਂ ਤੋਂ ਮੰਗ ਕੀਤੀ ਗਈ ਸੀ ਕਿ ਉਹ ਲੋੜਵੰਦ ਲੋਕਾਂ ਉੱਤੇ ਦਇਆ ਕਰਨ। ਪਰ ਇਸਰਾਏਲ ਵਿਚ ਅਜਿਹੇ ਲੋਕਾਂ ਦੀ ਹਾਲਤ ਬਹੁਤ ਹੀ ਖ਼ਰਾਬ ਸੀ।

“ਆਪਣੇ ਪਰਮੇਸ਼ੁਰ ਦੇ ਮਿਲਣ ਦੀ ਤਿਆਰੀ ਕਰ!”

15, 16. (ੳ) ਇਸਰਾਏਲ ਨੂੰ ਇਹ ਕਿਉਂ ਕਿਹਾ ਗਿਆ ਸੀ ਕਿ “ਆਪਣੇ ਪਰਮੇਸ਼ੁਰ ਦੇ ਮਿਲਣ ਦੀ ਤਿਆਰੀ ਕਰ”? (ਅ) ਆਮੋਸ 9:1, 2 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਦੁਸ਼ਟ ਲੋਕ ਪਰਮੇਸ਼ੁਰ ਦੀ ਸਜ਼ਾ ਤੋਂ ਨਹੀਂ ਬਚ ਸਕਦੇ ਸਨ? (ੲ) ਸੰਨ 740 ਸਾ.ਯੁ.ਪੂ. ਵਿਚ ਇਸਰਾਏਲ ਦੇ ਦਸ-ਗੋਤੀ ਰਾਜ ਨਾਲ ਕੀ ਹੋਇਆ ਸੀ?

15 ਇਸਰਾਏਲ ਵਿਚ ਬਹੁਤ ਪਾਪ ਕੀਤੇ ਜਾ ਰਹੇ ਸਨ। ਤਾਂ ਫਿਰ ਇਹ ਜਾਇਜ਼ ਸੀ ਕਿ ਆਮੋਸ ਨਬੀ ਨੇ ਇਸ ਬਾਗ਼ੀ ਕੌਮ ਨੂੰ ਇਹ ਚੇਤਾਵਨੀ ਦਿੱਤੀ: “ਆਪਣੇ ਪਰਮੇਸ਼ੁਰ ਦੇ ਮਿਲਣ ਦੀ ਤਿਆਰੀ ਕਰ!” (ਆਮੋਸ 4:12) ਇਸਰਾਏਲ ਦੇ ਬੇਵਫ਼ਾ ਲੋਕ ਪਰਮੇਸ਼ੁਰ ਦੀ ਇਸ ਸਜ਼ਾ ਤੋਂ ਬਚ ਨਹੀਂ ਸਕਦੇ ਸਨ। ਯਹੋਵਾਹ ਨੇ ਅੱਠਵੀਂ ਵਾਰ ਕਿਹਾ: “ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ।” (ਆਮੋਸ 2:6) ਉਨ੍ਹਾਂ ਦੁਸ਼ਟਾਂ ਬਾਰੇ ਜੋ ਸ਼ਾਇਦ ਸਜ਼ਾ ਤੋਂ ਲੁਕਣ ਦੀ ਕੋਸ਼ਿਸ਼ ਕਰਨ, ਯਹੋਵਾਹ ਨੇ ਕਿਹਾ: “ਓਹਨਾਂ ਵਿੱਚੋਂ ਕੋਈ ਵੀ ਨਾ ਨੱਠੇਗਾ, ਅਤੇ ਕੋਈ ਵੀ ਨਾ ਬਚੇਗਾ। ਭਾਵੇਂ ਓਹ ਪਤਾਲ ਵਿੱਚ ਟੋਆ ਪੁੱਟਣ, ਉੱਥੋਂ ਮੇਰਾ ਹੱਥ ਓਹਨਾਂ ਨੂੰ ਖਿੱਚੇਗਾ, ਭਾਵੇਂ ਓਹ ਅਕਾਸ਼ ਤੀਕ ਚੜ੍ਹਨ, ਉੱਥੋਂ ਮੈਂ ਓਹਨਾਂ ਨੂੰ ਲਾਹਵਾਂਗਾ!”—ਆਮੋਸ 9:1, 2.

16 ਦੁਸ਼ਟ ਲੋਕ ‘ਪਤਾਲ ਵਿੱਚ ਟੋਆ ਪੁੱਟ ਕੇ’ ਯਾਨੀ ਧਰਤੀ ਦੀ ਸਭ ਤੋਂ ਨੀਵੀਂ ਥਾਂ ਵਿਚ ਲੁਕਣ ਦੀ ਕੋਸ਼ਿਸ਼ ਕਰ ਕੇ ਵੀ ਯਹੋਵਾਹ ਤੋਂ ਨਹੀਂ ਬਚ ਸਕਦੇ ਸਨ। ਅਤੇ ਨਾ ਹੀ ਉਹ ‘ਅਕਾਸ਼ ਤੀਕ ਚੜ੍ਹ ਕੇ’ ਯਾਨੀ ਉੱਚੇ-ਉੱਚੇ ਪਹਾੜਾਂ ਵਿਚ ਪਨਾਹ ਲੈ ਕੇ ਪਰਮੇਸ਼ੁਰ ਦੀ ਸਜ਼ਾ ਤੋਂ ਬਚ ਸਕਦੇ ਸਨ। ਯਹੋਵਾਹ ਦੀ ਚੇਤਾਵਨੀ ਸਾਫ਼ ਸੀ: ਕੋਈ ਵੀ ਜਗ੍ਹਾ ਉਸ ਦੀ ਪਹੁੰਚ ਤੋਂ ਬਾਹਰ ਨਹੀਂ ਸੀ। ਪਰਮੇਸ਼ੁਰ ਦੇ ਇਨਸਾਫ਼ ਅਨੁਸਾਰ ਇਸਰਾਏਲ ਨੂੰ ਆਪਣੇ ਪਾਪਾਂ ਦਾ ਲੇਖਾ ਦੇਣਾ ਹੀ ਪੈਣਾ ਸੀ। ਸੰਨ 740 ਸਾ.ਯੁ.ਪੂ. ਵਿਚ ਲੇਖਾ ਦੇਣ ਦਾ ਸਮਾਂ ਆਇਆ। ਆਮੋਸ ਦੀ ਭਵਿੱਖਬਾਣੀ ਤੋਂ ਲਗਭਗ 60 ਸਾਲ ਬਾਅਦ ਇਸਰਾਏਲ ਅੱਸ਼ੂਰੀਆਂ ਦੇ ਹੱਥੀਂ ਤਬਾਹ ਕੀਤਾ ਗਿਆ ਸੀ।

ਪਰਮੇਸ਼ੁਰ ਦੁਸ਼ਟ ਲੋਕਾਂ ਨੂੰ ਸਜ਼ਾ ਦਿੰਦਾ ਹੈ

17, 18. ਆਮੋਸ ਦੇ 9ਵੇਂ ਅਧਿਆਇ ਵਿਚ ਪਰਮੇਸ਼ੁਰ ਦੀ ਦਇਆ ਬਾਰੇ ਕੀ ਦੱਸਿਆ ਗਿਆ ਹੈ?

17 ਅਸੀਂ ਸਿੱਖਿਆ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ ਜੋ ਇਸ ਦੇ ਲਾਇਕ ਹੁੰਦੇ ਹਨ ਅਤੇ ਕਿ ਉਸ ਦੀ ਸਜ਼ਾ ਤੋਂ ਬਚਣਾ ਨਾਮੁਮਕਿਨ ਹੈ। ਪਰ ਆਮੋਸ ਦੀ ਪੋਥੀ ਯਹੋਵਾਹ ਦੇ ਨਿਆਂ ਬਾਰੇ ਇਕ ਹੋਰ ਸਬਕ ਵੀ ਸਿਖਾਉਂਦੀ ਹੈ। ਯਹੋਵਾਹ ਸਿਰਫ਼ ਦੁਸ਼ਟ ਲੋਕਾਂ ਨੂੰ ਸਜ਼ਾ ਦਿੰਦਾ, ਪਰ ਤੋਬਾ ਕਰਨ ਵਾਲੇ ਨੇਕ ਲੋਕਾਂ ਉੱਤੇ ਉਹ ਦਇਆ ਕਰਦਾ ਹੈ। ਤਾਂ ਫਿਰ ਜੇ ਯਹੋਵਾਹ ਦੁਸ਼ਟਾਂ ਨੂੰ ਲੱਭ ਸਕਦਾ ਹੈ ਚਾਹੇ ਉਹ ਜਿੱਥੇ ਮਰਜ਼ੀ ਲੁਕਣ, ਤਾਂ ਉਹ ਜ਼ਰੂਰ ਉਨ੍ਹਾਂ ਨੇਕ ਲੋਕਾਂ ਨੂੰ ਵੀ ਲੱਭ ਸਕਦਾ ਹੈ ਜੋ ਦਇਆ ਦੇ ਲਾਇਕ ਹਨ। ਇਹ ਗੱਲ ਆਮੋਸ ਦੇ ਆਖ਼ਰੀ ਅਧਿਆਇ ਤੋਂ ਸੋਹਣੀ ਤਰ੍ਹਾਂ ਜ਼ਾਹਰ ਹੁੰਦੀ ਹੈ।

18ਆਮੋਸ 9:8 ਵਿਚ ਯਹੋਵਾਹ ਨੇ ਕਿਹਾ: “ਮੈਂ ਯਾਕੂਬ ਦੇ ਘਰਾਣੇ ਨੂੰ ਉੱਕਾ ਹੀ ਬਰਬਾਦ ਨਹੀਂ ਕਰਾਂਗਾ।” ਤੇਰ੍ਹਵੀਂ ਤੋਂ ਪੰਦਰਵੀਂ ਆਇਤ ਵਿਚ ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਉਹ ਆਪਣੀ ਪਰਜਾ ਦੀ ‘ਅਸੀਰੀ ਨੂੰ ਮੁਕਾ ਦੇਵੇਗਾ’ ਯਾਨੀ ਗ਼ੁਲਾਮਾਂ ਨੂੰ ਛੁਡਾ ਦੇਵੇਗਾ। ਉਸ ਨੇ ਆਪਣੇ ਲੋਕਾਂ ਉੱਤੇ ਦਇਆ ਕਰਨੀ ਸੀ ਅਤੇ ਉਨ੍ਹਾਂ ਨੇ ਸੁੱਖ-ਸ਼ਾਂਤੀ ਦਾ ਆਨੰਦ ਮਾਣਨਾ ਸੀ। ਯਹੋਵਾਹ ਨੇ ਵਾਅਦਾ ਕੀਤਾ ਕਿ “ਹਾਲੀ ਵਾਢੇ ਨੂੰ ਜਾ ਲਵੇਗਾ।” ਜ਼ਰਾ ਸੋਚੋ ਕਿ ਫ਼ਸਲ ਇੰਨੀ ਜ਼ਿਆਦਾ ਹੋਣੀ ਸੀ ਕਿ ਇਸ ਦੀ ਵਾਢੀ ਪੂਰੀ ਹੋਣ ਤੋਂ ਪਹਿਲਾਂ ਬੀਜਣ ਦਾ ਵੇਲਾ ਫਿਰ ਤੋਂ ਆ ਜਾਣਾ ਸੀ!

19. ਇਸਰਾਏਲ ਅਤੇ ਯਹੂਦਾਹ ਦੇ ਪਸ਼ਚਾਤਾਪੀ ਲੋਕਾਂ ਨਾਲ ਕੀ ਹੋਇਆ ਸੀ?

19 ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਨੇ ਸਿਰਫ਼ ਦੁਸ਼ਟ ਲੋਕਾਂ ਨੂੰ ਸਜ਼ਾ ਦਿੱਤੀ ਸੀ, ਪਰ ਉਸ ਨੇ ਤੋਬਾ ਕਰਨ ਵਾਲੇ ਨੇਕ ਲੋਕਾਂ ਉੱਤੇ ਦਇਆ ਕੀਤੀ ਸੀ। ਪਰਮੇਸ਼ੁਰ ਦਾ ਵਾਅਦਾ ਜੋ ਆਮੋਸ ਦੇ 9ਵੇਂ ਅਧਿਆਇ ਵਿਚ ਦਰਜ ਹੈ, 537 ਸਾ.ਯੁ.ਪੂ. ਵਿਚ ਪੂਰਾ ਹੋਇਆ ਸੀ ਜਦ ਇਸਰਾਏਲ ਅਤੇ ਯਹੂਦਾਹ ਦੇ ਪਸ਼ਚਾਤਾਪੀ ਲੋਕ ਗ਼ੁਲਾਮੀ ਤੋਂ ਨਿਕਲ ਕੇ ਆਪਣੇ ਦੇਸ਼ ਵਾਪਸ ਮੁੜੇ ਸਨ। ਆਪਣੇ ਦੇਸ਼ ਵਿਚ ਉਨ੍ਹਾਂ ਨੇ ਸ਼ੁੱਧ ਭਗਤੀ ਦੁਬਾਰਾ ਸ਼ੁਰੂ ਕੀਤੀ। ਉਨ੍ਹਾਂ ਨੇ ਸੁਰੱਖਿਆ ਵਿਚ ਆਪਣੇ ਘਰ ਬਣਾਏ ਅਤੇ ਅੰਗੂਰਾਂ ਤੇ ਹੋਰ ਫਲਾਂ ਦੇ ਬਾਗ਼ ਲਗਾਏ।

ਯਹੋਵਾਹ ਅੱਜ ਵੀ ਸਜ਼ਾ ਦੇਵੇਗਾ

20. ਆਮੋਸ ਦੀਆਂ ਭਵਿੱਖਬਾਣੀਆਂ ਵੱਲ ਧਿਆਨ ਦੇਣ ਤੋਂ ਬਾਅਦ ਸਾਨੂੰ ਕਿਹੜਾ ਭਰੋਸਾ ਮਿਲਣਾ ਚਾਹੀਦਾ ਹੈ?

20 ਆਮੋਸ ਦੀਆਂ ਭਵਿੱਖਬਾਣੀਆਂ ਵੱਲ ਧਿਆਨ ਦੇਣ ਤੋਂ ਬਾਅਦ ਸਾਨੂੰ ਭਰੋਸਾ ਮਿਲਣਾ ਚਾਹੀਦਾ ਹੈ ਕਿ ਯਹੋਵਾਹ ਸਾਡੇ ਦਿਨਾਂ ਵਿਚ ਹੋ ਰਹੀ ਬੁਰਾਈ ਨੂੰ ਵੀ ਖ਼ਤਮ ਕਰੇਗਾ। ਅਸੀਂ ਇਹ ਗੱਲ ਕਿਉਂ ਮੰਨ ਸਕਦੇ ਹਾਂ? ਇਸ ਦੇ ਦੋ ਕਾਰਨ ਹਨ। ਪਹਿਲੀ ਗੱਲ ਹੈ ਕਿ ਜੇ ਬੀਤੇ ਸਮਿਆਂ ਵਿਚ ਉਸ ਨੇ ਦੁਸ਼ਟ ਲੋਕਾਂ ਦਾ ਨਾਸ਼ ਕੀਤਾ ਸੀ, ਤਾਂ ਸਾਡੇ ਦਿਨਾਂ ਵਿਚ ਵੀ ਉਹ ਦੁਸ਼ਟ ਲੋਕਾਂ ਦਾ ਨਾਸ਼ ਕਰੇਗਾ। ਦੂਸਰੀ ਗੱਲ ਹੈ ਕਿ ਜੇ ਯਹੋਵਾਹ ਨੇ ਉਸ ਵੱਲੋਂ ਮੂੰਹ ਮੋੜਨ ਵਾਲੇ ਇਸਰਾਏਲੀਆਂ ਨੂੰ ਸਜ਼ਾ ਦਿੱਤੀ ਸੀ, ਤਾਂ ਉਹ ਈਸਾਈ-ਜਗਤ ਨੂੰ ਵੀ ਸਜ਼ਾ ਦੇਵੇਗਾ। ਕਿਉਂ? ਕਿਉਂਕਿ ਈਸਾਈ-ਜਗਤ ਨੇ ਵੀ ਯਹੋਵਾਹ ਵੱਲੋਂ ਮੂੰਹ ਮੋੜਿਆ ਹੈ ਅਤੇ ਉਹ ‘ਵੱਡੀ ਬਾਬੁਲ’ ਯਾਨੀ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਦਾ ਮੁੱਖ ਹਿੱਸਾ ਹੈ।—ਪਰਕਾਸ਼ ਦੀ ਪੋਥੀ 18:2.

21. ਈਸਾਈ-ਜਗਤ ਪਰਮੇਸ਼ੁਰ ਦੀ ਸਜ਼ਾ ਦੇ ਲਾਇਕ ਕਿਉਂ ਹੈ?

21 ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਈਸਾਈ-ਜਗਤ ਪਰਮੇਸ਼ੁਰ ਦੀ ਸਜ਼ਾ ਦੇ ਲਾਇਕ ਹੈ। ਰੱਬ ਦੇ ਨਾਂ ਵਿਚ ਕੀਤੇ ਗਏ ਉਸ ਦੇ ਪਾਪ ਖ਼ੁਦ ਇਸ ਦਾ ਸਬੂਤ ਦਿੰਦੇ ਹਨ। ਈਸਾਈ-ਜਗਤ ਅਤੇ ਸ਼ਤਾਨ ਦੀ ਬਾਕੀ ਦੁਨੀਆਂ ਯਹੋਵਾਹ ਵੱਲੋਂ ਸਜ਼ਾ ਦੇ ਬਿਲਕੁਲ ਲਾਇਕ ਹਨ। ਇਹ ਸਜ਼ਾ ਪੱਕੀ ਹੈ। ਇਸ ਤੋਂ ਬਚਣ ਦਾ ਕੋਈ ਚਾਰਾ ਨਹੀਂ ਹੈ। ਜਦੋਂ ਯਹੋਵਾਹ ਦਾ ਕਹਿਰ ਆਵੇਗਾ, ਤਾਂ ਆਮੋਸ ਦੇ 9ਵੇਂ ਅਧਿਆਇ ਦੀ ਪਹਿਲੀ ਆਇਤ ਪੂਰੀ ਹੋਵੇਗੀ: “ਓਹਨਾਂ ਵਿੱਚੋਂ ਕੋਈ ਵੀ ਨਾ ਨੱਠੇਗਾ, ਅਤੇ ਕੋਈ ਵੀ ਨਾ ਬਚੇਗਾ।” ਜੀ ਹਾਂ, ਦੁਸ਼ਟ ਚਾਹੇ ਜਿੱਥੇ ਮਰਜ਼ੀ ਲੁਕਣ ਦੀ ਕੋਸ਼ਿਸ਼ ਕਰਨ, ਯਹੋਵਾਹ ਉਨ੍ਹਾਂ ਨੂੰ ਲੱਭ ਲਵੇਗਾ।

22. ਪੌਲੁਸ ਨੇ 2 ਥੱਸਲੁਨੀਕੀਆਂ 1:6-8 ਵਿਚ ਪਰਮੇਸ਼ੁਰ ਦੀ ਸਜ਼ਾ ਬਾਰੇ ਕਿਹੜੀਆਂ ਗੱਲਾਂ ਸਾਫ਼-ਸਾਫ਼ ਲਿਖੀਆਂ ਸਨ?

22 ਜਦ ਪਰਮੇਸ਼ੁਰ ਲੋਕਾਂ ਨੂੰ ਸਜ਼ਾ ਦਿੰਦਾ ਹੈ, ਤਾਂ ਲੋਕ ਹਮੇਸ਼ਾ ਇਸ ਦੇ ਲਾਇਕ ਹੁੰਦੇ ਹਨ। ਉਹ ਉਸ ਸਜ਼ਾ ਤੋਂ ਬਚ ਨਹੀਂ ਸਕਦੇ ਅਤੇ ਸਿਰਫ਼ ਦੁਸ਼ਟ ਲੋਕਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਇਹ ਗੱਲਾਂ ਪੌਲੁਸ ਰਸੂਲ ਦੇ ਸ਼ਬਦਾਂ ਤੋਂ ਵੀ ਦੇਖੀਆਂ ਜਾ ਸਕਦੀਆਂ ਹਨ: “ਪਰਮੇਸ਼ੁਰ ਦੇ ਭਾਣੇ ਇਹ ਨਿਆਉਂ ਦੀ ਗੱਲ ਹੈ ਭਈ ਜਿਹੜੇ ਤੁਹਾਨੂੰ ਦੁਖ ਦਿੰਦੇ ਹਨ ਓਹਨਾਂ ਨੂੰ ਦੁਖ ਦੇਵੇ। ਅਤੇ ਤੁਹਾਨੂੰ ਜਿਹੜੇ ਦੁਖ ਪਾਉਂਦੇ ਹੋ ਸਾਡੇ ਨਾਲ ਸੁਖ ਦੇਵੇ ਉਸ ਸਮੇਂ ਜਾਂ ਪ੍ਰਭੁ ਯਿਸੂ ਆਪਣੇ ਬਲਵੰਤ ਦੂਤਾਂ ਸਣੇ ਭੜਕਦੀ ਅੱਗ ਵਿੱਚ ਅਕਾਸ਼ੋਂ ਪਰਗਟ ਹੋਵੇਗਾ। ਅਤੇ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ ਓਹਨਾਂ ਨੂੰ ਬਦਲਾ ਦੇਵੇਗਾ।” (2 ਥੱਸਲੁਨੀਕੀਆਂ 1:6-8) ਪਰਮੇਸ਼ੁਰ ਦੇ ਭਾਣੇ ਇਹ ਸਹੀ ਗੱਲ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇ ਜੋ ਉਸ ਦੇ ਮਸਹ ਕੀਤੇ ਹੋਏ ਸੇਵਕਾਂ ਨੂੰ ਦੁੱਖ ਦਿੰਦੇ ਹਨ। ਜਦ “ਯਿਸੂ ਆਪਣੇ ਬਲਵੰਤ ਦੂਤਾਂ ਸਣੇ ਭੜਕਦੀ ਅੱਗ ਵਿੱਚ ਅਕਾਸ਼ੋਂ ਪਰਗਟ ਹੋਵੇਗਾ,” ਤਾਂ ਦੁਸ਼ਟ ਲੋਕ ਇਸ ਸਜ਼ਾ ਤੋਂ ਬਚ ਨਹੀਂ ਸਕਣਗੇ। ਪਰਮੇਸ਼ੁਰ ਦੀ ਸਜ਼ਾ ਸਿਰਫ਼ ਦੁਸ਼ਟ ਲੋਕਾਂ ਨੂੰ ਦਿੱਤੀ ਜਾਵੇਗੀ ਕਿਉਂਕਿ ਯਿਸੂ ਉਨ੍ਹਾਂ ਨੂੰ ਬਦਲਾ ਦੇਵੇਗਾ “ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ।” ਉਸ ਵੇਲੇ ਧਰਮੀ ਲੋਕਾਂ ਨੂੰ ਦਿਲਾਸਾ ਮਿਲੇਗਾ ਕਿਉਂਕਿ ਉਦੋਂ ਦੁਸ਼ਟ ਨਹੀਂ ਰਹਿਣਗੇ।

ਨੇਕ ਲੋਕਾਂ ਲਈ ਉਮੀਦ ਦੀ ਕਿਰਨ

23. ਆਮੋਸ ਦੀ ਪੋਥੀ ਤੋਂ ਸਾਨੂੰ ਉਮੀਦ ਦੀ ਕਿਹੜੀ ਕਿਰਨ ਮਿਲਦੀ ਹੈ?

23 ਆਮੋਸ ਦੀ ਭਵਿੱਖਬਾਣੀ ਵਿਚ ਦਿਲਾਸੇ ਤੋਂ ਇਲਾਵਾ ਉਮੀਦ ਦੀ ਵੀ ਕਿਰਨ ਹੈ। ਆਮੋਸ ਦੀ ਪੋਥੀ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਆਪਣੇ ਸਾਰੇ ਲੋਕਾਂ ਨੂੰ ਨਾਸ਼ ਨਹੀਂ ਕੀਤਾ ਸੀ। ਜਿਵੇਂ ਭਵਿੱਖਬਾਣੀ ਕੀਤੀ ਗਈ ਸੀ ਉਸ ਨੇ ਅਖ਼ੀਰ ਵਿਚ ਆਪਣੇ ਲੋਕਾਂ ਨੂੰ ਇਕੱਠੇ ਕਰ ਕੇ ਉਨ੍ਹਾਂ ਦੇ ਦੇਸ਼ ਵਿਚ ਵਾਪਸ ਲਿਆਂਦਾ। ਉੱਥੇ ਉਸ ਨੇ ਉਨ੍ਹਾਂ ਨੂੰ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਦੀਆਂ ਬਰਕਤਾਂ ਦਿੱਤੀਆਂ। ਸਾਡੇ ਦਿਨਾਂ ਲਈ ਇਸ ਦਾ ਕੀ ਮਤਲਬ ਹੈ? ਅਸੀਂ ਆਸ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਆਪਣੇ ਨਿਆਂ ਦੇ ਦਿਨ ਵਿਚ ਦੁਸ਼ਟਾਂ ਨੂੰ ਲੱਭ ਲਵੇਗਾ, ਚਾਹੇ ਉਹ ਜਿੱਥੇ ਮਰਜ਼ੀ ਲੁਕ-ਛਿਪ ਜਾਣ ਅਤੇ ਉਹ ਉਨ੍ਹਾਂ ਨੂੰ ਵੀ ਲੱਭ ਲਵੇਗਾ ਜੋ ਦਇਆ ਦੇ ਲਾਇਕ ਹਨ, ਚਾਹੇ ਉਹ ਧਰਤੀ ਉੱਤੇ ਜਿੱਥੇ ਮਰਜ਼ੀ ਹੋਣ।

24. ਅੱਜ ਯਹੋਵਾਹ ਦੇ ਸੇਵਕਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ?

24 ਅੱਜ ਅਸੀਂ ਯਹੋਵਾਹ ਦੇ ਨਿਆਂ ਦੇ ਦਿਨ ਦੀ ਉਡੀਕ ਕਰ ਰਹੇ ਹਾਂ। ਉਸ ਦੇ ਵਫ਼ਾਦਾਰ ਸੇਵਕ ਹੋਣ ਦੇ ਨਾਤੇ ਸਾਡੀ ਕੀ ਹਾਲਤ ਹੈ? ਯਹੋਵਾਹ ਨੇ ਬਹੁਤ ਸਾਰੀਆਂ ਬਰਕਤਾਂ ਨਾਲ ਸਾਡੀ ਝੋਲੀ ਭਰ ਦਿੱਤੀ ਹੈ। ਅਸੀਂ ਖ਼ੁਸ਼ੀ ਨਾਲ ਸੱਚੀ ਭਗਤੀ ਕਰਦੇ ਹਾਂ ਜਿਸ ਵਿਚ ਨਾ ਤਾਂ ਈਸਾਈ-ਜਗਤ ਦੇ ਝੂਠੇ ਅਤੇ ਗ਼ਲਤ ਵਿਚਾਰ ਹਨ ਤੇ ਨਾ ਹੀ ਉਸ ਦੀਆਂ ਸਿੱਖਿਆਵਾਂ। ਯਹੋਵਾਹ ਨੇ ਸਾਨੂੰ ਰੂਹਾਨੀ ਖ਼ੁਰਾਕ ਦਾ ਭੰਡਾਰ ਵੀ ਦਿੱਤਾ ਹੈ। ਪਰ ਯਾਦ ਰੱਖੋ ਕਿ ਯਹੋਵਾਹ ਦੀਆਂ ਇਨ੍ਹਾਂ ਬਰਕਤਾਂ ਦੇ ਨਾਲ-ਨਾਲ ਸਾਡੇ ਉੱਤੇ ਭਾਰੀ ਜ਼ਿੰਮੇਵਾਰੀ ਵੀ ਆਉਂਦੀ ਹੈ। ਯਹੋਵਾਹ ਸਾਡੇ ਤੋਂ ਆਸ ਰੱਖਦਾ ਹੈ ਕਿ ਅਸੀਂ ਦੂਸਰਿਆਂ ਨੂੰ ਉਸ ਦੀ ਸਜ਼ਾ ਬਾਰੇ ਚੇਤਾਵਨੀ ਦੇਈਏ। ਸਾਨੂੰ ਸਾਰਿਆਂ ਨੂੰ ਨੇਕ-ਦਿਲ ਲੋਕਾਂ ਦੀ ਭਾਲ ਕਰਨ ਵਿਚ ਪੂਰੀ ਵਾਹ ਲਾਉਣੀ ਚਾਹੀਦੀ ਹੈ, ਤਾਂਕਿ ਉਹ ਸਦਾ ਦੀ ਜ਼ਿੰਦਗੀ ਹਾਸਲ ਕਰ ਸਕਣ। (ਰਸੂਲਾਂ ਦੇ ਕਰਤੱਬ 13:48) ਜੀ ਹਾਂ, ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਯਹੋਵਾਹ ਦੀ ਭਗਤੀ ਕਰਨ ਦਾ ਆਨੰਦ ਮਾਣਨ ਅਤੇ ਦੁਸ਼ਟ ਲੋਕਾਂ ਨੂੰ ਦਿੱਤੀ ਜਾਣ ਵਾਲੀ ਸਜ਼ਾ ਤੋਂ ਬਚ ਜਾਣ। ਯਹੋਵਾਹ ਤੋਂ ਬਰਕਤਾਂ ਪਾਉਣ ਲਈ ਜ਼ਰੂਰੀ ਹੈ ਕਿ ਲੋਕਾਂ ਦੇ ਦਿਲ ਸ਼ੁੱਧ ਅਤੇ ਖਰੇ ਹੋਣ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਆਮੋਸ ਦੀ ਭਵਿੱਖਬਾਣੀ ਵਿਚ ਇਸ ਬਾਰੇ ਵੀ ਗੱਲ ਕੀਤੀ ਗਈ ਸੀ।

ਤੁਸੀਂ ਕੀ ਜਵਾਬ ਦਿਓਗੇ?

• ਆਮੋਸ ਦੀ ਭਵਿੱਖਬਾਣੀ ਕਿਵੇਂ ਦਿਖਾਉਂਦੀ ਹੈ ਕਿ ਲੋਕ ਯਹੋਵਾਹ ਦੀ ਸਜ਼ਾ ਦੇ ਹਮੇਸ਼ਾ ਲਾਇਕ ਹੁੰਦੇ ਹਨ?

• ਆਮੋਸ ਕਿਹੜਾ ਸਬੂਤ ਦਿੰਦਾ ਹੈ ਕਿ ਦੁਸ਼ਟ ਲੋਕ ਪਰਮੇਸ਼ੁਰ ਦੀ ਸਜ਼ਾ ਤੋਂ ਨਹੀਂ ਬਚ ਸਕਦੇ?

• ਆਮੋਸ ਦੀ ਪੋਥੀ ਕਿਵੇਂ ਦਿਖਾਉਂਦੀ ਹੈ ਕਿ ਪਰਮੇਸ਼ੁਰ ਸਿਰਫ਼ ਦੁਸ਼ਟ ਲੋਕਾਂ ਨੂੰ ਸਜ਼ਾ ਦਿੰਦਾ ਹੈ?

[ਸਵਾਲ]

[ਸਫ਼ੇ 16, 17 ਉੱਤੇ ਤਸਵੀਰ]

ਇਸਰਾਏਲ ਦੀ ਕੌਮ ਪਰਮੇਸ਼ੁਰ ਦੀ ਸਜ਼ਾ ਤੋਂ ਨਹੀਂ ਬਚ ਸਕੀ

[ਸਫ਼ੇ 18 ਉੱਤੇ ਤਸਵੀਰ]

ਸੰਨ 537 ਸਾ.ਯੁ.ਪੂ. ਵਿਚ ਇਸਰਾਏਲ ਅਤੇ ਯਹੂਦਾਹ ਦੇ ਕੁਝ ਲੋਕ ਬਾਬਲ ਦੀ ਗ਼ੁਲਾਮੀ ਤੋਂ ਵਾਪਸ ਮੁੜੇ